Tuesday, December 16, 2014

ਗੁਰਦਿਆਲ ਸਿੰਘ ਦੇ ਖ਼ਤ/ਬਲਦੇਵ ਧਾਲੀਵਾਲ

ਸਿਰਮੌਰ ਪੰਜਾਬੀ ਲੇਖਕ ਗੁਰਦਿਆਲ ਸਿੰਘ ਨੂੰ ਇਕ ਪਾਠਕ ਵਜੋਂ ਤਾਂ ਮੈਂ ਚਿਰੋਕਾ ਜਾਣਦਾ ਸਾਂ ਪਰ ਨਿੱਜੀ ਤੌਰ ਤੇ ਨੌਵੇਂ ਦਹਾਕੇ ਦੇ ਪਿਛਲੇ ਅੱਧ ਵਿਚ ਮਿਲ ਸਕਿਆ। ਕੇਂਦਰੀ ਲੇਖਕ ਸਭਾ ਵੱਲੋਂ ਜੈਤੋ ਵਿਖੇ ਕਰਮਜੀਤ ਸਿੰਘ ਕੁੱਸਾ ਦੇ ਨਾਵਲ ‘ਰੋਹੀ ਬੀਆਬਾਨ‘ ਬਾਰੇ ਇਕ ਗੋਸ਼ਟੀ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਗੁਰਦਿਆਲ ਸਿੰਘ ਹੋਰਾਂ ਨੇ ਕੀਤੀ। ਪੇਪਰ ਕਾਮਰੇਡ ਸੁਰਜੀਤ ਗਿੱਲ ਅਤੇ ਮੈਂ ਪੜ੍ਹੇ। ਫਿਰ 1995 ਦੇ ਨੇੜੇ-ਤੇੜੇ ਮੈਂ ਇਕ ਸਮਾਗਮ ਵਿਚ ਜੈਤੋ ਆਪਣੀ ਕਹਾਣੀ ‘ਹਨੀਮੂਨ‘ ਪੜ੍ਹ ਕੇ ਆਇਆ ਤਾਂ ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਗੁਰਦਿਆਲ ਸਿੰਘ ਹੋਰਾਂ ਨੇ ਮੈਨੂੰ ਖ਼ਤ ਲਿਖ ਕੇ ਸ਼ਾਬਾਸ਼ ਦਿੱਤੀ। ਫਿਰ ਖ਼ਤਾਂ ਦਾ ਅਤੇ ਮਿਲਣ-ਜੁਲਣ ਦਾ ਸਿਲਸਿਲਾ ਕੋਈ ਡੇਢ ਕੁ ਦਹਾਕਾ ਨਿਰੰਤਰ ਬਣਿਆਂ ਰਿਹਾ। ਫੇਰ ਇੱਕਵੀਂ ਸਦੀ ਦੇ ਪਹਿਲੇ ਦਹਾਕੇ ਖ਼ਤਾਂ ਦਾ ਰਿਵਾਜ਼ ਹੀ ਨਾ ਰਿਹਾ ਅਤੇ ਅਸੀਂ ਫੋਨ ਨੂੰ ਸੰਪਰਕ ਦਾ ਜ਼ਰੀਆ ਬਣਾ ਲਿਆ। ਗੁਰਦਿਆਲ ਸਿੰਘ ਹੋਰਾਂ ਦੇ ਖ਼ਤ ਉਸ ਸਮੇਂ ਦੇ ਸਾਹਿਤਕ ਮਾਹੌਲ ਦਾ ਬਹੁਤ ਕੁਝ ਆਪਣੇ ਵਿਚ ਸਮੋਈ ਬੈਠੇ ਹਨ।
***
ਜੈਤੋ (ਜ਼ਿਲ੍ਹਾ ਫਰੀਦਕੋਟ)
12.6.95
ਪਿਆਰੇ ਬਲਦੇਵ ਧਾਲੀਵਾਲ,
ਕੱਲ੍ਹ ਉਥੇ ਮਾਹੌਲ ਨਹੀਂ ਸੀ ਕਿ ਕੋਈ ਗੱਲਬਾਤ ਹੋ ਸਕਦੀ। ਪਰ ਮੈਂ ਚਾਹੁੰਦਾ ਸਾਂ ਤੇਰੇ ਬਾਰੇ ਆਪਣੇ ਮਨ ਦੀ ਗੱਲ ਕਰਾਂ।
ਪੰਜਾਬੀ ਵਿਚ ਬਹੁਤ ਘੱਟ ਲੋਕ ਸਾਹਿਤ-ਚਿੰਤਨ ਨੂੰ ਤਨ-ਮਨ ਨਾਲ ਅਪਣਾਉਂਦੇ ਹਨ। ਅਕਸਰ ਇਹ ਫ਼ਤਚ ਕੰਮ ਸਮਝ ਕੇ ਕਰਦੇ ਹਨ। ਡਾ. ਅਤਰ ਸਿੰਘ, ਜੁਗਿੰਦਰ ਰਾਹੀ, ਕਿਸ਼ਨ ਸਿੰਘ - ਜਾਂ ਸਿਰਫ ਇਕ ਦੋ ਹੋਰ ਉਂਗਲਾਂ ‘ਤੇ ਗਿਣੇ ਜੋਗੇ ਨਾਂ ਹਨ ਜਿਹੜੇ ਇਸ ਪਾਸੇ ਪੂਰੀ ਲਗਨ ਨਾਲ ਕੰਮ ਕਰਦੇ ਰਹੇ/ਕਰਦੇ ਆ ਰਹੇ ਹਨ। (ਦੋ ਤਾਂ ਚਲੇ ਗਏ।) ਨਵਿਆਂ ਵਿਚੋਂ ਬਹੁਤ ਹੀ ਘੱਟ ਹਨ ਜੋ ਆਪਣੇ ਕੰਮ ਬਾਰੇ ਗੰਭੀਰ ਹਨ।
ਤੇਰੀ ਗੰਭੀਰਤਾ ਦਾ ਮੈਂ ਹਮੇਸ਼ਾਂ ਕਾਇਲ ਰਿਹਾ ਹਾਂ - ਉਦੋਂ ਤੋਂ ਹੀ ਜਦੋਂ ਤੈਨੂੰ ਪਹਿਲੀ ਵਾਰ ਇਕ ਸਾਧਾਰਨ ਜਿਹੇ ਸਮਾਗਮ ਉੱਤੇ ਜੈਤੋ ਸੁਣਿਆਂ ਸੀ - ਇਹ ਸ਼ਾਇਦ 8-10 ਸਾਲ ਦੀ ਗੱਲ ਹੈ ਜਾਂ ਵਧੇਰੇ।
ਇਹ ਚਿੱਠੀ ਸਿਰਫ ਤੇਰੀ ਕੁਝ ਤਾਰੀਫ ਕਰਨ ਲਈ ਨਹੀਂ ਲਿਖ ਰਿਹਾ। ਮੈਂ ਆਪਣੀ ਇੱਛਾ ਦੱਸਣਾ ਚਾਹੁੰਦਾ ਹਾਂ ਕਿ ਤੈਨੂੰ ਨਿਸਚਿਤ ਤੌਰ ਉਤੇ ਹੋਰ ਸਾਰੇ ਪਾਸਿਉਂ ਧਿਆਨ ਹਟਾ ਕੇ ਗਲਪ-ਆਲੋਚਨਾ ਉੱਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਤੇਰੇ ਅੰਦਰ ਸਮਰੱਥਾ ਹੈ।
ਦੂਸਰੇ ਮੈਂ ਇਹ ਵੀ ਸਪੱਸ਼ਟ ਜ਼ਰੂਰ ਕਰਨਾ ਚਾਹੁੰਦਾ ਹਾਂ ਕਿ ‘ਸੱਚ ਪੁਰਾਣਾ ਨਾ ਥੀੲੈ‘ (ਸ਼ਬਦਾਂ ਦੇ ਸਪੈਲਿੰਗ ਗ਼ਲਤ ਹੋਣਗੇ - ਦੇਖ ਕੇ ਨਹੀਂ ਲਿਖ ਰਿਹਾ)। ਮਾਰਕਸਵਾਦ ਅਜੇ ਤੱਕ ਪੁਰਾਣਾ ਨਹੀਂ ਹੋਇਆ। ਨਾ ਹੀ ਉਹਦੇ ਹੋਣ ਦੀ ‘ਤੀਜੀ ਦੁਨੀਆਂ‘ ਵਿਚ ਆਸ ਹੈ। ਤੇਰੇ ਵਿਚਾਰ ਵੱਖਰੇ ਹੋ ਸਕਦੇ ਹਨ। ਜੀ ਸਦਕੇ ਹੋਣ। ਪਰ ਮੈਂ ਪੂਰੀ ਤਰ੍ਹਾਂ ਇਸ ਵਿਚਾਰ ਉੱਤੇ ਦ੍ਰਿੜ੍ਹ ਹਾਂ ਕਿ ਜੀਵਨ ਦੀ ਸਮਝ ਤੇ ਇਹਦੀਆਂ ਤੈਹਾਂ ਫਰੋਲ਼ ਸਕਣ ਦੀ ਸਮਰੱਥਾ ਮਾਰਕਸਵਾਦ ਵਿਚ ਹੈ। ਦੂਸਰੇ ਸਤਿਅਮ, ਸ਼ਿਵਮ, ਸੁੰਦਰਮ ਨੂੰ ਸਾਹਿਤ ਦਾ ਆਧਾਰ ਮੰਨੀਏ ਤਦ ਵੀ ਮਾਰਕਸਵਾਦ ਤੋਂ ਬਿਨਾਂ ਕੋਈ ਰਾਹ ਬਾਕੀ ਨਹੀਂ ਬਚਦਾ।
ਖ਼ੈਰ, ਇਹ ਲੰਮੇ ਝੇੜੇ ਹਨ। ਪਰ ਮੇਰੀ ਨਿੱਜੀ ਇੱਛਾ ਹੈ ਕਿ ਤੇਰੇ ਜਿਹੇ ਨੌਜਵਾਨ ਨੂੰ ਬਹੁਤ ਕੰਮ ਕਰਨਾ ਚਾਹੀਦਾ ਹੈ। ਕੰਮ ਭਾਵੇਂ ਤੁਸੀਂ ਉਹੋ ਕਰੋਗੇ ਜਿਸਦੇ ਯੋਗ ਹੋ, ਜਾਂ ਜਿਸਦੀ ਸਮਰੱਥਾ ਹੈ। ਪਰ ਇਕੋ ਗੱਲ ਕਹਿਣੀ ਹੈ ਕਿ ਕੰਮ ਤੋਂ ਬਿਨਾਂ, ਹੋਰ ਕੁਝ ਵੀ ਕੰਮ ਨਹੀਂ ਆਉਂਦਾ। ਮਨੁੱਖੀ ਜੀਵਨ ਦੇ ਇਹੋ ‘ਸਾਰਥਕ‘ ਅਰਥ ਹਨ। ਆਸ ਕਰਦਾ ਹਾਂ ਕਿ ਤੂੰ ਮੇਰੀ ਸੁਹਿਰਦਤਾ ਨਾਲ ਕਹੀ ਇਸ ਗੱਲ ਵੱਲ ਜ਼ਰੂਰ ਧਿਆਨ ਦੇਵੇਂਗਾ। ਬਹੁਤ ਸਨੇਹ ਤੇ ਆਦਰ ਨਾਲ,
