ਹੁਣ: ਸੁਣਿਆ ਹੈ ਕਿ ਤੰਗੀ ਵਿਚ ਆ ਕੇ ਤੈਨੂੰ ਆਪਣੀ ਪਤਨੀ ਦੇ ਗਹਿਣੇ ਵੇਚਣੇ ਪਏ ਸੀ, ਜਿਹਨਾਂ ਵਿਚ ਸੱਗੀ ਵੀ ਸੀ। ਕੀ ਇਹ ਸੱਗੀ ਮੁੜ ਕੇ ਬਣ ਸਕੀ? ਗੁਰਦਿਆਲ ਸਿੰਘ : ਸੱਗੀ ਵੇਚਣ ਮਗਰੋਂ ਤਾਂ ਸਾਰੀ ਉਮਰ ਕਬੀਲਦਾਰੀ ਦੀਆਂ ਸਮੱਸਿਆਵਾਂ ਨੇ ਅੱਜ ਤੱਕ ਵੀ ਪਿੱਛਾ ਨਹੀਂ ਛੱਡਿਆ। ਪਰ ਜਦੋਂ 50 ਸਾਲ ਦੇ ਨੇੜੇ ਪਹੁੰਚ ਕੇ ਕਦੇ ਸੱਗੀ ਬਣਵਾਉਣ ਜੋਗੇ ਹੋਏ ਸੀ ਉਦੋਂ ਸਾਡੀ Ḕਭਾਗਾਂਵਾਲੀ-ਮੇਰੀ ਪਤਨੀ ਬਲਵੰਤ ਕੌਰ- ਦੀ ਪਹਿਣਨ-ਖਾਣ ਦੀ ਉਮਰ ਹੀ ਨਹੀਂ ਸੀ ਰਹੀ। ਪਿਛਲੇ ਚਾਲੀ ਸਾਲ ਤੋਂ ਉਹਨੇ ਕਦੇ ਉਂਗਲ ਵਿਚ ਚਾਂਦੀ ਦਾ ਛੱਲਾ ਵੀ ਨਹੀਂ ਪਹਿਨਿਆ। ਨਾ ਕੰਨਾਂ ਚ ਕੋਈ ਗਹਿਣਾ, ਨਾ ਨੱਕ ਚ ਕੋਕਾ-ਹੋਰ ਤਾਂ ਕੀ ਪਹਿਨਣਾ ਸੀ, 40 ਸਾਲ ਦੀ ਉਮਰ ਤੋਂ ਮਗਰੋਂ ਕਦੇ ਕੱਚ ਦੀਆਂ ਚੂੜੀਆਂ ਵੀ ਨਹੀਂ ਚੜ੍ਹਾਈਆਂ।
ਉਹ ਨਿਪਟ ਅਣਪੜ੍ਹ ਹੈ। ਪੰਜਾਬੀ ਮੈਂ ਹੀ ਸਿਖਾਈ ਸੀ, ਪਰ ਕਬੀਲਦਾਰੀ ਦੇ ਝਮੇਲਿਆਂ ਨੇ ਉਹ ਵੀ ਭੁਲਾ ਦਿੱਤੀ। ਜੇ ਦਸਖ਼ਤ ਕਰਨੇ ਪੈ ਜਾਣ ਤਾਂ ਉਹਦਾ ਹੱਥ ਕੰਬਣ ਲੱਗ ਪੈਂਦਾ ਹੈ। ਮੇਰੀਆਂ ਕਿਤਾਬਾਂ ਵਿਚੋਂ ਉਹਨੂੰ ਅੱਧੀਆਂ ਤੋਂ ਵੱਧ ਦੇ ਨਾਂ ਵੀ ਯਾਦ ਨਹੀਂ। ਜੇ ਉਹ ਅਜਿਹੀ ਨਾ ਹੁੰਦੀ ਤਾਂ ਜੋ ਕੁਝ ਵੀ ਪਿਛਲੇ ਪੰਜ-ਛੇ ਦਹਾਕਿਆਂ ਵਿਚ ਮੈਂ ਕਰ ਸਕਿਆ ਹਾਂ, ਉਹ ਸੰਭਵ ਨਹੀਂ ਸੀ ਹੋਣਾ।
੍ਹੁਣ: ਤੂੰ ਬਹੁਤ ਬਰੀਕ ਪੀਹਣ ਵਾਲਾ ਕਥਾਕਾਰ ਏਂ। ਕੀ ਕੋਈ ਮਹਾਂਬਿਰਤਾਂਤ ਤੇਰੇ ਵੱਸ ਦੀ ਗੱਲ ਨਹੀਂ?
