Saturday, November 19, 2011
ਆਰਥਿਕ ਨਾ-ਬਰਾਬਰੀ ਦੀ ਸਮੱਸਿਆ-ਗੁਰਦਿਆਲ ਸਿੰਘ
ਪਿਛਲੇ ਦਿਨੀਂ ਅਮਰੀਕਾ ਦੇ ਸਮਰਿਧ ਸ਼ਹਿਰ ਨਿਊਯਾਰਕ ਦੇ ਇਕ ਚੌਕ ਵਿੱਚ ਹਜ਼ਾਰਾਂ ਬੰਦਿਆਂ ਨੇ ਜੋ ਮੁਜ਼ਾਹਰਾ ਕੀਤਾ ਉਹ ਹੈਰਾਨੀਜਨਕ ਸੀ। ਉਨ੍ਹਾਂ ਨੇ ਬਹੁਤ ਵੱਡੇ ਕਾਲੇ ਕੱਪੜੇ ਉੱਤੇ ਸਿਰਫ ਦੋ ਸ਼ਬਦ, ਬਹੁਤ ਮੋਟੇ ਅੱਖਰਾਂ ਵਿੱਚ ਲਿਖੇ ਹੋਏ ਸਨ: ਕਲਾਸ ਵਾਰ (ਵਰਗ-ਯੁੱਧ)। ਉਹ ਜੋ ਨਾਹਰਾ ਲਾ ਰਹੇ ਸਨ, ਉਹ ਵੀ ਕੁਝ ਹੈਰਾਨ ਕਰਨ ਵਾਲਾ ਸੀ। ਉਹ ਸੀ:
ਬੈਂਕਾਂ ਨੂੰ ਦਿੱਤੀ ਖੁੱਲ੍ਹੀ ਛੁੱਟੀ,
ਸਾਨੂੰ ਉਨ੍ਹਾਂ ਕੋਲ ਵੇਚ ਦਿੱਤਾ।
ਉਹ ‘ਵਾਲ ਸਟਰੀਟ’ ਦੇ ਇਲਾਕੇ ਵਿੱਚੋਂ ਅੱਗੇ ਵਧਦੇ ਵਾਸ਼ਿੰਗਟਨ ਸਕੁਏਅਰ ਪਾਰਕ ਵੱਲੋਂ ਟਾਈਮਜ਼ ਸਕੁਏਅਰ ਜਾ ਪਹੁੰਚੇ ਜਿੱਥੇ ਉਨ੍ਹਾਂ ਨੇ ਘੰਟਿਆਂ-ਬੱਧੀ ਰੈਲੀ ਕੀਤੀ। ਪੁਲੀਸ ਨਾਲ ਝੜਪ ਵਿੱਚ ਦੋ ਸਿਪਾਹੀ ਜ਼ਖਮੀ ਹੋਏ ਤੇ 88 ਮੁਜ਼ਾਹਰਾਕਾਰੀਆਂ ’ਤੇ ਗੰਭੀਰ ਪਰਚੇ ਦਰਜ ਹੋਏ। ਇਨ੍ਹਾਂ ਲੋਕਾਂ ਨੇ ਆਪਣੇ ਮੁਜ਼ਾਹਰੇ ਜਾਰੀ ਰੱਖਣ ਦਾ ਵੀ ਫੈਸਲਾ ਕੀਤਾ।
ਉਧਰ ਇਟਲੀ ਵਿੱਚ ਵੀ ਅਜਿਹੇ ਮੁਜ਼ਾਹਰੇ ਹੋਏ ਜਿੱਥੇ ਹਜ਼ਾਰਾਂ ਲੋਕਾਂ ਨੇ ਬੈਂਕਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਭੰਨੇ, ਬੋਤਲਾਂ ਵਗਾਹੀਆਂ ਤੇ ਕਾਰਾਂ ਸਾੜ ਦਿੱਤੀਆਂ। ਪ੍ਰਧਾਨ ਮੰਤਰੀ ਸਿਲਵਿਓ ਬਰਲਿਓਸਕੋਨੀ ਨੇ ਕਿਹਾ ਕਿ, ‘ਅਸੀਂ ਸਾਰੇ ਸੰਸਾਰ ਅੱਗੇ ਸ਼ਰਮਸਾਰ ਹੋਏ ਹਾਂ।’
ਤੀਸਰੀ ਖ਼ਬਰ ਇਹ ਸੀ ਕਿ ਲੰਡਨ ਦੇ ਐਨ ਵਿਚਕਾਰ ਹਜ਼ਾਰਾਂ ਮੁਜ਼ਾਹਰਾਕਾਰੀ, ਲੰਡਨ ਸਟਾਕ ਐਕਸਚੇਂਜ ਨੇੜੇ ਪਹੁੰਚ ਕੇ ਨਾਹਰੇ ਲਾਉਂਦੇ ਰਹੇ, ਪਰ ਪੁਲੀਸ ਦੇ ਬੰਦੋਬਸਤ ਕਾਰਨ ਹੋਈਆਂ ਝੜਪਾਂ ਕਾਰਨ, ਸੇਂਟ ਪਾਲ ਕੈਥਾਡਰਿਲ ਵੱਲ ਜਾ ਕੇ ਢਾਈ ਸੌ ਮੁਜ਼ਾਹਰਾਕਾਰੀਆਂ ਨੇ, ਵਿਸ਼ਵ-ਵਿਆਪੀ ਆਰਥਿਕ ਸੰਕਟ ਦੇ ਵਿਰੋਧ ਵਿੱਚ, ਬੈਂਕਰਾਂ ਤੇ ਸਿਆਸਤਦਾਨਾਂ ਦੇ ਵਿਰੁੱਧ ਆਪਣਾ ਗੁੱਸਾ ਪ੍ਰਗਟ ਕਰਨ ਲਈ, ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ।
ਮਿਸਰ ਤੇ ਅਰਬ ਦੇਸ਼ਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਹਾਕਮ ਤੇ ਹਾਕਮ-ਪੱਖੀ ਟੋਲਿਆਂ ਦੇ ਵਿਰੁੱਧ ਲੋਕ ਲਗਾਤਾਰ ਮੁਜ਼ਾਹਰਿਆਂ ਤੋਂ ਵੀ ਅੱਗੇ ਮਰਨ-ਮਾਰਨ ਲਈ ਲੜਦੇ ਆ ਰਹੇ ਹਨ, ਉਹ ਖ਼ਬਰਾਂ ਤਾਂ ਰੋਜ਼ ਛਪ ਰਹੀਆਂ ਹਨ। ਕਰਨਲ ਗੱਦਾਫੀ ਵਰਗੇ 42 ਸਾਲ ਰਾਜ ਉੱਤੇ ਕਾਬਜ਼ ਰਹਿਣ ਵਾਲੇ ਡਿਕਟੇਟਰ ਨੂੰ ਵੀ ਮਾਰ ਕੇ ਉੱਥੋਂ ਦੇ ‘ਬਾਗੀ’ ਕਹੇ ਜਾਂਦੇ ਲੋਕਾਂ ਨੇ ਲਿਬੀਆ ’ਤੇ ਕਬਜ਼ਾ ਕਰ ਲਿਆ। ਅਨੇਕ ਹੋਰ ਮੁਲਕਾਂ ਵਿੱਚ, ਅਚੇਤ ਜਾਂ ਸੁਚੇਤ, ਲੋਕ ਹਕੂਮਤਾਂ ਵਿਰੁੱਧ ਬਗਾਵਤਾਂ ਕਰ ਰਹੇ ਹਨ। ਇਹਨੂੰ ‘ਵਿਸ਼ਵ-ਵਿਆਪੀ ਹਲਚਲ’ ਦਾ ਨਾਂ ਵੀ ਦਿੱਤਾ ਜਾ ਰਿਹਾ ਹੈ। ਇਸਦੇ ਬਾਵਜੂਦ ਅਮਰੀਕਾ ਵਰਗੇ, ਸੰਸਾਰ ਦੇ ਸਭ ਤੋਂ ਸਮਰਿਧ ਦੇਸ਼ ਵਿੱਚ ਜੋ ਹਲਚਲ ਪੈਦਾ ਹੋ ਰਹੀ ਹੈ, ਉਹ ਸਾਧਾਰਨ ਨਹੀਂ। ਇਸ ਦੇ ਜੋ ਕਾਰਨ, ਅਮਰੀਕਨ ਅਰਥਸ਼ਾਸਤਰੀ ਦੱਸ ਰਹੇ ਹਨ, ਉਹ ਵੀ ਹੈਰਾਨ ਕਰਨ ਵਾਲੇ ਹਨ। ਸਭ ਤੋਂ ਵੱਡਾ ਕਾਰਨ, ਸਮੁੱਚੇ ਤੌਰ ’ਤੇ ਲੋਕਾਂ ਦੀ ਆਰਥਿਕ ਨਾ-ਬਰਾਬਰੀ ਦੱਸਿਆ ਜਾ ਰਿਹਾ ਹੈ।
ਇਕ ਖ਼ਬਰ ਇਹ ਹੈ ਕਿ ਅਮਰੀਕਾ ਦੀ ਗੁਪਤਚਰ ਏਜੰਸੀ, ਸੀ.ਆਈ.ਏ. ਨੇ ਵੀ ਇਹ ਮੰਨਿਆ ਹੈ ਕਿ ਅਮਰੀਕਾ ਵਿੱਚ ਮਿਸਰ ਤੇ ਟੁਨੇਸ਼ੀਆ ਵਰਗੇ ਦੇਸ਼ਾਂ ਨਾਲੋਂ ਵੀ ਵਧੇਰੇ ਨਾ-ਬਰਾਬਰੀ ਹੈ। ਅਰਥਸ਼ਾਸਤਰੀ ਦੱਸਦੇ ਹਨ ਕਿ ਅਮਰੀਕਾ ਦੇ 400 (ਚਾਰ ਸੌ) ਵੱਡੇ ਧਨਾਢਾਂ ਕੋਲ, ਪੰਦਰਾਂ ਕਰੋੜ ਲੋਕਾਂ ਤੋਂ ਵਧੇਰੇ ਧਨ-ਦੌਲਤ ਹੈ। ਹੇਠਲੇ 90 ਫੀਸਦੀ ਲੋਕਾਂ ਨਾਲੋਂ ਵੀ ਵਧੇਰੇ ਧਨ-ਦੌਲਤ, ਸਿਰਫ ਇਕ ਫੀਸਦੀ ਅਮਰੀਕਨਾਂ ਕੋਲ ਹੈ। ਅਮਰੀਕਾ ਦੇ ਪ੍ਰਸਿੱਧ ਅਰਥਸ਼ਾਸਤਰੀ ਰੌਬਰਟ ਐਚ. ਫਰੈਂਕ ਨੇ ਆਪਣੀ ਨਵੀਂ ਛਪੀ ਪੁਸਤਕ, ‘ਦ ਡਾਰਵਨ ਏਕਾਨੋਮੀ’ (ਡਾਰਵਨ ਦੀ ਅਰਥ-ਵਿਵਸਥਾ) ਵਿੱਚ ਸਪਸ਼ਟ ਕੀਤਾ ਹੈ ਕਿ ਦੁਨੀਆਂ ਦੇ 65 ਉਦਯੋਗਿਕ ਦੇਸ਼ਾਂ ਅੰਦਰ ਜਿੱਥੇ ਨਾ-ਬਰਾਬਰੀ ਘੱਟ ਸੀ, ਉੱਥੇ ਵਿਕਾਸ ਵਧੇਰੇ ਹੋਇਆ ਹੈ, ਪਰ ਜਿੱਥੇ ਨਾ-ਬਰਾਬਰੀ ਵਧੇਰੇ ਸੀ, ਉੱਥੇ ਵਿਕਾਸ ਘੱਟ ਹੋਇਆ ਹੈ। ਕੁਝ ਅਰਥਸ਼ਾਸਤਰੀਆਂ ਨੇ ਜੋ ਖੋਜ ਕੀਤੀ ਹੈ ਉਨ੍ਹਾਂ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਨਾ-ਬਰਾਬਰੀ ਸਿਰਫ ‘ਸੜਾਂਦ’ ਹੀ ਪੈਦਾ ਨਹੀਂ ਕਰਦੀ ਸਗੋਂ ਅਰਥ-ਵਿਵਸਥਾ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦੀ ਹੈ।
ਅਮਰੀਕਾ ਦੇ ਪ੍ਰਧਾਨ ਮੰਤਰੀ ਬੁਸ਼ ਦੀ, (2002 ਤੋਂ 2007) ਹਕੂਮਤ ਸਮੇਂ ਦੇਸ਼ ਦਾ 65 ਫੀਸਦੀ ਮੁਨਾਫਾ, ਸਿਰਫ ਇੱਕ ਫੀਸਦੀ ਧਨਾਢਾਂ ਕੋਲ ਹੀ ਚਲਿਆ ਗਿਆ, ਭਾਵ 99 ਫੀਸਦੀ ਦੇ ਹਿੱਸੇ ਸਿਰਫ 35 ਫੀਸਦੀ ਆਇਆ। ਇਸ ਭਿਆਨਕ ਨਾ-ਬਰਾਬਰੀ ਨੇ ਹੀ ਅਮਰੀਕਾ ਦੇ ਆਮ ਲੋਕਾਂ ਅੰਦਰ ਬੇਚੈਨੀ ਪੈਦਾ ਕੀਤੀ ਤੇ ਉਹ ‘ਕਲਾਸ ਵਾਰ’ ਤੱਕ ਪਹੁੰਚ ਗਏ। ਹੁਣ ਜੋ ਖ਼ਬਰਾਂ ਆ ਰਹੀਆਂ ਹਨ ਉਨ੍ਹਾਂ ਅਨੁਸਾਰ, ਆਮ ਲੋਕ ਇਸ ਨਾ-ਬਰਾਬਰੀ ਵਿਰੁੱਧ ਸੜਕਾਂ ’ਤੇ ਉੱਤਰ ਆਏ ਹਨ।
ਨਾ-ਬਰਾਬਰੀ ਉਨ੍ਹਾਂ ਲੋਕਾਂ ਨੂੰ ਬਹੁਤ ਬੇਚੈਨ ਕਰ ਦਿੰਦੀ ਹੈ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਦੇਸ਼ ਦੇ ਬੈਂਕਾਂ ਤੇ ਧਨਾਢਾਂ ਕੋਲ, ਪੂਰੇ ਦੇਸ਼ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ (‘ਮੁਨਾਫੇ’ ਦੇ ਰੂਪ ਵਿੱਚ) ਕਿਵੇਂ ਚਲਿਆ ਜਾਂਦਾ ਹੈ ਤੇ ਸਰੀਰਕ ਤੇ ਦਿਮਾਗੀ ਮਿਹਨਤ ਕਰਨ ਵਾਲੇ ਮਜ਼ਦੂਰ, ਮਕੈਨਿਕ, ਕਿਸਾਨ ਤੇ ਸਾਧਾਰਨ ਕਰਮਚਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਇਵਜ਼ਾਨਾ ਕਿਉਂ ਨਹੀਂ ਮਿਲਦਾ। ਅਜਿਹੀ ਲੁੱਟ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਤਾਂ ਉਨ੍ਹਾਂ ਦੀ ਬੇਚੈਨੀ ਉਨ੍ਹਾਂ ਨੂੰ ‘ਕਲਾਸ-ਵਾਰ’ ਦੇ ਰਾਹ ਪੈਣ ਲਈ ਮਜਬੂਰ ਕਰ ਦਿੰਦੀ ਹੈ।
ਕਲਾਸ (ਵਰਗ) ਤੇ ‘ਨਾ-ਬਰਾਬਰੀ’ ਵਰਗੇ ਸ਼ਬਦ, ਹੁਣ ਤੱਕ ‘ਸਮਾਜਵਾਦੀ’ ਰਾਜ-ਵਿਵਸਥਾ ਨਾਲ ਹੀ ਜੁੜੇ ਰਹੇ ਹਨ; ਪਰ ਸੋਵੀਅਤ ਸੰਘ ਦੇ ਪਤਨ ਮਗਰੋਂ ਸਮਾਜਵਾਦ ਦੀ ਅਸਫਲਤਾ ਨੂੰ ਯੂਰਪ ਤੇ ਅਮਰੀਕਾ ਵੱਲੋਂ ਹਮੇਸ਼ਾ ਲਈ ਖ਼ਤਮ ਹੋਈ ਕਿਹਾ ਜਾਂਦਾ ਰਿਹਾ ਹੈ। ਚੀਨ, ਉੱਤਰੀ ਕੋਰੀਆ, ਵੀਅਤਨਾਮ ਵਰਗੇ ਸਮਾਜਵਾਦੀ ਦੇਸ਼ਾਂ ਅੰਦਰ ਵੀ ਕੁਝ ਅਜਿਹੀਆਂ ਤਬਦੀਲੀਆਂ ਆਈਆਂ ਜੋ ਸਮਾਜਵਾਦ ਵਿੱਚ ‘ਸੋਧਾਂ’ ਕਹੀਆਂ ਗਈਆਂ। ਪਰ ਹੁਣ ਜੋ ਸਿੱਟੇ 65 ਉਦਯੋਗਿਕ ਵਿਕਾਸ ਕਰ ਚੁੱਕੇ ਦੇਸ਼ਾਂ ਅੰਦਰ ਆਰਥਿਕ ਨਾ-ਬਰਾਬਰੀ ਦੇ ਦੱਸੇ ਜਾ ਰਹੇ ਹਨ, ਉਨ੍ਹਾਂ ਕਾਰਨ ਇਹ ਬਹਿਸ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ। ਅਤਿ ਦੀ ਆਰਥਿਕ ਨਾ-ਬਰਾਬਰੀ ਸਮਰਿਧ ਦੇਸ਼ਾਂ ਅੰਦਰ ਵੀ ਬੇਚੈਨੀ ਦਾ ਕਾਰਨ ਬਣਦੀ ਜਾ ਰਹੀ ਹੈ। ਅਮਰੀਕਾ ਦੇ ਆਮ ਨਾਗਰਿਕ ਵੀ ਚੰਗੀ ਜ਼ਿੰਦਗੀ ਬਿਤਾ ਰਹੇ ਹਨ ਪਰ ਉੱਥੇ ਲੱਖਾਂ ਲੋਕ ਪੁਲਾਂ ਹੇਠ ਤੇ ਪਾਰਕਾਂ ਵਿੱਚ ਰਾਤਾਂ ਕੱਟਦੇ ਤੇ ਖੈਰਾਤ -ਖਾਨਿਆਂ ਤੋਂ ਮਿਲੀ ਸੂਪ ਤੇ ਡਬਲਰੋਟੀਆਂ ਦੇ ਸਿਕੜ ਖਾ ਕੇ ਦਿਨ-ਕਟੀ ਕਰਦੇ ਹਨ। ਆਮ ਲੋਕਾਂ ਨੂੰ ਸ਼ਰਾਬ ਤੇ ਸ਼ਬਾਬ ਦੀਆਂ ਆਦਤਾਂ ਨੇ ਖਰਬਪਤੀਆਂ ਦੇ ਵਿਰੁੱਧ ਗੁੱਸੇ ਤੱਕ ਵੀ ਪਹੁੰਚਾ ਦਿੱਤਾ ਜਾਪਦਾ ਹੈ।