ਗੁਰਦਿਆਲ ਸਿੰਘ
***
ਜੈਤੋ (ਜ਼ਿਲ੍ਹਾ ਫਰੀਦਕੋਟ)
25.6.95
ਪਿਆਰੇ ਵੀਰ ਬਲਦੇਵ ਧਾਲੀਵਾਲ,
ਤੇਰੀ ਬਹੁਤ ਸੁੰਦਰ ਚਿੱਠੀ ਮਿਲੀ ਹੈ।ਧੰਨਵਾਦ।
ਦਲੀਪੇ ਵਾਲੀ ਮਿਸਾਲ ਦੇ ਕੇ ਤੂੰ ਭੱਜ ਤਾਂ ਨਹੀਂ ਸਕਦਾ ! ਮੈਂ ਤੈਨੂੰ ਚਿੱਠੀ ਨਾ ਬੇਚੈਨ ਕਰਨ ਲਈ ਲਿਖੀ ਸੀ ਤੇ ਨਾ ਹੀ ਦਲੀਪੇ ਵਾਂਗ ਭੱਜਣ ਲਈ। ਤੇਰੀ ਪ੍ਰਤਿਭਾ ਦਾ ਮੈਨੂੰ ਜਿੰਨਾ ਕੁ ਗਿਆਨ ਹੈ ਉਸੇ ਕਰਕੇ ਇਹ ਸਭ ਲਿਖਿਆ ਸੀ।
ਇਕ ਗੱਲ ‘ਕੀੜੇ‘ ਵਾਲੀ ਹੈ। ਜੇ ਇਹ ਨਾ ਹੁੰਦਾ ਤਾਂ ਤੂੰ ਹੁਣ ਤੱਕ ‘ਅਜੀਤ‘ ਜਾਂ ‘ਪੰਜਾਬੀ ਟ੍ਰਿਬਿਊਨ‘ ਦਾ ਸਬ-ਐਡੀਟਰ ਹੁੰਦਾ। ਮੈਂ ਸਿਰਫ ਇਹ ਅਹਿਸਾਸ ਕਰਵਾਉਣਾ ਚਾਹਿਆ ਹੈ ਕਿ ਤੇਰੀ ਮੰਜ਼ਲ ਸਿਰਫ ਕਲਾਸ ਰੂਮ ਦੇ ਲੈਕਚਰਾਂ ਤੱਕ ਮਹਿਦੂਦ ਨਹੀਂ ਹੈ। ਕੋਈ ਸਾਰੀ ਉਮਰ ‘ਚ ਕਿੰਨਾਂ ਕੁ ਪੈਂਡਾ ਤਹਿ ਕਰਦਾ ਹੈ - ਇਹ ਸੁਆਲ ਬਿਲਕੁਲ ਵੱਖਰਾ ਹੈ। (ਸਗੋਂ ਕੋਈ ਸੁਆਲ ਹੀ ਨਹੀਂ ਹੈ।) ਸੁਆਲ ਸਿਰਫ ਇਹ ਹੈ ਕਿ ਤੁਸੀਂ ਤੁਰਦੇ ਕਿਸ ‘ਤੋਰ‘ ਹੋ।
ਮੈਂ ਮਾਰਕਸਵਾਦੀ ਹੋਣ ਦਾ ਦਾਅਵਾ ਸ਼ਾਇਦ ਕਦੇ ਨਹੀਂ ਕੀਤਾ। ਪਰ ਮਨੁੱਖ-ਹਿਤੈਸ਼ੀ ਹੋਣ ਦਾ ਦਾਅਵਾ ਹਮੇਸ਼ਾ ਕਰਦਾ ਹਾਂ। ਤੇ ਮਾਰਕਸਵਾਦ ਮੈਨੂੰ ਕਦੇ ਕੋਈ ਅਜਿਹਾ ਸਿਧਾਂਤ ਨਹੀਂ ਲੱਗਿਆ ਜਿਸਨੂੰ ਸਮਝਣ ਲਈ ਫ਼ਬਜਵ ਦੇ ਤਿੰਨੇ ਭਾਗ ਪੜ੍ਹਨੇ ਪਹਿਲੀ ਸ਼ਰਤ ਹੋਣ। ਜੋ ਮੈਂ ਇਹਨਾਂ ਮਹਾਨ ਚਿੰਤਕਾਂ ਤੋਂ ਸਿੱਖਿਆ ਹੈ ਉਹ ਕੋਰੀ ਜਦਕਰ;ਰਪਖ ਨਹੀਂ ਹੈ। ਸਿਰਫ ਬਹੁਤ ਹੀ ਸੌਖੀ ਤੇ ਸਿੱਧੀ ਜਿਹੀ ਗੱਲ ਏਨੀ ਹੈ ਕਿ ਤੁਸੀਂ ਇਸ ਸੰਸਾਰ ਨੂੰ ਵੇਖਦੇ ਕਿਸ ਨਜ਼ਰ ਨਾਲ ਹੋ। ਤੁਸੀਂ ‘ਏਧਰ‘ ਖੜੋ ਕੇ ਇਹ ‘ਜਗਤ ਤਮਾਸ਼ਾ‘ ਦੇਖਦੇ ਹੋ ਕਿ ‘ਓਧਰ‘ ਖੜੋਕੇ ? (ਕਿਉਂਕਿ ਦੋਹਾਂ ਪਾਸਿਆਂ ਤੋਂ ਸੰਸਾਰ ਵੱਖਰੀ ਤਰ੍ਹਾਂ ਨਜ਼ਰ ਆਉਂਦਾ ਹੈ।)
ਬਸ ਮੈਂ ‘ਏਧਰੋਂ‘ (ਜਿਧਰ ਇਹ ਮਹਾਨ ਚਿੰਤਕ ਖੜ੍ਹੇ ਹਨ) ਖੜੋ ਕੇ ਸੰਸਾਰ ਨੂੰ ਦੇਖਦਾ ਰਿਹਾ ਹਾਂ। ਸ਼ਾਇਦ ਤਦੇ ਕੁਝ ਸਾਰਥਕ ਲਿਖਿਆ ਗਿਆ। ਨਹੀਂ ‘ਕਾਗਦ ਕਾਰੇ‘ ਕਰਨ ਦੇ ਤਾਂ ਕਦੇ ਵੀ ਕੋਈ ਅਰਥ ਸਮਝ ਨਹੀਂ ਆਏ। (ਕੁਝ ਲੋਕਾਂ (ਲੇਖਕਾਂ) ਦਾ ਵਿਸ਼ਵਾਸ ਹੈ ਕਿ ਕਿਤਾਬਾਂ ਦੀ ਗਿਣਤੀ ਵਧਣ ਨਾਲ ਉਹਨਾਂ ਦਾ ‘ਵੱਡਾ ਨਾਂ‘ ਹੋ ਜਾਏਗਾ। ਪਰ ਅਜਿਹੇ ਲੋਕਾਂ ਉਤੇ ਬਹੁਤ ਤਰਸ ਆਉਂਦਾ ਹੈ ਜੋ ਸਿਰਫ ‘ਨਾਂ‘ ਪਿੱਛੇ ਹੀ ਦਿਨ ਰਾਤ ਖੋਤੇ ਬਣੇ ਫਿਰਦੇ ਹਨ - ਇੱਟਾਂ ਢੋਈ ਜਾਂਦੇ ਹਨ - ਨਾ ਭੱਠਾ ਮੁੱਕਦਾ ਹੈ ਨਾ ਉਹਨਾਂ ਦਾ ਖਹਿੜਾ ਛੁਟਦਾ ਹੈ।)
ਸ਼ਾਇਦ ਮੈਂ ਬੇਲੋੜੀਆਂ, ਬੇਥਵੀਆਂ ਮਾਰਨ ਲੱਗ ਪਿਆ ਹਾਂ। ਕਹਿਣਾ ਸਿਰਫ ਇਹ ਚਾਹੁੰਦਾ ਹਾਂ ਕਿ ਤੈਨੂੰ ਕੁਦਰਤ ਨੇ ਇਕ ਪ੍ਰਤਿਭਾ ਦਿੱਤੀ ਹੈ। ਮਿਲਟਨ ਦੀ ੋ+ਅ ੀਜਤ ਲ;ਜਅਦਅਕਤਤੋ ਵਾਂਗ ‘ਤਹੁ ਭੀ ਲੇਖਾ ਦੇਵਣਾ‘। ਜੇ ਇਸਨੂੰ ਵਰਤੇ ਬਿਨਾਂ ਕੋਈ ਲੈ ਜਾਏ ਤਾਂ ‘ਧਰਮਰਾਜ‘ ਨੂੰ ਕੀ ਹਿਸਾਬ ਕੋਈ ਦੇਵੇਗਾ !... ‘ਧਰਮਰਾਜ‘, ‘ਲੇਖੇ‘ - ਇਹ ਸਭ ਚਿੰਨ੍ਹ ਹਨ - ਤੈਨੂੰ ਪਤਾ ਹੈ। ਪਰ ਬੜੇ ਸੁੰਦਰ ਹਨ। ਸਾਡੇ ਸਭਿਆਚਾਰ ਦਾ ਭਾਗ ਹਨ। ਵਰਤ ਲੈਣੇ ਯੋਗ ਹਨ।
ਸੰਸਾਰ ਪੱਧਰ ਉਤੇ ਕੀ ਹੋ ਰਿਹਾ ਹੈ, ਕੀ ਨਹੀਂ ਹੋ ਰਿਹਾ - ਇਹਦੀ ਸੋਝੀ ਚੰਗੀ ਗੱਲ ਹੈ। ਪਰ ਅਸੀਂ ਸਾਰਿਆਂ ਨੇ ਆਪੋ-ਆਪਣੇ ਪਾਲ੍ਹਿਆਂ ਵਿਚ ਹੀ ਕੌਡੀ ਖੇਡਣੀ ਹੈ। ਸੋ ਛੋਟੇ ਭਾਈ ਐਵੇਂ ਡਰ ਕੇ, ਯੂਰਪੀਨਾਂ ਨਾਲ ਆਪਣਾ ਮੁਕਾਬਲਾ ਕਰਕੇ, ਸੋਚਣ, ਕੁਝ ਕਰਨ ਦੇ ਕੋਈ ਅਰਥ ਨਹੀਂ ਲਗਦੇ। ਸਾਡਾ ਜਿੰਨਾ ਕੁ ਪਾਲ਼ਾ ਹੈ ਤੇ ਜਿੱਡਾ ਕੁ ਸਾਡਾ ਸਾਹ ਹੈ, ਕੌਡੀ ਓਨੀ ਹੀ ਪਏਗੀ। ਦੂਜਿਆਂ ਦੇ ਪੱਕੇ ਦੇਖ ਕੇ ਆਪਣੇ ਕੱਚੇ ਤਾਂ ਨਹੀਂ ਢਾਹੇ ਜਾਂਦੇ।