ਗੁਰਦਿਆਲ ਸਿੰਘ : ਮਹਾਂਬਿਰਤਾਂਤ ਲਈ ਅਸੀਮ ਗਿਆਨ, ਵਿਦਵਤਾ, ਅਨੁਭਵ, ਪ੍ਰਤਿਭਾ, ਸਮਰਥਾ, ਸਮਾਂ, ਇਕਾਗਰਤਾ, ਮਾਹੌਲ ਤੇ ਹੋਰ ਵੀ ਬੜਾ ਕੁਝ ਚਾਹੀਦਾ ਹੁੰਦਾ ਹੈ। ਪਰ ਮੇਰੇ ਕੋਲ ਇਹਨਾਂ ਵਿਚੋਂ ਬਹੁਤਾ ਕੁਝ ਹੈ ਨਹੀਂ। ਇਸ ਲਈ ਕਦੇ ਸੋਚਿਆ ਹੀ ਨਹੀਂ। Ḕਅਣਹੋਏ ਤੇ Ḕਪਰਸਾ ਵੱਡੇ ਆਕਾਰ ਦੇ ਨਾਵਲ ਹਨ, ਪਰ ਉਹਨਾਂ ਦੀ ਵੀ ਆਪਣੀ ਸੀਮਾ ਹੈ। ਐਵੇਂ Ḕਕਾਗਦ ਕਾਰੇ ਲਿਖ ਲਿਖ Ḕਪੋਥਿਆਂ ਦੀ ਗਿਣਤੀ ਵਧਾਉਣ ਦੀ ਨਾ ਕਦੇ ਇੱਛਾ ਸੀ ਨਾ ਸਮਰੱਥਾ। ਜੋ ਕਰ ਸਕਿਆ -ਚੰਗਾ ਮਾੜਾ- ਉਸੇ ਜੋਗਾ ਸਾਂ, ਸੋ ਕਰੀ ਗਿਆ। ਹੋਰ ਵੀ ਜੇ ਕੁਝ ਸੰਭਵ ਹੋਇਆ ਕਰਾਂਗਾ, ਪਰ ਵੱਡੇ ਦਾਅਵੇ ਕਰਨ ਦਾ ਸਮਾਂ ਹੀ ਨਹੀਂ ਬਚਿਆ। ੍ਹੁਣ: ਆਪਣੇ ਬਾਪ ਨੂੰ ਤੂੰ ਚਾਚਾ ਕਹਿੰਦਾ ਸੀ। ਤੇਰੇ ਅਨੁਸਾਰ ਉਹ ਦੱਬੂ ਤਬੀਅਤ ਦਾ ਸੀ। ਕਿਸੇ ਨਾ ਕਿਸੇ ਤਰ੍ਹਾਂ ਸਾਰੀ ਉਮਰ ਹੀ ਉਸ ਨਾਲ ਤੇਰੀ ਮੀਚਾ ਨਹੀਂ ਮਿਲੀ। ਕਿਉਂ?
