Sunday, July 3, 2011

ਅਰਾਜਕਤਾ ਦੀਆਂ ਜੜ੍ਹਾਂ/ ਗੁਰਦਿਆਲ ਸਿੰਘ

ਬਾਬਾ ਰਾਮਦੇਵ ਨਾਲ ਜੋ ਕੁਝ ਹੋਇਆ, ਉਹ ਸਭ ਨੂੰ ਪਤਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਯੋਗ ਗੁਰੂ ਦੀਆਂ ਮੰਗਾਂ ਤੇ ਸਰਕਾਰ ਦਾ ਵਤੀਰਾ ਦੋਵੇਂ, ਦੇਸ਼ ਵਿਚ ਫੈਲ ਰਹੀ ਅਰਾਜਕਤਾ ਦੀਆਂ ਪੈੜਾਂ ਤਾਂ ਨਹੀਂ?
ਯੋਗ ਗੁਰੂ ਕਈ ਸਾਲ ਤੋਂ ਦੇਸ਼-ਵਿਦੇਸ਼ ਵਿਚ ਯੋਗ ਦੀ ਸਿੱਖਿਆ ਦਿੰਦਿਆਂ ਆਮ ਲੋਕਾਂ ਨੂੰ ਕਈ ਰੋਗਾਂ ਤੋਂ ਮੁਕਤੀ ਦਿਵਾਉਣ ਦੇ ਯਤਨ ਕਰਦੇ ਆ ਰਹੇ ਹਨ। ਇੰਜ ਉਨ੍ਹਾਂ ਦੀ ਪ੍ਰਸਿੱਧੀ ਦੂਰ ਤਕ ਫੈਲੀ ਹੈ। ਰਾਜਨੀਤੀ, ਹਰ ਉਸ ‘ਬਾਬੇ’ ਦੀ ਕਮਜ਼ੋਰੀ ਬਣ ਚੁੱਕੀ ਹੈ ਜਿਸ ਦੇ ਉਪਾਸ਼ਕਾਂ ਦੀ ਗਿਣਤੀ ਲੱਖਾਂ ‘ਚ (ਤੇ ਕਈਆਂ ਦੀ ਕਰੋੜਾਂ ‘ਚ ਵੀ) ਹੋ ਜਾਂਦੀ ਹੈ। ਸਾਡੀਆਂ ਰਾਜਨੀਤਕ ਪਾਰਟੀਆਂ ਦੇ ਵੱਡੇ ਨੇਤਾ ਵੀ ਇਨ੍ਹਾਂ ਬਾਬਿਆਂ ਕੋਲ ਜਾਂਦੇ ਹਨ, ਚਾਹੇ ਉਨ੍ਹਾਂ ਦੇ ਵਿਚਾਰ ਕੋਈ ਹੋਣ। ਇੰਜ ਇਨ੍ਹਾਂ ਬਾਬਿਆਂ ਅੰਦਰ ਵੀ ਰਾਜਨੀਤੀ ਦੀ ਲਾਲਸਾ ਪੈਦਾ ਹੁੰਦੀ ਹੈ। (ਜਦੋਂ 1998 ਵਿਚ ਭਾਜਪਾ ਨੇ ਆਪਣੀ ਗੱਠਜੋੜ ਸਰਕਾਰ ਬਣਾਈ ਸੀ, ਉਦੋਂ ਭਾਵੀ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਚੋਣਾਂ ਸਮੇਂ ਆਸਾ ਰਾਮ ਬਾਪੂ ਦੇ ਚਰਨਾਂ ‘ਚ ਜਾ ਬੈਠੇ ਸਨ, ਜਦੋਂ ਕਿ ਪਿਛਲੇ ਕੁਝ ਸਮੇਂ ਤੋਂ ਆਸਾ ਰਾਮ ਬਾਪੂ ਕਈ ਮਾਮਲਿਆਂ ਵਿਚ ਘਿਰੇ ਹੋਏ ਹਨ)
ਬਾਬਾ ਰਾਮਦੇਵ ਸ਼ਾਇਦ ਇਨ੍ਹਾਂ ਰਾਜਨੀਤਿਕ ਪੈਂਤੜਿਆਂ ਤੋਂ ਪੂਰੀ ਤਰ੍ਹਾਂ ਜਾਣੂੰ ਨਹੀਂ। ਉਨ੍ਹਾਂ ਦੀਆਂ ਮੰਗਾਂ ਕੋਈ ਸਰਕਾਰ ਪੂਰੀਆਂ ਨਹੀਂ ਕਰ ਸਕਦੀ। ਕਾਲਾ ਧਨ ਦੇਸ਼ ਅੰਦਰ ਗਾਜਰ ਬੂਟੀ ਵਾਂਗ ਫੈਲ ਚੁੱਕਿਆ ਹੈ। ਚਪੜਾਸੀ ਤੋਂ ਲੈ ਕੇ ਅਫਸਰਾਂ ਤੇ ਮੰਤਰੀਆਂ ਤਕ, ਸ਼ਾਇਦ ਕੋਈ ਵਿਰਲਾ ਹੋਏਗਾ ਜੋ ਭ੍ਰਿਸ਼ਟਾਚਾਰ ਤੋਂ ਬਚਿਆ ਹੋਵੇ। ਦੇਸ਼ ਦੇ 121 ਕਰੋੜ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ‘ਲੋਕ ਪ੍ਰਤੀਨਿਧਾਂ’ (ਪਾਰਲੀਮੈਂਟ ਦੇ ਮੈਂਬਰਾਂ) ਨੂੰ ਤਨਖਾਹ ਸਮੇਤ ਸੱਤਰ ਲੱਖ ਰੁਪਏ ਮਹੀਨੇ ਦੇ ਲਾਭ ਮਿਲਦੇ ਹਨ। ਉਹ ਚੋਣਾਂ ਜਿੱਤਣ ਮਗਰੋਂ ਭੁੱਖੇ-ਨੰਗੇ ਲੋਕਾਂ ਬਾਰੇ ਸੋਚਦੇ ਵੀ ਨਹੀਂ, ਕਰਨਾ ਤਾਂ ਕੀ ਹੈ। (ਇਹੋ ਹਾਲ ਸੂਬਿਆਂ ਦੀਆਂ ਸੱਤਾਧਾਰੀ ਪਾਰਟੀਆਂ ਦਾ ਹੈ ਜੋ ਆਪਣੀ ਰਾਜਗੱਦੀ ਬਚਾਉਣ ਲਈ, ਵਿਧਾਇਕਾਂ ਦੇ ਭੱਤੇ ਤੇ ਅਨੇਕ ਹੋਰ ਸਹੂਲਤਾਂ ਆਏ ਦਿਨ ਵਧਾਈ ਜਾਂਦੀਆਂ ਹਨ- ਚਾਹੇ ਕਰਜ਼ੇ ਹੇਠ ਗਲ-ਗਲ ਦੱਬੀਆਂ ਰਹਿਣ।) ਕੋਈ ਕਾਨੂੰਨ ਉਨ੍ਹਾਂ ਨੂੰ ਨਹੀਂ ਰੋਕਦਾ। ਉੱਤਰ ਪ੍ਰਦੇਸ਼ ਸਰਕਾਰ, ਚੋਣਾਂ ਨੇੜੇ ਹੋਣ ਕਾਰਨ ਟੀ.ਵੀ. ਚੈਨਲਾਂ ‘ਤੇ ਆਪਣੇ ਬਾਰੇ ਕਰੋੜਾਂ ਖਰਚ ਕੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਕੌਣ ਰੋਕੇ? (ਕਿਉਂਕਿ ਰੋਕਣ ਵਾਲੇ ਆਪ ਵੀ ਇਹੋ ਕੁਝ ਕਰਦੇ ਹਨ)
ਕੁਝ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਕੋਈ (ਕਿਸੇ ਪਾਰਟੀ ਦੀ) ਸਰਕਾਰ ਹੋਵੇ, ਉਹ ਉਨ੍ਹਾਂ ਦਾ ਹੱਲ ਨਹੀਂ ਕਰ ਸਕਦੀ। ਸਰਕਾਰ ਦੀ ਵਾਗਡੋਰ, ਕਾਰਖਾਨੇਦਾਰਾਂ, ਵੱਡੇ ਵਪਾਰੀਆਂ ਦੇ ਹੱਥ ਰਹਿੰਦੀ ਹੈ। ਉਨ੍ਹਾਂ ਤੋਂ ਵੱਡੀਆਂ ਰਕਮਾਂ ਲੈ ਕੇ ਰਾਜਨੀਤਕ ਪਾਰਟੀਆਂ ਚੋਣਾਂ ‘ਤੇ ਖਰਚੇ ਕਰਦੀਆਂ ਹਨ। ਇਸੇ ਕਾਰਨ ਜੋ ਵੀ ਪਾਰਟੀ ਗੱਦੀ ਸੰਭਾਲ ਲੈਂਦੀ ਹੈ ਉਹ ਇਨ੍ਹਾਂ ਧਨਵਾਨਾਂ ਦੀ ਸਹਾਇਤਾ ਕਰਦੀ ਹੈ। ਕਾਲੇ ਧਨ ਦਾ ਵੱਡਾ ਹਿੱਸਾ ਇਨ੍ਹਾਂ ਕੋਲ ਹੀ ਹੈ। ਫੇਰ ਇਮਾਨਦਾਰੀ ਨਾਲ ਕਾਲਾ ਧਨ ਕਢਵਾ ਕੇ ਕਿਹੜੀ ਸਰਕਾਰ ਆਪਣੇ ਪੈਰ ਆਪ ਕੁਹਾੜਾ ਮਾਰੇਗੀ।
ਬਾਬੇ ਦੇ ‘ਸਤਿਆਗ੍ਰਹਿ’ ਦੀ ਸਹਾਇਤਾ ਲਈ ਵਰਤਮਾਨ ਸਮੇਂ ਦੀਆਂ ਵਿਰੋਧੀ ਪਾਰਟੀਆਂ ਥਾਂ-ਥਾਂ ‘ਤੇ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਵਿਰੋਧ ਕਰਨ ਦਾ ਮੌਕਾ ਮਿਲ ਗਿਆ। (ਜੇ ਭਾਜਪਾ ਗੱਠਜੋੜ ਸਰਕਾਰ ਹੁੰਦੀ ਤਾਂ ਇਹੋ ਕੁਝ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਕਰਨਾ ਸੀ)
ਸੰਸਾਰ ਦੇ ਅਨੇਕ ਵਿਦਵਾਨ, ਚਿੰਤਕ ਕਹਿੰਦੇ ਹਨ ਕਿ ਬੰਦਾ ਜਨਮ ਤੋਂ ਹੀ ਖੁਦਗਰਜ਼ ਹੈ। ਉਨ੍ਹਾਂ ਦੇ ਵਿਚਾਰ ਮੂਲ ਰੂਪ ਵਿਚ ਸਹੀ ਨਹੀਂ ਹਨ ਪਰ ਵਰਤਮਾਨ ਸਮਾਜਕ ਤੇ ਰਾਜਸੀ ਹਾਲਾਤ ਅਨੁਸਾਰ ਬਹੁਤ ਹੱਦ ਤਕ ਸਹੀ ਹਨ। ਹੇਠਲੇ ਤਬਕੇ ਦੇ ਲੋਕਾਂ (ਮੱਧ ਵਰਗ) ਦੀ ਮਾਨਸਿਕਤਾ ਵਧੇਰੇ ਖੁਦਗਰਜ਼ੀ ਵਾਲੀ ਹੈ। ਇਹ ਅਜਿਹਾ ਕੋਈ ਮੌਕਾ ਭਾਲਦੇ ਹਨ ਕਿ ਕਦੋਂ ਕੋਈ ਦਾਅ ਲੱਗੇ ਜਦੋਂ ਉਨ੍ਹਾਂ ਨੂੰ ਕਿਸੇ ਵੀ ਕਿਸਮ ਦਾ ਲਾਭ ਮਿਲ ਸਕੇ। (ਆਮ ਗਰੀਬ ਲੋਕਾਂ ਨੂੰ ਤਾਂ ‘ਰਾਜਨੀਤੀ’ ਸ਼ਬਦ ਦੇ ਅਰਥਾਂ ਦਾ ਵੀ ਪਤਾ, ਕਿਸੇ ਨੇ 64 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਨਹੀਂ ਲੱਗਣ ਦਿੱਤਾ) ਪਰ ਜੋ ਹਾਲਾਤ ਬਣ ਚੁੱਕੇ ਹਨ (ਕੁਝ ਅੰਨ੍ਹੀ ਵਧਦੀ ਆਬਾਦੀ ਕਾਰਨ ਜਾਂ ਗਰੀਬੀ ਤੇ ਬੇਰੁਜ਼ਗਾਰੀ ਕਾਰਨ ਜੋ ਵਧਦੀ ਆਬਾਦੀ ਕਾਰਨ ਹੀ ਪੈਦਾ ਹੋਈ ਹੈ) ਉਨ੍ਹਾਂ ਦੇ ਹੁੰਦਿਆਂ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ। ਕਾਰਨ, ਬਾਬਾ ਰਾਮਦੇਵ ਜਿਹੇ ਲੱਖਾਂ ਲੋਕਾਂ ਵਿਚ ਪ੍ਰਸਿੱਧ ਹੋਏ ਬਾਬਿਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਰਾਜਸੀ ਪਾਰਟੀਆਂ ਦੇ ਨੇਤਾ ਜਦੋਂ ਬਹਾਨੇ ਕੋਈ ਅੰਦੋਲਨ ਸ਼ੁਰੂ ਕਰਦੇ ਹਨ ਤਾਂ ਲੱਖਾਂ ਲੋਕ ਉਨ੍ਹਾਂ ਦੇ ਪੱਖ ਵਿਚ ਇਕੱਠੇ ਹੋ ਕੇ ਮੁਜ਼ਾਹਰੇ ਕਰਦੇ ਤੇ ਅਰਥੀਆਂ ਸਾੜਦੇ ਹਨ। ਇਹ ਸਭ ਬਿਨਾਂ ਕਿਸੇ ਰਾਜਨੀਤਕ ਜਾਣਕਾਰੀ ਦੀ ਸੋਚ-ਸਮਝ ਤੋਂ ਕੀਤਾ ਜਾਂਦਾ ਹੈ। ਹਰ ਰਾਜਸੀ ਪਾਰਟੀ ਲਾਰੇ ਲਾ ਕੇ ਇਸ ਵਰਗ ਦੇ ਕਿਸੇ ਹਿੱਸੇ ਨੂੰ ਆਪਣੇ ਪੱਖ ਵਿਚ ਕਰ ਲੈਂਦੀ ਹੈ, ਪਰ ਸੱਤਾ ਦਾ ਲਾਭ ਸਿਰਫ ਇਕ ਦੋ ਫੀਸਦੀ ਬੰਦਿਆਂ ਨੂੰ ਮਿਲਦਾ ਹੈ ਜਿਹੜੇ ਕਿਸੇ ਜਿੱਤਣ ਵਾਲੀ ਪਾਰਟੀ ਨੂੰ ਵੋਟਾਂ ‘ਦਿਵਾਉਣ’ ਵਿਚ ਹਰ ਢੰਗ ਵਰਤਦੇ ਹਨ। (ਉਨ੍ਹਾਂ ਨੂੰ ‘ਵਰਕਰ’ ਜਾਂ ਦੂਜੀ, ਤੀਜੀ ਕਤਾਰ ਦੇ ‘ਨੇਤਾ’ ਕਿਹਾ ਜਾਂਦਾ ਹੈ)
ਪੰਜਾਬ ਵਿਚ ਕਿਸਾਨ-ਮਜ਼ਦੂਰ ਜਥੇਬੰਦੀਆਂ ਤੇ ਬੇਰੁਜ਼ਗਾਰ-ਅਧਿਆਪਕ ਮੁਜ਼ਾਹਰੇ ਕਰਕੇ ਸੜਕਾਂ/ਰੇਲ ਗੱਡੀਆਂ ਦੀ ਆਵਾਜਾਈ ਰੋਕਣ ਤੋਂ ਬਿਨਾਂ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹ ਕੇ ਆਤਮ-ਹੱਤਿਆ ਦੇ ਯਤਨ ਕਰਦੇ ਹਨ। (ਕਈ ਸਿਰਫ ਦਿਖਾਵਾ ਹੀ ਕਰਦੇ ਹਨ, ਉਹ ਖਿਮਾ ਕਰਨ) ਸਰਕਾਰ ਦੀ ਪੁਲੀਸ ਤੇ ਰਾਜ ਪ੍ਰਬੰਧ ਉਨ੍ਹਾਂ ਦੇ ਅੰਦੋਲਨ ਸਫਲ ਨਹੀਂ ਹੋਣ ਦਿੰਦਾ। ਠੋਸ ਕਾਰਨ ਇਹ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਤੇ ਕਿਸਾਨ-ਮਜ਼ਦੂਰ ਦੀਆਂ ਸਮੱਸਿਆਵਾਂ ਇਸ ਹੱਦ ਤਕ ਗੁੰਝਲਦਾਰ ਹੋ ਚੁੱਕੀਆਂ ਹਨ ਕਿ ਜੇ ਕੋਈ ਸਰਕਾਰ ਚਾਹੇ ਵੀ ਤਾਂ ਵੀ ਹੱਲ ਨਹੀਂ ਕਰ ਸਕਦੀ। ਸਰਕਾਰ ਕੋਲ ਪੈਸਾ ਹੀ ਨਹੀਂ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇ ਸਕੇ, ਕਿਸਾਨਾਂ ਦੇ ਕਰਜ਼ੇ ਮਾਫ ਕਰ ਸਕੇ ਜਾਂ ਮਜ਼ਦੂਰਾਂ ਨੂੰ ਕੋਈ ਕੰਮ ਦੇ ਸਕੇ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰ ਸਕਣ। (ਅਨਪੜ੍ਹ ਤੇ ਅਸਿੱਖਿਅਤ ਕਿਸਾਨਾਂ-ਮਜ਼ਦੂਰਾਂ ਜੋਗਾ ਕੋਈ ਕੰਮ ਰਿਹਾ ਹੀ ਨਹੀਂ)
ਬਾਬਾ ਰਾਮਦੇਵ ਹੋਵੇ ਚਾਹੇ ਅੰਨਾ ਹਜ਼ਾਰੇ ਜਾਂ ਅਜਿਹੇ ਕੋਈ ਹੋਰ ਪ੍ਰਸਿੱਧ ਹੋ ਚੁੱਕੇ ‘ਸਮਾਜ ਸੁਧਾਰਕ’ ਕਿਸੇ ਦੇ ਅਜਿਹੇ ਅੰਦੋਲਨ, ਸਤਿਆਗ੍ਰਹਿ ਜਾਂ ਭੁੱਖ ਹੜਤਾਲਾਂ ਸਿਵਾਏ ਉਨ੍ਹਾਂ ਦੇ ਹਮਾਇਤੀਆਂ ਦੇ (ਜਾਇਜ਼) ਗੁੱਸਾ ਕੱਢਣ ਦੇ, ਕਿਵੇਂ ਵੀ ਸਫਲ ਨਹੀਂ ਹੋ ਸਕਦੇ। ਕਾਰਨ ਤਾਂ ਹੋਰ ਵੀ ਅਨੇਕ ਹਨ, ਪਰ ਉੱਤੇ ਦੱਸੇ ਕਾਰਨ ਉਹ ਹਨ ਜਿਨ੍ਹਾਂ ਨੂੰ ਦੂਰ ਕਰਨਾ ਅਸੰਭਵ ਹੋ ਚੁੱਕਿਆ ਹੈ। ਬੇਮੁਹਾਰ ਵਧਦੀ ਆਬਾਦੀ ਨਾਲ ਇਹ ਹੋਰ ਗੁੰਝਲਦਾਰ ਹੁੰਦੇ ਜਾਣਗੇ। ਸਮੱਸਿਆਵਾਂ ਅਰਾਜਕਤਾ ਦਾ ਰੂਪ ਧਾਰੀ ਜਾਣਗੀਆਂ। ਬਹੁਤ ਛੇਤੀ ਉਹ ਸਮਾਂ ਵੀ ਆ ਜਾਏਗਾ ਜਦੋਂ ਹਾਲਾਤ ਰਾਜ ਪ੍ਰਬੰਧ ਨੂੰ ਬਾਬਾ ਰਾਮਦੇਵ ਦੇ ਇਕੱਠ ਵਾਂਗ ਅਸਫਲ ਕਰਨਾ ਵੀ ਸੰਭਵ ਨਹੀਂ ਰਹਿਣਾ।
