Sunday, August 8, 2010

ਕਿਵੇਂ ਖੱਟਦਾ ਹੈ ਪੈਸੇ ਨੂੰ ਪੈਸਾ- ਗੁਰਦਿਆਲ ਸਿੰਘ


ਇਹ ਸਵਾਲ ਵੀ ਕੁਝ ਪਾਠਕਾਂ ਨੇ ਕੀਤਾ ਕਿ ਕਿਸਾਨੀ ਬਾਰੇ ਹੀ ਵਧੇਰੇ ਕਿਉਂ ਸੋਚਿਆ ਜਾਂਦਾ ਹੈ? ਇਕ ਸਾਧਾਰਨ ਦੁਕਾਨਦਾਰ ਦੀਆਂ ਵੀ ਸਮੱਸਿਆਵਾਂ ਹਨ। ਉਸ ਨੂੰ ਕਈ ਕਿਸਮ ਦੇ ਟੈਕਸ ਦੇਣੇ ਪੈਂਦੇ ਹਨ। ਕੋਈ ਵੀ ਕਾਰੋਬਾਰ (ਚਾਹੇ ਲੂਣ-ਮਿਰਚ ਜਾਂ ਚਾਹ-ਗੁੜ ਦੀ ਦੁਕਾਨ ਹੋਵੇ) ਲੱਖਾਂ ਤੋਂ ਘੱਟ ਨਹੀਂ ਚੱਲ ਸਕਦਾ। ਅਕਸਰ ਛੋਟੇ ਦੁਕਾਨਦਾਰਾਂ ਕੋਲ ਦੁਕਾਨਾਂ ਵੀ ਆਪਣੀਆਂ ਨਹੀਂ, ਉਹ ਕਿਰਾਏ 'ਤੇ ਲੈਂਦੇ ਹਨ। ਮਕਾਨ ਵੀ ਕਿਰਾਏ ਦਾ। ਇਹ ਲੋਕ ਚਾਰੇ ਪਾਸਿਓਂ ਘਿਰੇ ਹੋਏ ਹਨ। ਅਜਿਹਾ ਸਵਾਲ ਵੀ ਪੁੱਛਿਆ ਗਿਆ ਕਿ 'ਕਿਸਾਨਾਂ ਨੂੰ ਬਿਜਲੀ ਮੁਫ਼ਤ ਦੇ ਕੇ ਸਾਡੇ ਬਿੱਲ ਡੂਢੇ-ਦੂਣੇ ਆ ਰਹੇ ਹਨ। ਇਹ ਕਿਹੋ ਜਿਹਾ ਇਨਸਾਫ਼ ਹੈ?'
ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੀ ਲਗਭਗ ਅੱਧੀ ਆਬਾਦੀ (ਡੇਢ ਕਰੋੜ) ਸ਼ਹਿਰਾਂ, ਮੰਡੀਆਂ ਤੇ ਕਸਬਿਆਂ ਵਿਚ ਵਸਦੀ ਹੈ। ਇਨ੍ਹਾਂ ਵਿਚ ਛੋਟੇ ਦੁਕਾਨਦਾਰਾਂ, ਮਜ਼ਦੂਰਾਂ, ਰਿਕਸ਼ਿਆਂ ਤੇ ਰੇੜ੍ਹੇ ਵਾਲਿਆਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਸ਼ਹਿਰੀ ਮਜ਼ਦੂਰ, ਪਿੰਡਾਂ ਦੇ ਖੇਤ-ਮਜ਼ਦੂਰਾਂ ਨਾਲੋਂ ਵੀ ਮਾੜੀ ਹਾਲਤ 'ਚ ਰਹਿ ਰਹੇ ਹਨ। ਅਜਿਹੇ ਹੇਠਲੇ ਤਬਕੇ ਦੇ ਲੋਕਾਂ ਦੀ ਗਿਣਤੀ 80 ਫ਼ੀਸਦੀ ਤੋਂ ਵਧੇਰੇ ਹੈ। ਸਿਰਫ਼ 15-20 ਫ਼ੀਸਦੀ ਖੁਸ਼ਹਾਲ ਸ਼ਹਿਰੀ ਹਨ ਜਿਹੜੇ ਕਰੋੜਪਤੀ ਹਨ ਤੇ ਛੋਟੇ ਦੁਕਾਨਦਾਰਾਂ ਤੇ ਮਜ਼ਦੂਰਾਂ ਜਾਂ ਅਜਿਹੇ ਹੇਠਲੇ ਤਬਕੇ ਦੇ ਲੋਕਾਂ ਦੀ ਮਿਹਨਤ ਤੇ ਕਾਰੋਬਾਰ ਕਰਨ ਵਾਲਿਆਂ ਦੀ ਕਮਾਈ ਖਾਂਦੇ ਹਨ। ਇੰਜ ਇਹ ਸਾਰੀ 'ਪੈਸੇ ਦੀ ਖੇਡ' ਬਣ ਚੁੱਕੀ ਹੈ। ਜਿਸ ਕੋਲ ਵੀ ਵਧੇਰੇ ਪੈਸਾ ਹੈ, ਉਹ ਓਨਾ ਹੀ ਹੇਠਲੇ ਲੋਕਾਂ ਦੀ ਕਮਾਈ ਲੁੱਟ ਸਕਦਾ ਹੈ। ਇਹ ਹਾਲਤ ਵੀ ਹੇਠ ਲਿਖੇ ਟੋਟਕੇ ਨਾਲ ਬਹੁਤ ਸੌਖੀ ਸਮਝੀ ਜਾ ਸਕਦੀ ਹੈ :
ਕੋਈ ਦੁਕਾਨਦਾਰ ਆਪਣੇ ਸੈਂਕੜੇ, ਚਾਂਦੀ ਦੇ ਰੁਪਈਏ ਗਿਣੀ ਜਾਂਦਾ ਸੀ। (ਅੰਗਰੇਜ਼ਾਂ ਦੇ ਰਾਜ ਸਮੇਂ ਨੋਟ ਬਹੁਤੇ ਮਹਾਨਗਰਾਂ 'ਚ ਹੀ ਹੁੰਦੇ ਸਨ, ਆਮ ਲੋਕ ਤਾਂਬੇ ਤੇ ਚਾਂਦੀ ਦੇ ਸਿੱਕੇ ਹੀ ਵਰਤਦੇ ਸਨ)। ਉਹਦੀ ਦੁਕਾਨ ਅੱਗੇ ਖੜੋਤੇ ਕਿਸਾਨ ਨੇ ਪੁੱਛ ਲਿਆ, 'ਸੇਠਾ, ਐਨੇ ਪੈਸੇ ਤੇਰੇ ਕੋਲ ਕਿੱਥੋਂ ਆਏ?' ਸੇਠ ਨੇ ਉੱਤਰ ਦਿੱਤਾ, 'ਭਾਈ ਪੈਸੇ ਨੂੰ ਪੈਸਾ ਖਟਦੇ।' ਕੁਝ ਸੋਚ ਕੇ ਕਿਸਾਨ ਨੇ ਆਪਣਾ ਇਕ ਰੁਪਈਆ, ਸੇਠ ਦੀ ਰੁਪਈਆਂ ਦੀ ਢੇਰੀ ਵਿਚ ਸੁੱਟ ਦਿੱਤਾ। ਜਦੋਂ ਸੇਠ ਨੇ ਉਹਦੇ ਸੁੱਟੇ ਰੁਪਈਏ ਸਮੇਤ, ਸਾਰੀ ਢੇਰੀ ਗਿਣ ਕੇ ਲੋਹੇ ਦੀ ਭਾਰੀ ਪੇਟੀ (ਤਿਜੋਰੀ) ਵਿਚ ਰੱਖ ਕੇ ਜੰਦਰਾ ਲਾ ਦਿੱਤਾ ਤਾਂ ਕਿਸਾਨ ਨੇ ਹੈਰਾਨ ਹੋ ਕੇ ਪੁੱਛਿਆ, 'ਸੇਠਾ, ਮੇਰੇ ਰੁਪਈਏ ਨੇ ਕੁਝ ਕਿਉਂ ਨਹੀਂ ਖੱਟਿਆ?' ਸੇਠ ਨੇ ਹੱਸ ਕੇ ਕਿਹਾ, 'ਭਾਈ ਮੇਰੇ ਰੁਪਈਏ ਬਹੁਤੇ ਸੀ, ਉਹ ਤੇਰੇ ਇਕ ਰੁਪਈਏ ਨੂੰ ਖੱਟ ਗਏ, ਫਿਰ ਤੇਰਾ ਇਕ ਕਿਵੇਂ ਮੁੜੇ?'