ਗੁਰਦਿਆਲ ਸਿੰਘ : ਮੈਂ ਆਪ ਕਿਹੜਾ Ḕਜਿਉਣਾ ਮੌੜ ਸੀ! æææ ਮੇਰਾ ਸੁਭਾਅ ਵੀ ਚਾਚੇ ਤੋਂ ਬਹੁਤਾ ਵੱਖਰਾ ਨਹੀਂ ਸੀ। ਪਰ ਸ਼ਾਇਦ ਤਾਏ ਬਿਸ਼ਨੇ ਦੇ ਵਧੇਰੇ ਪ੍ਰਭਾਵ ਕਰਕੇ ਮੈਨੂੰ ਦੱਬੂ, ਡਰਾਕਲ਼ ਤੇ ਕਮਦਿਲ ਬੰਦੇ ਕਦੇ ਵੀ ਚੰਗੇ ਨਹੀਂ ਲੱਗੇ। ਇਕ ਵਾਰ ਪੰਜਾਬ ਯੂਨੀਵਰਸਿਟੀ ਵਿਚ Ḕਸਪੈਸ਼ਲ ਲੈਕਚਰ ਲਈ ਸੱਦਾ ਮਿਲਿਆ ਤਾਂ ਲੈਕਚਰ ਮਗਰੋਂ, ਮੇਰੇ ਸਭ ਤੋਂ ਨੇੜੇ ਦੇ ਮਿੱਤਰ ਡਾਕਟਰ ਕੇਸਰ ਨੇ ਵੀ ਇਹੋ ਸਵਾਲ ਪੁੱਛ ਲਿਆ ਸੀ। -ਉਹਨੂੰ ਮੇਰੀ ਜ਼ਿੰਦਗੀ ਤੇ ਸੁਭਾਅ ਬਾਰੇ, ਹੋਰ ਕਿਸੇ ਵੀ ਦੋਸਤ ਤੋਂ ਵਧੇਰੇ ਜਾਣਕਾਰੀ ਸੀ, ਕਿਉਂਕਿ ਚਾਲ਼ੀ ਸਾਲ ਤੋਂ ਚੰਡੀਗੜ੍ਹ ਗਿਆ ਹਮੇਸ਼ਾ ਉਸੇ ਦੇ ਘਰ ਠਹਿਰਦਾ ਸਾਂ- ਉਹਦਾ ਸਵਾਲ ਸੀ; Ḕਤੂੰ ਬਹੁਤ ਨਰਮ ਸੁਭਾਅ ਦਾ ਬੰਦਾ ਹੈਂ ਪਰ ਤੇਰੇ Ḕਬਿਸ਼ਨੇ, ਮੋਦਨ, ਪਰਸੇ ਵਰਗੇ ਪਾਤਰ ਹੇਠਲੀ ਉੱਤੇ ਕਰਨ ਵਾਲੇ ਦਲੇਰ, ਖਾੜਕੂ ਹਨ। ਇਹਦਾ ਕਾਰਨ? ਮੇਰਾ ਜਵਾਬ ਸੀ; Ḕਮੈਂ ਅੰਦਰੋਂ ਕਮਜ਼ੋਰ ਨਹੀਂ ਹਾਂ, ਪਰ ਆਪਣੇ ਪਾਤਰਾਂ ਵਰਗਾ ਵੀ ਬਿਲਕੁਲ ਨਹੀਂ। Ḕਅੱਧ ਚਾਨਣੀ ਰਾਤ ਦਾ ਨਾਇਕ ਮੋਦਨ ਘਣੇਂ ਦਾ ਕਤਲ ਕਰ ਦਿੰਦਾ ਹੈ, ਪਰ ਮੈਥੋਂ ਕਦੇ ਕੁੱਤੇ ਦੇ ਵੀ ਚੱਜ ਨਾਲ ਡੰਡਾ ਨਹੀਂ ਮਾਰਿਆ ਗਿਆ। ਇਹਦਾ ਕਾਰਨ ਇਹੋ ਹੈ ਕਿ ਮੈਂ ਆਪਣੀਆਂ ਕਮਜ਼ੋਰੀਆਂ ਤੇ ਔਗਣਾਂ ਬਾਰੇ ਸਚੇਤ ਹਾਂ ਤੇ ਇਹਨਾਂ ਤੋਂ ਨਫ਼ਰਤ ਵੀ ਹੈ। ਇਸ ਲਈ ਆਪਣਾ ਕੋਈ ਵੀ ਔਗਣ, ਆਪਣੇ ਪਾਤਰਾਂ ਚ ਦੇਖਣਾ ਨਹੀਂ ਚਾਹੁੰਦਾ।
