Friday, February 12, 2010
ਪਦਮ ਸ਼੍ਰੀ ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ
ਪੰਜਾਬੀ ਸਾਹਿਤ ਨੂੰ ਵਿਸ਼ਵ ਬੁਲੰਦੀਆਂ ਤੀਕ ਪੁਚਾਉਣ ਵਾਲੇ ਉਚ ਕੋਟੀ ਦੇ ਸਾਹਿਤਕਾਰ, ਵਿਦਵਾਨ, ਚਿੰਤਕ ਅਤੇ ਦਰਵੇਸ਼ ਇਨਸਾਨ ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ 10 ਜਨਵਰੀ 2010 ਨੂੰ 77 ਸਾਲਾਂ ਦੇ ਹੋ ਚੁੱਕੇ ਹਨ ਅਤੇ ਆਪਣੀ ਜ਼ਿੰਦਗੀ ਦੇ 52 ਸਾਲ ਉਹ ਪੰਜਾਬੀ ਸਾਹਿਤ ਅਤੇ ਸਮਾਜ ਨੂੰ ਸਮਰੱਪਿਤ ਕਰ ਚੁੱਕੇ ਹਨ। ਉਹ ਸਾਹਿਤ ਨੂੰ ਸਾਧਨਾ ਮੰਨਦੇ ਹਨ, ਕੋਈ ਇਲਹਾਮ ਨਹੀਂ। ਉਹ ਕਹਿੰਦੇ ਹਨ 'ਸਾਹਿਤ ਰਚਨਾ ਮੇਰੇ ਲਈ ਦਿਲ ਪ੍ਰਚਾਵਾ ਜਾਂ ਵਿਹਲੇ ਵੇਲੇ ਦਾ ਕੋਈ ਵਾਧੂ ਕੰਮ ਨਹੀਂ ਹੋ ਸਕਦੀ। ਅਸਲ ਵਿਚ ਮੇਰੀ ਹੁਣ ਤੱਕ ਦੀ ਸਾਰੀ ਰਚਨਾ ਆਪਣੇ ਆਲੇ-ਦੁਆਲੇ ਦੇ ਆਮ ਲੋਕਾਂ ਦੇ ਅੰਦਰ ਬਾਹਰ ਨੂੰ ਕਿਸੇ ਕਲਾਮਈ ਰੂਪ ਵਿਚ ਪੇਸ਼ ਕਰਨ ਦਾ ਨਿਮਾਣਾ ਯਤਨ ਹੈ, ਜਿਸ ਨੂੰ ਤੱਕ ਕੇ ਉਹ ਆਪਣਾ ਆਪ ਪਛਾਣਨ ਤੇ ਸਮਝਣ ਦੇ ਵਧੇਰੇ ਯੋਗ ਹੋ ਸਕਣ ਤੇ ਕੋਈ ਅਜਿਹਾ ਹੀਲਾ ਸੋਚ ਸਕਣ ਕਿ ਜੇ ਇਹ ਧਰਤੀ ਅਜੇ ਪੂਰਨ ਸਵੱਰਗ ਬਣਨੀ ਸੰਭਵ ਨਹੀਂ ਤਾਂ ਇਹਨੂੰ ਆਪਣੇ ਜਿਉਣ ਜੋਗੀ ਅਜਿਹੀ ਸੁਖਾਵੀਂ ਥਾਂ ਜ਼ਰੂਰ ਬਣਾ ਲੈਣ, ਜਿੱਥੇ ਉਨ੍ਹਾਂ ਦੇ ਪਿਆਰ ਦੀ ਨਿੱਘੀ ਧੁੱਪ ਵਿਚ ਮਨੁੱਖ ਦੀਆਂ ਆਉਣ ਵਾਲੀਆਂ ਨਸਲਾਂ ਦੀਆਂ ਗੁਲਦਾਉਦੀਆਂ ਮੌਲ ਸਕਣ।'
ਜੈਤੋ ਵਿਖੇ ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ।
ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ. ਅਤਰ ਸਿੰਘ ਅਨੁਸਾਰ 'ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ ਉਨ੍ਹਾਂ ਨੂੰ ਹੁਣ ਪਾਠਕ, ਅਧਿਆਪਕ ਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ 'ਗੋਦਾਨ' ਅਤੇ ਫਰਣੇਸ਼ਵਰ ਰੇਣੂੰ ਦੇ 'ਮੈਲਾ ਆਂਚਲ' ਦੇ ਪੱਧਰ ਦਾ ਨਾਵਲ ਹੈ।'
ਉਹ ਹੁਣ ਤੱਕ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 10 ਬਾਲ ਸਾਹਿਤ ਪੁਸਤਕਾਂ ਸਮੇਤ 40 ਤੋਂ ਵਧੇਰੇ ਪੁਸਤਕਾਂ ਨਾਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਅਨਮੋਲ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਦੀਆਂ ਕਈ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਇਸ ਸਾਹਿਤਕ ਯੋਗਦਾਨ ਬਦਲੇ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ (ਗਿਆਨਪੀਠ) ਹਾਸਿਲ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਆ ਗਿਆ ਹੈ। ਇਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸ਼ਰੋਮਣੀ ਸਾਹਿਤਕਾਰ ਪੁਰਸਕਾਰ, ਪੰਜਾਬ ਸਾਹਿਤ ਅਕਾਦਮੀ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਆਈ. ਬੀ. ਸੀ. (ਯੂ. ਕੇ.) ਵੱਲੋਂ 20ਵੀਂ ਸਦੀ ਦੇ ਪੁਰਸਕਾਰਾਂ ਸਮੇਤ ਉਹ ਅਨੇਕਾਂ ਮਾਣ ਸਨਮਾਨ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਵਿਜ਼ਟਿੰਗ ਪ੍ਰੋਫੈਸਰ ਦਾ ਸਨਮਾਨ ਵੀ ਸ਼ਾਮਿਲ ਹੈ।
ਜਿੱਥੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਉਨ੍ਹਾਂ ਨੂੰ 'ਸਾਡੇ ਸਮਿਆਂ ਦਾ ਸਭ ਤੋਂ ਵੱਡਾ ਲੇਖਕ' ਦਸਦੇ ਹਨ ਉਥੇ ਉੱਘੇ ਆਲੋਚਕ ਡਾ. ਟੀ. ਆਰ. ਵਿਨੋਦ ਉਨ੍ਹਾਂ ਨੂੰ 'ਪੰਜਾਬੀ ਦਾ ਪਹਿਲਾ ਫਿਲਾਸਫਰ ਗਲਪਕਾਰ' ਕਹਿੰਦੇ ਹਨ।
