ਇਕ ਮਹਾਨ ਚਿੰਤਕ, ਦਾਰਸ਼ਨਿਕ ਦੀ ਇਹ ਟਿੱਪਣੀ ਸਮਝਣੀ ਜ਼ਰੂਰੀ ਹੈ ਕਿ : Ḕਲੋਕਾਂ ਦੀ ਚੇਤਨਾ ਉਨ੍ਹਾਂ ਦੀ ਸ਼ਖ਼ਸੀਅਤ (ਹੋਂਦ) ਦੀ ਸਿਰਜਣਾ ਨਹੀਂ ਕਰਦੀ, ਸਗੋਂ ਲੋਕਾਂ ਦੀ ਸਮਾਜਿਕ-ਹੋਂਦ (ਬਣਤਰ), ਉਨ੍ਹਾਂ ਦੀ ਚੇਤਨਾ ਦੀ ਸਿਰਜਿਕ ਬਣਦੀ ਹੈ।' ਇਸ ਲਈ ਮਨੁੱਖੀ ਰਿਸ਼ਤਿਆਂ ਦਾ ਆਧਾਰ ਸਮਾਜਿਕ ਸਥਿਤੀਆਂ ਹੁੰਦੀਆਂ ਹਨ। ਅੱਗੋਂ ਇਨ੍ਹਾਂ ਸਥਿਤੀਆਂ ਦਾ ਆਧਾਰ ਕਿਸੇ ਵੀ ਸਮਾਜ ਦੀ ਯਥਾਰਥਿਕ ਬਣਤਰ ਹੁੰਦੀ ਹੈ ਜਿਸ ਦੇ ਮੂਲ ਆਧਾਰ ਭੌਤਿਕ ਹੁੰਦੇ ਹਨ। ਪੱਛਮੀ ਵਿਦਵਾਨਾਂ ਨੇ ਮਨੁੱਖ ਦੀਆਂ ਤੇਰਾਂ ਮੂਲ-ਪ੍ਰਵਿਰਤੀਆਂ (ਕੁਦਰਤੀ ਵੱਸਫ਼ ਜੋ ਜਮਾਂਦਰੂ ਹੋਣ) ਦੱਸੀਆਂ ਹਨ। ਪਰ ਇਹ ਸਾਰੀਆਂ ਮੂਲ ਰੂਪ ਵਿਚ ਜੀਵਾਂ ਦੇ ਜਿਉਂਦੇ ਰਹਿਣ ਦੀ ਪ੍ਰਵਿਰਤੀ 'ਚੋਂ ਹੀ ਪੈਦਾ ਹੁੰਦੀਆਂ ਹਨ। ਜੋ ਵੀ ਵਿਕਾਰ ਜਾਂ ਗੁਣ ਮਨੁੱਖ ਅੰਦਰ ਪੈਦਾ ਹੁੰਦੇ ਹਨ, ਉਹ ਅਸਲ ਵਿਚ ਵਿਸ਼ੇਸ਼ ਸਮਾਜ ਅੰਦਰ ਜਿਉਂਦੇ ਰਹਿਣ ਲਈ ਕੀਤੇ ਯਤਨਾਂ ਤੇ ਕਿਰਿਆਵਾਂ ਦਾ ਸਿੱਟਾ ਹੁੰਦੇ ਹਨ। ਸਦੀਆਂ ਤੋਂ ਧਾਰਮਿਕ ਤੇ ਨੈਤਿਕ ਸਿੱਖਿਆ ਰਾਹੀਂ ਮਾਨਵੀ ਗੁਣਾਂ ਲਈ ਅਤਿਅੰਤ ਘਾਤਕ ਦੱਸੇ ਜਾਂਦੇ ਪੰਜ ਵਿਕਾਰ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਇਹ ਸਾਰੇ ਸਮਾਜਿਕ ਜੀਵਨ ਦੇ ਯਥਾਰਥਿਕ ਆਧਾਰਾਂ ਦੇ ਸਿੱਟੇ ਹਨ। ਕਾਮ ਨੂੰ ਸਿਰਫ ਕੁਝ ਮਹਾਨ ਸਾਧੂ-ਸੰਤ ਹੀ ਵੱਸ ਵਿਚ ਰੱਖ ਸਕਦੇ ਹਨ ਆਮ ਲੋਕ ਨਹੀਂ। ਬਾਕੀ ਚਾਰ ਵਿਕਾਰ ਵੀ ਕਿਸੇ ਦੇ ਨਿੱਜੀ ਯਤਨਾਂ ਰਾਹੀਂ ਵੱਸ ਵਿਚ ਨਹੀਂ ਰਹਿੰਦੇ। ਜਦੋਂ ਜਿਉਂਦੇ ਰਹਿਣ ਲਈ, ਵਰਤਮਾਨ ਸਮਾਜਾਂ ਅੰਦਰ ਜੋ ਕੁਝ ਵੀ ਕੰਮ-ਕਾਰ ਕਰਨੇ ਪੈਂਦੇ ਹਨ ਉਨ੍ਹਾਂ ਕਾਰਨ ਇਹ ਵਿਕਾਰ ਆਪਣੇ-ਆਪ ਪੈਦਾ ਹੋ ਜਾਂਦੇ ਹਨ। (ਘਟ, ਵਧ ਇਹ ਹਰ ਮਨੁੱਖ ਦੀ ਦਿਮਾਗੀ ਸਮਰੱਥਾ ਤੇ ਸੰਵੇਦਨਾ ਕਾਰਨ ਹੁੰਦੇ ਹਨ।) ਏਥੇ ਕੁਝ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਕਿਸੇ ਕਾਮੇਂ ਨੂੰ ਜਦੋਂ ਉਸ ਦੇ ਕੰਮ ਦਾ ਮਿਹਨਤਾਨਾ ਪੂਰਾ ਨਹੀਂ ਦਿੱਤਾ ਜਾਂਦਾ (ਜੋ ਵਰਤਮਾਨ ਸਮਾਜਾਂ ਦਾ ਆਮ ਵਤੀਰਾ ਹੈ) ਉਦੋਂ ਗੁੱਸਾ ਆਉਂਦਾ ਹੈ ਜੋ ਨਿਰੰਤਰ ਹੁੰਦੇ ਧੱਕੇ ਕਾਰਨ ਅਖੀਰ ਕਰੋਧ ਦਾ ਰੂਪ ਧਾਰਨ ਕਰ ਲੈਂਦਾ ਹੈ। ਉਸ ਨੂੰ ਘੱਟ ਮਜ਼ਦੂਰੀ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਘੱਟ ਪੈਸੇ ਨਾਲ ਉਹ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਇਸੇ ਕਾਰਨ ਇਹ ਧਾਰਨਾ ਬਣੀ ਕਿ ਕ੍ਰੋਧ ਦਾ ਮਾਰਿਆ ਬੰਦਾ ਨਰਕ 'ਚ ਪੈ ਜਾਂਦਾ ਹੈ।' ਲੋਭ ਦਾ ਮੂਲ ਕਾਰਨ ਵੀ ਜਿਉਂਦੇ ਰਹਿਣ ਲਈ ਅਨਿਸਚਿਤਤਾ ਹੈ। ਵਰਤਮਾਨ ਸਮਾਜ ਅੰਦਰ ਕੋਈ ਨਹੀਂ ਕਹਿ ਸਕਦਾ ਕਿ ਕੱਲ੍ਹ ਨੂੰ ਉਸ ਕੋਲ ਜਿਉਂਦੇ ਰਹਿਣ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਧਨ ਹੋਣਗੇ ਜਾਂ ਨਹੀਂ। ਅਜਿਹੀ ਅਨਿਸਚਤਤਾ ਹੀ ਲੋਭ ਪੈਦਾ ਕਰਦੀ ਹੈ। ਇੰਝ ਲੋਭ ਹੌਲੀ ਹੌਲੀ ਆਦਤ ਬਣਦਾ ਹੈ ਤੇ ਫੇਰ ਮਾਨਸਿਕਤਾ 'ਚ ਬਦਲ ਜਾਂਦਾ ਹੈ। ਜਿਸ ਸਮਾਜ ਦਾ ਵਿਧਾਨ ਤੇ ਕਾਨੂੰਨ ਕਿਸੇ ਵੀ ਧਨ, ਜਾਇਦਾਦ ਕੱਠੀ ਕਰਨ ਦੀ ਖੁੱਲ੍ਹ ਤੇ ਮੌਕੇ ਦਿੰਦੇ ਹਨ ਤਾਂ ਲੋਭ ਕਰੋੜਾਂ, ਅਰਬਾਂ, ਖਰਬਾਂ ਤੇ ਧਨ ਜਾਇਦਾਦ ਨਾਲ ਵੀ ਖਤਮ ਨਹੀਂ ਹੁੰਦਾ। ਇਸੇ ਕਾਰਨ ਮਾਨਵੀ ਰਿਸ਼ਤੇ ਖਤਮ ਹੋ ਜਾਂਦੇ ਹਨ। (ਇਹਦੀ ਵੱਡੀ ਮਿਸਾਲ ਅੰਬਾਨੀ ਭਰਾਵਾਂ ਅੰਦਰ ਪੈਦਾ ਹੋਇਆ ਦੁਫੇੜ ਹੈ। ਅਜਿਹੀਆਂ ਮਿਸਾਲਾਂ ਆਮ ਆਦਮੀ ਤੋਂ ਲੈ ਕੇ ਸੰਸਾਰ ਦੇ ਸਭ ਤੋਂ ਧਨਾਢ ਲੋਕਾਂ ਤੱਕ ਮਿਲ ਜਾਂਦੀਆਂ ਹਨ।) ਮੋਹ ਨੂੰ ਇਸ ਕਾਰਨ ਨਿੰਦਿਆ ਜਾਂਦਾ ਹੈ ਕਿ ਧਾਰਮਿਕ ਵਿਸ਼ਵਾਸ ਅਨੁਸਾਰ ਇਹ ਮਿਥਿਆ' (ਮਾਇਆ) ਹੈ। ਪਰ ਮਨੁੱਖ ਹੀ ਨਹੀਂ, ਹਰ ਜੀਵ ਆਪਣੇ ਬੱਚਿਆਂ ਨੂੰ ਮੋਹ ਤੋਂ ਬਿਨਾਂ ਪਾਲ਼ ਵੀ ਨਹੀਂ ਸਕਦਾ। ਚਿੜੀਆਂ ਵੀ ਆਪਣੇ ਬੱਚਿਆਂ ਲਈ ਚੋਗਾ ਲਿਆਉਂਦੀਆਂ ਹਨ। ਮਨੁੱਖ ਆਪਣੇ ਆਪ ਨੂੰ, ਮਰਨ ਪਿੱਛੋਂ ਵੀ ਜਿਉਂਦੇ ਰਹਿਣ ਦੀ ਤੀਬਰ ਇੱਛਾ ਕਾਰਨ, ਆਪਣੇ ਪੁੱਤ-ਪੋਤਿਆਂ ਰਾਹੀਂ ਆਪਣਾ (ਝੂਠਾ ਹੀ ਸਹੀ) Ḕਵਜੂਦ' (ਨਾਂ) ਕਾਇਮ ਰੱਖਣਾ ਚਾਹੁੰਦਾ ਹੈ। ਇਸੇ ਕਾਰਨ ਬੱਚਿਆਂ ਨਾਲ ਮੋਹ-ਪਿਆਰ ਕਾਇਮ ਰੱਖ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦਾ ਹੈ। ਜੇ ਉਹਦੇ ਬੱਚੇ ਜਵਾਨ ਹੋ ਕੇ, ਬੁੱਢੇ-ਵਾਰੇ ਉਸ ਦਾ ਧਿਆਨ ਨਹੀਂ ਕਰਦੇ (ਭਾਵ-ਮੋਹ ਭੰਗ ਹੋ ਜਾਂਦਾ ਹੈ) ਤਾਂ ਇਹਦੇ ਕਾਰਨ ਵੀ ਸਮਾਜ ਦੀ ਅਣਮਨੁੱਖੀ ਬਣਤਰ ਦਾ ਸਿੱਟਾ ਹਨ (ਨਿੱਜੀ ਵਰਤਾਰਾ ਜਾਂ ਵਿਕਾਰ ਨਹੀਂ)। ਜਿਸ ਸਮਾਜ ਅੰਦਰ ਜਿਉਂਦੇ ਰਹਿਣ ਲਈ ਲੋਭ-ਲਾਲਚ, ਜਿਉਂਦੇ ਰਹਿਣ ਤੇ ਮਾਣ-ਇੱਜ਼ਤ ਬਣਾਈ ਰੱਖਣ ਲਈ ਜ਼ਰੂਰੀ ਹੈ, ਤਾਂ ਅਕਸਰ ਆਮ ਆਦਮੀ ਦਾ ਹਰ ਸਮੇਂ ਧਿਆਨ ਉਸ ਪਾਸੇ ਰਹਿਣਾ ਸੁਭਾਵਕ ਹੈ। ਇਸੇ ਕਾਰਨ ਸਿੱਟਾ ਇਹੋ ਹੋਏਗਾ ਕਿ ਉਹ ਆਪਣੇ ਮਾਪਿਆਂ ਤੇ ਵਡੇਰਿਆਂ ਵੱਲ ਧਿਆਨ ਨਹੀਂ ਦੇ ਸਕੇਗਾ ਕਿਉਂਕਿ ਕੰਮਾਂ-ਕਾਰਾਂ ਤੋਂ ਹੀ ਛੁਟਕਾਰਾ ਨਹੀਂ ਮਿਲ ਸਕੇਗਾ। ਉਂਝ ਵੀ ਮੋਹ ਦੇ ਰਿਸ਼ਤੇ ਖਤਮ ਹੋਣ ਨਾਲ ਜੀਵਨ ਅਕਾਊ ਤੇ ਅਮਾਨਵੀ ਹੋ ਜਾਏਗਾ। (ਮੋਹ ਦੀ ਨਿੰਦਿਆ, ਧਾਰਮਿਕ ਤੌਰ 'ਤੇ ਇਸ ਲਈ ਕੀਤੀ ਜਾਂਦੀ ਰਹੀ ਹੈ ਕਿ ਮੋਕਸ਼ ਦੀ ਪ੍ਰਾਪਤੀ ਜੀਵਨ ਦੀ ਇਕੋ ਇਕ ਪ੍ਰਾਪਤੀ ਮੰਨੀ ਜਾਂਦੀ ਹੈ।) ਇਹਦਾ ਆਧਾਰ ਆਤਮਾ ਦੇ ਅਮਰ ਹੋਣ ਦਾ ਵਿਸ਼ਵਾਸ ਹੈ। ਜੇ ਮਨੁੱਖ ਇਹ ਜੀਵਨ ਪ੍ਰਮਾਤਮਾ ਦੀ ਭਗਤੀ ਵਿਚ ਨਹੀਂ ਬਿਤਾਏਗਾ ਤਾਂ ਆਤਮਾ ਨੂੰ ਵਾਰ ਵਾਰ ਜੰਮਣ, ਮਰਨ ਦਾ ਅਸਹਿ ਕਸ਼ਟ ਸਹਿਣਾ ਪਏਗਾ, ਤੇ ਉਹ ਵੀ ਚੁਰਾਸੀ ਲੱਖ ਵਾਰ। ਅਜਿਹੀ ਦਸ਼ਾ ਭਿਆਨਕ ਹੈ। ਇਸ ਲਈ ਮੋਕਸ਼ ਦੀ ਪ੍ਰਾਪਤੀ ਲਈ ਸੰਸਾਰਕ ਮੋਹ ਦਾ ਤਿਆਗ ਕਰਨਾ ਲਾਜ਼ਮੀ ਹੈ। ਪਰ ਕੀ ਤਿਆਗੀ, ਸਾਧੂ-ਸੰਤਾਂ, ਹਠੀਆਂ-ਤਪੀਆਂ ਤੋਂ ਬਿਨਾਂ ਕੋਈ ਵੀ ਆਮ ਆਦਮੀ ਮੋਹ ਦਾ ਤਿਆਗ ਕਰ ਸਕਦਾ ਹੈ? ਉੱਤਰ ਹੈ: ਨਹੀਂ (ਇਸ ਲਈ ਮੋਹ (ਪਿਆਰ) ਵਿਕਾਰ ਨਹੀਂ)। ਪੰਜਾਬੀ ਵਿਚ ਸ਼ਬਦ ਮੋਹ-ਪਿਆਰ' ਕੱਠਾ ਵਰਤਿਆ ਜਾਂਦਾ ਹੈ। (ਭਾਵੇਂ ਮੋਹ ਤੇ ਪਿਆਰ ਦੇ ਅਰਥ ਕੁਝ ਵੱਖਰੇ ਹਨ।) ਮੋਹ ਜਾਂ ਪਿਆਰ ਤੋਂ ਬਿਨਾਂ ਮਨੁੱਖੀ ਰਿਸ਼ਤੇ ਕਾਇਮ ਨਹੀਂ ਰਹਿ ਸਕਦੇ। ਚਾਹੇ ਇਹ ਮੋਹ ਮਾਂ ਦਾ ਆਪਣੇ ਬੱਚੇ ਨਾਲ ਹੋਵੇ ਜਾਂ ਇਸਤਰੀ-ਮਰਦ ਦਾ (ਜਾਂ ਪਰਿਵਾਰਕ ਜੀਆਂ ਦਾ ਆਪੋ-ਵਿਚ ਹੋਵੇ।) ਮੋਹ ਤੋਂ ਬਿਨਾਂ ਸਮਾਜਿਕ ਜੀਵਨ ਦੀਆਂ ਸਭ ਤੰਦਾਂ ਟੁੱਟ ਜਾਂਦੀਆਂ ਹਨ। ਇਸਦੇ ਟੁੱਟਣ ਦੇ ਮੂਲ ਕਾਰਨ, ਅਮਾਨਵੀ ਕਦਰਾਂ-ਕੀਮਤਾਂ ਵਿਚ ਗ੍ਰੱਸੇ ਸਮਾਜ ਦੀ ਬਣਤਰ ਹੈ (ਜਿਸ ਦਾ ਆਰੰਭ ਵਿਚ ਜ਼ਿਕਰ ਆਇਆ ਹੈ)। ਵਰਤਮਾਨ ਸਮਾਜਾਂ ਦਾ ਆਧਾਰ ਲੋਭ-ਲਾਲਚ ਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੀ, ਅਣਮਨੁੱਖੀ ਮਾਨਸਿਕਤਾ ਹੈ ਜੋ ਉਦੋਂ ਤੱਕ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਅਤਿ ਦੀ ਗਰੀਬੀ ਤੇ ਅਤਿ ਦੀ ਅਮੀਰੀ ਦਾ ਫਰਕ ਖਤਮ ਨਹੀਂ ਹੁੰਦਾ। ਪਰ ਇਹ ਵੱਡਾ ਪਾੜਾ ਖਤਮ ਕਰਨਾ ਤਾਂ ਦੂਰ, ਵਰਤਮਾਨ ਸਮਾਜਾਂ ਦੀ ਬਣਤਰ ਵਿਚ ਇਹਨੂੰ ਘਟਾਉਣਾ ਵੀ ਆਸਾਨ ਨਹੀਂ। (ਮਿਸਰ ਦਾ ਪ੍ਰਧਾਨ ਹੁਸੇਨੀ ਮੁਬਾਰਕ ਇਸੇ ਵਿਕਾਰ ਦਾ ਸ਼ਿਕਾਰ ਸੀ। ਉਸ ਨੇ ਤੀਹ ਸਾਲ ਤੱਕ ਡਿਕਟੇਟਰ ਬਣ ਕੇ, ਖੁਦ ਅਰਬਾਂ ਡਾਲਰ ਕੱਠੇ ਕੀਤੇ ਪਰ ਦੇਸ਼ ਦੀ ਅੱਠ ਕਰੋੜ ਦੀ ਅਬਾਦੀ ਵਿਚੋਂ ਘੱਟੋ ਘੱਟ ਪੰਜ ਕਰੋੜ ਨੂੰ ਨਰਕ ਭੋਗਣ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ। ਸਿੱਟੇ ਵਜੋਂ ਨਰਕ ਭੋਗਦੇ ਲੋਕਾਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਉਸ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ। (ਭਾਵੇਂ ਤਿੰਨ ਸੌ ਨਾਗਰਿਕ ਮਾਰੇ ਗਏ ਤੇ ਹਜ਼ਾਰਾਂ ਜ਼ਖਮੀ ਹੋਏ)। ਮਾਨਵੀ ਜੀਵਨ ਦਾ ਪੰਜਵਾਂ ਵਿਕਾਰ ਹੰਕਾਰ ਹੈ। ਇਹਦਾ ਆਧਾਰ ਵੀ ਸਮਾਜਿਕ ਹੈ। ਉਪਰੋਕਤ ਵੇਰਵਿਆਂ ਅਨੁਸਾਰ ਜਿਉਂਦੇ ਰਹਿਣ ਦੀ (ਜਿਸ ਵਿਚ ਮਾਣ-ਇੱਜ਼ਤ ਸ਼ਾਮਲ ਹੈ) ਪ੍ਰਵਿਰਤੀ ਕਾਰਨ ਹੀ ਲੋਭ-ਲਾਲਚ ਦੀ ਮਾਨਸਿਕਤਾ ਪੈਦਾ ਹੁੰਦੀ ਹੈ। ਜਿਸ ਸਮਾਜ ਅੰਦਰ ਕਰੋੜਾਂ ਲੋਕ ਗਰੀਬੀ ਦਾ ਸੰਤਾਪ ਭੋਗਦੇ ਹੋਣ ਤੇ ਸੱਤਾਧਾਰੀ ਵਰਗਾਂ ਨੇ ਬਹੁਤ ਘੱਟ ਗਿਣਤੀ ਦੇ ਚਲਾਕ ਤੇ ਬੇਈਮਾਨ ਬੰਦਿਆਂ ਨੂੰ ਦੇਸ਼ ਦੀ ਹਰ ਤਰ੍ਹਾਂ ਦੀ ਉਪਜ ਕਰਨ ਤੇ ਕੁਦਰਤੀ ਸੋਮਿਆਂ ਦੀ ਲੁੱਟ ਦਾ ਕਾਨੂੰਨੀ ਤੇ ਵਿਧਾਨਿਕ ਅਧਿਕਾਰ ਦਿੱਤਾ ਹੋਵੇ, ਤਾਂ ਧਨਾਢਾਂ ਤੇ ਉਨ੍ਹਾਂ ਨਾਲ ਜੁੜੇ ਵਪਾਰੀਆਂ, ਪ੍ਰਬੰਧਕਾਂ ਤੇ ਉਦਯੋਗਾਂ ਦੇ ਮਾਹਰ ਬੰਦਿਆਂ ਅੰਦਰ ਹੰਕਾਰ ਪੈਦਾ ਹੋਣਾ ਸੁਭਾਵਕ ਹੈ। ਪਰ ਚਿੰਤਾ ਵਾਲੀ ਹਾਲਤ ਇਹ ਹੈ ਕਿ ਉਨ੍ਹਾਂ ਦਾ ਹੰਕਾਰ ਪੂਰੇ ਸਮਾਜ ਅੰਦਰ ਹੀ ਛੂਤ ਦੀ ਬਿਮਾਰੀ ਵਾਂਗ ਫੈਲਦਾ ਜਾਂਦਾ ਹੈ। ਅਜਿਹੇ ਸਮਾਜ ਦਾ ਹਰ ਬੰਦਾ ਹੰਕਾਰੀ ਬਣ ਜਾਂਦਾ ਹੈ। (ਸਾਡੇ ਇਕ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ, Ḕਆਪ ਤੋਂ ਮਾੜੇ 'ਤੇ ਦਿਨ ਵਿਚ ਨੌਂ ਵਾਰੀ ਗੁੱਸਾ ਆਉਂਦਾ ਹੈ) ਤਗਾਰੀ ਚੁਕਣ ਵਾਲਾ ਮਜ਼ਦੂਰ (ਜੋ ਸਾਡੇ ਸਮਾਜ ਅੰਦਰ ਸਭ ਤੋਂ ਹੇਠਲਾ ਬੰਦਾ ਹੈ) ਆਪਣੇ ਰਾਜ-ਮਿਸਤਰੀ ਤੋਂ ਲੈ ਕੇ ਉਸਾਰੀ ਕਰਵਾਉਣ ਵਾਲੇ ਬੰਦੇ ਦਾ ਹੀ ਨਹੀਂ, ਨਿਰਧਨ ਹੋਣ ਕਾਰਨ, ਧਨ-ਜਾਇਦਾਦ ਵਾਲੇ ਹਰ ਬੰਦੇ ਦੇ ਹੰਕਾਰ ਦਾ ਸੰਤਾਪ ਭੋਗਦਾ ਹੈ। ਪ੍ਰਤੀਕਰਮ ਵਜੋਂ ਉਹ ਵੀ ਹੰਕਾਰੀ (ਗੁੱਸੇਖੋਰ) ਹੋ ਜਾਂਦਾ ਹੈ। ਏਥੇ ਇਕ ਨਿੱਜੀ ਮਿਸਾਲ ਕੁਥਾਂ ਨਹੀਂ ਲੱਗਦੀ। ਕਿਸੇ ਟੀਵੀ ਇੰਟਰਵਿਊ ਵਿਚ, ਅਜਿਹੀ ਗੱਲ ਪੁੱਛੀ ਗਈ ਜੋ ਆਮ ਤੌਰ 'ਤੇ ਪੁੱਛੀ ਨਹੀਂ ਜਾਂਦੀ। ਪੁੱਛਿਆ ਗਿਆ ਕਿ, Ḕਤੁਹਾਨੂੰ ਸਭ ਤੋਂ ਘਿਨਾਉਣਾ ਦ੍ਰਿਸ਼ ਕਿਹੜਾ ਲੱਗਦਾ ਹੈ?' ਮੇਰਾ ਜਵਾਬ ਸੀ,ਬੰਦੇ ਅੱਗੇ ਝੁਕਿਆ ਬੰਦਾ।' ਜਿਸ ਸਮਾਜ ਅੰਦਰ ਅਤਿ ਗਰੀਬੀ ਭੋਗਦੇ ਬੰਦੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੂੰ ਕਿਸੇ ਨਾ ਕਿਸੇ ਅੱਗੇ ਝੁਕਣਾ ਪੈਂਦਾ ਹੋਵੇ ਉਥੇ ਹੰਕਾਰ ਕਿੰਝ ਖਤਮ ਕੀਤਾ ਜਾ ਸਕਦਾ ਹੈ? ਆਪ ਤੋਂ ਨੀਵੇਂ (ਮਾੜੇ) ਬੰਦੇ ਨੂੰ ਆਪਣੇ ਅੱਗੇ ਝੁਕਾਉਣ ਵਾਲਾ ਹਰ ਬੰਦਾ ਹੰਕਾਰੀ ਹੁੰਦਾ ਹੈ। ਨੌਕਰੀਆਂ ਦੇਣ ਵਾਲੇ ਅਫ਼ਸਰ, ਵਜ਼ੀਰ, ਰਾਜਨੀਤਕ ਆਗੂ ਤੇ ਵਰਕਰਾਂ ਤੱਕ, ਉਦਯੋਗਪਤੀ, ਵਪਾਰੀ-ਹਰ ਉਹ ਬੰਦਾ ਜਿਸ ਕੋਲ ਧਨ-ਦੌਲਤ (ਚਾਹੇ ਮਾਮੂਲੀ ਵੀ) ਹੈ ਤੇ ਉਹ ਆਪਣੇ ਤੋਂ ਹੇਠਲੇ ਬੰਦੇ ਤੋਂ ਘੱਟ ਤੋਂ ਘੱਟ ਮਿਹਨਤਾਨਾ ਦੇ ਕੇ, ਆਪਣੀ ਮਰਜ਼ੀ ਦਾ ਕੰਮ ਕਰਾਉਣ ਦੇ ਸਮਰੱਥ ਹੈ, ਉਹ ਹੰਕਾਰੀ ਹੀ ਹੋਵੇਗਾ। ਉਸ ਕੋਲ ਭਾਵੇਂ ਦੋ-ਚਾਰ ਜਾਂ ਵਧੇਰੇ ਬੰਦਿਆਂ ਤੋਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਾਉਣ ਦੀ ਸਮਰੱਥਾ (ਧਨ-ਦੌਲਤ) ਹੋਵੇ, ਉਹ ਕਿਵੇਂ ਵੀ ਹੰਕਾਰ ਤੋਂ ਬਚ ਨਹੀਂ ਸਕਦਾ। ਇਨ੍ਹਾਂ ਸਾਰੇ ਵੇਰਵਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਿਸੇ ਹੱਦ ਤੱਕ ਸਮਾਜਵਾਦੀ ਦੇਸ਼ਾਂ ਨੂੰ ਛੱਡ ਕੇ, ਸੰਸਾਰ ਦੇ ਵਰਤਮਾਨ ਸਮਾਜਾਂ ਦੀ ਜਿਹੋ-ਜਿਹੀ ਬਣਤਰ ਤੇ ਹਾਲਾਤ ਹਨ, ਉਨ੍ਹਾਂ ਦੇ ਹੁੰਦਿਆਂ ਕੋਈ ਸਮਾਜ ਜਾਂ ਬੰਦਾ, ਇਨ੍ਹਾਂ ਵਿਕਾਰਾਂ ਤੋਂ ਬਚ ਨਹੀਂ ਸਕਦਾ। ਸਾਧੂ-ਸੰਤ ਤੇ ਤਪੱਸਵੀ ਲੋਕ ਵੀ ਇਨ੍ਹਾਂ ਵਿਕਾਰਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੁੰਦੇ। ਸਾਡੇ ਦੇਸ਼ ਅੰਦਰ ਵੱਖੋ-ਵੱਖਰੇ ਡੇਰਿਆਂ, ਮਠਾਂ ਦੀ ਗਿਣਤੀ ਲੱਖਾਂ ਨਹੀਂ ਤਾਂ ਹਜ਼ਾਰਾਂ ਵਿਚ ਜ਼ਰੂਰ ਹੈ। ਉਨ੍ਹਾਂ ਦੇ ਮੁਖੀ ਬਾਬੇ ਸਮਾਜ ਦੇ ਕਰੋੜਾਂ ਲੋਕਾਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਦਿੰਦੇ ਹਨ। ਪਰ ਉਹ ਜਿਹੜੇ ਵੀ ਆਮ ਲੋਕਾਂ ਨੂੰ ਇਨ੍ਹਾਂ ਵਿਕਾਰਾਂ ਤੋਂ ਬਚਣ ਲਈ ਸਿੱਖਿਆ ਦਿੰਦੇ ਹਨ, ਜੇ ਉਨ੍ਹਾਂ ਦੀ ਪੜਤਾਲ ਕੀਤੀ ਜਾਏ ਤਾਂ ਨਤੀਜੇ ਇਹੋ ਨਿਕਲਣਗੇ ਕਿ ਉਨ੍ਹਾਂ ਦੇ ਉਪਾਸ਼ਕਾਂ ਵਿਚ ਸੌ ਵਿਚੋਂ ਇਕ-ਦੋ ਹੀ ਉਨ੍ਹਾਂ ਬਾਬਿਆਂ ਦੀ ਸਿੱਖਿਆ 'ਤੇ ਮਾੜਾ-ਮੋਟਾ ਅਮਲ ਕਰਨ ਦਾ ਯਤਨ ਕਰਦੇ ਹੋਣਗੇ (ਪੂਰਾ ਨਹੀਂ) ਬਾਕੀ ਪ੍ਰਵਚਨ ਸੁਣਨ ਸਮੇਂ ਜ਼ਰੂਰ ਮਹਿਸੂਸ ਕਰਦੇ ਹੋਣਗੇ ਕਿ, ਹਾਂ ਬਾਬਾ ਜੀ ਠੀਕ ਕਹਿੰਦੇ ਹਨ; ਮੋਕਸ਼ ਦਾ ਰਾਹ ਦੱਸਦੇ ਹਨ', ਪਰ ਡੇਰੇ 'ਚੋਂ ਘਰ ਤੱਕ ਆਉਂਦਿਆਂ ਹੀ ਜਦੋਂ ਸਮਾਜਿਕ ਜੀਵ' ਵਜੋਂ, ਘਰਾਂ, ਮੁਹੱਲਿਆਂ, ਬਜ਼ਾਰਾਂ ਤੇ ਆਪਣੇ ਪਿੰਡ, ਕਸਬੇ ਜਾਂ ਸ਼ਹਿਰ 'ਚੋਂ ਕਿਧਰੇ ਵੀ ਆਪਣੇ ਕਾਰੋਬਾਰ ਤੇ ਕੰਮਾਂ ਲਈ ਜਾਂਦੇ ਹਨ ਤਾਂ ਹਰ ਵਿਕਾਰ ਦਾ ਸ਼ਿਕਾਰ ਹੋ ਜਾਂਦੇ ਹਨ-ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਤੋਂ ਲੈ ਕੇ ਸਮਾਜ ਦੇ ਹਰ ਥਾਂ ਉਤੇ ਉਹ ਵਿਕਾਰ ਮੌਜੂਦ ਰਹਿੰਦੇ ਹਨ। ਇਸ Ḕਚਿੱਕੜ' ਤੋਂ ਬਚ ਕੇ ਉਹ ਦੋ ਕਦਮ ਵੀ ਤੁਰ ਨਹੀਂ ਸਕਦੇ। ਇਹ ਵਿਚਾਰ ਫਿਰ ਦੁਹਰਾਉਣਾ ਜ਼ਰੂਰੀ ਹੈ ਕਿ ਪੰਜੇ ਵਿਕਾਰ (ਤੇ ਹੋਰ ਵੀ ਮਨੁੱਖੀ ਅਉਗਣ ਜੋ ਇਨ੍ਹਾਂ ਕਾਰਨ ਪੈਦਾ ਹੁੰਦੇ ਹਨ), ਵਰਤਮਾਨ ਸਮਾਜਾਂ ਅੰਦਰ ਜਿਉਂਦੇ ਰਹਿਣ ਦੀ ਇਕੋ ਪ੍ਰਵਿਰਤੀ' ਕਾਰਨ ਪੈਦਾ ਹੁੰਦੇ ਹਨ। ਮਨੁੱਖ ਸਮਾਜਿਕ ਜੀਵ ਹੁੰਦਿਆ, ਸਮਾਜ ਵਿਚ, ਡੂੰਘੇ ਧਸੇ ਵਿਕਾਰਾਂ 'ਚੋਂ ਓਵੇਂ ਹੀ ਬਾਹਰ ਨਹੀਂ ਆ ਸਕਦਾ ਜਿਵੇਂ ਕੋਈ ਤੀਲਾ ਉਦੋਂ ਤੱਕ ਕਿਸੇ ਘੁੰਮਣਘੇਰੀ 'ਚੋਂ ਬਾਹਰ ਨਹੀਂ ਆ ਸਕਦਾ ਜਦੋਂ ਤੱਕ ਉਹ ਘੁੰਮਣਘੇਰੀ ਖਤਮ ਨਹੀਂ ਹੁੰਦੀ। ਧਾਰਮਿਕ ਤੇ ਨੈਤਿਕ ਵਿਚਾਰਾਂ ਦੀ ਜੜ, ਅੱਜ ਤੱਕ ਦੇ Ḕਵਿਕਸਿਤ' ਕੀਤੇ ਗਏ ਸਮਾਜ ਹਨ। ਤੇ ਇਹ ਸਮਾਜ ਹਜ਼ਾਰਾਂ ਸਾਲਾਂ ਵਿਚ Ḕਵਿਕਸਿਤ' ਹੋਏ ਹਨ। ਇਨ੍ਹਾਂ ਨੂੰ ਮਾਨਵੀ ਤੇ ਵਿਕਾਰ-ਰਹਿਤ ਬਣਾਉਣ ਲਈ ਪਤਾ ਨਹੀਂ ਅਜੇ ਕਿੰਨਾ ਸਮਾਂ ਲੱਗਣਾ ਹੈ। ਪਰ ਇਹ ਬਹੁਤ ਕੌੜੀ ਸੱਚਾਈ ਹੈ ਕਿ ਸੰਸਾਰ ਦੇ ਸਾਰੇ ਸਮਾਜਾਂ ਨੂੰ Ḕਮਾਨਵੀ ਸਮੂਹਾਂ' ਵਿਚ ਬਦਲਣ ਲਈ ਤੇ ਹਰ ਬੰਦੇ ਨੂੰ ਵਿਕਾਰ-ਮੁਕਤ ਕਰਨ ਲਈ, ਮੂਲ ਤਬਦੀਲੀਆਂ ਲਿਆਉਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। Ḕਮਾਇਆ' (ਧਨ-ਦੌਲਤ) ਦੀ ਲਾਲਸਾ ਤੋਂ ਮੁਕਤ ਕਰਨ ਲਈ, ਹਰ ਸਮਾਜ ਨੂੰ ਬਹੁਤ ਕਠੋਰ ਤੇ ਲਗਾਤਾਰ ਯਤਨ ਕਰਨੇ ਪੈਣਗੇ। ਇਸ ਵਿਸ਼ਾਲ ਤਬਦੀਲੀ ਲਈ, ਲੱਖਾਂ ਅਜਿਹੇ ਵਿਦਵਾਨਾਂ ਦੀ ਲੋੜ ਹੈ ਜੋ ਗਿਆਨਵਾਨ ਤੇ ਵਿਗਿਆਨਿਕ ਸੋਚ ਦੇ ਧਾਰਨੀ ਤਾਂ ਹੋਣ ਹੀ, ਨਾਲ ਪੂਰੇ ਸਮਾਜ ਦੇ ਵਿਕਾਰਾਂ ਨੂੰ ਬਦਲਣ ਦੇ ਸਮਰੱਥ ਵੀ ਹੋਣ। ਪਰ ਅਜਿਹੇ ਮਹਾਨ ਪੁਰਸ਼ ਵੀ ਸਮਾਜਾਂ ਦੀ ਲੋਕ-ਸ਼ਕਤੀ ਤੋਂ ਬਿਨਾਂ ਕੁਝ ਨਹੀਂ ਕਰ ਸਕਣਗੇ। ਉਨ੍ਹਾਂ ਦਾ ਗਿਆਨ ਤੇ ਵਿਗਿਆਨਕ ਸੋਚ-ਸਮਝ ਜਦੋਂ ਤੱਕ ਲੋਕ-ਸ਼ਕਤੀ ਨੂੰ ਮਾਨਵੀ ਗੁਣਾਂ ਵਿਚ ਤਬਦੀਲ ਕਰਨ ਦੇ ਸਮਰੱਥ ਨਹੀਂ ਬਣਾ ਸਕਦੀ, ਉਦੋਂ ਤੱਕ ਇਨ੍ਹਾਂ ਸਮਾਜਾਂ ਦਾ ਹਰ ਬੰਦਾ ਸਿਰਫ ਪੰਜ ਵਿਕਾਰਾਂ ਤੋਂ ਹੀ ਨਹੀਂ, ਹਰ ਅਮਾਨਵੀ ਕਸ਼ਟ ਭੋਗਦਾ ਹੋਇਆ, ਇਹ Ḕਹੀਰੇ ਜੈਸਾ' ਜਨਮ, Ḕਕੌਡੀ ਬਦਲੇ' ਹੀ ਬੇਅਰਥ ਗੁਆ ਕੇ ਮੌਤ ਦਾ ਸ਼ਿਕਾਰ ਹੁੰਦਾ ਰਹੇਗਾ। ਅਜਿਹਾ ਨਿਰਰਥਕ ਜੀਵਨ, ਜਿਉਣ ਦੀ ਪ੍ਰਵਿਰਤੀ, ਉਸ ਨੂੰ ਕਿਵੇਂ ਵੀ ਮਾਨਵੀ ਗੁਣਾਂ ਵਾਲਾ ਜੀਵਨ ਜਿਉਣ ਦਾ ਅਵਸਰ ਨਹੀਂ ਦੇ ਸਕੇਗੀ। ਇਹਦੇ ਲਈ ਮਹਾਨ ਦਾਰਸ਼ਨਿਕ ਹੋਣ ਦੀ ਲੋੜ ਨਹੀਂ, ਸਿਰਫ਼ ਜਿਉਣ ਦੀ ਮੂਲ-ਪ੍ਰਵਿਰਤੀ' ਤੇ ਵਰਤਮਾਨ ਸਮਾਜਾਂ ਅੰਦਰ ਜਿਉਂਦੇ ਰਹਿਣ ਦੀਆਂ ਲਾਜ਼ਮੀ ਸ਼ਰਤਾਂ ਤੇ ਮਜਬੂਰੀਆਂ ਨੂੰ ਸਮਝਣ ਦੀ ਲੋੜ ਹੈ-ਜੋ ਤਰਕਸੰਗਤ ਵਿਚਾਰਾਂ ਰਾਹੀਂ ਆਮ ਬੰਦਾ ਵੀ ਸਮਝ ਸਕਦਾ ਹੈ। (ਪਰ ਇਹ ਹਾਲਾਤ ਬਦਲਣ ਲਈ ਸਮਾਜਵਾਦੀ ਸਮਾਜਾਂ ਦੀ ਲੋੜ ਹੈ ਜਿਸ ਲਈ ਲੱਖਾਂ ਲੈਨਿਨ ਤੇ ਕਿਉਬਾ ਦੇ ਫੀਦਲ ਕਾਸਤਰੋ ਚਾਹੀਦੇ ਹਨ।)
Sunday, September 28, 2014
ਜਿਉਂਦੇ ਰਹਿਣ ਦੀ ਮੂਲ-ਪ੍ਰਵਿਰਤੀ\ Gurdial Singh

Gurdial Singh with HUN
Friday, September 19, 2014
Sunday, August 19, 2012
ਕਿਵੇਂ ਹੱਲ ਹੋਣਗੀਆਂ ਦੇਸ਼ ਦੀਆਂ ਗੰਭੀਰ ਸਮੱਸਿਆਵਾਂ /ਗੁਰਦਿਆਲ ਸਿੰਘ (Gurdial Singh)
ਜਦੋਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਉਹ ਰਿਪੋਰਟ ਜਾਰੀ ਕੀਤੀ, ਜਿਸ ਅਨੁਸਾਰ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 43 ਫ਼ੀਸਦੀ ਬੱਚੇ ਇਸ ਉਮਰ ਦੇ ਬੱਚਿਆਂ ਦੇ ਆਮ ਭਾਰ ਤੋਂ ਬਹੁਤ ਘੱਟ ਪਾਏ ਗਏ ਤਾਂ ਉਨ੍ਹਾਂ ਕਿਹਾ, 'ਇਹ ਸ਼ਰਮਨਾਕ ਗੱਲ ਹੈ।' ਪਰ ਇਹ ਉਹ ਨਹੀਂ ਦੱਸ ਸਕੇ ਕਿ ਇਹ ਹਾਲਤ ਕੀਹਦੇ ਲਈ ਸ਼ਰਮਨਾਕ ਹੈ। ਕੀ ਉਨ੍ਹਾਂ ਬੱਚਿਆਂ ਦੇ ਮਾਪਿਆਂ ਲਈ ਸ਼ਰਮਨਾਕ ਹੈ ਜਿਹੜੇ ਨਾ ਇਕ ਡੰਗ ਰੱਜਵੀਂ ਰੋਟੀ ਬੱਚਿਆਂ ਨੂੰ ਖੁਆ ਸਕਦੇ ਹਨ, ਨਾ ਆਪ ਖਾ ਸਕਦੇ ਹਨ? ਜਾਂ ਉਸ ਰਾਜ ਪ੍ਰਬੰਧ ਲਈ ਬੇਸ਼ਰਮੀ ਵਾਲੀ ਗੱਲ ਹੈ ਜਿਸ ਨੇ ਉਨ੍ਹਾਂ ਨੂੰ ਅਜਿਹੀ ਗਰੀਬੀ ਭੋਗਣ ਲਈ ਮਜਬੂਰ ਕੀਤਾ ਹੋਇਆ ਹੈ? ਜਾਂ ਫਿਰ ਉਸ ਸਮਾਜ ਲਈ ਸ਼ਰਮਨਾਕ ਹੈ, ਜਿਸ ਨੇ ਸਦੀਆਂ ਤੋਂ ਹੇਠਲੇ ਵਰਗ (ਦਲਿਤ ਜਾਤੀਆਂ) ਨੂੰ ਕਦੇ ਬੰਦੇ ਹੀ ਨਹੀਂ ਸਮਝਿਆ? ਜਾਂ ਇਹ ਹਾਲਤ ਸਾਡੇ ਦੇਸ਼ ਦੇ ਉਨ੍ਹਾਂ ਬੁੱਧੀਜੀਵੀਆਂ ਲਈ ਸ਼ਰਮਨਾਕ ਹੈ ਜੋ ਸਭ ਕੁਝ ਜਾਣਦਿਆਂ ਵੀ ਅੱਖਾਂ ਮੀਚੀ ਰੱਖਦੇ ਹਨ?