ਚਾਚੇ ਨਾਲ ਮੇਰੇ ਵਿਰੋਧ ਦੇ ਕਈ ਕਾਰਨ ਸਨ। ਇਕ ਇਹ ਵੀ ਕਿ ਜਦੋਂ ਮੈਂ ਕੰਮ ਉਹਦੀ ਇੱਛਾ ਅਨੁਸਾਰ ਨਹੀਂ ਸੀ ਕਰਦਾ ਤਾਂ ਉਹ ਕਿਸੇ ਦੇ ਵੀ ਸਾਹਮਣੇ ਮੇਰੀ ਸ਼ਿਕਾਇਤ ਕਰਨ ਲੱਗ ਪੈਂਦਾ। ਉਹਨੂੰ ਨਹੀਂ ਸੀ ਪਤਾ ਕਿ ਅਲ੍ਹੜ ਉਮਰ ਦੇ ਪੁੱਤਰ ਉੱਤੇ ਉਸਦੀ ਕਿਸੇ ਤੀਜੇ ਕੋਲ ਬਦਖੋਈ ਕਰਨ ਦੇ ਕਿਹੋ-ਜਿਹੇ ਮਾਨਸਿਕ ਪ੍ਰਭਾਵ ਹੋ ਸਕਦੇ ਹਨ। ਉਹਦੀ ਇਹ ਵੀ ਮਜਬੂਰੀ ਸੀ ਕਿ ਕੰਮ ਉਸਦੀ ਲੋੜ ਅਨੁਸਾਰ ਨਾ ਕਰਨ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਪਰ ਜਿਵੇਂ-ਜਿਵੇਂ ਮੇਰੇ ਮਨ ਅੰਦਰ ਸਰੀਰਕ ਕੰਮ ਛੱਡ ਕੇ ਪੜ੍ਹਨ-ਲਿਖਣ ਦੀ ਰੁਚੀ ਵਧਦੀ ਗਈ, ਸਾਡੀ ਦੂਰੀ ਵੀ ਵਧਦੀ ਗਈ। ਜਦੋਂ ਮੈਨੂੰ ਕੁਝ ਸੰਦ ਤੇ ਦੋ ਤਿੰਨ ਕਿੱਕਰ, ਟਾਹਲੀ ਦੇ ਮੁੱਚਰ ਦੇ ਕੇ ਅੱਡ ਕਰ ਦਿੱਤਾ ਸੀ ਤਾਂ ਆਪਣੇ ਸਵੈਮਾਣ ਨੂੰ ਕਾਇਮ ਰੱਖਣ ਲਈ, ਗੱਡੇ ਦੀ ਜੋੜੀ ਇਕੱਲੇ ਨੇ ਬਣਾ ਕੇ ਵੇਚੀ ਸੀ। ਉਦੋਂ ਨਾ ਮੈਂ ਉਸ ਤੋਂ ਕੋਈ ਸਹਾਇਤਾ ਮੰਗੀ ਤੇ ਨਾ ਉਹਨੇ ਸਹਾਇਤਾ ਕੀਤੀ। ਉਸ ਮਗਰੋਂ ਢਾਈ ਤਿੰਨ ਸਾਲ ਮੈਂ ਕਿਹੜੀਆਂ ਤੰਗੀਆਂ-ਤੁਰਸ਼ੀਆਂ ਚੋਂ ਗੁਜ਼ਰਿਆ -ਕਦੇ ਪੜ੍ਹਾਈ ਤੇ ਕਦੇ ਟੈਂਕੀਆਂ ਬਣਾਉਣ ਵਿਚ ਲੱਗ ਜਾਂਦਾ ਰਿਹਾ- ਉਸਦਾ ਜ਼ਿਕਰ ਮੈਂ ਆਪਣੀ ਸਵੈਜੀਵਨੀ -ਨਿਆਣਮੱਤੀਆਂ ਤੇ ਦੁਜੀ ਦੇਹੀ- ਵਿਚ ਵਿਸਥਾਰ ਨਾਲ ਕੀਤਾ ਹੈ, ਜਿਸ ਨਾਲ ਸਾਡੀ ਵਧਦੀ ਦੂਰੀ ਦੇ ਕਾਰਨ ਪਤਾ ਲੱਗ ਜਾਂਦੇ ਹਨ।