ਪ੍ਰੋ. ਗੁਰਦਿਆਲ ਸਿੰਘ ਦੇ ਆਪਣੇ ਸ਼ਬਦਾਂ ਅਨੁਸਾਰ 'ਜੀਵਨ ਮਜ਼ਦੂਰੀ ਤੋਂ ਸ਼ੁਰੂ ਕੀਤਾ, ਜਿਸ ਕਰਕੇ ਸਕੂਲ ਛੱਡਣਾ ਪਿਆ। ਬਾਰਾਂ ਸਾਲ ਦੀ ਉਮਰ ਤੋਂ ਅੱਠ ਸਾਲ ਪਿਤਾ ਨਾਲ ਕੰਮ ਕੀਤਾ। ਪਰ ਇਨ੍ਹਾਂ ਅਠਾਂ ਸਾਲਾਂ ਵਿਚ ਆਪਣੇ ਪੂਜਨੀਕ ਅਧਿਆਪਕ ਸ੍ਰੀ ਮਦਨ ਮੋਹਨ ਸ਼ਰਮਾ ਜੀ ਦੇ ਉਤਸਾਹਿਤ ਕਰਨ ਕਰਕੇ ਸਿਰਫ ਚਾਰ ਪੰਜ ਘੰਟੇ ਸੌਂ ਕੇ ਪੜ੍ਹਾਈ ਕੀਤੀ ਅਤੇ 21 ਸਾਲਾਂ ਦੀ ਉਮਰ ਵਿਚ ਉਨ੍ਹਾਂ ਦੀ ਕਿਰਪਾ ਨਾਲ ਹੀ ਪ੍ਰਾਇਮਰੀ ਅਧਿਆਪਕ ਨਿਯੁਕਤ ਹੋ ਗਿਆ। ਪੜ੍ਹਾਈ ਜਾਰੀ ਰੱਖੀ ਜਿਸ ਕਾਰਨ 15 ਸਾਲ ਸਕੂਲ ਅਧਿਆਪਕ, 15 ਸਾਲ ਕਾਲਜ ਲੈਕਚਰਾਰ ਅਤੇ ਨੌਂ ਸਾਲ ਯੂਨੀਵਰਸਿਟੀ ਵਿਚ ਰੀਡਰ ਅਤੇ ਪ੍ਰੋਫੈਸਰ ਰਿਹਾ- 1995 ਵਿਚ ਪ੍ਰੋਫੈਸਰ ਦੀ ਪਦਵੀ ਤੋਂ ਸੇਵਾ-ਮੁਕਤ ਹੋ ਗਿਆ।
ਲਿਖਣ ਵੱਲ ਪ੍ਰੇਰਿਤ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕ ਨਿਯੁਕਤ ਹੋਣ ਤੋਂ ਪਹਿਲਾਂ ਹੀ ਪੜ੍ਹਨ ਲਿਖਣ ਵਿਚ ਰੁਚੀ ਸੀ। ਪਰ ਜਿਹੋ ਜਿਹਾ ਜੀਵਨ ਜੀਵਿਆ ਉਸ ਕਰਕੇ ਲਿਖਣਾ ਸ਼ੁਰੂ 'ਕਰਨਾ ਪਿਆ'। ਅਜਿਹਾ ਤਾਂ ਕਦੇ ਸੋਚ ਵੀ ਨਾ ਸਕਿਆ ਕਿ ਲੇਖਕ ਬਣ ਸਕਾਂਗਾ। ਅਧਿਆਪਨ ਦੇ ਨਾਲ ਨਾਲ ਚਾਲੀ ਤੋਂ ਵੱਧ ਪੁਸਤਕਾਂ ਇਸੇ ਕਰਕੇ ਅਨੁਵਾਦ ਵੀ ਕੀਤੀਆਂ, ਕਿਉਂ ਕਿ ਪ੍ਰਾਇਮਰੀ ਅਧਿਆਪਕ ਹੁੰਦਿਆਂ ਸਿਰਫ ਚਾਲੀ ਰੁਪਏ ਮਹੀਨਾ ਤਨਖ਼ਾਹ ਨਾਲ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਸੰਭਵ ਨਹੀਂ ਸੀ। ਪੜ੍ਹਾਈ ਨਾਲ ਜਿਵੇਂ ਜਿਵੇਂ ਤਰੱਕੀਆਂ ਮਿਲਦੀਆਂ ਗਈਆਂ, ਵੇਤਨ ਵੀ ਵਧਦਾ ਗਿਆ। ਪਰ ਉਸੇ ਅਨੁਪਾਤ ਨਾਲ ਘਰ ਦੇ ਖਰਚੇ ਵੀ ਵਧਦੇ ਗਏ। ਕੁਝ ਅਜਿਹੇ ਕਾਰਨਾਂ ਕਰਕੇ ਹੀ ਕਦੇ ਚੰਗੀ ਗੁਜਰ ਬਸਰ ਨਾ ਕਰ ਸਕਿਆ। ਸਿਰਫ ਕੰਮ ਹੀ ਜੀਵਨ ਦਾ ਅਰਥ ਹੋ ਗਿਆ।
