Friday, February 12, 2010
ਪਦਮ ਸ਼੍ਰੀ ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ
ਪੰਜਾਬੀ ਸਾਹਿਤ ਨੂੰ ਵਿਸ਼ਵ ਬੁਲੰਦੀਆਂ ਤੀਕ ਪੁਚਾਉਣ ਵਾਲੇ ਉਚ ਕੋਟੀ ਦੇ ਸਾਹਿਤਕਾਰ, ਵਿਦਵਾਨ, ਚਿੰਤਕ ਅਤੇ ਦਰਵੇਸ਼ ਇਨਸਾਨ ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ 10 ਜਨਵਰੀ 2010 ਨੂੰ 77 ਸਾਲਾਂ ਦੇ ਹੋ ਚੁੱਕੇ ਹਨ ਅਤੇ ਆਪਣੀ ਜ਼ਿੰਦਗੀ ਦੇ 52 ਸਾਲ ਉਹ ਪੰਜਾਬੀ ਸਾਹਿਤ ਅਤੇ ਸਮਾਜ ਨੂੰ ਸਮਰੱਪਿਤ ਕਰ ਚੁੱਕੇ ਹਨ। ਉਹ ਸਾਹਿਤ ਨੂੰ ਸਾਧਨਾ ਮੰਨਦੇ ਹਨ, ਕੋਈ ਇਲਹਾਮ ਨਹੀਂ। ਉਹ ਕਹਿੰਦੇ ਹਨ 'ਸਾਹਿਤ ਰਚਨਾ ਮੇਰੇ ਲਈ ਦਿਲ ਪ੍ਰਚਾਵਾ ਜਾਂ ਵਿਹਲੇ ਵੇਲੇ ਦਾ ਕੋਈ ਵਾਧੂ ਕੰਮ ਨਹੀਂ ਹੋ ਸਕਦੀ। ਅਸਲ ਵਿਚ ਮੇਰੀ ਹੁਣ ਤੱਕ ਦੀ ਸਾਰੀ ਰਚਨਾ ਆਪਣੇ ਆਲੇ-ਦੁਆਲੇ ਦੇ ਆਮ ਲੋਕਾਂ ਦੇ ਅੰਦਰ ਬਾਹਰ ਨੂੰ ਕਿਸੇ ਕਲਾਮਈ ਰੂਪ ਵਿਚ ਪੇਸ਼ ਕਰਨ ਦਾ ਨਿਮਾਣਾ ਯਤਨ ਹੈ, ਜਿਸ ਨੂੰ ਤੱਕ ਕੇ ਉਹ ਆਪਣਾ ਆਪ ਪਛਾਣਨ ਤੇ ਸਮਝਣ ਦੇ ਵਧੇਰੇ ਯੋਗ ਹੋ ਸਕਣ ਤੇ ਕੋਈ ਅਜਿਹਾ ਹੀਲਾ ਸੋਚ ਸਕਣ ਕਿ ਜੇ ਇਹ ਧਰਤੀ ਅਜੇ ਪੂਰਨ ਸਵੱਰਗ ਬਣਨੀ ਸੰਭਵ ਨਹੀਂ ਤਾਂ ਇਹਨੂੰ ਆਪਣੇ ਜਿਉਣ ਜੋਗੀ ਅਜਿਹੀ ਸੁਖਾਵੀਂ ਥਾਂ ਜ਼ਰੂਰ ਬਣਾ ਲੈਣ, ਜਿੱਥੇ ਉਨ੍ਹਾਂ ਦੇ ਪਿਆਰ ਦੀ ਨਿੱਘੀ ਧੁੱਪ ਵਿਚ ਮਨੁੱਖ ਦੀਆਂ ਆਉਣ ਵਾਲੀਆਂ ਨਸਲਾਂ ਦੀਆਂ ਗੁਲਦਾਉਦੀਆਂ ਮੌਲ ਸਕਣ।'
ਜੈਤੋ ਵਿਖੇ ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ।
ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ. ਅਤਰ ਸਿੰਘ ਅਨੁਸਾਰ 'ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ ਉਨ੍ਹਾਂ ਨੂੰ ਹੁਣ ਪਾਠਕ, ਅਧਿਆਪਕ ਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ 'ਗੋਦਾਨ' ਅਤੇ ਫਰਣੇਸ਼ਵਰ ਰੇਣੂੰ ਦੇ 'ਮੈਲਾ ਆਂਚਲ' ਦੇ ਪੱਧਰ ਦਾ ਨਾਵਲ ਹੈ।'
ਉਹ ਹੁਣ ਤੱਕ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 10 ਬਾਲ ਸਾਹਿਤ ਪੁਸਤਕਾਂ ਸਮੇਤ 40 ਤੋਂ ਵਧੇਰੇ ਪੁਸਤਕਾਂ ਨਾਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਅਨਮੋਲ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਦੀਆਂ ਕਈ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਇਸ ਸਾਹਿਤਕ ਯੋਗਦਾਨ ਬਦਲੇ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ (ਗਿਆਨਪੀਠ) ਹਾਸਿਲ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਆ ਗਿਆ ਹੈ। ਇਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸ਼ਰੋਮਣੀ ਸਾਹਿਤਕਾਰ ਪੁਰਸਕਾਰ, ਪੰਜਾਬ ਸਾਹਿਤ ਅਕਾਦਮੀ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਆਈ. ਬੀ. ਸੀ. (ਯੂ. ਕੇ.) ਵੱਲੋਂ 20ਵੀਂ ਸਦੀ ਦੇ ਪੁਰਸਕਾਰਾਂ ਸਮੇਤ ਉਹ ਅਨੇਕਾਂ ਮਾਣ ਸਨਮਾਨ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਵਿਜ਼ਟਿੰਗ ਪ੍ਰੋਫੈਸਰ ਦਾ ਸਨਮਾਨ ਵੀ ਸ਼ਾਮਿਲ ਹੈ।
ਜਿੱਥੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਉਨ੍ਹਾਂ ਨੂੰ 'ਸਾਡੇ ਸਮਿਆਂ ਦਾ ਸਭ ਤੋਂ ਵੱਡਾ ਲੇਖਕ' ਦਸਦੇ ਹਨ ਉਥੇ ਉੱਘੇ ਆਲੋਚਕ ਡਾ. ਟੀ. ਆਰ. ਵਿਨੋਦ ਉਨ੍ਹਾਂ ਨੂੰ 'ਪੰਜਾਬੀ ਦਾ ਪਹਿਲਾ ਫਿਲਾਸਫਰ ਗਲਪਕਾਰ' ਕਹਿੰਦੇ ਹਨ।