ਭਾਰਤ ਅੰਦਰ ਪਿਛਲੇ 64 ਸਾਲਾਂ ਦੀ ਆਜ਼ਾਦੀ ਬਾਅਦ ਵੀ ਦੇਸ਼ ਦੀਆਂ ਸਮਾਜਵਾਦੀ ਰਾਜਨੀਤਕ ਪਾਰਟੀਆਂ ਦਾ ਕੀ ਹਸ਼ਰ ਹੋਇਆ ਹੈ, ਇਹ ਸਵਾਲ ਸਮਰਿਧ ਦੇਸ਼ਾਂ ਦੀ ਹਲਚਲ ਨਾਲ ਵੀ ਜਾ ਜੁੜਦਾ ਹੈ। ਬੰਗਾਲ ਵਿੱਚ ਤੀਹ ਸਾਲ ਹਕੂਮਤ ਸਾਂਭਣ ਵਾਲੀ ਸਮਾਜਵਾਦੀ (ਮਾਰਕਸਵਾਦੀ) ਪਾਰਟੀ, ਏਨੀਂ ਬੁਰੀ ਤਰ੍ਹਾਂ ਹਾਰੀ ਹੈ ਕਿ ਵਿਰੋਧੀ ਪਾਰਟੀ ਵਜੋਂ ਵੀ ਆਪਣਾ ਸਥਾਨ ਗੁਆ ਬੈਠੀ ਹੈ। ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਸਮਾਜਵਾਦੀ ਪਾਰਟੀਆਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਪਰ ਸਮਾਜਵਾਦ ਦਾ ਮੂਲ-ਤੱਤ, ਆਰਥਿਕ ਨਾ-ਬਰਾਬਰੀ ਖ਼ਤਮ ਕਰਕੇ ਦੇਸ਼ ਦੀ ਧਨ-ਦੌਲਤ (ਹਰ ਕਿਸਮ ਦਾ ਉਤਪਾਦਨ) ਪੈਦਾ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣਾ ਹੈ। ਇਹ ਵੀ ਵੱਡੀ ਸਚਾਈ ਹੈ ਕਿ ਸਦੀਆਂ ਦੇ ਸੰਘਰਸ਼ ਪਿੱਛੋਂ ਜੇ ਸੰਸਾਰ ਦੇ 99 ਫੀਸਦੀ ਸਮਾਜਾਂ ਨੇ ਨਾ-ਬਰਾਬਰੀ ਨੂੰ ਖ਼ਤਮ ਕਰਨ (ਜਾਂ ਘਟਾਉਣ) ਦਾ ਕੋਈ ਰਾਹ ਲੱਭਿਆ ਹੈ ਤਾਂ ਉਹ ਸਿਰਫ ਲੋਕਤੰਤਰ, ਰਾਜ-ਵਿਵਸਥਾ ਹੈ। ਪਰ ਅਮਰੀਕਾ ਦਾ ਜੋ ਹਾਲ, ਲੋਕਤੰਤਰ ਵਿੱਚ ਸ਼ੁਰੂ ਵਿੱਚ ਦੱਸਿਆ ਹੈ, ਉਹ ਯੁੱਗਾਂ ਪੁਰਾਣੇ ਰਾਜਾਸ਼ਾਹੀ ਰਾਜ-ਪ੍ਰਬੰਧ ਤੋਂ ਵੀ ਮਾੜਾ ਹੈ। ਅਮਰੀਕੀ ਚਿੰਤਕਾਂ ਵਿੱਚੋਂ ਅਨੇਕਾਂ ਨੇ ਹੁਣ ਉਸ ਨੂੰ ‘ਫਲਾਅਡ-ਡੈਮੋਕਰੇਸੀ’ (ਨੁਕਸਦਾਰ-ਲੋਕਤੰਤਰ) ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ, ਤੇ ਆਮ ਲੋਕ ਹੁਣ ‘ਕਲਾਸ-ਵਾਰ’ ਕਹਿ ਕੇ ਵੀ ਅੰਦੋਲਨ ਵਿੱਢ ਰਹੇ ਹਨ। (ਇਹ ਵਿਰੋਧ, ਛੂਤ ਦੀ ਬਿਮਾਰੀ ਵਾਂਗ ਹੋਰ ਯੂਰਪੀਨ ਤੇ ਏਸ਼ਿਆਈ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ)।
ਸਾਡੇ ਦੇਸ਼ ਦੇ ਲੋਕਤੰਤਰ ਵਿੱਚ ਤਾਂ ਨਾ-ਬਰਾਬਰੀ ਲਗਾਤਾਰ ਬੁਰੀ ਤਰ੍ਹਾਂ ਸਭ ਹੱਦਾਂ ਪਾਰ ਕਰ ਗਈ ਹੈ। ਚਾਲੀ ਕਰੋੜ ਤੋਂ ਵਧੇਰੇ ਲੋਕ ਗਰੀਬੀ ਦੀ ਰੇਖਾ ਤੋਂ ਹੇਠ (ਜਿਸ ਦੇ ਸਹੀ ਅਰਥ ਹਨ-ਇਕ ਡੰਗ ਦੀ ਰੁੱਖੀ-ਸੁੱਕੀ ਰੋਟੀ) ਸਰਕਾਰ ਖ਼ੁਦ ਮੰਨਦੀ ਹੈ, ਪਰ ਸਿਰਫ 20-25 ਵੱਡੇ ਘਰਾਣਿਆਂ ਕੋਲ ਖਰਬਾਂ ਦੀ ਧਨ-ਦੌਲਤ ਹੈ। ਇਸ ਦੇ ਬਾਵਜੂਦ, ਯੋਜਨਾ-ਕਮਿਸ਼ਨ ਦੇ ਡਿਪਟੀ ਚੇਅਰਮੈਨ ਜੋ ‘ਗਰੀਬੀ ਦੀ ਰੇਖਾ’ ਮਿਥ ਰਹੇ ਹਨ ਉਹ ਦੇਸ਼ ਦੀ ਅੱਧੀ ਤੋਂ ਵਧੇਰੇ, ਨਿੱਘਰੀ ਜਨਤਾ ਦਾ ਮਜ਼ਾਕ ਉਡਾਉਣ ਵਰਗੀ ਗੱਲ ਹੈ।
ਸਾਡੇ ਦੇਸ਼ ਦੀਆਂ ਖੱਬੇ-ਪੱਖੀ ਪਾਰਟੀਆਂ ਤੀਜਾ ਬਦਲ 64 ਸਾਲ ਵਿੱਚ ਵੀ ਭਾਵੇਂ ਨਹੀਂ ਬਣ ਸਕੀਆਂ, ਪਰ ਨਾ-ਬਰਾਬਰੀ ਦੀ ਬੇਚੈਨੀ ਲਗਾਤਾਰ ਵਧਦੀ ਗਈ ਹੈ। ਚਾਹੇ ਉਹ ਦੱਖਣ ਦੇ ਕਿਸਾਨਾਂ ਦਾ ਹਜ਼ਾਰਾਂ ਏਕੜ ਜ਼ਮੀਨ ਵਿੱਚ ਖੇਤੀ ਨਾ ਕਰਨ ਦਾ ਫੈਸਲਾ ਹੋਵੇ ਜਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਗੋਬਿੰਦਪੁਰ ਦੇ ਕਿਸਾਨਾਂ ਦਾ ਜ਼ਮੀਨ ਛੱਡਣ ਤੋਂ ਇਨਕਾਰ- ਸਭ ਨਾ-ਬਰਾਬਰੀ ਦੇ ਸਿੱਟੇ ਹਨ। ਜੇ ਅਤਿ ਦੀ ਨਾ-ਬਰਾਬਰੀ ਤੋਂ ਅਮਰੀਕਾ ਤੇ ਸੰਸਾਰ ਦੇ 65 ਉਦਯੋਗਿਕ ਦੇਸ਼ ਨਹੀਂ ਬਚ ਸਕੇ ਤਾਂ ਭਾਰਤ ਸਮੇਤ ਤੀਜੇ ਸੰਸਾਰ ਦੇ ਗਰੀਬ ਤੇ ਵਿਕਾਸਸ਼ੀਲ ਦੇਸ਼ ਵੀ ਨਹੀਂ ਬਚ ਸਕਦੇ। ਵਰਤਮਾਨ ਯੁੱਗ ਦੀ ਇਹ ਸਭ ਤੋਂ ਗੰਭੀਰ ਤੇ ਬੇਚੈਨ ਕਰਨ ਵਾਲੀ ਸਮੱਸਿਆ ਹੈ ਜੋ ਸੰਕਟ ਵਿੱਚ ਬਦਲਦੀ ਜਾ ਰਹੀ ਹੈ। ਇਹਦੇ ਨਤੀਜੇ ਕੀ ਨਿਕਲਣਗੇ-ਇਸ ਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ, ਪਰ ਜਦੋਂ ਤੱਕ ਇਹ ਨਾ-ਬਰਾਬਰੀ ਕਾਇਮ ਹੈ, ਉਦੋਂ ਤੱਕ ਹਰ ‘ਲੋਕਤੰਤਰ’ ਅੰਦਰ ਵੀ ਅਜਿਹੇ ਹਾਲਾਤ ਕਾਇਮ ਰਹਿਣਗੇ ਤੇ ਵਧਦੇ ਜਾਣਗੇ ਜੋ ਅਮਰੀਕਾ ਦੀ ‘ਕਲਾਸ-ਵਾਰ’ ਵਰਗੇ ਅੰਦੋਲਨਾਂ ਤੋਂ ਸਪਸ਼ਟ ਨਜ਼ਰ ਆਉਂਦੇ ਹਨ- ਭਾਵੇਂ ਉਨ੍ਹਾਂ ਦਾ ਰੂਪ ਕੋਈ ਵੀ ਹੋਵੇ। ਇਹ ਬਹੁਤ ਕਠੋਰ ਸਚਾਈ ਹੈ ਕਿ ਆਰਥਿਕ ਨਾ-ਬਰਾਬਰੀ ਅਗਲੇ ਇੱਕ-ਦੋ ਦਹਾਕਿਆਂ ਅੰਦਰ ਪੂਰੇ ਸੰਸਾਰ ਅੰਦਰ ਹੀ ਅਜਿਹੀ ਬੇਚੈਨੀ ਪੈਦਾ ਕਰ ਦੇਵੇਗੀ ਕਿ ਮਿਸਰ ਤੇ ਲਿਬੀਆ ਵਰਗੇ ਦੇਸ਼ਾਂ ਵਰਗੇ ਹਾਲਾਤ ਪੈਦਾ ਹੋ ਜਾਣਗੇ (ਉਨ੍ਹਾਂ ਦਾ ਰੂਪ ਭਾਵੇਂ ਅਮਰੀਕਾ ਦੀ ‘ਕਲਾਸ-ਵਾਰ’ ਵਰਗਾ ਹੋਵੇ ਜਾਂ ਲਿਬੀਆ ਤੇ ਮਿਸਰ ਵਰਗਾ) ਇਹ ਸਿੱਟਾ ‘ਲੋਕਤੰਤਰ’ ਵਿੱਚ ਉਦਯੋਗਿਕ ਘਰਾਣਿਆਂ, ਬੈਂਕਾਂ ਨੂੰ ਆਮ ਲੋਕਾਂ ਦੀ ਲੁੱਟ ਦੀ ਆਜ਼ਾਦੀ ਦੇਣ ਤੇ ਬਾਜ਼ਾਰਵਾਦ ਕਾਰਨ ਪੈਦਾ ਹੋਣੇ ਸੁਭਾਵਕ ਹਨ ਜਿਸ ਬਾਰੇ ਰਾਜਨੀਤਕ ਪਾਰਟੀਆਂ, ਅਰਥਸ਼ਾਸਤਰੀਆਂ ਤੇ ਬੁੱਧੀਜੀਵੀਆਂ ਨੂੰ ਸੋਚਣਾ ਹੀ ਚਾਹੀਦਾ ਹੈ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
Wednesday, October 5, 2011
ਮਿੰਨੀ ਕਹਾਣੀ / ਪੀੜ
ਬੈਂਕ ਵਿਚ ਪੈਨਸ਼ਨ ਲੈਣ ਵਾਲਿਆਂ ਦੀ ਕਾਫੀ ਭੀੜ ਸੀ। ਲੰਮੀ ਲਾਈਨ ਲੱਗੀ ਹੋਈ ਸੀ। ਰੌਲਾ ਰੱਪਾ ਪੈ ਰਿਹਾ ਸੀ। ਢਾਈ ਢਾਈ ਸੌ ਬੁਢਾਪਾ ਪੈਨਸ਼ਨ ਪ੍ਰਾਪਤ ਕਰਨ ਵਾਲੇ ਬਜ਼ੁਰਗ ਇਕੇ ਦੂਜੇ ਤੋਂ ਅੱਗੇ ਹੋਣ ਲਈ ਕਾਹਲੇ ਸਨ। ਇਕ ਕਾਊਂਟਰ 'ਤੇ ਬੈਠਾ ਬੈਂਕ ਅਧਿਕਾਰੀ ਅੰਗੂਠਾ ਲਵਾ ਕੇ ਜਾਂ ਦਸਤਖਤ ਕਰਵਾ ਕੇ ਪੈਨਸ਼ਨ ਦੀ ਰਾਸ਼ੀ ਬਜ਼ੁਰਗਾਂ ਨੂੰ ਫੜਾ ਰਿਹਾ ਸੀ। ਲਾਈਨ 'ਚ ਖੜ੍ਹਾ ਨਰੈਣਾ ਪਹਿਲੀ ਵਾਰ ਪੈਨਸ਼ਨ ਲੈਣ ਆਇਆ ਸੀ। ਉਸ ਦੇ ਮੂਹੋਂ ਆਪ ਮੁਹਾਰੇ ਕਦੇ ਕਦੇ 'ਹਾਇ, ਹਾਇ' ਨਿਕਲ ਜਾਂਦੀ। ਆਖਿਰ ਉਹਦੀ ਵਾਰੀ ਵੀ ਆ ਗਈ। ਅਫਸਰ ਨੇ ਉਸ ਨੂੰ ਫਾਰਮ 'ਤੇ ਅੰਗੂਠਾ ਲਾਉਣ ਲਈ ਕਿਹਾ ਤਾਂ ਨਰੈਣੇ ਨੇ ਲੰਮਾ ਹੌਕਾ ਭਰਿਆ 'ਜਾਇਦਾਦ ਦਾ ਮਾਲਕ ਸੀ ਮੈਂ ਵੀ। ਮਹਿੰ ਦੇ ਖੁਰ ਜਿੱਡੇ ਜਿੱਡੇ 10- 12 ਗੂਠੇ ਲਵਾ ਲਏ ਪੁੱਤ ਨੇ ਮੈਥੋਂ ਤੇ ਸਾਨੂੰ ਦੋਹਾਂ ਜੀਆਂ ਨੂੰ ਘਰੋਂ ਕੱਢ 'ਤਾ। ... ਨਹੀਂ ਮੈਂ ਆਹ ਨਿਗੂਣੀ ਪੈਂਸ਼ਨ ਖਾਤਰ ਐਂ ਲੈਨ 'ਚ ਖੜ੍ਹਦਾ?' ਉਹਦਾ ਗੱਚ ਭਰ ਆਇਆ।
'ਤੂੰ ਗੂਠਾ ਲਾ ਗੂਠਾ... ਐਵੇਂ ਫੋੜੇ ਆਂਗੂੰ ਹਰੇਕ ਕੋਲੇ ਫਿੱਸ ਪੈਂਨੈਂ। ਤੂੰ 'ਕੱਲਾ ਨੀਂ ਆਹ ਮਗਰ ਵੇਖ ਲੈ ਕਿੰਨੇ ਖੜ੍ਹੇ ਐ ਤੇਰੇ ਅਰਗੇ।' ਪਿੱਛੇ ਖੜ੍ਹੀ ਨਰੈਣੇ ਦੀ ਘਰ ਵਾਲੀ ਬੋਲੀ। ਨਰੈਣੇ ਨੇ ਸੋਟੀ 'ਤੇ ਭਾਰ ਦਿੰਦਿਆਂ ਪਿੱਛੇ ਨੂੰ ਮੂੰਹ ਭੰਵਾਇਆ ਤਾਂ ਉਸ ਦੀ ਨਜ਼ਰ ਪਟਵਾਰੀਆਂ ਦੇ ਪਿਓ ਜਾਗਰ ਸਿੰਘ ਨਾਲ ਜਾ ਟਕਰਾਈ ਜੋ ਉਸ ਦੀ ਘਰ ਵਾਲੀ ਦੇ ਮਗਰ ਖੜ੍ਹਾ ਸੀ।
'ਕੋਈ ਨੀਂ ਨਰੈਣ ਸਿੰਆਂ! ਦੜ ਵੱਟ ਦੜ। ਇਹ ਪੀੜ 'ਕੱਲੇ ਤੈਨੂੰ ਈ ਨਹੀਂ। ਜ਼ਮਾਨਾ ਈ ਐਸਾ ਆ ਗਿਐ। ਇਹ ਹਵਾ ਚਾਰੇ ਪਾਸੇ ਈ ਵਗ 'ਗੀ।' ਜਾਗਰ ਸਿੰਘ ਨੇ ਇਹ ਲਫ਼ਜ਼ ਕਹਿੰਦਿਆਂ ਖੱਬਾ ਹੱਥ ਛਾਤੀ 'ਤੇ ਰੱਖ ਲਿਆ।
-ਹਰਦਮ ਸਿੰਘ ਮਾਨ

Saturday, September 3, 2011
ਰਾਮੂ ਕੇ ਸਿੱਧੂ ਬਰਾੜਾਂ ਦਾ ਪਿੰਡ ਹੈ ਰਾਮੂਵਾਲਾ
ਇੱਥੋਂ ਤਿੰਨ ਕਿਲੋਮੀਟਰ ਦੂਰ ਜੈਤੋ-ਮੁਕਤਸਰ ਸੜਕ ਉਪਰ ਵਸਿਆ ਪਿੰਡ ਰਾਮੂਵਾਲਾ ਇਲਾਕੇ ਵਿਚ ਡੇਲਿਆਂਵਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੱਸਿਆ ਗਿਆ ਹੈ ਕਿ ਇਸ ਦਾ ਨਾਂ ਡੇਲਿਆਂਵਾਲੀ, ਇਕ ਸੰਤ ਦੇ ਅਖੌਤੀ ਕਥਨਾਂ ਕਾਰਨ ਪਿਆ ਜਿਸ ਵਿਚ ਉਸ ਨੇ ਇਸ ਪਿੰਡ ਨੂੰ ‘ਪੀਰਾਂਮਾਰੀ ਡੇਲਿਆਂਵਾਲੀ’ ਕਿਹਾ ਸੀ। ਪਿੰਡ ਦੇ ਜ਼ਿਆਦਾਤਰ ਲੋਕ ਜੈਤੋ ਤੋਂ ਉਠ ਕੇ ਇੱਥੇ ਆਏ ਹਨ ਜੋ ਸਿੱਧੂ ਬਰਾੜ ਹਨ। ਬਾਅਦ ਵਿਚ ਇਨ੍ਹਾਂ ‘ਰਾਮੂ ਕੇ ਸਿਧੂ ਬਰਾੜਾਂ’ ਨੇ ਹੀ ਇਸ ਪਿੰਡ ਦਾ ਨਾਂ ਰਾਮੂਵਾਲਾ ਰੱਖ ਦਿੱਤਾ। ਸਿੱਧੂ ਬਰਾੜਾਂ ਤੋਂ ਇਲਾਵਾ ਇਸ ਪਿੰਡ ਵਿਚ ਕੁਝ ਕੁ ਘਰ ਗੋਂਦਾਰਾ ਗੋਤ ਦੇ ਜੱਟਾਂ ਦੇ ਹਨ ਜੋ ਲਾਗੇ ਪਿੰਡ ਮੱਤਾ ਤੋਂ ਇੱਥੇ ਆਏ। ਮਾਨ ਗੋਤ ਨਾਲ ਸੰਬਧਤ ਇੱਥੋਂ ਦੇ ਲੋਕ ਸੰਗਤਪੁਰਾ ਤੋਂ ਆ ਕੇ ਵਸੇ ਹਨ ਅਤੇ ਗਿੱਲ ਗੋਤ ਦੇ ਲੋਕਾਂ ਦਾ ਪਿੱਛਾ ਸਾਫੂਵਾਲਾ ਹੈ।