ਤੂੰ ਜੋ ਵੀ ਕਰਨ ਜੋਗਾ ਹੈਂ, ਜਿੰਨੀ ਵੀ ਗੰਭੀਰਤਾ, ਲਗਨ, ਮਿਹਨਤ ਨਾਲ ਕਰ ਸਕਦਾ ਹੈਂ, ਕਰੀ ਚੱਲ। ਬਸ ਉਹੋ ਕਾਫੀ ਹੈ। ਕਿਤਾਬਾਂ, ਤਨਖਾਹਾਂ, ਸਮਾਂ, ਸੰਸਾਰ-ਚਿੰਤਨ, ਤੇ ਹੋਰ ਅਜਿਹਾ ਕੁਝ ਤਾਂ ਕਦੇ ਰਾਹ ਦੇ ਰੋੜੇ ਨਹੀਂ ਬਣਦੇ। ਬਣਨ ਤਾਂ ਏਨੀ ਕੁ ਤਾਕਤ ਜ਼ਰੂਰ ਹੋਣੀ ਚਾਹੀਦੀ ਹੈ ਕਿ ਸੋਟੀ ਨਾਲ ਪਰ੍ਹਾਂ ਵਗਾਹ ਮਾਰੋ। - ਜੇ ਕਿਧਰੇ ਤੂੰ ਇਹ ਜਾਣ ਲਏਂ ਕਿ ਮੈਂ ਕਿਹੜੇ ਹਾਲਾਤ ਵਿਚ ਕੰਮ ਕੀਤਾ ਹੈ, ਤਾਂ ਸ਼ਾਇਦ ਤੈਨੂੰ ਕੁਝ ਹੈਰਾਨੀ ਹੋਵੇ। ਪਰ ਮੈਨੂੰ ਨਹੀਂ ਹੁੰਦੀ। ਜਦੋਂ ਚਾਰ ਵਜੇ ਉੱਠ ਕੇ, ਟੁੱਟੀ ਲਾਲਟਣ ਉੱਤੇ ਹੀ ਚਾਹ ਕਰਦਾ ਤੇ ਉਸੇ ਉੱਤੇ ਪੜ੍ਹਦਾ, ਲਿਖਦਾ ਸਾਂ - ਹੈਰਾਨੀ ਉਦੋਂ ਵੀ ਕਦੇ ਨਹੀਂ ਸੀ ਹੋਈ। ਪਰ ਹੁਣ ਚੰਗੀਆਂ ਸਹੂਲਤਾਂ ਦੇ ਬਾਵਜੂਦ ਵੀ ਇਹ (ਸਿਹਤ) ਜਵਾਬ ਦੇ ਰਹੀ ਹੈ। (ਪਰ ਪਛਤਾਵਾ ਕੋਈ ਨਹੀਂ। ਜੋ ਕਰ ਸਕਿਆ ਕਰ ਲਿਆ, ਜੋ ਹੋਏਗਾ, ਕਰਾਂਗਾ।) ਸਮਾਂ ਕਦੇ ਕਿਸੇ ਉੱਤੇ ਤਰਸ ਨਹੀਂ ਖਾਂਦਾ। ਤੂੰ ਜਵਾਨ ਹੈਂ। ਪ੍ਰਤਿਭਾ ਹੈ। ਜੇ ਹੁਣ ਨਹੀਂ ਕੰਮ ਕਰੇਂਗਾ (ਤੇ ‘ਟੁੱਟੀਆਂ-ਭੱਜੀਆਂ‘ ਜਿਹੀਆਂ ਵਿਚ ਹੀ ‘ਧੌਲਿਆਂ‘ ਤੱਕ ਪਹੁੰਚ ਜਾਏਂਗਾ ਤਾਂ ਸੱਚਮੁੱਚ ਹੀ ਮਗਰੋਂ ਪਛਤਾਏਂਗਾ।)
ਬਹੁਤ ਕੁਝ ਕਹਿ ਗਿਆ। ਖਿਮਾ ਕਰੀਂ। ਬਸ ਆਦਤ ਹੈ ਕਿ ਜੇ ਕਿਸੇ ਅੰਦਰ ਕੋਈ ਪ੍ਰਤਿਭਾ ਦੀ ਚਿਣਗ ਦਿਸੇ ਤਾਂ ਉਹਨੂੰ ਜ਼ਰੂਰ ਕਹਿੰਦਾ ਹਾਂ ਕਿ ਭਾਈ ਮੇਰਿਆ ਇਹ ਲਾਲ ਗਧੇ ਦੇ ਗਲ਼ ਪਾ ਕੇ ਨਾ ਗਵਾ ਬੈਠੀਂ। ਇਸ ਆਦਤ ਨੇ ਕਈ ਵਾਰ ਮੈਨੂੰ ਸ਼ਰਮਸਾਰ ਵੀ ਕੀਤਾ ਹੈ - ਕਈਆਂ ਨੂੰ ਸੱਚਮੁੱਚ ਹੀ ਪਤਾ ਨਹੀਂ ਹੁੰਦਾ ਕਿ ਉਹ ਜਿਸਨੂੰ ‘ਲਾਲ‘ ਸਮਝ ਕੇ ਗਲ਼ ਵਿਚ ਪਾਈ ਫਿਰਦੇ ਹਨ ਉਹ ਤਾਂ ਲਾਲ ਕੱਚ ਦਾ ਵੱਡਾ ਮਣਕਾ ਹੈ। ਜੇ ਕਦੇ ਇਸ਼ਾਰਾ ਕਰ ਬੈਠੀਏ ਤਾਂ ਇਹ ਲੋਕ ਸਿਰ ਪਾੜਨ ਤੱਕ ਜਾਂਦੇ ਹਨ।)
ਖ਼ੈਰ, ਤੂੰ ਕੁਝ ਵੀ ਕਰੇਂ, ਚੰਗਾ ਹੀ ਕਰੇਂਗਾ। ਮੇਰੀ ਦੁਆ ਵੀ ਹੈ ਕਿ ਤੂੰ ਬਹੁਤ ਚੰਗਾ ਕੰਮ ਕਰ ਸਕੇਂ। ਕੰਮ ਤਾਂ ਤੂੰ ਹੀ ਕਰਨਾ ਹੈ। ਬਾਕੀ ਕਦੇ ਫੇਰ।
ਪਿਆਰ ਨਾਲ ਤੇਰਾ,
ਗੁਰਦਿਆਲ ਸਿੰਘ
***
ਜੈਤੋ
27.7.95
ਪਿਆਰੇ ਵੀਰ ਬਲਦੇਵ ਸਿੰਘ,
ਤੇਰੀ ਲੰਮੀ ਚਿੱਠੀ ਦੀਆਂ ਸਭ ਗੱਲਾਂ ਠੀਕ ਲਗਦੀਆਂ ਹਨ।
‘ਪੱਕੇ‘ ਉਸਾਰਨ ਦਾ ਕੋਈ ਵੀ ਹਰਜ ਨਹੀਂ। ਪਰ ਤੇਰੇ ਮੇਰੇ ਸੁਭਾਅ ਦੇ ਬੰਦਿਆਂ ਨੂੰ ਇਕ ਨੁਕਸਾਨ ਵੀ ਹੁੰਦਾ ਹੈ। ਮਿਸਾਲ ਦੇ ਦਿੰਦਾ ਹਾਂ। ਪਤਨੀ ਗੰਭੀਰ ਬੀਮਾਰ ਸੀ। (10-15 ਦਿਨ ਪਹਿਲਾਂ, ਹੁਣ ਕੁਝ ਠੀਕ ਹੈ) ਕੋਈ ਕੰਮ ਨਹੀਂ ਸੀ ਹੋ ਰਿਹਾ। ਆਪਣੇ ਦੋ ਮਨਪਸੰਦ ਲੇਖਕ ਦੂਜੀ ਤੀਜੀ ਵਾਰ ਪੜ੍ਹਨੇ ਸ਼ੁਰੂ ਕਰ ਦਿੱਤੇ।
ਪਹਿਲਾਂ ਗੋਗੋਲ ਦੀ ਲੰਮੀ ਕਹਾਣੀ (ਨਾਵਲਿਟ) ੳ ਨਚ;ਲ਼ ਪੜ੍ਹਿਆ ਤੇ ਫੇਰ ਣਰਤਵਰਡਖਕਤਾਖ ਦਾ ਟਰਵਕਤ ਗਿਰਠ ਵੀਕ ਣਕ .ਰਚਤਕ ਉਸ ਮਗਰੋਂ ਹਫਤਾ ਭਰ ਇਕ ਅੱਖਰ ਵੀ ਲਿਖਣ ਨੂੰ ਦਿਲ ਨਹੀਂ ਕੀਤਾ। (ਇੰਜ ਜਾਪਦਾ ਰਿਹਾ ਕਿ ਸਾਨੂੰ ਲਿਖਣਾ ਹੀ ਨਹੀਂ ਆਉਂਦਾ।)
ਰੂਸੀ ਲੇਖਕਾਂ ਦਾ ਗਲਪ ਖੇਤਰ ਵਿਚ ਕੋਈ ਬਦਲ ਨਹੀਂ। ਤਦੇ ਬਾਰ ਬਾਰ ਸਾਰੇ ਪੜ੍ਹੇ ਹਨ। (ਅਨਾ ਕਾਰਨੀਨਾ ਕਈ ਵਾਰ ਪੜ੍ਹਿਆ ਹੈ।) ਪਰ ਉਹਨਾਂ ਤੋਂ ਸਿੱਖਦੇ ਸਿੱਖਦੇ ਆਪਣੀ ਤੋਰ ਵੀ ਭੁੱਲ ਜਾਂਦੀ ਹੈ (ਜਿਵੇਂ ਕਾਂ ਬਾਰੇ ਮਸ਼ਹੂਰ ਹੈ ਕਿ ਹੰਸਾਂ ਦੀ ਤੋਰ ਸਿੱਖਣ ਲੱਗਿਆ ਆਪਣੀ ਵੀ ਭੁੱਲ ਗਿਆ, ਹੁਣ ਟਪੂਸੀਆਂ ਮਾਰ ਮਾਰ ਤੁਰਦਾ ਹੈ)।
ਖ਼ੈਰ, ਮੈਂ ਖੁਸ਼ ਹਾਂ ਕਿ ਤੂੰ ਹਰ ਕੰਮ ਨੂੰ ਗੰਭੀਰਤਾ ਨਾਲ ਲੈਂਦਾ ਹੈਂ। ਕਰਦਾ ਹੈਂ।
ਸਮਦਰਸ਼ੀ ਵਾਲਾ ਵੀ ਤੇਰਾ ਲੇਖ ਪੜ੍ਹਿਆ ਸੀ - ਪਰ ਹੁਣ ਯਾਦ ਨਹੀਂ ਆ ਰਿਹਾ। ਪੁਰਾਣੇ ਅੰਕ ਸਭ ਪਏ ਹਨ। ਲੱਭ ਕੇ ਫੇਰ ਪੜ੍ਹਾਂਗਾ। ਤੇਰੀਆਂ ਕਹਾਣੀਆਂ ਵੀ ਪੜ੍ਹੀਆਂ ਹਨ। (ਤੇ ਇਕ ਕਹਾਣੀ ਨੂੰ ਇਨਾਮ ਬਾਰੇ ਵੀ ਪੜ੍ਹਿਆ ਹੈ।) ਏਥੋਂ ਤੱਕ ਕਿ ਤੇਰਾ ‘ਅਦਬਨਾਮਾ‘ (ਨਵਾਂ ਜ਼ਮਾਨਾ) ਵੀ ਪੜ੍ਹਦਾ ਹਾਂ।
ਮੈਂ ਏਨਾ ਹੀ ਕਹਿ ਸਕਦਾ ਹਾਂ ਕਿ ਤੂੰ ਨਿਸਚੇ ਹੀ ਆਪਣੇ ਕੰਮ ਬਾਰੇ ਗੰਭੀਰ ਹੈਂ। ਇਹੋ ਰਾਹ ਠੀਕ ਹੈ। ਤੁਹਾਡੀ ਪੀੜ੍ਹੀ, ਪਹਿਲੀ ਨਾਲੋਂ ਚੰਗੇਰੀ ਹੈ। ਭਾਵੇਂ ਤੁਸੀਂ ਸਾਡੇ ਨਾਲੋਂ ਵੱਧ ਸਮੱਸਿਆਵਾਂ ਵਿਚ ਘਿਰੇ ਹੋ, ਪਰ ਕੰਮ ਪਹਿਲਿਆਂ ਨਾਲੋਂ ਚੰਗਾ ਹੀ ਕਰੋਗੇ - ਇਹ ਮੇਰਾ ਵਿਸ਼ਵਾਸ ਹੈ। ਹਰ ਪੀੜ੍ਹੀ ਆਪਣੀਆਂ ਮੁਸ਼ਕਲਾਂ ਨਾਲ ਜੂਝਦੀ ਹੈ। ਪਰ ਹਰ ਪੀੜ੍ਹੀ ਵਿਚ ਕੁਝ ਗੰਭੀਰ, ਚੰਗੇ ਲੇਖਕ (ਆਲੋਚਕ) ਹੁੰਦੇ ਹਨ। ਸੋ ਇਹ ਕੋਈ ਘੱਟ ਤਸੱਲੀ ਵਾਲੀ ਗੱਲ ਨਹੀਂ ਕਿ ਸਾਡਾ ਭਵਿੱਖ ਰੋਸ਼ਨ ਹੈ।
