ਇੱਥੋਂ ਤਿੰਨ ਕਿਲੋਮੀਟਰ ਦੂਰ ਜੈਤੋ-ਮੁਕਤਸਰ ਸੜਕ ਉਪਰ ਵਸਿਆ ਪਿੰਡ ਰਾਮੂਵਾਲਾ ਇਲਾਕੇ ਵਿਚ ਡੇਲਿਆਂਵਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੱਸਿਆ ਗਿਆ ਹੈ ਕਿ ਇਸ ਦਾ ਨਾਂ ਡੇਲਿਆਂਵਾਲੀ, ਇਕ ਸੰਤ ਦੇ ਅਖੌਤੀ ਕਥਨਾਂ ਕਾਰਨ ਪਿਆ ਜਿਸ ਵਿਚ ਉਸ ਨੇ ਇਸ ਪਿੰਡ ਨੂੰ ‘ਪੀਰਾਂਮਾਰੀ ਡੇਲਿਆਂਵਾਲੀ’ ਕਿਹਾ ਸੀ। ਪਿੰਡ ਦੇ ਜ਼ਿਆਦਾਤਰ ਲੋਕ ਜੈਤੋ ਤੋਂ ਉਠ ਕੇ ਇੱਥੇ ਆਏ ਹਨ ਜੋ ਸਿੱਧੂ ਬਰਾੜ ਹਨ। ਬਾਅਦ ਵਿਚ ਇਨ੍ਹਾਂ ‘ਰਾਮੂ ਕੇ ਸਿਧੂ ਬਰਾੜਾਂ’ ਨੇ ਹੀ ਇਸ ਪਿੰਡ ਦਾ ਨਾਂ ਰਾਮੂਵਾਲਾ ਰੱਖ ਦਿੱਤਾ। ਸਿੱਧੂ ਬਰਾੜਾਂ ਤੋਂ ਇਲਾਵਾ ਇਸ ਪਿੰਡ ਵਿਚ ਕੁਝ ਕੁ ਘਰ ਗੋਂਦਾਰਾ ਗੋਤ ਦੇ ਜੱਟਾਂ ਦੇ ਹਨ ਜੋ ਲਾਗੇ ਪਿੰਡ ਮੱਤਾ ਤੋਂ ਇੱਥੇ ਆਏ। ਮਾਨ ਗੋਤ ਨਾਲ ਸੰਬਧਤ ਇੱਥੋਂ ਦੇ ਲੋਕ ਸੰਗਤਪੁਰਾ ਤੋਂ ਆ ਕੇ ਵਸੇ ਹਨ ਅਤੇ ਗਿੱਲ ਗੋਤ ਦੇ ਲੋਕਾਂ ਦਾ ਪਿੱਛਾ ਸਾਫੂਵਾਲਾ ਹੈ।
ਇਸ ਪਿੰਡ ਦੀ ਆਬਾਦੀ ਤਿੰਨ ਕੁ ਹਜ਼ਾਰ ਦੇ ਕਰੀਬ ਹੈ ਅਤੇ ਵੋਟਰਾਂ ਦੀ ਗਿਣਤੀ 1270 ਹੈ। ਪਿੰਡ ਦੇ ਬਾਹਰਵਾਰ ਉਤਰ ਅਤੇ ਦੱਖਣ ਵਾਲੇ ਪਾਸੇ ਦੋ ਗੁਰਦੁਆਰੇ ਹਨ। ਪਿੰਡ ਵਿਚ ਅਜੇ ਅੱਠਵੀਂ ਤੱਕ ਹੀ ਸਰਕਾਰੀ ਸਕੂਲ ਹੈ। ਇਹ ਪਿੰਡ ਲਾਗਲੇ ਪਿੰਡ ਮੱਤਾ, ਚੈਨਾ, ਅਜਿੱਤਗਿੱਲ, ਜੈਤੋ ਨਾਲ ਲਿੰਕ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਪਿੰਡ ਦੇ ਲੋਕਾਂ ਵਿਚ ਬੇਸ਼ੱਕ ਵੱਖ-ਵੱਖ ਵਿਚਾਰਾਂ ਦੇ ਵਸਦੇ ਲੋਕ ਹਨ ਪਰ ਵਿਸ਼ੇਸ਼ ਗੱਲ ਇਹ ਹੈ ਕਿ ਲੜਾਈ, ਝਗੜਿਆਂ ਤੋਂ ਇਹ ਪਿੰਡ ਬਚਿਆ ਹੋਇਆ ਹੈ। ਪਿੰਡ ਦੇ ਮੌਜੂਦਾ ਸਰੰਪਚ ਨੌਜਵਾਨ ਅਕਾਲੀ ਆਗੂ ਰਾਜਪਾਲ ਸਿੰਘ ਹਨ, ਜੋ ਪੰਚਾਇਤ ਯੂਨੀਅਨ ਹਲਕਾ ਜੈਤੋ ਦੇ ਪ੍ਰਧਾਨ ਵੀ ਹਨ। ਪਿੰਡ ਦੇ ਵਿਕਾਸ ਵਿਚ ਉਹ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ ਅਤੇ ਇਸ ਸਾਲ ਪਿੰਡ ਵਿਚ ਚਾਲੂ ਹੋਇਆ ਵਾਟਰ ਵਰਕਸ ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ਹੈ। ਇਸ ਤੋਂ ਇਲਾਵਾ ਪਿੰਡ ਦੀ ਫਿਰਨੀ ਪੱਕੀ ਕਰਨੀ ਅਤੇ ਗਲੀਆਂ, ਨਾਲੀਆਂ ਪੁੱਟ ਕੇ ਉਚੀਆਂ ਕਰਕੇ ਦੁਬਾਰਾ ਬਣਾਉਣ ਦਾ ਕਾਰਜ ਵੀ ਉਨ੍ਹਾਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ।
ਪਿੰਡ ਦੇ ਬਜ਼ੁਰਗ ਜਲੌਰ ਸਿੰਘ ਬਰਾੜ ਨੂੰ ਇਹ ਮਾਣ ਹਾਸਲ ਹੈ ਕਿ ਉਨ੍ਹਾਂ ਕਰੀਬ ਤਿੰਨ ਦਹਾਕੇ (ਪੰਜ ਵਾਰ) ਪਿੰਡ ਦੀ ਸਰਪੰਚੀ ਕੀਤੀ ਹੈ। ਬਲਕਰਨ ਸਿੰਘ ਬਰਾੜ ਅਤੇ ਮਿੱਠੂ ਸਿੰਘ ਬਰਾੜ ਵੀ ਪਿੰਡ ਦੇ ਸਰਪੰਚ ਰਹੇ ਹਨ। ਅਧਿਆਪਕ ਆਗੂ ਮਹਿੰਦਰ ਸਿੰਘ ਬਰਾੜ ਦਾ ਨਾਂ ਗੌਰਮਿੰਟ ਟੀਚਰਜ਼ ਯੂਨੀਅਨ ਵੇਲੇ ਮੂਹਰਲੀਆਂ ਸਫ਼ਾਂ ’ਚ ਰਿਹਾ ਹੈ। ਕਰਤਾਰ ਸਿੰਘ ਗੋਂਦਾਰਾ ਪਿੰਡ ਦੇ ਸਭ ਤੋਂ ਪਹਿਲੇ ਮੁਲਾਜ਼ਮ ਹਨ ਜੋ ਰੇਲਵੇ ਚੋਂ ਸੀਨੀਅਰ ਗਾਰਡ ਸੇਵਾ-ਮੁਕਤ ਹੋਏ ਹਨ। ਵੈਟਰਨਰੀ ਡਾਕਟਰ ਕੌਰ ਸਿੰਘ ਗੋਂਦਾਰਾ, ਅੰਮ੍ਰਿਤਸਰ ਵਿਖੇ ਐਮ.ਡੀ. ਕਰ ਰਹੀ ਡਾਕਟਰ ਸੁਖਦੀਪ ਕੌਰ, ਪੰਜਾਬੀ ਲੇਖਕ ਹਰਦਮ ਸਿੰਘ ਮਾਨ, ਸਹਿਕਾਰੀ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ,ਖੇਤੀ ਨੂੰ ਆਧੁਨਿਕ ਤਕਨੀਕਾਂ ’ਤੇ ਤੋਰ ਰਿਹਾ ਨੌਜਵਾਨ ਨਗਿੰਦਰ ਸਿੰਘ ਬਰਾੜ, ਸਹਿਯੋਗ ਮੰਚ ਜੈਤੋ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਡੇਲਿਆਂਵਾਲੀ, ਗੀਤਕਾਰ ਗੁਰਨਾਮ ਸਿੰਘ ਗੋਂਦਾਰਾ,ਅਮਰੀਕਾ ਗਏ ਸਵ. ਮਲਕੀਤ ਸਿੰਘ (ਯੂ.ਐਸ.ਏ.) ਦੇ ਬੇਟੇ ਅਜਮੇਰ ਸਿੰਘ ਤੇ ਜਗਤਾਰ ਸਿੰਘ, ਜਰਨੈਲ ਸਿੰਘ ਬਰਾੜ ਮਨੀਲਾ, ਅਜਮੇਰ ਸਿੰਘ ਹਾਂਗਕਾਂਗ, ਹਰਬੰਸ ਸਿੰਘ ਗਿੱਲ ਯੂ.ਕੇ. ਅਤੇ ਜਗਜੀਤ ਸਿੰਘ ਬਰਾੜ ਯੂ.ਐਸ.ਏ. ਵੀ ਇਸ ਪਿੰਡ ਦੇ ਜੰਮਪਲ ਹਨ।
ਇਹ ਪਿੰਡ ਕਾਫੀ ਸਮਾਂ ਸਾਹਿਤਕ ਸਰਗਰਮੀਆਂ ਦਾ ਕੇਂਦਰ ਵੀ ਰਿਹਾ ਹੈ। ਹਰਦਮ ਸਿੰਘ ਮਾਨ ਅਤੇ ਸੁਰਜੀਤ ਅਮਰ ਦੇ ਯਤਨਾਂ ਸਦਕਾ ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਇਥੇ ਅਕਸਰ ਸਾਹਿਤਕ ਬੈਠਕਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਬਾਬਾ ਸ਼ੇਖ ਫ਼ਰੀਦ ਕਲੱਬ ਵੱਲੋਂ ਵੀ ਪਿੰਡ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਹਨ। ਅਮਨ ਸਪੋਰਟਸ ਕਲੱਬ ਅਤੇ ਬਾਬਾ ਸ਼ੇਖ ਫ਼ਰੀਦ ਕਲੱਬ ਦੇ ਨੌਜਵਾਨਾਂ ਨੇ ਪਿੰਡ ਵਿਚ ਖੇਡ ਟੂਰਨਾਮੈਂਟ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਰਾਸ਼ਟਰੀ ਖਿਡਾਰੀ ਅਵਤਾਰ ਸਿੰਘ ਪੀ.ਟੀ.ਆਈ. ਦੀ ਦੇਖ-ਰੇਖ ਹੇਠ ਐਲੀਮੈਂਟਰੀ ਸਕੂਲ ਦੇ ਖਿਡਾਰੀ ਖੇਡਾਂ ਵਿਚ ਵਿਸ਼ੇਸ਼ ਨਾਮਣਾ ਖੱਟ ਚੁੱਕੇ ਹਨ।
ਪਿੰਡ ਦੇ ਲੋਕਾਂ ਦੀ ਪ੍ਰਮੁੱਖ ਸਮੱਸਿਆ ਇਹ ਹੈ ਕਿ ਇਸ ਪਿੰਡ ਲਈ ਕਿਸੇ ਪਾਸਿਓਂ ਕੋਈ ਬੱਸ ਸੇਵਾ ਨਹੀਂ ਹੈ। ਜੈਤੋ ਜਾਣ ਲਈ ਬੇਸ਼ੱਕ ਦੂਰੀ ਤਿੰਨ ਕਿਲੋਮੀਟਰ ਹੀ ਹੈ ਪਰ ਇਸ ਵਿਚੋਂ ਇਕ ਕਿਲੋਮੀਟਰ ਫਾਸਲਾ ਪੈਦਲ ਤੈਅ ਕਰਕੇ ਲੋਕਾਂ ਨੂੰ ਜੈਤੋ-ਮੁਕਤਸਰ ਸੜਕ ‘ਤੇ ਜਾਣਾ ਪੈਂਦਾ ਹੈ ਤੇ ਉਥੋਂ ਬੱਸ ਫੜਨੀ ਪੈਂਦੀ ਹੈ। ਪਿੰਡ ਵਿਚ ਸਰਕਾਰੀ ਸਿਵਲ ਡਿਸਪੈਂਸਰੀ ਵੀ ਨਹੀਂ ਅਤੇ ਨਾ ਹੀ ਪਸ਼ੂਆਂ ਲਈ ਡਾਕਟਰੀ ਸੇਵਾ ਦਾ ਪ੍ਰਬੰਧ ਹੈ।
ਪਿੰਡ ਦੇ ਸਰਪੰਚ ਰਾਜਪਾਲ ਸਿੰਘ ਅਨੁਸਾਰ ਪਿੰਡ ਵਿਚ ਇਸ ਸਮੇਂ ਜਨਰਲ ਵਰਗ ਦੇ ਲੋਕਾਂ ਦੀ ਧਰਮਸ਼ਾਲਾ ਦੀ ਉਸਾਰੀ ਲਈ ਸਰਕਾਰੀ ਗਰਾਂਟ ਦੀ ਬੇਹੱਦ ਜ਼ਰੂਰਤ ਹੈ। ਸਰਕਾਰੀ ਸਕੂਲ ਵੀ ਘੱਟੋ ਘੱਟ ਦਸਵੀਂ ਤੱਕ ਦਾ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਅੱਠਵੀਂ ਤੋਂ ਬਾਅਦ ਪੜ੍ਹਾਈ ਲਈ ਪਿੰਡ ਚੈਨਾ, ਜੈਤੋ, ਰੋੜੀਕਪੂਰਾ ਜਾਣ ਦੀ ਕਠਿਨਾਈ ਨਾ ਸਹਿਣੀ ਪਵੇ। ਪਿੰਡ ਦੇ ਲੋਕਾਂ ਦੀ ਇਹ ਵੀ ਮੰਗ ਹੈ ਕਿ ਸਰਕਾਰੀ ਸਕੂਲ ਤੋਂ ਜੈਤੋ ਨੂੰ ਜਾ ਰਹੀ ਅਧੂਰੀ ਸੜਕ ਦਾ ਰਹਿੰਦਾ ਟੋਟਾ ਵੀ ਪੱਕਾ ਕੀਤਾ ਜਾਵੇ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
No comments:
Post a Comment