ਮੈਨੂੰ ਉਦੋਂ ਵੀ ਪਤਾ ਸੀ ਤੇ ਮਗਰੋਂ ਵੀ ਕਿ ਦੋਸ਼-ਦੋਸ਼ ਵੀ ਨਹੀਂ ਮਜਬੂਰੀ- ਸਿਰਫ਼ ਇਹ ਸੀ ਕਿ ਟੱਬਰ ਦੇ ਗੁਜ਼ਾਰੇ ਲਈ ਉਹਨੇ ਮੈਨੂੰ ਛੇ-ਸੱਤ ਸਾਲ ਬਹੁਤ ਸਖ਼ਤ ਕੰਮ ਵਿਚ ਲਾਈ ਰੱਖਿਆ। ਜਦੋਂ ਲਗਪਗ ਦਸ ਰੁਪਏ ਰੋਜ਼ ਦੀ ਕਮਾਈ ਛੱਡ ਕੇ ਸਿਰਫ਼ 60 ਰੁਪਏ ਮਹੀਨਾ -ਦੋ ਰੁਪਏ Ḕਦਿਹਾੜੀ- ਤੇ ਨੌਕਰੀ ਕਰ ਲਈ ਸੀ ਤਾਂ ਉਹ ਮੇਰੀ ਮੂਰਖ਼ਤਾ ਤੋਂ ਦੁਖੀ ਰਿਹਾ। ਅਜਿਹੇ ਕਾਰਨਾਂ ਕਰਕੇ ਹੀ ਸਾਡੀ ਦੁਰੀ ਏਨੀਂ ਵਧਦੀ ਗਈ ਕਿ, ਅੱਲੜ੍ਹ ਉਮਰ ਦੇ ਉਪਭਾਵਕ ਪ੍ਰਤੀਕਰਮਾਂ ਕਾਰਨ ਨਾ ਮੈਂ ਉਹਨੂੰ ਮਾਫ ਕਰ ਸਕਿਆ ਤੇ ਨਾ ਉਹਨੇ ਕਦੇ ਮੈਨੂੰ ਮਾਫ਼ ਕੀਤਾ। ਉਹ ਸਿੱਧਾ-ਸਾਦਾ ਬਹੁਤ ਵਧੀਆ ਤੇ ਮਿਹਨਤੀ ਕਾਰੀਗਰ ਸੀ। ਅਕਸਰ ਟੈਂਕੀਆਂ ਦੀ ਚਾਦਰ, ਮਿਲਖੀ ਲੋਹਟੀਏ ਤੋਂ ਉਧਾਰ ਲਿਆ ਕੇ, ਉਸ ਸਾਮਾਨ ਦਾ ਮੁਨਾਫ਼ਾ ਉਹਨੂੰ ਦੇ ਆਉਂਦਾ ਤੇ ਉਸ ਕੋਲ ਸਿਰਫ਼ ਹੱਢ-ਭੰਨਵੀਂ ਮਜ਼ਦੂਰੀ ਦੇ ਹੀ ਪੈਸੇ ਬਚਦੇ; ਜਦੋਂ ਕਿ ਮੈਂ ਨਕਦ ਪੈਸੇ ਦੇ ਕੇ ਟੈਂਕੀਆਂ ਦਾ ਸਾਮਾਨ ਨਕਦ ਲਿਆ ਕੇ, ਮਿਲਖੀ ਨੂੰ ਦਿੱਤੇ, ਵਾਧੂ ਮੁਨਾਫੇ ਦਾ ਵਿਰੋਧ ਕਰਦਾ ਸਾਂ -ਜਦੋਂ ਕਿ ਸਾਮਾਨ ਲਿਆਉਣ ਜੋਗੇ ਪੈਸੇ ਵੀ ਘਰੇ ਪਏ ਹੁੰਦੇ ਸਨ।
