Saturday, May 28, 2011

ਕੌਮਾਂ ਦੀ ਖ਼ਾਸੀਅਤ ਦੇ ਮੂਲ ਆਧਾਰ / ਗੁਰਦਿਆਲ ਸਿੰਘ


ਪਾਠਕਾਂ ਨੇ ਪੁੱਛਿਆ ਕਿ, ਕੀ ਅਸੀਂ ਭਾਰਤੀ, ਪੱਛਮੀ ਕੌਮਾਂ ਨਾਲੋਂ ਕਮਜ਼ੋਰ ਹਾਂ ਕਿ ਉਹ ਬਹੁਤ ਤਰੱਕੀ ਕਰ ਗਏ ਪਰ ਅਸੀਂ ਪਛੜਦੇ ਹੀ ਗਏ?
ਸਵਾਲ ਸਾਧਾਰਨ ਨਹੀਂ ਤੇ ਨਾ ਹੀ ਇਸ ਦਾ ਜਵਾਬ ਸਾਧਾਰਨ ਹੈ। ਬਹੁਤੇ ਪੜ੍ਹੇ-ਲਿਖੇ ਵੀ ਉਨ੍ਹਾਂ ਪਰੰਪਰਾਵਾਂ ਨੂੰ ਪ੍ਰਵਾਨ ਨਹੀਂ ਕਰਦੇ ਜਿਨ੍ਹਾਂ ਕਰਕੇ ਦੱਖਣੀ-ਪੂਰਬੀ ਦੇਸ਼ਾਂ ਦੇ ਲੋਕ ਪੱਛਮੀ ਦੇਸ਼ਾਂ ਤੋਂ ਪਛੜ ਗਏ। ਪਰ ਇਤਿਹਾਸ ਬੜਾ ਜ਼ਾਲਮ ਹੈ, ਇਹ ਕੌਮਾਂ ਦੇ ਹੱਡੀਂ ਰਚਿਆ ਰਹਿੰਦਾ ਹੈ ਤੇ ਇਹਦੇ ਪ੍ਰਭਾਵਾਂ ਦਾ ਪਤਾ ਵੀ ਨਹੀਂ ਲੱਗਦਾ। ਭਾਵੇਂ ਇਹ ਵੀ ਸਚਾਈ ਹੈ ਕਿ ਬਦਲਦੇ ਹਾਲਾਤ ਦੇ ਪ੍ਰਭਾਵ ਹਰ ਕੌਮ ਦੇ ਸੁਭਾਅ ਨੂੰ ਪ੍ਰਭਾਵਤ ਕਰਦੇ ਹਨ ਪਰ ਜੋ ਸੁਭਾਅ ਸਦੀਆਂ ਦੇ ਇਤਿਹਾਸ ਨੇ ਹੱਡੀਂ ਰਚਾ ਦਿੱਤਾ ਹੈ, ਉਹ ਅਚੇਤ ਹੀ ਪ੍ਰਭਾਵਤ ਕਰਦਾ ਰਹਿੰਦਾ ਹੈ। ਇਸ ਨੂੰ ਕੁਝ ਠੋਸ ਤੱਥਾਂ ਰਾਹੀਂ ਸਮਝਿਆ ਜਾ ਸਕਦਾ ਹੈ।
ਭਾਰਤ ਵਿਚ ਆਰੀਏ ਕਦੋਂ ਆਏ (ਕੁਝ ਕਹਿੰਦੇ ਹਨ ਕਿ ਉਹ ਬਾਹਰੋਂ ਨਹੀਂ ਆਏ, ਭਾਰਤ ਦੇ ਜੱਦੀ ਵਸਨੀਕ ਸਨ) ਪਰ ਇਤਿਹਾਸਕਾਰ ਇਸ ਤੱਥ ‘ਤੇ ਸਹਿਮਤ ਹਨ ਕਿ ਪਾਕਿਸਤਾਨ ਦੇ ਪੱਛਮੀ ਇਲਾਕਿਆਂ ਵਿਚ, ਹੜੱਪਾ ਤੇ ਮਹੰਜੋਦੜੋ ਆਦਿ ਦੇ ਇਲਾਕਿਆਂ ਵਿਚ ਜੋ ਵੀ ਲੋਕ ਵਸਦੇ ਸਨ, ਉਨ੍ਹਾਂ ਦੇ ਰਹਿਣ ਦਾ ਪ੍ਰਮਾਣ, ਅੱਜ ਤੋਂ ਤਿੰਨ, ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਦਾ ਮਿਲਦਾ ਹੈ- ਭਾਵ ਸਿਕੰਦਰ ਦੇ ਹਮਲੇ ਤੋਂ ਹਜ਼ਾਰ ਕੁ ਸਾਲ ਪਹਿਲਾਂ ਦਾ। ਇਹ ਇਲਾਕਾ ਬਹੁਤ ਉਪਜਾਊ ਸੀ। ਚੰਗੀਆਂ ਫਸਲਾਂ ਵੀ ਹੁੰਦੀਆਂ ਸਨ ਤੇ ਜੰਗਲਾਂ ‘ਚ ਘਾਹ-ਬਰੂਟ ਬਹੁਤ ਆਮ ਸੀ। ਦਰਿਆ ਬਾਰਾਂ ਮਹੀਨੇ ਵਗਦੇ ਰਹਿੰਦੇ ਸਨ। ਦੁੱਧ-ਘਿਓ ਇਸ ਲਈ ਆਮ ਸੀ (ਜੋ ਅੱਜ ਵੀ ਪੰਜਾਬ ਦੇ ਲੋਕਾਂ ਦੀ ਸਰਵੋਤਮ ਖੁਰਾਕ ਮੰਨੀ ਜਾਂਦੀ ਹੈ) ਕਿ ਗਊਆਂ ਜੰਗਲ ਤੇ ਘਾਹ-ਬਰੂਟ ਨਾਲ ਰੱਜ ਕੇ ਆ ਜਾਂਦੀਆਂ ਤੇ ਸ਼ਾਮ-ਸਵੇਰ ਦੁੱਧ ਚੋਅ ਕੇ ਰੱਜਵਾਂ ਦੁੱਧ-ਘਿਓ ਖਾਧਾ-ਪੀਤਾ ਜਾ ਸਕਦਾ ਸੀ। ਬਹੁਤ ਮਿਹਨਤ-ਮੁਸ਼ੱਕਤ ਦੀ ਲੋੜ ਨਹੀਂ ਸੀ। ਫਸਲਾਂ ਲਈ ਖੇਤਾਂ ਦੀ ਵਹਾਈ-ਬਿਜਾਈ ਤੇ ਰਾਖੀ ਉੱਤੇ ਸਾਲ ਵਿਚੋਂ ਸਿਰਫ ਦੋ-ਤਿੰਨ ਮਹੀਨੇ ਕੰਮ ਕਰਕੇ ਬਾਕੀ ਸਾਰਾ ਸਮਾਂ ਲੋਕ ਵਿਹਲੇ ਰਹਿੰਦੇ। ਅਜਿਹੇ ਸਮਾਜ ਦੇ ਬੁੱਧੀਵਾਨ ਦਰਿਆ ਵਿਚ ਇਸ਼ਨਾਨ ਕਰਕੇ, ਸੰਘਣੇ ਰੁੱਖਾਂ ਦੀ ਛਾਵੇਂ ਬੈਠ ਕੇ ਧਰਤੀ ਤੇ ਆਕਾਸ਼ ਦਾ ਰਹੱਸ ਸਮਝਣ ਲਈ ਸੋਚਦੇ ਰਹਿੰਦੇ।
ਅਜਿਹੇ ਸੁਖਾਵੇਂ ਮਾਹੌਲ ਕਾਰਨ (ਕੁਦਰਤ ਦੀ ਮਿਹਰ ਕਾਰਨ) ਉਸ ਸਮੇਂ ਦੇ ਬੁੱਧੀਜੀਵੀਆਂ ਨੇ ਜੀਵਨ ਦੇ ਮੂਲ-ਆਧਾਰ ਸਮਝਣ ਦੀ ਕੋਸ਼ਿਸ਼ ਕੀਤੀ। ਇਸੇ ਕਾਰਨ ਵੇਦ, ਬ੍ਰਾਹਮਣ, ਉਪਨਿਸ਼ਦ ਤੇ ਸ਼ਾਸਤਰ ਰਚੇ ਗਏ। ਸੋਚ ਸਮਝ ਬਹੁਤ ਵਿਕਸਤ ਹੋਈ। ਇਹਦਾ ਠੋਸ ਪ੍ਰਮਾਣ ਇਹ ਹੈ ਕਿ ਇਨ੍ਹਾਂ ਬੁੱਧੀਵਾਨਾਂ ਦੇ ਰਚੇ ਜਾਂ ਸੰਕਲਤ ਕੀਤੇ ਖਟ-ਸ਼ਾਸਤਰਾਂ (ਜੀਵਨ ਦੇ ਰਹੱਸ ਨੂੰ ਸਮਝਣ ਦੇ ਛੇ ਸਿਧਾਂਤ) ਵਿਚ ਪਾਤੰਜਲ ਰਿਸ਼ੀ ਨੇ ਜੀਵਨ ਦੇ ਕੇਵਲ ਦੋ ਤੱਤ ਦੱਸੇ- ਦ੍ਰਿਸ਼ ਦੇ ਦ੍ਰਿਸ਼ਟਾ। ਦੂਸਰੇ ਪੰਜ ਰਿਸ਼ੀ ਮੁਨੀਆਂ ਨੇ ਇਸ ਤੋਂ ਵੱਖਰੇ (ਵੀਹ ਤੋਂ ਵੀ ਵਧੇਰੇ) ਤੱਤ ਦੱਸੇ। ਕਿਸੇ ਨੂੰ ਸਹੀ ਮੰਨਿਆ ਜਾਏ- ਮੁੱਖ ਸਵਾਲ ਇਹ ਨਹੀਂ। ਸਵਾਲ ਆਪੋ-ਆਪਣੀ ਬੁੱਧੀ ਅਨੁਸਾਰ ਜੀਵਨ ਦਾ ਰਹੱਸ ਜਾਣਨ ਦੇ ਯਤਨਾਂ ਦਾ ਹੈ।
ਇਸੇ ਰਮਣੀਕ ਖਿੱਤੇ ‘ਤੇ ਕੁਦਰਤ ਦੀਆਂ ਮਿਹਰਾਂ ਵਾਲੇ ਇਲਾਕੇ ਤੋਂ, ਇਹ ਲੋਕ ਗੰਗਾ ਦੇ ਕਿਨਾਰੇ ਅੱਗੇ ਵਧਦੇ ਗਏ। ਸਮਰਿਧੀ ਹੋਰ ਵਧਦੀ ਗਈ। ਈਸਵੀ ਸੰਨ ਦੇ ਸ਼ੁਰੂਆਤੀ ਸਮੇਂ ਅੰਦਰ ਰਾਜੇ-ਮਹਾਰਾਜੇ ਤੇ ਆਮ ਲੋਕ ਸੁਖ-ਰਹਿਣੇ ਹੁੰਦੇ ਗਏ। ਸਿਕੰਦਰ ਤੋਂ ਬਾਅਦ ਕਈ ਹੋਰ ਹਮਲਾਵਰ ਵੀ ਆਉਂਦੇ ਰਹੇ। ਭਾਰਤੀ ਲੋਕਾਂ ਨੂੰ ਵਰਣਾਸ਼ਰਮ ਅਨੁਸਾਰ ਚਾਰ ਵਰਣਾਂ ਵਿਚੋਂ ਸਿਰਫ ਕਸ਼ਤ੍ਰੀਆਂ ਨੂੰ ਯੁੱਧ-ਵਿਦਿਆ ‘ਚ ਨਿਪੁੰਨ ਹੋਣ ਦਾ ਅਧਿਕਾਰ ਮਿਲਿਆ, ਬਾਕੀ ਤਿੰਨ ਜਾਤੀਆਂ ਨੂੰ ਸ਼ਸਤਰ ਵਿਦਿਆ ਦਾ ਅਧਿਕਾਰ ਨਾ ਹੋਣ ਕਾਰਨ ਪੋਰਸ ਤੋਂ ਲੈ ਕੇ 1947 ਤਕ ਭਾਰਤੀ ਲੋਕ ਹਮੇਸ਼ਾ ਛੋਟੇ-ਛੋਟੇ ਹਮਲਾਵਰਾਂ ਤੋਂ ਹਾਰਦੇ ਰਹੇ (ਕਾਰਨ ਦੋ ਹੀ ਸਨ, ਇਕ ਯੁੱਧ ਨੀਤੀ ਦੀ ਘਾਟ ਤੇ ਦੂਜਾ ਕੁਦਰਤ ਦੀ ਮਿਹਰ ਕਾਰਨ ਸੁਖ ਭੋਗੀ ਹੋਣਾ)।
ਪਰ ਦੂਜੇ ਪਾਸੇ ਪੱਛਮ ਦੇ ਲੋਕ ਅਤਿਅੰਤ ਸਰਦ ਮੌਸਮ ਵਿਚ ਜੀਵਨ ਬਿਤਾਉਣ ਕਾਰਨ, ਸਖਤ ਜਾਨ ਹੁੰਦੇ ਗਏ। ਯੂਰਪ ਦੇ ਦੇਸ਼ਾਂ ਵਿਚ, ਸਰਦੀ ਵਿਚ ਦਰਿਆ ਜੰਮ ਜਾਂਦੇ ਸਨ। ਸਭ ਰੁੱਖ-ਬੂਟੇ ਹਰਿਆਵਲ ਸਰਦੀ ਕਾਰਨ ਸੁੱਕ-ਸੜ ਜਾਂਦੀ। ਇੰਨੀ ਠੰਢ ਵਿਚ ਜਿਉਣ ਲਈ ਬੜੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ। ਦਰਿਆਵਾਂ ਦੇ ਉਤਲੇ ਹਿੱਸੇ ‘ਤੇ ਜਮੀ ਬਰਫ ਨੂੰ ਭੰਨ ਕੇ ਹੇਠੋਂ ਪਾਣੀ ਕੱਢਣਾ ਪੈਂਦਾ ਸੀ। ਉਸ ਵਿਚੋਂ ਮੱਛੀਆਂ ਲੱਭ ਕੇ ਭੁੱਖ ਮਿਟਾਣੀ ਪੈਂਦੀ ਸੀ। ਜਿਹੜੇ ਦੇਸ਼ ਸਮੁੰਦਰ ਦੇ ਕੰਢਿਆਂ ਨਾਲ ਲਗਦੇ ਸਨ, ਉਨ੍ਹਾਂ ਨੇ ਜਿਉਂਦੇ ਰਹਿਣ ਲਈ ਸਮੁੰਦਰਾਂ ਦਾ ਸਫਰ ਸ਼ੁਰੂ ਕੀਤਾ ਤੇ ਫੇਰ ਬਾਹਰਲੀਆਂ ਧਰਤੀਆਂ ਤਕ ਪਹੁੰਚੇ ਤੇ ਪਛੜੇ ਹੋਏ ਦੇਸ਼ਾਂ ਦੀ ‘ਅੰਧੀ-ਰਯਤਿ’ ਨੂੰ ਗੁਲਾਮ ਬਣਾ ਕੇ ਜਿੰਨਾ ਵੀ ਲੁੱਟ ਸਕਦੇ ਸਨ, ਰੱਜ ਕੇ ਲੁੱਟਿਆ। ਅਕਹਿ ਜ਼ੁਲਮ ਕੀਤੇ।