ਬਾਕੀ ਕਦੇ ਫੇਰ ਸੲ੍ਹੀ। ਸਿਲਸਿਲਾ ਜਾਰੀ ਰਹੇਗਾ। ਚੰਗਾ ਹੈ। (ਅੱਜ ਸੰਖੇਪ ਇਸ ਲਈ ਵੀ ਕਿ ਪਤਨੀ ਦੀ ਬੀਮਾਰੀ ਕਾਰਨ ਮਨ ਸਥਿਰ ਨਹੀਂ ਸੀ ਰਿਹਾ; ਕੁਝ ਉਮਰ ਨਾਲ ਵੀ ‘ਆਕੜ‘ ਢੈਲੀ ਹੋ ਜਾਂਦੀ ਹੈ।)
ਬਹੁਤ ਪਿਆਰ ਨਾਲ ਤੇਰਾ ਵੀਰ,
ਗੁਰਦਿਆਲ ਸਿੰਘ
ਪੀ.ਐਸ. - ਭਾਵੇਂ ਕੋਈ ਖਾਸ ਗੱਲ ਨਹੀਂ, ਪਰ ਪਤਾ ਨਹੀਂ ਕਿ ਪ੍ਰਕਾਸ਼ਨ ਵਿਭਾਗ ਨੇ ਮੇਰੀ ਕਿਤਾਬ ਕਿੱਥੇ ਸੁੱਟ ਛੱਡੀ ਹੈ - ਪ੍ਰੈਸ ਕੋਲ ਹੀ ਰੁਲਦੀ ਫਿਰਦੀ ਹੈ ਕਿ ਜਿਲਦਾਂ ਵਾਲੇ ਕੋਲ - ਕਿ ਉਂਜ ਹੀ ਰੱਦੀ ‘ਚ ਸੁੱਟ ਛੱਡੀ ਹੈ। ਚਿੱਠੀ ਦਾ ਤਾਂ ਉਹ ਉੱਤਰ ਦਿੰਦੇ ਨਹੀਂ। ਪਤਾ ਕਰ ਸਕੇਂ ਤਾਂ ਮਿਹਰਬਾਨੀ।
2. ਮੈਂ ਯੂ.ਕੇ., ਕਨੇਡਾ ਨਹੀਂ ਜਾ ਰਿਹਾ ਪਤਨੀ ਦੇ ਬੀਮਾਰ ਹੋਣ ਕਾਰਨ।
***
ਜੈਤੋ
9.9.95
ਪਿਆਰੇ ਵੀਰ ਬਲਦੇਵ ਸਿੰਘ,
ਸ਼ਾਇਦ ਅਸੀਂ ‘ਇੱਕੋ ਵੇਲੋਂ ਟੁੱਟੇ‘ ਹਾਂ (ਇਹ ਮੁਹਾਵਰਾ ਆਮ ਨਹੀਂ ਰਿਹਾ - ਪਰ ਬੜਾ ਹੀ ਵਧੀਆ ਹੈ)। ਮੈਂ 30 ਸਾਲ ਤੋਂ ਡਿਪਰੈਸ਼ਨ ਦਾ ਮਰੀਜ ਹਾਂ (ਸ਼ਾਇਦ 50-55 ਸਾਲ ਤੋਂ ਜਦੋਂ ਤੋਂ ਬਚਪਨ ਵਿਚ ਵੀ ਕਦੇ ਕਦੇ ਉਦਾਸ ਹੋ ਜਾਂਦਾ ਸਾਂ)।
ਪਿਛਲੇ ਦਿਨੀਂ ਹੀ ਇਕ ਬਹੁਤ ਚੰਗੇ ਨਿਰਾਲੋਜਿਸਟ ਨੇ ਇਹ ਭੇਤ ਦੱਸਿਆ ਕਿ ਬਹੁਤਾ ਸੋਚਣ ਤੇ ਦਿਮਾਗੀ ਕੰਮ ਕਰਨ ਵਾਲੇ ਬੰਦਿਆਂ ਦੇ ਉਹ ਸੈੱਲ ਜਿਹੜੇ ਬਾਹਰਲੇ ਮੈਸਿਜ ਰਸੀਵ ਕਰਦੇ ਤੇ ਸਰੀਰਕ, ਬੌਧਿਕ ਕਿਰਿਆਵਾਂ ਨੂੰ ਚਲਾਉਣ ਵਾਲੇ ਸੈੱਲਾਂ ਨੂੰ ਜਾਣਕਾਰੀ ਦਿੰਦੇ ਹਨ - ਉਹਨਾਂ ਦੋਹਾਂ ਦਾ ਹੀ ਸਾਈਜ਼ ਆਮ ਬੰਦੇ ਨਾਲੋਂ ਵਧ ਜਾਂਦਾ ਹੈ (ਵਧੇਰੇ ਕੰਮ ਕਰਨ ਕਰਕੇ - ਉਹਨਾਂ ਨੂੰ ਵਾਧੂ ਭਾਰ ਜੋ ਚੁੱਕਣਾ ਪੈਂਦਾ ਹੈ)। ਇਸ ਲਈ ਉਹ ਏਨੇ ਸੰਵੇਦਨਸ਼ੀਲ ਹੋ ਜਾਂਦੇ ਹਨ ਕਿ ਨੀਂਦ ਵਿਚ ਵੀ ਟਿਕਣ ਨਹੀਂ ਦਿੰਦੇ। ਇਹਦਾ ਇਕੋ ਇਲਾਜ ਉਹਨੇ ਦੱਸਿਆ ਹੈ ਕਿ ਬਸ ਇਹਨਾਂ ਨੂੰ ਕੰਮ ਲਾਈ ਰੱਖੋ। ਜਦੋਂ ਵੀ ਵਿਹਲੇ ਰੱਖੋਗੇ, ਇਹ ਜ਼ਰੂਰ ਦੁਖੀ ਕਰਨਗੇ।
ਪਰ ਡਿਪਰੈਸ਼ਨ ‘ਚ ਕੰਮ ਨਹੀਂ ਹੁੰਦਾ। ਤਦੇ ਇਹ ਸੈੱਲ ਵਧੇਰੇ ਤੰਗ ਕਰਦੇ ਹਨ। (ਇਹੋ ਅਸਲ ‘ਚ ਸਾਡੀ ਬੁੱਧੀ ਦਾ ਮੁੱਖ ਅੰਸ਼ ਹੁੰਦੇ ਹਨ।) ਇਹ ਗੱਲ ਡਾਕਟਰੀ ਦੀ ਹੈ। ਪਰ ਸਾਡੇ ਅੰਦਰ ਤਾਂ ਪਤਾ ਨਹੀਂ ਕੀ ਕੁਝ ਪਿਐ ਜਿਸਨੂੰ ਡਾਕਟਰ, ਵਿਗਿਆਨੀ ਜਾਣ ਵੀ ਨਹੀਂ ਸਕੇ। (ਖ਼ੁਦ ਹੀ ਉਹ ਵੱਡਾ ਨਿਰਾਲੋਜਿਸਟ ਜੋ ਬਹੁਤ ਹੀ ਚੰਗਾ ਇਨਸਾਨ ਹੈ ਤੇ ਸਮਝਦਾਰ ਵੀ - ਦੋਸਤ ਹੈ - ਇਹ ਮੰਨਦਾ ਹੈ ਕਿ ਨਿਰਾਲੋਜੀ ਵਿਚ ;ਕਤਤ ਜਤ ਾਅਰਮਅ, ਠਰਗਕ ਜਤ ਚਆਅਰਮਅ)।
ਖ਼ੈਰ, ਗੱਲ ਹੀ ਹੋਰ ਪਾਸੇ ਤੁਰ ਗਈ। ਮੈਂ ਸਿਰਫ ਇਹੋ ਕਹਿ ਸਕਦਾ ਹਾਂ ਕਿ ਕੰਮ ਕਿਸੇ ਵੀ ਹਾਲਤ ਵਿਚ ਨਾ ਛੱਡੋ। ਜਦੋਂ ਉਦਾਸੀ ਵੱਸੋਂ ਬਾਹਰ ਹੋ ਜਾਏ ਤਾਂ ਘਰੋਂ ਬਾਹਰ (ਕਿਧਰੇ ਵੀ - ਕਿਸੇ ਸ਼ਹਿਰ, ਦੋਸਤ, ਕਿਸੇ ਰਿਸ਼ਤੇਦਾਰ ਕੋਲ) ਚਲੇ ਜਾਓ। ਕੁਝ ਰਾਹਤ ਮਿਲਦੀ ਹੈ। ਹੋਰ ਕੋਈ ਇਲਾਜ ਨਹੀਂ। ਆਪਾਂ ਕਿਸੇ ਵੇਲੇ ਕੱਠੇ ਹੋ ਕੇ ਇਕ-ਦੋ ਦਿਨ ਸੋਚਾਂਗੇ ਕਿ ਕਿਹੜੇ ਕਹਾਣੀਕਾਰ ਤੇ ਨਾਵਲਕਾਰ (ਤੇ ਕਹਾਣੀਆਂ ਤੇ ਨਾਵਲ) ਅਜਿਹੇ ਹਨ ਜੋ ਹੁਣ ਤੱਕ ਦੇ ਸਮੁੱਚੇ ਪੰਜਾਬੀ ਗਲਪ ਦੇ ਗਲਪ ਸ਼ਾਸਤ੍ਰ ਸਿਰਜਣ ਲਈ ਜ਼ਰੂਰੀ ਹਨ ਤੇ ਕਿਉਂ। ਨਿਰਾ ਮੇਰੀ ਲਿਸਟ ਬਣਾਉਣ ਨਾਲ ਗੱਲ ਨਹੀਂ ਬਣਨੀ।
ਅਸੀਂ ਕਦੋਂ ਮਿਲ ਸਕਾਂਗੇ - ਇਹ ਗੱਲ ਮੈਂ ਦੋ ਕੁ ਹਫਤੇ ਠਹਿਰ ਕੇ ਦੱਸ ਸਕਾਂਗਾ। (ਫਿਲਹਾਲ ਤਾਂ ਇਕ ਮਹੀਨੇ ਤੋਂ ਅਜਿਹੀ ਸਥਿਤੀ ਵਿਚ ਘਿਰਿਆ ਹਾਂ ਕਿ ਉਸ ਬਾਰੇ ਤੁਹਾਨੂੰ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਅਜਿਹੀ ਕੋਈ ਵੱਡੀ ਸਮੱਸਿਆ ਨਹੀਂ - ਪਰ ਮਾਨਸਿਕ ਤੌਰ ਉੱਤੇ ਜਿੰਨਾ ਇਸਨੇ ਪਰੇਸ਼ਾਨ ਕੀਤਾ ਹੈ - ਸਾਰੀ ਉਮਰ ਵੀ ਨਹੀਂ ਸਾਂ ਹੋਇਆ।)