ਪ੍ਰੋ. ਗੁਰਦਿਆਲ ਸਿੰਘ ਦੇ ਆਪਣੇ ਸ਼ਬਦਾਂ ਅਨੁਸਾਰ 'ਜੀਵਨ ਮਜ਼ਦੂਰੀ ਤੋਂ ਸ਼ੁਰੂ ਕੀਤਾ, ਜਿਸ ਕਰਕੇ ਸਕੂਲ ਛੱਡਣਾ ਪਿਆ। ਬਾਰਾਂ ਸਾਲ ਦੀ ਉਮਰ ਤੋਂ ਅੱਠ ਸਾਲ ਪਿਤਾ ਨਾਲ ਕੰਮ ਕੀਤਾ। ਪਰ ਇਨ੍ਹਾਂ ਅਠਾਂ ਸਾਲਾਂ ਵਿਚ ਆਪਣੇ ਪੂਜਨੀਕ ਅਧਿਆਪਕ ਸ੍ਰੀ ਮਦਨ ਮੋਹਨ ਸ਼ਰਮਾ ਜੀ ਦੇ ਉਤਸਾਹਿਤ ਕਰਨ ਕਰਕੇ ਸਿਰਫ ਚਾਰ ਪੰਜ ਘੰਟੇ ਸੌਂ ਕੇ ਪੜ੍ਹਾਈ ਕੀਤੀ ਅਤੇ 21 ਸਾਲਾਂ ਦੀ ਉਮਰ ਵਿਚ ਉਨ੍ਹਾਂ ਦੀ ਕਿਰਪਾ ਨਾਲ ਹੀ ਪ੍ਰਾਇਮਰੀ ਅਧਿਆਪਕ ਨਿਯੁਕਤ ਹੋ ਗਿਆ। ਪੜ੍ਹਾਈ ਜਾਰੀ ਰੱਖੀ ਜਿਸ ਕਾਰਨ 15 ਸਾਲ ਸਕੂਲ ਅਧਿਆਪਕ, 15 ਸਾਲ ਕਾਲਜ ਲੈਕਚਰਾਰ ਅਤੇ ਨੌਂ ਸਾਲ ਯੂਨੀਵਰਸਿਟੀ ਵਿਚ ਰੀਡਰ ਅਤੇ ਪ੍ਰੋਫੈਸਰ ਰਿਹਾ- 1995 ਵਿਚ ਪ੍ਰੋਫੈਸਰ ਦੀ ਪਦਵੀ ਤੋਂ ਸੇਵਾ-ਮੁਕਤ ਹੋ ਗਿਆ।
ਲਿਖਣ ਵੱਲ ਪ੍ਰੇਰਿਤ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕ ਨਿਯੁਕਤ ਹੋਣ ਤੋਂ ਪਹਿਲਾਂ ਹੀ ਪੜ੍ਹਨ ਲਿਖਣ ਵਿਚ ਰੁਚੀ ਸੀ। ਪਰ ਜਿਹੋ ਜਿਹਾ ਜੀਵਨ ਜੀਵਿਆ ਉਸ ਕਰਕੇ ਲਿਖਣਾ ਸ਼ੁਰੂ 'ਕਰਨਾ ਪਿਆ'। ਅਜਿਹਾ ਤਾਂ ਕਦੇ ਸੋਚ ਵੀ ਨਾ ਸਕਿਆ ਕਿ ਲੇਖਕ ਬਣ ਸਕਾਂਗਾ। ਅਧਿਆਪਨ ਦੇ ਨਾਲ ਨਾਲ ਚਾਲੀ ਤੋਂ ਵੱਧ ਪੁਸਤਕਾਂ ਇਸੇ ਕਰਕੇ ਅਨੁਵਾਦ ਵੀ ਕੀਤੀਆਂ, ਕਿਉਂ ਕਿ ਪ੍ਰਾਇਮਰੀ ਅਧਿਆਪਕ ਹੁੰਦਿਆਂ ਸਿਰਫ ਚਾਲੀ ਰੁਪਏ ਮਹੀਨਾ ਤਨਖ਼ਾਹ ਨਾਲ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਸੰਭਵ ਨਹੀਂ ਸੀ। ਪੜ੍ਹਾਈ ਨਾਲ ਜਿਵੇਂ ਜਿਵੇਂ ਤਰੱਕੀਆਂ ਮਿਲਦੀਆਂ ਗਈਆਂ, ਵੇਤਨ ਵੀ ਵਧਦਾ ਗਿਆ। ਪਰ ਉਸੇ ਅਨੁਪਾਤ ਨਾਲ ਘਰ ਦੇ ਖਰਚੇ ਵੀ ਵਧਦੇ ਗਏ। ਕੁਝ ਅਜਿਹੇ ਕਾਰਨਾਂ ਕਰਕੇ ਹੀ ਕਦੇ ਚੰਗੀ ਗੁਜਰ ਬਸਰ ਨਾ ਕਰ ਸਕਿਆ। ਸਿਰਫ ਕੰਮ ਹੀ ਜੀਵਨ ਦਾ ਅਰਥ ਹੋ ਗਿਆ।
ਕਦੇ ਵੀ ਅਜਿਹਾ ਜੀਵਨ ਨਾ ਜਿਉਂ ਸਕਿਆ ਜਿਸ ਨੂੰ 'ਸੁਖੀ' ਕਿਹਾ ਜਾਂਦਾ ਹੈ। (ਸ਼ਾਇਦ ਅੰਗਰੇਜ਼ ਲੇਖਕ ਥਾਮਸ ਹਾਰਡੀ ਨੇ ਠੀਕ ਕਿਹਾ ਹੋਵੇ ਕਿ 'ਜੀਵਨ ਦੇ ਪੀੜਾਦਾਇਕ ਨਾਟਕ ਵਿਚ ਖੁਸ਼ੀ , ਕਦੇ ਕਦਾਈਂ ਘਟੀ ਇਕ ਝਾਕੀ ਸਮਾਨ ਹੈ।) ਪ੍ਰਾਈਵੇਟ ਵਿਦਿਆਰਥੀ ਵਜੋਂ ਪ੍ਰੀਖਿਆਵਾਂ ਪਾਸ ਕਰਨ ਲਈ ਪੜ੍ਹਨਾ ਪਿਆ, ਰੋਜ਼ੀ ਰੋਟੀ ਲਈ ਪੜ੍ਹਨਾ ਪਿਆ ਅਤੇ ਸਾਹਿਤ ਇਸ ਲਈ ਵੀ ਪੜ੍ਹਦਾ ਰਿਹਾ ਕਿ ਅਜਿਹਾ (ਕਲਾਸੀਕਲ) ਸਾਹਿਤ ਪੜ੍ਹੇ ਬਿਨਾਂ ਸਿਰਫ ਵਿਅਕਤੀਗਤ ਅਨੁਭਵ ਦੇ ਆਧਾਰ 'ਤੇ ਹੀ ਚੰਗੀ ਰਚਨਾ ਨਹੀਂ ਕੀਤੀ ਜਾ ਸਕਦੀ। ਇਸਦੇ ਲਈ ਬਹੁਤ ਕੁਝ ਹੋਰ ਵੀ ਸਿੱਖਣਾ ਹੁੰਦਾ ਹੈ।
ਆਪਣੇ ਮੌਜੂਦਾ ਰੁਝੇਵਿਆਂ ਦਾ ਵਰਨਣ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ 76 ਸਾਲ ਪੂਰੇ ਹੋ ਚੁੱਕੇ ਹਨ। ਤੇਰਾਂ ਸਾਲ ਤੋਂ ਸੇਵਾਮੁਕਤ ਹਾਂ। ਪਰ ਕੰਮ ਕਰਨ ਦੀ, ਉਮਰ ਭਰ ਦੀਆਂ ਆਦਤਾਂ ਨਹੀਂ ਛੱਡ ਸਕਿਆ। ਸਵੇਰੇ 6 ਵਜੇ ਉੱਠਦਾ ਹਾਂ। (ਰਾਤ ਦਵਾਈ ਖਾਕੇ ਸੌਣਾ ਪੈਂਦਾ ਹੈ) ਦਿਨ ਦੀ ਸ਼ੁਰੂਆਤ ਕੁਝ ਅਖਬਾਰਾਂ ਦੇਖਣ ਨਾਲ ਹੁੰਦੀ ਹੈ। ਨਾਸ਼ਤੇ ਤੋਂ ਬਾਅਦ ਦੋ ਤਿੰਨ ਘੰਟੇ ਲਿਖਣ ਜਾਂ ਚੰਗੀਆਂ ਕਿਤਾਬਾਂ ਪੜ੍ਹਨ ਵਿਚ ਬੀਤਦਾ ਹੈ। ਦੁਪਹਿਰ ਵੇਲੇ ਦੋ ਢਾਈ ਘੰਟੇ ਅਰਾਮ ਕਰਨਾ ਮਜ਼ਬੂਰੀ ਹੈ ਕਿਉਂਕਿ ਸਰੀਰ ਥੱਕਣ ਲਗਦਾ ਹੇੈ। ਚਾਰ ਵਜੇ ਤੋਂ 6-7 ਵਜੇ ਤੱਕ ਸਿਰਫ ਪੜ੍ਹਨਾ ਹੁੰਦਾ ਹੈ। ਪਹਿਲੇ ਪੰਜਾਹ ਸਾਲ ਤੱਕ ਆਪਣੇ ਬਚਪਨ ਦੇ ਮਿੱਤਰ ਬਲਬੀਰ ਸਿੰਘ (ਅਤੇ ਡੇਢ ਦਹਾਕੇ ਤੱਕ ਕੰਵਰ ਚੰਦ ਗੁਪਤਾ ) ਦੇ ਨਾਲ ਇਕ ਡੇਢ ਘੰਟਾ ਸੈਰ ਨੂੰ ਜਾਂਦਾ ਸਾਂ। ਪਿਛਲੇ ਕੁਝ ਅਰਸੇ ਤੋਂ ਸੈਰ ਲਈ ਜਾਣਾ ਸੰਭਵ ਨਹੀ ਰਿਹਾ ਕਿਉਂ ਕਿ ਬਲਬੀਰ ਸਿੰਘ, ਸਾਡੇ ਗੁਆਂਢ ਵਾਲਾ ਘਰ ਵੇਚ ਕੇ, ਇਕ ਕਿਲੋਮੀਟਰ ਦੂਰ, ਆਪਣੇ ਵੱਡੇ ਪਰਵਾਰ ਨਾਲ, ਨਵਾਂ ਘਰ ਲੈ ਕੇ ਉਥੇ ਚਲਾ ਗਿਆ ਹੈ। 1954 ਵਿਚ ਬੀ.ਏ. ਆਨਰਜ਼ ਕਰਨ ਵਾਲੇ ਬਹੁਤ ਬੁੱਧੀਮਾਨ ਅਤੇ ਗਾਲਿਬ ਵਰਗੇ ਵੱਡੇ ਸ਼ਾਇਰਾਂ ਦੇ ਪਾਠਕ ਕੰਵਰ ਚੰਦ ਗੁਪਤਾ (ਜੋ ਫਾਰਸੀ ਦੇ ਵੀ ਗਿਆਤਾ ਸਨ) ਦੋ ਸਾਲ ਪਹਿਲਾਂ ਸਦਾ ਲਈ ਛੱਡ ਕੇ ਤੁਰ ਗਏ, ਇਸੇ ਕਰਕੇ ਹੁਣ 'ਸੈਰ' ਘਰ ਦੀ ਛੱਤ 'ਤੇ ਥੋੜ੍ਹਾ ਘੁੰਮਣ ਤੱਕ ਹੀ ਸਿਮਟ ਗਈ ਹੈ।