ਕਦੇ ਵੀ ਅਜਿਹਾ ਜੀਵਨ ਨਾ ਜਿਉਂ ਸਕਿਆ ਜਿਸ ਨੂੰ 'ਸੁਖੀ' ਕਿਹਾ ਜਾਂਦਾ ਹੈ। (ਸ਼ਾਇਦ ਅੰਗਰੇਜ਼ ਲੇਖਕ ਥਾਮਸ ਹਾਰਡੀ ਨੇ ਠੀਕ ਕਿਹਾ ਹੋਵੇ ਕਿ 'ਜੀਵਨ ਦੇ ਪੀੜਾਦਾਇਕ ਨਾਟਕ ਵਿਚ ਖੁਸ਼ੀ , ਕਦੇ ਕਦਾਈਂ ਘਟੀ ਇਕ ਝਾਕੀ ਸਮਾਨ ਹੈ।) ਪ੍ਰਾਈਵੇਟ ਵਿਦਿਆਰਥੀ ਵਜੋਂ ਪ੍ਰੀਖਿਆਵਾਂ ਪਾਸ ਕਰਨ ਲਈ ਪੜ੍ਹਨਾ ਪਿਆ, ਰੋਜ਼ੀ ਰੋਟੀ ਲਈ ਪੜ੍ਹਨਾ ਪਿਆ ਅਤੇ ਸਾਹਿਤ ਇਸ ਲਈ ਵੀ ਪੜ੍ਹਦਾ ਰਿਹਾ ਕਿ ਅਜਿਹਾ (ਕਲਾਸੀਕਲ) ਸਾਹਿਤ ਪੜ੍ਹੇ ਬਿਨਾਂ ਸਿਰਫ ਵਿਅਕਤੀਗਤ ਅਨੁਭਵ ਦੇ ਆਧਾਰ 'ਤੇ ਹੀ ਚੰਗੀ ਰਚਨਾ ਨਹੀਂ ਕੀਤੀ ਜਾ ਸਕਦੀ। ਇਸਦੇ ਲਈ ਬਹੁਤ ਕੁਝ ਹੋਰ ਵੀ ਸਿੱਖਣਾ ਹੁੰਦਾ ਹੈ।
ਆਪਣੇ ਮੌਜੂਦਾ ਰੁਝੇਵਿਆਂ ਦਾ ਵਰਨਣ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ 76 ਸਾਲ ਪੂਰੇ ਹੋ ਚੁੱਕੇ ਹਨ। ਤੇਰਾਂ ਸਾਲ ਤੋਂ ਸੇਵਾਮੁਕਤ ਹਾਂ। ਪਰ ਕੰਮ ਕਰਨ ਦੀ, ਉਮਰ ਭਰ ਦੀਆਂ ਆਦਤਾਂ ਨਹੀਂ ਛੱਡ ਸਕਿਆ। ਸਵੇਰੇ 6 ਵਜੇ ਉੱਠਦਾ ਹਾਂ। (ਰਾਤ ਦਵਾਈ ਖਾਕੇ ਸੌਣਾ ਪੈਂਦਾ ਹੈ) ਦਿਨ ਦੀ ਸ਼ੁਰੂਆਤ ਕੁਝ ਅਖਬਾਰਾਂ ਦੇਖਣ ਨਾਲ ਹੁੰਦੀ ਹੈ। ਨਾਸ਼ਤੇ ਤੋਂ ਬਾਅਦ ਦੋ ਤਿੰਨ ਘੰਟੇ ਲਿਖਣ ਜਾਂ ਚੰਗੀਆਂ ਕਿਤਾਬਾਂ ਪੜ੍ਹਨ ਵਿਚ ਬੀਤਦਾ ਹੈ। ਦੁਪਹਿਰ ਵੇਲੇ ਦੋ ਢਾਈ ਘੰਟੇ ਅਰਾਮ ਕਰਨਾ ਮਜ਼ਬੂਰੀ ਹੈ ਕਿਉਂਕਿ ਸਰੀਰ ਥੱਕਣ ਲਗਦਾ ਹੇੈ। ਚਾਰ ਵਜੇ ਤੋਂ 6-7 ਵਜੇ ਤੱਕ ਸਿਰਫ ਪੜ੍ਹਨਾ ਹੁੰਦਾ ਹੈ। ਪਹਿਲੇ ਪੰਜਾਹ ਸਾਲ ਤੱਕ ਆਪਣੇ ਬਚਪਨ ਦੇ ਮਿੱਤਰ ਬਲਬੀਰ ਸਿੰਘ (ਅਤੇ ਡੇਢ ਦਹਾਕੇ ਤੱਕ ਕੰਵਰ ਚੰਦ ਗੁਪਤਾ ) ਦੇ ਨਾਲ ਇਕ ਡੇਢ ਘੰਟਾ ਸੈਰ ਨੂੰ ਜਾਂਦਾ ਸਾਂ। ਪਿਛਲੇ ਕੁਝ ਅਰਸੇ ਤੋਂ ਸੈਰ ਲਈ ਜਾਣਾ ਸੰਭਵ ਨਹੀ ਰਿਹਾ ਕਿਉਂ ਕਿ ਬਲਬੀਰ ਸਿੰਘ, ਸਾਡੇ ਗੁਆਂਢ ਵਾਲਾ ਘਰ ਵੇਚ ਕੇ, ਇਕ ਕਿਲੋਮੀਟਰ ਦੂਰ, ਆਪਣੇ ਵੱਡੇ ਪਰਵਾਰ ਨਾਲ, ਨਵਾਂ ਘਰ ਲੈ ਕੇ ਉਥੇ ਚਲਾ ਗਿਆ ਹੈ। 1954 ਵਿਚ ਬੀ.ਏ. ਆਨਰਜ਼ ਕਰਨ ਵਾਲੇ ਬਹੁਤ ਬੁੱਧੀਮਾਨ ਅਤੇ ਗਾਲਿਬ ਵਰਗੇ ਵੱਡੇ ਸ਼ਾਇਰਾਂ ਦੇ ਪਾਠਕ ਕੰਵਰ ਚੰਦ ਗੁਪਤਾ (ਜੋ ਫਾਰਸੀ ਦੇ ਵੀ ਗਿਆਤਾ ਸਨ) ਦੋ ਸਾਲ ਪਹਿਲਾਂ ਸਦਾ ਲਈ ਛੱਡ ਕੇ ਤੁਰ ਗਏ, ਇਸੇ ਕਰਕੇ ਹੁਣ 'ਸੈਰ' ਘਰ ਦੀ ਛੱਤ 'ਤੇ ਥੋੜ੍ਹਾ ਘੁੰਮਣ ਤੱਕ ਹੀ ਸਿਮਟ ਗਈ ਹੈ।
ਇਸ ਅੱਧੇ ਪਿੰਡ ਅਤੇ ਅੱੱਧੇ ਛੋਟੇ ਸ਼ਹਿਰ ਵਿਚ (ਜਿਸ ਦੀ ਕੁੱਲ ਆਬਾਦੀ 40 ਹਜ਼ਾਰ ਵੀ ਨਹੀਂ) ਸਾਹਿਤ ਪੜ੍ਹਨ, ਸਮਝਣ ਵਾਲੇ ਜ਼ਿਆਦਾ ਤੋਂ ਜ਼ਿਆਦਾ 10 -20 ਵਿਅਕਤੀ ਹੋਣਗੇ। ਪੜ੍ਹਨ ਵਾਲਿਆਂ ਦੀ ਸੰਖਿਆ ਇਕ ਸੌ ਤੱਕ ਵੀ ਨਹੀਂ। ਇਸੇ ਕਰਕੇ ਮੇਰੇ ਮਿੱਤਰਾਂ ਦਾ ਘੇਰਾ ਵੀ ਪੰਜ ਤੋਂ ਜ਼ਿਆਦਾ ਨਹੀਂ। ਕਦੇ ਕਦੇ ਕੁਝ ਵਿਦਿਆਰਥੀ ਜ਼ਰੂਰ ਮਿਲਣ ਆਉਂਦੇ ਹਨ ਅਤੇ ਕੁਝ ਹੋਰ ਲੋਕ ਵੀ । ਅਜਿਹੇ ਸਮੇਂ ਪੜ੍ਹਨ ਲਿਖਣ ਤੋਂ ਕੁਝ 'ਛੁਟਕਾਰਾ' ਮਿਲ ਜਾਂਦਾ ਹੈ, ਜੋ ਚੰਗਾ ਲਗਦਾ ਹੈ।
ਚੰਗਾ ਖਾਣ, ਪਹਿਨਣ ਦੀ ਆਦਤ ਕਦੇ ਵੀ ਨਹੀਂ ਸੀ। ਅੱਜ ਕੱਲ੍ਹ ਤਾਂ ਭੁੱਖ ਵੀ ਘੱਟ ਲਗਦੀ ਹੈ। ਸ਼ਰਾਬ ਕਦੇ ਨਹੀਂ ਪੀਤੀ। ਤਾਸ਼ ਵੀ ਖੇਡਣੀ ਨਹੀਂ ਆਉਂਦੀ। ਦਸ ਸਾਲ ਤੋਂ ਕਦੇ ਸਿਨਮੇ ਨਹੀਂ ਗਿਆ। ਕੁਝ ਸਮਾਂ ਟੀ.ਵੀ. 'ਤੇ ਖ਼ਬਰਾਂ ਦੇਖ ਲੈਂਦਾ ਹਾਂ। ਸਮਾਗਮ ਜਾਂ ਸਾਹਿਤ ਸਮਾਰੋਹਾਂ ਵਿਚ ਬਹੁਤ ਘੱਟ ਜਾਂਦਾ ਹਾਂ- ਸਾਲ ਵਿਚ ਜ਼ਿਆਦਾ ਤੋਂ ਜ਼ਿਆਦਾ ਪੰਜ ਸੱਤ ਥਾਈਂ- ਉਹ ਵੀ ਜਿੱੱਥੇ ਜਾਣਾ ਹੀ ਪਵੇ।