ਪਤਨੀ ਬਹੁਤ ਬੀਮਾਰ ਸੀ। ਹੁਣ ਕੁਝ ਠੀਕ ਹੈ। ਪਰ ਸਿਹਤ ਗੰਵਾ ਚੁੱਕੀ ਹੈ। (ਤਿੰਨ ਮਹੀਨੇ ਵਿਚ 10 ਸਾਲ ਬੁੱਢੀ ਹੋ ਗਈ ਹੈ।) ਪਰ ਕੁਝ ਨਹੀਂ ਕੀਤਾ ਜਾ ਸਕਦਾ। ਇਲਾਜ ਜਾਰੀ ਹੈ। ਆਸ ਹੈ ਠੀਕ ਹੋ ਜਾਏਗੀ। (ਆਸ ਤਾਂ ਉਦੋਂ ਤੱਕ ਵੀ ਬਣੀ ਰਹਿੰਦੀ ਹੈ ਜਦੋਂ ਆਖਰੀ ਸਾਹਾਂ ਤੇ ਹੁੰਦੇ ਹਾਂ।)
ਹਜ਼ਾਰਾ ਸਿੰਘ ਬਾਰੇ ਤਾਂ ਇਹੋ ਕਹਿ ਸਕਦਾ ਹਾਂ ਕਿ ‘ਉਠ ਜਾ ਬਰ੍ਹਮੇ ਨੂੰ, ਕਰਮ ਜਾਣਗੇ ਨਾਲੇ।‘ ਮੈਂ ‘ਕਰਮ‘ ਸ਼ਬਦ ਦੇ ਅਰਥ ਹਮੇਸ਼ਾਂ ‘ਸੋਚ‘ ਸਮਝੇ ਹਨ। ਇਸੇ ਲਈ ਉਸ ਵੱਲੋਂ ਛਾਪੀ ਜਾ ਰਹੀ ਕਿਤਾਬ ਦਾ ਮੂਲ ਧੁਰਾ ਹੀ ਉਹ ਅਨੁਭਵ ਹੈ ਜੋ ਬੰਦਾ ਨਿੱਜੀ ਤੇ ਸਮਾਜਿਕ ਜੀਵਨ ਤੋਂ ਗ੍ਰਹਿਣ ਕਰਦਾ ਹੈ। ਹਰ ਬੰਦੇ ਨੂੰ ਦੁਨੀਆਂ ਆਪਣੀ ਐਨਕ ਨਾਲ ਦਿਸਦੀ ਹੈ। ਬੇਈਮਾਨ ਕਿਸੇ ਨੂੰ ਕਦੇ ਈਮਾਨਦਾਰ ਨਹੀਂ ਸਮਝ ਸਕਦਾ।
ਪਰ ਦੁੱਖ ਬਹੁਤ ਹੁੰਦਾ ਹੈ ਕਿ ਕਿਸੇ ਭਲੇ ਬੰਦੇ ਦੀ ਪਤਨੀ ਬੀਮਾਰ ਹੋਵੇ, ਸਮੇਂ ਸਿਰ ਪਾਸਪੋਰਟ ਨਾ ਬਣੇ, ਤੇ ਓਧਰ ਸੱਦਣ ਵਾਲੇ ਉਡੀਕਦੇ ਰਹਿਣ - ਤੇ ਫੇਰ ਉਹਨੂੰ ਕੋਈ ਕਹੇ ਕਿ ਉਹਨੇ ਕਿਤਾਬ ਛਪਣ ਪਿੱਛੇ ਝੂਠ ਬੋਲਿਆ ਹੈ। ਅਜਿਹੇ ਬੰਦਿਆਂ ਨੂੰ ਕੋਈ ਵੀ ਸਫਾਈ ਪੇਸ਼ ਕਰਨਾ ਆਪਣੀ ਬੇਹੁਰਮਤੀ ਕਰਨਾ ਹੈ। ਸੋ ਮੈਂ ਉਹਨੂੰ ਕਦੇ ਹੁਣ ਚਿੱਠੀ ਵੀ ਨਹੀਂ ਲਿਖਾਂਗਾ। ਕਿਤਾਬ ਉਹ ਭਾਵੇਂ ਦਸ ਸਾਲ ਰੱਖ ਛੱਡੇ - ਉਹਦੇ ਬਿਨਾਂ ਮੇਰਾ ਕੋਈ ਕੰਮ ਨਹੀਂ ਅਟਕਿਆ ਹੋਇਆ। ਚਾਰ (ਜੇ ਦੋ ਵਾਰ ਉਹਨੂੰ ਲਿਖ ਦਿੱਤਾ ਤਾਂ ਕਾਰਨ ਸਿਰਫ ਇਹ ਸੀ ਕਿ ਤਿੰਨ ਚਾਰ ਦੋਸਤ ਬਾਰ ਬਾਰ ਉਹਦੇ ਲਈ ਪੁੱਛਦੇ ਤੇ ਪੜ੍ਹਨ ਲਈ ਕਾਹਲੇ ਪਏ ਹੋਏ ਸਨ - ਕਿਉਂਕਿ ਇਹ ਮੇਰੀ ਪਹਿਲੀ ਖੋਜ-ਪੁਸਤਕ ਤਾਂ ਨਹੀਂ, ਸਿਰਫ ਆਪਣੇ ਅਨੁਭਵ ਤੇ ਵਿਚਾਰ ਸਾਂਝੇ ਕਰਨ ਵਾਲੀ ਰਚਨਾ ਹੈ ਤੇ ਉਹ ਚਾਹੁੰਦੇ ਹਨ ਜਾਣਨਾ ਮੈਂ ਕੀ ਸੋਚਦਾ ਹਾਂ।)
ਨਿੱਜੀ ਅਨੁਭਵ ਦੀ ਗੱਲ ਬਾਰੇ ਮੈਂ ਬਹੁਤ ਹੀ ਬੁਰੀ ਤਰ੍ਹਾਂ ‘ਕੱਟੜ‘ ਹਾਂ। ਪਿਛਲੇ ਦਿਨੀਂ ਹਾਲਾਤ ਮਾੜੇ ਹੋਣ ਕਰਕੇ ਸਿਰਫ ਕੁਝ ਪੜ੍ਹ ਹੀ ਸਕਦਾ ਸਾਂ (ਹਥਲੇ ਸਭ ਫਗਕ ਕੰਮ ਧਰੇ-ਧਰਾਏ ਰਹਿ ਗਏ)। ਜੋ ਵੀ ਹੱਥ ਲੱਗਿਆ ਪੜ੍ਹ ਲਿਆ (ਚੰਗਾ) ਇਹਨਾਂ ਦਿਨਾਂ ਵਿਚ ਹੀ ਟਾਲਸਟਾਏ ਦਾ ਾਂਅਅਖ (ਤੀਜੀ ਵਾਰ) ਪੜ੍ਹਨ ਲੱਗਾ ਸਾਂ। ਉਸ ਸਾਰੇ ਨਾਵਲ ਵਿਚ ਟਾਲਸਟਾਏ ਜਿਥੇ ਵੀ ਆਪਣੇ ਨਿੱਜੀ ਅਨੁਭਵ ਦੀ ਪਕੜ ‘ਚ ਹੁੰਦਾ ਹੈ ਉਹ ਬੁਰੀ ਤਰ੍ਹਾਂ ਪਾਤਰਾਂ ਨੂੰ ਵੀ ਉਸ ਘੇਰੇ ਵਿਚ ਫਸਾ ਲੈਂਦਾ ਹੈ। ਇਹ ਮਹਾਨ ਕਲਾਕਾਰ ਉਥੇ ‘ਅਨੁਭਵ ਦਾ ਕੈਦੀ‘ ਬਣ ਜਾਂਦਾ ਹੈ। ਉਹਦਾ ਇਕ :ਕਡਜਅ ਨਾਂ ਦਾ ਪਾਤਰ ਉਸ ਵਰਗਾ ਹੀ ਵੱਡਾ ਜ਼ਿਮੀਦਾਰ ਹੈ। ਜੋ ਕੁਝ ਟਾਲਸਟਾਏ ਆਪ ਸੀ, ਉਹੋ ਕੁਝ ਉਸ ਬੰਦੇ ਨੂੰ ਬਣਾ ਧਰਦਾ ਹੈ। ...(ਪਰ ਮਹਾਨ ਕਲਾਕਾਰ ਹੋਣ ਕਰਕੇ ਪਤਾ ਨਹੀਂ ਲੱਗਣ ਦਿੰਦਾ।) ਜਿਥੇ ਉਹ ਰਲਹਕਫਵਜਡਕ ਹੋ ਜਾਂਦਾ ਹੈ, ਉਥੇ ਮਹਾਨ ਬਣ ਜਾਂਦਾ ਹੈ।
ਪਰ ਰਲਹਕਫਵਜਡਕ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਹ ਸਿਰਫ ਉਮਰ ਦੀ ਸਾਧਨਾ ਨਾਲ ਹੀ ਕਿਸੇ ਹੱਦ ਤੱਕ ਸੰਭਵ ਹੈ। ਇਸੇ ਲਈ ਮੈਂ ਮੰਨਦਾ ਆਇਆ ਹਾਂ ਕਿ ਆਮ ਬੰਦਾ ਤਾਂ ਕੀ ਵੱਡੇ ਵੱਡੇ ਦਾਰਸ਼ਨਿਕ ਵੀ ਆਪਣੇ ਨਿੱਜੀ ਅਨੁਭਵ (ਫ; ਦੇ ਘੇਰੇ ਤੋਂ ਬਾਹਰ ਆਉਂਦੇ ਥਿੜਕ ਜਾਂਦੇ ਰਹੇ ਹਨ। - ਇਹ ਮਨੁੱਖ ਦੀ ਹੀ ਸ਼ਾਇਦ ਸੀਮਾ ਹੈ। (ਜਾਂ ਕਮਜ਼ੋਰੀ) ਮੈਨੂੰ ਕਦੇ ਸਮਝ ਨਹੀਂ ਆਈ। (ਦੱਸਦੇ ਹਨ ਅਜੇ ਆਦਮੀ ਨੇ ਆਪਣੇ ਦਿਮਾਗ ਦਾ ਸ਼ਾਇਦ ਸੌਵਾਂ ਜਾਂ ਹਜ਼ਾਰਵਾਂ ਭਾਗ ਵੀ ਨਹੀਂ ਵਰਤਿਆ)।
ਖ਼ੈਰ, ਸਭ ਬਿਨਾਂ ਸੋਚੇ ਲਿਖ ਰਿਹਾ ਹਾਂ। ਕਦੇ ਬੈਠ ਕੇ ਕੁਝ ਸੋਚਾਂਗੇ, ਨਿੱਠ ਕੇ ਗੱਲਾਂ ਕਰਾਂਗੇ ਤਾਂ ਸ਼ਾਇਦ ਚੰਗੀਆਂ ਗੱਲਾਂ ਹੋ ਸਕਣ - ਇਹ ਤਾਂ ਸਭ ਬਸ ਐਵੇਂ ਬੇਤੁਕੀਆਂ ਹਨ। ਚਿੱਠੀ ਮਿਲੀ ਤੇ ਲਿਖਣ ਬਹਿ ਗਿਆ - ਕਿਉਂਕਿ ਹੋਰ ਕੋਈ ਕੰਮ ਹੀ ਨਹੀਂ ਹੋ ਰਿਹਾ। ਤੇ ਇਹ ਬੜਾ ਆਮ ਹੈ - ‘ਵਿਹਲੀ ਰੰਨ ਪ੍ਰਾਹੁਣਿਆਂ ਜੋਗੀ‘ !