ਇਸ ਅੱਧੇ ਪਿੰਡ ਅਤੇ ਅੱੱਧੇ ਛੋਟੇ ਸ਼ਹਿਰ ਵਿਚ (ਜਿਸ ਦੀ ਕੁੱਲ ਆਬਾਦੀ 40 ਹਜ਼ਾਰ ਵੀ ਨਹੀਂ) ਸਾਹਿਤ ਪੜ੍ਹਨ, ਸਮਝਣ ਵਾਲੇ ਜ਼ਿਆਦਾ ਤੋਂ ਜ਼ਿਆਦਾ 10 -20 ਵਿਅਕਤੀ ਹੋਣਗੇ। ਪੜ੍ਹਨ ਵਾਲਿਆਂ ਦੀ ਸੰਖਿਆ ਇਕ ਸੌ ਤੱਕ ਵੀ ਨਹੀਂ। ਇਸੇ ਕਰਕੇ ਮੇਰੇ ਮਿੱਤਰਾਂ ਦਾ ਘੇਰਾ ਵੀ ਪੰਜ ਤੋਂ ਜ਼ਿਆਦਾ ਨਹੀਂ। ਕਦੇ ਕਦੇ ਕੁਝ ਵਿਦਿਆਰਥੀ ਜ਼ਰੂਰ ਮਿਲਣ ਆਉਂਦੇ ਹਨ ਅਤੇ ਕੁਝ ਹੋਰ ਲੋਕ ਵੀ । ਅਜਿਹੇ ਸਮੇਂ ਪੜ੍ਹਨ ਲਿਖਣ ਤੋਂ ਕੁਝ 'ਛੁਟਕਾਰਾ' ਮਿਲ ਜਾਂਦਾ ਹੈ, ਜੋ ਚੰਗਾ ਲਗਦਾ ਹੈ।
ਚੰਗਾ ਖਾਣ, ਪਹਿਨਣ ਦੀ ਆਦਤ ਕਦੇ ਵੀ ਨਹੀਂ ਸੀ। ਅੱਜ ਕੱਲ੍ਹ ਤਾਂ ਭੁੱਖ ਵੀ ਘੱਟ ਲਗਦੀ ਹੈ। ਸ਼ਰਾਬ ਕਦੇ ਨਹੀਂ ਪੀਤੀ। ਤਾਸ਼ ਵੀ ਖੇਡਣੀ ਨਹੀਂ ਆਉਂਦੀ। ਦਸ ਸਾਲ ਤੋਂ ਕਦੇ ਸਿਨਮੇ ਨਹੀਂ ਗਿਆ। ਕੁਝ ਸਮਾਂ ਟੀ.ਵੀ. 'ਤੇ ਖ਼ਬਰਾਂ ਦੇਖ ਲੈਂਦਾ ਹਾਂ। ਸਮਾਗਮ ਜਾਂ ਸਾਹਿਤ ਸਮਾਰੋਹਾਂ ਵਿਚ ਬਹੁਤ ਘੱਟ ਜਾਂਦਾ ਹਾਂ- ਸਾਲ ਵਿਚ ਜ਼ਿਆਦਾ ਤੋਂ ਜ਼ਿਆਦਾ ਪੰਜ ਸੱਤ ਥਾਈਂ- ਉਹ ਵੀ ਜਿੱੱਥੇ ਜਾਣਾ ਹੀ ਪਵੇ।
ਅਖ਼ਬਾਰਾਂ, ਰਸਾਲਿਆਂ ਦੇ ਲਈ ਵੀ ਲਿਖਣਾ ਹੁੰਦਾ ਹੈ, ਜਿਸ ਨੂੰ ਜ਼ਰੂਰੀ ਸਮਝਣ ਲੱਗਿਆ ਹਾਂ। ਇਸ ਨਾਲ ਅਸੀਂ ਆਪਣੇ ਵਿਚਾਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਪਰ ਸਾਹਿਤ ਦਾ ਰੁਤਬਾ ਪੱਤਰਕਾਰਤਾ ਕਦੇ ਨਹੀਂ ਪਾ ਸਕਦੀ। ਮੁੱਖ ਤੌਰ 'ਤੇ ਤਾਂ ਸਾਹਿਤਕਾਰ ਸੀ, ਹਾਂ, ਪਰ ਕਦੇ ਵੀ ਸਿਰਫ 'ਲਿਖਣ ਲਈ' ਨਹੀਂ ਲਿਖ ਸਕਿਆ। ਸਿਰਫ ਉਹੀ ਲਿਖਦਾ ਰਿਹਾ ਹਾਂ ਜੋ 'ਸਾਹਿਤ' ਹੋਵੇ। ਜੀਵਨ ਤੇ ਸਾਹਿਤ ਦੇ ਸਬੰਧ ਹਮੇਸ਼ਾ ਨਾਲ ਨਾਲ ਚਲਦੇ ਰਹੇ ਹਨ। ਜੀਵਨ ਤਾਂ ਸਾਗਰ ਹੈ। ਉਸ ਵਿਚੋਂ ਕਿੰਨੀਆਂ ਲਹਿਰਾਂ ਕੋਈ ਪਾਰ ਨਹੀਂ ਕਰ ਸਕਦਾ, ਸਾਹਿਤ ਵਿਚ ਇਹੀ ਮਹੱਤਵਪੂਰਨ ਹੈ। ਕੁਝ ਵੱਡੇ ਲੇਖਕ ਬਹੁਤ ਅੰਦਰ ਤੱਕ, ਡੂੰਘਾਈ ਵਿਚ ਜਾ ਕੇ, ਮੋਤੀ ਵੀ ਲੱਭ ਲੈਂਦੇ ਹਨ, ਪਰ ਮੇਰੇ ਵਰਗੇ ਸਾਧਾਰਨ ਲੋਕ ਤਾਂ ਕਿਨਾਰੇ ਤੱਕ ਲਹਿਰਾਂ ਸੰਗ ਤੈਰ ਕੇ ਆਈਆਂ ਕੁਝ ਸਿੱਪੀਆਂ, ਘੋਗੇ ਹੀ ਚੁਣ ਸਕਦੇ ਹਨ। ਆਪਣੀ ਆਪਣੀ ਸਮਰੱਥਾ ਹੈ, ਕਦੇ ਕੋਈ ਚੂਹਾ ਹਾਥੀ ਨਹੀਂ ਬਣ ਸਕਦਾ। ਜੇਕਰ ਆਪਣੀ ਤਾਕਤ, ਸਮਰੱਥਾ ਕੋਈ ਸਮਝ ਸਕੇ ਤਾਂ ਜੋ ਵੀ ਸਕੇ ਉਸੇ 'ਤੇ ਸੰਤੁਸ਼ਟੀ ਹੁੰਦੀ ਹੈ। ਇਸੇ ਕਰਕੇ ਸੰਤੁਸ਼ਟ ਹਾਂ ਕਿ ਜੋ ਵੀ ਕਰ ਸਕਿਆ ਹਾਂ, ਉਹੀ ਕਰ ਸਕਦਾ ਸਾਂ। ਜੋ ਕੁਝ ਬਾਕੀ ਸਮੇਂ ਵਿਚ ਕਰ ਸਕਿਆ, ਉਹ ਮੇਰੀ ਸੀਮਾ ਹੋਵੇਗੀ। ਜੀਵਨ ਜਿਹੋ ਜਿਹਾ ਵੀ ਜੀਵਿਆ ਉਸੇ ਤੋ ਸੰਤੁਸ਼ਟ ਹਾਂ। '
Monday, February 8, 2010
ਉਸਤਾਦ ਸ਼ਾਇਰ ਦੀਪਕ ਜੈਤੋਈ
ਪੰਜਾਬੀ ਦੇ ਬਾਬਾ-ਏ-ਗ਼ਜ਼ਲ ਅਤੇ ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਪੰਜਾਬੀ ਸਾਹਿਤ ਅਤੇ ਪੰਜਾਬੀ ਜ਼ੁਬਾਨ ਦੀ ਇਕ ਮਾਣਯੋਗ ਸੰਸਥਾ ਸਨ। ਉਨ੍ਹਾਂ ਆਪਣੇ ਜੀਵਨ ਦੇ ਛੇ ਦਹਾਕੇ ਮਾਂ ਬੋਲੀ ਪੰਜਾਬੀ ਦਾ ਕਾਵਿਕ ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿਤ ਸਮੱਰਪਿਤ ਕੀਤੇ। ਉਨ੍ਹਾਂ ਦਾ ਜਨਮ ਜ਼ਿਲਾ ਫਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿਚ ਇਕ ਸਾਧਾਰਨ ਪਰਿਵਾਰ ਵਿਚ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਗੁਰਚਰਨ ਸਿੰਘ ਰੱਖਿਆ। ਬੜੀ ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਅੰਦਰ ਕਾਵਿਕ ਕਿਰਨ ਜਾਗੀ ਅਤੇ ਉਨ੍ਹਾਂ ਤੀਜੀ ਜਮਾਤ ਵਿਚ ਪੜ੍ਹਦਿਆਂ ਆਪਣੇ ਇਕ ਦੋਸਤ ਨੂੰ ਚਿੱਠੀ ਲਿਖੀ ਜੋ ਕਵਿਤਾ ਦੇ ਰੂਪ ਵਿਚ ਸੀ। ਇਹ ਚਿੱਠੀ ਹੀ ਉਨ੍ਹਾਂ ਦੀ ਸ਼ਾਇਰੀ ਦਾ ਆਗ਼ਾਜ਼ ਸੀ। ਬਾਅਦ ਵਿਚ ਉਨ੍ਹਾਂ ਸ਼ਾਇਰੀ ਦੀ ਤਹਿ ਤੱਕ ਜਾਣ ਅਤੇ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ਮੁਜਰਮ ਦਸੂਹੀ ਨੂੰ ਆਪਣਾ ਉਸਤਾਦ ਧਾਰਿਆ ਅਤੇ ਗ਼ਜ਼ਲ ਤੇ ਕਵਿਤਾ ਦੇ ਖੇਤਰ ਵਿਚ ਉਹ 'ਦੀਪਕ ਜੈਤੋਈ' ਦੇ ਨਾਂ ਨਾਲ ਚਰਚਿਤ ਹੋਏ।
ਜਨਾਬ ਦੀਪਕ ਜੈਤੋਈ ਨੇ ਜਦੋਂ ਗ਼ਜ਼ਲ ਖੇਤਰ ਵਿਚ ਪੈਰ ਧਰਿਆ ਤਾਂ ਉਸ ਸਮੇਂ ਉਰਦੂ ਵਿਦਵਾਨ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਕਹਿ ਕੇ ਆਖਦੇ ਸਨ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਅਰਬੀ ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਅਜਿਹੇ ਮਾਹੌਲ ਵਿਚ ਦੀਪਕ ਜੈਤੋਈ ਪੰਜਾਬੀ ਵਿਚ ਗ਼ਜ਼ਲ ਦੀ ਰਚਨਾ ਕਰਨ ਦੇ ਕਾਰਜ ਨੂੰ ਇਕ ਚੈਲਿੰਜ ਵਜੋਂ ਕਬੂਲ ਕਰਕੇ ਇਸ ਖੇਤਰ ਵਿਚ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਉਤਰੇ। ਨਿਰਸੰਦੇਹ ਉਨ੍ਹਾਂ ਦੀ ਅਥਾਹ ਘਾਲਣਾ ਸਦਕਾ ਹੀ ਪੰਜਾਬੀ ਗ਼ਜ਼ਲ ਸਟੇਜਾਂ ਦੀ ਰਾਣੀ ਅਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੀ। ਉਨ੍ਹਾਂ ਦੇ ਹਮਸਫ਼ਰ ਉਸਤਾਦ ਸ਼ਾਇਰ ਡਾ. ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ ਅਤੇ ਠਾਕੁਰ ਭਾਰਤੀ ਨਾਲੋਂ ਉਨ੍ਹਾਂ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਗ਼ਜ਼ਲ ਦੇ ਪਾਸਾਰ ਲਈ ਬਕਾਇਦਾ ਤੌਰ ਤੇ 'ਦੀਪਕ ਗ਼ਜ਼ਲ ਸਕੂਲ' ਦੀ ਸਥਾਪਨਾ ਕੀਤੀ ਅਤੇ ਇਸ ਸੰਸਥਾ ਰਾਹੀਂ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਚੋਂ ਲਗਾਤਾਰ ਕਈ ਘੰਟੇ ਸਿਖਾਂਦਰੂ ਅਤੇ ਪੁੰਗਰਦੇ ਸ਼ਾਇਰਾਂ ਨੂੰ ਗ਼ਜ਼ਲ ਦੀ ਸੂਖਮਤਾ, ਰੂਪਕ ਪੱਖ, ਜ਼ੁਬਾਨ ਦੀ ਸੁਹਜਤਾ, ਕਵਿਤਾ ਵਿਚਲੀ ਸੰਗੀਤਾਮਿਕਤਾ ਅਤੇ ਭਾਸ਼ਾ ਦਾ ਗਿਆਨ ਵੰਡਣ ਲਈ ਲਾਉਂਦੇ ਰਹੇ। ਉਨ੍ਹਾਂ ਹਮੇਸ਼ਾ ਇਹ ਗੱਲ ਤੇ ਪਹਿਰਾ ਦਿੱਤਾ ਕਿ ਸੰਗੀਤਾਮਿਕਤਾ ਤੋਂ ਵਿਹੂਣੀ ਕੋਈ ਵੀ ਸਾਹਿਤਕ ਰਚਨਾ ਕਵਿਤਾ ਜਾਂ ਗ਼ਜ਼ਲ ਨਹੀਂ ਹੋ ਸਕਦੀ।
ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸਤਾਦ ਦੀਪਕ ਜੈਤੋਈ ਬਹੁਤ ਹੀ ਉਚਕੋਟੀ ਦੇ ਗੀਤਕਾਰ ਵੀ ਸਨ ਅਤੇ ਉਨ੍ਹਾਂ ਦੇ ਅਨੇਕਾਂ ਗੀਤ ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ ਅਤੇ 'ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ', ' ਗੱਲ ਸੋਚ ਕੇ ਕਰਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ', 'ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ' ਆਦਿ ਕਈ ਗੀਤ ਪੰਜਾਬੀਆਂ ਦੀ ਜ਼ੁਬਾਨ ਤੇ ਅਜਿਹੇ ਚੜ੍ਹੇ ਕਿ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਉਨ੍ਹਾਂ ਧਾਰਮਿਕ ਗੀਤਾਂ ਦੀ ਰਚਨਾ ਵੀ ਕੀਤੀ ਜਿਨ੍ਹਾਂ ਵਿਚ 'ਸਾਕਾ ਚਾਂਦਨੀ ਚੌਕ' ਅਤੇ 'ਗੁਰੂ ਨਾਨਕ ਦੇਵ ਦੀਆਂ ਸਾਖੀਆਂ' (ਦੋਵੇਂ ਐਲ.ਪੀ.) ਪ੍ਰਸਿੱਧ ਕੰਪਨੀ ਐਚ.ਐਮ.ਵੀ. ਵਿਚ ਰਿਕਾਰਡ ਹੋਏ ਅਤੇ ਇਨ੍ਹਾਂ ਨੇ ਵਿਕਰੀ ਦਾ ਵੀ ਇਕ ਰਿਕਾਰਡ ਕਾਇਮ ਕੀਤਾ। ਗੀਤਕਾਰ ਦੀਪਕ ਜੈਤੋਈ ਦਾ ਇਸ ਖੇਤਰ ਵਿਚੋਂ ਮਨ ਉਦੋਂ ਉਚਾਟ ਹੋ ਗਿਆ ਜਦੋਂ ਜ਼ਿਅਦਾਤਰ ਗੀਤਕਾਰਾਂ ਤੇ ਗਾਇਕਾਂ ਨੇ ਗੀਤਕਾਰੀ ਅਤੇ ਗਾਇਕੀ ਨੂੰ ਪੈਸੇ ਕਮਾਉਣ ਦੇ ਧੰਦੇ ਤੱਕ ਸੀਮਤ ਕਰ ਲਿਆ।