ਇਸ ਪਿੰਡ ਦੀ ਆਬਾਦੀ ਤਿੰਨ ਕੁ ਹਜ਼ਾਰ ਦੇ ਕਰੀਬ ਹੈ ਅਤੇ ਵੋਟਰਾਂ ਦੀ ਗਿਣਤੀ 1270 ਹੈ। ਪਿੰਡ ਦੇ ਬਾਹਰਵਾਰ ਉਤਰ ਅਤੇ ਦੱਖਣ ਵਾਲੇ ਪਾਸੇ ਦੋ ਗੁਰਦੁਆਰੇ ਹਨ। ਪਿੰਡ ਵਿਚ ਅਜੇ ਅੱਠਵੀਂ ਤੱਕ ਹੀ ਸਰਕਾਰੀ ਸਕੂਲ ਹੈ। ਇਹ ਪਿੰਡ ਲਾਗਲੇ ਪਿੰਡ ਮੱਤਾ, ਚੈਨਾ, ਅਜਿੱਤਗਿੱਲ, ਜੈਤੋ ਨਾਲ ਲਿੰਕ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਪਿੰਡ ਦੇ ਲੋਕਾਂ ਵਿਚ ਬੇਸ਼ੱਕ ਵੱਖ-ਵੱਖ ਵਿਚਾਰਾਂ ਦੇ ਵਸਦੇ ਲੋਕ ਹਨ ਪਰ ਵਿਸ਼ੇਸ਼ ਗੱਲ ਇਹ ਹੈ ਕਿ ਲੜਾਈ, ਝਗੜਿਆਂ ਤੋਂ ਇਹ ਪਿੰਡ ਬਚਿਆ ਹੋਇਆ ਹੈ। ਪਿੰਡ ਦੇ ਮੌਜੂਦਾ ਸਰੰਪਚ ਨੌਜਵਾਨ ਅਕਾਲੀ ਆਗੂ ਰਾਜਪਾਲ ਸਿੰਘ ਹਨ, ਜੋ ਪੰਚਾਇਤ ਯੂਨੀਅਨ ਹਲਕਾ ਜੈਤੋ ਦੇ ਪ੍ਰਧਾਨ ਵੀ ਹਨ। ਪਿੰਡ ਦੇ ਵਿਕਾਸ ਵਿਚ ਉਹ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ ਅਤੇ ਇਸ ਸਾਲ ਪਿੰਡ ਵਿਚ ਚਾਲੂ ਹੋਇਆ ਵਾਟਰ ਵਰਕਸ ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ਹੈ। ਇਸ ਤੋਂ ਇਲਾਵਾ ਪਿੰਡ ਦੀ ਫਿਰਨੀ ਪੱਕੀ ਕਰਨੀ ਅਤੇ ਗਲੀਆਂ, ਨਾਲੀਆਂ ਪੁੱਟ ਕੇ ਉਚੀਆਂ ਕਰਕੇ ਦੁਬਾਰਾ ਬਣਾਉਣ ਦਾ ਕਾਰਜ ਵੀ ਉਨ੍ਹਾਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ।
ਪਿੰਡ ਦੇ ਬਜ਼ੁਰਗ ਜਲੌਰ ਸਿੰਘ ਬਰਾੜ ਨੂੰ ਇਹ ਮਾਣ ਹਾਸਲ ਹੈ ਕਿ ਉਨ੍ਹਾਂ ਕਰੀਬ ਤਿੰਨ ਦਹਾਕੇ (ਪੰਜ ਵਾਰ) ਪਿੰਡ ਦੀ ਸਰਪੰਚੀ ਕੀਤੀ ਹੈ। ਬਲਕਰਨ ਸਿੰਘ ਬਰਾੜ ਅਤੇ ਮਿੱਠੂ ਸਿੰਘ ਬਰਾੜ ਵੀ ਪਿੰਡ ਦੇ ਸਰਪੰਚ ਰਹੇ ਹਨ। ਅਧਿਆਪਕ ਆਗੂ ਮਹਿੰਦਰ ਸਿੰਘ ਬਰਾੜ ਦਾ ਨਾਂ ਗੌਰਮਿੰਟ ਟੀਚਰਜ਼ ਯੂਨੀਅਨ ਵੇਲੇ ਮੂਹਰਲੀਆਂ ਸਫ਼ਾਂ ’ਚ ਰਿਹਾ ਹੈ। ਕਰਤਾਰ ਸਿੰਘ ਗੋਂਦਾਰਾ ਪਿੰਡ ਦੇ ਸਭ ਤੋਂ ਪਹਿਲੇ ਮੁਲਾਜ਼ਮ ਹਨ ਜੋ ਰੇਲਵੇ ਚੋਂ ਸੀਨੀਅਰ ਗਾਰਡ ਸੇਵਾ-ਮੁਕਤ ਹੋਏ ਹਨ। ਵੈਟਰਨਰੀ ਡਾਕਟਰ ਕੌਰ ਸਿੰਘ ਗੋਂਦਾਰਾ, ਅੰਮ੍ਰਿਤਸਰ ਵਿਖੇ ਐਮ.ਡੀ. ਕਰ ਰਹੀ ਡਾਕਟਰ ਸੁਖਦੀਪ ਕੌਰ, ਪੰਜਾਬੀ ਲੇਖਕ ਹਰਦਮ ਸਿੰਘ ਮਾਨ, ਸਹਿਕਾਰੀ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ,ਖੇਤੀ ਨੂੰ ਆਧੁਨਿਕ ਤਕਨੀਕਾਂ ’ਤੇ ਤੋਰ ਰਿਹਾ ਨੌਜਵਾਨ ਨਗਿੰਦਰ ਸਿੰਘ ਬਰਾੜ, ਸਹਿਯੋਗ ਮੰਚ ਜੈਤੋ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਡੇਲਿਆਂਵਾਲੀ, ਗੀਤਕਾਰ ਗੁਰਨਾਮ ਸਿੰਘ ਗੋਂਦਾਰਾ,ਅਮਰੀਕਾ ਗਏ ਸਵ. ਮਲਕੀਤ ਸਿੰਘ (ਯੂ.ਐਸ.ਏ.) ਦੇ ਬੇਟੇ ਅਜਮੇਰ ਸਿੰਘ ਤੇ ਜਗਤਾਰ ਸਿੰਘ, ਜਰਨੈਲ ਸਿੰਘ ਬਰਾੜ ਮਨੀਲਾ, ਅਜਮੇਰ ਸਿੰਘ ਹਾਂਗਕਾਂਗ, ਹਰਬੰਸ ਸਿੰਘ ਗਿੱਲ ਯੂ.ਕੇ. ਅਤੇ ਜਗਜੀਤ ਸਿੰਘ ਬਰਾੜ ਯੂ.ਐਸ.ਏ. ਵੀ ਇਸ ਪਿੰਡ ਦੇ ਜੰਮਪਲ ਹਨ।
ਇਹ ਪਿੰਡ ਕਾਫੀ ਸਮਾਂ ਸਾਹਿਤਕ ਸਰਗਰਮੀਆਂ ਦਾ ਕੇਂਦਰ ਵੀ ਰਿਹਾ ਹੈ। ਹਰਦਮ ਸਿੰਘ ਮਾਨ ਅਤੇ ਸੁਰਜੀਤ ਅਮਰ ਦੇ ਯਤਨਾਂ ਸਦਕਾ ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਇਥੇ ਅਕਸਰ ਸਾਹਿਤਕ ਬੈਠਕਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਬਾਬਾ ਸ਼ੇਖ ਫ਼ਰੀਦ ਕਲੱਬ ਵੱਲੋਂ ਵੀ ਪਿੰਡ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਹਨ। ਅਮਨ ਸਪੋਰਟਸ ਕਲੱਬ ਅਤੇ ਬਾਬਾ ਸ਼ੇਖ ਫ਼ਰੀਦ ਕਲੱਬ ਦੇ ਨੌਜਵਾਨਾਂ ਨੇ ਪਿੰਡ ਵਿਚ ਖੇਡ ਟੂਰਨਾਮੈਂਟ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਰਾਸ਼ਟਰੀ ਖਿਡਾਰੀ ਅਵਤਾਰ ਸਿੰਘ ਪੀ.ਟੀ.ਆਈ. ਦੀ ਦੇਖ-ਰੇਖ ਹੇਠ ਐਲੀਮੈਂਟਰੀ ਸਕੂਲ ਦੇ ਖਿਡਾਰੀ ਖੇਡਾਂ ਵਿਚ ਵਿਸ਼ੇਸ਼ ਨਾਮਣਾ ਖੱਟ ਚੁੱਕੇ ਹਨ।
ਪਿੰਡ ਦੇ ਲੋਕਾਂ ਦੀ ਪ੍ਰਮੁੱਖ ਸਮੱਸਿਆ ਇਹ ਹੈ ਕਿ ਇਸ ਪਿੰਡ ਲਈ ਕਿਸੇ ਪਾਸਿਓਂ ਕੋਈ ਬੱਸ ਸੇਵਾ ਨਹੀਂ ਹੈ। ਜੈਤੋ ਜਾਣ ਲਈ ਬੇਸ਼ੱਕ ਦੂਰੀ ਤਿੰਨ ਕਿਲੋਮੀਟਰ ਹੀ ਹੈ ਪਰ ਇਸ ਵਿਚੋਂ ਇਕ ਕਿਲੋਮੀਟਰ ਫਾਸਲਾ ਪੈਦਲ ਤੈਅ ਕਰਕੇ ਲੋਕਾਂ ਨੂੰ ਜੈਤੋ-ਮੁਕਤਸਰ ਸੜਕ ‘ਤੇ ਜਾਣਾ ਪੈਂਦਾ ਹੈ ਤੇ ਉਥੋਂ ਬੱਸ ਫੜਨੀ ਪੈਂਦੀ ਹੈ। ਪਿੰਡ ਵਿਚ ਸਰਕਾਰੀ ਸਿਵਲ ਡਿਸਪੈਂਸਰੀ ਵੀ ਨਹੀਂ ਅਤੇ ਨਾ ਹੀ ਪਸ਼ੂਆਂ ਲਈ ਡਾਕਟਰੀ ਸੇਵਾ ਦਾ ਪ੍ਰਬੰਧ ਹੈ।
ਪਿੰਡ ਦੇ ਸਰਪੰਚ ਰਾਜਪਾਲ ਸਿੰਘ ਅਨੁਸਾਰ ਪਿੰਡ ਵਿਚ ਇਸ ਸਮੇਂ ਜਨਰਲ ਵਰਗ ਦੇ ਲੋਕਾਂ ਦੀ ਧਰਮਸ਼ਾਲਾ ਦੀ ਉਸਾਰੀ ਲਈ ਸਰਕਾਰੀ ਗਰਾਂਟ ਦੀ ਬੇਹੱਦ ਜ਼ਰੂਰਤ ਹੈ। ਸਰਕਾਰੀ ਸਕੂਲ ਵੀ ਘੱਟੋ ਘੱਟ ਦਸਵੀਂ ਤੱਕ ਦਾ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਅੱਠਵੀਂ ਤੋਂ ਬਾਅਦ ਪੜ੍ਹਾਈ ਲਈ ਪਿੰਡ ਚੈਨਾ, ਜੈਤੋ, ਰੋੜੀਕਪੂਰਾ ਜਾਣ ਦੀ ਕਠਿਨਾਈ ਨਾ ਸਹਿਣੀ ਪਵੇ। ਪਿੰਡ ਦੇ ਲੋਕਾਂ ਦੀ ਇਹ ਵੀ ਮੰਗ ਹੈ ਕਿ ਸਰਕਾਰੀ ਸਕੂਲ ਤੋਂ ਜੈਤੋ ਨੂੰ ਜਾ ਰਹੀ ਅਧੂਰੀ ਸੜਕ ਦਾ ਰਹਿੰਦਾ ਟੋਟਾ ਵੀ ਪੱਕਾ ਕੀਤਾ ਜਾਵੇ।

Monday, July 18, 2011
ਮਿੰਨੀ ਕਹਾਣੀ -ਲਾਲ ਬੱਤੀ ਦਾ ਸੱਚ
ਐਮ. ਐਲ. ਏ. ਬਣਨ ਤੋਂ ਪੂਰੇ ਸਾਢੇ ਚਾਰ ਸਾਲਾਂ ਬਾਅਦ ਨੇਤਾ ਜੀ ਅੱਜ ਆਪਣੇ ਜਿਗਰੀ ਯਾਰ ਦੇ ਘਰ ਆਏ ਸਨ। ਆਉਂਦਿਆਂ ਹੀ ਆਪਣੇ ਯਾਰ ਨੂੰ ਗਲਵੱਕੜੀ ਪਾਈ 'ਲੈ ਵੱਡੇ ਭਾਈ, ਅੱਜ ਮੈਂ ਖੁੱਲ੍ਹਾ ਟੈਮ ਕੱਢ ਕੇ ਆਇਐਂ। ਅੱਜ ਵੱਡੇ ਭਾਈ ਦਾ ਕੋਈ ਉਲਾਂਭਾ ਨਹੀਂ ਰਹਿਣ ਦੇਣਾ ਆਪਣੇ ਸਿਰ।'
ਉਹ ਦੋਵੇਂ ਜਣੇ ਡਰਾਇੰਗ ਰੂਮ ਵਿਚ ਏ. ਸੀ. ਛੱਡ ਕੇ ਬੈਠ ਗਏ। ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। 'ਅਸਲ 'ਚ ਅੱਜ ਰਾਜਨੀਤੀ ਦਾ ਕੰਮ ਬੜਾ ਕੁੱਤਾ ਹੋ ਗਿਐ ਵੱਡੇ ਭਾਈ! ਤੈਨੂੰ ਪਤਾ ਈ ਐ ਪਹਿਲਾਂ ਚੋਣਾਂ ਵੇਲੇ ਕਿਵੇਂ ਸਾਲੇ ਹਰੇਕ ਲੰਗੜੇ ਲੂਲੇ ਦੇ ਪੈਰੀਂ ਹੱਥ ਲਾਉਣੇ ਪੈਂਦੇ ਐ, ਥਾਂ ਥਾਂ ਹੱਥ ਜੋੜੋ ਤੇ ਕਰੋੜਾਂ ਰੁਪਏ ਵੀ ਖਰਚੋ। ਫਿਰ ਜੇ ਐਮ. ਐਲ. ਏ. ਬਣ ਗੇ...ਅੱਜ ਜੀ ਓਹਦੇ ਘਰ ਮਰਗ ਦਾ ਭੋਗ ਐ, ਫਲਾਣੇ ਦੀ ਕੁੜੀ ਦਾ ਸ਼ਗਨ, ਢਿਮਕੇ ਦੇ ਮੁੰਡੇ ਦਾ ਵਿਆਹ, ਫਲਾਣੇ ਥਾਂ ਜਗਰਾਤਾ, ਅਖੰਡ ਪਾਠ ਦਾ ਭੋਗ, ਮੈਡੀਕਲ ਕੈਂਪ ਤੇ ਹੋਰ ਪਤਾ ਨੀਂ ਕੀ ਕੀ ਤੇ ਪਤਾ ਨੀਂ ਕਿੱਥੇ ਕਿੱਥੇ ਜਾਣਾ ਪੈਂਦੈ। ਕਦੇ ਕਦੇ ਤਾਂ ਲਗਦੈ ਸਾਲੀ ਇਹ ਕੋਈ ਜ਼ਿੰਦਗੀ ਐ?'
'ਆਂਉਂਦੀਐਂ ਗੱਲਾਂ ਐਮ. ਐਲ. ਏ. ਬਣ ਕੇ...' ਜਿਗਰੀ ਯਾਰ ਨੇ ਵਿਚਦੀ ਹੁੰਗਾਰਾ ਭਰਿਆ।
'ਨਹੀਂ ਵੱਡੇ ਭਾਈ ਝੂਠ ਨਹੀਂ ਮੈਂ ਸੱਚ ਕਹਿਨੈਂ'
'ਚੱਲ ਮੰਨ ਲੈਨੇਂ ਆਂ।'
ਨੇਤਾ ਜੀ ਦੀ ਵਾਰਤਾਲਾਪ ਜਾਰੀ ਰਹੀ ਜਿਵੇਂ ਸੱਚਮੁੱਚ ਹੀ ਰਾਜਨੀਤੀ ਤੋਂ ਔਖੇ ਹੋਣ।
ਜਦੋਂ ਦਿਨ ਛਿਪਾਅ ਜਿਹਾ ਹੋ ਗਿਐ ਤਾਂ ਜਿਗਰੀ ਯਾਰ ਬੋਲਿਆ 'ਚੱਲ ਛੱਡ ਹੁਣ ਇਹ ਦੱਸ ਬਈ ਵਿਸਕੀ ਕਿਹੜੀ ਚੱਲੂ?'
'ਲੈ ਤੈਥੋਂ ਕੁਛ ਭੁੱਲਿਐ ਵੱਡੇ ਭਾਈ!'
ਵਿਸਕੀ ਆ ਗਈ। ਦੋ ਤਿਨ ਪੈੱਗ ਲਾਉਣ ਮਗਰੋਂ ਨੇਤਾ ਜੀ ਅਸਲੀ ਰੌਂਅ 'ਚ ਗਏ। 'ਵੱਡੇ ਭਾਈ ਹੁਣ ਸਾਰੇ ਛੀ ਮਹੀਨੇ ਰਹਿਗੇ ਚੋਣਾਂ 'ਚ। ਹੁਣ ਤਾਂ ਤੇਰੇ ਰੱਖਣ ਦੇ ਆਂ। ... ਤੂੰ ਹੋਣੈਂ ਮੇਰੀ ਚੋਣ ਮੁਹਿੰਮ ਦਾ ਇੰਚਾਰਜ ਪਹਿਲਾਂ ਵਾਂਗ... ਤੇ ਜੇ ਐਤਕੀਂ ਜਿੱਤ ਨਸੀਬ ਹੋਈ ਤਾਂ ਸਾਰੀ ਉਮਰ ਤੇਰਾ ਪਾਣੀ ਭਰੂੰ ਨੰਗੇ ਸਿਰ।' ਕਹਿੰਦੇ ਹੋਏ ਨੇਤਾ ਨੇ ਇਕ ਵੱਡਾ ਪੈੱਗ ਹੋਰ ਪਾ ਲਿਆ ਤੇ ਫੇਰ ਜਿਗਰੀ ਯਾਰ ਦੇ ਗੋਡੇ ਘੁੱਟਣ ਲੱਗ ਪਿਆ।
'ਯਾਰਾ ਤੂੰ ਦੂਜੀ ਵਾਰ ਐਮ. ਐਲ. ਏ. ਬਣਾ ਦੇ, ਆਪਣੀ ਲਾਲ ਬੱਤੀ ਵਾਲੀ ਗੱਡੀ ਪੱਕੀ ਐ। ਫੇਰ ਵੇਖੀਂ ਮੰਤਰੀ ਬਣਨਸਾਰ ਚੰਡੀਗੜੋਂ ਲਾਲ ਬੱਤੀ ਵਾਲੀ ਗੱਡੀ ਸਿੱਧੀ ਤੇਰੇ ਬੂਹੇ ਤੇ ਆ ਕੇ ਰੁਕੂ।' ਨੇਤਾ ਜੀ ਪੂਰੇ ਸਰੂਰ 'ਚ ਆ ਗਏ
'ਨਾਲੇ ਇਕ ਗੱਲ ਯਾਦ ਰੱਖੀਂ, ਆਪਾਂ ਕੇਰਾਂ ਮੰਤਰੀ ਬਣਗੇ ਨਾ ਵੱਡੇ ਭਾਈ... ਫੇਰ ਆਪਾਂ ਕਿਸੇ ਕੰਜਰ ਦੀ ਨੀਂ ਸੁਣਨੀਂ। ਰੌਲਾ ਪਾਈ ਜਾਣ ਲੋਕ ਜਿੰਨਾ ਮਰਜ਼ੀ, ਰਾਜਧਾਨੀ 'ਚ ਰਹਾਂਗੇ ਠਾਠ ਨਾਲ। ...ਫੇਰ ਆਪਾਂ ਇਹਨਾ ਲੋਕਾਂ ਤੋਂ ਕੀ ਲੈਣੈ... ਐਵੇਂ ਕੀੜੇ ਮਕੌੜੇ।' ਨੇਤਾ ਦੇ ਮੂਹੋਂ ਲਾਲ ਬੱਤੀ ਦਾ ਸੱਚ ਡੁੱਲ੍ਹ ਰਿਹਾ ਸੀ।
* ਹਰਦਮ ਸਿੰਘ ਮਾਨ,ਸਾਦਾ ਪੱਤੀ, ਜੈਤੋ (ਫ਼ਰੀਦਕੋਟ) ਮੋ. 94177-31091

Sunday, July 3, 2011
ਅਰਾਜਕਤਾ ਦੀਆਂ ਜੜ੍ਹਾਂ/ ਗੁਰਦਿਆਲ ਸਿੰਘ
ਬਾਬਾ ਰਾਮਦੇਵ ਨਾਲ ਜੋ ਕੁਝ ਹੋਇਆ, ਉਹ ਸਭ ਨੂੰ ਪਤਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਯੋਗ ਗੁਰੂ ਦੀਆਂ ਮੰਗਾਂ ਤੇ ਸਰਕਾਰ ਦਾ ਵਤੀਰਾ ਦੋਵੇਂ, ਦੇਸ਼ ਵਿਚ ਫੈਲ ਰਹੀ ਅਰਾਜਕਤਾ ਦੀਆਂ ਪੈੜਾਂ ਤਾਂ ਨਹੀਂ?