ਅਜਿਹੇ ਹੀ ਕਾਰਨ ਸਨ ਕਿ ਉਹਦੇ ਬੇਕਸੁਰ ਹੋਣ ਤੇ ਮਜ਼ਦੂਰ ਦੀ ਮਾਨਸਿਕਤਾ ਦਾ ਸ਼ਿਕਾਰ ਹੋਣ ਕਰਕੇ ਉਹ ਪੁਰਾਣੇ ਵਿਚਾਰਾਂ ਨੂੰ ਸਾਰੀ ਉਮਰ ਨਾ ਤਿਆਗ ਸਕਿਆ, ਤੇ ਮੈਂ ਅੱਲੜ੍ਹ ਉਮਰ ਦੇ ਗਹਿਰੇ ਪ੍ਰਭਾਵਾਂ ਤੋਂ ਮੁਕਤ ਨਾ ਹੋ ਸਕਿਆ। ਕਸੂਰ ਨਾ ਚਾਚੇ ਦਾ ਸੀ ਨਾ ਮੇਰਾ, ਦੋਏ ਸਮਾਜਿਕ ਵਿਵਸਥਾ ਦੇ ਪਲੰਜੇ ਵਿਚ ਜਕੜੇ ਹੋਏ ਸਾਂ।
ਹੁਣ: ਆਪਣੀਆਂ ਮਾਵਾਂ ਬਾਰੇ ਅਕਸਰ ਲੋਕ ਜਜ਼ਬਾਤੀ ਹਨ। ਤੂੰ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰਦਾ। ਕਿਹੋ ਜਿਹੀ ਸੀ ਉਹ?
ਗੁਰਦਿਆਲ ਸਿੰਘ : ਆਪਣੀ ਮਾਂ ਬਾਰੇ ਮੈਂ ਉਨਾਂ ਕੁ ਜ਼ਿਕਰ ਸਵੈਜੀਵਨੀ ਚ ਕੀਤਾ ਹੈ ਜੋ ਸੰਭਵ ਸੀ -ਜਾਂ ਜਿੰਨੇ ਦੀ ਲੋੜ ਮਹਿਸੁਸ ਹੋਈ- ਉਸ ਤੋਂ ਵੱਧ ਜਜ਼ਬਾਤੀ ਹੋ ਕੇ ਉਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਸਮਝੀ। ਉਂਜ ਮੇਰੀ ਮਾਂ ਵੀ ਚਾਚੇ ਵਾਂਗ ਸਧਾਰਨ ਤੇ ਚੰਗੀ ਸਚਿਆਰੀ ਔਰਤ ਸੀ; ਪੁਰਾਣੇ ਵਿਚਾਰਾਂ ਤੇ ਪਰੰਪਰਾ ਵਿਚ ਰਹਿਣ ਵਾਲੀ। ਸਾਧਾਰਨ ਤੇ ਚੰਗੇ ਬੰਦਿਆਂ ਬਾਰੇ ਲੇਖਕ ਦੇ ਨਾਤੇ ਉਹਨੂੰ ਸੌ ਵਾਰ Ḕਚੰਗੀ ਚੰਗੀ ਤੇ Ḕਸਿਆਣੀ ਸਚਿਆਰੀ ਹੀ ਕਿਹਾ ਜਾ ਸਕਦਾ ਸੀ। ਵਧੇਰੇ ਉਪਭਾਵਕ ਹੋ ਕੇ ਕੁਝ ਕਹਿਣ ਨਾਲ ਮਾਂ ਵਜੋਂ ਉਹਦਾ ਦਰਜਾ ਵਧ ਨਹੀਂ ਸੀ ਸਕਦਾ।
੍ਹੁਣ: ਤੇਰੀ ਸਾਰੀ ਲਿਖਤ ਵਿਚ ਇਸਤਰੀ ਪਾਤਰ ਉਨੇ ਨਹੀਂ ਉਭਰਦੇ ਜਿੰਨੇ ਮਰਦ?