ਅਸਲ ਵਿਚ ਦੇਸ਼ ਦੇ ਇਨ੍ਹਾਂ ਬੱਚਿਆਂ ਨੂੰ ਪੂਰੀ ਖੁਰਾਕ ਨਾ ਮਿਲਣ ਲਈ ਸਭ ਤੋਂ ਪਹਿਲਾਂ ਸ਼ਰਮ ਉਨ੍ਹਾਂ ਰਾਜਸੀ ਪਾਰਟੀਆਂ ਨੂੰ ਆਉਣੀ ਚਾਹੀਦੀ ਹੈ, ਜੋ ਰਾਜਸੱਤਾ 'ਤੇ ਕਾਬਜ਼ ਹਨ ਤੇ ਜਿਨ੍ਹਾਂ ਦੀ ਸਰਕਾਰ ਦੇ ਮੁਖੀ ਖ਼ੁਦ ਪ੍ਰਧਾਨ ਮੰਤਰੀ ਹਨ। ਉਨ੍ਹਾਂ ਮਗਰੋਂ ਸ਼ਰਮ ਉਸ ਸਮਾਜ ਨੂੰ ਆਉਣੀ ਚਾਹੀਦੀ ਹੈ, ਜਿਸ ਨੇ ਦੋ ਹਜ਼ਾਰ ਸਾਲ ਤੋਂ ਵਧੇਰੇ ਸਮੇਂ ਤੋਂ ਤੀਜੇ-ਚੌਥੇ ਹਿੱਸੇ ਦੀ ਆਬਾਦੀ ਨੂੰ ਸਮਾਜ ਦੇ ਅੰਗ ਹੀ ਨਹੀਂ ਸਮਝਿਆ ਤੇ ਹਮੇਸ਼ਾ 'ਅਛੂਤ' ਸਮਝ ਕੇ ਦੁਰਕਾਰਦਾ ਰਿਹਾ (ਕਿਉਂਕਿ ਸਭ ਤੋਂ ਵਧੇਰੇ ਗਿਣਤੀ ਵਿਚ ਇਹੋ ਜਾਤੀਆਂ ਗਰੀਬ ਹਨ)। ਤੀਸਰੀ ਧਿਰ ਉਹ ਹੈ, ਜਿਸ ਨੂੰ ਬੁੱਧੀਜੀਵੀ (ਸਿਆਣੇ, ਸਮਝਦਾਰ, ਵਿਦਵਾਨ) ਕਿਹਾ ਜਾਂਦਾ ਹੈ ਜੋ ਸਭ ਕੁਝ ਜਾਣਦਿਆਂ ਵੀ ਭਾਰਤੀ ਸਮਾਜ ਤੇ ਰਾਜ ਪ੍ਰਬੰਧ ਦੇ ਅਣਮਨੁੱਖੀ ਵਰਤਾਰੇ ਵੱਲ ਕਦੇ ਉਂਗਲ ਨਹੀਂ ਕਰਦੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸ਼ਬਦ ਰਾਜਸੀ ਦਲਾਂ ਤੇ ਉਸ ਹਕੂਮਤ ਦੇ ਮੁਖੀ ਵਰਤ ਰਹੇ ਹਨ, ਜਿਹੜੇ ਸਭ ਤੋਂ ਪਹਿਲਾਂ ਅਜਿਹੇ ਬੱਚਿਆਂ ਦੀ ਭੁੱਖ ਲਈ ਜ਼ਿੰਮੇਵਾਰ ਹਨ। ਕੀ ਉਹ ਲੋਕਾਂ ਤੋਂ ਵੋਟਾਂ ਲੈ ਕੇ ਪਾਰਲੀਮੈਂਟ ਵਿਚ ਜਾ ਕੇ ਇਸ ਲਈ ਬਹਿਸਾਂ ਕਰਦੇ ਹਨ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ, ਸਿਰਫ ਅਜਿਹੇ ਸ਼ਬਦ ਵਰਤ ਕੇ ਭੁੱਖੇ ਲੋਕਾਂ ਨਾਲ 'ਸੁੱਕੀ' ਹਮਦਰਦੀ ਦਿਖਾ ਸਕਣ? (ਤੇ ਉਹ ਵੀ ਸੱਤਾਧਾਰੀ ਪਾਰਟੀ ਨੂੰ ਠਿੱਠ ਕਰਨ ਲਈ, ਤੇ ਸੱਤਾਧਾਰੀ ਵਿਰੋਧੀਆਂ ਦੇ ਹੱਲਿਆਂ ਤੋਂ ਬਚਣ ਤੇ ਆਪਣੀ ਰੱਖਿਆ ਲਈ ਹੀ ਰੌਲਾ ਪਾਉਂਦੇ ਹਨ।)
ਸਿਰਫ ਕੇਂਦਰੀ ਸਰਕਾਰ ਹੀ ਨਹੀਂ, ਸੂਬਿਆਂ ਦੀਆਂ ਸਰਕਾਰਾਂ 'ਤੇ ਕਾਬਜ਼ ਰਾਜਸੀ ਦਲ ਵੀ ਓਨੇ ਹੀ ਜ਼ਿੰਮੇਵਾਰ ਹਨ। ਜਿਨ੍ਹਾਂ ਸੂਬਿਆਂ ਵਿਚ ਚੋਣਾਂ ਹੋਣੀਆਂ ਹੋਣ, ਉਨ੍ਹਾਂ ਵਿਚ ਇਕ ਵੀ ਰਾਜਸੀ ਪਾਰਟੀ ਅਜਿਹੀ ਨਹੀਂ ਜਿਸ ਅੰਦਰ ਚੋਣਾਂ ਲਈ ਟਿਕਟ ਲੈਣ ਲਈ ਦਰਜਨਾਂ ਉਮੀਦਵਾਰ ਨਾ ਹੋਣ। ਕੋਈ ਪਾਰਟੀ ਅਜਿਹੀ ਵੀ ਨਹੀਂ, ਜਿਸ ਦੇ ਨੇਤਾਵਾਂ ਨੇ ਆਪਣੇ ਪਰਿਵਾਰ, ਰਿਸ਼ਤੇਦਾਰ ਤੇ ਆਪਣੇ ਨੇੜਲਿਆਂ ਨੂੰ ਹੀ ਵੱਧ ਤੋਂ ਵੱਧ ਟਿਕਟਾਂ ਨਾ ਦਿੱਤੀਆਂ ਹੋਣ। ਕੋਈ ਰਾਜਸੀ ਦਲ ਤੇ ਨੇਤਾ ਅਜਿਹਾ ਨਹੀਂ ਜੋ ਇਹ ਦਾਅਵਾ ਕਰ ਸਕੇ ਕਿ ਇਹ ਚੋਣਾਂ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਲੜ ਰਿਹਾ ਹੈ, ਜਿਨ੍ਹਾਂ ਦੇ ਬੱਚੇ, ਉਪਰੋਕਤ ਰਿਪੋਰਟ ਅਨੁਸਾਰ ਭੁੱਖ ਦਾ ਸ਼ਿਕਾਰ ਹਨ। (ਉਤਲੇ ਮਨੋਂ ਸਾਰੇ ਇਹੋ ਦਾਅਵਾ ਕਰਦੇ ਹਨ ਕਿ ਉਹ ਆਮ ਲੋਕਾਂ ਦੀ ਹਰ ਸਮੱਸਿਆ ਹੱਲ ਕਰਨਗੇ, ਪਰ ਅੰਦਰੋਂ ਸਿਰਫ ਹਕੂਮਤ ਦੀ ਭੁੱਖ ਤੇ ਅਰਬਪਤੀ ਬਣਨ ਦੀ ਲਾਲਸਾ ਹੀ ਕੌੜੀ ਸਚਾਈ ਹੈ।)
ਜੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਆਮ ਲੋਕਾਂ ਤੇ ਹਕੂਮਤ 'ਤੇ ਕਾਬਜ਼ ਵਰਗਾਂ ਦਾ ਇਹ ਵਤੀਰਾ ਨਵਾਂ ਨਹੀਂ। ਪਹਿਲਾਂ ਰਾਜੇ-ਮਹਾਰਾਜੇ, ਨਵਾਬ-ਬਾਦਸ਼ਾਹ ਵੀ ਆਪਣੀ 'ਪਰਜਾ ਦੇ ਰਾਖੇ' ਕਹਾਉਂਦੇ ਰਹੇ। ਫਿਰ 'ਲੋਕਤੰਤਰ' ਦੀਆਂ ਰਾਜਸੀ ਪਾਰਟੀਆਂ ਦੇ ਨੇਤਾ ਵੀ ਇਹੋ ਨਾਅਰੇ ਲਾਉਂਦੇ ਰਹੇ। ਇਥੋਂ ਤੱਕ ਕਿ ਏਸ਼ੀਆ ਤੇ ਅਫਰੀਕਾ ਦੇ ਕਮਜ਼ੋਰ ਦੇਸ਼ਾਂ ਉਤੇ ਕਬਜ਼ੇ ਕਰਨ ਵਾਲੇ ਯੂਰਪੀ ਦੇਸ਼ ਵੀ ਗੁਲਾਮ ਬਣਾਏ ਦੇਸ਼ਾਂ ਦੇ ਲੋਕਾਂ ਨੂੰ ਇਹੋ ਕਹਿੰਦੇ ਰਹੇ ਕਿ 'ਅਸੀਂ ਤਾਂ ਤੁਹਾਨੂੰ 'ਸੱਭਿਆ' ਬਣਾਉਣ ਤੇ ਤਰੱਕੀ ਦੇ ਰਾਹ ਤੋਰਨ ਲਈ ਆਏ ਹਾਂ; ਪਰ ਜੋ 'ਸੱਭਿਅਤਾ' ਉਨ੍ਹਾਂ ਨੇ ਸਿਖਾਈ, ਉਸ ਦੇ ਸਿੱਟੇ ਅਸੀਂ 65 ਸਾਲ ਤੋਂ ਭੁਗਤ ਰਹੇ ਹਾਂ। ਸਾਡੇ ਅਰਥ-ਸ਼ਾਸਤਰੀ ਪ੍ਰਧਾਨ ਮੰਤਰੀ ਅੱਠ ਸਾਲ ਤੋਂ ਦੇਸ਼ ਨੂੰ ਸੰਸਾਰ ਦੀ 'ਮਹਾਂਸ਼ਕਤੀ' ਬਣਾਉਣ ਦੇ ਦਾਅਵੇ ਕਰਦਿਆਂ ਦੇਸ਼ ਨੂੰ ਅਮਰੀਕਾ ਤੇ ਯੂਰਪੀ ਦੇਸ਼ਾਂ ਦੀ ਮੰਡੀ ਬਣਾਉਣ ਦੇ ਹੀ ਯਤਨ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀਆਂ ਭਾਈਵਾਲ ਪਾਰਟੀਆਂ ਦੇ ਵਜ਼ੀਰ ਅਰਬਾਂ ਦੇ ਘੁਟਾਲਿਆਂ ਵਿਚ ਫਸੀ ਜਾਂਦੇ ਹਨ। ਕੀ ਇਹ ਹਾਲਾਤ ਦੇਸ਼ ਨੂੰ 'ਮਹਾਂਸ਼ਕਤੀ' ਬਣਾਉਣਗੇ?'
ਪ੍ਰਧਾਨ ਮੰਤਰੀ ਜਾਂ ਰਾਜਸੀ ਦਲਾਂ ਨੂੰ ਕਰੋੜਾਂ ਬੱਚਿਆਂ ਦੀ ਭੁੱਖ ਦਾ ਜ਼ਿੰਮੇਵਾਰ ਮੰਨਣ ਨਾਲ ਇਹ ਹਾਲਾਤ ਬਦਲ ਨਹੀਂ ਜਾਣੇ। ਦੇਸ਼ ਦੀਆਂ ਸਭ ਰਾਜਸੀ ਪਾਰਟੀਆਂ ਤੇ ਉਨ੍ਹਾਂ ਦੇ ਪਹਿਲੀ-ਦੂਜੀ ਕਤਾਰ ਦੇ ਨੇਤਾ ਇਸ ਮਾੜੀ ਦਸ਼ਾ ਦੇ ਜ਼ਿੰਮੇਵਾਰ ਹਨ, ਜਿਹੜੇ ਸਿਰਫ ਨਿੱਜੀ ਤੇ ਆਪੋ-ਆਪਣੀਆਂ ਪਾਰਟੀਆਂ ਦੇ ਮੁਫ਼ਾਦਾਂ ਤੋਂ ਅਗਾਂਹ, ਆਮ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਕਦੇ ਸੋਚਦੇ ਤੱਕ ਨਹੀਂ। ਜੇ ਅਜਿਹਾ ਨਾ ਹੁੰਦਾ ਤਾਂ ਸਭ ਰਾਜਸੀ ਦਲਾਂ ਦੀ ਪਹਿਲੀ ਚਿੰਤਾ ਇਹ ਹੋਣੀ ਚਾਹੀਦੀ ਸੀ ਕਿ ਆਜ਼ਾਦੀ ਤੋਂ 65 ਸਾਲ ਬਾਅਦ ਵੀ ਨੱਬੇ ਫ਼ੀਸਦੀ ਲੋਕ ਅਨਪੜ੍ਹ (ਅਗਿਆਨੀ) ਤੇ ਅੰਧਵਿਸ਼ਵਾਸੀ ਕਿਉਂ ਹਨ? ਕਿਉਂ ਲਗਾਤਾਰ ਗਰੀਬੀ ਦੀ ਰੇਖਾ ਤੋਂ ਹੇਠਲੇ ਲੋਕਾਂ ਦੀ ਗਿਣਤੀ ਵਧੀ ਜਾਂਦੀ ਹੈ? ਮਹਿੰਗਾਈ, ਬੇਰੁਜ਼ਗਾਰੀ ਤੇ ਸਭ ਮਨੁੱਖੀ ਗੁਣ, ਆਮ ਲੋਕਾਂ ਅੰਦਰੋਂ ਕਿਉਂ ਗਾਇਬ ਹੁੰਦੇ ਜਾ ਰਹੇ ਹਨ? ਕਿਉਂ ਖੇਤੀ ਦੀ ਵੱਧ ਤੋਂ ਵੱਧ ਪੈਦਾਵਾਰ ਹੋਣ ਦੇ ਬਾਵਜੂਦ ਦੇਸ਼ ਦੀ ਅੱਧੀ ਤੋਂ ਵਧੇਰੇ ਆਬਾਦੀ ਭੁੱਖੀ ਹੈ? ਕਿਉਂ ਸਿਰਫ ਮੁੱਠੀ ਭਰ ਧਨਾਢ ਅਰਬ-ਖਰਬਪਤੀ ਬਣੀ ਜਾਂਦੇ ਹਨ ਤੇ ਆਮ ਲੋਕ ਦੋ ਡੰਗ ਦੀ ਰੋਟੀ ਨੂੰ ਤਰਸਦੇ ਹਨ?
ਜੇ ਇਹ ਵਿਚਾਰ ਗ਼ਲਤ (ਜਾਂ ਨਿਰਾ ਵਿਰੋਧ) ਨਾ ਸਮਝਿਆ ਜਾਏ, ਤਾਂ ਸਚਾਈ ਇਹੋ ਹੈ ਕਿ ਸਵਾ ਅਰਬ ਤੱਕ ਪਹੁੰਚ ਚੁੱਕੀ ਦੇਸ਼ ਦੀ ਆਬਾਦੀ ਵਿਚੋਂ ਇਕ ਅਰਬ ਹੇਠਲੇ ਦਲਿਤ ਤੇ ਗਰੀਬ ਵਰਗਾਂ ਦੀ ਦਸ਼ਾ ਬਹੁਤ ਮਾੜੀ ਹੈ। (ਇਨ੍ਹਾਂ ਵਿਚ ਸਭ ਤੋਂ ਵਧੇਰੇ ਗਿਣਤੀ ਕਿਸਾਨ ਵਰਗ ਦੀ ਹੈ-ਜਿਸ ਨੂੰ 'ਅੰਨਦਾਤਾ' ਕਿਹਾ ਜਾਂਦਾ ਹੈ, ਪਰ ਉਸ ਦੀ ਕਿਸੇ ਵੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਸੋਕਾ ਪੈ ਗਿਆ ਤਾਂ ਨਾ ਕੇਂਦਰੀ ਸਰਕਾਰ ਨੂੰ ਚਿੰਤਾ ਹੈ ਤੇ ਨਾ ਰਾਜ ਸਰਕਾਰਾਂ ਨੂੰ, ਸਿਰਫ ਇਕ-ਦੂਜੇ 'ਤੇ ਦੋਸ਼ ਲਾਏ ਜਾ ਰਹੇ ਹਨ।) ਇਨ੍ਹਾਂ ਦੀ ਕੋਈ ਵੀ ਸਮੱਸਿਆ ਹੱਲ ਹੋਣੀ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੋ ਚੁੱਕੀ ਹੈ। ਅੱਧੀ ਆਬਾਦੀ ਲਈ ਨਾ ਸਿਰ ਢਕਣ ਜੋਗੀ ਥਾਂ ਬਚੀ ਹੈ, ਨਾ ਤਨ ਦੇ ਕੱਪੜੇ ਧਰਤੀ 'ਚੋਂ 'ਫੁੱਟ' ਪੈਣੇ ਹਨ, ਨਾ ਇਨ੍ਹਾਂ ਦੀ ਭੁੱਖ ਦੂਰ ਕਰਨ ਲਈ ਅਨਾਜ ਦਾ 'ਮੀਂਹ' ਵਰ੍ਹਨਾ ਹੈ। ਇਹ ਬਹੁਤ ਹੀ ਕੌੜੀ ਸਚਾਈ ਹੈ ਕਿ ਸਾਡੀਆਂ ਰਾਜਸੀ ਪਾਰਟੀਆਂ ਤੇ ਰਾਜ ਪ੍ਰਬੰਧ ਜਿਸ ਰਸਤੇ 65 ਸਾਲ ਤੋਂ ਤੁਰਦਾ ਆ ਰਿਹਾ ਹੈ ਉਹ ਰਸਤਾ ਉਸ ਅੰਨ੍ਹੀ ਗਲੀ ਵਿਚ ਹੀ ਜਾ ਕੇ ਮੁੱਕਦਾ ਜਾਪਦਾ ਹੈ, ਜਿਥੋਂ ਅੱਗੇ ਪੱਥਰ ਦੀ ਕੰਧ ਸ਼ੁਰੂ ਹੁੰਦੀ ਹੈ, ਜਿਸ ਨੂੰ ਨਾ ਛਾਲ ਮਾਰ ਕੇ ਟੱਪਿਆ ਜਾ ਸਕਦਾ ਹੈ, ਨਾ ਢਾਹਿਆ ਜਾ ਸਕਦਾ ਹੈ (ਆਪਣਾ ਮੱਥਾ ਹੀ ਲਹੂ-ਲੁਹਾਣ ਕੀਤਾ ਜਾ ਸਕਦਾ ਹੈ)।
ਪਰ ਨਿਰਾਸ਼ਾ ਕਦੇ ਵੀ ਕਿਸੇ ਸੰਕਟ ਦਾ ਹੱਲ ਨਹੀਂ ਹੁੰਦੀ। ਦੇਸ਼ ਦੀਆਂ ਸੰਕਟ ਬਣ ਚੁੱਕੀਆਂ ਸਮੱਸਿਆਵਾਂ ਦੇ ਹੱਲ ਦੀ ਜੇ ਕੋਈ ਆਸ ਸੰਭਵ ਹੈ ਤਾਂ ਉਹ ਨੌਜਵਾਨਾਂ ਵੱਲੋਂ ਸੋਚ-ਸਮਝ ਕੇ ਅਤੇ ਸੰਗਠਿਤ ਹੋ ਕੇ ਵੱਡੀਆਂ ਤੇ ਮੂਲ ਤਬਦੀਲੀਆਂ ਲਿਆਉਣ ਨਾਲ ਹੀ ਸੰਭਵ ਹੋ ਸਕਦਾ ਹੈ। ਪਰ ਨੌਜਵਾਨ ਜਾਂ ਤਾਂ ਨਸ਼ਿਆਂ ਦੇ ਡੁੰਮ੍ਹ ਵਿਚ ਗਰਕ ਰਹੇ ਹਨ ਜਾਂ ਇਸ 'ਰੋਮਾਂਸ' ਦਾ ਸ਼ਿਕਾਰ ਹੋ ਰਹੇ ਹਨ ਕਿ 'ਰਾਤੋ-ਰਾਤ ਹੇਠਲੀ ਉਤੇ' ਕਰ ਦਿਆਂਗੇ। ਇਹੋ ਦਸ਼ਾ ਬਿਲਕੁਲ 'ਅੰਨਾ ਹਜ਼ਾਰੇ ਕਮੇਟੀ' ਵਿਚ ਸ਼ਾਮਿਲ ਕੁਝ ਰਾਜਨੀਤੀ ਤੇ ਯਥਾਰਥ ਤੋਂ ਦੂਰ ਖੜੋਤੇ ਮੁੱਠੀ ਭਰ ਲੋਕਾਂ ਦੀ ਹੈ ਜੋ ਕਦੇ ਭੁੱਖ-ਹੜਤਾਲਾਂ 'ਤੇ ਬੈਠਦੇ ਹਨ ਤੇ ਫਿਰ ਰਾਜਨੀਤਕ ਪਾਰਟੀਆਂ ਬਣਾਉਣ ਬਾਰੇ ਸੁਪਨੇ ਲੈਣ ਲਗਦੇ ਹਨ। (ਪਰ ਇਹ ਨਹੀਂ ਸੋਚ ਸਕਦੇ ਕਿ ਦੇਸ਼ ਦੀਆਂ ਪਹਿਲਾਂ ਬਣੀਆਂ ਸੈਂਕੜੇ ਰਾਜਨੀਤਕ ਪਾਰਟੀਆਂ ਨੇ ਦੇਸ਼ ਦੀ ਕਿਹੜੀ ਸਮੱਸਿਆ ਹੱਲ ਕਰ ਲਈ ਜੋ ਤੁਸੀਂ ਕਰ ਦਿਓਗੇ।) ਦੇਸ਼ ਪੱਧਰ ਦੀਆਂ ਸਭ ਤੋਂ ਵੱਡੀਆਂ ਤੇ ਆਜ਼ਾਦੀ ਦੇ ਅੰਦੋਲਨਾਂ ਤੋਂ ਲੈ ਕੇ ਅੱਜ ਤੱਕ ਰਾਜਸੱਤਾ 'ਤੇ ਕਾਬਜ਼ (ਜਾਂ ਕਾਬਜ਼ ਰਹਿ ਚੁੱਕੀਆਂ) ਪਾਰਟੀਆਂ ਤਾਂ ਰੋਜ਼ ਉਲਝੀ ਤਾਣੀ ਨੂੰ ਹੋਰ ਉਲਝਾਈ ਜਾਂਦੀਆਂ ਹਨ, ਤੁਸੀਂ ਕੀ ਸੁਲਝਾ ਲਓਗੇ।
ਇਹੋ ਗੱਲ ਚਿੰਤਾ ਵਾਲੀ ਹੈ ਕਿ ਆਖਰ ਇਸ ਨਿਘਾਰ ਨੂੰ ਕਿਥੇ ਜਾ ਕੇ ਠੱਲ੍ਹ ਪਏਗੀ? ਕੀ ਉਦੋਂ ਇਹ ਮੋੜਾ ਪਏਗਾ ਜਦੋਂ 'ਅਤਿ ਦੀ ਵੀ ਅਤਿ' ਹੋ ਗਈ? (ਜੋ ਦੇਸ਼ ਦੀ ਬਹੁਤ ਵੱਡੀ ਬਦਨਸੀਬੀ ਹੋਏਗੀ।)
(ਰੋਜ਼ਾਨਾ ਅਜੀਤ ਚੋਂ ਧੰਨਵਾਦ ਸਹਿਤ)
Tuesday, February 28, 2012
ਹੰਸਾਂ ਨਾਲ ਟਟੀਹਰੀ ਕਿਉਂ ਪਹੁਚੇ ਦੌੜੀ!-ਗੁਰਦਿਆਲ ਸਿੰਘ
ਜਿਸ ਭਾਰਤੀ ਸੱਭਿਅਤਾ ਦਾ ਅਸੀਂ ਮਾਣ ਕਰਦੇ ਹਾਂ, ਉਹ ਲਗਪਗ ਅੱਠ ਸਦੀਆਂ ਤੋਂ, ਬਾਹਰੋਂ ਆਏ ਧਾੜਵੀਆਂ ਤੇ ਅੰਗਰੇਜ਼ਾਂ ਦੇ ਪ੍ਰਭਾਵਾਂ ਅਧੀਨ ਰਹੀ ਹੈ ਤੇ ਅਸੀਂ ਉਨ੍ਹਾਂ ਦੀ ਅਧੀਨਗੀ ਵੀ ਕਬੂਲਦੇ ਰਹੇ ਹਾਂ। ਬਾਹਰੋਂ ਆਏ ਧਾੜਵੀਆਂ ਵਿੱਚੋਂ ਮੁਗ਼ਲਾਂ ਦਾ ਪ੍ਰਭਾਵ, ਸਭ ਤੋਂ ਵਧੇਰੇ ਕਬੂਲਿਆ ਹੈ, ਕਿਉਂਕਿ ਉਨ੍ਹਾਂ ਦਾ ਰਾਜ-ਕਾਲ ਤਿੰਨ ਸਦੀਆਂ ਤੱਕ ਕਾਇਮ ਰਿਹਾ। ਇਕ ਨਿੱਜੀ ਮਿਸਾਲ ਵੀ ਇੱਥੇ ਕੁਥਾਂ ਨਹੀਂ ਹੋਵੇਗੀ। ਜਦੋਂ ਤਾਜਿਕਸਤਾਨ ਤੇ ਉਜ਼ਬੇਕਿਸਤਾਨ ਦੀਆਂ ਰਾਜਧਾਨੀਆਂ ਤਾਸ਼ਕੰਦ ਤੇ ਸਮਰਕੰਦ ਜਾਣ ਦਾ ਮੌਕਾ ਮਿਲਿਆ ਤਾਂ ਉੱਥੋਂ ਦੇ ਬੰਦਿਆਂ ਦੀਆਂ ਪੱਗਾਂ, ਔਰਤਾਂ ਦੀਆਂ ਕੁੜਤੀ-ਸਲਵਾਰਾਂ ਤੇ ਚੁੰਨੀਆਂ ਦੇਖ ਕੇ ਜਾਪਿਆ ਸੀ ਜਿਵੇਂ ਪੰਜਾਬ ਦੇ ਕਿਸੇ ਪਿੰਡ ਫਿਰਦੇ ਹੋਈਏ। ਮਕਾਨ ਅੰਦਰੋਂ ਬਹੁਤ ਸਾਫ਼-ਸੁਥਰੇ ਤੇ ਰੱਜੇ-ਪੁੱਜੇ ਲੋਕਾਂ ਵਰਗੇ ਸਨ—ਟੀ.ਵੀ. ਟੈਲੀਫੋਨ, ਗਲੀਚੇ, ਸੋਫ਼ੇ—ਸਭ ਕੁਝ ਸੀ, ਪਰ ਬਾਹਰੋਂ ਕੱਚੀਆਂ ਕੰਧਾਂ, ਸਾਡੇ ਪਿੰਡਾਂ ਵਾਂਗ ਮਿੱਟੀ ਨਾਲ ਲਿੱਪੀਆਂ ਹੋਈਆਂ ਸਨ। (ਮੁਗ਼ਲਾਂ ਦੇ ਵਡੇਰੇ ਇਨ੍ਹਾਂ ਹੀ ਇਲਾਕਿਆਂ ਦੇ ਸਨ।)
ਗਿਆਰ੍ਹਵੀਂ-ਬਾਰ੍ਹਵੀਂ ਸਦੀ ਤੋਂ ਆਏ ਸਾਰੇ ਧਾੜਵੀ ਦੱਰਾ-ਖ਼ੈਬਰ ਰਸਤੇ ਆਉਣ ਕਾਰਨ ਪਹਿਲਾਂ ਪੰਜਾਬ ਉੱਤੇ ਧਾਵਾ ਬੋਲਦੇ ਸਨ। ਉਨ੍ਹਾਂ ਦੇ ਪਹਿਰਾਵੇ, ਬੋਲ-ਚਾਲ ਤੇ ਰਹਿਣ-ਸਹਿਣ ਦਾ ਪ੍ਰਭਾਵ ਪੈਣਾ ਸੁਭਾਵਿਕ ਸੀ। ਮੁਗ਼ਲਾਂ ਦੇ ਰਾਜ ਸਮੇਂ ਪੰਜਾਬੀ ਭਾਸ਼ਾ ’ਤੇ ਜੋ ਪ੍ਰਭਾਵ ਪਿਆ, ਉਹ ਇਸ ਦਾ ਪ੍ਰਤੱਖ ਸਬੂਤ ਹੈ। ਵਿਸ਼ੇਸ਼ ਤੌਰ ’ਤੇ ਪੰਜਾਬੀਆਂ ਨਾਲ ਰਾਬਤਾ ਕਾਇਮ ਕਰਨ ਲਈ ਉਨ੍ਹਾਂ ਨੇ ਜੁੱਟ-ਸ਼ਬਦ ਵਰਤਣੇ ਸ਼ੁਰੂ ਕੀਤੇ। ਮਿਸਾਲ ਵਜੋਂ: ਚਿੱਟਾ-ਸਫ਼ੈਦ, ਕਾਲ਼ਾ-ਸਿਆਹ, ਪੀਲ਼ਾ-ਜ਼ਰਦ, ਲਾਲ-ਸੁਰਖ਼ ਆਦਿ। ਇਨ੍ਹਾਂ ਵਿੱਚ ਪਹਿਲਾ ਸ਼ਬਦ ਪੰਜਾਬੀ ਹੈ ਤੇ ਦੂਸਰਾ ਫਾਰਸੀ। ਹੌਲ਼ੀ-ਹੌਲ਼ੀ ਇਨ੍ਹਾਂ ਸ਼ਬਦਾਂ ਦੇ ਅਰਥ ਵੀ ਬਦਲ ਗਏ ਤੇ ਪੰਜਾਬੀ ਭਾਸ਼ਾ ਦਾ ਮੁਹਾਵਰਾ ਵੀ। ਹੁਣ ਨਿਰੇ ਚਿੱਟੇ ਦੇ ਅਰਥ ਹੋਰ ਹਨ ਤੇ ਚਿੱਟੇ-ਸਫ਼ੈਦ ਦੇ ਹੋਰ। ਸਿਰਫ਼ ਲਾਲ ਦੇ ਅਰਥ ਸਾਧਾਰਨ ਲਾਲ ਰੰਗ ਹਨ, ਪਰ ਲਾਲ-ਸੁਰਖ਼ ਦੇ ਅਰਥ ਬਹੁਤ ਗੂੜ੍ਹਾ ਲਾਲ ਹਨ।
ਇਸ ਤੋਂ ਅਗਾਂਹ ਅਜਿਹੇ ਜੁੱਟ-ਸ਼ਬਦਾਂ ਨੇ ਪੰਜਾਬੀ ਭਾਸ਼ਾ ਦਾ ਮੁਹਾਵਰਾ ਵੀ ਬਦਲਿਆ। ਅੱਜ ਵੀ ਪੰਜਾਬੀ (ਖ਼ਾਸ ਕਰਕੇ ਪੇਂਡੂ ਲੋਕ) ਪਾਣੀ-ਧਾਣੀ, ਰੋਟੀ-ਰਾਟੀ, ਦਾਲ਼-ਦੂਲ਼, ਥਾਲ਼ੀ-ਥੂਲ੍ਹੀ, ਕੌਲੀ-ਕੂਲੀ ਵਰਗੇ ਜੁੱਟ-ਸ਼ਬਦ ਆਮ ਵਰਤਦੇ ਹਨ, ਜਦੋਂਕਿ ਮਗਰਲਾ ਸ਼ਬਦ ਨਿਰਾਰਥਕ ਹੁੰਦਾ ਹੈ। ਇਹ ਸਥਾਨਕ ਲੋਕਾਂ ਨਾਲ ਰਾਬਤੇ ਲਈ ਵਰਤੇ ਜਾਣ ਵਾਲੇ ਜੁੱਟ-ਸ਼ਬਦ ਦਾ ਪ੍ਰਭਾਵ ਸੀ, ਜੋ ਭਾਸ਼ਾ ਦੇ ਮੁਹਾਵਰੇ ’ਚ ਬਦਲ ਗਿਆ।
ਮੁਗ਼ਲਾਂ ਦੇ ਰਾਜ ਦਾ ਖ਼ਾਤਮਾ ਅੰਗਰੇਜ਼ਾਂ ਦੇ ਆਉਣ ਨਾਲ ਹੋਇਆ। ਅੰਗਰੇਜ਼ਾਂ ਨੇ ਰਾਜ-ਪ੍ਰਬੰਧ ਲਈ ਅੰਗਰੇਜ਼ੀ ਵਰਤਣੀ ਸ਼ੁਰੂ ਕੀਤੀ ਤਾਂ ਸੁਭਾਵਿਕ ਹੀ, ਪੂਰੇ ਦੇਸ਼ ਅੰਦਰ ਅੰਗਰੇਜ਼ੀ ਦੇ ਸ਼ਬਦ ਪ੍ਰਚੱਲਤ ਹੋ ਗਏ। ਮਿਸਾਲ ਵਜੋਂ ਰੇਲ (ਗੱਡੀ) ਕਾਰ, ਕਲੱਚ, ਬਰੇਕ, ਹੈਟ, ਬੂਟ, ਸਿਗਨਲ (ਸਿੰਗਲ) ਤੇ ਅਜਿਹੇ ਹੋਰ ਸ਼ਬਦ ਸੁਭਾਵਿਕ ਹੀ ਪੰਜਾਬੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਾ ਪਹਿਰਾਵਾ, ਰਾਜ-ਪ੍ਰਬੰਧ ਤੇ ਰਹਿਣ-ਸਹਿਣ ਦਾ ਪ੍ਰਭਾਵ ਵੀ ਅਸੀਂ ਕਬੂਲਿਆ। ਸਭ ਤੋਂ ਵਧੇਰੇ ਪ੍ਰਭਾਵ ਵਿਦਿਅਕ ਖੇਤਰ ਵਿੱਚ ਪਿਆ। ਸਕੂਲ, ਕਾਲਜ, ਯੂਨੀਵਰਸਿਟੀਆਂ ਅੰਗਰੇਜ਼ਾਂ ਨੇ ਸਥਾਪਤ ਕੀਤੀਆਂ। ਇਨ੍ਹਾਂ ਵਿੱਚ ਕਿਹੜੇ ਵਿਸ਼ੇ ਕਿਵੇਂ ਪੜ੍ਹਾਏ ਜਾਣ ਤੇ ਫੇਰ ਪੜ੍ਹਿਆਂ-ਲਿਖਿਆਂ ਤੋਂ, ਰਾਜ-ਪ੍ਰਬੰਧ ਕਾਇਮ ਰੱਖਣ ਤੇ ਉਹਨੂੰ ਪੱਕੇ-ਪੈਰੀਂ ਕਰਨ ਲਈ, ਜਿਹੋ-ਜਿਹੇ ਵਿਦਿਅਕ-ਢਾਂਚੇ ਦੀ ਅੰਗਰੇਜ਼ਾਂ ਨੂੰ ਲੋੜ ਸੀ, ਉਨ੍ਹਾਂ ਨੇ ਉਸੇ ਨੂੰ ਵਿਕਸਤ ਕੀਤਾ। (ਸਾਡੀ ਗ਼ੁਲਾਮ ਮਾਨਸਿਕਤਾ ਇਸ ਹੱਦ ਤੱਕ ਜਾ ਪਹੁੰਚੀ ਕਿ ਬਰਤਾਨੀਆ ਵਿੱਚ ਪੜ੍ਹ ਕੇ ਆਇਆਂ ਨੂੰ ‘ਇੰਗਲੈਂਡ-ਰਿਟਰਨਡ ਕਿਹਾ ਜਾਂਦਾ ਸੀ ਤੇ ਅਜਿਹੇ ਬੰਦਿਆਂ ਨੂੰ ਸਭ ਤੋਂ ਵਧੇਰੇ ਮਾਣ-ਇੱਜ਼ਤ ਮਿਲਦੀ ਸੀ)।
ਭਾਰਤੀ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਜ਼ਿਹਨੀ ਗ਼ੁਲਾਮੀ ਹੀ ਨਹੀਂ, ਪੂਰੇ ਸਮਾਜ ਲਈ ਵਿਕਾਸ-ਢੰਗ ਵੀ ਅੰਗਰੇਜ਼ਾਂ ਤੇ ਪੱਛਮੀ ਦੇਸ਼ਾਂ ਵਾਲੇ ਅਪਣਾਏ, ਜੋ ਪਹਿਲਾਂ ਅੰਗਰੇਜ਼ਾਂ ਰਾਹੀਂ ਸਾਡੇ ਤੱਕ ਪਹੁੰਚਦੇ ਰਹੇ, ਹੁਣ ਅਮਰੀਕਾ ਤੇ ਪੱਛਮੀ ਦੇਸ਼ਾਂ ਤੋਂ ਸਿੱਧੇ ਪਹੁੰਚ ਰਹੇ ਹਨ। ਦੇਸ਼ ਦੇ ਵਿਕਾਸ ਦੀਆਂ ਸਭ ਯੋਜਨਾਵਾਂ, ਪੱਛਮੀ (ਯੂਰਪੀਨ) ਦੇਸ਼ਾਂ ਦੇ ਅਰਥ-ਸ਼ਾਸਤਰੀਆਂ ਦੇ ਦੱਸੇ ਹੋਏ ਸਿਧਾਂਤਾਂ ਅਨੁਸਾਰ ਬਣਦੀਆਂ ਹਨ। ਇਨ੍ਹਾਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਲਈ ਵੀ ਉਹੋ ਢੰਗ ਵਰਤੇ ਜਾਂਦੇ ਹਨ, ਜੋ ਪੱਛਮ ਤੋਂ ਸਾਡੇ ਤੱਕ ਪਹੁੰਚਦੇ ਹਨ। ਆਧੁਨਿਕ ਵਿਕਾਸ ਲਈ ਸਿਰਫ਼ ਢੰਗ-ਤਰੀਕੇ ਹੀ ਪੱਛਮੀ ਦੇਸ਼ਾਂ ਵਾਲੇ ਨਹੀਂ ਵਰਤੇ ਜਾਂਦੇ, ਇਨ੍ਹਾਂ ਲਈ ਵਿਗਿਆਨਕ ਤੇ ਤਕਨਾਲੋਜੀ ਵੀ ਪੱਛਮੀ ਦੇਸ਼ਾਂ ਦੀ ਵਰਤੀ ਜਾਂਦੀ ਹੈ, ਕਿਉਂਕਿ ਉਹ ਵਿਕਸਿਤ ਹੀ ਉਨ੍ਹਾਂ ਨੇ ਕੀਤੀ ਹੈ।
ਆਧੁਨਿਕ ਯੁੱਗ ਦੇ ਵਿਕਾਸ ਦੇ ਸਭ ਢੰਗ-ਤਰੀਕੇ ਤੇ ਇਹਦੇ ਲਈ ਵਿਗਿਆਨ ਤੇ ਤਕਨਾਲੋਜੀ ਦੇ ਯੰਤਰ (ਮਸ਼ੀਨਾਂ) ਪੱਛਮੀ ਦੇਸ਼ਾਂ ਨੇ ਹੀ ਈਜਾਦ ਕੀਤੇ ਹਨ। ਆਮ ਮਸ਼ੀਨਾਂ ਤੋਂ ਲੈ ਕੇ ਹਵਾਈ ਜਹਾਜ਼ਾਂ, ਪੁਲਾੜ-ਵਿਮਾਨਾਂ ਤੇ ਸੁਪਰ ਕੰਪਿਊਟਰਾਂ ਤੱਕ ਦਾ ਵਿਕਾਸ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਕੀਤਾ ਹੈ। ਵਿਗਿਆਨ ਦੀਆਂ ਦੋ ਮੂਲ ਸ਼ਾਖ਼ਾਵਾਂ—ਭੌਤਿਕ ਤੇ ਰਸਾਇਣਕ ਵਿਗਿਆਨ ਦਾ ਸਮੁੱਚਾ ਵਿਕਾਸ ਪੱਛਮੀ ਵਿਗਿਆਨੀਆਂ ਨੇ ਕੀਤਾ ਹੈ। ਵਿਗਿਆਨ ਦੀਆਂ ਹੋਰ ਅਨੇਕ ਸ਼ਾਖ਼ਾਵਾਂ ਦਾ ਵਿਕਾਸ ਵੀ ਇਨ੍ਹਾਂ ਦੇਸ਼ਾਂ ਅੰਦਰ ਹੋਇਆ ਹੈ। ਪੌਣੇ ਦੋ ਕੁ ਸਾਲ ਪਹਿਲਾਂ ਹੀ ਅੰਗਰੇਜ਼ ਵਿਗਿਆਨੀ ਚਾਰਲਸ ਡਾਰਵਿਨ ਨੇ ਹੀ ਇਹ ਸਿੱਧ ਕੀਤਾ ਕਿ ਧਰਤੀ ’ਤੇ ਜੀਵ-ਜੰਤੂ ਕਿੰਜ ਪੈਦਾ ਹੋਏ ਤੇ ਆਦਮੀ ਵੀ, ਇਕ ਵਿਕਸਿਤ ਜਾਤੀ ਦੇ ਬਾਂਦਰ ਤੋਂ ਹੀ ਅੱਜ ਦੀ ਦਸ਼ਾ ਤੱਕ ਪਹੁੰਚਿਆ ਹੈ। ਅੱਜ ਇਹ ਸੱਚਾਈ ਸਾਰਾ ਸੰਸਾਰ ਪ੍ਰਵਾਨ ਕਰ ਚੁੱਕਿਆ ਹੈ, ਜਿਸ ਦਾ ਦੋ ਸਦੀਆਂ ਪਹਿਲਾਂ ਕਿਸੇ ਨੂੰ ਵੀ ਪਤਾ ਨਹੀਂ ਸੀ-ਨਾ ਕੋਈ ਮੰਨਣ ਨੂੰ ਤਿਆਰ ਸੀ (ਧਾਰਮਿਕ ਪਾਦਰੀਆਂ ਨੇ ਤਾਂ ਕਾਪਰਨੀਕਸ ਵਾਂਗ ਡਾਰਵਿਨ ਨੂੰ ਵੀ ਘੇਰ ਲਿਆ ਸੀ ਕਿ ਉਹ ਬਾਈਬਲ ਦੇ ਉਲਟ ਬੋਲ ਰਿਹਾ ਹੈ।) ਅੱਜ ਸੰਸਾਰ ਦੇ ਵਿਦਿਅਕ ਅਦਾਰੇ ਡਾਰਵਿਨ ਦੇ ਸਿਧਾਂਤ ਨੂੰ ਸਕੂਲੀ ਵਿੱਦਿਆ ਤੋਂ ਵੀ ਆਰੰਭ ਕਰਦੇ ਹਨ।
ਸਾਡੀ ਗ਼ੁਲਾਮ ਮਾਨਸਿਕਤਾ ਦਾ ਪੈਦਾ ਕੀਤਾ ਹੀਣ-ਭਾਵ ਇਸ ਹੱਦ ਤੱਕ ਪਹੁੰਚ ਗਿਆ ਕਿ ਜੇ ਪੱਛਮੀ ਵਿਗਿਆਨ ਦਿਨ ਨੂੰ ਰਾਤ ਕਹੇ ਤਾਂ ਅਸੀਂ ਅੱਖਾਂ ਮੀਚ ਕੇ ਮੰਨ ਲਵਾਂਗੇ। ਇਹੋ ਕਾਰਨ ਹੈ ਕਿ ਸਾਡੇ ‘ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ‘ਨਿਰਮਾਤਾ’, ਆਪਣੇ ਦੇਸ਼ ਦੇ ਵਾਤਾਵਰਣ, ਆਬਾਦੀ, ਭੌਤਿਕ ਹਾਲਾਤ ਵੱਲੋਂ ਅੱਖਾਂ ਮੀਟ ਕੇ, ਦੇਸ਼ ਦੀ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਪੱਛਮੀ ਦੇਸ਼ਾਂ ਦੇ ਢੰਗ ਨਾਲ ਕਰਨਾ ਚਾਹੁੰਦੇ ਹਨ—ਜਦੋਂ ਕਿ ਸਾਡੀਆਂ ਸਮੱਸਿਆਵਾਂ, ਸਮਾਜਿਕ ਆਧਾਰ ਤੇ ਇਤਿਹਾਸ ਉਨ੍ਹਾਂ ਤੋਂ ਬਿਲਕੁਲ ਵੱਖਰਾ ਹੈ। ਇਸ ਵਖਰੇਵੇਂ ਨੂੰ ਸਮਝਣ ਲਈ ਹੇਠਲੀ ਮਿਸਾਲ ਦੇਣੀ ਠੀਕ ਹੋਵੇਗੀ।
ਬਰਤਾਨੀਆ ਦੀ ਰਾਜਧਾਨੀ ਲੰਡਨ, ਜਰਮਨੀ ਦੇ ਵੱਡੇ ਸ਼ਹਿਰ ਫਰੈਂਕਫਰਟ, ਰੂਸ ਦੀ ਰਾਜਧਾਨੀ ਮਾਸਕੋ ਤੇ ਦੂਜੇ ਵੱਡੇ ਸ਼ਹਿਰ ਲੈਨਿਨਗਰਾਡ (ਹੁਣ ਪੀਟਰਗਰਾਡ) ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਇਨ੍ਹਾਂ ਸਾਰੇ ਸ਼ਹਿਰਾਂ ਦੇ ਵਿਚਕਾਰ ਦੀ, ਸਾਡੇ ਦੇਸ਼ ਦੀਆਂ ਚਾਰ-ਚਾਰ, ਛੇ-ਛੇ ਨਹਿਰਾਂ ਜਿੰਨੇ ਚੌੜੇ ਦਰਿਆ ਵਗਦੇ ਦੇਖੇ। ਇਹ ਸਾਰੇ ਸਦੀਆਂ ਪਹਿਲਾਂ ਬਣਾਏ ਗਏ ਸਨ। ਪੀਟਰਗਰਾਡ ਵਿਚਕਾਰੋਂ ਲੰਘਦੇ ਦਰਿਆ ਉੱਤੇ ਵੀਹ ਤੋਂ ਵਧੇਰੇ ਅਜਿਹੇ ਪੁਲ਼ ਹਨ ਜੋ ਵਿਚਕਾਰੋਂ ਦੋਵਾਂ ਪਾਸਿਆਂ ਤੋਂ ਚੁੱਕੇ ਜਾਂਦੇ ਹਨ ਤੇ ਦਰਿਆ ਵਿੱਚੋਂ ਛੋਟੇ ਜਹਾਜ਼ ਲੰਘਦੇ ਹਨ। ਜਹਾਜ਼ ਲੰਘਣ ਮਗਰੋਂ ਪੁਲ਼ ਬੰਦ ਹੋ ਜਾਂਦੇ ਹਨ ਤੇ ਉਨ੍ਹਾਂ ਉੱਪਰੋਂ ਆਮ ਸੜਕਾਂ ਵਾਂਗ ਲੋਕ ਤੇ ਕਾਰਾਂ, ਬੱਸਾਂ ਲੰਘਦੀਆਂ ਹਨ (ਇਹ ਸ਼ਹਿਰ ਦਰਿਆ ਦੇ ਦੋਵੇਂ ਪਾਸੇ ਵੱਸਿਆ ਹੋਇਆ ਹੈ)। ਹੋਰ ਪੱਛਮੀ ਸ਼ਹਿਰ ਵੀ ਇੰਜ ਹੀ ਦਰਿਆਵਾਂ ਦੇ ਦੋਵੇਂ ਪਾਸੇ ਵਸੇ ਹੋਏ ਹਨ। ਇਨ੍ਹਾਂ ਦਰਿਆਵਾਂ ਦੇ ਸ਼ਹਿਰਾਂ ਵਿਚਕਾਰੋਂ ਲੰਘਣ ਦਾ ਕਾਰਨ ਇਹ ਹੈ ਕਿ ਪੱਛਮੀ ਦੇਸ਼ ਦੀ ਧਰਤੀ ਵਧੇਰੇ ਪਹਾੜੀ ਹੈ ਜਾਂ ਨੀਮ-ਪਥਰੀਲੀ। ਧਰਤੀ ਹੇਠਲਾ ਪਾਣੀ ਬਹੁਤ ਵਿਰਲਾ ਹੈ। ਸ਼ਹਿਰਾਂ ਨੂੰ ਪਾਣੀ ਇਨ੍ਹਾਂ ਦਰਿਆਵਾਂ ਤੋਂ ਹੀ ਮਿਲਦਾ ਹੈ। ਦਰਿਆਵਾਂ ਦੇ ਪੁਸਤੇ ਪੱਥਰਾਂ ਦੇ ਹੋਣ ਕਰਕੇ (ਤੇ ਸਖ਼ਤ ਮਸਾਲੇ ਨਾਲ ਜੋੜੇ ਹੋਏ ਹੋਣ ਕਾਰਨ) ਸਦੀਆਂ ਤੋਂ ਪੱਥਰ ਦੇ ਇਹ ਟੁਕੜੇ ਕਿੱਧਰੋਂ ਵੀ ਟੁੱਟੇ-ਭੱਜੇ ਨਹੀਂ, ਪਰ ਸਾਡੇ ਸੂਏ, ਖਾਲ਼ੇ ਪੱਕੇ ਕਰਨ ’ਤੇ ਕਰੋੜਾਂ ਦੇ ਖਰਚੇ ਹੋਣ ਦੇ ਬਾਵਜੂਦ ਦੋ-ਚਾਰ ਸਾਲਾਂ (ਕਈ, ਕੁਝ ਮਹੀਨਿਆਂ) ਵਿੱਚ ਹੀ ਖਿੱਲਰ ਗਏ। ਪੈਸਾ ਠੇਕੇਦਾਰ ਤੇ ਇਸ ਕੰਮ ’ਤੇ ਲੱਗੇ ਮਹਿਕਮਿਆਂ ਦੇ ਅਧਿਕਾਰੀ, ਕਰਮਚਾਰੀ ਹੀ ਖਾ ਗਏ। ਫਿਰ ਸਾਡਾ ਉਨ੍ਹਾਂ ਦਾ ਮੁਕਾਬਲਾ ਕੀ ਹੈ ਕਿ ਅਸੀਂ ਪੱਛਮੀ ਦੇਸ਼ਾਂ ਦੇ ਢੰਗ ਵਰਤ ਕੇ ਦੇਸ਼ ਦਾ ਵਿਕਾਸ ਕਰ ਸਕੀਏ?