ਯੋਗ ਗੁਰੂ ਕਈ ਸਾਲ ਤੋਂ ਦੇਸ਼-ਵਿਦੇਸ਼ ਵਿਚ ਯੋਗ ਦੀ ਸਿੱਖਿਆ ਦਿੰਦਿਆਂ ਆਮ ਲੋਕਾਂ ਨੂੰ ਕਈ ਰੋਗਾਂ ਤੋਂ ਮੁਕਤੀ ਦਿਵਾਉਣ ਦੇ ਯਤਨ ਕਰਦੇ ਆ ਰਹੇ ਹਨ। ਇੰਜ ਉਨ੍ਹਾਂ ਦੀ ਪ੍ਰਸਿੱਧੀ ਦੂਰ ਤਕ ਫੈਲੀ ਹੈ। ਰਾਜਨੀਤੀ, ਹਰ ਉਸ ‘ਬਾਬੇ’ ਦੀ ਕਮਜ਼ੋਰੀ ਬਣ ਚੁੱਕੀ ਹੈ ਜਿਸ ਦੇ ਉਪਾਸ਼ਕਾਂ ਦੀ ਗਿਣਤੀ ਲੱਖਾਂ ‘ਚ (ਤੇ ਕਈਆਂ ਦੀ ਕਰੋੜਾਂ ‘ਚ ਵੀ) ਹੋ ਜਾਂਦੀ ਹੈ। ਸਾਡੀਆਂ ਰਾਜਨੀਤਕ ਪਾਰਟੀਆਂ ਦੇ ਵੱਡੇ ਨੇਤਾ ਵੀ ਇਨ੍ਹਾਂ ਬਾਬਿਆਂ ਕੋਲ ਜਾਂਦੇ ਹਨ, ਚਾਹੇ ਉਨ੍ਹਾਂ ਦੇ ਵਿਚਾਰ ਕੋਈ ਹੋਣ। ਇੰਜ ਇਨ੍ਹਾਂ ਬਾਬਿਆਂ ਅੰਦਰ ਵੀ ਰਾਜਨੀਤੀ ਦੀ ਲਾਲਸਾ ਪੈਦਾ ਹੁੰਦੀ ਹੈ। (ਜਦੋਂ 1998 ਵਿਚ ਭਾਜਪਾ ਨੇ ਆਪਣੀ ਗੱਠਜੋੜ ਸਰਕਾਰ ਬਣਾਈ ਸੀ, ਉਦੋਂ ਭਾਵੀ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਚੋਣਾਂ ਸਮੇਂ ਆਸਾ ਰਾਮ ਬਾਪੂ ਦੇ ਚਰਨਾਂ ‘ਚ ਜਾ ਬੈਠੇ ਸਨ, ਜਦੋਂ ਕਿ ਪਿਛਲੇ ਕੁਝ ਸਮੇਂ ਤੋਂ ਆਸਾ ਰਾਮ ਬਾਪੂ ਕਈ ਮਾਮਲਿਆਂ ਵਿਚ ਘਿਰੇ ਹੋਏ ਹਨ)
ਬਾਬਾ ਰਾਮਦੇਵ ਸ਼ਾਇਦ ਇਨ੍ਹਾਂ ਰਾਜਨੀਤਿਕ ਪੈਂਤੜਿਆਂ ਤੋਂ ਪੂਰੀ ਤਰ੍ਹਾਂ ਜਾਣੂੰ ਨਹੀਂ। ਉਨ੍ਹਾਂ ਦੀਆਂ ਮੰਗਾਂ ਕੋਈ ਸਰਕਾਰ ਪੂਰੀਆਂ ਨਹੀਂ ਕਰ ਸਕਦੀ। ਕਾਲਾ ਧਨ ਦੇਸ਼ ਅੰਦਰ ਗਾਜਰ ਬੂਟੀ ਵਾਂਗ ਫੈਲ ਚੁੱਕਿਆ ਹੈ। ਚਪੜਾਸੀ ਤੋਂ ਲੈ ਕੇ ਅਫਸਰਾਂ ਤੇ ਮੰਤਰੀਆਂ ਤਕ, ਸ਼ਾਇਦ ਕੋਈ ਵਿਰਲਾ ਹੋਏਗਾ ਜੋ ਭ੍ਰਿਸ਼ਟਾਚਾਰ ਤੋਂ ਬਚਿਆ ਹੋਵੇ। ਦੇਸ਼ ਦੇ 121 ਕਰੋੜ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ‘ਲੋਕ ਪ੍ਰਤੀਨਿਧਾਂ’ (ਪਾਰਲੀਮੈਂਟ ਦੇ ਮੈਂਬਰਾਂ) ਨੂੰ ਤਨਖਾਹ ਸਮੇਤ ਸੱਤਰ ਲੱਖ ਰੁਪਏ ਮਹੀਨੇ ਦੇ ਲਾਭ ਮਿਲਦੇ ਹਨ। ਉਹ ਚੋਣਾਂ ਜਿੱਤਣ ਮਗਰੋਂ ਭੁੱਖੇ-ਨੰਗੇ ਲੋਕਾਂ ਬਾਰੇ ਸੋਚਦੇ ਵੀ ਨਹੀਂ, ਕਰਨਾ ਤਾਂ ਕੀ ਹੈ। (ਇਹੋ ਹਾਲ ਸੂਬਿਆਂ ਦੀਆਂ ਸੱਤਾਧਾਰੀ ਪਾਰਟੀਆਂ ਦਾ ਹੈ ਜੋ ਆਪਣੀ ਰਾਜਗੱਦੀ ਬਚਾਉਣ ਲਈ, ਵਿਧਾਇਕਾਂ ਦੇ ਭੱਤੇ ਤੇ ਅਨੇਕ ਹੋਰ ਸਹੂਲਤਾਂ ਆਏ ਦਿਨ ਵਧਾਈ ਜਾਂਦੀਆਂ ਹਨ- ਚਾਹੇ ਕਰਜ਼ੇ ਹੇਠ ਗਲ-ਗਲ ਦੱਬੀਆਂ ਰਹਿਣ।) ਕੋਈ ਕਾਨੂੰਨ ਉਨ੍ਹਾਂ ਨੂੰ ਨਹੀਂ ਰੋਕਦਾ। ਉੱਤਰ ਪ੍ਰਦੇਸ਼ ਸਰਕਾਰ, ਚੋਣਾਂ ਨੇੜੇ ਹੋਣ ਕਾਰਨ ਟੀ.ਵੀ. ਚੈਨਲਾਂ ‘ਤੇ ਆਪਣੇ ਬਾਰੇ ਕਰੋੜਾਂ ਖਰਚ ਕੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਕੌਣ ਰੋਕੇ? (ਕਿਉਂਕਿ ਰੋਕਣ ਵਾਲੇ ਆਪ ਵੀ ਇਹੋ ਕੁਝ ਕਰਦੇ ਹਨ)
ਕੁਝ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਕੋਈ (ਕਿਸੇ ਪਾਰਟੀ ਦੀ) ਸਰਕਾਰ ਹੋਵੇ, ਉਹ ਉਨ੍ਹਾਂ ਦਾ ਹੱਲ ਨਹੀਂ ਕਰ ਸਕਦੀ। ਸਰਕਾਰ ਦੀ ਵਾਗਡੋਰ, ਕਾਰਖਾਨੇਦਾਰਾਂ, ਵੱਡੇ ਵਪਾਰੀਆਂ ਦੇ ਹੱਥ ਰਹਿੰਦੀ ਹੈ। ਉਨ੍ਹਾਂ ਤੋਂ ਵੱਡੀਆਂ ਰਕਮਾਂ ਲੈ ਕੇ ਰਾਜਨੀਤਕ ਪਾਰਟੀਆਂ ਚੋਣਾਂ ‘ਤੇ ਖਰਚੇ ਕਰਦੀਆਂ ਹਨ। ਇਸੇ ਕਾਰਨ ਜੋ ਵੀ ਪਾਰਟੀ ਗੱਦੀ ਸੰਭਾਲ ਲੈਂਦੀ ਹੈ ਉਹ ਇਨ੍ਹਾਂ ਧਨਵਾਨਾਂ ਦੀ ਸਹਾਇਤਾ ਕਰਦੀ ਹੈ। ਕਾਲੇ ਧਨ ਦਾ ਵੱਡਾ ਹਿੱਸਾ ਇਨ੍ਹਾਂ ਕੋਲ ਹੀ ਹੈ। ਫੇਰ ਇਮਾਨਦਾਰੀ ਨਾਲ ਕਾਲਾ ਧਨ ਕਢਵਾ ਕੇ ਕਿਹੜੀ ਸਰਕਾਰ ਆਪਣੇ ਪੈਰ ਆਪ ਕੁਹਾੜਾ ਮਾਰੇਗੀ।
ਬਾਬੇ ਦੇ ‘ਸਤਿਆਗ੍ਰਹਿ’ ਦੀ ਸਹਾਇਤਾ ਲਈ ਵਰਤਮਾਨ ਸਮੇਂ ਦੀਆਂ ਵਿਰੋਧੀ ਪਾਰਟੀਆਂ ਥਾਂ-ਥਾਂ ‘ਤੇ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਵਿਰੋਧ ਕਰਨ ਦਾ ਮੌਕਾ ਮਿਲ ਗਿਆ। (ਜੇ ਭਾਜਪਾ ਗੱਠਜੋੜ ਸਰਕਾਰ ਹੁੰਦੀ ਤਾਂ ਇਹੋ ਕੁਝ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਕਰਨਾ ਸੀ)
ਸੰਸਾਰ ਦੇ ਅਨੇਕ ਵਿਦਵਾਨ, ਚਿੰਤਕ ਕਹਿੰਦੇ ਹਨ ਕਿ ਬੰਦਾ ਜਨਮ ਤੋਂ ਹੀ ਖੁਦਗਰਜ਼ ਹੈ। ਉਨ੍ਹਾਂ ਦੇ ਵਿਚਾਰ ਮੂਲ ਰੂਪ ਵਿਚ ਸਹੀ ਨਹੀਂ ਹਨ ਪਰ ਵਰਤਮਾਨ ਸਮਾਜਕ ਤੇ ਰਾਜਸੀ ਹਾਲਾਤ ਅਨੁਸਾਰ ਬਹੁਤ ਹੱਦ ਤਕ ਸਹੀ ਹਨ। ਹੇਠਲੇ ਤਬਕੇ ਦੇ ਲੋਕਾਂ (ਮੱਧ ਵਰਗ) ਦੀ ਮਾਨਸਿਕਤਾ ਵਧੇਰੇ ਖੁਦਗਰਜ਼ੀ ਵਾਲੀ ਹੈ। ਇਹ ਅਜਿਹਾ ਕੋਈ ਮੌਕਾ ਭਾਲਦੇ ਹਨ ਕਿ ਕਦੋਂ ਕੋਈ ਦਾਅ ਲੱਗੇ ਜਦੋਂ ਉਨ੍ਹਾਂ ਨੂੰ ਕਿਸੇ ਵੀ ਕਿਸਮ ਦਾ ਲਾਭ ਮਿਲ ਸਕੇ। (ਆਮ ਗਰੀਬ ਲੋਕਾਂ ਨੂੰ ਤਾਂ ‘ਰਾਜਨੀਤੀ’ ਸ਼ਬਦ ਦੇ ਅਰਥਾਂ ਦਾ ਵੀ ਪਤਾ, ਕਿਸੇ ਨੇ 64 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਨਹੀਂ ਲੱਗਣ ਦਿੱਤਾ) ਪਰ ਜੋ ਹਾਲਾਤ ਬਣ ਚੁੱਕੇ ਹਨ (ਕੁਝ ਅੰਨ੍ਹੀ ਵਧਦੀ ਆਬਾਦੀ ਕਾਰਨ ਜਾਂ ਗਰੀਬੀ ਤੇ ਬੇਰੁਜ਼ਗਾਰੀ ਕਾਰਨ ਜੋ ਵਧਦੀ ਆਬਾਦੀ ਕਾਰਨ ਹੀ ਪੈਦਾ ਹੋਈ ਹੈ) ਉਨ੍ਹਾਂ ਦੇ ਹੁੰਦਿਆਂ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ। ਕਾਰਨ, ਬਾਬਾ ਰਾਮਦੇਵ ਜਿਹੇ ਲੱਖਾਂ ਲੋਕਾਂ ਵਿਚ ਪ੍ਰਸਿੱਧ ਹੋਏ ਬਾਬਿਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਰਾਜਸੀ ਪਾਰਟੀਆਂ ਦੇ ਨੇਤਾ ਜਦੋਂ ਬਹਾਨੇ ਕੋਈ ਅੰਦੋਲਨ ਸ਼ੁਰੂ ਕਰਦੇ ਹਨ ਤਾਂ ਲੱਖਾਂ ਲੋਕ ਉਨ੍ਹਾਂ ਦੇ ਪੱਖ ਵਿਚ ਇਕੱਠੇ ਹੋ ਕੇ ਮੁਜ਼ਾਹਰੇ ਕਰਦੇ ਤੇ ਅਰਥੀਆਂ ਸਾੜਦੇ ਹਨ। ਇਹ ਸਭ ਬਿਨਾਂ ਕਿਸੇ ਰਾਜਨੀਤਕ ਜਾਣਕਾਰੀ ਦੀ ਸੋਚ-ਸਮਝ ਤੋਂ ਕੀਤਾ ਜਾਂਦਾ ਹੈ। ਹਰ ਰਾਜਸੀ ਪਾਰਟੀ ਲਾਰੇ ਲਾ ਕੇ ਇਸ ਵਰਗ ਦੇ ਕਿਸੇ ਹਿੱਸੇ ਨੂੰ ਆਪਣੇ ਪੱਖ ਵਿਚ ਕਰ ਲੈਂਦੀ ਹੈ, ਪਰ ਸੱਤਾ ਦਾ ਲਾਭ ਸਿਰਫ ਇਕ ਦੋ ਫੀਸਦੀ ਬੰਦਿਆਂ ਨੂੰ ਮਿਲਦਾ ਹੈ ਜਿਹੜੇ ਕਿਸੇ ਜਿੱਤਣ ਵਾਲੀ ਪਾਰਟੀ ਨੂੰ ਵੋਟਾਂ ‘ਦਿਵਾਉਣ’ ਵਿਚ ਹਰ ਢੰਗ ਵਰਤਦੇ ਹਨ। (ਉਨ੍ਹਾਂ ਨੂੰ ‘ਵਰਕਰ’ ਜਾਂ ਦੂਜੀ, ਤੀਜੀ ਕਤਾਰ ਦੇ ‘ਨੇਤਾ’ ਕਿਹਾ ਜਾਂਦਾ ਹੈ)
ਪੰਜਾਬ ਵਿਚ ਕਿਸਾਨ-ਮਜ਼ਦੂਰ ਜਥੇਬੰਦੀਆਂ ਤੇ ਬੇਰੁਜ਼ਗਾਰ-ਅਧਿਆਪਕ ਮੁਜ਼ਾਹਰੇ ਕਰਕੇ ਸੜਕਾਂ/ਰੇਲ ਗੱਡੀਆਂ ਦੀ ਆਵਾਜਾਈ ਰੋਕਣ ਤੋਂ ਬਿਨਾਂ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹ ਕੇ ਆਤਮ-ਹੱਤਿਆ ਦੇ ਯਤਨ ਕਰਦੇ ਹਨ। (ਕਈ ਸਿਰਫ ਦਿਖਾਵਾ ਹੀ ਕਰਦੇ ਹਨ, ਉਹ ਖਿਮਾ ਕਰਨ) ਸਰਕਾਰ ਦੀ ਪੁਲੀਸ ਤੇ ਰਾਜ ਪ੍ਰਬੰਧ ਉਨ੍ਹਾਂ ਦੇ ਅੰਦੋਲਨ ਸਫਲ ਨਹੀਂ ਹੋਣ ਦਿੰਦਾ। ਠੋਸ ਕਾਰਨ ਇਹ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਤੇ ਕਿਸਾਨ-ਮਜ਼ਦੂਰ ਦੀਆਂ ਸਮੱਸਿਆਵਾਂ ਇਸ ਹੱਦ ਤਕ ਗੁੰਝਲਦਾਰ ਹੋ ਚੁੱਕੀਆਂ ਹਨ ਕਿ ਜੇ ਕੋਈ ਸਰਕਾਰ ਚਾਹੇ ਵੀ ਤਾਂ ਵੀ ਹੱਲ ਨਹੀਂ ਕਰ ਸਕਦੀ। ਸਰਕਾਰ ਕੋਲ ਪੈਸਾ ਹੀ ਨਹੀਂ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇ ਸਕੇ, ਕਿਸਾਨਾਂ ਦੇ ਕਰਜ਼ੇ ਮਾਫ ਕਰ ਸਕੇ ਜਾਂ ਮਜ਼ਦੂਰਾਂ ਨੂੰ ਕੋਈ ਕੰਮ ਦੇ ਸਕੇ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰ ਸਕਣ। (ਅਨਪੜ੍ਹ ਤੇ ਅਸਿੱਖਿਅਤ ਕਿਸਾਨਾਂ-ਮਜ਼ਦੂਰਾਂ ਜੋਗਾ ਕੋਈ ਕੰਮ ਰਿਹਾ ਹੀ ਨਹੀਂ)