ਇਹ ਬਹੁਤ ਚਿੰਤਾ ਵਾਲੀ ਹਾਲਤ ਹੈ। ਨਹਿਰੂ ਯੁੱਗ ਤੋਂ ਲਗਾਤਾਰ ਸਮੱਸਿਆਵਾਂ ਵਧਦੀਆਂ ਗਈਆਂ ਹਨ। ਸ੍ਰੀਮਤੀ ਇੰਦਰਾ ਗਾਂਧੀ ਤੋਂ ਮਗਰੋਂ ਜਨਤਾ ਦਾ ਗੱਠਜੋੜ ਰਾਜ ਵੀ ਤਿੰਨ ਸਾਲ ਰਿਹਾ। ਮੁੜ ਫੇਰ ਕਾਂਗਰਸ ਦਾ ਰਾਜ ਆਇਆ। ਹੁਣ ਡੇਢ ਕੁ ਦਹਾਕੇ ਤੋਂ ਸਿਰਫ ਗੱਠਜੋੜ ਸਰਕਾਰਾਂ ਹੀ ਬਣ ਰਹੀਆਂ ਹਨ। ਨਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੁਝ ਕਰ ਸਕੀ ਤੇ ਨਾ ਸੱਤ ਸਾਲ ਤੋਂ ਕਾਂਗਰਸ ਦੀ ਗੱਠਜੋੜ ਵਾਲੀ ਸਰਕਾਰ ਲੋਕਾਂ ਦੀਆਂ ਮੂਲ ਸਮੱਸਿਆਵਾਂ ਹੱਲ ਕਰ ਸਕੀ ਹੈ। ਡਾ. ਮਨਮੋਹਨ ਸਿੰਘ ਖ਼ੁਦ ਮੰਨ ਚੁੱਕੇ ਹਨ ਕਿ ਗੱਠਜੋੜ ਦੀਆਂ ਸਰਕਾਰਾਂ ਚਲਾਉਣ ਲਈ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਇਹੋ ਸਮਝੌਤੇ 121 ਕਰੋੜ ਦੀ ਆਬਾਦੀ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਹੋਣ ਦਿੰਦੇ ਕਿਉਂਕਿ ਗੱਠਜੋੜ ਵਿਚ ਸ਼ਾਮਲ ਹਰ ਪਾਰਟੀ ਸਿਰਫ ਆਪਣਾ ਮੁਫ਼ਾਦ ਸੋਚਦੀ ਹੈ, ਦੇਸ਼ ਦੀਆਂ ਮੂਲ ਸਮੱਸਿਆਵਾਂ ਦੀ ਚਿੰਤਾ ਇਨ੍ਹਾਂ ਨੂੰ ਨਹੀਂ ਹੁੰਦੀ। ਕਾਰਨ ਸਪਸ਼ਟ ਹੈ ਕਿ ਹਰੇਕ ਸੂਬੇ ਦੇ ਮੈਂਬਰ ਆਪਣੇ ਸੂਬਿਆਂ ਤੇ ਪਾਰਟੀਆਂ ਬਾਰੇ ਵੱਧ ਤੋਂ ਵੱਧ ਲਾਭ ਲੈਣਾ ਚਾਹੁੰਦੇ ਹਨ ਜਿਸ ਕਾਰਨ ਅਜਿਹੀਆਂ ਸਰਕਾਰਾਂ ਸਫਲ ਨਹੀਂ ਹੋ ਸਕਦੀਆਂ। ਇਹ ਇਕ ਰੋਟੀ ਨੂੰ ਬੁਰਕੀਆਂ ਵਿਚ ਵੰਡਣ ਵਰਗੀ ਹਾਲਤ ਹੈ ਜਿਸ ਨਾਲ ਕਿਸੇ ਦਾ ਵੀ ਢਿੱਡ ਨਹੀਂ ਭਰਦਾ।