ਪੰਜਾਬੀ ਗ਼ਜ਼ਲ ਨੂੰ ਮਕਬੂਲੀਅਤ ਦਾ ਰੁਤਬਾ ਹਾਸਲ ਕਰਵਾਉਣ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ 'ਮਾਲਾ ਕਿਉਂ ਤਲਵਾਰ ਬਣੀ' (ਮਹਾਂਕਾਵਿ), ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਦੀ ਅਦਾ, ਦੀਪਕ ਦੀ ਲੋਅ, ਮੇਰੀਆਂ ਚੋਣੀਆਂ ਗ਼ਜ਼ਲਾਂ, ਗ਼ਜ਼ਲ ਦਾ ਬਾਂਕਪਨ, ਆਹ ਲੈ ਮਾਏ ਸਾਂਭ ਕੁੰਜੀਆਂ, ਗ਼ਜ਼ਲ ਕੀ ਹੈ, ਮਾਡਰਨ ਗ਼ਜ਼ਲ ਸੰਗ੍ਰਹਿ, ਭਰਥਰੀ ਹਜੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕਿਤ ਤੋਂ ਅਨੁਵਾਦਿਤ) ਆਦਿ ਰਚਨਾਵਾਂ ਕਾਬਲਿ-ਜ਼ਿਕਰ ਹਨ। ਪੰਜਾਬੀ ਵਿਚ ਪਹਿਲਾ ਗ਼ਜ਼ਲ ਦੀਵਾਨ 'ਦੀਵਾਨੇ-ਦੀਪਕ' ਲਿਖਣ ਦਾ ਫ਼ਖਰ ਵੀ ਉਨ੍ਹਾਂ ਦੇ ਹਿੱਸੇ ਹੀ ਆਇਆ ਹੈ।
ਪੰਜਾਬੀ ਜ਼ੁਬਾਨ ਅਤੇ ਗ਼ਜ਼ਲ ਪ੍ਰਤੀ ਆਪਣੀ ਸਮੁੱਚੀ ਜ਼ਿੰਦਗੀ ਅਰਪਿਤ ਕਰਨ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਬੇਸ਼ੱਕ ਸਰਕਾਰੇ ਦਰਬਾਰੋਂ ਬਹੁਤਾ ਮਾਨ ਸਨਮਾਨ ਨਹੀਂ ਮਿਲਿਆ ਪਰ ਪੰਜਾਬ ਅਤੇ ਹਰਿਆਣਾ ਦੀ ਸ਼ਾਇਦ ਕੋਈ ਵੀ ਅਜਿਹੀ ਵੱਡੀ ਸਾਹਿਤਕ ਸੰਸਥਾ ਨਹੀਂ ਜਿਸ ਨੇ ਗ਼ਜ਼ਲ ਦੇ ਇਸ ਬਾਬਾ ਬੋਹੜ ਨੂੰ ਬਣਦਾ ਮਾਣ ਸਨਮਾਨ ਦੇ ਕੇ ਆਪਣੇ ਫਰਜ਼ ਦੀ ਪੂਰਤੀ ਨਾ ਕੀਤੀ ਹੋਵੇ। ਉਨ੍ਹਾਂ ਨੂੰ ਸ਼ਰੋਮਣੀ ਪੰਜਾਬੀ ਕਵੀ ਸਨਮਾਨ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ- ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ।
ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਪ੍ਰਦਾਨ ਕਰਨ ਵਾਲੇ ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ ਪਰ ਆਪਣੇ ਉਚੇਰੇ ਸ਼ੌਕ ਬਰਕਰਾਰ ਰੱਖੇ। ਤੰਗੀਆਂ ਤੁਰਸ਼ੀਆਂ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਕੇ ਰਹੀਆਂ, ਕਈ ਵਾਰ ਫਾਕੇ ਕੱਟਣ ਤੱਕ ਵੀ ਨੌਬਤ ਆਈ ਪਰ ਸਦਕੇ ਜਾਈਏ ਉਸ ਮਹਾਨ ਪੰਜਾਬੀ ਸਪੂਤ ਦੇ ਜਿਸ ਨੇ ਅਜਿਹੇ ਹਾਲਾਤ ਵਿਚ ਵੀ ਆਪਣੀ ਅਣਖ, ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। ਇਸ ਦੀ ਮਿਸਾਲ ਇਨ੍ਹਾਂ ਤੱਥਾਂ ਤੋਂ ਵੀ ਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ ਅਤੇ ਅਕਸਰ ਹੀ ਕਵੀ ਦਰਬਾਰਾਂ ਵਿਚ ਉਹ ਇਕੱਠਿਆਂ ਸ਼ਾਮਲ ਹੁੰਦੇ ਸਨ ਪਰ ਦੀਪਕ ਜੈਤੋਈ ਨੇ ਆਪਣੇ ਨਾਸਾਜ਼ਗਾਰ ਹਾਲਾਤ ਵਿਚ ਵੀ ਸ੍ਰੀ ਵਾਜਪਾਈ ਤੱਕ ਆਪਣੀ ਆਰਥਿਕ ਮੰਦਹਾਲੀ ਦੀ ਭਿਣਕ ਨਹੀਂ ਪੈਣ ਦਿੱਤੀ।
ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੋ ਮਕਬੂਲੀਅਤ, ਸ਼ੁਹਰਤ ਅਤੇ ਸਨਮਾਨ ਦਰਵੇਸ਼ ਸ਼ਾਇਰ ਦੀਪਕ ਜੈਤੋਈ ਨੂੰ ਮਿਲਿਆ, ਉਹ ਸ਼ਾਇਦ ਹੀ ਕਿਸੇ ਪੰਜਾਬੀ ਸ਼ਾਇਰ ਦੇ ਹਿੱਸੇ ਆਇਆ ਹੋਵੇ। ਅੰਤ 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦਾ ਇਹ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ ਅਤੇ ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸ਼ਾਇਰੀ ਦੇ ਇਕ ਫ਼ਖ਼ਰਯੋਗ ਅਤੇ ਸੁਨਹਿਰੇ ਅਧਿਆਇ ਦਾ ਅੰਤ ਹੋ ਗਿਆ।
-ਹਰਦਮ ਸਿੰਘ ਮਾਨ
Saturday, February 6, 2010
ਪੰਡਤ ਜਵਾਹਰ ਲਾਲ ਨਹਿਰੂ ਦਾ ਤੀਰਥ ਅਸਥਾਨ- ਜੈਤੋ
(ਜੈਤੋ ਵਿਚ ਸਲਾਮਤ ਜੈਤੋ ਦੇ ਕਿਲ੍ਹੇ ਦਾ ਉਹ ਹਿੱਸਾ ਜਿੱਥੇ ਇਕ ਕਾਲ ਕੋਠੜੀ ਵਿਚ ਅੰਗਰੇਜ਼ੀ ਹਕੂਮਤ ਵੱਲੋਂ ਸਵ. ਨਹਿਰੂ ਨੂੰ ਸਾਰਾ ਦਿਨ ਬੰਦ ਰੱਖਿਆ ਗਿਆ)