ਅਜਿਹਾ ਮੰਦਾ ਹਾਲ ਹੀ ਅਰਬ ਦੇਸ਼ਾਂ ਦਾ ਰਿਹਾ। ਰੇਗਿਸਤਾਨ ਦੀ ਜ਼ਿੰਦਗੀ ਕਿਸੇ ਪੱਖੋਂ ਵੀ ਸੁਖਾਵੀਂ ਨਹੀਂ ਹੁੰਦੀ। ਕਿਧਰੇ ਵੀ ਕੁਦਰਤ ਮਿਹਰਬਾਨ ਨਹੀਂ ਸੀ। ਦੂਰ-ਦੂਰ ਤਕ ਪਾਣੀ ਨਹੀਂ ਸੀ ਮਿਲਦਾ। ਬਹੁਤ ਥੋੜ੍ਹੀ ਧਰਤੀ ਹੁੰਦੀ ਜਿੱਥੇ ਲੋਕ ਭੇਡਾਂ-ਬੱਕਰੀਆਂ ਚਾਰ ਕੇ ਤੇ ਉਨ੍ਹਾਂ ਦੀ ਉੱਨ ਦੇ ਗਲੀਚੇ ਆਦਿ ਬਣਾ ਕੇ ਦੁਰਾਡੇ ਇਲਾਕਿਆਂ ਵਿਚ ਵੇਚ ਕੇ ਗੁਜ਼ਾਰਾ ਕਰਦੇ ਸਨ। ਊਠਾਂ ‘ਤੇ ਲੰਮਾ ਸਫਰ ਸੌਖਾ ਨਹੀਂ ਸੀ ਹੁੰਦਾ।
ਇਹ ਤੱਥ ਵੀ ਦਿਲਚਸਪ ਹੈ ਕਿ ਦੁਨੀਆਂ ਦੇ ਦੋ ਧਰਮਾਂ ਦਾ ਵਿਕਾਸ ਲਗਪਗ ਇਕੋ (ਨੇੜਲੇ) ਇਲਾਕਿਆਂ ਵਿਚ ਹੋਇਆ ਤੇ ਇਹ ਹੋਏ ਧਰਮ (ਇਸਾਈ ਤੇ ਇਸਲਾਮ) ਪਾਣੀ ਉੱਤੇ ਤੇਲ ਵਾਂਗ ਫੈਲ ਗਏ। ਏਸ਼ੀਆ ਦੇ ਵਧੇਰੇ ਮੁਲਕਾਂ ਵਿਚ ਪਹਿਲਾਂ ਇਸਲਾਮ ਫੈਲਿਆ ਤੇ ਉਸ ਤੋਂ ਮਗਰੋਂ ਇਨ੍ਹਾਂ ਕੋਲੋਂ ਏਸ਼ੀਆ ਤੇ ਅਫਰੀਕਾ ਦੇ ਲਗਪਗ ਸਾਰੇ ਇਲਾਕੇ ਇਸਾਈ ਧਰਮ ਦੇ ਪੈਰੋਕਾਰ ਯੂਰਪ ਦੇ ਗੋਰਿਆਂ ਨੇ ਖੋਹ ਲਏ। ਇਨ੍ਹਾਂ ਦੋਵੇਂ ਖਿੱਤਿਆਂ ਵਿਚ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਇਲਾਕੇ ਵਿਚ ਰਹਿਣ ਵਾਲੇ ਲੋਕ ਬਹੁਤ ਸਖਤ ਜਾਨ ਬਣ ਚੁੱਕੇ ਸਨ। ਜਿਉਂਦੇ ਰਹਿਣ ਲਈ ਕੁਦਰਤ ਦੀ ਕਰੋਪੀ (ਅਤਿਅੰਤ ਕਠਿਨ ਤੇ ਮੰਦੇ ਹਾਲਾਤ) ਨੇ ਇਨ੍ਹਾਂ ਵਿਚ ਜਿਉਂਦੇ ਰਹਿਣ ਲਈ, ਸਰੀਰਾਂ ਤੇ ਦਿਮਾਗਾਂ ਦਾ ਇੰਨਾ ਵਿਕਾਸ ਕੀਤਾ ਕਿ ਬਾਬਰ, ਭਾਰਤ ਵਰਗੇ ਦੇਸ਼ ਉੱਤੇ ਹਮਲਾ ਕਰਨ ਲਈ ਸਿਰਫ ਵੀਹ-ਪੰਝੀ ਹਜ਼ਾਰ ਫੌਜੀ ਲੈ ਕੇ ਆਇਆ, ਪਰ ਅੰਗਰੇਜ਼ਾਂ ਦੇ ਆਉਣ ਤਕ ਤਿੰਨ ਸਦੀਆਂ ਉਸ ਦੀ ਔਲਾਦ ਨੇ ਕਰੋੜਾਂ ਭਾਰਤੀਆਂ ‘ਤੇ ਰਾਜ ਕੀਤਾ। ਫੇਰ 6-7 ਹਜ਼ਾਰ ਮੀਲ ਸਮੁੰਦਰ ਹੰਘਾਲ ਕੇ ਅੰਗਰੇਜ਼ ਆਏ ਤੇ 6-7 ਸੌ ਰਾਜਿਆਂ ਦੀਆਂ ਆਪੋ-ਵਿਚਲੀਆਂ ਲੜਾਈਆਂ ਨਾਲ ਬਰਬਾਦ ਹੋਈ ਯੁੱਧ-ਸ਼ਕਤੀ ਨੂੰ ਸਿਰਫ ਇਕ ਲੱਖ ਤੋਂ ਘੱਟ ਅੰਗਰੇਜ਼ਾਂ ਨੇ ਸਿੱਧੇ-ਅਸਿੱਧੇ ਢੰਗਾਂ ਨਾਲ ਕਰੋੜਾਂ ਭਾਰਤੀਆਂ ਨੂੰ ਪਸ਼ੂਆਂ ਵਾਂਗ ਬਣਾਈ ਰੱਖਿਆ (ਭਾਰਤ ਦੀ ਆਜ਼ਾਦੀ ਸਿਰਫ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਅੰਦੋਲਨਾਂ ਨਾਲ ਹੀ ਨਹੀਂ ਸੀ ਆਈ, ਦੂਸਰੇ ਸੰਸਾਰ-ਯੁੱਧ ਕਾਰਨ ਹਿਟਲਰ ਦੀਆਂ ਫੌਜਾਂ ਨੇ ਅੰਗਰੇਜ਼ਾਂ ਦੀ ਯੁੱਧ-ਸ਼ਕਤੀ ਤੇ ਦੁਨੀਆਂ ਦੇ ਬਹੁਤੇ ਦੇਸ਼ਾਂ ਨੂੰ ਗੁਲਾਮ ਰੱਖਣ ਲਈ ਰਾਜ ਪ੍ਰਬੰਧ ਦੀ ਸਮਰੱਥਾ ਹੀ ਤਬਾਹ ਕਰ ਦਿੱਤੀ ਸੀ। ਕਾਰਨ ਇਹ ਵੀ ਸਨ ਕਿ ਕੋਲੰਬਸ ਦੇ ਅਮਰੀਕਾ ਲੱਭਣ ਪਿੱਛੋਂ, ਏਸ਼ੀਆ ਦੇ ਦੇਸ਼ ਵੀ ਅਠਾਰ੍ਹਵੀਂ-ਉਨ੍ਹੀਵੀਂ ਸਦੀ ਵਿਚ ਗੁਲਾਮੀ ਤੋਂ ਤੰਗ ਆ ਕੇ ਸੁਚੇਤ ਹੋਣ ਲੱਗ ਪਏ ਸਨ। (ਪਰ ਆਜ਼ਾਦੀ ਦੀ ਸਿੱਖਿਆ ਵੀ ਪੱਛਮੀ ਦੇਸ਼ਾਂ ਤੋਂ ਲਈ ਮਿਸਾਲ ਵਜੋਂ ਭਾਰਤ ਦੀ ਗਦਰ ਲਹਿਰ ਦੀ ਸ਼ੁਰੂਆਤ ਵੀ ਕੈਨੇਡਾ ਤੇ ਅਮਰੀਕਾ ਤੋਂ ਪ੍ਰਭਾਵਤ ਸੀ)।
ਭਾਰਤ, ਅਰਬ ਦੇਸ਼ ਤੇ ਯੂਰਪ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਫਰਕ ਇਹੋ ਸੀ ਕਿ ਮਨੁੱਖ ਦੇ ਜਿਉਂਦੇ ਰਹਿਣ ਲਈ ਜਿੰਨਾ ਵੀ ਵਧੇਰੇ ਸੰਘਰਸ਼ ਕਰਨਾ ਪਿਆ, ਉਸੇ ਕਾਰਨ ਉਨ੍ਹਾਂ ਖਿੱਤਿਆਂ ਦੇ ਲੋਕ ਸਖਤ ਜਾਨ ਹੁੰਦੇ ਗਏ। ਆਪਣੇ ਕਸ਼ਟਦਾਇਕ ਹਾਲਾਤ ਕਾਰਨ ਹੀ ਉਨ੍ਹਾਂ ਨੇ ਰੇਗਿਸਤਾਨ ਪਾਰ ਕੀਤੇ ਤੇ ਸਮੁੰਦਰ ਹੰਘਾਲੇ ਅਤੇ ਭਾਰਤ ਵਰਗੇ ਦੇਸ਼ਾਂ ਦੇ ਲੋਕਾਂ ਨੇ ਸੌਖੇ ਹਾਲਾਤ ਵਿਚ ਸਿਰਫ ਨਹਾਅ-ਧੋ ਕੇ, ਦੁੱਧ-ਘਿਓ ਖਾ-ਪੀ ਕੇ ਸੁਖ-ਰਹਿਣੀਆਂ ਕੌਮਾਂ ਨੂੰ ਗੁਲਾਮ ਬਣਾ ਲਿਆ।
ਇਹ ਵੀ ਸਚਾਈ ਹੈ ਕਿ ਵਕਤ ਬਦਲਣ ਨਾਲ ਗ਼ੁਲਾਮ ਕੌਮਾਂ ਨੂੰ ਹੋਸ਼ ਆਈ ਤੇ ਉਨ੍ਹਾਂ ਨੇ ਵੀ ਜਿਉਂਦੇ ਰਹਿਣ ਲਈ ਯਤਨ ਕਰਨੇ ਸ਼ੁਰੂ ਕੀਤੇ। ਪਰ ਅਜਿਹੀਆਂ ਕੌਮਾਂ ਵੀ ਪਛੜੀਆਂ ਹੋਈਆਂ ਹਨ ਕਿਉਂਕਿ ਆਧੁਨਿਕ ਯੁੱਗ ਦਾ ਸਾਰਾ ਵਿਗਿਆਨ, ਯੁੱਧ-ਸ਼ਕਤੀ ਤੇ ਰਾਜ ਪ੍ਰਬੰਧ ਦੇ ਸਭ ਢੰਗ-ਤਰੀਕੇ, ਯੂਰਪ ਦੀਆਂ ਕੌਮਾਂ ਨੇ ਹੀ ਵਿਕਸਤ ਕੀਤੇ, ਪਛੜੀਆਂ (ਤੇ ਸੁਖ ਰਹਿਣੀਆਂ) ਕੌਮਾਂ ਨੇ ਜੋ ਕੁਝ ਸਿੱਖਿਆ ਤੇ ਸਮਰਿਧੀ ਦੇ ਸਾਧਨ ਪੈਦਾ ਕੀਤੇ ਉਹ ਸਾਰੇ ਯੂਰਪ ਦੀਆਂ ਕੌਮਾਂ ਤੋਂ ਸਿੱਖੇ। ਕੁਦਰਤੀ ਹੈ ਕਿ ਉਸਤਾਦ, ਸ਼ਗਿਰਦ ਨਾਲੋਂ ਹਮੇਸ਼ਾ ਵਧੇਰੇ ਸਿਆਣਾ ਤੇ ਤੇਜ਼ ਦਿਮਾਗ ਹੁੰਦਾ ਹੈ। ਜੇ ਅਸੀਂ ਆਪਣੇ ਹੀ ਦੇਸ਼ ਦੀ ਮਿਸਾਲ ਲਈਏ ਤਾਂ ਸਾਡੀ ਫੌਜ ਦੀ ਪੂਰੀ ਬਣਤਰ ਅੱਜ ਵੀ ਉਹ ਹੈ ਜੋ ਅੰਗਰੇਜ਼ ਸਿਖਾ ਕੇ ਗਏ। ਵਰਦੀਆਂ ਤੋਂ ਹਥਿਆਰਾਂ ਤੇ ਟਰੇਨਿੰਗ ਤਕ ਸਭ ਕੁਝ ਅੰਗਰੇਜ਼ਾਂ ਦੀ ਦੇਣ ਹਨ (ਆਜ਼ਾਦੀ ਤੋਂ ਪਹਿਲਾਂ ਜਿਹੜੇ ਭਾਰਤੀ ਬਰਤਾਨੀਆ ਪੜ੍ਹ ਕੇ ਆਉਂਦੇ ਸਨ ਉਨ੍ਹਾਂ ਨੂੰ ‘ਇੰਗਲੈਂਡ ਰਿਟਰਨ’ ਕਹਿ ਕੇ ਸਭ ਤੋਂ ਇੱਜ਼ਤਦਾਰ ਤੇ ਸਿਆਣੇ ਕਿਹਾ ਜਾਂਦਾ ਸੀ)। ਵਿਦਿਅਕ ਪ੍ਰਬੰਧ ਹੋਵੇ ਜਾਂ ਰਾਜ ਪ੍ਰਬੰਧ, ਵਪਾਰ ਤੇ ਉਦਯੋਗ ਦਾ ਹਰ ਢੰਗ, ਜਾਂ ਅਸੀਂ ਅੰਗਰੇਜ਼ਾਂ ਤੋਂ ਸਿੱਖਿਆ ਹੈ ਜਾਂ ਯੂਰਪੀਅਨ ਕੌਮਾਂ ਤੋਂ। ਆਧੁਨਿਕ ਢੰਗ ਦੇ ਹਥਿਆਰ, ਜੰਗੀ ਜਹਾਜ਼ ਤੇ ਹੈਲੀਕਾਪਟਰ ਤਕ ਜਾਂ ਯੂਰਪ ਦੇ ਦੇਸ਼ਾਂ ਤੋਂ ਖਰੀਦਦੇ ਹਾਂ ਜਾਂ ਉਨ੍ਹਾਂ ਦੀ ਤਕਨਾਲੋਜੀ ਵਰਤ ਕੇ ਬਣਾਉਂਦੇ ਹਾਂ।
ਸਭ ਤੋਂ ਵੱਡਾ ਭੁਲੇਖਾ ਅਸੀਂ ਜਾਂ ਸਾਡੇ ਵਰਗੇ ਹੋਰ ਏਸ਼ੀਆਈ ਦੇਸ਼ਾਂ ਦੇ ਬੁੱਧੀਜੀਵੀਆਂ ਨੇ ਜੋ ਜਾਣਿਆ (ਜਾਂ ਸੋਚਿਆ) ਹੈ ਉਹ ਇਹੋ ਹੈ ਕਿ, ‘ਸੰਸਾਰ ਇਕ ਪਿੰਡ ਬਣ ਚੁੱਕਿਆ ਹੈ।’ ਵਿਸ਼ਵੀਕਰਨ (ਗਲੋਬਲਾਈਜ਼ੇਸ਼ਨ) ਇਸ ਭੁਲੇਖੇ ਦਾ ਦੂਜਾ ਨਾਂ ਹੈ। ਇਹ ਭਰਮ ਉਨ੍ਹਾਂ ਹੀ ਯੂਰਪੀਅਨ ਦੇਸ਼ਾਂ ਨੇ ਫੈਲਾਇਆ ਹੈ ਜੋ ਪਹਿਲਾਂ ਸਾਨੂੰ ਗੁਲਾਮ ਬਣਾ ਕੇ ਸਿੱਧੇ ਲੁੱਟਦੇ-ਮਾਰਦੇ ਰਹੇ, ਹੁਣ ਹਰ ਆਧੁਨਿਕ ਖੇਤਰ ‘ਚ ਵਿਕਾਸ ਦੇ ਨਾਂ ‘ਤੇ ਬਾਜ਼ਾਰਵਾਦ ਰਾਹੀਂ, ਗੁੱਝੇ ਢੰਗਾਂ ਨਾਲ ਲੁੱਟਣ ਲੱਗੇ ਹੋਏ ਹਨ। ‘ਆਜ਼ਾਦੀ’ ਦੇ ਮਖੌਟੇ ਵਿਚ ਲੁਕੀ ਬਾਜ਼ਾਰਵਾਦੀ ਦੀ ਗੁਲਾਮੀ ਨੂੰ ਆਪਣੇ ਪਛੜੇ ਇਤਿਹਾਸ ਤੇ ਕਮਜ਼ੋਰੀਆਂ ਕਾਰਨ ਸਾਡੇ ਨੇਤਾ, ਪਾਰੀਆਂ ਇਹੋ ਸਮਝੀ ਜਾਂਦੇ ਹਨ ਕਿ ‘ਗਲੋਬਲਾਈਜ਼ੇਸ਼ਨ’ ਹੀ ਸਾਡੇ ਵਿਕਾਸ ਦਾ ਆਧਾਰ ਹਨ। ਪਰ ਸੱਚਾਈ ਇਹ ਹੈ ਕਿ ਅਸੀਂ ਅੱਜ ਉਨ੍ਹਾਂ ਯੂਰਪੀਅਨ ਕੌਮਾਂ ਦੇ ਅਸਿੱਧੇ ਗੁਲਾਮ ਹਾਂ, ਜਿਨ੍ਹਾਂ ਦੇ ਪਹਿਲਾਂ ਸਿੱਧੇ ਗੁਲਾਮ ਸਾਂ।
ਸਵਾਲ ਕੌਮਾਂ ਦੇ ਫਰਕ ਤੋਂ ਸ਼ੁਰੂ ਕੀਤਾ ਪਰ ਬਹੁਤੀਆ ਦਲੀਲਾਂ ਯੂਰਪੀਅਨ ਕੌਮਾਂ ਦੀਆਂ ਦਿੱਤੀਆਂ ਹਨ। ਇਸਲਾਮ ਦਾ ਵੀ ਜ਼ਿਕਰ ਆਇਆ ਕਿ ਉਨ੍ਹਾਂ ਨੂੰ ਰੇਗਿਸਤਾਨਾਂ ਦੀਆਂ ਮੁਸ਼ਕਲਾਂ ਨੇ ਸਖਤ ਜਾਨ ਬਣਾ ਦਿੱਤਾ, ਤਦੇ ਉਹ ਇਸਲਾਮ ਦੇ ਆਰੰਭ ਹੋਣ ਤੋਂ ਤਿੰਨ-ਚਾਰ ਸਦੀਆਂ ਅੰਦਰ ਹੀ, ਭਾਰਤ ਤੇ ਏਸ਼ੀਆ ਦੇ ਦੇਸ਼ਾਂ ਉੱਤੇ ਛਾ ਗਏ। (ਭਾਰਤ ਦੇ ਸਿੰਧ ਇਲਾਕੇ ਵਿਚ, ਸੱਤਵੀਂ ਸਦੀ ਵਿਚ ਹੀ ਉਨ੍ਹਾਂ ਦੇ ਹਮਲੇ ਸ਼ੁਰੂ ਹੋ ਗਏ ਸਨ)।
ਇਸਲਾਮੀ ਦੇਸ਼ ਭਾਵੇਂ ਪੱਛਮੀ ਦੇਸ਼ਾਂ ਤੋਂ, ਆਧੁਨਿਕ ਖੇਤਰਾਂ ਵਿਚ ਪਛੜ ਗਏ ਪਰ ਅੱਜ ਵੀ ਉਹ ਸਖ਼ਤ ਜਾਨ ਹਨ। ਹੁਣ ਮਿਸਰ ਤੋਂ ਸ਼ੁਰੂ ਹੋਈ ਬਗ਼ਾਵਤ ਲਗਪਗ ਜੰਗਲ ਦੀ ਅੱਗ ਵਾਂਗ ਬਹੁਤੇ ਅਰਬ ਦੇਸ਼ਾਂ ਵਿਚ ਫੈਲ ਰਹੀ ਹੈ। ਲਿਬੀਆ ਦਾ ਡਿਕਟੇਟਰ ਗੱਦਾਫੀ ਅੜਿਆ ਹੋਇਆ ਹੈ ਪਰ ਉਹਦੀ ਹਕੂਮਤ ਨੂੰ ਤਬਾਹ ਕਰਨ ਲਈ ਅਮਰੀਕਾ ਤੇ ਨਾਟੋ ਦੇ ਦੇਸ਼ ਧੱਕੇ ਨਾਲ ਹੀ ਉਹਦੇ ਟਿਕਾਣੇ ਤਬਾਹ ਕਰਨ ਲੱਗ ਪਏ ਹਨ। ਆਮ ਬੰਦੇ ਨੂੰ ਇਸ ਗੁੰਝਲ ਦੀ ਸਮਝ ਨਹੀਂ ਆਉਂਦੀ ਕਿ ਯੂਰਪੀ ਦੇਸ਼ ਅਚਾਨਕ ਗੱਦਾਫੀ ਦੇ ਖ਼ਿਲਾਫ਼ ਕਿਉਂ ਹੋ ਗਏ? ਪਰ ਇਹ ਕੋਈ ਗੁੰਝਲ ਨਹੀਂ। ਇਰਾਕ ਉੱਤੇ ਅਮਰੀਕੀ ਹਮਲਿਆਂ ਤੇ ਸੱਦਾਮ ਹੁਸੈਨ ਨੂੰੂ ਫਾਂਸੀ ਚਾੜ੍ਹਨ ਦਾ ਕਾਰਨ, ਉਸ ਦੇਸ਼ ਦੇ ਤੇਲ ਦੀ ਲੁੱਟ ਸੀ। ਇਹੋ ਕਾਰਨ ਲਿਬੀਆ ਤੇ ਹੋਰ ਅਰਬ ਦੇਸ਼ਾਂ ਉੱਤੇ ਹਮਲਿਆਂ ਦਾ ਹੈ। ਜਦੋਂ ਲਿਬੀਆ ਦੇ ਬਾਗ਼ੀ ਲੋਕ, ਹੌਲੀ ਹੌਲੀ ਗੱਦਾਫੀ ਦੀ ਹਕੂਮਤ ਨੂੰ ਹਰਾ ਰਹੇ ਹਨ ਤਾਂ ਸੁਭਾਵਿਕ ਹੈ ਕਿ ਉਹ ਤੇਲ ਦੇ ਖੂਹ ਵੀ ਆਪਣੇ ਕਬਜ਼ੇ ਵਿਚ ਕਰ ਰਹੇ ਹਨ। ਯੂਰਪ ਤੇ ਅਮਰੀਕਾ ਨੂੰ ਤੇਲ ਦੀ ਸਭ ਤੋਂ ਵੱਧ ਲੋੜ ਹੈ। ਇਸ ਲਈ ਜਿਹੜੇ ਵੀ ਲੋਕ ਤੇਲ ਦੇ ਖੂਹਾਂ ‘ਤੇ ਕਾਬਜ਼ ਹੋਣਗੇ ਯੂਰਪ ਤੇ ਅਮਰੀਕਾ ਉਨ੍ਹਾਂ ਦੀ ਸਹਾਇਤਾ ਕਰੇਗਾ।
ਕੌਮਾਂ ਦੇ ਕਿਰਦਾਰ, ਉਨ੍ਹਾਂ ਦੀ ਸ਼ਕਤੀ, ਆਰਾਮਪ੍ਰਸਤੀ ਜਾਂ ਸਖਤ ਜਾਨ ਹੋਣ ਦੇ ਕਾਰਨ ਅੱਜ ਵੀ ਕਾਇਮ ਹਨ, ਭਾਵੇਂ ਉਨ੍ਹਾਂ ਦਾ ਰੂਪ ਪੁਰਾਣੇ ਸਮੇਂ ਵਾਲਾ ਨਹੀਂ ਰਿਹਾ ਪਰ ਮਾਨਸਿਕਤਾ ਦੇ ਆਧਾਰ ਅੱਜ ਵੀ ਕਾਇਮ ਹਨ। ਇਹ ਗੁੰਝਲਦਾਰ ਸਮੱਸਿਆ ਨੂੰ ਜੇ ਸਮਝ ਵੀ ਲਿਆ ਜਾਵੇ ਤਾਂ ਵੀ ਫਰਕ ਨਹੀਂ ਪੈਂਦਾ। ਪਛੜੇ (ਸੁਖ ਰਹਿਣੇ) ਦੇਸ਼ ਦੀ ਤੇ ਸਖ਼ਤ-ਜਾਨ ਕੌਮਾਂ ਦੀ ਮਾਨਸਿਕਤਾ ਸ਼ਾਇਦ ਇੱਕੀਵੀਂ ਸਦੀ ਵਿਚ ਕੁਝ ਬਦਲ ਸਕੇ ਕਿਉਂਕਿ ਇਹ ਲੋਕ (ਕੌਮਾਂ) ਅਜਿਹੀਆਂ ਮੁਸ਼ਕਲਾਂ-ਮੁਸੀਬਤਾਂ ਵਿਚ ਘਿਰਦੇ ਜਾ ਰਹੇ ਹਨ ਕਿ ਆਪਣੀ ਮਾਨਸਿਕਤਾ ਨੂੰ ਬਦਲੇ ਬਿਨਾਂ ਤੇ ਹੱਥ-ਪੈਰ ਮਾਰੇ ਬਿਨਾਂ ਉਨ੍ਹਾਂ ਦਾ ਵਜੂਦ ਹੀ ਖਤਰੇ ਵਿਚ ਪੈ ਜਾਣਾ ਹੈ।
ਸਵਾਲ ਇਕੋ ਹੈ: ਜਿਉਂਦੇ ਰਹਿਣ ਦੀ ਪ੍ਰਵਿਰਤੀ। ਇਸੇ ਅਧੀਨ ਹਮੇਸ਼ਾ ਮਨੁੱਖ ਜਿਉਂਦੇ ਰਹਿਣ ਲਈ ਆਪਣੇ ਸਰੀਰ ਤੇ ਦਿਮਾਗ ਦੀ ਵਰਤੋਂ ਕਰਦਾ ਰਿਹਾ ਹੈ ਤੇ ਜਦੋਂ ਤਕ ਇਹਦਾ ਵਜੂਦ ਕਾਇਮ ਹੈ, ਉਹਨੂੰ ਜਿਉਂਦੇ ਰਹਿਣ ਲਈ ਹਰ ਯਤਨ ਕਰਨਾ ਪਵੇਗਾ। ਇਹੋ ਇਕ ਗੋਝ ਹੈ ਜਿਸ ਨੂੰ ਸਮਝੇ ਬਿਨਾਂ ਸੰਸਾਰ ਵਿਚ ਵਾਪਰ ਰਹੀਆਂ ਤਬਦੀਲੀਆਂ ਤੇ ਘਟਨਾਵਾਂ ਨੂੰ ਨਹੀਂ ਸਮਝਿਆ ਜਾ ਸਕਦਾ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments:

Post a Comment