Sunday, September 28, 2014

ਜਿਉਂਦੇ ਰਹਿਣ ਦੀ ਮੂਲ-ਪ੍ਰਵਿਰਤੀ\ Gurdial Singh


ਇਕ ਮਹਾਨ ਚਿੰਤਕ, ਦਾਰਸ਼ਨਿਕ ਦੀ ਇਹ ਟਿੱਪਣੀ ਸਮਝਣੀ ਜ਼ਰੂਰੀ ਹੈ ਕਿ : Ḕਲੋਕਾਂ ਦੀ ਚੇਤਨਾ ਉਨ੍ਹਾਂ ਦੀ ਸ਼ਖ਼ਸੀਅਤ (ਹੋਂਦ) ਦੀ ਸਿਰਜਣਾ ਨਹੀਂ ਕਰਦੀ, ਸਗੋਂ ਲੋਕਾਂ ਦੀ ਸਮਾਜਿਕ-ਹੋਂਦ (ਬਣਤਰ), ਉਨ੍ਹਾਂ ਦੀ ਚੇਤਨਾ ਦੀ ਸਿਰਜਿਕ ਬਣਦੀ ਹੈ।' ਇਸ ਲਈ ਮਨੁੱਖੀ ਰਿਸ਼ਤਿਆਂ ਦਾ ਆਧਾਰ ਸਮਾਜਿਕ ਸਥਿਤੀਆਂ ਹੁੰਦੀਆਂ ਹਨ। ਅੱਗੋਂ ਇਨ੍ਹਾਂ ਸਥਿਤੀਆਂ ਦਾ ਆਧਾਰ ਕਿਸੇ ਵੀ ਸਮਾਜ ਦੀ ਯਥਾਰਥਿਕ ਬਣਤਰ ਹੁੰਦੀ ਹੈ ਜਿਸ ਦੇ ਮੂਲ ਆਧਾਰ ਭੌਤਿਕ ਹੁੰਦੇ ਹਨ। ਪੱਛਮੀ ਵਿਦਵਾਨਾਂ ਨੇ ਮਨੁੱਖ ਦੀਆਂ ਤੇਰਾਂ ਮੂਲ-ਪ੍ਰਵਿਰਤੀਆਂ (ਕੁਦਰਤੀ ਵੱਸਫ਼ ਜੋ ਜਮਾਂਦਰੂ ਹੋਣ) ਦੱਸੀਆਂ ਹਨ। ਪਰ ਇਹ ਸਾਰੀਆਂ ਮੂਲ ਰੂਪ ਵਿਚ ਜੀਵਾਂ ਦੇ ਜਿਉਂਦੇ ਰਹਿਣ ਦੀ ਪ੍ਰਵਿਰਤੀ 'ਚੋਂ ਹੀ ਪੈਦਾ ਹੁੰਦੀਆਂ ਹਨ। ਜੋ ਵੀ ਵਿਕਾਰ ਜਾਂ ਗੁਣ ਮਨੁੱਖ ਅੰਦਰ ਪੈਦਾ ਹੁੰਦੇ ਹਨ, ਉਹ ਅਸਲ ਵਿਚ ਵਿਸ਼ੇਸ਼ ਸਮਾਜ ਅੰਦਰ ਜਿਉਂਦੇ ਰਹਿਣ ਲਈ ਕੀਤੇ ਯਤਨਾਂ ਤੇ ਕਿਰਿਆਵਾਂ ਦਾ ਸਿੱਟਾ ਹੁੰਦੇ ਹਨ। ਸਦੀਆਂ ਤੋਂ ਧਾਰਮਿਕ ਤੇ ਨੈਤਿਕ ਸਿੱਖਿਆ ਰਾਹੀਂ ਮਾਨਵੀ ਗੁਣਾਂ ਲਈ ਅਤਿਅੰਤ ਘਾਤਕ ਦੱਸੇ ਜਾਂਦੇ ਪੰਜ ਵਿਕਾਰ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਇਹ ਸਾਰੇ ਸਮਾਜਿਕ ਜੀਵਨ ਦੇ ਯਥਾਰਥਿਕ ਆਧਾਰਾਂ ਦੇ ਸਿੱਟੇ ਹਨ। ਕਾਮ ਨੂੰ ਸਿਰਫ ਕੁਝ ਮਹਾਨ ਸਾਧੂ-ਸੰਤ ਹੀ ਵੱਸ ਵਿਚ ਰੱਖ ਸਕਦੇ ਹਨ ਆਮ ਲੋਕ ਨਹੀਂ। ਬਾਕੀ ਚਾਰ ਵਿਕਾਰ ਵੀ ਕਿਸੇ ਦੇ ਨਿੱਜੀ ਯਤਨਾਂ ਰਾਹੀਂ ਵੱਸ ਵਿਚ ਨਹੀਂ ਰਹਿੰਦੇ। ਜਦੋਂ ਜਿਉਂਦੇ ਰਹਿਣ ਲਈ, ਵਰਤਮਾਨ ਸਮਾਜਾਂ ਅੰਦਰ ਜੋ ਕੁਝ ਵੀ ਕੰਮ-ਕਾਰ ਕਰਨੇ ਪੈਂਦੇ ਹਨ ਉਨ੍ਹਾਂ ਕਾਰਨ ਇਹ ਵਿਕਾਰ ਆਪਣੇ-ਆਪ ਪੈਦਾ ਹੋ ਜਾਂਦੇ ਹਨ। (ਘਟ, ਵਧ ਇਹ ਹਰ ਮਨੁੱਖ ਦੀ ਦਿਮਾਗੀ ਸਮਰੱਥਾ ਤੇ ਸੰਵੇਦਨਾ ਕਾਰਨ ਹੁੰਦੇ ਹਨ।) ਏਥੇ ਕੁਝ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਕਿਸੇ ਕਾਮੇਂ ਨੂੰ ਜਦੋਂ ਉਸ ਦੇ ਕੰਮ ਦਾ ਮਿਹਨਤਾਨਾ ਪੂਰਾ ਨਹੀਂ ਦਿੱਤਾ ਜਾਂਦਾ (ਜੋ ਵਰਤਮਾਨ ਸਮਾਜਾਂ ਦਾ ਆਮ ਵਤੀਰਾ ਹੈ) ਉਦੋਂ ਗੁੱਸਾ ਆਉਂਦਾ ਹੈ ਜੋ ਨਿਰੰਤਰ ਹੁੰਦੇ ਧੱਕੇ ਕਾਰਨ ਅਖੀਰ ਕਰੋਧ ਦਾ ਰੂਪ ਧਾਰਨ ਕਰ ਲੈਂਦਾ ਹੈ। ਉਸ ਨੂੰ ਘੱਟ ਮਜ਼ਦੂਰੀ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਘੱਟ ਪੈਸੇ ਨਾਲ ਉਹ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਇਸੇ ਕਾਰਨ ਇਹ ਧਾਰਨਾ ਬਣੀ ਕਿ ਕ੍ਰੋਧ ਦਾ ਮਾਰਿਆ ਬੰਦਾ ਨਰਕ 'ਚ ਪੈ ਜਾਂਦਾ ਹੈ।' ਲੋਭ ਦਾ ਮੂਲ ਕਾਰਨ ਵੀ ਜਿਉਂਦੇ ਰਹਿਣ ਲਈ ਅਨਿਸਚਿਤਤਾ ਹੈ। ਵਰਤਮਾਨ ਸਮਾਜ ਅੰਦਰ ਕੋਈ ਨਹੀਂ ਕਹਿ ਸਕਦਾ ਕਿ ਕੱਲ੍ਹ ਨੂੰ ਉਸ ਕੋਲ ਜਿਉਂਦੇ ਰਹਿਣ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਧਨ ਹੋਣਗੇ ਜਾਂ ਨਹੀਂ। ਅਜਿਹੀ ਅਨਿਸਚਤਤਾ ਹੀ ਲੋਭ ਪੈਦਾ ਕਰਦੀ ਹੈ। ਇੰਝ ਲੋਭ ਹੌਲੀ ਹੌਲੀ ਆਦਤ ਬਣਦਾ ਹੈ ਤੇ ਫੇਰ ਮਾਨਸਿਕਤਾ 'ਚ ਬਦਲ ਜਾਂਦਾ ਹੈ। ਜਿਸ ਸਮਾਜ ਦਾ ਵਿਧਾਨ ਤੇ ਕਾਨੂੰਨ ਕਿਸੇ ਵੀ ਧਨ, ਜਾਇਦਾਦ ਕੱਠੀ ਕਰਨ ਦੀ ਖੁੱਲ੍ਹ ਤੇ ਮੌਕੇ ਦਿੰਦੇ ਹਨ ਤਾਂ ਲੋਭ ਕਰੋੜਾਂ, ਅਰਬਾਂ, ਖਰਬਾਂ ਤੇ ਧਨ ਜਾਇਦਾਦ ਨਾਲ ਵੀ ਖਤਮ ਨਹੀਂ ਹੁੰਦਾ। ਇਸੇ ਕਾਰਨ ਮਾਨਵੀ ਰਿਸ਼ਤੇ ਖਤਮ ਹੋ ਜਾਂਦੇ ਹਨ। (ਇਹਦੀ ਵੱਡੀ ਮਿਸਾਲ ਅੰਬਾਨੀ ਭਰਾਵਾਂ ਅੰਦਰ ਪੈਦਾ ਹੋਇਆ ਦੁਫੇੜ ਹੈ। ਅਜਿਹੀਆਂ ਮਿਸਾਲਾਂ ਆਮ ਆਦਮੀ ਤੋਂ ਲੈ ਕੇ ਸੰਸਾਰ ਦੇ ਸਭ ਤੋਂ ਧਨਾਢ ਲੋਕਾਂ ਤੱਕ ਮਿਲ ਜਾਂਦੀਆਂ ਹਨ।) ਮੋਹ ਨੂੰ ਇਸ ਕਾਰਨ ਨਿੰਦਿਆ ਜਾਂਦਾ ਹੈ ਕਿ ਧਾਰਮਿਕ ਵਿਸ਼ਵਾਸ ਅਨੁਸਾਰ ਇਹ ਮਿਥਿਆ' (ਮਾਇਆ) ਹੈ। ਪਰ ਮਨੁੱਖ ਹੀ ਨਹੀਂ, ਹਰ ਜੀਵ ਆਪਣੇ ਬੱਚਿਆਂ ਨੂੰ ਮੋਹ ਤੋਂ ਬਿਨਾਂ ਪਾਲ਼ ਵੀ ਨਹੀਂ ਸਕਦਾ। ਚਿੜੀਆਂ ਵੀ ਆਪਣੇ ਬੱਚਿਆਂ ਲਈ ਚੋਗਾ ਲਿਆਉਂਦੀਆਂ ਹਨ। ਮਨੁੱਖ ਆਪਣੇ ਆਪ ਨੂੰ, ਮਰਨ ਪਿੱਛੋਂ ਵੀ ਜਿਉਂਦੇ ਰਹਿਣ ਦੀ ਤੀਬਰ ਇੱਛਾ ਕਾਰਨ, ਆਪਣੇ ਪੁੱਤ-ਪੋਤਿਆਂ ਰਾਹੀਂ ਆਪਣਾ (ਝੂਠਾ ਹੀ ਸਹੀ) Ḕਵਜੂਦ' (ਨਾਂ) ਕਾਇਮ ਰੱਖਣਾ ਚਾਹੁੰਦਾ ਹੈ। ਇਸੇ ਕਾਰਨ ਬੱਚਿਆਂ ਨਾਲ ਮੋਹ-ਪਿਆਰ ਕਾਇਮ ਰੱਖ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦਾ ਹੈ। ਜੇ ਉਹਦੇ ਬੱਚੇ ਜਵਾਨ ਹੋ ਕੇ, ਬੁੱਢੇ-ਵਾਰੇ ਉਸ ਦਾ ਧਿਆਨ ਨਹੀਂ ਕਰਦੇ (ਭਾਵ-ਮੋਹ ਭੰਗ ਹੋ ਜਾਂਦਾ ਹੈ) ਤਾਂ ਇਹਦੇ ਕਾਰਨ ਵੀ ਸਮਾਜ ਦੀ ਅਣਮਨੁੱਖੀ ਬਣਤਰ ਦਾ ਸਿੱਟਾ ਹਨ (ਨਿੱਜੀ ਵਰਤਾਰਾ ਜਾਂ ਵਿਕਾਰ ਨਹੀਂ)। ਜਿਸ ਸਮਾਜ ਅੰਦਰ ਜਿਉਂਦੇ ਰਹਿਣ ਲਈ ਲੋਭ-ਲਾਲਚ, ਜਿਉਂਦੇ ਰਹਿਣ ਤੇ ਮਾਣ-ਇੱਜ਼ਤ ਬਣਾਈ ਰੱਖਣ ਲਈ ਜ਼ਰੂਰੀ ਹੈ, ਤਾਂ ਅਕਸਰ ਆਮ ਆਦਮੀ ਦਾ ਹਰ ਸਮੇਂ ਧਿਆਨ ਉਸ ਪਾਸੇ ਰਹਿਣਾ ਸੁਭਾਵਕ ਹੈ। ਇਸੇ ਕਾਰਨ ਸਿੱਟਾ ਇਹੋ ਹੋਏਗਾ ਕਿ ਉਹ ਆਪਣੇ ਮਾਪਿਆਂ ਤੇ ਵਡੇਰਿਆਂ ਵੱਲ ਧਿਆਨ ਨਹੀਂ ਦੇ ਸਕੇਗਾ ਕਿਉਂਕਿ ਕੰਮਾਂ-ਕਾਰਾਂ ਤੋਂ ਹੀ ਛੁਟਕਾਰਾ ਨਹੀਂ ਮਿਲ ਸਕੇਗਾ। ਉਂਝ ਵੀ ਮੋਹ ਦੇ ਰਿਸ਼ਤੇ ਖਤਮ ਹੋਣ ਨਾਲ ਜੀਵਨ ਅਕਾਊ ਤੇ ਅਮਾਨਵੀ ਹੋ ਜਾਏਗਾ। (ਮੋਹ ਦੀ ਨਿੰਦਿਆ, ਧਾਰਮਿਕ ਤੌਰ 'ਤੇ ਇਸ ਲਈ ਕੀਤੀ ਜਾਂਦੀ ਰਹੀ ਹੈ ਕਿ ਮੋਕਸ਼ ਦੀ ਪ੍ਰਾਪਤੀ ਜੀਵਨ ਦੀ ਇਕੋ ਇਕ ਪ੍ਰਾਪਤੀ ਮੰਨੀ ਜਾਂਦੀ ਹੈ।) ਇਹਦਾ ਆਧਾਰ ਆਤਮਾ ਦੇ ਅਮਰ ਹੋਣ ਦਾ ਵਿਸ਼ਵਾਸ ਹੈ। ਜੇ ਮਨੁੱਖ ਇਹ ਜੀਵਨ ਪ੍ਰਮਾਤਮਾ ਦੀ ਭਗਤੀ ਵਿਚ ਨਹੀਂ ਬਿਤਾਏਗਾ ਤਾਂ ਆਤਮਾ ਨੂੰ ਵਾਰ ਵਾਰ ਜੰਮਣ, ਮਰਨ ਦਾ ਅਸਹਿ ਕਸ਼ਟ ਸਹਿਣਾ ਪਏਗਾ, ਤੇ ਉਹ ਵੀ ਚੁਰਾਸੀ ਲੱਖ ਵਾਰ। ਅਜਿਹੀ ਦਸ਼ਾ ਭਿਆਨਕ ਹੈ। ਇਸ ਲਈ ਮੋਕਸ਼ ਦੀ ਪ੍ਰਾਪਤੀ ਲਈ ਸੰਸਾਰਕ ਮੋਹ ਦਾ ਤਿਆਗ ਕਰਨਾ ਲਾਜ਼ਮੀ ਹੈ। ਪਰ ਕੀ ਤਿਆਗੀ, ਸਾਧੂ-ਸੰਤਾਂ, ਹਠੀਆਂ-ਤਪੀਆਂ ਤੋਂ ਬਿਨਾਂ ਕੋਈ ਵੀ ਆਮ ਆਦਮੀ ਮੋਹ ਦਾ ਤਿਆਗ ਕਰ ਸਕਦਾ ਹੈ? ਉੱਤਰ ਹੈ: ਨਹੀਂ (ਇਸ ਲਈ ਮੋਹ (ਪਿਆਰ) ਵਿਕਾਰ ਨਹੀਂ)। ਪੰਜਾਬੀ ਵਿਚ ਸ਼ਬਦ ਮੋਹ-ਪਿਆਰ' ਕੱਠਾ ਵਰਤਿਆ ਜਾਂਦਾ ਹੈ। (ਭਾਵੇਂ ਮੋਹ ਤੇ ਪਿਆਰ ਦੇ ਅਰਥ ਕੁਝ ਵੱਖਰੇ ਹਨ।) ਮੋਹ ਜਾਂ ਪਿਆਰ ਤੋਂ ਬਿਨਾਂ ਮਨੁੱਖੀ ਰਿਸ਼ਤੇ ਕਾਇਮ ਨਹੀਂ ਰਹਿ ਸਕਦੇ। ਚਾਹੇ ਇਹ ਮੋਹ ਮਾਂ ਦਾ ਆਪਣੇ ਬੱਚੇ ਨਾਲ ਹੋਵੇ ਜਾਂ ਇਸਤਰੀ-ਮਰਦ ਦਾ (ਜਾਂ ਪਰਿਵਾਰਕ ਜੀਆਂ ਦਾ ਆਪੋ-ਵਿਚ ਹੋਵੇ।) ਮੋਹ ਤੋਂ ਬਿਨਾਂ ਸਮਾਜਿਕ ਜੀਵਨ ਦੀਆਂ ਸਭ ਤੰਦਾਂ ਟੁੱਟ ਜਾਂਦੀਆਂ ਹਨ। ਇਸਦੇ ਟੁੱਟਣ ਦੇ ਮੂਲ ਕਾਰਨ, ਅਮਾਨਵੀ ਕਦਰਾਂ-ਕੀਮਤਾਂ ਵਿਚ ਗ੍ਰੱਸੇ ਸਮਾਜ ਦੀ ਬਣਤਰ ਹੈ (ਜਿਸ ਦਾ ਆਰੰਭ ਵਿਚ ਜ਼ਿਕਰ ਆਇਆ ਹੈ)। ਵਰਤਮਾਨ ਸਮਾਜਾਂ ਦਾ ਆਧਾਰ ਲੋਭ-ਲਾਲਚ ਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੀ, ਅਣਮਨੁੱਖੀ ਮਾਨਸਿਕਤਾ ਹੈ ਜੋ ਉਦੋਂ ਤੱਕ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਅਤਿ ਦੀ ਗਰੀਬੀ ਤੇ ਅਤਿ ਦੀ ਅਮੀਰੀ ਦਾ ਫਰਕ ਖਤਮ ਨਹੀਂ ਹੁੰਦਾ। ਪਰ ਇਹ ਵੱਡਾ ਪਾੜਾ ਖਤਮ ਕਰਨਾ ਤਾਂ ਦੂਰ, ਵਰਤਮਾਨ ਸਮਾਜਾਂ ਦੀ ਬਣਤਰ ਵਿਚ ਇਹਨੂੰ ਘਟਾਉਣਾ ਵੀ ਆਸਾਨ ਨਹੀਂ। (ਮਿਸਰ ਦਾ ਪ੍ਰਧਾਨ ਹੁਸੇਨੀ ਮੁਬਾਰਕ ਇਸੇ ਵਿਕਾਰ ਦਾ ਸ਼ਿਕਾਰ ਸੀ। ਉਸ ਨੇ ਤੀਹ ਸਾਲ ਤੱਕ ਡਿਕਟੇਟਰ ਬਣ ਕੇ, ਖੁਦ ਅਰਬਾਂ ਡਾਲਰ ਕੱਠੇ ਕੀਤੇ ਪਰ ਦੇਸ਼ ਦੀ ਅੱਠ ਕਰੋੜ ਦੀ ਅਬਾਦੀ ਵਿਚੋਂ ਘੱਟੋ ਘੱਟ ਪੰਜ ਕਰੋੜ ਨੂੰ ਨਰਕ ਭੋਗਣ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ। ਸਿੱਟੇ ਵਜੋਂ ਨਰਕ ਭੋਗਦੇ ਲੋਕਾਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਉਸ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ। (ਭਾਵੇਂ ਤਿੰਨ ਸੌ ਨਾਗਰਿਕ ਮਾਰੇ ਗਏ ਤੇ ਹਜ਼ਾਰਾਂ ਜ਼ਖਮੀ ਹੋਏ)। ਮਾਨਵੀ ਜੀਵਨ ਦਾ ਪੰਜਵਾਂ ਵਿਕਾਰ ਹੰਕਾਰ ਹੈ। ਇਹਦਾ ਆਧਾਰ ਵੀ ਸਮਾਜਿਕ ਹੈ। ਉਪਰੋਕਤ ਵੇਰਵਿਆਂ ਅਨੁਸਾਰ ਜਿਉਂਦੇ ਰਹਿਣ ਦੀ (ਜਿਸ ਵਿਚ ਮਾਣ-ਇੱਜ਼ਤ ਸ਼ਾਮਲ ਹੈ) ਪ੍ਰਵਿਰਤੀ ਕਾਰਨ ਹੀ ਲੋਭ-ਲਾਲਚ ਦੀ ਮਾਨਸਿਕਤਾ ਪੈਦਾ ਹੁੰਦੀ ਹੈ। ਜਿਸ ਸਮਾਜ ਅੰਦਰ ਕਰੋੜਾਂ ਲੋਕ ਗਰੀਬੀ ਦਾ ਸੰਤਾਪ ਭੋਗਦੇ ਹੋਣ ਤੇ ਸੱਤਾਧਾਰੀ ਵਰਗਾਂ ਨੇ ਬਹੁਤ ਘੱਟ ਗਿਣਤੀ ਦੇ ਚਲਾਕ ਤੇ ਬੇਈਮਾਨ ਬੰਦਿਆਂ ਨੂੰ ਦੇਸ਼ ਦੀ ਹਰ ਤਰ੍ਹਾਂ ਦੀ ਉਪਜ ਕਰਨ ਤੇ ਕੁਦਰਤੀ ਸੋਮਿਆਂ ਦੀ ਲੁੱਟ ਦਾ ਕਾਨੂੰਨੀ ਤੇ ਵਿਧਾਨਿਕ ਅਧਿਕਾਰ ਦਿੱਤਾ ਹੋਵੇ, ਤਾਂ ਧਨਾਢਾਂ ਤੇ ਉਨ੍ਹਾਂ ਨਾਲ ਜੁੜੇ ਵਪਾਰੀਆਂ, ਪ੍ਰਬੰਧਕਾਂ ਤੇ ਉਦਯੋਗਾਂ ਦੇ ਮਾਹਰ ਬੰਦਿਆਂ ਅੰਦਰ ਹੰਕਾਰ ਪੈਦਾ ਹੋਣਾ ਸੁਭਾਵਕ ਹੈ। ਪਰ ਚਿੰਤਾ ਵਾਲੀ ਹਾਲਤ ਇਹ ਹੈ ਕਿ ਉਨ੍ਹਾਂ ਦਾ ਹੰਕਾਰ ਪੂਰੇ ਸਮਾਜ ਅੰਦਰ ਹੀ ਛੂਤ ਦੀ ਬਿਮਾਰੀ ਵਾਂਗ ਫੈਲਦਾ ਜਾਂਦਾ ਹੈ। ਅਜਿਹੇ ਸਮਾਜ ਦਾ ਹਰ ਬੰਦਾ ਹੰਕਾਰੀ ਬਣ ਜਾਂਦਾ ਹੈ। (ਸਾਡੇ ਇਕ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ, Ḕਆਪ ਤੋਂ ਮਾੜੇ 'ਤੇ ਦਿਨ ਵਿਚ ਨੌਂ ਵਾਰੀ ਗੁੱਸਾ ਆਉਂਦਾ ਹੈ) ਤਗਾਰੀ ਚੁਕਣ ਵਾਲਾ ਮਜ਼ਦੂਰ (ਜੋ ਸਾਡੇ ਸਮਾਜ ਅੰਦਰ ਸਭ ਤੋਂ ਹੇਠਲਾ ਬੰਦਾ ਹੈ) ਆਪਣੇ ਰਾਜ-ਮਿਸਤਰੀ ਤੋਂ ਲੈ ਕੇ ਉਸਾਰੀ ਕਰਵਾਉਣ ਵਾਲੇ ਬੰਦੇ ਦਾ ਹੀ ਨਹੀਂ, ਨਿਰਧਨ ਹੋਣ ਕਾਰਨ, ਧਨ-ਜਾਇਦਾਦ ਵਾਲੇ ਹਰ ਬੰਦੇ ਦੇ ਹੰਕਾਰ ਦਾ ਸੰਤਾਪ ਭੋਗਦਾ ਹੈ। ਪ੍ਰਤੀਕਰਮ ਵਜੋਂ ਉਹ ਵੀ ਹੰਕਾਰੀ (ਗੁੱਸੇਖੋਰ) ਹੋ ਜਾਂਦਾ ਹੈ। ਏਥੇ ਇਕ ਨਿੱਜੀ ਮਿਸਾਲ ਕੁਥਾਂ ਨਹੀਂ ਲੱਗਦੀ। ਕਿਸੇ ਟੀਵੀ ਇੰਟਰਵਿਊ ਵਿਚ, ਅਜਿਹੀ ਗੱਲ ਪੁੱਛੀ ਗਈ ਜੋ ਆਮ ਤੌਰ 'ਤੇ ਪੁੱਛੀ ਨਹੀਂ ਜਾਂਦੀ। ਪੁੱਛਿਆ ਗਿਆ ਕਿ, Ḕਤੁਹਾਨੂੰ ਸਭ ਤੋਂ ਘਿਨਾਉਣਾ ਦ੍ਰਿਸ਼ ਕਿਹੜਾ ਲੱਗਦਾ ਹੈ?' ਮੇਰਾ ਜਵਾਬ ਸੀ,ਬੰਦੇ ਅੱਗੇ ਝੁਕਿਆ ਬੰਦਾ।' ਜਿਸ ਸਮਾਜ ਅੰਦਰ ਅਤਿ ਗਰੀਬੀ ਭੋਗਦੇ ਬੰਦੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੂੰ ਕਿਸੇ ਨਾ ਕਿਸੇ ਅੱਗੇ ਝੁਕਣਾ ਪੈਂਦਾ ਹੋਵੇ ਉਥੇ ਹੰਕਾਰ ਕਿੰਝ ਖਤਮ ਕੀਤਾ ਜਾ ਸਕਦਾ ਹੈ? ਆਪ ਤੋਂ ਨੀਵੇਂ (ਮਾੜੇ) ਬੰਦੇ ਨੂੰ ਆਪਣੇ ਅੱਗੇ ਝੁਕਾਉਣ ਵਾਲਾ ਹਰ ਬੰਦਾ ਹੰਕਾਰੀ ਹੁੰਦਾ ਹੈ। ਨੌਕਰੀਆਂ ਦੇਣ ਵਾਲੇ ਅਫ਼ਸਰ, ਵਜ਼ੀਰ, ਰਾਜਨੀਤਕ ਆਗੂ ਤੇ ਵਰਕਰਾਂ ਤੱਕ, ਉਦਯੋਗਪਤੀ, ਵਪਾਰੀ-ਹਰ ਉਹ ਬੰਦਾ ਜਿਸ ਕੋਲ ਧਨ-ਦੌਲਤ (ਚਾਹੇ ਮਾਮੂਲੀ ਵੀ) ਹੈ ਤੇ ਉਹ ਆਪਣੇ ਤੋਂ ਹੇਠਲੇ ਬੰਦੇ ਤੋਂ ਘੱਟ ਤੋਂ ਘੱਟ ਮਿਹਨਤਾਨਾ ਦੇ ਕੇ, ਆਪਣੀ ਮਰਜ਼ੀ ਦਾ ਕੰਮ ਕਰਾਉਣ ਦੇ ਸਮਰੱਥ ਹੈ, ਉਹ ਹੰਕਾਰੀ ਹੀ ਹੋਵੇਗਾ। ਉਸ ਕੋਲ ਭਾਵੇਂ ਦੋ-ਚਾਰ ਜਾਂ ਵਧੇਰੇ ਬੰਦਿਆਂ ਤੋਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਾਉਣ ਦੀ ਸਮਰੱਥਾ (ਧਨ-ਦੌਲਤ) ਹੋਵੇ, ਉਹ ਕਿਵੇਂ ਵੀ ਹੰਕਾਰ ਤੋਂ ਬਚ ਨਹੀਂ ਸਕਦਾ। ਇਨ੍ਹਾਂ ਸਾਰੇ ਵੇਰਵਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਿਸੇ ਹੱਦ ਤੱਕ ਸਮਾਜਵਾਦੀ ਦੇਸ਼ਾਂ ਨੂੰ ਛੱਡ ਕੇ, ਸੰਸਾਰ ਦੇ ਵਰਤਮਾਨ ਸਮਾਜਾਂ ਦੀ ਜਿਹੋ-ਜਿਹੀ ਬਣਤਰ ਤੇ ਹਾਲਾਤ ਹਨ, ਉਨ੍ਹਾਂ ਦੇ ਹੁੰਦਿਆਂ ਕੋਈ ਸਮਾਜ ਜਾਂ ਬੰਦਾ, ਇਨ੍ਹਾਂ ਵਿਕਾਰਾਂ ਤੋਂ ਬਚ ਨਹੀਂ ਸਕਦਾ। ਸਾਧੂ-ਸੰਤ ਤੇ ਤਪੱਸਵੀ ਲੋਕ ਵੀ ਇਨ੍ਹਾਂ ਵਿਕਾਰਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੁੰਦੇ। ਸਾਡੇ ਦੇਸ਼ ਅੰਦਰ ਵੱਖੋ-ਵੱਖਰੇ ਡੇਰਿਆਂ, ਮਠਾਂ ਦੀ ਗਿਣਤੀ ਲੱਖਾਂ ਨਹੀਂ ਤਾਂ ਹਜ਼ਾਰਾਂ ਵਿਚ ਜ਼ਰੂਰ ਹੈ। ਉਨ੍ਹਾਂ ਦੇ ਮੁਖੀ ਬਾਬੇ ਸਮਾਜ ਦੇ ਕਰੋੜਾਂ ਲੋਕਾਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਦਿੰਦੇ ਹਨ। ਪਰ ਉਹ ਜਿਹੜੇ ਵੀ ਆਮ ਲੋਕਾਂ ਨੂੰ ਇਨ੍ਹਾਂ ਵਿਕਾਰਾਂ ਤੋਂ ਬਚਣ ਲਈ ਸਿੱਖਿਆ ਦਿੰਦੇ ਹਨ, ਜੇ ਉਨ੍ਹਾਂ ਦੀ ਪੜਤਾਲ ਕੀਤੀ ਜਾਏ ਤਾਂ ਨਤੀਜੇ ਇਹੋ ਨਿਕਲਣਗੇ ਕਿ ਉਨ੍ਹਾਂ ਦੇ ਉਪਾਸ਼ਕਾਂ ਵਿਚ ਸੌ ਵਿਚੋਂ ਇਕ-ਦੋ ਹੀ ਉਨ੍ਹਾਂ ਬਾਬਿਆਂ ਦੀ ਸਿੱਖਿਆ 'ਤੇ ਮਾੜਾ-ਮੋਟਾ ਅਮਲ ਕਰਨ ਦਾ ਯਤਨ ਕਰਦੇ ਹੋਣਗੇ (ਪੂਰਾ ਨਹੀਂ) ਬਾਕੀ ਪ੍ਰਵਚਨ ਸੁਣਨ ਸਮੇਂ ਜ਼ਰੂਰ ਮਹਿਸੂਸ ਕਰਦੇ ਹੋਣਗੇ ਕਿ, ਹਾਂ ਬਾਬਾ ਜੀ ਠੀਕ ਕਹਿੰਦੇ ਹਨ; ਮੋਕਸ਼ ਦਾ ਰਾਹ ਦੱਸਦੇ ਹਨ', ਪਰ ਡੇਰੇ 'ਚੋਂ ਘਰ ਤੱਕ ਆਉਂਦਿਆਂ ਹੀ ਜਦੋਂ ਸਮਾਜਿਕ ਜੀਵ' ਵਜੋਂ, ਘਰਾਂ, ਮੁਹੱਲਿਆਂ, ਬਜ਼ਾਰਾਂ ਤੇ ਆਪਣੇ ਪਿੰਡ, ਕਸਬੇ ਜਾਂ ਸ਼ਹਿਰ 'ਚੋਂ ਕਿਧਰੇ ਵੀ ਆਪਣੇ ਕਾਰੋਬਾਰ ਤੇ ਕੰਮਾਂ ਲਈ ਜਾਂਦੇ ਹਨ ਤਾਂ ਹਰ ਵਿਕਾਰ ਦਾ ਸ਼ਿਕਾਰ ਹੋ ਜਾਂਦੇ ਹਨ-ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਤੋਂ ਲੈ ਕੇ ਸਮਾਜ ਦੇ ਹਰ ਥਾਂ ਉਤੇ ਉਹ ਵਿਕਾਰ ਮੌਜੂਦ ਰਹਿੰਦੇ ਹਨ। ਇਸ Ḕਚਿੱਕੜ' ਤੋਂ ਬਚ ਕੇ ਉਹ ਦੋ ਕਦਮ ਵੀ ਤੁਰ ਨਹੀਂ ਸਕਦੇ। ਇਹ ਵਿਚਾਰ ਫਿਰ ਦੁਹਰਾਉਣਾ ਜ਼ਰੂਰੀ ਹੈ ਕਿ ਪੰਜੇ ਵਿਕਾਰ (ਤੇ ਹੋਰ ਵੀ ਮਨੁੱਖੀ ਅਉਗਣ ਜੋ ਇਨ੍ਹਾਂ ਕਾਰਨ ਪੈਦਾ ਹੁੰਦੇ ਹਨ), ਵਰਤਮਾਨ ਸਮਾਜਾਂ ਅੰਦਰ ਜਿਉਂਦੇ ਰਹਿਣ ਦੀ ਇਕੋ ਪ੍ਰਵਿਰਤੀ' ਕਾਰਨ ਪੈਦਾ ਹੁੰਦੇ ਹਨ। ਮਨੁੱਖ ਸਮਾਜਿਕ ਜੀਵ ਹੁੰਦਿਆ, ਸਮਾਜ ਵਿਚ, ਡੂੰਘੇ ਧਸੇ ਵਿਕਾਰਾਂ 'ਚੋਂ ਓਵੇਂ ਹੀ ਬਾਹਰ ਨਹੀਂ ਆ ਸਕਦਾ ਜਿਵੇਂ ਕੋਈ ਤੀਲਾ ਉਦੋਂ ਤੱਕ ਕਿਸੇ ਘੁੰਮਣਘੇਰੀ 'ਚੋਂ ਬਾਹਰ ਨਹੀਂ ਆ ਸਕਦਾ ਜਦੋਂ ਤੱਕ ਉਹ ਘੁੰਮਣਘੇਰੀ ਖਤਮ ਨਹੀਂ ਹੁੰਦੀ। ਧਾਰਮਿਕ ਤੇ ਨੈਤਿਕ ਵਿਚਾਰਾਂ ਦੀ ਜੜ, ਅੱਜ ਤੱਕ ਦੇ Ḕਵਿਕਸਿਤ' ਕੀਤੇ ਗਏ ਸਮਾਜ ਹਨ। ਤੇ ਇਹ ਸਮਾਜ ਹਜ਼ਾਰਾਂ ਸਾਲਾਂ ਵਿਚ Ḕਵਿਕਸਿਤ' ਹੋਏ ਹਨ। ਇਨ੍ਹਾਂ ਨੂੰ ਮਾਨਵੀ ਤੇ ਵਿਕਾਰ-ਰਹਿਤ ਬਣਾਉਣ ਲਈ ਪਤਾ ਨਹੀਂ ਅਜੇ ਕਿੰਨਾ ਸਮਾਂ ਲੱਗਣਾ ਹੈ। ਪਰ ਇਹ ਬਹੁਤ ਕੌੜੀ ਸੱਚਾਈ ਹੈ ਕਿ ਸੰਸਾਰ ਦੇ ਸਾਰੇ ਸਮਾਜਾਂ ਨੂੰ Ḕਮਾਨਵੀ ਸਮੂਹਾਂ' ਵਿਚ ਬਦਲਣ ਲਈ ਤੇ ਹਰ ਬੰਦੇ ਨੂੰ ਵਿਕਾਰ-ਮੁਕਤ ਕਰਨ ਲਈ, ਮੂਲ ਤਬਦੀਲੀਆਂ ਲਿਆਉਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। Ḕਮਾਇਆ' (ਧਨ-ਦੌਲਤ) ਦੀ ਲਾਲਸਾ ਤੋਂ ਮੁਕਤ ਕਰਨ ਲਈ, ਹਰ ਸਮਾਜ ਨੂੰ ਬਹੁਤ ਕਠੋਰ ਤੇ ਲਗਾਤਾਰ ਯਤਨ ਕਰਨੇ ਪੈਣਗੇ। ਇਸ ਵਿਸ਼ਾਲ ਤਬਦੀਲੀ ਲਈ, ਲੱਖਾਂ ਅਜਿਹੇ ਵਿਦਵਾਨਾਂ ਦੀ ਲੋੜ ਹੈ ਜੋ ਗਿਆਨਵਾਨ ਤੇ ਵਿਗਿਆਨਿਕ ਸੋਚ ਦੇ ਧਾਰਨੀ ਤਾਂ ਹੋਣ ਹੀ, ਨਾਲ ਪੂਰੇ ਸਮਾਜ ਦੇ ਵਿਕਾਰਾਂ ਨੂੰ ਬਦਲਣ ਦੇ ਸਮਰੱਥ ਵੀ ਹੋਣ। ਪਰ ਅਜਿਹੇ ਮਹਾਨ ਪੁਰਸ਼ ਵੀ ਸਮਾਜਾਂ ਦੀ ਲੋਕ-ਸ਼ਕਤੀ ਤੋਂ ਬਿਨਾਂ ਕੁਝ ਨਹੀਂ ਕਰ ਸਕਣਗੇ। ਉਨ੍ਹਾਂ ਦਾ ਗਿਆਨ ਤੇ ਵਿਗਿਆਨਕ ਸੋਚ-ਸਮਝ ਜਦੋਂ ਤੱਕ ਲੋਕ-ਸ਼ਕਤੀ ਨੂੰ ਮਾਨਵੀ ਗੁਣਾਂ ਵਿਚ ਤਬਦੀਲ ਕਰਨ ਦੇ ਸਮਰੱਥ ਨਹੀਂ ਬਣਾ ਸਕਦੀ, ਉਦੋਂ ਤੱਕ ਇਨ੍ਹਾਂ ਸਮਾਜਾਂ ਦਾ ਹਰ ਬੰਦਾ ਸਿਰਫ ਪੰਜ ਵਿਕਾਰਾਂ ਤੋਂ ਹੀ ਨਹੀਂ, ਹਰ ਅਮਾਨਵੀ ਕਸ਼ਟ ਭੋਗਦਾ ਹੋਇਆ, ਇਹ Ḕਹੀਰੇ ਜੈਸਾ' ਜਨਮ, Ḕਕੌਡੀ ਬਦਲੇ' ਹੀ ਬੇਅਰਥ ਗੁਆ ਕੇ ਮੌਤ ਦਾ ਸ਼ਿਕਾਰ ਹੁੰਦਾ ਰਹੇਗਾ। ਅਜਿਹਾ ਨਿਰਰਥਕ ਜੀਵਨ, ਜਿਉਣ ਦੀ ਪ੍ਰਵਿਰਤੀ, ਉਸ ਨੂੰ ਕਿਵੇਂ ਵੀ ਮਾਨਵੀ ਗੁਣਾਂ ਵਾਲਾ ਜੀਵਨ ਜਿਉਣ ਦਾ ਅਵਸਰ ਨਹੀਂ ਦੇ ਸਕੇਗੀ। ਇਹਦੇ ਲਈ ਮਹਾਨ ਦਾਰਸ਼ਨਿਕ ਹੋਣ ਦੀ ਲੋੜ ਨਹੀਂ, ਸਿਰਫ਼ ਜਿਉਣ ਦੀ ਮੂਲ-ਪ੍ਰਵਿਰਤੀ' ਤੇ ਵਰਤਮਾਨ ਸਮਾਜਾਂ ਅੰਦਰ ਜਿਉਂਦੇ ਰਹਿਣ ਦੀਆਂ ਲਾਜ਼ਮੀ ਸ਼ਰਤਾਂ ਤੇ ਮਜਬੂਰੀਆਂ ਨੂੰ ਸਮਝਣ ਦੀ ਲੋੜ ਹੈ-ਜੋ ਤਰਕਸੰਗਤ ਵਿਚਾਰਾਂ ਰਾਹੀਂ ਆਮ ਬੰਦਾ ਵੀ ਸਮਝ ਸਕਦਾ ਹੈ। (ਪਰ ਇਹ ਹਾਲਾਤ ਬਦਲਣ ਲਈ ਸਮਾਜਵਾਦੀ ਸਮਾਜਾਂ ਦੀ ਲੋੜ ਹੈ ਜਿਸ ਲਈ ਲੱਖਾਂ ਲੈਨਿਨ ਤੇ ਕਿਉਬਾ ਦੇ ਫੀਦਲ ਕਾਸਤਰੋ ਚਾਹੀਦੇ ਹਨ।)

