Sunday, May 16, 2010

ਸਾਹਿਤ ਹੀ ਜ਼ਿੰਦਗੀ ਦਾ ਸੱਚਾ ਮਾਰਗ ਦਰਸ਼ਕ-ਪ੍ਰੋ. ਗੁਰਦਿਆਲ ਸਿੰਘ


ਉਘੇ ਸ਼ਾਇਰ ਅਮਰਜੀਤ ਢਿੱਲੋਂ ਦਾ ਕਾਵਿ-ਵਿਅੰਗ ਸੰਗ੍ਰਹਿ 'ਲਫ਼ਜ਼ਾਂ ਦੇ ਤੀਰ' ਰਿਲੀਜ਼ ਕਰਦੇ ਹੋਏ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ
ਗਿਆਨਪੀਠ ਐਵਾਰਡੀ, ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਦੀ ਰਿਹਾਇਸ਼ 'ਤੇ ਚੋਣਵੇਂ ਲੇਖਕਾਂ ਅਤੇ ਚਿੰਤਕਾਂ ਦੀ ਮੌਜੂਦਗੀ ਵਿਚ ਇਲਾਕੇ ਦੇ ਲੇਖਕ ਅਮਰਜੀਤ ਢਿੱਲੋਂ ਦੀ ਸੱਤਵੀਂ ਕਿਤਾਬ “ਲਫ਼ਜ਼ਾਂ ਦੇ ਤੀਰ” (ਕਾਵਿ ਵਿਅੰਗ) ਪ੍ਰੋ. ਗੁਰਦਿਆਲ ਸਿੰਘ ਦੁਆਰਾ ਰਿਲੀਜ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰੋ. ਗੁਰਦਿਆਲ ਸਿੰਘ ਨੇ ਕਿਹਾ ਕਿ ਸਾਹਿਤ ਹੀ ਜ਼ਿੰਦਗੀ ਦਾ ਸੱਚਾ ਮਾਰਗ ਦਰਸ਼ਕ ਹੈ। ਕਿਤਾਬ ਤੋਂ ਵੱਡਾ ਮਨੁੱਖ ਦਾ ਕੋਈ ਵੀ ਦੋਸਤ ਨਹੀਂ ਹੋ ਸਕਦਾ। ਉਨ੍ਹਾਂ ਇੱਕ ਲੇਖਕ ਦੀ ਟੂਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਆਸਤਦਾਨ ਚੋਣ ਲੜਣ ਲਈ ਅਮੀਰਾਂ ਤੋਂ ਪੈਸਾ ਲੈਂਦੇ ਹਨ, ਇਸ ਪੈਸੇ ਰਾਹੀਂ ਗਰੀਬਾਂ ਤੋਂ ਵੋਟਾਂ ਲੈਂਦੇ ਹਨ ਅਤੇ ਦੋਵਾਂ ਨੂੰ ਹੀ ਇੱਕ ਦੂਜੇ ਤੋਂ ਬਚਾਉਣ ਦਾ ਭਰੋਸਾ ਦਿਵਾਉਂਦੇ ਹਨ। ਇਸ ਕਾਵਿ-ਸੰਗ੍ਰਹਿ ਲਈ ਅਮਰਜੀਤ ਢਿੱਲੋਂ ਨੂੰ ਮੁਬਾਰਕਬਾਦ ਦਿੰਦਿਆਂ ਪ੍ਰੋ. ਗੁਰਦਿਆਲ ਸਿੰਘ ਨੇ ਕਿਹਾ ਕਿ ਅਮਰਜੀਤ ਢਿੱਲੋਂ ਚੰਗਾ ਸ਼ਾਇਰ ਹੈ ਅਤੇ ਖਾਸ ਕਰਕੇ ਕਾਵਿ ਵਿਅੰਗ ਵਿਚ ਉਸ ਦੀ ਵਿਸ਼ੇਸ਼ ਮੁਹਾਰਤ ਹੈ।
ਇਸ ਮੌਕੇ ਅਮਰਜੀਤ ਢਿੱਲੋਂ ਨੇ ਆਪਣੀ ਕਿਤਾਬ 'ਚੋਂ 'ਕੰਮ ਕਰਨ ਦਾ ਨਾਂਅ ਹੀ ਜ਼ਿੰਦਗੀ ਹੈ, ਵਿਹਲੜ ਲੋਕ ਵਿਹਾਜਦੇ ਕਜਾ ਯਾਰੋ, ਘਰ ਵਿੱਚ ਉਦਾਸ ਬਹਿ ਰਹਿਣ ਨਾਲੋਂ, ਬਿਹਤਰ ਮੌਸਮਾਂ ਦੀ ਹੈ ਸਜ਼ਾ ਯਾਰੋ।' ਅਤੇ ਕੁਝ ਹੋਰ ਰਚਨਾਵਾਂ ਵੀ ਸੁਣਾਈਆਂ। ਉਘੇ ਚਿੰਤਕ ਵਾਸਦੇਵ ਸ਼ਰਮਾ ਬਾਜਾਖਾਨਾ, ਪ੍ਰਿੰ. ਉਪਿੰਦਰ ਸ਼ਰਮਾ ਤੇ ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਨੇ ਕਿਹਾ ਕਿ ਸ੍ਰੀ ਢਿੱਲੋਂ ਦੇ ਕਾਵਿ ਵਿਅੰਗਾਂ ਵਿਚਲੀ ਠੇਠ ਪੰਜਾਬੀ ਸ਼ਬਦਾਵਲੀ, ਮੁਹਾਵਰੇ ਅਤੇ ਲੋਕਕਤੀਆਂ ਪੰਜਾਬੀ ਦੇ ਆਮ ਪਾਠਕਾਂ ਨੂੰ ਹਲੂਣਦੀਆਂ ਹਨ ਅਤੇ ਇਨ੍ਹਾਂ ਕਾਵਿ ਵਿਅੰਗਾਂ ਦੀ ਇਹ ਪ੍ਰਾਪਤੀ ਵੀ ਹਨ। ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ, ਕਾਲਮ ਨਵੀਸ ਹਰਮੇਲ ਪਰੀਤ ਅਤੇ ਬੈਂਕ ਮੈਨੇਜਰ ਗੁਰਜੰਟ ਸਿੰਘ ਪੁੰਨੀ ਨੇ ਕਿਹਾ ਕਿ ਅਮਰਜੀਤ ਢਿੱਲੋਂ ਸਮਾਜ ਦੇ ਨਿਖੱਟੂਆਂ, ਸਾਧਾਂ, ਸਿਆਸਤਦਾਨਾਂ, ਵਿਹਲੜਾਂ, ਜੋਤਸ਼ੀਆਂ ਅਤੇ ਪਿੱਛਲੱਗ ਵਰਗਾਂ ਦੇ ਲੋਕਾਂ ਉਪਰ ਆਪਣੇ ਕਾਵਿ ਵਿਅੰਗਾਂ ਦੇ ਤੀਰਾਂ ਰਾਹੀਂ ਕਰਾਰੀ ਚੋਟ ਕਰਦਾ ਹੈ ਅਤੇ ਉਹ ਵਿਗਿਆਨਕ, ਉਸਾਰੂ ਅਤੇ ਅਗਾਂਹਵਧੂ ਸੋਚ ਅਪਨਾ ਕੇ ਇਸ ਸਮਾਜ ਲਈ ਕੁੱਝ ਬਿਹਤਰ ਕਰਨ ਲਈ ਪਾਠਕਾਂ ਨੂੰ ਪ੍ਰੇਰਦਾ ਹੈ। ਇਸ ਮੌਕੇ ਹਰਬੰਸ ਸਿੰਘ ਖੇਤੂ ਵੀ ਮੌਜੂਦ ਸਨ।

No comments:

Post a Comment