ਅਖ਼ਬਾਰਾਂ, ਰਸਾਲਿਆਂ ਦੇ ਲਈ ਵੀ ਲਿਖਣਾ ਹੁੰਦਾ ਹੈ, ਜਿਸ ਨੂੰ ਜ਼ਰੂਰੀ ਸਮਝਣ ਲੱਗਿਆ ਹਾਂ। ਇਸ ਨਾਲ ਅਸੀਂ ਆਪਣੇ ਵਿਚਾਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਪਰ ਸਾਹਿਤ ਦਾ ਰੁਤਬਾ ਪੱਤਰਕਾਰਤਾ ਕਦੇ ਨਹੀਂ ਪਾ ਸਕਦੀ। ਮੁੱਖ ਤੌਰ 'ਤੇ ਤਾਂ ਸਾਹਿਤਕਾਰ ਸੀ, ਹਾਂ, ਪਰ ਕਦੇ ਵੀ ਸਿਰਫ 'ਲਿਖਣ ਲਈ' ਨਹੀਂ ਲਿਖ ਸਕਿਆ। ਸਿਰਫ ਉਹੀ ਲਿਖਦਾ ਰਿਹਾ ਹਾਂ ਜੋ 'ਸਾਹਿਤ' ਹੋਵੇ। ਜੀਵਨ ਤੇ ਸਾਹਿਤ ਦੇ ਸਬੰਧ ਹਮੇਸ਼ਾ ਨਾਲ ਨਾਲ ਚਲਦੇ ਰਹੇ ਹਨ। ਜੀਵਨ ਤਾਂ ਸਾਗਰ ਹੈ। ਉਸ ਵਿਚੋਂ ਕਿੰਨੀਆਂ ਲਹਿਰਾਂ ਕੋਈ ਪਾਰ ਨਹੀਂ ਕਰ ਸਕਦਾ, ਸਾਹਿਤ ਵਿਚ ਇਹੀ ਮਹੱਤਵਪੂਰਨ ਹੈ। ਕੁਝ ਵੱਡੇ ਲੇਖਕ ਬਹੁਤ ਅੰਦਰ ਤੱਕ, ਡੂੰਘਾਈ ਵਿਚ ਜਾ ਕੇ, ਮੋਤੀ ਵੀ ਲੱਭ ਲੈਂਦੇ ਹਨ, ਪਰ ਮੇਰੇ ਵਰਗੇ ਸਾਧਾਰਨ ਲੋਕ ਤਾਂ ਕਿਨਾਰੇ ਤੱਕ ਲਹਿਰਾਂ ਸੰਗ ਤੈਰ ਕੇ ਆਈਆਂ ਕੁਝ ਸਿੱਪੀਆਂ, ਘੋਗੇ ਹੀ ਚੁਣ ਸਕਦੇ ਹਨ। ਆਪਣੀ ਆਪਣੀ ਸਮਰੱਥਾ ਹੈ, ਕਦੇ ਕੋਈ ਚੂਹਾ ਹਾਥੀ ਨਹੀਂ ਬਣ ਸਕਦਾ। ਜੇਕਰ ਆਪਣੀ ਤਾਕਤ, ਸਮਰੱਥਾ ਕੋਈ ਸਮਝ ਸਕੇ ਤਾਂ ਜੋ ਵੀ ਸਕੇ ਉਸੇ 'ਤੇ ਸੰਤੁਸ਼ਟੀ ਹੁੰਦੀ ਹੈ। ਇਸੇ ਕਰਕੇ ਸੰਤੁਸ਼ਟ ਹਾਂ ਕਿ ਜੋ ਵੀ ਕਰ ਸਕਿਆ ਹਾਂ, ਉਹੀ ਕਰ ਸਕਦਾ ਸਾਂ। ਜੋ ਕੁਝ ਬਾਕੀ ਸਮੇਂ ਵਿਚ ਕਰ ਸਕਿਆ, ਉਹ ਮੇਰੀ ਸੀਮਾ ਹੋਵੇਗੀ। ਜੀਵਨ ਜਿਹੋ ਜਿਹਾ ਵੀ ਜੀਵਿਆ ਉਸੇ ਤੋ ਸੰਤੁਸ਼ਟ ਹਾਂ। '
Subscribe to:
Post Comments (Atom)
No comments:
Post a Comment