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਇਤਿਹਾਸਕ ਨਗਰ ਜੈਤੋ ਨਾਲ ਸਾਂਝ ਦੀ ਬੇਹੱਦ ਇਤਿਹਾਸਕ ਮਹੱਤਤਾ ਹੈ। 1923 ਈਸਵੀ ਵਿਚ ਜੈਤੋ ਦੇ ਇਤਿਹਾਸਕ ਮੋਰਚੇ ਦਾ ਹਾਲ ਵੇਖਣ ਲਈ ਕਾਂਗਰਸ ਦੇ ਵਿਸ਼ੇਸ਼ ਦਰਸ਼ਕ ਦੇ ਤੌਰ ਪੰਡਤ ਜਵਾਹਰ ਲਾਲ ਨਹਿਰੂ ਜੈਤੋ ਆਏ ਸਨ ਅਤੇ ਇਥੇ ਉਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਦੇ ਰਾਜਸੀ ਜੀਵਨ ਦੀ ਜੇਲ੍ਹ ਯਾਤਰਾ ਇਤਿਹਾਸਕ ਨਗਰ ਜੈਤੋ ਤੋਂ ਹੀ ਸ਼ੁਰੂ ਹੋਈ ਸੀ। ਇਸ ਪ੍ਰਸੰਗ ਦਾ ਜ਼ਿਕਰ ਮਰਹੂਮ ਨਹਿਰੂ ਨੇ ਖ਼ੁਦ ਆਪਣੀ ਆਤਮ ਕਥਾ ਵਿਚ ਜੈਤੋ ਅਤੇ ਨਾਭੇ ਬਾਰੇ ਇਕ ਵਿਸ਼ੇਸ਼ ਅਧਿਆਏ ਵਿਚ ਵੀ ਕੀਤਾ ਹੈ।
ਸ੍ਰੀ ਨਹਿਰੂ ਆਪਣੀ ਆਤਮ ਕਥਾ ਵਿਚ ਲਿਖਦੇ ਹਨ ''ਮੈਨੂੰ ਦਿੱਲੀ ਵਿਚ ਵਿਸ਼ੇਸ਼ ਕਾਂਗਰਸ ਤੋਂ ਤੁਰੰਤ ਬਾਅਦ ਪਤਾ ਲੱਗਿਆ ਕਿ ਇਕ ਹੋਰ ਜੱਥਾ ਜੈਤੋ ਜਾ ਰਿਹਾ ਹੈ। ਮੈਨੂੰ ਉਥੇ ਜਾਣ ਅਤੇ ਮੌਕਾ ਵੇਖਣ ਦਾ ਸੱਦਾ ਦਿੱਤਾ ਗਿਆ ਸੀ ਤੇ ਮੈਂ ਇਸ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ। ਦੋ ਕਾਂਗਰਸੀ ਸਹਿਯੋਗੀ ਏ. ਟੀ. ਗਿਡਵਾਨੀ ਅਤੇ ਮਦਰਾਸ ਤੋਂ ਕੇ. ਸਨਤਾਨਮ ਮੇਰੇ ਨਾਲ ਸਨ।' ਜੈਤੋ ਵਿਚ ਗ੍ਰਿਫਤਾਰੀ ਉਪਰੰਤ ਉਨ੍ਹਾਂ ਰੇਲਵੇ ਸਟੇਸ਼ਨ ਤੇ ਲਿਜਾਣ ਦਾ ਦ੍ਰਿਸ਼ ਪੇਸ਼ ਕਰਦਿਆਂ ਲਿਖਿਆ ਹੈ 'ਸਾਨੂੰ ਸਾਰਾ ਦਿਨ ਹਵਾਲਾਤ ਵਿਚ ਬੰਦ ਰੱਖਿਆ ਗਿਆ ਅਤੇ ਸ਼ਾਮ ਨੂੰ ਸਾਨੂੰ ਪੈਦਲ ਸਟੇਸ਼ਨ ਤੇ ਲੈ ਗਏ। ਸਨਤਾਨਮ ਅਤੇ ਮੈਨੂੰ ਇਕੋ ਹੱਥਕੜੀ ਲਾਈ ਹੋਈ ਸੀ। ਉਸ ਦੀ ਖੱਬੀ ਕਲਾਈ ਤੇ ਮੇਰੀ ਸੱਜੀ ਕਲਾਈ ਨੂੰ ਲੱਗੀ ਹੱਥਕੜੀ ਦੇ ਨਾਲ ਲੰਮੀ ਸੰਗਲੀ ਲੱਗੀ ਹੋਈ ਸੀ ਜਿਸ ਨੂੰ ਸਾਡੇ ਅੱਗੇ ਚੱਲ ਰਹੇ ਪੁਲਿਸ ਦੇ ਸਿਪਾਹੀ ਨੇ ਫੜਿਆ ਹੋਇਆ ਸੀ। ਗਿਡਵਾਨੀ ਨੂੰ ਵੀ ਹੱਥਕੜੀ ਲਾ ਕੇ ਸੰਗਲੀ ਫੜ ਕੇ ਸਾਡੇ ਪਿੱਛੇ ਪਿੱਛੇ ਲਿਆਂਦਾ ਜਾ ਰਿਹਾ ਸੀ। ਜੈਤੋ ਦੀਆਂ ਗਲੀਆਂ ਵਿਚੋਂ ਇਉਂ ਗੁਜ਼ਰਨ 'ਤੇ ਮੈਨੂੰ ਕੁੱਤੇ ਨੂੰ ਸੰਗਲੀ ਫੜ ਕੇ ਜਬਰਦਸਤੀ ਧੂਹ ਕੇ ਲੈ ਜਾਣਾ ਚੇਤੇ ਆ ਗਿਆ।''
1932 ਤੋਂ ਬਾਅਦ 1946 ਵਿਚ ਪੰਡਤ ਨਹਿਰੂ ਜੀ ਨੇ ਫਰੀਦਕੋਟ ਜਾਂਦੇ ਸਮੇਂ ਜੈਤੋ ਰੇਲਵੇ ਸਟੇਸ਼ਨ ਤੇ ਉਤਰ ਕੇ ਇਕ ਭਾਵੁਕ ਤਕਰੀਰ ਕਰਦਿਆਂ ਜੈਤੋ ਨਗਰ ਨੂੰ ਸਿਜਦਾ ਕੀਤਾ ਸੀ ਅਤੇ ਕਿਹਾ ਸੀ ਕਿ 'ਜੈਤੋ ਮੇਰੇ ਲਈ ਇਕ ਤੀਰਥ ਅਸਥਾਨ ਹੈ।' ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ 1952 ਵਿਚ ਜੈਤੋ ਵਿਖੇ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਜੈਤੋ ਨਾਲ ਆਪਣੀ ਪੁਰਾਣੀ ਅਤੇ ਭਾਵੁਕ ਸਾਂਝ ਬਾਰੇ ਦੱਸਿਆ ਸੀ। ਜਵਾਹਰ ਲਾਲ ਨਹਿਰੂ ਦੀ ਭਾਵੁਕ ਸਾਂਝ ਕਰਕੇ ਹੀ 1988 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੈਤੋ ਆਏ ਅਤੇ ਉਨ੍ਹਾਂ ਉਹ ਕਾਲ ਕੋਠੜੀ ਵੇਖੀ ਸੀ ਜਿੱਥੇ ਸ੍ਰੀ ਨਹਿਰੂ ਨੂੰ ਗ੍ਰਿਫਤਾਰ ਕਰਕੇ ਸਾਰਾ ਦਿਨ ਰੱਖਿਆ ਗਿਆ ਸੀ ਅਤੇ ਬਾਅਦ ਵਿਚ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਸੀ। ਸਤੰਬਰ 2008 ਵਿਚ ਉਨ੍ਹਾਂ ਦੇ ਖਾਨਦਾਨ ਦੇ ਹੀ ਰਾਹੁਲ ਗਾਂਧੀ ਵੀ ਜੈਤੋ ਆ ਕੇ ਇਸ ਇਤਿਹਾਸਕ ਸਥਾਨ ਤੇ ਆ ਕੇ ਨਤਮਸਤਕ ਹੋਏ।