ਇਨ੍ਹਾਂ ਮਿਲਵੇਂ ਕਾਰਨਾਂ ਕਰਕੇ ਸਮੱਸਿਆਵਾਂ ਸੰਕਟ ਬਣ ਚੁੱਕੀਆਂ ਹਨ। ਕੋਈ ਸਰਕਾਰ ਆਏ ਇਸ ਸੰਕਟ ਤੋਂ ਛੁਟਕਾਰਾ ਨਹੀਂ ਪਾ ਸਕਦੀ। ਇਹ ਸੰਕਟ ਘਟਣਾ ਨਹੀਂ ਲਗਾਤਾਰ ਵਧਦਾ ਜਾਏਗਾ। ਮਿਸਾਲ ਵਜੋਂ ਪੰਜਾਬ ਦੇ ਸਕੂਲ ਬੋਰਡ ਦੇ 12ਵੀਂ ਦੇ ਇਮਤਿਹਾਨਾਂ ਵਿਚੋਂ ਦੋ ਲੱਖ ਦੇ ਨੇੜੇ ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਵਿਚੋਂ ਕੁਝ ਕਾਲਜਾਂ ‘ਚ ਚਲੇ ਜਾਣਗੇ ਤੇ ਅੱਗੋਂ ਬੀ.ਏ. ਪਾਸ ਕਰਨ ਵਾਲੇ ਪੰਜਾਹ-ਸੱਠ ਹਜ਼ਾਰ ਰਹਿ ਜਾਣਗੇ। ਉਨ੍ਹਾਂ ਵਿਚੋਂ ਕੁਝ ਯੂਨੀਵਰਸਿਟੀਆਂ ਵਿਚ ਚਲੇ ਜਾਣਗੇ ਤੇ ਪੰਦਰਾਂ-ਵੀਹ ਹਜ਼ਾਰ ਬੀ.ਐੱਡ. ਕਾਲਜਾਂ ਵਿਚ ਜੋ ਪਹਿਲਾਂ ਹੀ ਡੇਢ-ਦੋ ਲੱਖ ਬੇਰੁਜ਼ਗਾਰ ਅਧਿਆਪਕਾਂ ਦੀ ਸੰਖਿਆ ਵਧਾ ਦੇਣਗੇ। ਜੇ ਸਿਰਫ ਪਿਛਲੇ ਦਹਾਕੇ ਦਾ ਹੀ ਅੰਦਾਜ਼ਾ ਲਾਈਏ ਤਾਂ 12ਵੀਂ ਪਾਸ ਕਰਨ ਵਾਲੇ ਤੇ ਬੀ.ਏ., ਬੀ.ਐੱਡ. ਤੇ ਐਮ.ਏ. ਆਦਿ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਤੀਹ ਲੱਖ ਤੋਂ ਵਧੇਰੇ ਹੋ ਜਾਂਦੀ ਹੈ ਪਰ ਕੰਮ ਸਾਲ ਵਿਚ ਦਸ-ਪੰਦਰਾਂ ਹਜ਼ਾਰ ਨੂੰ ਵੀ ਨਹੀਂ ਮਿਲਦਾ। ਬਾਕੀ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ। ਇਹ ਪੜ੍ਹੇ-ਲਿਖੇ ਬੇਰੁਜ਼ਗਾਰ ਜਦੋਂ ਵੀ ਜਿੱਥੇ ਵੀ ਮੌਕਾ ਮਿਲੇ ਬਾਬਾ ਰਾਮਦੇਵ ਵਰਗਿਆਂ ਦੇ ਅੰਦੋਲਨਾਂ ਵਿਚ ਜਾ ਰਲਦੇ ਹਨ। ਉਨ੍ਹਾਂ ਦਾ ਮਨੋਰਥ ਅਜਿਹੇ ਅੰਦੋਲਨਾਂ ਦੀ ਸਫਲਤਾ, ਅਸਫਲਤਾ ਨਹੀਂ ਹੁੰਦੀ। ਪੰਜਾਬੀ ਮੁਹਾਵਰੇ ਅਨੁਸਾਰ ‘ਵਿਹਲੇ ਨਾਲੋਂ ਵਗਾਰ ਚੰਗੀ’ ਹੁੰਦਾ ਹੈ। ਅਜਿਹੇ ਬੇਰੁਜ਼ਗਾਰ ਤੇ ਵਿਹਲਿਆਂ ਦੀ ਗਿਣਤੀ ਸੱਤਾਧਾਰੀ ਵਰਗਾਂ ਦੀ ਅਯੋਗਤਾ ਹੈ ਜਿਹੜੇ 64 ਸਾਲ ‘ਚ ਕੋਈ ਵੀ ਅਜਿਹੀ ਠੋਸ ਤੇ ਕਾਰਗਰ ਕਾਰਵਾਈ ਨਹੀਂ ਕਰ ਸਕੇ ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਹੋ ਸਕਦੀਆਂ।
ਹੁਣ ਸਮਾਂ ਵਿਹਾ ਚੁੱਕਾ ਹੈ, ਇਸ ਲਈ ਅਸਫਲ ਅੰਦੋਲਨਾਂ ਤੇ ਸੱਤਾਧਾਰੀ ਵਰਗਾਂ ਦੀਆਂ ਇਨ੍ਹਾਂ ਤੋਂ ਬਚਣ ਲਈ ਕੀਤੀਆਂ ਕਾਰਵਾਈਆਂ ਤੋਂ ਬਚ ਕੇ ਗੱਦੀ ਸੰਭਾਲਣ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ। ਇਸੇ ਕਾਰਨ ਲਗਾਤਾਰ ਵਧਦੇ ਸੰਕਟ ਸਿਰਫ ਅਰਾਜਕਤਾ ਹੀ ਫੈਲਾਉਣਗੇ ਜੋ ਸਾਰੇ ਦੇਸ਼ ਲਈ ਮੰਦਭਾਗੀ ਹਾਲਤ ਹੋਏਗੀ। ਇਸ ਸੰਕਟ ਦਾ ਹੱਲ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਵੀ ਬੁਰੀ ਤਰ੍ਹਾਂ ਅਸਫਲ ਹੋ ਰਹੀਆਂ ਹਨ। ਜਿਵੇਂ ਬੰਗਾਲ ਦੀ ਸਰਕਾਰ ਦਾ ਹਾਲ ਹੋਇਆ ਹੈ। ਕਰਨਾ ਕੁਝ ਮਮਤਾ ਦੀਦੀ ਦੀ ਸਰਕਾਰ ਨੇ ਵੀ ਨਹੀਂ ਕਿਉਂਕਿ ਸਿਰਫ ਪਾਰਟੀ ਬਦਲੀ ਹੈ, ਨਿਜ਼ਾਮ ਨਹੀਂ ਬਦਲਿਆ ਜਿਸ ਨੂੰ ਬਦਲੇ ਬਿਨਾਂ ਕੋਈ ਸਰਕਾਰ ਸਫਲ ਨਹੀਂ ਹੋ ਸਕਦੀ। (ਨਿਜ਼ਾਮ ਹਮੇਸ਼ਾ ਸੁਚੇਤ ਲੋਕ ਬਦਲਦੇ ਹਨ, ਪਰ ਸਾਡੇ ਆਮ ਲੋਕਾਂ ਵਿਚੋਂ 90 ਫੀਸਦੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ‘ਨਿਜ਼ਾਮ’ ਕਿਸ ‘ਬਲਾਅ’ ਦਾ ਨਾਂ ਹੈ) ਸੋ ਭਵਿੱਖ ਹਨੇਰਾ ਹੈ। ਨਿਰੀਆਂ ‘ਆਸਾਂ’ ਕਦੇ ਵੀ ਵੱਡੇ ਸੰਕਟ ਦੂਰ ਨਹੀਂ ਕਰ ਸਕਦੀਆਂ, ਉਲਟਾ ਪੂਰੀਆਂ ਨਾ ਹੋਣ ‘ਤੇ ਨਿਰਾਸ਼ਾ ਦਾ ਅੰਧਕਾਰ ਹੋਰ ਵਧ ਜਾਂਦਾ ਹੈ, ਜੋ ਅਰਾਜਕਤਾ ਦੀ ਜੜ੍ਹ ਹੈ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments:

Post a Comment