ਇਹ ਟੋਟਕਾ ਲਤੀਫਾ ਲਗਦਾ ਹੈ, ਪਰ ਵਰਤਮਾਨ ਆਰਥਿਕ ਢਾਂਚੇ ਦਾ ਸਭ ਤੋਂ ਵੱਡਾ ਸੱਚ ਇਸ ਕੁੱਜੇ ਵਿਚ ਸਮੁੰਦਰ ਵਾਂਗ ਬੰਦ ਕੀਤਾ ਪਿਆ ਹੈ। ਹਰ ਬੰਦੇ ਕੋਲ ਜਿੰਨਾ ਵੀ ਵਧੇਰੇ ਧਨ ਹੈ, ਉਹ ਘੱਟ ਵੈਸੇ ਵਾਲਿਆਂ ਨੂੰ ਓਨਾ ਹੀ ਵਧੇਰੇ ਲੁੱਟ ਸਕਦਾ ਹੈ। ਜਿਸ ਕੋਲ ਇਕ ਕਰੋੜ ਰੁਪਿਆ ਹੈ, ਉਹ ਉਸ ਨਾਲ ਜੇ ਪੰਜ ਲੱਖ ਦੀ ਕਮਾਈ ਕਰਦਾ ਹੈ ਤਾਂ ਸੌ ਕਰੋੜ ਵਾਲਾ ਪੰਜ ਕਰੋੜ ਕਮਾਈ ਕਰ ਸਕਦਾ ਹੈ। ਇੰਜ 90 ਫ਼ੀਸਦੀ, ਘੱਟ ਪੂੰਜੀ ਵਾਲੇ ਤੇ ਉੱਕਾ ਨਿਰਧਨ ਲੋਕਾਂ ਦੀ ਕਮਾਈ 'ਤੇ ਮਿਹਨਤ ਸਿਰਫ਼ 10 ਫ਼ੀਸਦੀ ਲੋਕ ਆਪਣੇ ਕਰੋੜਾਂ ਦੇ ਅਰਬਾਂ ਤੇ ਅਰਬਾਂ ਦੇ ਖਰਬਾਂ ਬਣਾਈ ਜਾਂਦੇ ਹਨ। ਇਸ ਲੁੱਟ ਨੂੰ ਦੇਸ਼ ਦਾ ਕਾਨੂੰਨ, 'ਹੱਕ ਹਲਾਲ' ਦੀ ਕਮਾਈ ਮੰਨਦਾ ਹੈ। ਸਰਕਾਰਾਂ ਇਨ੍ਹਾਂ ਅਰਬਪਤੀਆਂ ਨੂੰ ਟੇਢੇ-ਵਿੰਗੇ ਢੰਗ ਨਾਲ ਅਨੇਕ ਕਿਸਮ ਦੇ ਟੈਕਸਾਂ ਵਿਚ ਛੋਟਾਂ ਦਿੰਦੀਆਂ ਹਨ। ਇਸ ਢਾਂਚੇ ਨੂੰ ਦੇਸ਼ ਦੀ ਆਰਥਿਕਤਾ ਦਾ 'ਵਾਧਾ' (ਵਿਕਾਸ) ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਸਿਧਾਂਤ ਇਹ ਹੈ ਕਿ ਅਰਬਪਤੀ ਉਦਯੋਗਪਤੀ ਜਾਂ ਵੱਡਾ ਵਪਾਰੀ ਆਪਣੇ ਅਰਬਾਂ ਨਾਲ, ਲੱਖਾਂ ਲੋਕਾਂ ਨੂੰ ਕੰਮ ਦਿੰਦਾ ਹੈ, ਜਿਸ ਨਾਲ ਹੇਠਲੇ ਲੋਕਾਂ ਦੀ ਰੋਜ਼ੀ-ਰੋਟੀ ਚਲਦੀ ਹੈ। ਇਸ ਲਈ ਹਰ ਅਰਬ-ਖਰਬਪਤੀ ਨੂੰ ਵੱਧ ਤੋਂ ਵੱਧ ਛੋਟਾਂ (ਟੈਕਸਾਂ ਤੇ ਹੋਰ ਕਈ ਢੰਗਾਂ ਨਾਲ) ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। (ਛੋਟਾਂ ਨਾਲ ਵਧੇਰੇ ਟੈਕਸ ਵੀ ਇਹ ਅਰਬਪਤੀ ਦਿੰਦੇ ਹਨ ਜਿਸ ਨਾਲ ਰਾਜ ਪ੍ਰਬੰਧ ਚਲਦਾ ਹੈ ਤੇ ਪਾਰਲੀਮੈਂਟ ਦੇ ਮੈਂਬਰ ਤੋਂ ਲੈ ਕੇ ਚਪੜਾਸੀਆਂ ਤੱਕ ਨੂੰ ਤਨਖਾਹਾਂ ਤੇ ਹੋਰ ਮਾਇਕ ਲਾਭ ਮਿਲਦੇ ਹਨ।)
ਇਨ੍ਹਾਂ ਗੋਝਾਂ ਨੂੰ ਸਮਝੇ ਬਿਨਾਂ ਨਾ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾ ਸਕਦਾ ਹੈ, ਨਾ ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਤੇ ਹੋਰ ਹੇਠਲੇ ਲੋਕਾਂ ਦੀ ਦੁਰਦਸ਼ਾ ਦਾ ਪਤਾ ਲੱਗ ਸਕਦਾ ਹੈ। ਇਨ੍ਹਾਂ ਨੂੰ ਸਮਝਣ ਲਈ, ਬਹੁਤ ਸੌਖੀ ਮਿਸਾਲ ਲੁਧਿਆਣੇ ਸ਼ਹਿਰ ਦੀ ਦਿੱਤੀ ਜਾ ਸਕਦੀ ਹੈ ਜਿਸ ਨੂੰ ਪੰਜਾਬ ਦਾ 'ਸਨਅਤੀ ਸ਼ਹਿਰ' (ਮਾਨਚੈਸਟਰ) ਕਿਹਾ ਜਾਂਦਾ ਹੈ। ਲੁਧਿਆਣੇ ਦੇ ਭੀੜੇ ਬਾਜ਼ਾਰਾਂ ਤੇ ਗਲੀਆਂ ਵਿਚ ਤੁਹਾਨੂੰ ਹਜ਼ਾਰਾਂ ਲੋਕ, ਨਿੱਕੇ-ਨਿੱਕੇ ਕਮਰਿਆਂ ਵਿਚ, ਸਾਈਕਲਾਂ ਦੇ ਪੈਡਲਾਂ ਤੇ ਬਰੇਕਾਂ ਦੀਆਂ ਰਬੜਾਂ ਤੇ ਅਜਿਹੇ ਹੋਰ ਅਨੇਕ ਨਿੱਕੇ-ਮੋਟੇ ਪੁਰਜ਼ੇ ਬਣਾਉਂਦੇ ਮਿਲਣਗੇ। ਪਰ ਇਹ ਲੋਕ ਗਰੀਬੀ ਵਿਚ ਹੀ ਜੰਮਦੇ ਤੇ ਮਰਦੇ ਹਨ। ਇਨ੍ਹਾਂ ਦੇ ਬਣਾਏ ਪੁਰਜ਼ਿਆਂ ਨੂੰ ਜੋੜ ਕੇ ਸਾਈਕਲ (ਜਾਂ ਹੋਰ ਅਨੇਕਾਂ ਮਸ਼ੀਨਾਂ) ਬਣਾਉਣ ਵਾਲੇ ਉਦਯੋਗਪਤੀ ਤੇ ਉਨ੍ਹਾਂ ਦੇ ਪੜ੍ਹੇ-ਲਿਖੇ, 'ਮੈਨੇਜਰ' ਤੇ ਇੰਜੀਨੀਅਰ, ਏ. ਸੀ. ਕਮਰਿਆਂ ਵਿਚ ਬੈਠੇ ਆਪਣੇ ਮਾਲਕਾਂ ਲਈ ਕਰੋੜਾਂ ਦੀ ਕਮਾਈ ਕਰੀ ਜਾਂਦੇ ਹਨ (ਜਿਨ੍ਹਾਂ ਪੈਸਿਆਂ ਵਿਚੋਂ ਹੀ ਉਨ੍ਹਾਂ ਨੂੰ ਲੱਖਾਂ ਰੁਪਏ ਤਨਖਾਹਾਂ ਮਿਲਦੀਆਂ ਹਨ)। ਅਜਿਹੇ ਉਦਯੋਗਪਤੀਆਂ ਦੀ ਗਿਣਤੀ ਸ਼ਾਇਦ, ਪੰਜਾਬ ਦੇ ਇਸ ਸਭ ਦੇ ਵੱਡੇ ਸ਼ਹਿਰ ਵਿਚ ਇਕ ਸੌ ਵੀ ਨਹੀਂ ਹੋਣੀ। ਪਰ ਉਨ੍ਹਾਂ ਕੋਲ ਅਰਬਾਂ ਦੀ ਪੂੰਜੀ ਹੈ। ਇਸੇ ਪੈਸੇ ਨਾਲ ਸਾਈਕਲ ਦੇ ਪੈਡਲ ਦੀ ਰਬੜ ਤੇ ਹੋਰ ਅਜਿਹੇ ਪੁਰਜ਼ੇ ਬਣਾਉਣ ਵਾਲਿਆਂ ਨੂੰ ਕੰਮ ਮਿਲਦਾ ਹੈ। ਪਰ ਇਹ 'ਦਸਾਂ ਨੌਹਾਂ ਦੀ ਕਮਾਈ' ਕਰਨ ਵਾਲੇ ਦੀ ਮਿਹਨਤ ਦਾ ਘੱਟੋ-ਘੱਟ ਤੀਜਾ ਹਿੱਸਾ, ਉਦਯੋਗਪਤੀ ਆਪਣੀ ਪੂੰਜੀ ਨਾਲ 'ਖੱਟ' ਲੈਂਦੇ ਹਨ (ਜਿਸ ਦੀ ਮਿਸਾਲ ਉਤੇ ਲਿਖੇ ਟੋਟਕੇ ਵਿਚ ਦਿੱਤੀ ਹੈ)। ਕੋਈ ਕਿਸਾਨ, ਛੋਟਾ ਦੁਕਾਨਦਾਰ, ਆਮ ਮਜ਼ਦੂਰ ਸਰਕਾਰਾਂ ਦੇ ਅਜਿਹੇ ਰਾਜ-ਪ੍ਰਬੰਧ ਨੂੰ ਨਹੀਂ ਸਮਝ ਸਕਦਾ ਕਿ ਉਹਦੀ ਲਹੂ-ਪਸੀਨੇ ਦੀ ਕਮਾਈ ਦਾ ਤੀਜਾ ਜਾਂ ਚੌਥਾ ਹਿੱਸਾ ਦੇਸ਼ ਦੇ 10 ਫ਼ੀਸਦੀ ਧਨਾਢ (ਅਰਬਪਤੀਆਂ ਤੋਂ ਖਰਬਪਤੀਆਂ ਤੱਕ) ਕਿੰਜ ਬਿਨਾਂ ਹੱਥ ਹਿਲਾਏ ਲੁੱਟੀ ਜਾਂਦੇ ਹਨ। ਕਿਉਂ ਹਰ ਸਾਲ ਕਿਸਾਨ ਦੀਆਂ ਫਸਲਾਂ ਵਿਚ ਵਰਤਣ ਵਾਲੀਆਂ ਜ਼ਹਿਰਾਂ ਤੇ ਸੰਦ ਮਹਿੰਗੇ ਹੋਈ ਜਾਂਦੇ ਹਨ ਤੇ ਉਹਦੇ ਅਨਾਜ ਦੀ ਕੀਮਤ ਸੰਦਾਂ ਦੇ ਮੁਕਾਬਲੇ ਕਿਉਂ ਘਟੀ ਜਾਂਦੀ ਹੈ। ਉਹ ਇਹ ਵੀ ਨਹੀਂ ਸਮਝ ਸਕਦਾ ਕਿ ਉਹਦੇ ਅਨਾਜ ਦੀ ਵਧਦੀ ਕੀਮਤ ਸਿਰਫ਼ ਨੋਟਾਂ ਦੀ 'ਫਲਾਵਟ' ਹੈ। ਪੰਜਾਹ ਰੁਪਈਆਂ ਨਾਲ ਜੋ ਚੀਜ਼ ਉਹ ਪਹਿਲਾਂ ਇਕ ਕਿਲੋ ਖਰੀਦ ਸਕਦਾ ਸੀ, ਹੁਣ ਅੱਧਾ ਕਿਲੋ ਵੀ ਨਹੀਂ ਮਿਲਦੀ। ਇਹ ਕਈ ਵਾਰ ਦੱਸਿਆ ਜਾ ਚੁੱਕਾ ਹੈ ਕਿ ਆਮ ਇਲਜ਼ਾਮ ਲਗਦਾ ਹੈ ਕਿ ਕਿਸਾਨ ਸ਼ਰਾਬ ਤੇ ਵਿਆਹ-ਸ਼ਾਦੀਆਂ 'ਤੇ ਬੇਲੋੜਾ ਦਿਖਾਵਾ ਕਰਨ ਕਰਕੇ ਕਰਜ਼ਾਈ ਹੁੰਦੇ ਹਨ। ਪਰ ਇਸ ਦਹਾਕੇ ਦੇ ਅੰਦਰ-ਅੰਦਰ ਹੀ ਕਿਸੇ ਕਿਸਾਨ ਕੋਲ ਫਜ਼ੂਲ-ਖਰਚੀ ਲਈ ਖੋਟਾ ਪੈਸਾ ਵੀ ਨਹੀਂ ਬਚਣਾ। ਨਾ ਹੀ ਉਨ੍ਹਾਂ ਨੂੰ ਆੜ੍ਹਤੀਆਂ ਤੇ ਬੈਂਕਾਂ ਵੱਲੋਂ ਕਰਜ਼ੇ ਮਿਲਣੇ ਹਨ। (ਕਰਜ਼ਾ ਉਦੋਂ ਤੱਕ ਹੀ ਮਿਲ ਸਕਦਾ ਹੈ ਜਦੋਂ ਤੱਕ ਉਹਦੇ ਮੁੜਨ ਦੀ ਆਸ ਹੋਵੇ। ਜੇ ਕਿਸਾਨ ਕੋਲ ਕਰਜ਼ਾ ਲੈਣ ਜੋਗੀ ਜ਼ਮੀਨ ਹੀ ਨਾ ਰਹੀ ਤਾਂ ਕੌਣ ਮੂਰਖ ਉਸ ਨੂੰ ਕਰਜ਼ਾ ਦੇਵੇਗਾ?)
ਜਿਵੇਂ-ਜਿਵੇਂ ਦੇਸ਼ ਦੀਆਂ ਯੋਜਨਾਵਾਂ ਅਨੁਸਾਰ ਅਰਬ-ਖਰਬਪਤੀਆਂ ਦੀ, ਹੇਠਲੇ ਤਬਕੇ ਦੇ ਲੋਕਾਂ ਦੀ ਲੁੱਟ ਵਧਦੀ ਜਾਏਗੀ, ਅਰਬਪਤੀ ਖਰਬਪਤੀ ਬਣਦੇ ਰਹਿਣਗੇ, ਪਰ ਉਨ੍ਹਾਂ ਲਈ 'ਕਮਾਊ-ਪੁੱਤ' (ਜਿਨ੍ਹਾਂ ਨੂੰ ਹਮੇਸ਼ਾ ਤੋਂ 'ਦਸਾਂ ਨੌਹਾਂ ਦੀ ਕਮਾਈ' ਕਰਨ ਦੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ) ਹਰ ਆਏ ਦਿਨ ਹੋਰ ਗਰੀਬ ਹੁੰਦੇ ਜਾਣਗੇ। ਉਨ੍ਹਾਂ ਨੂੰ 'ਰੁੱਖੀ-ਸੁੱਕੀ ਖਾ ਕੇ ਠੰਢਾ ਪਾਣੀ' ਵੀ ਪੀਣ ਨੂੰ ਨਹੀਂ ਮਿਲਣਾ। (ਪਹਿਲਾਂ ਵੀ ਕਈ ਵਾਰੀ ਲਿਖਿਆ ਹੈ ਕਿ ਇਸ ਦਾ ਇਕ ਵੱਡਾ ਕਾਰਨ, ਅੰਨ੍ਹੇਵਾਹ ਵਧਦੀ ਆਬਾਦੀ ਬਣ ਰਹੀ ਹੈ ਜਿਸ ਵੱਲ ਕਿਸੇ ਸਰਕਾਰ ਨੇ ਕਦੇ ਧਿਆਨ ਨਹੀਂ ਦਿੱਤਾ ਤੇ ਆਮ ਬੰਦੇ ਨੂੰ ਪਤਾ ਹੀ ਨਹੀਂ ਕਿ ਵਧੇਰੇ ਔਲਾਦ 'ਕੁਦਰਤ' ਦੀ 'ਦਾਤ' ਹੈ ਜਾਂ ਬਦਨਸੀਬੀ।)
ਕੁਝ ਗੱਲਾਂ ਪਿਛਲੇ ਲੇਖਾਂ ਵਿਚ ਆਈਆਂ ਹਨ ਜੋ ਇਥੇ ਵੀ ਦੁਹਰਾਉਣੀਆਂ ਪੈ ਰਹੀਆਂ ਹਨ। ਇਹਦਾ ਕਾਰਨ ਇਹ ਹੈ ਕਿ ਜਦੋਂ ਤੱਕ, ਆਮ ਬੰਦੇ ਨੂੰ ਕੋਈ 'ਗੋਝ', ਵਾਰ-ਵਾਰ ਨਾ ਸਮਝਾਈ ਜਾਏ, ਉਦੋਂ ਤੱਕ ਉਹਨੂੰ 'ਵਿਚਲੀ' ਗੱਲ ਦਾ ਪਤਾ ਹੀ ਨਹੀਂ ਲਗਦਾ। ਆਮ ਬੰਦੇ ਨੂੰ ਸਾਡੇ ਆਗੂ, ਰਾਜਸੀ ਪਾਰਟੀਆਂ, ਆਪੋ-ਆਪਣੇ ਮੁਫ਼ਾਦਾਂ ਲਈ ਹਮੇਸ਼ਾ, ਅਗਿਆਨੀ ਰੱਖਣ ਵਿਚ ਹੀ ਆਪਣਾ ਭਲਾ ਸਮਝਦੀਆਂ ਹਨ। ਧਾਰਮਿਕ ਪ੍ਰਚਾਰਕ ਵੀ ਆਮ ਲੋਕਾਂ ਨੂੰ 'ਹੱਕ ਸੱਚ' ਤੇ 'ਦਸਾਂ ਨੌਹਾਂ ਦੀ ਕਮਾਈ' ਕਰਨ ਦੀ ਹੀ ਸਿੱਖਿਆ ਦਿੰਦੇ ਹਨ, ਪਰ ਇਨ੍ਹਾਂ ਗੋਝਾਂ ਬਾਰੇ ਕੁਝ ਨਹੀਂ ਦੱਸਦੇ ਕਿ ਤੁਹਾਡੀਆਂ ਪੀੜ੍ਹੀਆਂ ਹੀ 'ਹੱਕ ਸੱਚ' ਦੀ ਕਮਾਈ ਕਰਦਿਆਂ ਬੀਤ ਗਈਆਂ, ਪਰ ਜ਼ਿੰਦਗੀ ਦੇ ਦੁੱਖ ਫਿਰ ਵੀ ਕਿਉਂ ਦੂਰ ਨਹੀਂ ਹੋਏ, ਸਗੋਂ ਰਾਜੇ-ਰਾਣਿਆਂ (ਤੇ ਹੁਣ ਅਰਬ-ਖਰਬਪਤੀਆਂ) ਬਾਰੇ ਵੀ ਨਹੀਂ ਦੱਸਦੇ। (ਇਹ ਵੀ ਕੋਈ ਨਹੀਂ ਦੱਸਦਾ ਕਿ ਅੰਬਾਨੀ ਭਰਾਵਾਂ ਦੇ ਮਰਹੂਮ ਪਿਤਾ ਨੇ, ਇਰਾਕ ਵਿਚੋਂ ਤੇਲ ਕੱਢਣ ਵਾਲੀ ਮਸ਼ੀਨ 'ਤੇ ਕੰਮ ਕਰਕੇ, ਸਿਰਫ਼ ਪੰਦਰਾਂ ਹਜ਼ਾਰ ਰੁਪਿਆ ਕਮਾ ਕੇ, ਮੁੰਬਈ ਵਿਚ ਕੰਮ ਸ਼ੁਰੂ ਕਰਨ ਮਗਰੋਂ ਅੰਤ ਸਮੇਂ ਇਕ ਲੱਖ ਕਰੋੜ ਦੀ ਸੰਪਤੀ ਕਿਵੇਂ ਬਣਾ ਲਈ? ਅਜਿਹੇ ਪ੍ਰਚਾਰਕ ਇਹਨੂੰ 'ਪਿਛਲੇ ਕਰਮਾਂ ਦਾ ਫਲ' ਕਹਿ ਕੇ ਗੱਲ ਮੁਕਾ ਦਿੰਦੇ ਹਨ, ਪਰ ਇਹ ਕੋਈ ਨਹੀਂ ਦੱਸਦਾ ਕਿ ਕੀ ਸਿਰਫ਼ 10 ਫ਼ੀਸਦੀ ਲੋਕ ਹੀ ਪਿਛਲੇ ਜਨਮ 'ਚ 'ਚੰਗੇ ਕਰਮ' ਕਰਕੇ ਆਏ ਸਨ, ਬਾਕੀ 90 ਫ਼ੀਸਦੀ ਵਿਚੋਂ ਕਿਸੇ ਨੇ ਵੀ 'ਚੰਗੇ ਕਰਮ' ਨਹੀਂ ਸੀ ਕੀਤੇ?)