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਤੀਰਥ ਅਸਥਾਨ ਕਹੇ ਜਾਂਦੇ ਜੈਤੋ ਨਗਰ ਦੀ ਮੌਜੂਦਾ ਸਥਿਤੀ ਦਾ ਵਰਨਣ ਕਰਦਿਆਂ ਸ਼ਹਿਰ ਦੀਆਂ ਦੋ ਸਤਿਕਾਰਤ ਸ਼ਖਸੀਅਤਾਂ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਅਤੇ ਉਘੇ ਸੁਤੰਤਰਤਾ ਸੰਗਰਾਮੀਏ ਮਾਸਟਰ ਕਰਤਾ ਰਾਮ ਸੇਵਕ ਨੇ ਪਿਛਲੇ ਸਾਲ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭੇਜੇ ਲਿਖਤੀ ਪੱਤਰ ਵਿਚ ਕਿਹਾ ਸੀ ਕਿ ਇਹ ਇਤਿਹਾਸਕ ਨਗਰ ਸਰਕਾਰਾਂ ਵੱਲੋਂ ਅਣਗੌਲਿਆ ਹੀ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਇਥੇ ਨਾ ਚੰਗੀਆਂ ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ ਹੈ, ਨਾ ਚੰਗੀ ਵਿਦਿਆ ਦੀ ਕੋਈ ਵਿਵਸਥਾ ਹੈ ਅਤੇ ਨਾ ਹੀ ਕਿਸੇ ਹੋਰ ਪੱਖ ਤੋਂ ਇਸ ਦਾ ਵਿਕਾਸ ਹੋਇਆ ਹੈ। ਉਨ੍ਹਾਂ ਇਹ ਵੀ ਚੇਤੇ ਕਰਵਾਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ ਦੇ ਨਾਮ ਤੇ ਕਾਇਮ ਕੀਤੇ ਕੌਮੀ ਟਰੱਸਟ ਕੋਲ ਕਰੋੜਾਂ ਰੁਪਏ ਦੀ ਰਾਸ਼ੀ ਮੌਜੂਦ ਹੈ ਪਰ ਉਸ ਟਰੱਸਟ ਨੇ ਵੀ ਇਸ ਨਗਰ ਤੇ ਆਪਣੀ ਰਹਿਮਤ ਦੀ ਨਿਗਾਹ ਨਹੀਂ ਮਾਰੀ। ਉਨ੍ਹਾਂ ਦੇ ਇਸ ਪੱਤਰ ਦੀ ਬਦੌਲਤ ਜਾਂ ਸ੍ਰੀ ਰਾਹੁਲ ਗਾਂਧੀ ਨੂੰ ਲੋਕਾਂ ਵੱਲੋਂ ਦਿੱਤੇ ਮੈਮੋਰੰਡਮ ਸਦਕਾ ਕੁੱਝ ਮਹੀਨੇ ਪਹਿਲਾਂ ਇਸ ਸਮਾਰਕ ਲਈ ਕੇਂਦਰ ਸਰਕਾਰ ਵੱਲੋਂ 55 ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਇਸ ਰਾਸ਼ੀ ਨਾਲ ਇਥੇ ਪੰਡਤ ਨਹਿਰੂ ਦੀ ਯਾਦਗਾਰੀ ਕਾਲ ਕੋਠੜੀ ਦੀ ਸੰਭਾਲ ਕਰਨ, ਇਸ ਜਗ੍ਹਾ ਵਿਚ ਸ਼ਾਨਦਾਰ ਪਾਰਕ ਦੀ ਉਸਾਰੀ ਕਰਨ, ਚਾਰ ਦੀਵਾਰੀ ਕਰਨ ਤੋਂ ਇਲਾਵਾ ਇਸ ਸਥਾਨ ਨੂੰ ਸੈਰ ਸਪਾਟਾ ਸਥਾਨ ਬਣਾਉਣ ਲਈ ਕਾਰਜ ਚੱਲ ਰਿਹਾ ਹੈ।
-ਕਰਮਜੀਤ ਮਾਨ
Friday, February 5, 2010
ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ : ਜੈਤੋ ਦਾ ਮੋਰਚਾ
ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ ਅਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ 'ਗੁਰਦੁਆਰਾ ਐਕਟ' ਬਣਾਉਣ ਲਈ ਮਜ਼ਬੂਰ ਹੋਣਾ ਪਿਆ। ਇਸ ਗੁਰਦੁਆਰਾ ਐਕਟ ਦੇ ਅਧੀਨ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ ਅਤੇ ਇਹ ਕਮੇਟੀ ਅੱਜ ਸਿੱਖ ਜਗਤ ਦੀ ਸਭ ਤੋਂ ਵੱਡੀ ਅਤੇ ਅਹਿਮ ਸੰਸਥਾ ਹੈ ਅਤੇ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ।
ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਸ੍ਰੀ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ ਪਿਆਰੇ ਹੋ ਚੁੱਕੇ ਸਨ। ਉਨ੍ਹਾਂ ਦੀ ਬਰਤਰਫੀ ਕਾਰਨ ਸਿੱਖਾਂ ਵੱਲੋਂ ਵਿਰੋਧ ਕੀਤਾ ਜਾਣ ਲੱਗਿਆ। ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਹੀ 5 ਅਗਸਤ 1923 ਨੂੰ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜਾ ਰਿਪੁਦਮਨ ਦੇ ਸਬੰਧ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ।
ਸਿੱਖਾਂ ਦੇ ਇਸ ਰੋਸ ਤੋਂ ਅੰਗਰੇਜ਼ੀ ਹਕੂਮਤ ਬੇਹੱਦ ਖਫ਼ਾ ਸੀ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗਾਵਤ ਦੇ ਤੌਰ ਤੇ ਲਿਆ ਅਤੇ 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਚ ਦੀਵਾਨ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਉਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਇਸ ਤਰ੍ਹਾਂ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ। ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖਾਂ ਸਰਯਾਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਦੁਰਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਇਸ ਤਰ੍ਹਾਂ ਨਾਲ ਜੈਤੋ ਮੋਰਚੇ ਦਾ ਆਰੰਭ ਹੋਇਆ ਜਿਸ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜੱਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਜੈਤੋ ਵੱਲ ਭੇਜਣੇ ਆਰੰਭ ਕਰ ਦਿੱਤੇ। 