ਹੋਰ ਕਦੇ ਫੇਰ। ਜਾਂ ਮਿਲਣ ਤੇ।
ਸਨੇਹ ਨਾਲ ਵੀਰ,
ਗੁਰਦਿਆਲ ਸਿੰਘ
ਪੀ.ਐਸ. - ਸਰਦੀ ਵਿਚ ਮੈਂ ਘਰ ਹੀ ਰਹਾਂਗਾ - ਖਾਸ ਕਰਕੇ ਜਨਵਰੀ ਵਿਚ। ਉਦੋਂ ਤੁਸੀਂ ਇਕ, ਦੋ, ਤਿੰਨ - ਜਾਂ ਜਿੰਨੇ ਦਿਨ ਚਾਹੋ - ਮੇਰੇ ਕੋਲ਼ ਆਉਣਾ। ਫੇਰ ਬਹੁਤ ਗੱਲਾਂ ਕਰਾਂਗੇ। ਕੁਝ ਚੰਗਾ ਸੋਚਾਂਗੇ। ਜਿੰਨਾ ਵੀ ਚੰਗਾ ਸੋਚਣ ਦੀ ਸਮਰੱਥਾ ਹੈ। (ਸਮਰੱਥਾ ਤੋਂ ਬਾਹਰ ਤਾਂ ਸੰਭਵ ਨਹੀਂ।) ਫੋਟੋ ਲਈ ਧੰਨਵਾਦ।
***
ਜੈਤੋ (ਜ਼ਿਲ੍ਹਾ ਫਰੀਦਕੋਟ)
31.10.95
ਪਿਆਰੇ ਬਲਦੇਵ ਸਿੰਘ,
ਬਹੁਤ ਕੁਝ ਨਹੀਂ ਲਿਖਾਂਗਾ। ਪਰ ਅੱਜ ਸੈਰ ਨੂੰ ਜਾਂਦਿਆਂ ਜੋ ਕੁਝ ਮੇਰੇ ਬਚਪਨ ਦੇ ਦੋਸਤ ਬਲਬੀਰ ਸਿਉਂ ਨੇ ਤੇਰੇ ਬਾਰੇ ਕਿਹਾ ਉਹੋ ਸ਼ਬਦ ਲਿਖਣੇ ਜ਼ਰੂਰੀ ਲੱਗੇ। ਉਹ ਬਹੁਤ ਜ਼ਹੀਨ ਆਦਮੀ ਹੈ। (ਪਰ ਕਦੇ ਕਿਸੇ ਬਾਰੇ ਕੋਈ ਵਾਧੂ, ਬੇਲੋੜੇ, ਤਾਰੀਫ਼ ਦੇ ਸ਼ਬਦ ਬਿਲਕੁਲ ਨਹੀਂ ਕਹਿੰਦਾ - ਮੇਰੇ ਬਾਰੇ ਵੀ ਨਹੀਂ - ਜੇ ਮੈਂ ਗ਼ਲਤ ਹੋਵਾਂ ਤਾਂ ਇਹੋ ਇਕ ਬੰਦਾ ਹੈ ਜੋ ਫੜਾਕ ਮੇਰੇ ਮੂੰਹ ‘ਤੇ ਮਾਰਦਾ ਹੈ।)
ਉਹਦੇ ਸ਼ਬਦ ਹਨ - ‘‘ਯਾਰ ਉਹ ਜਿਹੜਾ ਮੁੰਡਾ ਸੀ, ਉਹਦੀ ਬੋਲ-ਚਾਲ, ਪਹਿਰਾਵਾ, ਸੂਰਤ ਤੇ ਸੀਰਤ, ਤੇ ਉਹਦੀ ਕਹਾਣੀ - ਸਭ ਕੁਸ਼ ਹੀ ;ਿ ਸੀ। ਇਹੋ ਜੇ ਬੰਦੇ ਬੜੇ ਪ੍ਰਭਾਵਤ ਕਰਦੇ ਐ।‘
ਮੇਰਾ ਇਹ ਦੋਸਤ 40 ਸਾਲ ਤੋਂ ਮੇਰਾ ਸੈਰ ਦਾ ਸਾਥੀ ਹੀ ਨਹੀਂ - ਮੇਰਾ ਕਿਸੇ ਜ਼ਮਾਨੇ ਦਾ ‘ਗੁਰੂ‘ ਵੀ ਹੈ। ਦੂਸਰਾ ਮਿੱਤਰ - ਜੋ ਬਣੀਆਂ ਹੈ - ਪਰ ਜੱਟ ਬਣੀਆਂ - ਪਿੰਡ ਦਾ ਸਰਪੰਚ ਵੀ ਰਿਹਾ ਹੈ - ਸਿਰਫ 6-7 ਸਾਲ ਪਹਿਲਾਂ ਹੀ ਏਥੇ (ਮੁੰਡਾ) ਆਇਆ ਹੈ, (ਕਿਉਂਕਿ ‘ਮੁੰਡਿਆਂ‘ ਨੇ ਚਾਰ-ਪੰਜ ਲੱਖ ਮੰਗ ਲਿਆ ਸੀ - ਤੇ ਪਰਿਵਾਰ ਦੀ ਸੁਰੱਖਿਆ ਲਈ ਮੁੰਡਾ ਆ ਗਿਆ) ਉਹ ਉਮਰ ‘ਚ ਮੈਥੋਂ 4-5 ਸਾਲ ਵੱਡਾ ਹੈ। ਪਰ ਪੜ੍ਹਦਾ ਬਹੁਤ ਹੈ। ਫ਼ਾਰਸੀ, ਉਰਦੂ, ਅੰਗਰੇਜ਼ੀ, ਹਿੰਦੀ, ਪੰਜਾਬੀ - ਪੰਜੇ ਜ਼ੁਬਾਨਾਂ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਹੈ। ਉਹ ਤੇਰੀ ਕਹਾਣੀ (ਹਨੀਮੂਨ) ਦੀ ਬਰਕਵਗਖ ਤੋਂ ਬੜਾ ਪ੍ਰਭਾਵਿਤ ਸੀ (ਜਿਵੇਂ ਤੂੰ ਸੁੱਤੀ ਉੱਠੀ ਔਰਤ ਦੀ ਸੁੰਦਰਤਾ ਬਿਆਨ ਕਰਤੀ - ਖਾਸ ਕਰਕੇ ਉਸ ਤੋਂ)।
ਸੋ ਤੈਨੂੰ ਮੁਬਾਰਕ !
ਬਾਕੀ ਰਹੀ ਮੇਰੀ ਗੱਲ, ਮੈਨੂੰ ਕੁਝ ਲਿਖਣ ਦੀ ਬਹੁਤੀ ਲੋੜ ਨਹੀਂ। ਤੂੰ ਜਾਣਦਾ ਹੈਂ ਕਿ ਮੈਂ ਕੀ ਸੋਚਦਾ ਹਾਂ। ਆਸਾਂ ਸ਼ਾਇਦ ਤੈਥੋਂ ਵੱਡੀਆਂ ਲਾਈਆਂ ਹੋਣ, ਪੂਰੀਆਂ ਵੀ ਸ਼ਾਇਦ ਨਾ ਹੋਣ, ਪਰ ਜਿੰਨਾ ਵੀ ਕੰਮ ਤੂੰ ਕਰ ਸਕੇਂਗਾ - ਉਹ ਸਟੈਂਡਰਡ ਦਾ ਜ਼ਰੂਰ ਹੋਵੇਗਾ। ਤੂੰ ਘਰ-ਦਿਆਂ ਵਾਂਗ ਹੀ ਆ ਗਿਆ ਤੇ ਘਰਦਿਆਂ ਵਾਂਗ ਹੀ ਰਹਿ ਗਿਆ - ਇਹ ਸਾਡੇ ਸਾਰੇ ਪਰਿਵਾਰ ਨੂੰ ਹੀ ਬਹੁਤ ਚੰਗਾ ਲੱਗਿਆ। (ਮੈਨੂੰ ਤਾਂ ਲੱਗਿਆ ਹੀ। ਫਾਰਮੈਲਟੀਆਂ ਤੋਂ ਮੈਨੂੰ ਬੜੀ ਘਬਰਾਹਟ ਹੁੰਦੀ ਹੈ।)
ਜਦੋਂ ਕਿਤਾਬ ਛਪ ਜਾਏ ਤਾਂ ਉਹਦੀਆਂ ਦੋ ਕਾਪੀਆਂ ਤੇ ਚਾਰ ਕੁ ਕਾਪੀਆਂ ਬੱਚਿਆਂ ਲਈ ਲਈਂ। ਇਕ (ਮੇਰੀ) ਕਿਤਾਬ - ‘ਧਰਤ ਸੁਹਾਵੀ‘ ਦੀਆਂ 50ਗ਼ ਕਮਿਸ਼ਨ ਵਾਲੀ ਸਕੀਮ ‘ਚ ਲੈ ਕੇ ਭੇਜ ਦੇਈਂ। (ਭਾਵੇਂ ਹੈ ਤਾਂ ਫ਼ਜ਼ੂਲ ਜਿਹੀ ਗੱਲ, ਪਰ ਜੇ ਬਿਲ ਭੇਜ ਦੇਵੇਂ ਤਾਂ ਤੇਰੀ ਮਿਹਰਬਾਨੀ)। ਹੋਰ ਕੋਈ ‘ਸੁੱਖ ਸੁਨੇਹਾ‘ ਲਿਖੀਂ। ਸਾਰੇ ਪਰਿਵਾਰ ਨੂੰ ਨਿੱਘੀ ਯਾਦ ! ਸਨੇਹ ਨਾਲ।
ਗੁਰਦਿਆਲ ਸਿੰਘ
ਪੀ.ਐਸ.- ਕਜ਼ਾਕ ਮਿਲ ਜਾਏ ਤਾਂ ਉਸਤੋਂ ਇਹ ਪੁੱਛਣਾ ਹੈ ਕਿ ਕੀ ਉਹ ਇਕ ਦਿਨ ਏਧਰ ਆ ਸਕੇਗਾ।
***
30.11.95
ਪਿਆਰੇ ਬਲਦੇਵ ਸਿੰਘ,
ਜੇ ਮੇਰੀ ਚਿੱਠੀ ਤੈਨੂੰ ਸੁਖਦਾਇਕ ਲਗਦੀ ਹੈ ਤਾਂ ਤੇਰੀਆਂ ਚਿੱਠੀਆਂ ਵੀ ਮੇਰੇ ਲਈ ਜ਼ਰੂਰ ਇਕ ਪ੍ਰਾਪਤੀ ਹਨ। (ਨਵੀਂ ਪੀੜ੍ਹੀ ਦੀਆਂ ਸਮੱਸਿਆਵਾਂ ਬਾਰੇ ਸਮਝ ਆਉਂਦਾ ਹੈ।)
ਮੈਂ ਤੇਰੇ ਪਿੰਡ ਵਾਲਾ ਬਾਬਾ ਤਾਂ ਬਿਲਕੁਲ ਨਹੀਂ ਬਣ ਸਕਦਾ (ਤੇ ਨਾ ਹੀ ‘ਬਾਬਾ‘ ਬਣਨ ਦੀ ਇੱਛਾ ਹੈ) ਪਰ ਤੇਰੀ ਤੇ ਆਪਣੀ ਪੀੜ੍ਹੀ ਅੰਦਰ ਇਕ ਸਾਂਝ ਬਣਾ ਕੇ ਆਪਣੇ ਆਦਰਸ਼ਾਂ ਦੇ ਸਫ਼ਰ ਨੂੰ ਜਾਰੀ ਰੱਖਣ ਦਾ ਯਤਨ ਜ਼ਰੂਰ ਕਰਨਾ ਚਾਹੁੰਦਾ ਹਾਂ। (ਭਾਵੇਂ ਇਹ ਸੰਭਵ ਨਹੀਂ - ਤਬਦੀਲੀ ਤਾਂ ਲਾਜ਼ਮੀ ਹੈ।)