Gurdial Singh with HUN


ਹੁਣ: ਸੁਣਿਆ ਹੈ ਕਿ ਤੰਗੀ ਵਿਚ ਆ ਕੇ ਤੈਨੂੰ ਆਪਣੀ ਪਤਨੀ ਦੇ ਗਹਿਣੇ ਵੇਚਣੇ ਪਏ ਸੀ, ਜਿਹਨਾਂ ਵਿਚ ਸੱਗੀ ਵੀ ਸੀ। ਕੀ ਇਹ ਸੱਗੀ ਮੁੜ ਕੇ ਬਣ ਸਕੀ? ਗੁਰਦਿਆਲ ਸਿੰਘ : ਸੱਗੀ ਵੇਚਣ ਮਗਰੋਂ ਤਾਂ ਸਾਰੀ ਉਮਰ ਕਬੀਲਦਾਰੀ ਦੀਆਂ ਸਮੱਸਿਆਵਾਂ ਨੇ ਅੱਜ ਤੱਕ ਵੀ ਪਿੱਛਾ ਨਹੀਂ ਛੱਡਿਆ। ਪਰ ਜਦੋਂ 50 ਸਾਲ ਦੇ ਨੇੜੇ ਪਹੁੰਚ ਕੇ ਕਦੇ ਸੱਗੀ ਬਣਵਾਉਣ ਜੋਗੇ ਹੋਏ ਸੀ ਉਦੋਂ ਸਾਡੀ Ḕਭਾਗਾਂਵਾਲੀ-ਮੇਰੀ ਪਤਨੀ ਬਲਵੰਤ ਕੌਰ- ਦੀ ਪਹਿਣਨ-ਖਾਣ ਦੀ ਉਮਰ ਹੀ ਨਹੀਂ ਸੀ ਰਹੀ। ਪਿਛਲੇ ਚਾਲੀ ਸਾਲ ਤੋਂ ਉਹਨੇ ਕਦੇ ਉਂਗਲ ਵਿਚ ਚਾਂਦੀ ਦਾ ਛੱਲਾ ਵੀ ਨਹੀਂ ਪਹਿਨਿਆ। ਨਾ ਕੰਨਾਂ ਚ ਕੋਈ ਗਹਿਣਾ, ਨਾ ਨੱਕ ਚ ਕੋਕਾ-ਹੋਰ ਤਾਂ ਕੀ ਪਹਿਨਣਾ ਸੀ, 40 ਸਾਲ ਦੀ ਉਮਰ ਤੋਂ ਮਗਰੋਂ ਕਦੇ ਕੱਚ ਦੀਆਂ ਚੂੜੀਆਂ ਵੀ ਨਹੀਂ ਚੜ੍ਹਾਈਆਂ। ਉਹ ਨਿਪਟ ਅਣਪੜ੍ਹ ਹੈ। ਪੰਜਾਬੀ ਮੈਂ ਹੀ ਸਿਖਾਈ ਸੀ, ਪਰ ਕਬੀਲਦਾਰੀ ਦੇ ਝਮੇਲਿਆਂ ਨੇ ਉਹ ਵੀ ਭੁਲਾ ਦਿੱਤੀ। ਜੇ ਦਸਖ਼ਤ ਕਰਨੇ ਪੈ ਜਾਣ ਤਾਂ ਉਹਦਾ ਹੱਥ ਕੰਬਣ ਲੱਗ ਪੈਂਦਾ ਹੈ। ਮੇਰੀਆਂ ਕਿਤਾਬਾਂ ਵਿਚੋਂ ਉਹਨੂੰ ਅੱਧੀਆਂ ਤੋਂ ਵੱਧ ਦੇ ਨਾਂ ਵੀ ਯਾਦ ਨਹੀਂ। ਜੇ ਉਹ ਅਜਿਹੀ ਨਾ ਹੁੰਦੀ ਤਾਂ ਜੋ ਕੁਝ ਵੀ ਪਿਛਲੇ ਪੰਜ-ਛੇ ਦਹਾਕਿਆਂ ਵਿਚ ਮੈਂ ਕਰ ਸਕਿਆ ਹਾਂ, ਉਹ ਸੰਭਵ ਨਹੀਂ ਸੀ ਹੋਣਾ। ੍ਹੁਣ: ਤੂੰ ਬਹੁਤ ਬਰੀਕ ਪੀਹਣ ਵਾਲਾ ਕਥਾਕਾਰ ਏਂ। ਕੀ ਕੋਈ ਮਹਾਂਬਿਰਤਾਂਤ ਤੇਰੇ ਵੱਸ ਦੀ ਗੱਲ ਨਹੀਂ? ਗੁਰਦਿਆਲ ਸਿੰਘ : ਮਹਾਂਬਿਰਤਾਂਤ ਲਈ ਅਸੀਮ ਗਿਆਨ, ਵਿਦਵਤਾ, ਅਨੁਭਵ, ਪ੍ਰਤਿਭਾ, ਸਮਰਥਾ, ਸਮਾਂ, ਇਕਾਗਰਤਾ, ਮਾਹੌਲ ਤੇ ਹੋਰ ਵੀ ਬੜਾ ਕੁਝ ਚਾਹੀਦਾ ਹੁੰਦਾ ਹੈ। ਪਰ ਮੇਰੇ ਕੋਲ ਇਹਨਾਂ ਵਿਚੋਂ ਬਹੁਤਾ ਕੁਝ ਹੈ ਨਹੀਂ। ਇਸ ਲਈ ਕਦੇ ਸੋਚਿਆ ਹੀ ਨਹੀਂ। Ḕਅਣਹੋਏ ਤੇ Ḕਪਰਸਾ ਵੱਡੇ ਆਕਾਰ ਦੇ ਨਾਵਲ ਹਨ, ਪਰ ਉਹਨਾਂ ਦੀ ਵੀ ਆਪਣੀ ਸੀਮਾ ਹੈ। ਐਵੇਂ Ḕਕਾਗਦ ਕਾਰੇ ਲਿਖ ਲਿਖ Ḕਪੋਥਿਆਂ ਦੀ ਗਿਣਤੀ ਵਧਾਉਣ ਦੀ ਨਾ ਕਦੇ ਇੱਛਾ ਸੀ ਨਾ ਸਮਰੱਥਾ। ਜੋ ਕਰ ਸਕਿਆ -ਚੰਗਾ ਮਾੜਾ- ਉਸੇ ਜੋਗਾ ਸਾਂ, ਸੋ ਕਰੀ ਗਿਆ। ਹੋਰ ਵੀ ਜੇ ਕੁਝ ਸੰਭਵ ਹੋਇਆ ਕਰਾਂਗਾ, ਪਰ ਵੱਡੇ ਦਾਅਵੇ ਕਰਨ ਦਾ ਸਮਾਂ ਹੀ ਨਹੀਂ ਬਚਿਆ। ੍ਹੁਣ: ਆਪਣੇ ਬਾਪ ਨੂੰ ਤੂੰ ਚਾਚਾ ਕਹਿੰਦਾ ਸੀ। ਤੇਰੇ ਅਨੁਸਾਰ ਉਹ ਦੱਬੂ ਤਬੀਅਤ ਦਾ ਸੀ। ਕਿਸੇ ਨਾ ਕਿਸੇ ਤਰ੍ਹਾਂ ਸਾਰੀ ਉਮਰ ਹੀ ਉਸ ਨਾਲ ਤੇਰੀ ਮੀਚਾ ਨਹੀਂ ਮਿਲੀ। ਕਿਉਂ? ਗੁਰਦਿਆਲ ਸਿੰਘ : ਮੈਂ ਆਪ ਕਿਹੜਾ Ḕਜਿਉਣਾ ਮੌੜ ਸੀ! æææ ਮੇਰਾ ਸੁਭਾਅ ਵੀ ਚਾਚੇ ਤੋਂ ਬਹੁਤਾ ਵੱਖਰਾ ਨਹੀਂ ਸੀ। ਪਰ ਸ਼ਾਇਦ ਤਾਏ ਬਿਸ਼ਨੇ ਦੇ ਵਧੇਰੇ ਪ੍ਰਭਾਵ ਕਰਕੇ ਮੈਨੂੰ ਦੱਬੂ, ਡਰਾਕਲ਼ ਤੇ ਕਮਦਿਲ ਬੰਦੇ ਕਦੇ ਵੀ ਚੰਗੇ ਨਹੀਂ ਲੱਗੇ। ਇਕ ਵਾਰ ਪੰਜਾਬ ਯੂਨੀਵਰਸਿਟੀ ਵਿਚ Ḕਸਪੈਸ਼ਲ ਲੈਕਚਰ ਲਈ ਸੱਦਾ ਮਿਲਿਆ ਤਾਂ ਲੈਕਚਰ ਮਗਰੋਂ, ਮੇਰੇ ਸਭ ਤੋਂ ਨੇੜੇ ਦੇ ਮਿੱਤਰ ਡਾਕਟਰ ਕੇਸਰ ਨੇ ਵੀ ਇਹੋ ਸਵਾਲ ਪੁੱਛ ਲਿਆ ਸੀ। -ਉਹਨੂੰ ਮੇਰੀ ਜ਼ਿੰਦਗੀ ਤੇ ਸੁਭਾਅ ਬਾਰੇ, ਹੋਰ ਕਿਸੇ ਵੀ ਦੋਸਤ ਤੋਂ ਵਧੇਰੇ ਜਾਣਕਾਰੀ ਸੀ, ਕਿਉਂਕਿ ਚਾਲ਼ੀ ਸਾਲ ਤੋਂ ਚੰਡੀਗੜ੍ਹ ਗਿਆ ਹਮੇਸ਼ਾ ਉਸੇ ਦੇ ਘਰ ਠਹਿਰਦਾ ਸਾਂ- ਉਹਦਾ ਸਵਾਲ ਸੀ; Ḕਤੂੰ ਬਹੁਤ ਨਰਮ ਸੁਭਾਅ ਦਾ ਬੰਦਾ ਹੈਂ ਪਰ ਤੇਰੇ Ḕਬਿਸ਼ਨੇ, ਮੋਦਨ, ਪਰਸੇ ਵਰਗੇ ਪਾਤਰ ਹੇਠਲੀ ਉੱਤੇ ਕਰਨ ਵਾਲੇ ਦਲੇਰ, ਖਾੜਕੂ ਹਨ। ਇਹਦਾ ਕਾਰਨ? ਮੇਰਾ ਜਵਾਬ ਸੀ; Ḕਮੈਂ ਅੰਦਰੋਂ ਕਮਜ਼ੋਰ ਨਹੀਂ ਹਾਂ, ਪਰ ਆਪਣੇ ਪਾਤਰਾਂ ਵਰਗਾ ਵੀ ਬਿਲਕੁਲ ਨਹੀਂ। Ḕਅੱਧ ਚਾਨਣੀ ਰਾਤ ਦਾ ਨਾਇਕ ਮੋਦਨ ਘਣੇਂ ਦਾ ਕਤਲ ਕਰ ਦਿੰਦਾ ਹੈ, ਪਰ ਮੈਥੋਂ ਕਦੇ ਕੁੱਤੇ ਦੇ ਵੀ ਚੱਜ ਨਾਲ ਡੰਡਾ ਨਹੀਂ ਮਾਰਿਆ ਗਿਆ। ਇਹਦਾ ਕਾਰਨ ਇਹੋ ਹੈ ਕਿ ਮੈਂ ਆਪਣੀਆਂ ਕਮਜ਼ੋਰੀਆਂ ਤੇ ਔਗਣਾਂ ਬਾਰੇ ਸਚੇਤ ਹਾਂ ਤੇ ਇਹਨਾਂ ਤੋਂ ਨਫ਼ਰਤ ਵੀ ਹੈ। ਇਸ ਲਈ ਆਪਣਾ ਕੋਈ ਵੀ ਔਗਣ, ਆਪਣੇ ਪਾਤਰਾਂ ਚ ਦੇਖਣਾ ਨਹੀਂ ਚਾਹੁੰਦਾ। ਚਾਚੇ ਨਾਲ ਮੇਰੇ ਵਿਰੋਧ ਦੇ ਕਈ ਕਾਰਨ ਸਨ। ਇਕ ਇਹ ਵੀ ਕਿ ਜਦੋਂ ਮੈਂ ਕੰਮ ਉਹਦੀ ਇੱਛਾ ਅਨੁਸਾਰ ਨਹੀਂ ਸੀ ਕਰਦਾ ਤਾਂ ਉਹ ਕਿਸੇ ਦੇ ਵੀ ਸਾਹਮਣੇ ਮੇਰੀ ਸ਼ਿਕਾਇਤ ਕਰਨ ਲੱਗ ਪੈਂਦਾ। ਉਹਨੂੰ ਨਹੀਂ ਸੀ ਪਤਾ ਕਿ ਅਲ੍ਹੜ ਉਮਰ ਦੇ ਪੁੱਤਰ ਉੱਤੇ ਉਸਦੀ ਕਿਸੇ ਤੀਜੇ ਕੋਲ ਬਦਖੋਈ ਕਰਨ ਦੇ ਕਿਹੋ-ਜਿਹੇ ਮਾਨਸਿਕ ਪ੍ਰਭਾਵ ਹੋ ਸਕਦੇ ਹਨ। ਉਹਦੀ ਇਹ ਵੀ ਮਜਬੂਰੀ ਸੀ ਕਿ ਕੰਮ ਉਸਦੀ ਲੋੜ ਅਨੁਸਾਰ ਨਾ ਕਰਨ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਪਰ ਜਿਵੇਂ-ਜਿਵੇਂ ਮੇਰੇ ਮਨ ਅੰਦਰ ਸਰੀਰਕ ਕੰਮ ਛੱਡ ਕੇ ਪੜ੍ਹਨ-ਲਿਖਣ ਦੀ ਰੁਚੀ ਵਧਦੀ ਗਈ, ਸਾਡੀ ਦੂਰੀ ਵੀ ਵਧਦੀ ਗਈ। ਜਦੋਂ ਮੈਨੂੰ ਕੁਝ ਸੰਦ ਤੇ ਦੋ ਤਿੰਨ ਕਿੱਕਰ, ਟਾਹਲੀ ਦੇ ਮੁੱਚਰ ਦੇ ਕੇ ਅੱਡ ਕਰ ਦਿੱਤਾ ਸੀ ਤਾਂ ਆਪਣੇ ਸਵੈਮਾਣ ਨੂੰ ਕਾਇਮ ਰੱਖਣ ਲਈ, ਗੱਡੇ ਦੀ ਜੋੜੀ ਇਕੱਲੇ ਨੇ ਬਣਾ ਕੇ ਵੇਚੀ ਸੀ। ਉਦੋਂ ਨਾ ਮੈਂ ਉਸ ਤੋਂ ਕੋਈ ਸਹਾਇਤਾ ਮੰਗੀ ਤੇ ਨਾ ਉਹਨੇ ਸਹਾਇਤਾ ਕੀਤੀ। ਉਸ ਮਗਰੋਂ ਢਾਈ ਤਿੰਨ ਸਾਲ ਮੈਂ ਕਿਹੜੀਆਂ ਤੰਗੀਆਂ-ਤੁਰਸ਼ੀਆਂ ਚੋਂ ਗੁਜ਼ਰਿਆ -ਕਦੇ ਪੜ੍ਹਾਈ ਤੇ ਕਦੇ ਟੈਂਕੀਆਂ ਬਣਾਉਣ ਵਿਚ ਲੱਗ ਜਾਂਦਾ ਰਿਹਾ- ਉਸਦਾ ਜ਼ਿਕਰ ਮੈਂ ਆਪਣੀ ਸਵੈਜੀਵਨੀ -ਨਿਆਣਮੱਤੀਆਂ ਤੇ ਦੁਜੀ ਦੇਹੀ- ਵਿਚ ਵਿਸਥਾਰ ਨਾਲ ਕੀਤਾ ਹੈ, ਜਿਸ ਨਾਲ ਸਾਡੀ ਵਧਦੀ ਦੂਰੀ ਦੇ ਕਾਰਨ ਪਤਾ ਲੱਗ ਜਾਂਦੇ ਹਨ। ਮੈਨੂੰ ਉਦੋਂ ਵੀ ਪਤਾ ਸੀ ਤੇ ਮਗਰੋਂ ਵੀ ਕਿ ਦੋਸ਼-ਦੋਸ਼ ਵੀ ਨਹੀਂ ਮਜਬੂਰੀ- ਸਿਰਫ਼ ਇਹ ਸੀ ਕਿ ਟੱਬਰ ਦੇ ਗੁਜ਼ਾਰੇ ਲਈ ਉਹਨੇ ਮੈਨੂੰ ਛੇ-ਸੱਤ ਸਾਲ ਬਹੁਤ ਸਖ਼ਤ ਕੰਮ ਵਿਚ ਲਾਈ ਰੱਖਿਆ। ਜਦੋਂ ਲਗਪਗ ਦਸ ਰੁਪਏ ਰੋਜ਼ ਦੀ ਕਮਾਈ ਛੱਡ ਕੇ ਸਿਰਫ਼ 60 ਰੁਪਏ ਮਹੀਨਾ -ਦੋ ਰੁਪਏ Ḕਦਿਹਾੜੀ- ਤੇ ਨੌਕਰੀ ਕਰ ਲਈ ਸੀ ਤਾਂ ਉਹ ਮੇਰੀ ਮੂਰਖ਼ਤਾ ਤੋਂ ਦੁਖੀ ਰਿਹਾ। ਅਜਿਹੇ ਕਾਰਨਾਂ ਕਰਕੇ ਹੀ ਸਾਡੀ ਦੁਰੀ ਏਨੀਂ ਵਧਦੀ ਗਈ ਕਿ, ਅੱਲੜ੍ਹ ਉਮਰ ਦੇ ਉਪਭਾਵਕ ਪ੍ਰਤੀਕਰਮਾਂ ਕਾਰਨ ਨਾ ਮੈਂ ਉਹਨੂੰ ਮਾਫ ਕਰ ਸਕਿਆ ਤੇ ਨਾ ਉਹਨੇ ਕਦੇ ਮੈਨੂੰ ਮਾਫ਼ ਕੀਤਾ। ਉਹ ਸਿੱਧਾ-ਸਾਦਾ ਬਹੁਤ ਵਧੀਆ ਤੇ ਮਿਹਨਤੀ ਕਾਰੀਗਰ ਸੀ। ਅਕਸਰ ਟੈਂਕੀਆਂ ਦੀ ਚਾਦਰ, ਮਿਲਖੀ ਲੋਹਟੀਏ ਤੋਂ ਉਧਾਰ ਲਿਆ ਕੇ, ਉਸ ਸਾਮਾਨ ਦਾ ਮੁਨਾਫ਼ਾ ਉਹਨੂੰ ਦੇ ਆਉਂਦਾ ਤੇ ਉਸ ਕੋਲ ਸਿਰਫ਼ ਹੱਢ-ਭੰਨਵੀਂ ਮਜ਼ਦੂਰੀ ਦੇ ਹੀ ਪੈਸੇ ਬਚਦੇ; ਜਦੋਂ ਕਿ ਮੈਂ ਨਕਦ ਪੈਸੇ ਦੇ ਕੇ ਟੈਂਕੀਆਂ ਦਾ ਸਾਮਾਨ ਨਕਦ ਲਿਆ ਕੇ, ਮਿਲਖੀ ਨੂੰ ਦਿੱਤੇ, ਵਾਧੂ ਮੁਨਾਫੇ ਦਾ ਵਿਰੋਧ ਕਰਦਾ ਸਾਂ -ਜਦੋਂ ਕਿ ਸਾਮਾਨ ਲਿਆਉਣ ਜੋਗੇ ਪੈਸੇ ਵੀ ਘਰੇ ਪਏ ਹੁੰਦੇ ਸਨ। ਅਜਿਹੇ ਹੀ ਕਾਰਨ ਸਨ ਕਿ ਉਹਦੇ ਬੇਕਸੁਰ ਹੋਣ ਤੇ ਮਜ਼ਦੂਰ ਦੀ ਮਾਨਸਿਕਤਾ ਦਾ ਸ਼ਿਕਾਰ ਹੋਣ ਕਰਕੇ ਉਹ ਪੁਰਾਣੇ ਵਿਚਾਰਾਂ ਨੂੰ ਸਾਰੀ ਉਮਰ ਨਾ ਤਿਆਗ ਸਕਿਆ, ਤੇ ਮੈਂ ਅੱਲੜ੍ਹ ਉਮਰ ਦੇ ਗਹਿਰੇ ਪ੍ਰਭਾਵਾਂ ਤੋਂ ਮੁਕਤ ਨਾ ਹੋ ਸਕਿਆ। ਕਸੂਰ ਨਾ ਚਾਚੇ ਦਾ ਸੀ ਨਾ ਮੇਰਾ, ਦੋਏ ਸਮਾਜਿਕ ਵਿਵਸਥਾ ਦੇ ਪਲੰਜੇ ਵਿਚ ਜਕੜੇ ਹੋਏ ਸਾਂ। ਹੁਣ: ਆਪਣੀਆਂ ਮਾਵਾਂ ਬਾਰੇ ਅਕਸਰ ਲੋਕ ਜਜ਼ਬਾਤੀ ਹਨ। ਤੂੰ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰਦਾ। ਕਿਹੋ ਜਿਹੀ ਸੀ ਉਹ? ਗੁਰਦਿਆਲ ਸਿੰਘ : ਆਪਣੀ ਮਾਂ ਬਾਰੇ ਮੈਂ ਉਨਾਂ ਕੁ ਜ਼ਿਕਰ ਸਵੈਜੀਵਨੀ ਚ ਕੀਤਾ ਹੈ ਜੋ ਸੰਭਵ ਸੀ -ਜਾਂ ਜਿੰਨੇ ਦੀ ਲੋੜ ਮਹਿਸੁਸ ਹੋਈ- ਉਸ ਤੋਂ ਵੱਧ ਜਜ਼ਬਾਤੀ ਹੋ ਕੇ ਉਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਸਮਝੀ। ਉਂਜ ਮੇਰੀ ਮਾਂ ਵੀ ਚਾਚੇ ਵਾਂਗ ਸਧਾਰਨ ਤੇ ਚੰਗੀ ਸਚਿਆਰੀ ਔਰਤ ਸੀ; ਪੁਰਾਣੇ ਵਿਚਾਰਾਂ ਤੇ ਪਰੰਪਰਾ ਵਿਚ ਰਹਿਣ ਵਾਲੀ। ਸਾਧਾਰਨ ਤੇ ਚੰਗੇ ਬੰਦਿਆਂ ਬਾਰੇ ਲੇਖਕ ਦੇ ਨਾਤੇ ਉਹਨੂੰ ਸੌ ਵਾਰ Ḕਚੰਗੀ ਚੰਗੀ ਤੇ Ḕਸਿਆਣੀ ਸਚਿਆਰੀ ਹੀ ਕਿਹਾ ਜਾ ਸਕਦਾ ਸੀ। ਵਧੇਰੇ ਉਪਭਾਵਕ ਹੋ ਕੇ ਕੁਝ ਕਹਿਣ ਨਾਲ ਮਾਂ ਵਜੋਂ ਉਹਦਾ ਦਰਜਾ ਵਧ ਨਹੀਂ ਸੀ ਸਕਦਾ। ੍ਹੁਣ: ਤੇਰੀ ਸਾਰੀ ਲਿਖਤ ਵਿਚ ਇਸਤਰੀ ਪਾਤਰ ਉਨੇ ਨਹੀਂ ਉਭਰਦੇ ਜਿੰਨੇ ਮਰਦ? ਗੁਰਦਿਆਲ ਸਿੰਘ : Ḕਅਣਹੋਏ ਨਾਵਲ ਦੀ ਤਾਈ ਦਿਆ ਕੁਰ, ਪਰਸਾ ਨਾਵਲ ਦੀ ਮੁਖਤਿਆਰੋ, ਮੜ੍ਹੀ ਦੇ ਦੀਵੇ ਦੀ ਭਾਨੀ, ਕੁਵੇਲਾ ਨਾਵਲ ਦੀ ਹੀਰਾ ਦੇਵੀ, ਕਿਸੇ ਪੱਖੋਂ ਵੀ ਕਮਜ਼ੋਰ ਔਰਤਾਂ ਨਹੀਂ; ਕਈ ਕਹਿੰਦੇ ਕਹਾਉਂਦੇ ਮਰਦਾਂ ਨਾਲੋਂ ਵੀ ਦਲੇਰ ਤੇ ਤਕੜੀਆਂ ਹਨ। ਪਰ ਇਸਦੇ ਬਾਵਜੂਦ ਮੈਨੂੰ ਭਾਰਤੀ, ਪੰਜਾਬੀ ਸਮਾਜ ਵਿਚ ਇਸਤਰੀ ਦੇ ਜੀਵਨ ਯਥਾਰਥ ਦੀ ਵੀ ਜਾਣਕਾਰੀ ਹੈ। ਉਹ ਰਾਣੀ ਝਾਂਸੀ ਤੇ ਮਾਈ ਭਾਗੋ ਵਾਂਗ ਤਲਵਾਰਾਂ ਫੜ ਕੇ ਜੰਗ ਦੇ ਮੈਦਾਨ ਵਿਚ ਜੂਝਣ ਜੋਗੀਆਂ ਕਦੇ ਵੀ ਨਹੀਂ ਸਨ ਨਾ ਹਨ। ਭਾਰਤੀ ਸਮਾਜ ਅੱਜ ਵੀ ਪੁਰਾਣੀਆਂ ਪਰੰਪਰਾਵਾਂ ਤੋਂ ਵਧੇਰੇ ਮੁਕਤ ਨਹੀਂ ਹੋ ਸਕਿਆ। ਪੁਰਾਣੇ ਵਿਚਾਰਾਂ ਅਨੁਸਾਰ ਤਾਂ ਔਰਤਾਂ ਨੂੰ Ḕਵਿਸ ਗੰਦਲਾਂ ਕਿਹਾ ਜਾਂਦਾ ਰਿਹਾ ਹੈ। ਮਨੂੰ ਸਿਮ੍ਰਤੀ ਵਿਚ ਏਥੋਂ ਤੱਕ ਲਿਖਿਆ ਹੈ ਕਿ, Ḕਇਸਤਰੀਆਂ ਦੇ ਸੰਸਕਾਰ ਵੇਦ ਮੰਤ੍ਰਾਂ ਅਨੁਸਾਰ ਨਹੀਂ ਕੀਤੇ ਜਾਂਦੇ -ਨਹੀਂ ਕੀਤੇ ਜਾਣੇ ਚਾਹੀਦੇ- ਇਹ ਧਰਮ ਦਾ ਫੈਸਲਾ ਹੈ। ਇਸਤਰੀਆਂ ਅਗਿਆਨਤਾ, ਵੇਦ ਮੰਤ੍ਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤ ਹਨ। ( "ਹੁਣ" ਚੋਂ ਧੰਨਵਾਦ ਸਹਿਤ)