25 ਸਿੰਘਾਂ ਦਾ ਇਕ ਜੱਥਾ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਇਸ ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਦਿੱਲੀ ਵਿਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਕ ਸਮਾਗਮ ਵਿਚ ਮਹਾਰਾਜਾ ਨਾਭਾ ਨੂੰ ਗੱਦੀਓ ਲਾਹੇ ਜਾਣ ਬਾਰੇ ਅਤੇ ਜੈਤੋ ਦੇ ਧਾਰਮਿਕ ਮੋਰਚੇ ਬਾਰੇ ਕਾਂਗਰਸ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜ ਦਿੱਤਾ ਗਿਆ। ਇਨ੍ਹਾਂ ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਇਸ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ 500-500 ਸਿੰਘਾਂ ਦਾ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। 500 ਸਿੰਘਾਂ ਦੇ ਪਹਿਲੇ ਜੱਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ।
ਇਹ ਵਿਸ਼ਾਲ ਜੱਥਾ ਨਾਭਾ, ਪਟਿਆਲਾ, ਫਰੀਦਕੋਟ ਅਤੇ ਸੰਗਰੂਰ ਰਾਜਾਂ ਦੇ ਪਿੰਡਾਂ ਵਿਚ ਪੜਾਅ ਤੈਅ ਕਰਦਾ ਹੋਇਆ 20 ਫਰਵਰੀ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜੱਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜੱਥੇ ਦੇ 500 ਸਿੰਘਾਂ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਉਹ ਸੰਗਤ ਵੀ ਸੀ ਜੋ ਸ਼ਰਧਾਵੱਸ ਨਾਲ ਚੱਲ ਰਹੀ ਸੀ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਵੀ ਸਨ ਜਿਨ੍ਹਾਂ ਵਿਚ ਬੀਬੀਆਂ ਵੀ ਸ਼ਾਮਿਲ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜੱਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਜੱਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਅੰਗਰੇਜ਼ੀ ਹਕੂਮਤ ਵੱਲੋਂ ਜੱਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ਼ ਕੁ ਦੀ ਵਿੱਥ 'ਤੇ ਰੋਕਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਗਾਂਹ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਪਰ ਜੱਥਾ ਸਭ ਕੁੱਝ ਅਣਸੁਣਿਆ ਕਰਕੇ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ 'ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ਵਿਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ)। ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਵਿਚ ਇਸ ਮੋਰਚੇ ਵਿਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜੱਥਿਆਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਲੱਗੇ। ਇਸ ਤਰ੍ਹਾਂ 500-500 ਦੇ ਜੱਥੇ ਭੇਜਣ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ ਅਤੇ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਅੰਗਰੇਜ਼ੀ ਹਕੂਮਤ ਨੇ ਹੱਥ ਖੜ੍ਹੇ ਨਾ ਕੀਤੇ। ਅੰਤ ਹਕੂਮਤ ਸਿੱਖ ਸੰਘਰਸ਼ ਅੱਗੇ ਝੁਕ ਗਈ ਅਤੇ ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲੀ। ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਆਖੰਡ ਪਾਠ ਸ਼ੁਰੂ ਕਰਕੇ ਮੋਰਚੇ ਨੂੰ ਤੋੜ ਚੜ੍ਹਾਇਆ।
-ਕਰਮਜੀਤ ਮਾਨ
Subscribe to:
Posts (Atom)