ਤੇਰੀਆਂ, ਨਵੀਂ ਪੀੜ੍ਹੀ ਦੀ ਸਮੱਸਿਆ ਬਾਰੇ ਸਭ ਗੱਲਾਂ ਨਾਲ ਮੈਂ ਸਹਿਮਤ ਹਾਂ। ਸਿਰਫ ਇਕੋ ਗੱਲ ਨਾਲ ਸਹਿਮਤ ਨਹੀਂ - ਉਹ ਹੈ ਕੰਮ ਬਾਰੇ। ਕੰਮ ਲਈ ਜੇ ਤੁਹਾਡੀ ਪੀੜ੍ਹੀ ਦਾ ਵਤੀਰਾ ‘ਤੁਰਤ ਦਾਨ ਤੇ ਤੁਰਤ ਫਲ‘ ਵਾਲਾ ਰਿਹਾ ਤਾਂ ਇਹ ਕੰਮ ਨਿਹਫਲ ਜਾਣਗੇ। ਕੰਮ ਤਾਂ ਉਹ ਬੂਟਾ ਹੈ ਜਿਸਨੂੰ ਬੀਜ ਦੱਬਣ ਤੋਂ ਲੈ ਕੇ ਫਲ ਆਉਣ ਤੱਕ, ਪਲ ਪਲ ਧਿਆਨ ਨਾਲ ਵੱਡਾ ਕਰਨਾ ਤੇ ਸਾਂਭਣਾ ਪੈਂਦਾ ਹੈ। ਫਲ ਤਾਂ ਬੂਟੇ ਦੀ ਪ੍ਰਵਿਰਤੀ ਅਨੁਸਾਰ ਮਿਲਦਾ ਹੈ - ਦੋ ਸਾਲ, ਚਾਰ, ਦਸ ਸਾਲ ਬਾਦ ਵੀ, ਤੇ ਕਈ ਵਾਰ ਸਾਡੇ ਲਾਉਣ ਵਾਲਿਆਂ ਦੀ ਉਮਰ ਵਿਚ ਤਾਂ ਫਲ ਹੀ ਨਹੀਂ ਲਗਦੇ। (ਪੁੱਤ-ਪੋਤਰੇ ਹੀ ਖਾਂਦੇ ਹਨ।) ਇਸ ਲਈ ਜ਼ਿੰਦਗੀ ਦੇ ਅਰਥ ਇੰਜ ਹੀ ਜਾਣਨ ਦਾ ਯਤਨ ਕੀਤਾ ਹੈ ਕਿ ਇਹ ਫਲ ਤਾਂ ਲਗਣੇ ਹਨ - ਖਾਣੇ ਸ਼ਾਇਦ ਸਾਡੇ ਭਾਗਾਂ ਵਿਚ ਨਹੀਂ ਹੁੰਦੇ (ਖਾਸ ਕਰਕੇ ਕਲਾ ਦੇ ਖੇਤਰ ‘ਚ)।
ਮੈਂ ਜੋ ਇਹ ਕਹਿੰਦਾ ਹਾਂ ਕਿ ਇਹਨਾਂ ਬੰਦਿਆਂ ਨਾਲ ਉਲਝ ਕੇ ਆਪਣੀ ਪ੍ਰਤਿਭਾ ਬੇਅਰਥ ਗੁਆਉਣਾ ਯੋਗ ਨਹੀਂ ਤਾਂ ਇਹਦੇ ਅਰਥ ਇਹ ਨਹੀਂ ਕਿ ਉਹ ਲੋਕ ਸਾਨੂੰ ‘ਕੁੱਤੇ ਦੀ ਮੌਤ‘ ਮਾਰ ਦੇਣ। (ਤੇ ਅਸੀਂ ਮਰ ਜਾਈਏ।) ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਇਹ ਲੋਕ ਤਾਂ ਸਗੋਂ ਸਾਨੂੰ ਰਾਹੋਂ ਭਟਕਾ ਕੇ, ‘ਆਪਣੇ‘ ਵਾਧੂ ਕੰਮਾਂ ਵਿਚ ਉਲਝਾ ਕੇ, ਸਾਡੀ ਪ੍ਰਤਿਭਾ ਨੂੰ ਖੁੰਢਾ ਕਰਨ ਦੇ ਯਤਨ ‘ਚ ਰਹਿੰਦੇ ਹਨ। ਜੇ ਇਹ ਸਫਲ ਹੋ ਜਾਣ ਤਾਂ ਉਹ ਕਿਹੋ ਜਿਹੀ ਸਥਿਤੀ ਹੋਵੇਗੀ ? - ਜੇ ਸਾਡੇ ਬਜ਼ੁਰਗ ਬਾਰ ਬਾਰ ਕਹਿੰਦੇ ਰਹੇ ਕਿ - ਮੂਰਖ ਨਾਲ ਉਲਝਣਾ ਠੀਕ ਨਹੀਂ (ਮੂਰਖੇ ਨਾਲ ਨਾ ਲੁਝੀਏ) ਤਾਂ ਉਹ ਕਿਸੇ ਗੱਲ ਕਰਕੇ ਹੀ ਕਹਿੰਦੇ ਸਨ। ਉਹ ਨਿਸਚੇ ਹੀ ਕੋਈ ਸਿਆਣੀ ਗੱਲ ਕਹਿ ਰਹੇ ਸਨ।
ਸ਼ਾਇਦ ਹੁਣ ਕੁਝ ਸਮਾਂ ਚੁੱਪ ਰਹਾਂ ਕਿਉਂਕਿ ਘਰ ਢਾਹੁਣ ਲੱਗੇ ਹਾਂ ਤੇ ਨਵਾਂ ਕਦੋਂ ਬਣੇਗਾ ? (ਇਹ ਵਕਤ ਹੀ ਦੱਸੇਗਾ - ਅਜੇ ਤਾਂ ਲੋਨ ਵੀ ਨਹੀਂ ਮਿਲਿਆ - ਪਰ ਕੰਮ ਸ਼ੁਰੂ ਕਰ ਚੁੱਕੇ ਹਾਂ। ਸੋ ਦੋ-ਤਿੰਨ ਮਹੀਨੇ ਸ਼ਾਇਦ ਉਲਝਿਆ ਰਹਾਂ। ਪਰ ਅਜਿਹੀ ਹਾਲਤ ਵਿਚ ਸਗੋਂ ਫਜ਼ੂਲ ਕੰਮ ਵਧੇਰੇ ਕਰਦਾ ਹਾਂ - ਆਰਟੀਕਲ ਲਿਖਣੇ, ਚਿੱਠੀਆਂ ਲਿਖਣੀਆਂ, ਤੇ ਦੋਸਤਾਂ ਨਾਲ ਬੈਠ ਕੇ ਭਕਾਈ ਮਾਰਨੀ। ਨਹੀਂ ਹੁੰਦਾ ਤਾਂ ਬਸ ਉਸਾਰੂ ਕੰਮ ਹੀ ਨਹੀਂ ਹੁੰਦਾ। ਇਸ ਲਈ ਨਾਵਲ ਵਿਚੇ ਛੱਡ ਦਿੱਤਾ ਹੈ। - ਸੋ ਝਿੜਕਣ ਦੀ ਤੇ ‘ਤਾਪ ਚੜ੍ਹਾਉਣ‘ ਦੀ ਲੋੜ ਨਹੀਂ। ਜੋ ਵੀ ਮਨ ਆਵੇ ਲਿਖਦਾ ਰਹੀਂ - ਮੈਂ ਉੱਤਰ ਵੀ ਲਿਖਦਾ ਰਹਾਂਗਾ - ਕਿਉਂਕਿ ਕਿਹੜਾ ‘ਸੋਚ‘, ‘ਸਮਝ‘ ਕੇ ਲਿਖਣਾ ਹੈ - ਜੋ ਮੂੰਹ ਆਇਆ ਬੋਲੀ ਜਾਵਾਂਗਾ। ਕੋਈ ਤਕਲੀਫ ਨਹੀਂ।)
ਤੇਰੀ ‘ਪੰਜਾਬੀ ਟ੍ਰਿਬਿਊਨ‘ ਵਾਲੀ ਚਿੱਠੀ ਵੀ ਪੜ੍ਹੀ ਹੈ ਤੇ ਕੁਝ ‘ਨਵੇਂ ਜ਼ਮਾਨੇ‘ ਦੀਆਂ ਚਿੱਠੀਆਂ ਪੜ੍ਹੀਆਂ ਸਨ। ਹੁਣ ਇਹ ਗੱਲ ਮੁੱਕੀ ਸਮਝ ਕੇ ਜੇ ਇਸ ਸਾਰੇ ‘ਐਪੀਸੋਡ‘ ਨੂੰ ਭੁਲਾ ਹੀ ਛੱਡੇਂ ਤਾਂ ਚੰਗਾ ਹੈ। ਉੱਕਾ ਦਿਮਾਗ ‘ਚੋਂ ਕੱਢ ਛੱਡੀਂ ਕਿ ਕਦੇ ਕੁਝ ਵਾਪਰਿਆ ਸੀ। ਇੰਜ ਤੇਰਾ ਸਮਾਂ ਕੰਮ ਵੱਲ ਲੱਗੇਗਾ।
ਮੈਂ ਬਹੁਤ ਕੁਝ ਨਹੀਂ ਲਿਖਣਾ - ਕਿਉਂਕਿ ਤੂੰ ਇਤਨਾ ਬੁੱਧੀਵਾਨ ਹੈਂ ਕਿ ਇਸ਼ਾਰੇ ਨਾਲ ਹੀ ਗੱਲ ਸਮਝ ਸਕਦਾ ਹੈਂ। ਇਹ ਉੱਕਾ ਨਹੀਂ ਕਹਿੰਦਾ ਕਿ ਜੇ ਤੁਹਾਡਾ ਕੋਈ (ਸ਼ੋਸ਼ਣ) ਕਰੇ ਤਾਂ ਚੁੱਪ ਕਰਕੇ ‘ਸਬਰ‘ ਕਰ ਲਓ। (ਸਗੋਂ ਉਲਟ ਸੋਚਦਾ ਹਾਂ ਉਹਨੂੰ ਨਾਨੀ ਚੇਤੇ ਕਰਵਾ ਦਿਓ ਕਿ ਮੁੜ ਕੇ ਹਿੰਮਤ ਨਾ ਕਰੇ ਤੁਹਾਨੂੰ ਛੇੜਨ ਦੀ।) ਪਰ ਸਾਹਿਤ ਦੇ ਖੇਤਰ ਵਿਚ ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਕੋਈ ਕਘਬ;ਰਜਵ ਕਰ ਸਕਦਾ ਹੈ। (ਸਿਵਾਏ ਉਸ ਪ੍ਰਕਾਸ਼ਕ ਦੇ ਜਿਹੜਾ ਤੁਹਾਡੀ ਕਿਤਾਬ ਛਾਪ ਕੇ ਰਾਇਲਟੀ ਨਹੀਂ ਦਿੰਦਾ - ਤੇ ਜੇ ਇਹ ਮਿਲ ਵੀ ਜਾਏ ਤਾਂ ਕੀ ਉਮਰ ਲੰਘ ਜਾਏਗੀ ? ਪੰਜਾਬ ਵਿਚ ਕੀ ਗੰਜੀ ਨਹਾਊ ਕੀ ਨਚੋੜੂ) ਮਿਸਾਲ ਵਜੋਂ ਇਹ ‘ਬਰਾੜ‘ ਤੇਰੀ ਸਮੱਗਰੀ ਨੂੰ ਆਪਣੀ ਦੱਸ ਕੇ ਕੀ ਤੇਰੀ ਪ੍ਰਤਿਭਾ ਖੋਹ ਲੈਂਦਾ ? - ਮੈਂ ਤੇਰੀ ਥਾਂ ਹੁੰਦਾ ਤਾਂ ਇਸ ‘ਵਿਚਾਰੇ‘ ਉੱਤੇ ਹੱਸ ਛੱਡਦਾ ਕਿ ਕਿੰਨਾਂ ਛੋਟਾ ਬੰਦਾ ਹੈ ! ਗਰੀਬੜਾ ! (ਜਿਹੜੇ ਪੰਜਾਬੀ ਫਿਲਮਕਾਰ ਪਾਕਿਸਤਾਨੀ ਫਿਲਮਾਂ ਦੀ ਨਕਲ ਕਰਦੇ ਰਹੇ ਉਹਨਾਂ ‘ਚੋਂ ਕੋਈ ਵੀ ‘ਗੁਲਜ਼ਾਰ‘ ਬਣ ਸਕਿਆ ? - ਬਸ ਪੈਸੇ ਜ਼ਰੂਰ ਕਮਾ ਗਏ - ਉਹ ਵੀ ‘ਪੰਜੀਆਂ‘, ‘ਦਸੀਆਂ‘। ਹੁਣ ਕਿਧਰੇ ਨਾ-ਨਮੂਨਾ ਵੀ ਨਹੀਂ ਉਹਨਾਂ ਦਾ।) ਹਾਲੇ ਸਿਰਫ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੀ ਪੀੜ੍ਹੀ ਦੀਆਂ ਸੌ ਸਮੱਸਿਆਵਾਂ ਹਨ। (ਸਾਡੇ ਨਾਲੋਂ ਸੌ ਗੁਣਾ ਗੁੰਝਲਦਾਰ ਵੀ।) ਪਰ ਦੋਸਤ ਸੱਚ ਤਾਂ ਫੇਰ ਵੀ ਉਹੋ ਹੈ। ਫਰੀਦ ਤੋਂ ਸੱਤ ਸਦੀਆਂ ਬਾਦ ਵੀ ਕੋਈ ਉਹਦੀ ਪ੍ਰਤਿਭਾ ਖੋਹ ਸਕਿਆ ਹੈ ?