ਸਾਡੇ ਸੁਭਾਅ ਤੇ ਮਾਨਸਿਕਤਾ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਮਿਸਾਲ ਵਜੋਂ ਦੂਜੀ ਸੰਸਾਰ-ਜੰਗ ਸਮੇਂ ਜਦੋਂ ਪੀਟਰਗਰਾਡ ’ਤੇ ਜਰਮਨਾਂ ਨੇ ਹਮਲਾ ਕੀਤਾ ਤਾਂ ਰਾਜੇ ਪੀਟਰ ਦੇ ਮਹਿਲ ਦਾ ਸਾਰਾ ਸਾਮਾਨ ਤੇ ਅਨੇਕਾਂ ਨਾਯਾਬ ਸੰਗਮਰਮਰ ਦੇ ਬੁੱਤ, ਫ਼ੌਜੀਆਂ ਤੇ ਲੋਕਾਂ ਨੇ ਸਿਰਫ਼ 24 ਘੰਟਿਆਂ ਵਿੱਚ ਅਜਿਹੀ ਥਾਂ ਲਿਜਾ ਕੇ ਲੁਕਾਅ ਦਿੱਤੇ ਕਿ ਜੰਗ ਖ਼ਤਮ ਹੋਣ ਮਗਰੋਂ ਸਾਰਾ ਮਹਿਲ ਤੇ ਉਹ ਬੁੱਤ ਪਹਿਲਾਂ ਵਾਂਗ ਹੀ ਸਥਾਪਤ ਕਰ ਦਿੱਤੇ ਗਏ। (ਪੀਟਰ ਵਿਗਿਆਨੀ ਤੇ ਕੁਝ ਤਰੱਕੀ-ਪਸੰਦ ਰਾਜਾ ਸੀ, ਇਸ ਲਈ ਲੋਕ ਉਹਦੀ ਕਦਰ ਵੀ ਕਰਦੇ ਸਨ।) ਜਰਮਨੀ ਨੇ ਜੰਗ ਵਿੱਚ ਦੋ ਕਰੋੜ ਰੂਸੀ ਮਾਰ ਦਿੱਤੇ ਸਨ, ਪਰ ਉਹੋ ਰੂਸੀ ਹਿਟਲਰ ਦੀ ਹਾਰ ਦਾ ਕਾਰਨ ਬਣੇ ਤੇ ਜਰਮਨੀ ਦੇ ਪੂਰਬੀ ਹਿੱਸੇ ’ਤੇ ਕਬਜ਼ਾ ਵੀ ਕਰ ਲਿਆ। ਬਰਲਿਨ ਸ਼ਹਿਰ ਵੀ ਅੱਧੇ ਰੂਸੀਆਂ ਦੇ ਕਬਜ਼ੇ ’ਚ ਆ ਗਿਆ।
ਕੀ ਅਸੀਂ ਕਿਸੇ ਪੱਖੋਂ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਜੋਗੇ ਹਾਂ? (ਅਸੀਂ ਤਾਂ ਆਜ਼ਾਦੀ ਤੋਂ ਬਾਅਦ ਬਿੱਲੀ ਦੇ ਪੰਜੇ ਜਿੰਨੇ ਦੇਸ਼ ਪੁਰਤਗਾਲ ਤੋਂ ਦੇਸ਼ ਦੇ ਛੋਟੇ ਜਿਹੇ ਹਿੱਸੇ ’ਤੇ ਵੀ ਮੁਸ਼ਕਲ ਨਾਲ ਕਬਜ਼ਾ ਕੀਤਾ ਸੀ।) ਪਰ ਇਸ ਦੇ ਬਾਵਜੂਦ ਪੂਰੇ ਦੇਸ਼ ਦੇ ਤਰ੍ਹਾਂ-ਤਰ੍ਹਾਂ ਦੇ ਵਿਕਾਸ ਦਾ, ਰਾਜ-ਪ੍ਰਬੰਧ ਦਾ, ਵਿੱਦਿਆ ਦੇ ਖੇਤਰ ਵਿੱਚ ਵੀ ਪੱਛਮ ਦੀ ਨਕਲ ਕਰਦੇ ਹਾਂ। 1968 ਤੋਂ ਪੰਜਾਬੀ ਨੂੰ ਰਾਜ-ਭਾਸ਼ਾ ਬਣਾਉਣ ਦਾ ਬਿੱਲ ਪਾਸ ਕਰਕੇ 2008 ਵਿੱਚ ਸੋਧਾਂ ਕਰਕੇ ਵੀ ਨਾ ਪੰਜਾਬੀ ਨੂੰ ਰਾਜ-ਭਾਸ਼ਾ ਬਣਾ ਸਕੇ ਹਾਂ ਨਾ ਅੰਗਰੇਜ਼ੀ ਤੋਂ ਪਿੱਛਾ ਛੁਡਾ ਸਕੇ ਹਾਂ। ਜੇ ਉਨ੍ਹਾਂ ਦੇਸ਼ਾਂ ਦੇ, ਕੁਝ ਸੌ (ਜਾਂ ਕੁਝ ਹਜ਼ਾਰ) ਅਰਬ-ਖਰਬਪਤੀਆਂ ਨੇ ਆਪੋ-ਆਪਣੇ ਦੇਸ਼ਾਂ ਦਾ ਵਿਕਾਸ ਕੀਤਾ ਤਾਂ ਅਸੀਂ ਵੀ ਸਿਰਫ਼ ਇਕ ਸੌ ਵੱਡੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਦੇਸ਼ ਦੀ ਸਮੁੱਚੀ ਜਾਇਦਾਦ ਦਾ ਚੌਥਾ ਹਿੱਸਾ ਹੜੱਪਣ ਦਾ ਢੰਗ ਅਪਣਾ ਲਿਆ, ਜਿਸ ਕਾਰਨ ਕਰੋੜਾਂ ਲੋਕ ਬੇਕਾਰੀ ਤੇ ਗ਼ਰੀਬੀ ਦਾ ਨਰਕ ਭੋਗਣ ਲਈ ਮਜਬੂਰ ਹਨ।
ਪੱਛਮ ਦੇ ਦੇਸ਼ਾਂ ਨੇ ਆਪਣੀ ਆਬਾਦੀ ਓਨੀ ਹੀ ਵਧਣ ਦਿੱਤੀ ਜਿੰਨੀ ਨੂੰ ਉਹ ਵਿਕਾਸ ਦੇ ਕੰਮਾਂ ’ਤੇ ਲਾ ਸਕਦੇ ਸਨ। (ਹਾਲਾਂਕਿ ਤਕਨਾਲੋਜੀ ਦੇ ਵਿਕਾਸ ਕਾਰਨ ਉਨ੍ਹਾਂ ਦਾ ਵੀ ਇਹ ਸਿਧਾਂਤ ਬੁਰੀ ਤਰ੍ਹਾਂ ਨਾਕਾਮ ਹੋ ਚੁੱਕਿਆ ਹੈ ਤੇ ਅਮਰੀਕਾ ਵਰਗੇ ਸਭ ਤੋਂ ਧਨਾਢ ਦੇਸ਼ ਅੰਦਰ ਬੇਕਾਰੀ ਨੇ ਰਾਜ-ਪ੍ਰਬੰਧ ਲਈ ਅਨੇਕਾਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।) ਪਰ ਅਸੀਂ 65 ਸਾਲਾਂ ਵਿੱਚ ਚਾਰ ਗੁਣਾਂ ਆਬਾਦੀ ਵਧਾ ਲਈ, ਜਿਸ ਵਿੱਚੋਂ ਅੱਧੇ ਲੋਕਾਂ ਨੂੰ ਨਾ ਕੋਈ ਕੰਮ ਦੇ ਸਕੇ ਹਾਂ ਤੇ ਨਾ ਦੋ ਡੰਗ ਦੀ ਰੋਟੀ ਤੇ ਸਿਰ ’ਤੇ ਫੂਸ ਦੀ ਛੱਤ ਮੁਹੱਈਆ ਕਰਾ ਸਕੇ ਹਾਂ। (ਲੋਕਾਂ ਨੂੰ ਮੂਰਖ਼ ਬਣਾਉਣ ਲਈ ਅੰਕੜੇ ਇਹ ਦੱਸੀ ਜਾਂਦੇ ਹਾਂ ਕਿ ਹਰੇਕ ਬੰਦੇ ਦੀ ਸਾਲਾਨਾ ਆਮਦਨ 53 ਹਜ਼ਾਰ ਹੋ ਗਈ ਹੈ, ਜੋ ਨਿਰਾ ਝੂਠ ਹੈ।)
ਆਖ਼ਰ ਇਹ ਅੰਨ੍ਹੀ ਦੌੜ ਸਾਡੇ ਰਾਜ ਸੱਤਾ ਹਥਿਆਉਣ ਵਾਲ਼ੇ ਵਰਗ ਕਦੋਂ ਤੱਕ ਜਾਰੀ ਰੱਖਣਗੇ? ਸਾਡੀ, ਪੱਛਮੀ ਦੇਸ਼ਾਂ ਦੀ ਰੀਸ ਉਹੋ ਜਿਹੀ ਹੈ, ਜੋ ਭਾਈ ਗੁਰਦਾਸ ਜੀ ਨੇ ਸਦੀਆਂ ਪਹਿਲਾਂ ਦੱਸੀ ਸੀ। ਉਨ੍ਹਾਂ ਕਿਹਾ ਸੀ:
ਹੰਸਾਂ ਨਾਲ ਟਟੀਹਰੀ ਕਿਉਂ ਪਹੁਚੇ ਦੌੜੀ।
ਸਾਡੀ ਗ਼ੁਲਾਮ ਮਾਨਸਿਕਤਾ ਕਿਵੇਂ ਵੀ ਖ਼ਤਮ ਨਹੀਂ ਹੋ ਰਹੀ। ਸਿੱਟਾ ਇਹ ਹੈ ਕਿ ਸਾਡੇ ਰਾਜ ਸੱਤਾ ’ਤੇ ਕਾਬਜ਼ ਵਰਗ (ਰਾਜਸੀ ਪਾਰਟੀਆਂ) ਜੇ 65 ਸਾਲ ਅੰਦਰ ਪੱਛਮੀ ਦੇਸ਼ਾਂ ਦੀ ਸਿੱਧੀ (ਅਸਿੱਧੀ) ਗ਼ੁਲਾਮੀ ਤੋਂ ਖਹਿੜਾ ਨਹੀਂ ਛੁਡਾ ਰਹੇ ਤਾਂ ਇਸ ਤੋਂ ਅਗਾਂਹ ਕੀ ਆਸ ਕਰਾਂਗੇ? ਅੱਗਾ ਤਾਂ ਨਿਰਾ ਅੰਧਕਾਰ ਦਿੱਸਦਾ ਹੈ। 121 ਕਰੋੜ ਦੀ ਆਬਾਦੀ ਭਿਆਨਕ ਹੱਦ ਤੱਕ ਜਿਵੇਂ ਵਧੀ ਜਾਂਦੀ ਹੈ, ਹੋਰ ਦਸ-ਪੰਦਰਾਂ ਸਾਲਾਂ ਨੂੰ ਦੇਸ਼ ਇੰਨੀ ਬੁਰੀ ਹਾਲਤ ਵਿੱਚ ਨਿੱਘਰ ਜਾਏਗਾ ਕਿ ਸਾਡੀਆਂ ਰਾਜ ਸੱਤਾ ਹਥਿਆਉਣ ਵਾਲ਼ੀਆਂ ਪਾਰਟੀਆਂ ਦੇ ਆਗੂਆਂ ਨੂੰ ਕਿੱਧਰੇ ਲੁਕਣ ਨੂੰ ਥਾਂ ਨਹੀਂ ਲੱਭਣੀ। (ਪਰ ਫਿਰ ਵੀ ਇਹ ਨਿੱਤ ਝੂਠ ਬੋਲੀ ਜਾਂਦੇ ਹਨ ਕਿ ਦੇਸ਼ ਸੰਸਾਰ ਦੀ ‘ਮਹਾਸ਼ਕਤੀ’ ਬਣ ਰਿਹਾ ਹੈ)।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
Monday, February 13, 2012
ਪੰਜਾਬੀ ਪ੍ਰਕਾਸ਼ਨ ਵਿਚ ਦੂਜਾ ਵਿਲੱਖਣ ਕਾਰਜ : ਗੁਰਦਿਆਲ ਸਿੰਘ ਰਚਨਾਵਲੀ
ਨਾਵਲਕਾਰ ਗੁਰਦਿਆਲ ਸਿੰਘ ਦੀ ਸਮੁੱਚੀ ਰਚਨਾਵਲੀ 10 ਜਿਲਦਾਂ ਵਿਚ ਲੋਕਗੀਤ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਭਾਵੇਂ ਅੰਗਰੇਜ਼ੀ ਅਤੇ ਹੋਰਨਾਂ ਭਾਰਤੀ ਤੇ ਬਦੇਸ਼ੀ ਜ਼ੁਬਾਨਾਂ ਵਿਚ ਆਪਣੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਦੇ 'ਕੁਲੈਕਟਡ ਵਰਕਸ' ਛਾਪਣ ਦਾ ਰਿਵਾਜ ਬੜਾ ਪੁਰਾਣਾ ਹੈ ਪਰ ਪੰਜਾਬੀ ਵਿਚ ਗੁਰਦਿਆਲ ਸਿੰਘ ਦੂਜੇ ਅਜਿਹੇ ਲੇਖਕ ਹਨ ਜਿਨ੍ਹਾਂ ਦੀਆਂ ਲਗਪਗ ਸਾਰੀਆਂ ਰਚਨਾਵਾਂ ਇਸ ਪ੍ਰਕਾਸ਼ਨ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬੀ ਦੇ ਮਹਾਨਤਮ ਨਾਵਲਕਾਰ ਨਾਨਕ ਸਿੰਘ ਜੀ ਦੀ ਸਮੁੱਚੀ ਰਚਨਾਵਲੀ ਹੀ ਛਪੀ ਹੈ। 'ਗੁਰਦਿਆਲ ਸਿੰਘ ਰਚਨਾਵਲੀ' ਵਿਚ 9 ਨਾਵਲ ('ਮੜ੍ਹੀ ਦਾ ਦੀਵਾ' ਤੋਂ 'ਆਹਣ' ਤੱਕ) ਸ਼ਾਮਲ ਹਨ, (ਬੱਚਿਆਂ ਲਈ ਇਕ ਨਾਵਲ 'ਪਹੁ-ਫ਼ੁਟਾਲੇ ਤੋਂ ਪਹਿਲਾਂ' ਇਸ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਿਆ ਕਿਉਂਕਿ ਇਹ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਸਵੀਂ ਦੇ ਕੋਰਸ ਵਿਚ ਪਾਠ-ਪੁਸਤਕ ਵੱਜੋਂ ਲੱਗਾ ਹੋਇਆ ਹੈ ਤੇ ਬੋਰਡ ਨੇ ਇਸ ਰਚਨਾਵਲੀ ਵਿਚ ਸ਼ਾਮਲ ਕਰਨ ਦੀ ਆਗਿਆ ਨਹੀਂ ਦਿੱਤੀ)। ਇਸੇ ਤਰ੍ਹਾਂ ਦੋ ਪੁਸਤਕਾਂ 'ਸਾਹਿਤ ਤੇ ਜੀਵਨ' ਅਤੇ 'ਲੇਖਕ ਦਾ ਅਨੁਭਵ ਅਤੇ ਸਿਰਜਣ ਪ੍ਰਕਿਰਿਆ' ਅਤੇ ਬੱਚਿਆਂ ਲਈ ਪੁਸਤਕਾਂ 'ਧਰਤ ਸੁਹਾਵੀ' ਅਤੇ 'ਮਹਾਂਭਾਰਤ' ਵੀ ਪੰਜਾਬੀ ਯੂਨੀਵਰਸਿਟੀ ਤੋਂ ਆਗਿਆ ਨਾ ਮਿਲਣ ਕਾਰਨ ਰਚਨਾਵਲੀ ਵਿਚ ਸ਼ਾਮਲ ਨਹੀਂ ਕੀਤੀਆਂ ਜਾ ਸਕੀਆਂ, 50 ਤੋਂ ਵਧੇਰੇ ਲੇਖ ਵੀ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਨਾ ਹੋਣ ਕਾਰਨ ਇਸ ਵਿਚ ਸ਼ਾਮਲ ਨਹੀਂ ਕੀਤੇ ਜਾ ਸਕੇ। ਨਾਵਲਾਂ ਤੋਂ ਇਲਾਵਾ ਗੁਰਦਿਆਲ ਸਿੰਘ ਦੇ 8 ਕਹਾਣੀ-ਸੰਗ੍ਰਿਹ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ 110 ਕਹਾਣੀਆਂ ਦਰਜ ਹਨ। ਬਾਲ ਸਾਹਿਤ ਦੀਆਂ 15 ਪੁਸਤਕਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 80 ਤੋਂ ਵੱਧ ਕਹਾਣੀਆਂ, ਨਾਟਕ ਅਤੇ ਲੇਖ ਸ਼ਾਮਲ ਹਨ। ਲੇਖਾਂ ਦੀਆਂ ਤਿੰਨ ਪੁਸਤਕਾਂ, ਜਿਨ੍ਹਾਂ ਵਿਚ 80 ਤੋਂ ਵੱਧ ਲੇਖ ਹਨ, ਵੀ ਸ਼ਾਮਲ ਕੀਤੀਆਂ ਗਈਆਂ ਹਨ। ਸਵੈ-ਜੀਵਨੀ ਦੇ ਭਾਗ 'ਨਿਆਣਮੱਤੀਆਂ' ਅਤੇ 'ਦੂਜੀ ਦੇਹੀ' ਦੋਵੇਂ ਇਸ ਵਿਚ ਸ਼ਾਮਲ ਹਨ।
'ਗੁਰਦਿਆਲ ਸਿੰਘ ਰਚਨਾਵਲੀ' ਦੀ ਇਕ ਵਿਲੱਖਣਤਾ ਇਹ ਹੈ ਕਿ ਇਸਦੇ ਹਰ ਭਾਗ ਵਿਚ ਪਾਠਕਾਂ ਦੀ ਜਾਣਕਾਰੀ ਲਈ ਦਸੇ ਭਾਗਾਂ ਦਾ ਵੇਰਵਾ ਦਿੱਤਾ ਗਿਆ ਹੈ ਕਿ ਕਿਹੜੇ ਭਾਗ ਵਿਚ ਕਿਹੜੀਆਂ ਰਚਨਾਵਾਂ ਦਰਜ ਹਨ। ਇਸਤੋਂ ਇਲਾਵਾ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਤੇ ਵਿਦੇਸ਼ੀ ਰਚਨਾਵਾਂ ਬਾਰੇ ਛਪੀਆਂ ਲਗਪਗ 20 ਪੁਸਤਕਾਂ, ਪੀਐਚ.ਡੀ. ਦੇ ਥੀਸਿਸਾਂ, ਪੁਰਸਕਾਰਾਂ ਅਤੇ ਪਦਵੀਆਂ ਦਾ ਵੇਰਵਾ ਵੀ ਦਰਜ ਕੀਤਾ ਗਿਆ ਹੈ। ਜੋ ਰਚਨਾਵਾਂ ਇਸ ਸੰਗ੍ਰਿਹ ਵਿਚ ਛਪਣੋਂ ਰਹਿ ਗਈਆਂ ਹਨ ਉਹ ਕੁਝ ਹੋਰ ਅਗਲੇ ਭਾਗਾਂ ਵਿਚ ਪ੍ਰਕਾਸ਼ਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬੀ ਭਾਸ਼ਾ ਲਈ ਇਕ ਹੋਰ ਮਾਣਯੋਗ ਗੱਲ ਇਹ ਕਿ ਇਹ ਪੂਰੀ ਰਚਨਾਵਲੀ 'ਆਧਾਰ ਪ੍ਰਕਾਸ਼ਨ, ਪੰਚਕੂਲਾ' ਵੱਲੋਂ ਹਿੰਦੀ ਵਿਚ ਵੀ ਛਾਪੀ ਜਾ ਰਹੀ ਹੈ ਜਿਹੜੀ ਫ਼ਰਵਰੀ 2012 ਦੇ ਪਹਿਲੇ ਹਫ਼ਤੇ ਦਿੱਲੀ ਦੇ ਵਿਸ਼ਵ ਪੁਸਤਕ-ਮੇਲੇ ਵਿਚ ਰੀਲੀਜ਼ ਕੀਤੀ ਜਾਵੇਗੀ। ਚੰਗਾ ਹੋਵੇ ਜੇ ਇਸ ਰਚਨਾਵਲੀ ਦੇ ਪ੍ਰਕਾਸ਼ਕ 1975 ਵਿਚ ਛਪੇ 'ਗੁਰਦਿਆਲ ਸਿੰਘ ਅਭਿਨੰਦਨ ਗ੍ਰੰਥ' ਨੂੰ ਵੀ ਇਕ ਪੂਰੇ ਭਾਗ ਵੱਜੋਂ ਇਸ ਵਿਚ ਸ਼ਾਮਲ ਕਰਨ ਕਿਉਂਕਿ ਉਹ ਗ੍ਰੰਥ ਲੇਖਕ ਦੇ ਰਚਨਾਤਮਿਕ ਕਾਰਜ ਬਾਰੇ ਮਹੱਤਵਪੂਰਨ ਦਸਤਾਵੇਜ਼ ਹੈ ਅਤੇ ਇਸਦੇ ਨਾਲ ਹੀ ਗੁਰਦਿਆਲ ਸਿੰਘ ਬਾਰੇ ਲਿਖੀਆਂ ਗਈਆਂ ਆਲੋਚਨਾਤਮਿਕ ਪੁਸਤਕਾਂ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਜਿਸ ਨਾਲ ਇਸ ਰਚਨਾਵਲੀ ਦੇ ਚਾਰ ਹੋਰ ਭਾਗ ਬਣ ਸਕਦੇ ਹਨ।
-ਗੁਰਮੀਤ ਸਿੰਘ ਕੋਟਕਪੂਰਾ
(ਰੋਜ਼ਾਨਾ ਅਜੀਤ 'ਚੋਂ ਧੰਨਵਾਦ ਸਹਿਤ)
Tuesday, January 17, 2012
ਪੰਜਾਬੀਏ ਜ਼ਬਾਨੇ ਨੀ ਰਕਾਨੇ…/ ਗੁਰਦਿਆਲ ਸਿੰਘ
ਕਾਲਜ ਵਿਚ ਪੜ੍ਹਦੇ ਇਕ ਵਿਦਿਆਰਥੀ ਨੇ ਸਵਾਲ ਪੁੱਛਿਆ, ‘ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਸਮਰਿਧ ਬਣਾਉਣ ਲਈ ‘ਅਸੀਂ’ ਕੀ ਕਰ ਸਕਦੇ ਹਾਂ?’ ‘ਅਸੀਂ’ ਸ਼ਬਦ ਤੋਂ ਉਸ ਦਾ ਭਾਵ ਸੀ ‘ਵਿਦਿਆਰਥੀ’। ਪਰ ਇਹ ਸਵਾਲ ਵਿਦਿਆਰਥੀਆਂ ਤਕ ਹੀ ਸੀਮਤ ਨਹੀਂ, ਅਧਿਆਪਕ, ਪੜ੍ਹੇ-ਲਿਖੇ ਤੇ ਆਮ ਲੋਕਾਂ ਬਾਰੇ ਵੀ ਹੈ। (ਉਸ ਨੇ ਇਹ ਵੀ ਕਿਹਾ ਕਿ, ‘ਤੁਸੀਂ ਲੇਖਕ ਇਹਦੇ ਲਈ ਕੀ ਕਰ ਸਕਦੇ ਹੋ? ਜੇ ਕਰ ਸਕਦੇ ਹੋ ਤਾਂ ਕੀ ਕਰਦੇ ਹੋ?’)
ਮੁੱਖ ਸਵਾਲ ਇਹੋ ਹੈ ਕਿ ਭਾਰਤ ਦੀਆਂ ਹੋਰ ਭਾਸ਼ਾਵਾਂ (ਖਾਸ ਕਰਕੇ ਮਲਿਆਲਮ, ਬੰਗਾਲੀ) ਵਾਂਗ ਪੰਜਾਬੀ ਸਾਹਿਤ ਦੇ ਪਾਠਕ ਵਧੇਰੇ ਕਿਉਂ ਨਹੀਂ, ਜਿਸ ਕਾਰਨ ਸਾਹਿਤ ਦਾ ਮਹੱਤਵ ਵੱਧ ਸਕੇ?
ਇਸ ਦਾ ਮੁੱਖ ਕਾਰਨ ਇਤਿਹਾਸ ਵਿਚੋਂ ਲੱਭਿਆ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਹਿੰਦੂਆਂ ਦੇ ਧਾਰਮਿਕ ਗ੍ਰੰਥ (ਵਿਸ਼ੇਸ਼ ਕਰਕੇ ਵੇਦ, ਬ੍ਰਾਹਮਣ, ਉਪਨਿਸ਼ਦ) ਪੰਜਾਬ ਵਿਚ ਹੀ ਰਚੇ ਗਏ। ਸਮੁੱਚੇ ਤੌਰ ‘ਤੇ ਇਨ੍ਹਾਂ ਨੂੰ ‘ਸ਼ਰੁਤੀਆਂ’ ਵੀ ਕਿਹਾ ਜਾਂਦਾ ਹੈ ਜਿਸ ਦੇ ਅਰਥ, ‘ਸੁਣਿਆ ਹੋਇਆ’ (ਜਾਂ ਜ਼ਬਾਨੀ ਕੰਠ ਕੀਤਾ) ਹਨ। ਵਰਣ-ਆਸ਼ਰਮ ਅਨੁਸਾਰ ਪੜ੍ਹਨ-ਪੜ੍ਹਾਉਣ ਦਾ ਮੁੱਖ ਕਾਰਜ ਸਦੀਆਂ ਤੱਕ ਬ੍ਰਾਹਮਣਾਂ ਦਾ ਹੀ ਰਿਹਾ। ਇਹ ਲੋਕ, ਵਿੱਦਿਆ ਦੇ ‘ਪਾਤਰਾਂ’ (ਯੋਗ) ਵਿਦਿਆਰਥੀਆਂ ਨੂੰ ਹੀ ਪੜ੍ਹਾਉਂਦੇ ਸਨ: ਜੋ ਕਸ਼ਤ੍ਰੀ ਜਾਂ ਵੈਸ਼ ਜਾਤੀਆਂ ਦੇ ਹੀ ਹੁੰਦੇ ਸਨ ਤੇ ਉਹ ਵੀ ਇਕ ਦੋ ਫੀਸਦੀ। ਉੱਤਰ ਪ੍ਰਦੇਸ਼ ਵਿਚ ਵਿਸ਼ੇਸ਼ ਤੌਰ ‘ਤੇ ਬ੍ਰਾਹਮਣਾਂ ਦੀਆਂ ਅੱਜ ਵੀ ਚਾਰ ਸ਼੍ਰੇਣੀਆਂ ਹਨ। ਦੱਸਿਆ ਜਾਂਦਾ ਹੈ ਕਿ ਜਿਹੜੇ ਬ੍ਰਾਹਮਣ ਇਕ ਵੇਦ ਜ਼ਬਾਨੀ ਯਾਦ ਕਰਦੇ ਤੇ ਉਹਦੇ ਅਰਥ ਸਮਝਦੇ (ਤੇ ਸਮਝਾ ਸਕਦੇ) ਸਨ, ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ‘ਵੇਦੀ’ ਤੇ ਇਸੇ ਤਰ੍ਹਾਂ ਦੋ, ਤਿੰਨ ਜਾਂ ਚਾਰ ਵੇਦ ਕੰਠ ਕਰਨ ਵਾਲੇ (ਤੇ ਅਰਥ ਕਰਨ ਵਾਲੇ) ਬ੍ਰਾਹਮਣਾਂ ਦੀਆਂ ਹੁਣ ਤੱਕ ਦੀਆਂ ਪੀੜ੍ਹੀਆਂ ਨੂੰ ਦਵੇਦੀ, ਤ੍ਰਵੇਦੀ ਤੇ ਚਤੁਰਵੇਦੀ ਕਿਹਾ ਜਾਂਦਾ ਹੈ। ਅਜਿਹੇ ਹੋਰ ਵੀ ਪ੍ਰਮਾਣ ਮਿਲਦੇ ਹਨ ਕਿ ਆਰੀਏ ਲੰਮਾ ਸਮਾਂ ਪੰਜਾਬ (ਜਿਸ ਨੂੰ ਸਪਤਸਿੰਧੂ ਕਿਹਾ ਜਾਂਦਾ ਸੀ) ਵਿਚ ਹੀ ਰਹੇ, ਮਗਰੋਂ ਉਹ ਗੰਗਾ ਦੇ ਮੈਦਾਨਾਂ ਵੱਲ ਅੱਗੇ ਵਧੇ।
ਉਪਰਲੇ ਹਵਾਲੇ ਕਿੰਨੇ ਕੁ ਸਹੀ ਹਨ ਜਾਂ ਨਹੀਂ, ਪਰ ਇਹ ਸੱਚਾਈ ਅੱਜ ਵੀ ਪ੍ਰਮਾਣਤ ਹੈ ਕਿ ਪੰਜਾਬੀ ਲੋਕ ‘ਪੜ੍ਹਾਕੂ’ ਘੱਟ ਤੇ ਸਰੋਤੇ (ਸ਼੍ਰੋਤੇ) ਵਧੇਰੇ ਹਨ। 1940 ਦੇ ਆਸ-ਪਾਸ ਆਪਣੇ ਬਚਪਨ ਵਿਚ ਮੈਂ ਖੁਦ ਕਵੀਸ਼ਰਾਂ ਦੇ ਅਖਾੜੇ ਲਗਦੇ ਵੇਖੇ ਸਨ। ਕਵੀਸ਼ਰ ਛੰਦਬੱਧ ਕਵਿਤਾ ਵਿਚ, ਪੁਰਾਤਨ ਧਾਰਮਿਕ ਜਾਂ ਸਮਾਜਿਕ ਕਹਾਣੀਆਂ ਬਾਰੇ ਲਿਖੇ ਛੰਦ, ਜ਼ਬਾਨੀ, ਘੰਟਿਆਂਬੱਧੀ ਗਾ ਕੇ ਸੁਣਾਉਂਦੇ ਸਨ। ਸੈਂਕੜਿਆਂ ਦੀ ਗਿਣਤੀ ਵਿਚ ਲੋਕ ਬੈਠ ਕੇ ਸੁਣਦੇ ਤੇ ਆਨੰਦ ਮਾਣਦੇ ਸਨ। ਇਹ ਅਖਾੜੇ ਅਕਸਰ, ਆਮ ਮੇਲਿਆਂ ਵਿਚ ਲੱਗਦੇ ਸਨ। ਸਾਡੀ ਛੋਟੀ ਮੰਡੀ ਵਿਚ ਸਾਲ ਵਿਚ ਦੋ ਪਸ਼ੂ-ਮੇਲੇ ਲਗਦੇ ਸਨ (ਜਿਨ੍ਹਾਂ ਨੂੰ ਉਰਦੂ ਵਿਚ ‘ਮੇਲਾ-ਮਵੇਸ਼ੀਆਂ’ ਕਿਹਾ ਜਾਂਦਾ ਸੀ)। ਇਕ ਅੱਸੂ ਮਹੀਨੇ ਤੇ ਦੂਜਾ ਫੱਗਣ ਵਿਚ। ਇਨ੍ਹਾਂ ਵਿਚ ਸੈਂਕੜੇ ਲੋਕ ਹਰ ਤਰ੍ਹਾਂ ਦੇ ਪਸ਼ੂ ਵੇਚਣ ਤੇ ਖਰੀਦਣ ਆਉਂਦੇ ਸਨ। ਪੂਰਾ ਹਫਤਾ, ਸ਼ਾਮ ਵੇਲੇ, ਕਵੀਸ਼ਰਾਂ ਤੇ ਨਚਾਰਾਂ ਦੇ ਅਖਾੜੇ ਲੱਗਦੇ ਸਨ। (ਨਚਾਰ ਸੁੰਦਰ ਮਰਦ ਹੁੰਦੇ ਸਨ ਜਿਹੜੇ ਜ਼ਨਾਨੇ ਕੱਪੜੇ ਪਾ ਕੇ ਨੱਚਦੇ ਤੇ ਗਾਉਂਦੇ ਸਨ, ਪਰ ਇਨ੍ਹਾਂ ਦੇ ਗੀਤ ਆਦਿ ਆਮ ਤੌਰ ‘ਤੇ ਰੋਮਾਂਚਿਕ (ਅਸ਼ਲੀਲ) ਹੁੰਦੇ ਸਨ। ਲੋਕ ਘੰਟਿਆਂਬੱਧੀ ਗੋਲ ਘੇਰਿਆਂ ਵਿਚ ਮੂਹਰੇ ਬੈਠੇ ਤੇ ਮਗਰ ਖੜ੍ਹੇ ਰਹਿੰਦੇ ਤੇ ਖੜੋਤਿਆਂ ਤੋਂ ਪਿੱਛੇ, ਊਠਾਂ ‘ਤੇ ਚੜ੍ਹੇ ਦਰਜਨਾਂ ਸਰੋਤੇ ਵੀ ਹੁੰਦੇ ਸਨ। ਪਰ ਕਵੀਸ਼ਰੀ ਵਿਚ ਕੁਝ ਧਾਰਮਿਕ, ਨੈਤਿਕ ਤੇ ਸੰਸਾਰਕ ਵਰਤਾਰਿਆਂ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਵਧੇਰੇ ਹੁੰਦੇ। ਇਨ੍ਹਾਂ ਵਿਚ ਮਾਹੌਲ ਸ਼ਾਂਤ ਤੇ ਗੰਭੀਰ ਹੁੰਦਾ ਸੀ। ਪੂਰਨ ਭਗਤ, ਰੂਪ-ਬਸੰਤ ਤੇ ਨਲ-ਦਮਿਅੰਤੀ ਵਰਗੇ ਅਰਧ-ਧਾਰਮਿਕ ਤੇ ਨੈਤਿਕ ਕਿੱਸੇ ਗਾਏ ਜਾਂਦੇ ਸਨ।
ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀਆਂ ਵਿਚ ਸਰੋਤੇ ਹੋਣ ਦੀ ਰੁਚੀ ਵਧੇਰੇ ਹੈ। ਗੁਰਦਾਸ ਮਾਨ ਵਰਗੇ ਗਾਇਕਾਂ ਨੂੰ ਸੁਣਨ ਲਈ ਹਜ਼ਾਰਾਂ ਦਾ ਇਕੱਠ ਹੋ ਜਾਂਦਾ ਹੈ। ਅਨੇਕਾਂ ਗਾਇਕ ਰੁਮਾਂਚਿਕ ਅਰਧ-ਅਸ਼ਲੀਲ ਤੇ ਕੁਝ ਗੰਭੀਰ ਗੀਤ ਵੀ ਗਾਉਂਦੇ ਹਨ। ਪੰਜਾਬੀਆਂ ਦਾ ਅਜਿਹਾ ਰੁਝਾਨ ਹੁਣ ‘ਪੁਸਤਕ ਮੇਲਿਆਂ’ ਵਿਚ ਵੀ ਕਿਸੇ ਹੱਦ ਤਕ ਦੇਖਿਆ ਜਾ ਸਕਦਾ ਹੈ। ‘ਪੁਸਤਕ ਬਾਜ਼ਾਰ’ ਨਾਂ ਕਦੇ ਨਹੀਂ ਵਰਤਿਆ ਜਾਂਦਾ, ਸ਼ਬਦ ‘ਮੇਲਾ’ ਹੀ ਵਰਤਿਆ ਜਾਂਦਾ ਹੈ (ਪਿਛਲੇ ਦਿਨੀਂ ਇਕ ਪੁਸਤਕ ਮੇਲੇ ਵਿਚ ਇਕੱਠ ਕਰਨ ਲਈ ਹੀ ਗਾਇਕ ਸੱਦੇ ਗਏ ਸਨ।) ਜੇ ਕਿਸੇ ਵੱਡੇ ਸ਼ਹਿਰ ਵਿਚ ਪੜ੍ਹਨ-ਲਿਖਣ ਦੀ ਸਮੱਗਰੀ (ਸਟੇਸ਼ਨਰੀ) ਤੇ ਸਕੂਲ ਤੋਂ ਯੂਨੀਵਰਸਿਟੀ ਤਕ ਦੇ ਪਾਠ´ਮ ਦੀਆਂ ਪੁਸਤਕਾਂ ਦੀਆਂ ਸੌ ਦੁਕਾਨਾਂ ਹਨ ਤਾਂ ਨਿਰੋਲ ਸਾਹਿਤਕ ਪੁਸਤਕਾਂ ਦੀਆਂ ਦਸ ਤੋਂ ਵੱਧ ਦੁਕਾਨਾਂ ਕਿਧਰੇ ਨਹੀਂ ਹੁੰਦੀਆਂ।
ਇਹ ਸਭ ਪ੍ਰਮਾਣ, ਪੰਜਾਬੀਆਂ ਦੇ ਇਤਿਹਾਸਿਕ, ਸਮਾਜਿਕ, ਰਾਜਨੀਤਿਕ ਮਾਹੌਲ ਦੀ ਸੰਖੇਪ ਵਿਆਖਿਆ ਹੈ। ਪੰਜਾਬ ਦੇ ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਦੀ ਗਿਣਤੀ ਲੱਖਾਂ ਵਿਚ ਹੈ। ਸਕੂਲਾਂ ਤੇ ਅਕਸਰ ਕਾਲਜਾਂ ਦੀ ਪੜ੍ਹਾਈ ਦਾ ਮਾਧਿਅਮ ਪੰਜਾਬੀ ਹੈ। ਇਸੇ ਕਾਰਨ ਹਰ ਅਧਿਆਪਕ ਨੇ ਦਸਵੀਂ ਜਾਂ ਬਾਰ੍ਹਵੀਂ ਤੱਕ ਪੰਜਾਬੀ ਪੜ੍ਹੀ ਹੋਈ ਹੈ। ਜਿਸ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ, ਪੰਜਾਬੀ ਦਾ ਪਾਠ´ਮ ਤਿਆਰ ਕੀਤਾ ਸੀ (1971-74 ਵਿਚ) ਉਸ ਦੇ ਮੁਖੀ ਮਰਹੂਮ ਪ੍ਰੋ. ਪ੍ਰੀਤਮ ਸਿੰਘ ਸਨ (ਮੈਂ ਮੈਂਬਰ ਸਾਂ)। ਪ੍ਰੋ. ਪ੍ਰੀਤਮ ਸਿੰਘ ਦਾ ਮਤ ਸੀ ਕਿ ਦਸ ਸਾਲ ਤਕ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀ ਨੂੰ ਛੇਵੀਂ ਸ਼੍ਰੇਣੀ ਤਕ ਪੰਜਾਬੀ ਭਾਸ਼ਾ ਲਿਖਣ/ਪੜ੍ਹਨ ਦੀ ਮੁਹਾਰਤ ਹੋ ਜਾਣੀ ਚਾਹੀਦੀ ਹੈ। ਉਸ ਤੋਂ ਚਾਰ ਸਾਲ ਬਾਅਦ ਉਹਨੂੰ ਪੰਜਾਬੀ ਸਾਹਿਤ ਦੀ ਹਰ ਵਿਧਾ (ਕਵਿਤਾ, ਨਾਟਕ, ਕਹਾਣੀ, ਨਾਵਲ ਆਦਿ) ਦਾ ਗਿਆਨ ਹੋਣਾ ਲਾਜ਼ਮੀ ਹੈ। ਇਹ ਉਨ੍ਹਾਂ ਦਾ ਹੀ ਸੁਝਾਅ ਸੀ ਕਿ ਨੌਵੀਂ-ਦਸਵੀਂ ਵਿਚ ਨਾਵਲ ਵੀ ਸ਼ਾਮਲ ਹੋਣਾ ਚਾਹੀਦਾ ਹੈ। ਇਸੇ ਕਾਰਨ ਪਹਿਲਾਂ ਲੰਮਾ ਸਮਾਂ ਸੋਹਣ ਸਿੰਘ ਸੀਤਲ ਦੇ ਨਾਵਲ ‘ਤੂਤਾਂ ਵਾਲਾ ਖੂਹ’ ਨੂੰ ਸੰਖੇਪ ਕਰਕੇ ਪੜ੍ਹਾਇਆ ਜਾਂਦਾ ਰਿਹਾ, ਹੁਣ ਪੰਦਰਾਂ ਸਾਲ ਤੋਂ ਨਾਵਲ, ‘ਪਹੁ-ਫੁਟਾਲੇ ਤੋਂ ਪਹਿਲਾਂ’ ਪੜ੍ਹਾਇਆ ਜਾ ਰਿਹਾ ਹੈ (ਜੋ ਪ੍ਰੋ. ਪ੍ਰੀਤਮ ਸਿੰਘ ਹੋਰਾਂ ਵਿਸ਼ੇਸ਼ ਤੌਰ ‘ਤੇ ਮੈਥੋਂ ਨੌਵੀਂ-ਦਸਵੀਂ ਦੇ ਪਾਠ´ਮ ਲਈ ਲਿਖਵਾਇਆ ਸੀ)।
ਪਰ ਸਵਾਲ ਇਹ ਹੈ ਕਿ ਕੀ ਸਕੂਲ/ਕਾਲਜ ਅਧਿਆਪਕ ਖੁਦ ਪੰਜਾਬੀ ਸਾਹਿਤ ਪੜ੍ਹਦੇ ਹਨ? ਕੀ ਵਿਦਿਆਰਥੀਆਂ ਨੂੰ ਦਸ ਸਾਲ ਤਕ ਸਭ ਸਾਹਿਤ-ਵਿਧਾਵਾਂ ਦਾ ਗਿਆਨ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਉੱਤਮ (ਜਾਂ ਸਾਧਾਰਨ) ਸਾਹਿਤ ਪੜ੍ਹਨ ਦੀ ‘ਚੇਟਕ’ ਲੱਗ ਜਾਂਦੀ ਹੈ?
ਇਹਦਾ ਉੱਤਰ ਉਸ ਵਿਦਿਆਰਥੀ ਦੀ ਜ਼ਬਾਨੀ ਹੀ ਸੁਣ ਲਓ ਜਿਸ ਨੇ ਇਹ ਲੇਖ ਲਿਖਣ ਲਈ ਮਜਬੂਰ ਕੀਤਾ। ਉਹਦਾ ਇਕ ਸਵਾਲ ਇਹ ਵੀ ਸੀ ਕਿ, ‘ਪਹੁ-ਫੁਟਾਲੇ ਤੋਂ ਪਹਿਲਾਂ’ ਦੇ ਅਰਥ ਕੀ ਹਨ?’ ਮੈਂ ਪੁੱਛਿਆ, ‘ਤੇਰੇ ਅਧਿਆਪਕ ਨੇ ਨੌਵੀਂ-ਦਸਵੀਂ ਵਿਚ ਨਹੀਂ ਸੀ ਸਮਝਾਏ?’ ਉੱਤਰ ਸੀ, ‘ਜੀ ਅਸੀਂ ਕਈ ਵਾਰ ਪੁੱਛਦੇ ਸੀ, ਪਰ ਉਹ ਹਮੇਸ਼ਾ ਗੱਲ ਟਾਲ ਜਾਂਦੇ ਸਨ।’ (ਇਸ ਨਾਵਲ ਦਾ ਨਾਂ ਚਿੰਨ੍ਹਾਤਮਿਕ ਹੋਣ ਕਾਰਨ, ਬਹੁਗਿਣਤੀ ਸਕੂਲ-ਅਧਿਆਪਕਾਂ ਨੂੰ ਇਹਦੇ ਅਰਥ ਵੀ ਨਹੀਂ ਆਉਂਦੇ।)
ਇਹ ਵੀ ਤੱਥ ਮਹੱਤਵਪੂਰਨ ਹੈ ਕਿ ਉਸ ਨਾਵਲ ਦਾ ਪਹਿਲਾ ਸੰਸਕਰਣ ਤਿੰਨ ਲੱਖ ਛਪਿਆ। ਅਗਲੇ ਸਾਲ ਦੋ ਜਾਂ ਢਾਈ ਲੱਖ। ਤੇ ਦਸਾਂ ਕੁ ਸਾਲਾਂ ਅੰਦਰ, ਜੋ ਸੰਸਕਰਣ 2009 ਵਿਚ ਛਪਿਆ, ਉਹ ਸਿਰਫ ਪੰਜਾਹ ਹਜ਼ਾਰ ਹੈ (2010-11 ਵਿਚ ਤਾਂ ਸ਼ਾਇਦ ਛਪਿਆ ਵੀ ਨਹੀਂ, ਕਿਉਂਕਿ ਦੁਕਾਨਦਾਰਾਂ ਕੋਲ 2009 ਦਾ ਛਪਿਆ ਸੰਸਕਰਣ ਹੀ ਮਿਲਦਾ ਹੈ) ਨੌਵੀਂ-ਦਸਵੀਂ ਦੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲਾਂ ਵਿਚ ਜੇ ਬਹੁਤ ਵਧੀ ਨਹੀਂ ਤਾਂ ਤਿੰਨ ਲੱਖ ਤੋਂ ਘਟੀ ਵੀ ਨਹੀਂ। ਫੇਰ ਤਿੰਨ ਲੱਖ ਦੀ ਗਿਣਤੀ ਵਿਚ ਛਪਣ ਵਾਲਾ ਨਾਵਲ 50 ਹਜ਼ਾਰ ਤੱਕ ਕਿਉਂ ਪਹੁੰਚ ਗਿਆ?
ਕਾਰਨ ਬਹੁਤ ਸਪੱਸ਼ਟ ਹੈ। ਕੁਝ ਵਿਦਿਆਰਥੀ ਪਾਠ´ਮ ਦੀਆਂ ਪੁਰਾਣੀਆਂ ਕਿਤਾਬਾਂ ਖਰੀਦ ਲੈਂਦੇ ਹਨ। ਪਰ ਬਹੁਤਿਆਂ ਨੂੰ ਅਧਿਆਪਕ ਗਾਈਡਾਂ (ਕੁੰਜੀਆਂ) ਖਰੀਦਣ ਲਈ ਕਹਿ ਦਿੰਦੇ ਹਨ। ਗਾਈਡਾਂ ਵਿਚੋਂ ਇਮਤਿਹਾਨ ਦੀ ਤਿਆਰੀ ਸੌਖ ਨਾਲ ਹੋ ਜਾਂਦੀ ਹੈ। ਅਧਿਆਪਕਾਂ ਨੂੰ ਵੀ ਨਾਵਲ ਪੜ੍ਹਨ ਦੀ ਲੋੜ ਨਹੀਂ ਪੈਂਦੀ (ਨਾ ਹੀ ਉਨ੍ਹਾਂ ਵਿਚੋਂ ਬਹੁਗਿਣਤੀ ਨੂੰ ਸਾਹਿਤ ਪੜ੍ਹਨ ਵਿਚ ਕੋਈ ਦਿਲਚਸਪੀ ਹੈ)। ਵਿਦਿਆਰਥੀਆਂ ਤੇ ਅਧਿਆਪਕਾਂ ਦਾ ਟੀਚਾ ਇਕੋ ਹੁੰਦਾ ਹੈ ਕਿ ਕਿਸੇ ਵਿਸ਼ੇ ਵਿਚ ਵੱਧ ਤੋਂ ਵੱਧ ਅੰਕ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਮਤਿਹਾਨ ਦੇ ਪਰਚੇ ਬਣਾਉਣ ਵਾਲਿਆਂ ਨੇ ਵੀ ਅਕਸਰ ਪਾਠ´ਮ ਦੀਆਂ ਪੁਸਤਕਾਂ ਸ਼ਾਇਦ ਨਹੀਂ ਪੜ੍ਹੀਆਂ ਹੁੰਦੀਆਂ। (ਅਜਿਹੇ ਅਧਿਆਪਕ ਵੀ ਹੋ ਸਕਦੇ ਹਨ ਜਿਹੜੇ ਪੁਸਤਕ ਪੜ੍ਹੇ ਬਿਨਾਂ, ਪਿਛਲੇ ਕੁਝ ਸਾਲਾਂ ਵਿਚ, ਇਮਤਿਹਾਨਾਂ ਵਿਚ ਆਏ ਸਵਾਲਾਂ ਵਿਚ ਕੁਝ ਫੇਰਬਦਲ ਕਰਕੇ ਪਰਚੇ ਬਣਾਉਂਦੇ ਹੋਣ।) ਜੇ ਕਿਸੇ ਬੂਟੇ, ਰੁੱਖ ਦੀ ਜੜ੍ਹ ਹੀ ਨਹੀਂ ਤਾਂ ਉਹ ਕਦੋਂ ਕੁ ਤਕ ਫਲ-ਫੁਲ ਸਕੇਗਾ!
ਵੱਡਾ ਕਾਰਨ ਇਹ ਵੀ ਹੈ ਕਿ 90 ਫੀਸਦੀ ਅਧਿਆਪਕਾਂ ਦੇ ਘਰ, ਨਿੱਜੀ ਲਾਇਬਰੇਰੀ ਹੀ ਦੇਖਣ ਨੂੰ ਨਹੀਂ ਮਿਲਦੀ (ਪਾਠ´ਮ ਦੀਆਂ ਪੁਰਾਣੀਆਂ ਪੁਸਤਕਾਂ ਜ਼ਰੂਰ ਹੁੰਦੀਆਂ ਹਨ)। ਜੇ ਅਧਿਆਪਕ ਨੂੰ ਸਾਹਿਤ ਪੜ੍ਹਨ ਵਿਚ ਰੁਚੀ ਨਹੀਂ ਤਾਂ ਵਿਦਿਆਰਥੀਆਂ ਵਿਚ ਕਿੰਜ ਪੈਦਾ ਹੋ ਸਕਦੀ ਹੈ? ਅੱਜ ਵੀ ਪੰਜਾਬੀ ਪੜ੍ਹਨ ਦੀ ਰੁਚੀ ਬਹੁਤੀ ਅਖਬਾਰਾਂ ਤਕ ਸੀਮਤ ਹੈ। 1950 ਦੇ ਨੇੜੇ ਦੋ-ਚਾਰ ਪੰਜਾਬੀ ਅਖਬਾਰ, ਕੁੱਲ ਮਿਲਾ ਕੇ 50-60 ਹਜ਼ਾਰ ਵੀ ਨਹੀਂ ਸੀ ਛਪਦੇ। ਹੁਣ ਇਕ ਅੰਦਾਜ਼ੇ ਅਨੁਸਾਰ ਦਸ-ਬਾਰਾਂ ਲੱਖ ਛਪ ਰਹੇ ਹਨ। ਇਨ੍ਹਾਂ ਨੂੰ ਵੱਧ ਤੋਂ ਵੱਧ ਚਾਲੀ ਲੱਖ ਪਾਠਕ ਪੜ੍ਹਦੇ ਹੋਣਗੇ, ਪਰ ਪੰਜਾਬੀਆਂ ਦੀ ਆਬਾਦੀ ਤਿੰਨ ਕਰੋੜ ਹੋਣ ਵਾਲੀ ਹੈ। ਅੰਗਰੇਜ਼ੀ, ਹਿੰਦੀ ਅਖਬਾਰ ਮਿਲਾ ਕੇ 12-13 ਲੱਖ ਹੋ ਸਕਦੇ ਹਨ। (ਇਹ ਰੁਚੀ ਵੀ ਰਾਜਨੀਤੀ ਦੇ ਮਾਹੌਲ ਨੇ ਪੈਦਾ ਕੀਤੀ ਹੈ- ਪਾਠਕਾਂ ਦੀ ਨਿੱਜੀ ਰੁਚੀ ਨੇ ਨਹੀਂ, ਕਿਉਂਕਿ ਰਾਜਨੀਤੀ ਆਮ ਲੋਕਾਂ ਦੇ ਜੀਵਨ ਨੂੰ ਸਭ ਤੋਂ ਵਧ ਪ੍ਰਭਾਵਿਤ ਕਰਦੀ ਹੈ ਜਿਸ ਕਾਰਨ ਲੋਕ ਖਬਰਾਂ ਰਾਹੀਂ ਉਹਨੂੰ ਸਮਝਣਾ ਚਾਹੁੰਦੇ ਹਨ)।
ਹਰ ਪਾਸੇ ਪੰਜਾਬੀ ਦਾ ਇਹੋ ਹਾਲ ਹੈ। 1968 ਵਿਚ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਨੇ ਬਿਲ ਪਾਸ ਕਰਵਾ ਕੇ ਸਰਕਾਰੀ ਦਫਤਰਾਂ ਵਿਚ ਪੰਜਾਬੀ ਸਖਤੀ ਨਾਲ ਲਾਗੂ ਕਰਵਾਈ ਸੀ। 2008 ਵਿਚ (ਚਾਲੀ ਸਾਲ ਬਾਅਦ) ਉਹ ਬਿਲ ਕੁਝ ਸੋਧਾਂ ਨਾਲ ਪਾਸ ਕੀਤਾ ਗਿਆ ਹੈ। ਇਹਦੇ ਅਧੀਨ ਕੇਂਦਰੀ ਕਮੇਟੀ ਤੇ ਜ਼ਿਲ੍ਹਾ ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਪਰ ਨਤੀਜਾ ਇਹ ਹੈ ਕਿ ਤਿੰਨ ਸਾਲ ਤਕ ਜੇ ਬਿਲ ‘ਤੇ ਕੁਝ ਅਮਲ ਹੋਇਆ ਵੀ ਹੈ ਤਾਂ ਉਹ ਨਿਗੂਣਾ ਹੈ। ਅੰਗਰੇਜ਼ੀ ਪੜ੍ਹੇ-ਲਿਖੇ ਅੱਜ ਵੀ ਮਾਣ-ਇੱਜ਼ਤ ਦੇ ਅਧਿਕਾਰੀ ਤੇ ‘ਪੜ੍ਹੇ-ਲਿਖੇ’ ‘ਵਿਦਵਾਨ’ ਮੰਨੇ ਜਾਂਦੇ ਹਨ, ਪਰ ਪੰਜਾਬੀ ਦੇ ਪੀਐਚ.ਡੀ. ਵੀ ‘ਅਨਪੜ੍ਹਾਂ’ ਵਰਗੇ ਸਮਝੇ ਜਾਂਦੇ ਹਨ।
ਸ਼ੁਰੂ ਵਿਚ ਸਵਾਲ ਕਰਨ ਵਾਲੇ ਵਿਦਿਆਰਥੀ ਦੇ ਸਵਾਲਾਂ ਦੇ ਜਵਾਬ, ਸ਼ਾਇਦ ਕਿਸੇ ਕੋਲ ਨਹੀਂ। ਜੇ ਪੰਜਾਬੀ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ 170 ਸਾਲ ਬਾਅਦ ਤਕ ਵੀ ਪੰਜਾਬੀ ਸਾਹਿਤ ਪੜ੍ਹਨ ਵੱਲ ਰੁਚਿਤ ਨਹੀਂ ਹੋ ਸਕੇ ਤਾਂ ਕਾਰਨ ਸਾਡੀ ਮਾਨਸਿਕਤਾ, ਸਮਾਜਿਕ, ਰਾਜਸੀ ਹਾਲਾਤ ਤੇ ਮੂਲ ਰੂਪ ਵਿਚ ਸਾਡੀਆਂ ਵਿਦਿਅਕ ਨੀਤੀਆਂ ਹਨ। ਇਨ੍ਹਾਂ ਨੂੰ ਕੌਣ, ਕਿਵੇਂ ਬਦਲੇਗਾ? ਕੁਝ ਪਤਾ ਨਹੀਂ।
ਗੁਰਦਾਸ ਮਾਨ ਨੇ ਬਾਰਾਂ ਤੇਰਾਂ ਸਾਲ ਪਹਿਲਾਂ ਜਲੰਧਰ ਦੂਰਦਰਸ਼ਨ ਦੇ ਵੱਡੇ ਇਕੱਠ ਵਿਚ ਇਕ ਗੀਤ ਗਾਇਆ ਸੀ। ਉਸ ਇਕੱਠ ਵਿਚ ਤਤਕਾਲੀਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਅਰੁਣ ਜੇਤਲੀ (ਜੋ ਪੰਜਾਬੀ ਹਨ ਤੇ ਬੜੀ ਵਧੀਆ ਪੰਜਾਬੀ ਬੋਲਦੇ ਹਨ) ਤੇ ਸ਼ਾਇਦ ਸ੍ਰੀਮਤੀ ਸੁਸ਼ਮਾ ਸਵਰਾਜ ਵੀ ਹਾਜ਼ਰ ਸਨ। ਮਾਨ ਦਾ ਉਹੋ ਗੀਤ ਬਹੁਤ ਵਾਰੀ ਯਾਦ ਆਉਂਦਾ ਹੈ।
ਪੰਜਾਬੀਏ ਜ਼ਬਾਨੇ ਨੀਂ ਰਕਾਨੇ ਮੇਰੇ ਦੇਸ ਦੀਏ
ਕੀਹਨੇ ਤੇਰਾ ਲਾਹ ਲਿਆ ਸ਼ੰਗਾਰ!…
ਇਹ ਉਹ ਵੀ ਨਹੀਂ ਸੀ ਦੱਸ ਸਕਿਆ ਕਿ ਪੰਜਾਬੀਆਂ ਨੇ ਬਹੁਤਾ ਆਪ ਹੀ ਇਹਦਾ ਸ਼ਿੰਗਾਰ ਲਾਹਿਆ ਹੈ, ਬਿਗਾਨਿਆਂ ਨੇ ਘਟ ਲਾਹਿਆ ਹੈ। ਇਹਦੀ ਦਸ਼ਾ ਜੇ ਸਿਧੇ ਸ਼ਬਦਾਂ ਵਿਚ ਬਿਆਨ ਕੀਤੀ ਤਾਂ ਪਿਛਲੇ ਦਿਨੀਂ, ਪਟਿਆਲੇ ਤੋਂ ਛਪਦੇ ਰਸਾਲੇ ਵਿਚ ਛਪੇ ਇਕ ਲੇਖ ਵਿਚ, ਡਾ. ਹਰਕੇਸ਼ ਸਿੱਧੂ ਨੇ ਇਹ ਟੋਟਕਾ ਲਿਖ ਕੇ ਕੀਤੀ ਹੈ:
ਗਹਿਣਾ-ਗੱਟਾ ਮਾਪਿਆਂ ਲਾਹ ਲਿਆ
ਰੂਪ ਹੰਢਾ ਲਿਆ ਯਾਰਾਂ ਨੇ
ਕੁਝ ਮੈਂ ਲੁੱਟ ਲਈ ਪਿੰਡ ਦਿਆਂ ਲੋਕਾਂ
ਕੁਝ ਲੁੱਟ ਲਈ ਸਰਕਾਰਾਂ ਨੇ।
ਇਹ ਸ਼ਾਇਦ ਉਸ ਵਿਧਵਾ ਜਾਂ ਛੁਟੜ ਔਰਤ ਦੀ ਵਿਥਿਆ ਹੈ ਜਿਸ ਨੂੰ ਮਜਬੂਰਨ ਸਹੁਰਾ-ਘਰ ਛੱਡ ਕੇ, ਪੇਕੀਂ ਜੂਨ-ਗੁਜ਼ਾਰਾ ਕਰਨਾ ਪਿਆ ਹੋਵੇ। ਪਰ ਪੰਜਾਬੀ ਭਾਸ਼ਾ ਦੇ ਤਾਂ ‘ਸਹੁਰੇ’ ਵੀ ਕਿਧਰੇ ਨਜ਼ਰ ਨਹੀਂ ਆਉਂਦੇ ‘ਪੇਕੀਂ’ ਹੀ ਬੈਠੀ ਬੁੱਢੀ ਹੋ ਕੇ ਸਭ ਦੀ ‘ਭੂਆ’ ਬਣੀ ਹੋਈ ਹੈ ਜੋ ‘ਵਿਚਾਰੀ’ ਹੀ ਸਮਝੀ ਜਾਂਦੀ ਹੈ।
ਬਾਬਾ ਫਰੀਦ ਤੋਂ ਅੱਜ ਤੱਕ ਪੰਜਾਬੀ ਸਾਹਿਤ, ਸੰਸਾਰ ਤੇ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਤੋਂ ਜੇ ਬਹੁਤ ਸਮਰਿਧ ਨਹੀਂ ਤਾਂ ਬਹੁਤਾ ਊਣਾਂ ਵੀ ਨਹੀਂ। ਜੇ ਫੇਰ ਵੀ ਕੋਈ ਚੰਗੀ ਪੁਸਤਕ ਸਾਲ ਵਿਚ ਦੋ ਸੌ ਨਹੀਂ ਵਿਕਦੀ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ? ਸ਼ਾਇਦ, ਇਤਿਹਾਸ, ਪੰਜਾਬੀ ਸਮਾਜ, ਪੁਰਾਣੀਆਂ ਕਦਰਾਂ-ਕੀਮਤਾਂ ਤੋਂ ਪਹਿੜਾ ਨਾ ਛੁਡਾ ਸਕਣ ਵਾਲੇ ਲੋਕ ਤੇ ਅਸੀਂ ਲੇਖਕ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹਾਂ। ਕਿਉਂ ਹਾਂ- ਇਹ ਵਾਦ-ਵਿਵਾਦ ਦਾ ਵਿਸ਼ਾ ਹੈ ਜਿਸ ਲਈ ਏਥੇ ਕੁਝ ਕਹਿਣਾ ਯੋਗ ਨਹੀਂ (ਨਾ ਅਜਿਹੇ ਅਖਬਾਰੀ ਲੇਖਾਂ ਵਿਚ ਸੰਭਵ ਹੈ) ਪਰ ਨਿਸ਼ਚਿਤ ਤੌਰ ‘ਤੇ ਸਾਡੀਆਂ ਯੂਨੀਵਰਸਿਟੀਆਂ, ਭਾਸ਼ਾ ਵਿਭਾਗ ਤੇ ਅਕਾਦਮੀਆਂ ਨੂੰ ਇਸ ਸਮੱਸਿਆ ਬਾਰੇ ਗੰਭੀਰ ਵਿਚਾਰ-ਵਟਾਂਦਰੇ ਕਰਕੇ ਅਜਿਹਾ ਮਾਹੌਲ ਪੈਦਾ ਕਰਨਾ ਪਏਗਾ ਕਿ ਪੰਜਾਬੀ ਦਾ ਉੱਤਮ ਸਾਹਿਤ ਪੜ੍ਹਿਆ ਜਾਏ ਤੇ ਸਿਆਣੇ ਤੇ ਚੇਤਨ ਪਾਠਕਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਸਕੇ।
ਸਾਹਿਤ ਕਿਸੇ ਵੀ ਸਮਾਜ ਦੀ ਸਿਰਜਣਾ ਵਿਚ, ਅਚੇਤ, ਸੁਚੇਤ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਮਾਧਿਅਮ ਰਿਹਾ ਹੈ (ਤੇ ਹੈ)। ਵਿਦਵਾਨਾਂ ਦੇ ਸ਼ਬਦਾਂ ਵਿਚ ਜਦੋਂ ਤਕ ‘ਸ਼ਬਦ ਹੈ ਉਦੋਂ ਤਕ ਸਾਹਿਤ ਦੀ ਹੋਂਦ ਤੇ ਸਮਰੱਥਾ ਵੀ ਕਾਇਮ ਰਹੇਗੀ।’ (ਤੇ ਸ਼ਬਦ ਉਦੋਂ ਤਕ ਕਾਇਮ ਰਹੇਗਾ ਜਦੋਂ ਤੱਕ ਮਨੁੱਖੀ ਨਸਲ ਕਾਇਮ ਹੈ।)
ਮੋਬਾਈਲ: 93570-30434
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
Subscribe to:
Posts (Atom)