ਗੁਰਦਿਆਲ ਸਿੰਘ : Ḕਅਣਹੋਏ ਨਾਵਲ ਦੀ ਤਾਈ ਦਿਆ ਕੁਰ, ਪਰਸਾ ਨਾਵਲ ਦੀ ਮੁਖਤਿਆਰੋ, ਮੜ੍ਹੀ ਦੇ ਦੀਵੇ ਦੀ ਭਾਨੀ, ਕੁਵੇਲਾ ਨਾਵਲ ਦੀ ਹੀਰਾ ਦੇਵੀ, ਕਿਸੇ ਪੱਖੋਂ ਵੀ ਕਮਜ਼ੋਰ ਔਰਤਾਂ ਨਹੀਂ; ਕਈ ਕਹਿੰਦੇ ਕਹਾਉਂਦੇ ਮਰਦਾਂ ਨਾਲੋਂ ਵੀ ਦਲੇਰ ਤੇ ਤਕੜੀਆਂ ਹਨ। ਪਰ ਇਸਦੇ ਬਾਵਜੂਦ ਮੈਨੂੰ ਭਾਰਤੀ, ਪੰਜਾਬੀ ਸਮਾਜ ਵਿਚ ਇਸਤਰੀ ਦੇ ਜੀਵਨ ਯਥਾਰਥ ਦੀ ਵੀ ਜਾਣਕਾਰੀ ਹੈ। ਉਹ ਰਾਣੀ ਝਾਂਸੀ ਤੇ ਮਾਈ ਭਾਗੋ ਵਾਂਗ ਤਲਵਾਰਾਂ ਫੜ ਕੇ ਜੰਗ ਦੇ ਮੈਦਾਨ ਵਿਚ ਜੂਝਣ ਜੋਗੀਆਂ ਕਦੇ ਵੀ ਨਹੀਂ ਸਨ ਨਾ ਹਨ। ਭਾਰਤੀ ਸਮਾਜ ਅੱਜ ਵੀ ਪੁਰਾਣੀਆਂ ਪਰੰਪਰਾਵਾਂ ਤੋਂ ਵਧੇਰੇ ਮੁਕਤ ਨਹੀਂ ਹੋ ਸਕਿਆ। ਪੁਰਾਣੇ ਵਿਚਾਰਾਂ ਅਨੁਸਾਰ ਤਾਂ ਔਰਤਾਂ ਨੂੰ Ḕਵਿਸ ਗੰਦਲਾਂ ਕਿਹਾ ਜਾਂਦਾ ਰਿਹਾ ਹੈ। ਮਨੂੰ ਸਿਮ੍ਰਤੀ ਵਿਚ ਏਥੋਂ ਤੱਕ ਲਿਖਿਆ ਹੈ ਕਿ, Ḕਇਸਤਰੀਆਂ ਦੇ ਸੰਸਕਾਰ ਵੇਦ ਮੰਤ੍ਰਾਂ ਅਨੁਸਾਰ ਨਹੀਂ ਕੀਤੇ ਜਾਂਦੇ -ਨਹੀਂ ਕੀਤੇ ਜਾਣੇ ਚਾਹੀਦੇ- ਇਹ ਧਰਮ ਦਾ ਫੈਸਲਾ ਹੈ। ਇਸਤਰੀਆਂ ਅਗਿਆਨਤਾ, ਵੇਦ ਮੰਤ੍ਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤ ਹਨ।
( "ਹੁਣ" ਚੋਂ ਧੰਨਵਾਦ ਸਹਿਤ)
No comments:
Post a Comment