Monday, February 13, 2012
ਪੰਜਾਬੀ ਪ੍ਰਕਾਸ਼ਨ ਵਿਚ ਦੂਜਾ ਵਿਲੱਖਣ ਕਾਰਜ : ਗੁਰਦਿਆਲ ਸਿੰਘ ਰਚਨਾਵਲੀ
ਨਾਵਲਕਾਰ ਗੁਰਦਿਆਲ ਸਿੰਘ ਦੀ ਸਮੁੱਚੀ ਰਚਨਾਵਲੀ 10 ਜਿਲਦਾਂ ਵਿਚ ਲੋਕਗੀਤ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਭਾਵੇਂ ਅੰਗਰੇਜ਼ੀ ਅਤੇ ਹੋਰਨਾਂ ਭਾਰਤੀ ਤੇ ਬਦੇਸ਼ੀ ਜ਼ੁਬਾਨਾਂ ਵਿਚ ਆਪਣੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਦੇ 'ਕੁਲੈਕਟਡ ਵਰਕਸ' ਛਾਪਣ ਦਾ ਰਿਵਾਜ ਬੜਾ ਪੁਰਾਣਾ ਹੈ ਪਰ ਪੰਜਾਬੀ ਵਿਚ ਗੁਰਦਿਆਲ ਸਿੰਘ ਦੂਜੇ ਅਜਿਹੇ ਲੇਖਕ ਹਨ ਜਿਨ੍ਹਾਂ ਦੀਆਂ ਲਗਪਗ ਸਾਰੀਆਂ ਰਚਨਾਵਾਂ ਇਸ ਪ੍ਰਕਾਸ਼ਨ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬੀ ਦੇ ਮਹਾਨਤਮ ਨਾਵਲਕਾਰ ਨਾਨਕ ਸਿੰਘ ਜੀ ਦੀ ਸਮੁੱਚੀ ਰਚਨਾਵਲੀ ਹੀ ਛਪੀ ਹੈ। 'ਗੁਰਦਿਆਲ ਸਿੰਘ ਰਚਨਾਵਲੀ' ਵਿਚ 9 ਨਾਵਲ ('ਮੜ੍ਹੀ ਦਾ ਦੀਵਾ' ਤੋਂ 'ਆਹਣ' ਤੱਕ) ਸ਼ਾਮਲ ਹਨ, (ਬੱਚਿਆਂ ਲਈ ਇਕ ਨਾਵਲ 'ਪਹੁ-ਫ਼ੁਟਾਲੇ ਤੋਂ ਪਹਿਲਾਂ' ਇਸ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਿਆ ਕਿਉਂਕਿ ਇਹ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਸਵੀਂ ਦੇ ਕੋਰਸ ਵਿਚ ਪਾਠ-ਪੁਸਤਕ ਵੱਜੋਂ ਲੱਗਾ ਹੋਇਆ ਹੈ ਤੇ ਬੋਰਡ ਨੇ ਇਸ ਰਚਨਾਵਲੀ ਵਿਚ ਸ਼ਾਮਲ ਕਰਨ ਦੀ ਆਗਿਆ ਨਹੀਂ ਦਿੱਤੀ)। ਇਸੇ ਤਰ੍ਹਾਂ ਦੋ ਪੁਸਤਕਾਂ 'ਸਾਹਿਤ ਤੇ ਜੀਵਨ' ਅਤੇ 'ਲੇਖਕ ਦਾ ਅਨੁਭਵ ਅਤੇ ਸਿਰਜਣ ਪ੍ਰਕਿਰਿਆ' ਅਤੇ ਬੱਚਿਆਂ ਲਈ ਪੁਸਤਕਾਂ 'ਧਰਤ ਸੁਹਾਵੀ' ਅਤੇ 'ਮਹਾਂਭਾਰਤ' ਵੀ ਪੰਜਾਬੀ ਯੂਨੀਵਰਸਿਟੀ ਤੋਂ ਆਗਿਆ ਨਾ ਮਿਲਣ ਕਾਰਨ ਰਚਨਾਵਲੀ ਵਿਚ ਸ਼ਾਮਲ ਨਹੀਂ ਕੀਤੀਆਂ ਜਾ ਸਕੀਆਂ, 50 ਤੋਂ ਵਧੇਰੇ ਲੇਖ ਵੀ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਨਾ ਹੋਣ ਕਾਰਨ ਇਸ ਵਿਚ ਸ਼ਾਮਲ ਨਹੀਂ ਕੀਤੇ ਜਾ ਸਕੇ। ਨਾਵਲਾਂ ਤੋਂ ਇਲਾਵਾ ਗੁਰਦਿਆਲ ਸਿੰਘ ਦੇ 8 ਕਹਾਣੀ-ਸੰਗ੍ਰਿਹ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ 110 ਕਹਾਣੀਆਂ ਦਰਜ ਹਨ। ਬਾਲ ਸਾਹਿਤ ਦੀਆਂ 15 ਪੁਸਤਕਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 80 ਤੋਂ ਵੱਧ ਕਹਾਣੀਆਂ, ਨਾਟਕ ਅਤੇ ਲੇਖ ਸ਼ਾਮਲ ਹਨ। ਲੇਖਾਂ ਦੀਆਂ ਤਿੰਨ ਪੁਸਤਕਾਂ, ਜਿਨ੍ਹਾਂ ਵਿਚ 80 ਤੋਂ ਵੱਧ ਲੇਖ ਹਨ, ਵੀ ਸ਼ਾਮਲ ਕੀਤੀਆਂ ਗਈਆਂ ਹਨ। ਸਵੈ-ਜੀਵਨੀ ਦੇ ਭਾਗ 'ਨਿਆਣਮੱਤੀਆਂ' ਅਤੇ 'ਦੂਜੀ ਦੇਹੀ' ਦੋਵੇਂ ਇਸ ਵਿਚ ਸ਼ਾਮਲ ਹਨ।
'ਗੁਰਦਿਆਲ ਸਿੰਘ ਰਚਨਾਵਲੀ' ਦੀ ਇਕ ਵਿਲੱਖਣਤਾ ਇਹ ਹੈ ਕਿ ਇਸਦੇ ਹਰ ਭਾਗ ਵਿਚ ਪਾਠਕਾਂ ਦੀ ਜਾਣਕਾਰੀ ਲਈ ਦਸੇ ਭਾਗਾਂ ਦਾ ਵੇਰਵਾ ਦਿੱਤਾ ਗਿਆ ਹੈ ਕਿ ਕਿਹੜੇ ਭਾਗ ਵਿਚ ਕਿਹੜੀਆਂ ਰਚਨਾਵਾਂ ਦਰਜ ਹਨ। ਇਸਤੋਂ ਇਲਾਵਾ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਤੇ ਵਿਦੇਸ਼ੀ ਰਚਨਾਵਾਂ ਬਾਰੇ ਛਪੀਆਂ ਲਗਪਗ 20 ਪੁਸਤਕਾਂ, ਪੀਐਚ.ਡੀ. ਦੇ ਥੀਸਿਸਾਂ, ਪੁਰਸਕਾਰਾਂ ਅਤੇ ਪਦਵੀਆਂ ਦਾ ਵੇਰਵਾ ਵੀ ਦਰਜ ਕੀਤਾ ਗਿਆ ਹੈ। ਜੋ ਰਚਨਾਵਾਂ ਇਸ ਸੰਗ੍ਰਿਹ ਵਿਚ ਛਪਣੋਂ ਰਹਿ ਗਈਆਂ ਹਨ ਉਹ ਕੁਝ ਹੋਰ ਅਗਲੇ ਭਾਗਾਂ ਵਿਚ ਪ੍ਰਕਾਸ਼ਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬੀ ਭਾਸ਼ਾ ਲਈ ਇਕ ਹੋਰ ਮਾਣਯੋਗ ਗੱਲ ਇਹ ਕਿ ਇਹ ਪੂਰੀ ਰਚਨਾਵਲੀ 'ਆਧਾਰ ਪ੍ਰਕਾਸ਼ਨ, ਪੰਚਕੂਲਾ' ਵੱਲੋਂ ਹਿੰਦੀ ਵਿਚ ਵੀ ਛਾਪੀ ਜਾ ਰਹੀ ਹੈ ਜਿਹੜੀ ਫ਼ਰਵਰੀ 2012 ਦੇ ਪਹਿਲੇ ਹਫ਼ਤੇ ਦਿੱਲੀ ਦੇ ਵਿਸ਼ਵ ਪੁਸਤਕ-ਮੇਲੇ ਵਿਚ ਰੀਲੀਜ਼ ਕੀਤੀ ਜਾਵੇਗੀ। ਚੰਗਾ ਹੋਵੇ ਜੇ ਇਸ ਰਚਨਾਵਲੀ ਦੇ ਪ੍ਰਕਾਸ਼ਕ 1975 ਵਿਚ ਛਪੇ 'ਗੁਰਦਿਆਲ ਸਿੰਘ ਅਭਿਨੰਦਨ ਗ੍ਰੰਥ' ਨੂੰ ਵੀ ਇਕ ਪੂਰੇ ਭਾਗ ਵੱਜੋਂ ਇਸ ਵਿਚ ਸ਼ਾਮਲ ਕਰਨ ਕਿਉਂਕਿ ਉਹ ਗ੍ਰੰਥ ਲੇਖਕ ਦੇ ਰਚਨਾਤਮਿਕ ਕਾਰਜ ਬਾਰੇ ਮਹੱਤਵਪੂਰਨ ਦਸਤਾਵੇਜ਼ ਹੈ ਅਤੇ ਇਸਦੇ ਨਾਲ ਹੀ ਗੁਰਦਿਆਲ ਸਿੰਘ ਬਾਰੇ ਲਿਖੀਆਂ ਗਈਆਂ ਆਲੋਚਨਾਤਮਿਕ ਪੁਸਤਕਾਂ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਜਿਸ ਨਾਲ ਇਸ ਰਚਨਾਵਲੀ ਦੇ ਚਾਰ ਹੋਰ ਭਾਗ ਬਣ ਸਕਦੇ ਹਨ।
-ਗੁਰਮੀਤ ਸਿੰਘ ਕੋਟਕਪੂਰਾ
(ਰੋਜ਼ਾਨਾ ਅਜੀਤ 'ਚੋਂ ਧੰਨਵਾਦ ਸਹਿਤ)
Subscribe to:
Post Comments (Atom)
No comments:
Post a Comment