ਦੂਸਰੀ ਗੱਲ ਇਹ ਕਿ ਪ੍ਰਤਿਭਾ ਨਿੱਜੀ ‘ਪ੍ਰਾਪਤੀਆਂ‘ ਲਈ ਨਹੀਂ ਵਰਤੀ ਜਾਂਦੀ। ਇਹਦਾ ਭਾਵ ਨਿੱਜੀ ਲਾਭਾਂ ਲਈ ਸਿਰਫ ਤੇਜ਼ ਤੇ ‘ਚਲਾਕ‘ ਦਿਮਾਗ ਕਾਫੀ ਹੁੰਦਾ ਹੈ)। ਇਹ ਹੁੰਦਾ ਹੀ ਸਮਾਜ ਤੇ ਸਾਹਿਤ (ਜਾਂ ਕਲਾ) ਲਈ ਹੈ। ਜੇ ਤੁਸੀਂ ਇਹਨੂੰ ‘ਨਿੱਜੀ‘ ਵਸਤੂ ਬਣਾ ਕੇ ਬਚ ਜਾਓ ਤਾਂ ਹੀਰਾ ਧਰਤੀ ਵਿਚ ਦੱਬ ਕੇ ਰੱਖਣ ਵਰਗੀ ਬੇਅਰਥ ਕਿਰਿਆ ਬਣ ਕੇ ਰਹਿ ਜਾਂਦੀ ਹੈ (‘ਕਿਰਿਆ‘ ਵੀ ਇਹ ਨਹੀਂ ਹੁੰਦੀ - ਸਗੋਂ ਜ਼ਿੰਦਗੀ ਨੂੰ ਕੌਡੀ ਬਦਲੇ ਗੁਆਉਣ ਵਾਲੀ ਗੱਲ ਹੁੰਦੀ ਹੈ)।
ਬਹੁਤ ਫਜ਼ੂਲ ਜਿਹੀਆਂ ਗੱਲਾਂ ਹਨ। ਕਿਉਂਕਿ ਇਹ ‘ਆਦਰਸ਼ਕ‘ ਹਨ। ਪਰ ਨਹੀਂ - ਮੈਂ ਇਹਨਾਂ ਨੂੰ ਸੱਚਮੁੱਚ ਹੀ ‘ਵਿਗਿਆਨਿਕ‘ ਤੇ ਸੱਚ ਮੰਨਦਾ ਹਾਂ - ਆਦਰਸ਼ਕ ਨਹੀਂ। ਤੁਸੀਂ ‘ਨਵੇਂ ਮੁੰਡੇ‘ ਕੁਝ ਵੀ ਸੋਚੋ - ਇਹਦੇ ਨਾਲ ਘੱਟੋ-ਘੱਟ ਮੇਰਾ ਉੱਕਾ ਕੋਈ ਵਿਰੋਧ ਨਹੀਂ। (ਹੋ ਸਕਦਾ ਹੈ, ਸਾਡਾ -ਭਾਵ ਮੇਰੇ ਜਿਹੇ ‘ਬੌਡਿਆਂ‘ ਦੀ ਸੋਚ/ਸਮਝ ਹੀ ਗ਼ਲਤ ਹੋਵੇ - ਪਰ ਹੁਣ ਇਹ ਛੱਡ ਥੋੜ੍ਹੋ ਸਕਦੇ ਹਾਂ।)
ਤੈਨੂੰ ਇਕ ਹਾਸੇ ਵਾਲੀ ਗੱਲ ਸੁਣਾਵਾਂ ? - ਸੁਣ। ਜਦੋਂ ‘ਮੜ੍ਹੀ ਦਾ ਦੀਵਾ‘ ਨਾਲ ਮੇਰਾ ਚੰਗਾ ਨਾਂ ਹੋ ਗਿਆ ਤਾਂ ਦਿੱਲੀ ਵਿਚ ਪੰਜਾਬ ਦਾ ਇਕ ਕਾਲਜ ਅਧਿਆਪਕ ‘ਗੁਰਦਿਆਲ ਸਿੰਘ‘ ਬਣ ਕੇ ਦਿੱਲੀ ਦੇ ‘ਉਪਾਸਕਾਂ‘ ਤੋਂ ਦਾਅਵਤਾਂ ਖਾਂਦਾ ਫਿਰਿਆ। ਜਦੋਂ ਮੈਨੂੰ ‘ਦਾਅਵਤਾਂ‘ ਖੁਆਉਣ ਵਾਲਿਆਂ ਕਈ ਸਾਲ ਬਾਦ ਇਹ ਦੱਸਿਆ - ਉਦੋਂ ਉਹ ਬੰਦਾ ਪੰਜਾਬ ਆ ਚੁੱਕਿਆ ਸੀ। ਮੈਂ ਉਹਨੂੰ ਵੀਹ ਵਾਰ ਮਿਲਿਆ ਹਾਂ, ਪਰ ਕਦੇ ਉਹਨੂੰ ਉਲਾਂਭਾ ਨਹੀਂ ਦਿੱਤਾ। ਹੱਸ ਕੇ ਮਿਲਦਾ ਹਾਂ। ਤਰਸ ਖਾਂਦਾ ਹਾਂ - ਕਿਉਂਕਿ ਹੁਣ ਤੱਕ ਵੀ ਉਹ ਵਿਚਾਰਾ ‘ਗੁਰਦਿਆਲ ਸਿੰਘ‘ ਨਹੀਂ ਬਣ ਸਕਿਆ ! (ਬੰਦਾ ਘੁੱਗੂ ਨਹੀਂ ਸੀ - ਆਪਣੇ ਖੇਤਰ ‘ਚ ਕੁਝ ਕੰਮ ਕਰਕੇ ਉਹਨੇ ‘ਛੋਟਾ ਜਿਹਾ‘ ਸ਼੍ਰੋਮਣੀ ਪੁਰਸਕਾਰ ਵੀ ਮਗਰੋਂ ਲੈ ਲਿਆ।) ਬਸ ‘ਚਲਾਕ ਬੁੱਧੀਵਾਨ‘ ਸੀ, ਪ੍ਰਤਿਭਾਸ਼ਾਲੀ ਨਹੀਂ।)
ਇਹ ਤਾਂ ਨਹੀਂ ਕਹਾਂਗਾ ਕਿ ਕੋਈ ਮੇਰੀ ਕਾਰਬਨ ਕਾਪੀ ਬਣ ਜਾਏਗੀ, ਹਰ ਬੰਦਾ ਆਪਣੀ ਮਿਸਾਲ ਆਪ ਹੀ ਹੁੰਦਾ ਹੈ - ਨਹੀਂ ਤਾਂ ਉਹ ਬੰਦਾ ਹੀ ਨਹੀਂ ਹੋ ਸਕਦਾ - ਮਸ਼ੀਨ ਹੋ ਸਕਦਾ ਹੈ। ਜਿਵੇਂ ਤਾਲਸਤਾਏ ਇਸੇ ਕਰਕੇ ਮਹਾਨ ਹੈ ਕਿ ਉਹਦਾ ਇਕ ਵੀ ਪਾਤਰ ਦੂਜੇ ਨਾਲ ਨਹੀਂ ਮਿਲਦਾ। (ਕਹਿੰਦੇ ਹਨ ਬੰਦੇ ਨਹੀਂ ਉਹਦੇ ਕੁੱਤਿਆਂ ਤੇ ਘੋੜਿਆਂ - ਏਥੋਂ ਤੱਕ ਕਿ ਪੰਛੀਆਂ ਦੇ ੋਫੀ ਵੀ ਵੱਖਰੇ ਸਨ। ‘ਅੱਨਾ ਕਾਰਨੀਨਾ‘ ਵਿਚ ਇਕ ਕਿਰਸਾਣ ਦਾ ‘ਬੁੱਢਾ‘ ਕੁੱਤਾ ਸਾਧਾਰਨ ਕੁੱਤਾ ਹੈ ਹੀ ਨਹੀਂ - ਉਹ ਇਕ ਫੀ ਹੈ। ਮੈਂ ਉਹਨੂੰ ਕੁੱਤੇ ਵਜੋਂ ਕਦੇ ਦੇਖ ਹੀ ਨਹੀਂ ਸਕਿਆ।) ਪਰ ਸਿਰਫ ਇਹ ਕਹਿਣਾ ਹੈ ਕਿ ਇਹ ‘ਬਰਾੜ‘, ‘ਸਿੱਧੂ‘ ਕੁਝ ਵੀ ਬਣ ਜਾਣ ਪਰ ਪੰਜਾਬੀ ਵਿਚ ਬਲਦੇਵ ਸਿੰਘ ਧਾਲੀਵਾਲ ਹੋਰ ਇਕ ਵੀ ਨਹੀਂ ਹੋ ਸਕਦਾ। (ਇਹ ਕੋਈ ਸ਼ੁਭ ਇੱਛਾ ਨਹੀਂ - ਵਿਗਿਆਨਿਕ ਸੱਚ ਹੈ।) ਬਹੁਤ ਫਜ਼ੂਲ, ਊਲ-ਜਲੂਲ ਬੋਲ ਗਿਆ ਹਾਂ - ਸੋ ਇਹਦੇ ਲਈ ਖਿਮਾ। ਹੁਣ ਠੀਕ ਲੱਗੇ ਤਾਂ ਉਸ ਬਾਰੇ ਸੋਚੀਂ (ਮੰਨਣਾ ਤਾਂ ਉੱਕਾ ਹੀ ਜ਼ਰੂਰੀ ਨਹੀਂ - ਤੇ ਅਕਸਰ ਚੰਗਾ ਵੀ ਨਹੀਂ ਹੁੰਦਾ। ਹਰੇਕ ਦੀ ਗੱਲ ਮੰਨਣ ਵਾਲੇ ਲੋਕ ਸੱਚਮੁੱਚ ਹੀ ਕਮਜ਼ੋਰ ਹੁੰਦੇ ਹਨ।) ਪਰਿਵਾਰ ਨੂੰ ਨਿੱਘੀ ਯਾਦ !
ਤੇਰਾ ਵੀਰ,
ਗੁਰਦਿਆਲ ਸਿੰਘ
( 'ਸੀਰਤ' 'ਚੋਂ ਧੰਨਵਾਦ ਸਹਿਤ)

No comments:

Post a Comment