ਅਸਲ ਵਿਚ ਵਰਤਮਾਨ ਸਮਾਜ ਅੰਦਰ ਸਭ ਸ਼ਬਦਾਂ ਦੇ ਅਰਥ ਹੀ ਬਦਲ ਦਿੱਤੇ ਗਏ ਹਨ। ਆਮ ਲੋਕਾਂ ਨੂੰ ਕਦੇ ਸਮਝ ਨਹੀਂ ਆਉਣ ਦਿੱਤੀ ਗਈ ਕਿ 'ਹੱਕ' ਦੇ ਕੀ ਅਰਥ ਹਨ। 'ਸੱਚ' ਕੀ ਹੁੰਦਾ ਹੈ। ਇਥੋਂ ਤੱਕ ਕਿ ਸੁਤੰਤਰਤਾ, ਲੋਕਤੰਤਰ ਦੇ ਅਰਥ ਵੀ ਬਦਲ ਦਿੱਤੇ ਗਏ ਹਨ। ਰਾਜਸੱਤਾ 'ਤੇ ਕਾਬਜ਼ ਲੋਕ, ਕਾਨੂੰਨ, ਨਿਯਮ, ਉਪ-ਨਿਯਮ, ਆਪਣੇ ਲਾਭਾਂ ਲਈ ਇੰਜ ਘੜਦੇ ਤੇ ਆਮ ਬੰਦੇ ਨੂੰ ਇੰਜ 'ਸਮਝਾਉਂਦੇ' ਹਨ ਜਿਵੇਂ ਉਨ੍ਹਾਂ ਦੇ ਦੱਸੇ (ਸ਼ਬਦਾਂ ਦੇ) ਅਰਥ ਹੀ 'ਇਲਹਾਮ' ਹਨ। ਤੁਸੀਂ ਇਨ੍ਹਾਂ ਦੇ ਓਹੀ ਅਰਥ ਸਮਝ ਸਕਦੇ ਹੋ ਜੋ ਰਾਜਸੱਤਾ ਦੇ ਕਰਤੇ-ਧਰਤੇ ਤੇ ਅਫਸਰਸ਼ਾਹੀ ਤੁਹਾਨੂੰ ਸਮਝਾਉਂਦੀ ਹੈ। ਬੜੇ ਮੁਸ਼ਕਿਲ ਸਵਾਲ ਹਨ। ਗੁੰਝਲਦਾਰ ਵੀ। ਪਰ ਇਨ੍ਹਾਂ ਦੀਆਂ ਗੋਝਾਂ ਤੇ ਸਚਾਈ ਸਮਝੇ ਬਿਨਾਂ 90 ਫ਼ੀਸਦੀ ਲੋਕ ਜੋ ਸਦੀਆਂ ਤੋਂ ਨਰਕ ਭੋਗਦੇ ਆ ਰਹੇ ਹਨ, ਉਸ ਤੋਂ ਛੁਟਕਾਰਾ ਸੰਭਵ ਨਹੀਂ (ਤੇ ਦਸ ਫ਼ੀਸਦੀ ਅਰਬ-ਖਰਬਪਤੀਆਂ ਦੀ ਲੁੱਟ ਤੋਂ ਵੀ 90 ਫ਼ੀਸਦੀ ਆਮ ਲੋਕਾਂ ਨੂੰ ਕੋਈ ਨਹੀਂ ਬਚਾਅ ਨਹੀਂ (ਤੇ ਦਸ ਫ਼ੀਸਦੀ ਅਰਬ-ਖਰਬਪਤੀਆਂ ਦੀ ਲੁੱਟ ਤੋਂ ਵੀ 90 ਫ਼ੀਸਦੀ ਆਮ ਲੋਕਾਂ ਨੂੰ ਕੋਈ ਨਹੀਂ ਬਚਾਅ ਸਕਦਾ)।
-ਗਿਆਨਪੀਠ ਮਾਰਗ, ਜੈਤੋ-151202
(ਜ਼ਿਲ੍ਹਾ ਫ਼ਰੀਦਕੋਟ), ਮੋ: 01635-230434.

No comments:

Post a Comment