ਬਾਬਾ ਰਾਮਦੇਵ ਹੋਵੇ ਚਾਹੇ ਅੰਨਾ ਹਜ਼ਾਰੇ ਜਾਂ ਅਜਿਹੇ ਕੋਈ ਹੋਰ ਪ੍ਰਸਿੱਧ ਹੋ ਚੁੱਕੇ ‘ਸਮਾਜ ਸੁਧਾਰਕ’ ਕਿਸੇ ਦੇ ਅਜਿਹੇ ਅੰਦੋਲਨ, ਸਤਿਆਗ੍ਰਹਿ ਜਾਂ ਭੁੱਖ ਹੜਤਾਲਾਂ ਸਿਵਾਏ ਉਨ੍ਹਾਂ ਦੇ ਹਮਾਇਤੀਆਂ ਦੇ (ਜਾਇਜ਼) ਗੁੱਸਾ ਕੱਢਣ ਦੇ, ਕਿਵੇਂ ਵੀ ਸਫਲ ਨਹੀਂ ਹੋ ਸਕਦੇ। ਕਾਰਨ ਤਾਂ ਹੋਰ ਵੀ ਅਨੇਕ ਹਨ, ਪਰ ਉੱਤੇ ਦੱਸੇ ਕਾਰਨ ਉਹ ਹਨ ਜਿਨ੍ਹਾਂ ਨੂੰ ਦੂਰ ਕਰਨਾ ਅਸੰਭਵ ਹੋ ਚੁੱਕਿਆ ਹੈ। ਬੇਮੁਹਾਰ ਵਧਦੀ ਆਬਾਦੀ ਨਾਲ ਇਹ ਹੋਰ ਗੁੰਝਲਦਾਰ ਹੁੰਦੇ ਜਾਣਗੇ। ਸਮੱਸਿਆਵਾਂ ਅਰਾਜਕਤਾ ਦਾ ਰੂਪ ਧਾਰੀ ਜਾਣਗੀਆਂ। ਬਹੁਤ ਛੇਤੀ ਉਹ ਸਮਾਂ ਵੀ ਆ ਜਾਏਗਾ ਜਦੋਂ ਹਾਲਾਤ ਰਾਜ ਪ੍ਰਬੰਧ ਨੂੰ ਬਾਬਾ ਰਾਮਦੇਵ ਦੇ ਇਕੱਠ ਵਾਂਗ ਅਸਫਲ ਕਰਨਾ ਵੀ ਸੰਭਵ ਨਹੀਂ ਰਹਿਣਾ।
ਇਹ ਬਹੁਤ ਚਿੰਤਾ ਵਾਲੀ ਹਾਲਤ ਹੈ। ਨਹਿਰੂ ਯੁੱਗ ਤੋਂ ਲਗਾਤਾਰ ਸਮੱਸਿਆਵਾਂ ਵਧਦੀਆਂ ਗਈਆਂ ਹਨ। ਸ੍ਰੀਮਤੀ ਇੰਦਰਾ ਗਾਂਧੀ ਤੋਂ ਮਗਰੋਂ ਜਨਤਾ ਦਾ ਗੱਠਜੋੜ ਰਾਜ ਵੀ ਤਿੰਨ ਸਾਲ ਰਿਹਾ। ਮੁੜ ਫੇਰ ਕਾਂਗਰਸ ਦਾ ਰਾਜ ਆਇਆ। ਹੁਣ ਡੇਢ ਕੁ ਦਹਾਕੇ ਤੋਂ ਸਿਰਫ ਗੱਠਜੋੜ ਸਰਕਾਰਾਂ ਹੀ ਬਣ ਰਹੀਆਂ ਹਨ। ਨਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੁਝ ਕਰ ਸਕੀ ਤੇ ਨਾ ਸੱਤ ਸਾਲ ਤੋਂ ਕਾਂਗਰਸ ਦੀ ਗੱਠਜੋੜ ਵਾਲੀ ਸਰਕਾਰ ਲੋਕਾਂ ਦੀਆਂ ਮੂਲ ਸਮੱਸਿਆਵਾਂ ਹੱਲ ਕਰ ਸਕੀ ਹੈ। ਡਾ. ਮਨਮੋਹਨ ਸਿੰਘ ਖ਼ੁਦ ਮੰਨ ਚੁੱਕੇ ਹਨ ਕਿ ਗੱਠਜੋੜ ਦੀਆਂ ਸਰਕਾਰਾਂ ਚਲਾਉਣ ਲਈ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਇਹੋ ਸਮਝੌਤੇ 121 ਕਰੋੜ ਦੀ ਆਬਾਦੀ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਹੋਣ ਦਿੰਦੇ ਕਿਉਂਕਿ ਗੱਠਜੋੜ ਵਿਚ ਸ਼ਾਮਲ ਹਰ ਪਾਰਟੀ ਸਿਰਫ ਆਪਣਾ ਮੁਫ਼ਾਦ ਸੋਚਦੀ ਹੈ, ਦੇਸ਼ ਦੀਆਂ ਮੂਲ ਸਮੱਸਿਆਵਾਂ ਦੀ ਚਿੰਤਾ ਇਨ੍ਹਾਂ ਨੂੰ ਨਹੀਂ ਹੁੰਦੀ। ਕਾਰਨ ਸਪਸ਼ਟ ਹੈ ਕਿ ਹਰੇਕ ਸੂਬੇ ਦੇ ਮੈਂਬਰ ਆਪਣੇ ਸੂਬਿਆਂ ਤੇ ਪਾਰਟੀਆਂ ਬਾਰੇ ਵੱਧ ਤੋਂ ਵੱਧ ਲਾਭ ਲੈਣਾ ਚਾਹੁੰਦੇ ਹਨ ਜਿਸ ਕਾਰਨ ਅਜਿਹੀਆਂ ਸਰਕਾਰਾਂ ਸਫਲ ਨਹੀਂ ਹੋ ਸਕਦੀਆਂ। ਇਹ ਇਕ ਰੋਟੀ ਨੂੰ ਬੁਰਕੀਆਂ ਵਿਚ ਵੰਡਣ ਵਰਗੀ ਹਾਲਤ ਹੈ ਜਿਸ ਨਾਲ ਕਿਸੇ ਦਾ ਵੀ ਢਿੱਡ ਨਹੀਂ ਭਰਦਾ।
ਇਨ੍ਹਾਂ ਮਿਲਵੇਂ ਕਾਰਨਾਂ ਕਰਕੇ ਸਮੱਸਿਆਵਾਂ ਸੰਕਟ ਬਣ ਚੁੱਕੀਆਂ ਹਨ। ਕੋਈ ਸਰਕਾਰ ਆਏ ਇਸ ਸੰਕਟ ਤੋਂ ਛੁਟਕਾਰਾ ਨਹੀਂ ਪਾ ਸਕਦੀ। ਇਹ ਸੰਕਟ ਘਟਣਾ ਨਹੀਂ ਲਗਾਤਾਰ ਵਧਦਾ ਜਾਏਗਾ। ਮਿਸਾਲ ਵਜੋਂ ਪੰਜਾਬ ਦੇ ਸਕੂਲ ਬੋਰਡ ਦੇ 12ਵੀਂ ਦੇ ਇਮਤਿਹਾਨਾਂ ਵਿਚੋਂ ਦੋ ਲੱਖ ਦੇ ਨੇੜੇ ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਵਿਚੋਂ ਕੁਝ ਕਾਲਜਾਂ ‘ਚ ਚਲੇ ਜਾਣਗੇ ਤੇ ਅੱਗੋਂ ਬੀ.ਏ. ਪਾਸ ਕਰਨ ਵਾਲੇ ਪੰਜਾਹ-ਸੱਠ ਹਜ਼ਾਰ ਰਹਿ ਜਾਣਗੇ। ਉਨ੍ਹਾਂ ਵਿਚੋਂ ਕੁਝ ਯੂਨੀਵਰਸਿਟੀਆਂ ਵਿਚ ਚਲੇ ਜਾਣਗੇ ਤੇ ਪੰਦਰਾਂ-ਵੀਹ ਹਜ਼ਾਰ ਬੀ.ਐੱਡ. ਕਾਲਜਾਂ ਵਿਚ ਜੋ ਪਹਿਲਾਂ ਹੀ ਡੇਢ-ਦੋ ਲੱਖ ਬੇਰੁਜ਼ਗਾਰ ਅਧਿਆਪਕਾਂ ਦੀ ਸੰਖਿਆ ਵਧਾ ਦੇਣਗੇ। ਜੇ ਸਿਰਫ ਪਿਛਲੇ ਦਹਾਕੇ ਦਾ ਹੀ ਅੰਦਾਜ਼ਾ ਲਾਈਏ ਤਾਂ 12ਵੀਂ ਪਾਸ ਕਰਨ ਵਾਲੇ ਤੇ ਬੀ.ਏ., ਬੀ.ਐੱਡ. ਤੇ ਐਮ.ਏ. ਆਦਿ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਤੀਹ ਲੱਖ ਤੋਂ ਵਧੇਰੇ ਹੋ ਜਾਂਦੀ ਹੈ ਪਰ ਕੰਮ ਸਾਲ ਵਿਚ ਦਸ-ਪੰਦਰਾਂ ਹਜ਼ਾਰ ਨੂੰ ਵੀ ਨਹੀਂ ਮਿਲਦਾ। ਬਾਕੀ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ। ਇਹ ਪੜ੍ਹੇ-ਲਿਖੇ ਬੇਰੁਜ਼ਗਾਰ ਜਦੋਂ ਵੀ ਜਿੱਥੇ ਵੀ ਮੌਕਾ ਮਿਲੇ ਬਾਬਾ ਰਾਮਦੇਵ ਵਰਗਿਆਂ ਦੇ ਅੰਦੋਲਨਾਂ ਵਿਚ ਜਾ ਰਲਦੇ ਹਨ। ਉਨ੍ਹਾਂ ਦਾ ਮਨੋਰਥ ਅਜਿਹੇ ਅੰਦੋਲਨਾਂ ਦੀ ਸਫਲਤਾ, ਅਸਫਲਤਾ ਨਹੀਂ ਹੁੰਦੀ। ਪੰਜਾਬੀ ਮੁਹਾਵਰੇ ਅਨੁਸਾਰ ‘ਵਿਹਲੇ ਨਾਲੋਂ ਵਗਾਰ ਚੰਗੀ’ ਹੁੰਦਾ ਹੈ। ਅਜਿਹੇ ਬੇਰੁਜ਼ਗਾਰ ਤੇ ਵਿਹਲਿਆਂ ਦੀ ਗਿਣਤੀ ਸੱਤਾਧਾਰੀ ਵਰਗਾਂ ਦੀ ਅਯੋਗਤਾ ਹੈ ਜਿਹੜੇ 64 ਸਾਲ ‘ਚ ਕੋਈ ਵੀ ਅਜਿਹੀ ਠੋਸ ਤੇ ਕਾਰਗਰ ਕਾਰਵਾਈ ਨਹੀਂ ਕਰ ਸਕੇ ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਹੋ ਸਕਦੀਆਂ।
ਹੁਣ ਸਮਾਂ ਵਿਹਾ ਚੁੱਕਾ ਹੈ, ਇਸ ਲਈ ਅਸਫਲ ਅੰਦੋਲਨਾਂ ਤੇ ਸੱਤਾਧਾਰੀ ਵਰਗਾਂ ਦੀਆਂ ਇਨ੍ਹਾਂ ਤੋਂ ਬਚਣ ਲਈ ਕੀਤੀਆਂ ਕਾਰਵਾਈਆਂ ਤੋਂ ਬਚ ਕੇ ਗੱਦੀ ਸੰਭਾਲਣ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ। ਇਸੇ ਕਾਰਨ ਲਗਾਤਾਰ ਵਧਦੇ ਸੰਕਟ ਸਿਰਫ ਅਰਾਜਕਤਾ ਹੀ ਫੈਲਾਉਣਗੇ ਜੋ ਸਾਰੇ ਦੇਸ਼ ਲਈ ਮੰਦਭਾਗੀ ਹਾਲਤ ਹੋਏਗੀ। ਇਸ ਸੰਕਟ ਦਾ ਹੱਲ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਵੀ ਬੁਰੀ ਤਰ੍ਹਾਂ ਅਸਫਲ ਹੋ ਰਹੀਆਂ ਹਨ। ਜਿਵੇਂ ਬੰਗਾਲ ਦੀ ਸਰਕਾਰ ਦਾ ਹਾਲ ਹੋਇਆ ਹੈ। ਕਰਨਾ ਕੁਝ ਮਮਤਾ ਦੀਦੀ ਦੀ ਸਰਕਾਰ ਨੇ ਵੀ ਨਹੀਂ ਕਿਉਂਕਿ ਸਿਰਫ ਪਾਰਟੀ ਬਦਲੀ ਹੈ, ਨਿਜ਼ਾਮ ਨਹੀਂ ਬਦਲਿਆ ਜਿਸ ਨੂੰ ਬਦਲੇ ਬਿਨਾਂ ਕੋਈ ਸਰਕਾਰ ਸਫਲ ਨਹੀਂ ਹੋ ਸਕਦੀ। (ਨਿਜ਼ਾਮ ਹਮੇਸ਼ਾ ਸੁਚੇਤ ਲੋਕ ਬਦਲਦੇ ਹਨ, ਪਰ ਸਾਡੇ ਆਮ ਲੋਕਾਂ ਵਿਚੋਂ 90 ਫੀਸਦੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ‘ਨਿਜ਼ਾਮ’ ਕਿਸ ‘ਬਲਾਅ’ ਦਾ ਨਾਂ ਹੈ) ਸੋ ਭਵਿੱਖ ਹਨੇਰਾ ਹੈ। ਨਿਰੀਆਂ ‘ਆਸਾਂ’ ਕਦੇ ਵੀ ਵੱਡੇ ਸੰਕਟ ਦੂਰ ਨਹੀਂ ਕਰ ਸਕਦੀਆਂ, ਉਲਟਾ ਪੂਰੀਆਂ ਨਾ ਹੋਣ ‘ਤੇ ਨਿਰਾਸ਼ਾ ਦਾ ਅੰਧਕਾਰ ਹੋਰ ਵਧ ਜਾਂਦਾ ਹੈ, ਜੋ ਅਰਾਜਕਤਾ ਦੀ ਜੜ੍ਹ ਹੈ।

Saturday, May 28, 2011
ਕੌਮਾਂ ਦੀ ਖ਼ਾਸੀਅਤ ਦੇ ਮੂਲ ਆਧਾਰ / ਗੁਰਦਿਆਲ ਸਿੰਘ

ਪਾਠਕਾਂ ਨੇ ਪੁੱਛਿਆ ਕਿ, ਕੀ ਅਸੀਂ ਭਾਰਤੀ, ਪੱਛਮੀ ਕੌਮਾਂ ਨਾਲੋਂ ਕਮਜ਼ੋਰ ਹਾਂ ਕਿ ਉਹ ਬਹੁਤ ਤਰੱਕੀ ਕਰ ਗਏ ਪਰ ਅਸੀਂ ਪਛੜਦੇ ਹੀ ਗਏ?
ਸਵਾਲ ਸਾਧਾਰਨ ਨਹੀਂ ਤੇ ਨਾ ਹੀ ਇਸ ਦਾ ਜਵਾਬ ਸਾਧਾਰਨ ਹੈ। ਬਹੁਤੇ ਪੜ੍ਹੇ-ਲਿਖੇ ਵੀ ਉਨ੍ਹਾਂ ਪਰੰਪਰਾਵਾਂ ਨੂੰ ਪ੍ਰਵਾਨ ਨਹੀਂ ਕਰਦੇ ਜਿਨ੍ਹਾਂ ਕਰਕੇ ਦੱਖਣੀ-ਪੂਰਬੀ ਦੇਸ਼ਾਂ ਦੇ ਲੋਕ ਪੱਛਮੀ ਦੇਸ਼ਾਂ ਤੋਂ ਪਛੜ ਗਏ। ਪਰ ਇਤਿਹਾਸ ਬੜਾ ਜ਼ਾਲਮ ਹੈ, ਇਹ ਕੌਮਾਂ ਦੇ ਹੱਡੀਂ ਰਚਿਆ ਰਹਿੰਦਾ ਹੈ ਤੇ ਇਹਦੇ ਪ੍ਰਭਾਵਾਂ ਦਾ ਪਤਾ ਵੀ ਨਹੀਂ ਲੱਗਦਾ। ਭਾਵੇਂ ਇਹ ਵੀ ਸਚਾਈ ਹੈ ਕਿ ਬਦਲਦੇ ਹਾਲਾਤ ਦੇ ਪ੍ਰਭਾਵ ਹਰ ਕੌਮ ਦੇ ਸੁਭਾਅ ਨੂੰ ਪ੍ਰਭਾਵਤ ਕਰਦੇ ਹਨ ਪਰ ਜੋ ਸੁਭਾਅ ਸਦੀਆਂ ਦੇ ਇਤਿਹਾਸ ਨੇ ਹੱਡੀਂ ਰਚਾ ਦਿੱਤਾ ਹੈ, ਉਹ ਅਚੇਤ ਹੀ ਪ੍ਰਭਾਵਤ ਕਰਦਾ ਰਹਿੰਦਾ ਹੈ। ਇਸ ਨੂੰ ਕੁਝ ਠੋਸ ਤੱਥਾਂ ਰਾਹੀਂ ਸਮਝਿਆ ਜਾ ਸਕਦਾ ਹੈ।
ਭਾਰਤ ਵਿਚ ਆਰੀਏ ਕਦੋਂ ਆਏ (ਕੁਝ ਕਹਿੰਦੇ ਹਨ ਕਿ ਉਹ ਬਾਹਰੋਂ ਨਹੀਂ ਆਏ, ਭਾਰਤ ਦੇ ਜੱਦੀ ਵਸਨੀਕ ਸਨ) ਪਰ ਇਤਿਹਾਸਕਾਰ ਇਸ ਤੱਥ ‘ਤੇ ਸਹਿਮਤ ਹਨ ਕਿ ਪਾਕਿਸਤਾਨ ਦੇ ਪੱਛਮੀ ਇਲਾਕਿਆਂ ਵਿਚ, ਹੜੱਪਾ ਤੇ ਮਹੰਜੋਦੜੋ ਆਦਿ ਦੇ ਇਲਾਕਿਆਂ ਵਿਚ ਜੋ ਵੀ ਲੋਕ ਵਸਦੇ ਸਨ, ਉਨ੍ਹਾਂ ਦੇ ਰਹਿਣ ਦਾ ਪ੍ਰਮਾਣ, ਅੱਜ ਤੋਂ ਤਿੰਨ, ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਦਾ ਮਿਲਦਾ ਹੈ- ਭਾਵ ਸਿਕੰਦਰ ਦੇ ਹਮਲੇ ਤੋਂ ਹਜ਼ਾਰ ਕੁ ਸਾਲ ਪਹਿਲਾਂ ਦਾ। ਇਹ ਇਲਾਕਾ ਬਹੁਤ ਉਪਜਾਊ ਸੀ। ਚੰਗੀਆਂ ਫਸਲਾਂ ਵੀ ਹੁੰਦੀਆਂ ਸਨ ਤੇ ਜੰਗਲਾਂ ‘ਚ ਘਾਹ-ਬਰੂਟ ਬਹੁਤ ਆਮ ਸੀ। ਦਰਿਆ ਬਾਰਾਂ ਮਹੀਨੇ ਵਗਦੇ ਰਹਿੰਦੇ ਸਨ। ਦੁੱਧ-ਘਿਓ ਇਸ ਲਈ ਆਮ ਸੀ (ਜੋ ਅੱਜ ਵੀ ਪੰਜਾਬ ਦੇ ਲੋਕਾਂ ਦੀ ਸਰਵੋਤਮ ਖੁਰਾਕ ਮੰਨੀ ਜਾਂਦੀ ਹੈ) ਕਿ ਗਊਆਂ ਜੰਗਲ ਤੇ ਘਾਹ-ਬਰੂਟ ਨਾਲ ਰੱਜ ਕੇ ਆ ਜਾਂਦੀਆਂ ਤੇ ਸ਼ਾਮ-ਸਵੇਰ ਦੁੱਧ ਚੋਅ ਕੇ ਰੱਜਵਾਂ ਦੁੱਧ-ਘਿਓ ਖਾਧਾ-ਪੀਤਾ ਜਾ ਸਕਦਾ ਸੀ। ਬਹੁਤ ਮਿਹਨਤ-ਮੁਸ਼ੱਕਤ ਦੀ ਲੋੜ ਨਹੀਂ ਸੀ। ਫਸਲਾਂ ਲਈ ਖੇਤਾਂ ਦੀ ਵਹਾਈ-ਬਿਜਾਈ ਤੇ ਰਾਖੀ ਉੱਤੇ ਸਾਲ ਵਿਚੋਂ ਸਿਰਫ ਦੋ-ਤਿੰਨ ਮਹੀਨੇ ਕੰਮ ਕਰਕੇ ਬਾਕੀ ਸਾਰਾ ਸਮਾਂ ਲੋਕ ਵਿਹਲੇ ਰਹਿੰਦੇ। ਅਜਿਹੇ ਸਮਾਜ ਦੇ ਬੁੱਧੀਵਾਨ ਦਰਿਆ ਵਿਚ ਇਸ਼ਨਾਨ ਕਰਕੇ, ਸੰਘਣੇ ਰੁੱਖਾਂ ਦੀ ਛਾਵੇਂ ਬੈਠ ਕੇ ਧਰਤੀ ਤੇ ਆਕਾਸ਼ ਦਾ ਰਹੱਸ ਸਮਝਣ ਲਈ ਸੋਚਦੇ ਰਹਿੰਦੇ।
ਅਜਿਹੇ ਸੁਖਾਵੇਂ ਮਾਹੌਲ ਕਾਰਨ (ਕੁਦਰਤ ਦੀ ਮਿਹਰ ਕਾਰਨ) ਉਸ ਸਮੇਂ ਦੇ ਬੁੱਧੀਜੀਵੀਆਂ ਨੇ ਜੀਵਨ ਦੇ ਮੂਲ-ਆਧਾਰ ਸਮਝਣ ਦੀ ਕੋਸ਼ਿਸ਼ ਕੀਤੀ। ਇਸੇ ਕਾਰਨ ਵੇਦ, ਬ੍ਰਾਹਮਣ, ਉਪਨਿਸ਼ਦ ਤੇ ਸ਼ਾਸਤਰ ਰਚੇ ਗਏ। ਸੋਚ ਸਮਝ ਬਹੁਤ ਵਿਕਸਤ ਹੋਈ। ਇਹਦਾ ਠੋਸ ਪ੍ਰਮਾਣ ਇਹ ਹੈ ਕਿ ਇਨ੍ਹਾਂ ਬੁੱਧੀਵਾਨਾਂ ਦੇ ਰਚੇ ਜਾਂ ਸੰਕਲਤ ਕੀਤੇ ਖਟ-ਸ਼ਾਸਤਰਾਂ (ਜੀਵਨ ਦੇ ਰਹੱਸ ਨੂੰ ਸਮਝਣ ਦੇ ਛੇ ਸਿਧਾਂਤ) ਵਿਚ ਪਾਤੰਜਲ ਰਿਸ਼ੀ ਨੇ ਜੀਵਨ ਦੇ ਕੇਵਲ ਦੋ ਤੱਤ ਦੱਸੇ- ਦ੍ਰਿਸ਼ ਦੇ ਦ੍ਰਿਸ਼ਟਾ। ਦੂਸਰੇ ਪੰਜ ਰਿਸ਼ੀ ਮੁਨੀਆਂ ਨੇ ਇਸ ਤੋਂ ਵੱਖਰੇ (ਵੀਹ ਤੋਂ ਵੀ ਵਧੇਰੇ) ਤੱਤ ਦੱਸੇ। ਕਿਸੇ ਨੂੰ ਸਹੀ ਮੰਨਿਆ ਜਾਏ- ਮੁੱਖ ਸਵਾਲ ਇਹ ਨਹੀਂ। ਸਵਾਲ ਆਪੋ-ਆਪਣੀ ਬੁੱਧੀ ਅਨੁਸਾਰ ਜੀਵਨ ਦਾ ਰਹੱਸ ਜਾਣਨ ਦੇ ਯਤਨਾਂ ਦਾ ਹੈ।
ਇਸੇ ਰਮਣੀਕ ਖਿੱਤੇ ‘ਤੇ ਕੁਦਰਤ ਦੀਆਂ ਮਿਹਰਾਂ ਵਾਲੇ ਇਲਾਕੇ ਤੋਂ, ਇਹ ਲੋਕ ਗੰਗਾ ਦੇ ਕਿਨਾਰੇ ਅੱਗੇ ਵਧਦੇ ਗਏ। ਸਮਰਿਧੀ ਹੋਰ ਵਧਦੀ ਗਈ। ਈਸਵੀ ਸੰਨ ਦੇ ਸ਼ੁਰੂਆਤੀ ਸਮੇਂ ਅੰਦਰ ਰਾਜੇ-ਮਹਾਰਾਜੇ ਤੇ ਆਮ ਲੋਕ ਸੁਖ-ਰਹਿਣੇ ਹੁੰਦੇ ਗਏ। ਸਿਕੰਦਰ ਤੋਂ ਬਾਅਦ ਕਈ ਹੋਰ ਹਮਲਾਵਰ ਵੀ ਆਉਂਦੇ ਰਹੇ। ਭਾਰਤੀ ਲੋਕਾਂ ਨੂੰ ਵਰਣਾਸ਼ਰਮ ਅਨੁਸਾਰ ਚਾਰ ਵਰਣਾਂ ਵਿਚੋਂ ਸਿਰਫ ਕਸ਼ਤ੍ਰੀਆਂ ਨੂੰ ਯੁੱਧ-ਵਿਦਿਆ ‘ਚ ਨਿਪੁੰਨ ਹੋਣ ਦਾ ਅਧਿਕਾਰ ਮਿਲਿਆ, ਬਾਕੀ ਤਿੰਨ ਜਾਤੀਆਂ ਨੂੰ ਸ਼ਸਤਰ ਵਿਦਿਆ ਦਾ ਅਧਿਕਾਰ ਨਾ ਹੋਣ ਕਾਰਨ ਪੋਰਸ ਤੋਂ ਲੈ ਕੇ 1947 ਤਕ ਭਾਰਤੀ ਲੋਕ ਹਮੇਸ਼ਾ ਛੋਟੇ-ਛੋਟੇ ਹਮਲਾਵਰਾਂ ਤੋਂ ਹਾਰਦੇ ਰਹੇ (ਕਾਰਨ ਦੋ ਹੀ ਸਨ, ਇਕ ਯੁੱਧ ਨੀਤੀ ਦੀ ਘਾਟ ਤੇ ਦੂਜਾ ਕੁਦਰਤ ਦੀ ਮਿਹਰ ਕਾਰਨ ਸੁਖ ਭੋਗੀ ਹੋਣਾ)।
ਪਰ ਦੂਜੇ ਪਾਸੇ ਪੱਛਮ ਦੇ ਲੋਕ ਅਤਿਅੰਤ ਸਰਦ ਮੌਸਮ ਵਿਚ ਜੀਵਨ ਬਿਤਾਉਣ ਕਾਰਨ, ਸਖਤ ਜਾਨ ਹੁੰਦੇ ਗਏ। ਯੂਰਪ ਦੇ ਦੇਸ਼ਾਂ ਵਿਚ, ਸਰਦੀ ਵਿਚ ਦਰਿਆ ਜੰਮ ਜਾਂਦੇ ਸਨ। ਸਭ ਰੁੱਖ-ਬੂਟੇ ਹਰਿਆਵਲ ਸਰਦੀ ਕਾਰਨ ਸੁੱਕ-ਸੜ ਜਾਂਦੀ। ਇੰਨੀ ਠੰਢ ਵਿਚ ਜਿਉਣ ਲਈ ਬੜੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ। ਦਰਿਆਵਾਂ ਦੇ ਉਤਲੇ ਹਿੱਸੇ ‘ਤੇ ਜਮੀ ਬਰਫ ਨੂੰ ਭੰਨ ਕੇ ਹੇਠੋਂ ਪਾਣੀ ਕੱਢਣਾ ਪੈਂਦਾ ਸੀ। ਉਸ ਵਿਚੋਂ ਮੱਛੀਆਂ ਲੱਭ ਕੇ ਭੁੱਖ ਮਿਟਾਣੀ ਪੈਂਦੀ ਸੀ। ਜਿਹੜੇ ਦੇਸ਼ ਸਮੁੰਦਰ ਦੇ ਕੰਢਿਆਂ ਨਾਲ ਲਗਦੇ ਸਨ, ਉਨ੍ਹਾਂ ਨੇ ਜਿਉਂਦੇ ਰਹਿਣ ਲਈ ਸਮੁੰਦਰਾਂ ਦਾ ਸਫਰ ਸ਼ੁਰੂ ਕੀਤਾ ਤੇ ਫੇਰ ਬਾਹਰਲੀਆਂ ਧਰਤੀਆਂ ਤਕ ਪਹੁੰਚੇ ਤੇ ਪਛੜੇ ਹੋਏ ਦੇਸ਼ਾਂ ਦੀ ‘ਅੰਧੀ-ਰਯਤਿ’ ਨੂੰ ਗੁਲਾਮ ਬਣਾ ਕੇ ਜਿੰਨਾ ਵੀ ਲੁੱਟ ਸਕਦੇ ਸਨ, ਰੱਜ ਕੇ ਲੁੱਟਿਆ। ਅਕਹਿ ਜ਼ੁਲਮ ਕੀਤੇ।
ਅਜਿਹਾ ਮੰਦਾ ਹਾਲ ਹੀ ਅਰਬ ਦੇਸ਼ਾਂ ਦਾ ਰਿਹਾ। ਰੇਗਿਸਤਾਨ ਦੀ ਜ਼ਿੰਦਗੀ ਕਿਸੇ ਪੱਖੋਂ ਵੀ ਸੁਖਾਵੀਂ ਨਹੀਂ ਹੁੰਦੀ। ਕਿਧਰੇ ਵੀ ਕੁਦਰਤ ਮਿਹਰਬਾਨ ਨਹੀਂ ਸੀ। ਦੂਰ-ਦੂਰ ਤਕ ਪਾਣੀ ਨਹੀਂ ਸੀ ਮਿਲਦਾ। ਬਹੁਤ ਥੋੜ੍ਹੀ ਧਰਤੀ ਹੁੰਦੀ ਜਿੱਥੇ ਲੋਕ ਭੇਡਾਂ-ਬੱਕਰੀਆਂ ਚਾਰ ਕੇ ਤੇ ਉਨ੍ਹਾਂ ਦੀ ਉੱਨ ਦੇ ਗਲੀਚੇ ਆਦਿ ਬਣਾ ਕੇ ਦੁਰਾਡੇ ਇਲਾਕਿਆਂ ਵਿਚ ਵੇਚ ਕੇ ਗੁਜ਼ਾਰਾ ਕਰਦੇ ਸਨ। ਊਠਾਂ ‘ਤੇ ਲੰਮਾ ਸਫਰ ਸੌਖਾ ਨਹੀਂ ਸੀ ਹੁੰਦਾ।
ਇਹ ਤੱਥ ਵੀ ਦਿਲਚਸਪ ਹੈ ਕਿ ਦੁਨੀਆਂ ਦੇ ਦੋ ਧਰਮਾਂ ਦਾ ਵਿਕਾਸ ਲਗਪਗ ਇਕੋ (ਨੇੜਲੇ) ਇਲਾਕਿਆਂ ਵਿਚ ਹੋਇਆ ਤੇ ਇਹ ਹੋਏ ਧਰਮ (ਇਸਾਈ ਤੇ ਇਸਲਾਮ) ਪਾਣੀ ਉੱਤੇ ਤੇਲ ਵਾਂਗ ਫੈਲ ਗਏ। ਏਸ਼ੀਆ ਦੇ ਵਧੇਰੇ ਮੁਲਕਾਂ ਵਿਚ ਪਹਿਲਾਂ ਇਸਲਾਮ ਫੈਲਿਆ ਤੇ ਉਸ ਤੋਂ ਮਗਰੋਂ ਇਨ੍ਹਾਂ ਕੋਲੋਂ ਏਸ਼ੀਆ ਤੇ ਅਫਰੀਕਾ ਦੇ ਲਗਪਗ ਸਾਰੇ ਇਲਾਕੇ ਇਸਾਈ ਧਰਮ ਦੇ ਪੈਰੋਕਾਰ ਯੂਰਪ ਦੇ ਗੋਰਿਆਂ ਨੇ ਖੋਹ ਲਏ। ਇਨ੍ਹਾਂ ਦੋਵੇਂ ਖਿੱਤਿਆਂ ਵਿਚ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਇਲਾਕੇ ਵਿਚ ਰਹਿਣ ਵਾਲੇ ਲੋਕ ਬਹੁਤ ਸਖਤ ਜਾਨ ਬਣ ਚੁੱਕੇ ਸਨ। ਜਿਉਂਦੇ ਰਹਿਣ ਲਈ ਕੁਦਰਤ ਦੀ ਕਰੋਪੀ (ਅਤਿਅੰਤ ਕਠਿਨ ਤੇ ਮੰਦੇ ਹਾਲਾਤ) ਨੇ ਇਨ੍ਹਾਂ ਵਿਚ ਜਿਉਂਦੇ ਰਹਿਣ ਲਈ, ਸਰੀਰਾਂ ਤੇ ਦਿਮਾਗਾਂ ਦਾ ਇੰਨਾ ਵਿਕਾਸ ਕੀਤਾ ਕਿ ਬਾਬਰ, ਭਾਰਤ ਵਰਗੇ ਦੇਸ਼ ਉੱਤੇ ਹਮਲਾ ਕਰਨ ਲਈ ਸਿਰਫ ਵੀਹ-ਪੰਝੀ ਹਜ਼ਾਰ ਫੌਜੀ ਲੈ ਕੇ ਆਇਆ, ਪਰ ਅੰਗਰੇਜ਼ਾਂ ਦੇ ਆਉਣ ਤਕ ਤਿੰਨ ਸਦੀਆਂ ਉਸ ਦੀ ਔਲਾਦ ਨੇ ਕਰੋੜਾਂ ਭਾਰਤੀਆਂ ‘ਤੇ ਰਾਜ ਕੀਤਾ। ਫੇਰ 6-7 ਹਜ਼ਾਰ ਮੀਲ ਸਮੁੰਦਰ ਹੰਘਾਲ ਕੇ ਅੰਗਰੇਜ਼ ਆਏ ਤੇ 6-7 ਸੌ ਰਾਜਿਆਂ ਦੀਆਂ ਆਪੋ-ਵਿਚਲੀਆਂ ਲੜਾਈਆਂ ਨਾਲ ਬਰਬਾਦ ਹੋਈ ਯੁੱਧ-ਸ਼ਕਤੀ ਨੂੰ ਸਿਰਫ ਇਕ ਲੱਖ ਤੋਂ ਘੱਟ ਅੰਗਰੇਜ਼ਾਂ ਨੇ ਸਿੱਧੇ-ਅਸਿੱਧੇ ਢੰਗਾਂ ਨਾਲ ਕਰੋੜਾਂ ਭਾਰਤੀਆਂ ਨੂੰ ਪਸ਼ੂਆਂ ਵਾਂਗ ਬਣਾਈ ਰੱਖਿਆ (ਭਾਰਤ ਦੀ ਆਜ਼ਾਦੀ ਸਿਰਫ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਅੰਦੋਲਨਾਂ ਨਾਲ ਹੀ ਨਹੀਂ ਸੀ ਆਈ, ਦੂਸਰੇ ਸੰਸਾਰ-ਯੁੱਧ ਕਾਰਨ ਹਿਟਲਰ ਦੀਆਂ ਫੌਜਾਂ ਨੇ ਅੰਗਰੇਜ਼ਾਂ ਦੀ ਯੁੱਧ-ਸ਼ਕਤੀ ਤੇ ਦੁਨੀਆਂ ਦੇ ਬਹੁਤੇ ਦੇਸ਼ਾਂ ਨੂੰ ਗੁਲਾਮ ਰੱਖਣ ਲਈ ਰਾਜ ਪ੍ਰਬੰਧ ਦੀ ਸਮਰੱਥਾ ਹੀ ਤਬਾਹ ਕਰ ਦਿੱਤੀ ਸੀ। ਕਾਰਨ ਇਹ ਵੀ ਸਨ ਕਿ ਕੋਲੰਬਸ ਦੇ ਅਮਰੀਕਾ ਲੱਭਣ ਪਿੱਛੋਂ, ਏਸ਼ੀਆ ਦੇ ਦੇਸ਼ ਵੀ ਅਠਾਰ੍ਹਵੀਂ-ਉਨ੍ਹੀਵੀਂ ਸਦੀ ਵਿਚ ਗੁਲਾਮੀ ਤੋਂ ਤੰਗ ਆ ਕੇ ਸੁਚੇਤ ਹੋਣ ਲੱਗ ਪਏ ਸਨ। (ਪਰ ਆਜ਼ਾਦੀ ਦੀ ਸਿੱਖਿਆ ਵੀ ਪੱਛਮੀ ਦੇਸ਼ਾਂ ਤੋਂ ਲਈ ਮਿਸਾਲ ਵਜੋਂ ਭਾਰਤ ਦੀ ਗਦਰ ਲਹਿਰ ਦੀ ਸ਼ੁਰੂਆਤ ਵੀ ਕੈਨੇਡਾ ਤੇ ਅਮਰੀਕਾ ਤੋਂ ਪ੍ਰਭਾਵਤ ਸੀ)।
ਭਾਰਤ, ਅਰਬ ਦੇਸ਼ ਤੇ ਯੂਰਪ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਫਰਕ ਇਹੋ ਸੀ ਕਿ ਮਨੁੱਖ ਦੇ ਜਿਉਂਦੇ ਰਹਿਣ ਲਈ ਜਿੰਨਾ ਵੀ ਵਧੇਰੇ ਸੰਘਰਸ਼ ਕਰਨਾ ਪਿਆ, ਉਸੇ ਕਾਰਨ ਉਨ੍ਹਾਂ ਖਿੱਤਿਆਂ ਦੇ ਲੋਕ ਸਖਤ ਜਾਨ ਹੁੰਦੇ ਗਏ। ਆਪਣੇ ਕਸ਼ਟਦਾਇਕ ਹਾਲਾਤ ਕਾਰਨ ਹੀ ਉਨ੍ਹਾਂ ਨੇ ਰੇਗਿਸਤਾਨ ਪਾਰ ਕੀਤੇ ਤੇ ਸਮੁੰਦਰ ਹੰਘਾਲੇ ਅਤੇ ਭਾਰਤ ਵਰਗੇ ਦੇਸ਼ਾਂ ਦੇ ਲੋਕਾਂ ਨੇ ਸੌਖੇ ਹਾਲਾਤ ਵਿਚ ਸਿਰਫ ਨਹਾਅ-ਧੋ ਕੇ, ਦੁੱਧ-ਘਿਓ ਖਾ-ਪੀ ਕੇ ਸੁਖ-ਰਹਿਣੀਆਂ ਕੌਮਾਂ ਨੂੰ ਗੁਲਾਮ ਬਣਾ ਲਿਆ।
ਇਹ ਵੀ ਸਚਾਈ ਹੈ ਕਿ ਵਕਤ ਬਦਲਣ ਨਾਲ ਗ਼ੁਲਾਮ ਕੌਮਾਂ ਨੂੰ ਹੋਸ਼ ਆਈ ਤੇ ਉਨ੍ਹਾਂ ਨੇ ਵੀ ਜਿਉਂਦੇ ਰਹਿਣ ਲਈ ਯਤਨ ਕਰਨੇ ਸ਼ੁਰੂ ਕੀਤੇ। ਪਰ ਅਜਿਹੀਆਂ ਕੌਮਾਂ ਵੀ ਪਛੜੀਆਂ ਹੋਈਆਂ ਹਨ ਕਿਉਂਕਿ ਆਧੁਨਿਕ ਯੁੱਗ ਦਾ ਸਾਰਾ ਵਿਗਿਆਨ, ਯੁੱਧ-ਸ਼ਕਤੀ ਤੇ ਰਾਜ ਪ੍ਰਬੰਧ ਦੇ ਸਭ ਢੰਗ-ਤਰੀਕੇ, ਯੂਰਪ ਦੀਆਂ ਕੌਮਾਂ ਨੇ ਹੀ ਵਿਕਸਤ ਕੀਤੇ, ਪਛੜੀਆਂ (ਤੇ ਸੁਖ ਰਹਿਣੀਆਂ) ਕੌਮਾਂ ਨੇ ਜੋ ਕੁਝ ਸਿੱਖਿਆ ਤੇ ਸਮਰਿਧੀ ਦੇ ਸਾਧਨ ਪੈਦਾ ਕੀਤੇ ਉਹ ਸਾਰੇ ਯੂਰਪ ਦੀਆਂ ਕੌਮਾਂ ਤੋਂ ਸਿੱਖੇ। ਕੁਦਰਤੀ ਹੈ ਕਿ ਉਸਤਾਦ, ਸ਼ਗਿਰਦ ਨਾਲੋਂ ਹਮੇਸ਼ਾ ਵਧੇਰੇ ਸਿਆਣਾ ਤੇ ਤੇਜ਼ ਦਿਮਾਗ ਹੁੰਦਾ ਹੈ। ਜੇ ਅਸੀਂ ਆਪਣੇ ਹੀ ਦੇਸ਼ ਦੀ ਮਿਸਾਲ ਲਈਏ ਤਾਂ ਸਾਡੀ ਫੌਜ ਦੀ ਪੂਰੀ ਬਣਤਰ ਅੱਜ ਵੀ ਉਹ ਹੈ ਜੋ ਅੰਗਰੇਜ਼ ਸਿਖਾ ਕੇ ਗਏ। ਵਰਦੀਆਂ ਤੋਂ ਹਥਿਆਰਾਂ ਤੇ ਟਰੇਨਿੰਗ ਤਕ ਸਭ ਕੁਝ ਅੰਗਰੇਜ਼ਾਂ ਦੀ ਦੇਣ ਹਨ (ਆਜ਼ਾਦੀ ਤੋਂ ਪਹਿਲਾਂ ਜਿਹੜੇ ਭਾਰਤੀ ਬਰਤਾਨੀਆ ਪੜ੍ਹ ਕੇ ਆਉਂਦੇ ਸਨ ਉਨ੍ਹਾਂ ਨੂੰ ‘ਇੰਗਲੈਂਡ ਰਿਟਰਨ’ ਕਹਿ ਕੇ ਸਭ ਤੋਂ ਇੱਜ਼ਤਦਾਰ ਤੇ ਸਿਆਣੇ ਕਿਹਾ ਜਾਂਦਾ ਸੀ)। ਵਿਦਿਅਕ ਪ੍ਰਬੰਧ ਹੋਵੇ ਜਾਂ ਰਾਜ ਪ੍ਰਬੰਧ, ਵਪਾਰ ਤੇ ਉਦਯੋਗ ਦਾ ਹਰ ਢੰਗ, ਜਾਂ ਅਸੀਂ ਅੰਗਰੇਜ਼ਾਂ ਤੋਂ ਸਿੱਖਿਆ ਹੈ ਜਾਂ ਯੂਰਪੀਅਨ ਕੌਮਾਂ ਤੋਂ। ਆਧੁਨਿਕ ਢੰਗ ਦੇ ਹਥਿਆਰ, ਜੰਗੀ ਜਹਾਜ਼ ਤੇ ਹੈਲੀਕਾਪਟਰ ਤਕ ਜਾਂ ਯੂਰਪ ਦੇ ਦੇਸ਼ਾਂ ਤੋਂ ਖਰੀਦਦੇ ਹਾਂ ਜਾਂ ਉਨ੍ਹਾਂ ਦੀ ਤਕਨਾਲੋਜੀ ਵਰਤ ਕੇ ਬਣਾਉਂਦੇ ਹਾਂ।
ਸਭ ਤੋਂ ਵੱਡਾ ਭੁਲੇਖਾ ਅਸੀਂ ਜਾਂ ਸਾਡੇ ਵਰਗੇ ਹੋਰ ਏਸ਼ੀਆਈ ਦੇਸ਼ਾਂ ਦੇ ਬੁੱਧੀਜੀਵੀਆਂ ਨੇ ਜੋ ਜਾਣਿਆ (ਜਾਂ ਸੋਚਿਆ) ਹੈ ਉਹ ਇਹੋ ਹੈ ਕਿ, ‘ਸੰਸਾਰ ਇਕ ਪਿੰਡ ਬਣ ਚੁੱਕਿਆ ਹੈ।’ ਵਿਸ਼ਵੀਕਰਨ (ਗਲੋਬਲਾਈਜ਼ੇਸ਼ਨ) ਇਸ ਭੁਲੇਖੇ ਦਾ ਦੂਜਾ ਨਾਂ ਹੈ। ਇਹ ਭਰਮ ਉਨ੍ਹਾਂ ਹੀ ਯੂਰਪੀਅਨ ਦੇਸ਼ਾਂ ਨੇ ਫੈਲਾਇਆ ਹੈ ਜੋ ਪਹਿਲਾਂ ਸਾਨੂੰ ਗੁਲਾਮ ਬਣਾ ਕੇ ਸਿੱਧੇ ਲੁੱਟਦੇ-ਮਾਰਦੇ ਰਹੇ, ਹੁਣ ਹਰ ਆਧੁਨਿਕ ਖੇਤਰ ‘ਚ ਵਿਕਾਸ ਦੇ ਨਾਂ ‘ਤੇ ਬਾਜ਼ਾਰਵਾਦ ਰਾਹੀਂ, ਗੁੱਝੇ ਢੰਗਾਂ ਨਾਲ ਲੁੱਟਣ ਲੱਗੇ ਹੋਏ ਹਨ। ‘ਆਜ਼ਾਦੀ’ ਦੇ ਮਖੌਟੇ ਵਿਚ ਲੁਕੀ ਬਾਜ਼ਾਰਵਾਦੀ ਦੀ ਗੁਲਾਮੀ ਨੂੰ ਆਪਣੇ ਪਛੜੇ ਇਤਿਹਾਸ ਤੇ ਕਮਜ਼ੋਰੀਆਂ ਕਾਰਨ ਸਾਡੇ ਨੇਤਾ, ਪਾਰੀਆਂ ਇਹੋ ਸਮਝੀ ਜਾਂਦੇ ਹਨ ਕਿ ‘ਗਲੋਬਲਾਈਜ਼ੇਸ਼ਨ’ ਹੀ ਸਾਡੇ ਵਿਕਾਸ ਦਾ ਆਧਾਰ ਹਨ। ਪਰ ਸੱਚਾਈ ਇਹ ਹੈ ਕਿ ਅਸੀਂ ਅੱਜ ਉਨ੍ਹਾਂ ਯੂਰਪੀਅਨ ਕੌਮਾਂ ਦੇ ਅਸਿੱਧੇ ਗੁਲਾਮ ਹਾਂ, ਜਿਨ੍ਹਾਂ ਦੇ ਪਹਿਲਾਂ ਸਿੱਧੇ ਗੁਲਾਮ ਸਾਂ।
ਸਵਾਲ ਕੌਮਾਂ ਦੇ ਫਰਕ ਤੋਂ ਸ਼ੁਰੂ ਕੀਤਾ ਪਰ ਬਹੁਤੀਆ ਦਲੀਲਾਂ ਯੂਰਪੀਅਨ ਕੌਮਾਂ ਦੀਆਂ ਦਿੱਤੀਆਂ ਹਨ। ਇਸਲਾਮ ਦਾ ਵੀ ਜ਼ਿਕਰ ਆਇਆ ਕਿ ਉਨ੍ਹਾਂ ਨੂੰ ਰੇਗਿਸਤਾਨਾਂ ਦੀਆਂ ਮੁਸ਼ਕਲਾਂ ਨੇ ਸਖਤ ਜਾਨ ਬਣਾ ਦਿੱਤਾ, ਤਦੇ ਉਹ ਇਸਲਾਮ ਦੇ ਆਰੰਭ ਹੋਣ ਤੋਂ ਤਿੰਨ-ਚਾਰ ਸਦੀਆਂ ਅੰਦਰ ਹੀ, ਭਾਰਤ ਤੇ ਏਸ਼ੀਆ ਦੇ ਦੇਸ਼ਾਂ ਉੱਤੇ ਛਾ ਗਏ। (ਭਾਰਤ ਦੇ ਸਿੰਧ ਇਲਾਕੇ ਵਿਚ, ਸੱਤਵੀਂ ਸਦੀ ਵਿਚ ਹੀ ਉਨ੍ਹਾਂ ਦੇ ਹਮਲੇ ਸ਼ੁਰੂ ਹੋ ਗਏ ਸਨ)।
ਇਸਲਾਮੀ ਦੇਸ਼ ਭਾਵੇਂ ਪੱਛਮੀ ਦੇਸ਼ਾਂ ਤੋਂ, ਆਧੁਨਿਕ ਖੇਤਰਾਂ ਵਿਚ ਪਛੜ ਗਏ ਪਰ ਅੱਜ ਵੀ ਉਹ ਸਖ਼ਤ ਜਾਨ ਹਨ। ਹੁਣ ਮਿਸਰ ਤੋਂ ਸ਼ੁਰੂ ਹੋਈ ਬਗ਼ਾਵਤ ਲਗਪਗ ਜੰਗਲ ਦੀ ਅੱਗ ਵਾਂਗ ਬਹੁਤੇ ਅਰਬ ਦੇਸ਼ਾਂ ਵਿਚ ਫੈਲ ਰਹੀ ਹੈ। ਲਿਬੀਆ ਦਾ ਡਿਕਟੇਟਰ ਗੱਦਾਫੀ ਅੜਿਆ ਹੋਇਆ ਹੈ ਪਰ ਉਹਦੀ ਹਕੂਮਤ ਨੂੰ ਤਬਾਹ ਕਰਨ ਲਈ ਅਮਰੀਕਾ ਤੇ ਨਾਟੋ ਦੇ ਦੇਸ਼ ਧੱਕੇ ਨਾਲ ਹੀ ਉਹਦੇ ਟਿਕਾਣੇ ਤਬਾਹ ਕਰਨ ਲੱਗ ਪਏ ਹਨ। ਆਮ ਬੰਦੇ ਨੂੰ ਇਸ ਗੁੰਝਲ ਦੀ ਸਮਝ ਨਹੀਂ ਆਉਂਦੀ ਕਿ ਯੂਰਪੀ ਦੇਸ਼ ਅਚਾਨਕ ਗੱਦਾਫੀ ਦੇ ਖ਼ਿਲਾਫ਼ ਕਿਉਂ ਹੋ ਗਏ? ਪਰ ਇਹ ਕੋਈ ਗੁੰਝਲ ਨਹੀਂ। ਇਰਾਕ ਉੱਤੇ ਅਮਰੀਕੀ ਹਮਲਿਆਂ ਤੇ ਸੱਦਾਮ ਹੁਸੈਨ ਨੂੰੂ ਫਾਂਸੀ ਚਾੜ੍ਹਨ ਦਾ ਕਾਰਨ, ਉਸ ਦੇਸ਼ ਦੇ ਤੇਲ ਦੀ ਲੁੱਟ ਸੀ। ਇਹੋ ਕਾਰਨ ਲਿਬੀਆ ਤੇ ਹੋਰ ਅਰਬ ਦੇਸ਼ਾਂ ਉੱਤੇ ਹਮਲਿਆਂ ਦਾ ਹੈ। ਜਦੋਂ ਲਿਬੀਆ ਦੇ ਬਾਗ਼ੀ ਲੋਕ, ਹੌਲੀ ਹੌਲੀ ਗੱਦਾਫੀ ਦੀ ਹਕੂਮਤ ਨੂੰ ਹਰਾ ਰਹੇ ਹਨ ਤਾਂ ਸੁਭਾਵਿਕ ਹੈ ਕਿ ਉਹ ਤੇਲ ਦੇ ਖੂਹ ਵੀ ਆਪਣੇ ਕਬਜ਼ੇ ਵਿਚ ਕਰ ਰਹੇ ਹਨ। ਯੂਰਪ ਤੇ ਅਮਰੀਕਾ ਨੂੰ ਤੇਲ ਦੀ ਸਭ ਤੋਂ ਵੱਧ ਲੋੜ ਹੈ। ਇਸ ਲਈ ਜਿਹੜੇ ਵੀ ਲੋਕ ਤੇਲ ਦੇ ਖੂਹਾਂ ‘ਤੇ ਕਾਬਜ਼ ਹੋਣਗੇ ਯੂਰਪ ਤੇ ਅਮਰੀਕਾ ਉਨ੍ਹਾਂ ਦੀ ਸਹਾਇਤਾ ਕਰੇਗਾ।
ਕੌਮਾਂ ਦੇ ਕਿਰਦਾਰ, ਉਨ੍ਹਾਂ ਦੀ ਸ਼ਕਤੀ, ਆਰਾਮਪ੍ਰਸਤੀ ਜਾਂ ਸਖਤ ਜਾਨ ਹੋਣ ਦੇ ਕਾਰਨ ਅੱਜ ਵੀ ਕਾਇਮ ਹਨ, ਭਾਵੇਂ ਉਨ੍ਹਾਂ ਦਾ ਰੂਪ ਪੁਰਾਣੇ ਸਮੇਂ ਵਾਲਾ ਨਹੀਂ ਰਿਹਾ ਪਰ ਮਾਨਸਿਕਤਾ ਦੇ ਆਧਾਰ ਅੱਜ ਵੀ ਕਾਇਮ ਹਨ। ਇਹ ਗੁੰਝਲਦਾਰ ਸਮੱਸਿਆ ਨੂੰ ਜੇ ਸਮਝ ਵੀ ਲਿਆ ਜਾਵੇ ਤਾਂ ਵੀ ਫਰਕ ਨਹੀਂ ਪੈਂਦਾ। ਪਛੜੇ (ਸੁਖ ਰਹਿਣੇ) ਦੇਸ਼ ਦੀ ਤੇ ਸਖ਼ਤ-ਜਾਨ ਕੌਮਾਂ ਦੀ ਮਾਨਸਿਕਤਾ ਸ਼ਾਇਦ ਇੱਕੀਵੀਂ ਸਦੀ ਵਿਚ ਕੁਝ ਬਦਲ ਸਕੇ ਕਿਉਂਕਿ ਇਹ ਲੋਕ (ਕੌਮਾਂ) ਅਜਿਹੀਆਂ ਮੁਸ਼ਕਲਾਂ-ਮੁਸੀਬਤਾਂ ਵਿਚ ਘਿਰਦੇ ਜਾ ਰਹੇ ਹਨ ਕਿ ਆਪਣੀ ਮਾਨਸਿਕਤਾ ਨੂੰ ਬਦਲੇ ਬਿਨਾਂ ਤੇ ਹੱਥ-ਪੈਰ ਮਾਰੇ ਬਿਨਾਂ ਉਨ੍ਹਾਂ ਦਾ ਵਜੂਦ ਹੀ ਖਤਰੇ ਵਿਚ ਪੈ ਜਾਣਾ ਹੈ।
ਸਵਾਲ ਇਕੋ ਹੈ: ਜਿਉਂਦੇ ਰਹਿਣ ਦੀ ਪ੍ਰਵਿਰਤੀ। ਇਸੇ ਅਧੀਨ ਹਮੇਸ਼ਾ ਮਨੁੱਖ ਜਿਉਂਦੇ ਰਹਿਣ ਲਈ ਆਪਣੇ ਸਰੀਰ ਤੇ ਦਿਮਾਗ ਦੀ ਵਰਤੋਂ ਕਰਦਾ ਰਿਹਾ ਹੈ ਤੇ ਜਦੋਂ ਤਕ ਇਹਦਾ ਵਜੂਦ ਕਾਇਮ ਹੈ, ਉਹਨੂੰ ਜਿਉਂਦੇ ਰਹਿਣ ਲਈ ਹਰ ਯਤਨ ਕਰਨਾ ਪਵੇਗਾ। ਇਹੋ ਇਕ ਗੋਝ ਹੈ ਜਿਸ ਨੂੰ ਸਮਝੇ ਬਿਨਾਂ ਸੰਸਾਰ ਵਿਚ ਵਾਪਰ ਰਹੀਆਂ ਤਬਦੀਲੀਆਂ ਤੇ ਘਟਨਾਵਾਂ ਨੂੰ ਨਹੀਂ ਸਮਝਿਆ ਜਾ ਸਕਦਾ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
ਦੇਸ਼ ਨੂੰ ਅਰਾਜਕਤਾ ਵੱਲ ਲੈ ਜਾਏਗੀ ਆਬਾਦੀ ਦੀ ਅਮਰ ਵੇਲ-ਗੁਰਦਿਆਲ ਸਿੰਘ

2011 ਦੀ ਮਰਦਮਸ਼ੁਮਾਰੀ ਵਿਚ ਭਾਰਤ ਦੀ ਆਬਾਦੀ ਇਕ ਅਰਬ 21 ਕਰੋੜ ਹੋ ਗਈ ਹੈ। ਸੁਭਾਵਿਕ ਹੈ ਕਿ ਜਿੰਨੀ ਵਸੋਂ ਵਧੇਰੇ ਹੋਏਗੀ, ਉਸੇ ਅਨੁਪਾਤ ਨਾਲ ਵਾਧਾ ਹੋਰ ਵਧੇਰੇ ਹੁੰਦਾ ਜਾਏਗਾ। ਭਾਰਤ ਦੇ ਖੇਤਰਫਲ ਅਨੁਸਾਰ ਜਿੰਨੀ ਥਾਂ ਏਨੀ ਵੱਡੀ ਆਬਾਦੀ ਦੇ ਰਹਿਣ ਲਈ, ਅਨਾਜ ਉਗਾਉਣ ਲਈ ਤੇ ਵਿਕਾਸ ਕਾਰਜਾਂ ਲਈ ਚਾਹੀਦੀ ਹੈ, ਉਹ ਆਬਾਦੀ ਦੇ ਵਾਧੇ ਨਾਲ ਹਰ ਰੋਜ਼ ਘਟਦੀ ਜਾਣੀ ਹੈ। ਅਗਲੇ ਦਹਾਕੇ ਵਿਚ ਹਾਲਤ ਏਨੀ ਮਾੜੀ ਹੋ ਜਾਏਗੀ ਕਿ ਹੇਠਲੇ ਤਬਕੇ ਦੇ ਸੌ ਕਰੋੜ ਤੋਂ ਵਧੇਰੇ ਲੋਕਾਂ ਨੂੰ ਸਿਰ ਲੁਕਾਉਣ ਜੋਗੀ ਥਾਂ ਨਹੀਂ ਮਿਲਣੀ। ਕੇਂਦਰੀ ਸਰਕਾਰ ਆਬਾਦੀ ਦੇ ਵਾਧੇ ਦੀ ਅਤਿ-ਗੰਭੀਰ ਸਮੱਸਿਆ ਨੂੰ ਅੰਕੜਿਆਂ ਵਿਚ ਉਲਝਾ ਰਹੀ ਹੈ। ਇਹ ਕਿਹਾ ਜਾਂਦਾ ਹੈ ਕਿ ਆਬਾਦੀ ਵਿਚ ਜਿੰਨੇ ਫ਼ੀਸਦੀ ਵਾਧਾ 1990-2000 ਵਿਚ ਹੋਇਆ, 2001-2011 ਤੱਕ ਉਸ ਫ਼ੀਸਦੀ ਤੋਂ ਘੱਟ ਹੋਇਆ। ਇਹ ਅਤਿਅੰਤ ਗੰਭੀਰ ਸੰਕਟ ਦਾ ਮਜ਼ਾਕ ਉਡਾਉਣ ਵਾਲੀ ਦਲੀਲ ਹੈ। ਫ਼ੀਸਦੀ ਘੱਟ-ਵੱਧ ਹੋਣ ਨਾਲ ਕੁੱਲ ਆਬਾਦੀ ਦਾ ਕੀ ਸਬੰਧ ਹੈ?
ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਦੇਸ਼ ਦੀ ਸਾਖ਼ਰਤਾ (ਪੜ੍ਹੇ-ਲਿਖੇ) ਦੀ ਦਰ ਵਿਚ ਵੀ ਵਾਧਾ ਹੋਇਆ ਹੈ। 12ਵੀਂ ਜਮਾਤ ਤੱਕ ਦੇ ਸਕੂਲਾਂ ਤੇ ਬੀ. ਏ. ਤੱਕ ਦੇ ਕਾਲਜਾਂ ਦੀ ਗਿਣਤੀ ਦੇ ਵਾਧੇ ਬਾਰੇ ਫੜ੍ਹਾਂ ਮਾਰੀਆਂ ਜਾਂਦੀਆਂ ਹਨ। ਪਰ ਇਨ੍ਹਾਂ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਨ ਵਾਲੇ ਕਰੋੜਾਂ ਵਿਦਿਆਰਥੀਆਂ ਵਿਚੋਂ ਸੌ 'ਚੋਂ ਪੰਜਾਂ ਨੂੰ ਵੀ ਗੁਜ਼ਾਰੇ ਜੋਗਾ ਕੰਮ ਨਹੀਂ ਮਿਲਦਾ। ਅਜਿਹੀ ਹਾਲਤ ਵਿਚ ਬੀ. ਏ., ਐਮ. ਏ. ਤੱਕ ਦੀਆਂ ਡਿਗਰੀਆਂ ਰੱਦੀ ਵਿਚ ਵੇਚਣ ਵਾਲੇ ਕਾਗਜ਼ ਬਣ ਕੇ ਰਹਿ ਜਾਂਦੀਆਂ ਹਨ। ਬੀ. ਏ. ਕਰਨ ਤੱਕ ਵਿਦਿਆਰਥੀਆਂ ਦੀ ਉਮਰ 21-22 ਸਾਲ ਹੋ ਜਾਂਦੀ ਹੈ। ਉਹ ਨਿੱਕੀ-ਮੋਟੀ ਨੌਕਰੀ ਲਈ ਦਰ-ਦਰ ਧੱਕੇ ਖਾਂਦੇ ਤੇ ਪਰਿਵਾਰ ਵੱਲੋਂ ਨਕਾਰੇ ਜਾਂਦੇ ਹਨ ਤਾਂ ਨਸ਼ਿਆਂ ਨਾਲ ਦੇਹ ਗਾਲਣ ਲਗਦੇ ਹਨ ਜਾਂ ਛੋਟੇ-ਮੋਟੇ ਜੁਰਮ ਕਰਨ ਲਗਦੇ ਹਨ ਜਿਸ ਕਾਰਨ ਪਰਿਵਾਰ ਹੀ ਨਹੀਂ ਪੂਰਾ ਸਮਾਜ ਤੇ ਰਾਜ ਪ੍ਰਬੰਧ ਵੀ ਪ੍ਰਭਾਵਿਤ ਹੁੰਦਾ ਹੈ। ਸਰਕਾਰਾਂ ਵਿਕਾਸ ਦਾ ਬੜਾ ਪ੍ਰਚਾਰ ਕਰਦੀਆਂ ਹਨ। ਪਿਛਲੇ ਦਿਨੀਂ ਹੀ ਨੋਇਡਾ ਤੋਂ ਆਗਰੇ ਤੱਕ 'ਜਰਨੈਲੀ' ਸੜਕ ਲਈ ਜ਼ਮੀਨ ਦੇਣ ਤੋਂ ਕਿਸਾਨਾਂ ਨੇ ਇਨਕਾਰ ਕਰ ਦਿੱਤਾ। ਖ਼ਬਰਾਂ ਅਨੁਸਾਰ ਭੜਕੇ ਲੋਕਾਂ ਨੇ ਪੁਲਿਸ ਦੇ ਦੋ ਸਿਪਾਹੀ ਮਾਰ ਦਿੱਤੇ। ਨਤੀਜੇ ਵਜੋਂ ਸੈਂਕੜੇ ਪੁਲਿਸ ਵਾਲਿਆਂ ਨੇ ਪਿੰਡ ਦੇ ਲੋਕਾਂ ਦੀ ਜੋ ਮਾਰ-ਕੁਟਾਈ ਕੀਤੀ, ਗ੍ਰਿਫ਼ਤਾਰੀਆਂ ਕੀਤੀਆਂ, ਉਹ 'ਵਿਕਾਸ' ਦੀ ਬੜੀ ਵੱਡੀ ਮਿਸਾਲ ਕਹੀ ਜਾ ਸਕਦੀ ਹੈ। ਇਹ ਵਿਕਾਸ ਸੱਪ ਦੇ ਮੂੰਹ ਕੋੜ੍ਹ-ਕਿਰਲੀ ਹੈ। ਜੇ ਸੜਕਾਂ ਨਹੀਂ ਬਣਨਗੀਆਂ ਤਾਂ ਟਰੱਕ, ਬੱਸਾਂ, ਕਾਰਾਂ ਨਹੀਂ ਚੱਲਣਗੀਆਂ। ਜੇ ਸੜਕਾਂ ਲਈ ਕਿਸਾਨਾਂ ਪਾਸੋਂ ਜ਼ਮੀਨ ਖੋਹੀ ਜਾਏਗੀ ਤਾਂ ਉਹ ਕੀ ਕਰਨਗੇ? ਉਨ੍ਹਾਂ ਨੂੰ ਜ਼ਮੀਨ ਦਾ ਪੈਸਾ ਮਿਲੇਗਾ, ਉਸ ਦਾ ਉਹ ਕੀ ਕਰਨਗੇ? ਕੋਈ ਦੱਸ ਸਕਦਾ ਹੈ? ਕਿਸਾਨ ਨੂੰ ਇਹ ਸਮਝ ਹੀ ਨਹੀਂ ਕਿ ਵਾਧੂ ਪੈਸਾ ਅਜਿਹੇ ਢੰਗ ਨਾਲ ਵਰਤੇ ਕਿ ਉਹ ਵਧਦਾ ਜਾਏ। ਇਹ ਬਾਫ਼ਰ ਪੈਸਾ ਬਹੁਤ ਛੇਤੀ ਕੁਝ ਵਧਦੀ ਮਹਿੰਗਾਈ ਖਾ ਜਾਏਗੀ ਤੇ ਕੁਝ ਫਜ਼ੂਲ-ਖਰਚੀ 'ਚ ਬਰਬਾਦ ਹੋ ਜਾਏਗਾ। ਜ਼ਮੀਨ ਲੈਣਾ ਚਾਹੇ ਤਾਂ ਉਹ ਪੰਜਾਬ ਵਿਚ ਮਿਲਦੀ ਨਹੀਂ, ਕਿਉਂਕਿ ਹਰ ਪਰਿਵਾਰ ਕੋਲ ਢਾਈ ਏਕੜ ਰਹਿ ਗਈ ਹੈ, ਉਹ ਵੇਚ ਕੇ ਕਿਸਾਨ ਕਰੇਗਾ ਕੀ?
ਇਹ ਮਾਮੂਲੀ ਸਮੱਸਿਆਵਾਂ ਨਹੀਂ, ਵੱਡਾ ਸੰਕਟ ਹੈ ਜਿਸ ਦਾ ਸਿੱਧਾ ਸਬੰਧ ਆਬਾਦੀ ਦੇ ਵਾਧੇ ਨਾਲ ਹੈ। ਜੇ ਇਸ ਨੂੰ ਸਖ਼ਤੀ ਨਾਲ ਰੋਕਿਆ ਨਹੀਂ ਜਾਂਦਾ ਤਾਂ ਭਾਵੇਂ ਕਿੰਨੇ ਵੀ ਯੋਜਨਾ-ਕਮਿਸ਼ਨ ਬਣਦੇ ਰਹਿਣ, ਕਿੰਨੇ ਵੀ ਮੋਨਟੇਕ ਸਿੰਘ ਆ ਜਾਣ ਦੇਸ਼ ਨੂੰ ਤਬਾਹੀ ਤੋਂ ਬਚਾਇਆ ਨਹੀਂ ਜਾ ਸਕਦਾ। ਜਿੰਨੀ ਆਬਾਦੀ ਵਧ ਚੁੱਕੀ ਹੈ, ਉਸ ਵਿਚੋਂ ਕੰਮ ਕਰਨ ਯੋਗ ਲਗਭਗ 90 ਕਰੋੜ ਲੋਕਾਂ ਨੂੰ ਕੋਈ ਕੰਮ ਨਹੀਂ ਦਿੱਤਾ ਜਾ ਸਕਦਾ। ਮਿਸਾਲ ਵਜੋਂ ਇਨ੍ਹਾਂ ਵਿਚੋਂ 98 ਫ਼ੀਸਦੀ, ਖੇਤੀ ਜਾਂ ਸਾਧਾਰਨ ਮਜ਼ਦੂਰੀ (ਜਿਸ ਲਈ ਕਿਸੇ ਸਿਖਲਾਈ ਦੀ ਲੋੜ ਨਹੀਂ) ਕਰ ਸਕਣ ਵਾਲੇ ਲੋਕਾਂ ਨੂੰ ਸਰਕਾਰਾਂ ਕੀ ਕੰਮ ਦੇਣਗੀਆਂ? ਖੇਤੀ ਲਈ ਜ਼ਮੀਨ ਲਗਾਤਾਰ ('ਵਿਕਾਸ' ਕਾਰਜਾਂ ਲਈ, ਜੋ ਸਰਕਾਰਾਂ ਵੱਲੋਂ ਲਈ ਜਾ ਰਹੀ ਹੈ) ਘਟਣ ਕਾਰਨ ਕਿਸਾਨ ਪਰਿਵਾਰਾਂ ਦੇ ਕੰਮ ਕਰਨ ਯੋਗ ਬੰਦਿਆਂ ਲਈ ਵੀ ਕੰਮ ਨਹੀਂ ਬਚਿਆ। ਰਹਿੰਦੀ ਕਸਰ ਖੇਤੀ ਦੇ ਮਸ਼ੀਨੀਕਰਨ ਨੇ ਕੱਢ ਦਿੱਤੀ ਹੈ। ਕਿਸਾਨਾਂ ਲਈ ਕੰਮ ਹੋਰ ਘਟਾ ਦਿੱਤਾ ਹੈ। ਉਨ੍ਹਾਂ ਨੂੰ ਸਹਾਇਕ ਧੰਦਿਆਂ ਲਈ ਕਿਹਾ ਜਾਂਦਾ ਹੈ ਜੋ ਪਹਿਲਾਂ ਹੀ ਬੁਰੀ ਤਰ੍ਹਾਂ ਅਸਫਲ ਹੋ ਚੁੱਕੇ ਹਨ। ਤਗਾਰੀ ਚੁੱਕਣ ਵਾਲੇ ਮਜ਼ਦੂਰਾਂ ਦੀ ਹਾਲਤ ਦੇਖਣੀ ਹੋਵੇ ਤਾਂ ਕਿਸੇ ਵੀ ਛੋਟੇ-ਵੱਡੇ ਸ਼ਹਿਰ ਦੇ 'ਲੇਬਰ ਚੌਕਾਂ' ਵਿਚ ਜਾ ਕੇ ਦੇਖ ਸਕਦੇ ਹੋ। ਸਵੇਰੇ ਜੇ ਉਥੇ ਸੌ ਮਜ਼ਦੂਰ ਖੜ੍ਹੇ ਹੋਣ ਤਾਂ ਦੁਪਹਿਰ ਤੱਕ ਘੱਟੋ-ਘੱਟ 80 ਵਿਹਲੇ ਖੜ੍ਹੇ ਮਿਲਣਗੇ। ਨਰੇਗਾ ਵਿਚ ਜੋ ਅੱਧ-ਪਚੱਧੇ ਲੋਕਾਂ ਨੂੰ ਕੰਮ ਦਿੱਤਾ ਵੀ ਜਾਏ ਤਾਂ ਉਨ੍ਹਾਂ ਨੂੰ ਕਿਸੇ ਉਤਪਾਦਨ ਦੇ ਕੰਮ 'ਤੇ ਨਹੀਂ ਲਾਇਆ ਜਾ ਸਕਦਾ, ਸਿਰਫ ਛੱਪੜਾਂ ਦੀ ਗਾਰ ਕੱਢਣ, ਪਿੰਡਾਂ ਦੀਆਂ ਗਲੀਆਂ ਪੱਕੀਆਂ ਕਰਨ ਜਾਂ ਪਿੰਡ ਤੋਂ ਸ਼ਹਿਰ ਨੂੰ ਜਾਂਦੀ ਸੜਕ ਦੇ ਟੋਟੇ 'ਤੇ ਮਿੱਟੀ ਪਾਉਣ ਤੋਂ ਬਿਨਾਂ ਹੋਰ ਕੀ ਕੰਮ ਬਚਿਆ ਹੈ?
ਇਕ ਗੁੱਝੀ ਗੱਲ ਜੋ ਸਰਕਾਰਾਂ ਨੂੰ ਸਮਝ ਨਹੀਂ ਆਉਂਦੀ (ਜਾਂ ਉਹ ਜਾਣਬੁੱਝ ਕੇ ਅਜਿਹਾ ਕਰ ਰਹੀਆਂ ਹਨ) ਕਿ ਜਿਵੇਂ-ਜਿਵੇਂ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜਦੇ ਜਾਂਦੇ ਹਨ, ਉਸੇ ਹਿਸਾਬ ਨਾਲ ਪਿੰਡਾਂ ਦੇ ਵਿਹਲੜ ਨੌਜਵਾਨ, ਵਿਕਾਸ ਦੇ ਨਾਂਅ 'ਤੇ ਚੱਲੀਆਂ ਬੱਸਾਂ ਉਤੇ ਸ਼ਹਿਰ ਜਾਣ ਲੱਗ ਪੈਂਦੇ ਹਨ। ਘਰ ਵਾਲਿਆਂ ਤੋਂ ਲੜ-ਝਗੜ ਕੇ ਜੋ 100-50 ਰੁਪਏ ਲਿਜਾਂਦੇ ਹਨ, ਉਹ ਕੁਝ ਬੱਸਾਂ ਦੇ ਕਿਰਾਏ 'ਤੇ ਲੱਗ ਜਾਂਦੇ ਹਨ ਬਾਕੀ ਸਿਨਮੇ ਦੇਖਣ 'ਤੇ 'ਦਹੀ-ਭੱਲੇ' ਖਾਣ (ਵਧੇਰੇ ਹੋਣ ਤਾਂ ਕੋਈ 'ਰੈਡੀਮੇਡ' ਕੱਪੜੇ ਖਰੀਦਣ ਜਾਂ ਫੋਟੋਆਂ ਖਿਚਵਾਉਣ) 'ਤੇ ਲੱਗ ਜਾਂਦੇ ਹਨ। ਇੰਜ ਪਿੰਡਾਂ ਦੇ ਕਿਸਾਨ ਮਜ਼ਦੂਰਾਂ ਦੀ ਮਾਇਕ ਹਾਲਤ ਹੋਰ ਨਿੱਘਰਦੀ ਜਾਂਦੀ ਹੈ। ਸ਼ਹਿਰ ਫੈਲੀ ਜਾਂਦੇ ਹਨ। 10-10, 20-20 ਮੰਜ਼ਿਲੇ ਫਲੈਟ ਬਣੀ ਜਾਂਦੇ ਹਨ, ਪਰ ਪਿੰਡਾਂ ਦੇ ਕੱਚੇ ਘਰਾਂ ਦੀਆਂ ਕੰਧਾਂ ਤੇ ਛੱਤਾਂ ਵੀ ਡਿਗ ਰਹੀਆਂ ਹਨ। ਦਰਅਸਲ ਇਹ 'ਵਿਕਾਸ-ਮਾਡਲ' ਵੱਡੇ ਕਾਰਖਾਨੇਦਾਰਾਂ, ਵੱਡੇ ਵਪਾਰੀਆਂ ਤੇ ਪਿੰਡਾਂ ਦੇ ਆਮ ਲੋਕਾਂ ਵਿਚਕਾਰ ਹੋਣ ਵਾਲੀ 'ਠੰਢੀ ਜੰਗ' ਹੈ ਜਿਸ ਵਿਚ ਕਰੋੜਪਤੀ ਤੇ ਅਰਬਪਤੀ, ਆਮ ਕਿਸਾਨਾਂ ਤੇ ਮਜ਼ਦੂਰਾਂ ਨੂੰ, ਚੁਪ-ਚੁਪੀਤੇ ਏਨੀ ਬੁਰੀ ਤਰ੍ਹਾਂ ਹਰਾ ਰਹੇ ਹਨ ਕਿ ਉਨ੍ਹਾਂ ਕੋਲ ਖਾਣ ਲਈ ਰੋਟੀ ਵੀ ਨਹੀਂ ਛੱਡ ਰਹੇ ਤੇ ਤਨ ਦੇ ਪਾਟੇ ਕੱਪੜੇ ਵੀ ਲਾਹ ਰਹੇ ਹਨ। ਪਰ ਇਹ ਹਾਲਤ ਹੁਣ ਆਰ-ਪਾਰ ਦੀ ਦਸ਼ਾ ਤੱਕ ਪਹੁੰਚ ਚੁੱਕੀ ਹੈ। ਹਾਰਨ ਵਾਲਿਆਂ ਦੀ ਗਿਣਤੀ ਇਕ ਅਰਬ ਤੋਂ ਵਧੇਰੇ ਹੈ ਤੇ ਜਿੱਤਣ ਵਾਲੇ ਉਨ੍ਹਾਂ ਦੇ ਮੁਕਾਬਲੇ 10 ਫ਼ੀਸਦੀ ਵੀ ਨਹੀਂ। ਭਾਵੇਂ ਏਨੀ ਘੱਟ-ਗਿਣਤੀ ਕੋਲ ਹਰ ਕਿਸਮ ਦੇ ਆਧੁਨਿਕ ਸਾਧਨ ਹਨ ਪਰ ਇਥੇ ਸਮੱਸਿਆ ਅਮਰ ਵੇਲ ਵਰਗੀ ਹੈ ਜਿਸ ਦੀ ਜੜ੍ਹ ਨਹੀਂ ਹੁੰਦੀ। ਉਹ ਜਿਸ ਦਰੱਖ਼ਤ ਨਾਲ ਲਿਪਟ ਜਾਂਦੀ ਹੈ, ਉਸੇ ਦਾ ਲਹੂ (ਰਸ) ਚੂਸਦੀ ਹੈ। ਇੰਜ ਜਿਵੇਂ-ਜਿਵੇਂ ਦਰੱਖ਼ਤ ਦਾ ਰਸ ਖ਼ਤਮ ਹੁੰਦਾ ਜਾਂਦਾ ਹੈ, ਉਸੇ ਅਨੁਪਾਤ ਨਾਲ ਅਮਰ ਵੇਲ ਵੀ ਸੁੱਕਦੀ ਜਾਂਦੀ ਹੈ। ਅੰਤ ਦਰੱਖਤ ਡਿੱਗ ਪੈਂਦਾ ਹੈ ਤਾਂ ਨਾਲ ਹੀ ਵੇਲ ਵੀ ਸੁੱਕ ਜਾਂਦੀ ਹੈ। ਸਾਡੇ ਦੇਸ਼ ਦੀ ਹਾਲਤ ਬਿਲਕੁਲ ਇਹੋ ਜਿਹੀ ਹੋ ਚੁੱਕੀ ਹੈ (ਜਾਂ ਕੁਝ ਸਮੇਂ ਤੱਕ ਹੋਣ ਵਾਲੀ ਹੈ) ਕਿ ਵਧਦੀ ਅੰਨ੍ਹੀ ਆਬਾਦੀ ਕਾਰਨ ਸਮਾਜਿਕ ਦਰੱਖਤ ਤਾਂ ਸੁੱਕ ਕੇ ਡਿੱਗੇਗਾ ਹੀ ਪਰ ਰਹਿਣਾ ਅਮਰ ਵੇਲ ਨੇ ਵੀ ਨਹੀਂ। ਇਸ ਭਿਆਨਕ ਹਾਲਾਤ ਵੱਲੋਂ ਜਿਵੇਂ 'ਦਰੱਖ਼ਤ ਦੇ ਰਾਖੇ' (ਸਰਕਾਰ) ਨੇ ਅੱਖਾਂ ਮੀਚੀਆਂ ਹੋਈਆਂ ਹਨ, ਉਹ ਬਹੁਤ ਹੀ ਭਿਆਨਕ ਦਸ਼ਾ ਹੈ। ਇਸ ਦਸ਼ਾ ਬਾਰੇ ਜੇ ਸਾਡੇ ਨੇਤਾਵਾਂ ਨੂੰ ਕੋਈ ਚਿੰਤਾ ਨਹੀਂ ਤਾਂ ਵਧੇਰੇ ਬੁਰੀ ਹਾਲਤ ਇਹ ਹੈ ਕਿ ਭਾਰਤ ਦੇ ਬੁੱਧੀਜੀਵੀ ਵੀ (ਮਾਮੂਲੀ ਗਿਣਤੀ ਨੂੰ ਛੱਡ ਕੇ) ਚੁੱਪ ਹਨ। ਸਮੇਂ ਦਾ ਸੱਚ ਕਹਿਣਾ, ਦੱਸਣਾ ਇਨ੍ਹਾਂ ਦਾ ਧਰਮ, ਕਰਮ ਹੈ ਪਰ ਇਹ ਧਰਮ ਉਨ੍ਹਾਂ ਨੇ ਗੁਰੂ ਨਾਨਕ ਦੇਵ ਵਾਂਗ ਨਿਭਾਇਆ ਨਹੀਂ ਜਿਨ੍ਹਾਂ ਨੇ 'ਸਚੁ ਕੀ ਬਾਣੀ, ਸਚੁ ਕੀ ਬੇਲਾ' ਉਚਾਰ ਕੇ ਪੰਜਾਬੀਆਂ ਨੂੰ ਲੰਮੀ ਨੀਂਦ ਤੋਂ ਜਗਾਇਆ ਸੀ ਤੇ ਪੰਜਾਬ ਦੇ ਲੋਕਾਂ ਨੇ ਦੋ ਕੁ ਸਦੀਆਂ ਮਗਰੋਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਸਿੰਘ ਸਜ ਕੇ ਪੰਜਾਬ ਦੀ ਹੋਣੀ ਬਦਲ ਦਿੱਤੀ ਸੀ। ਜੇ ਰਾਜਨੀਤਕ ਪਾਰਟੀਆਂ ਤੇ ਬੁੱਧੀਜੀਵੀਆਂ ਦੀ ਹਾਲਤ ਇਹੋ ਰਹੀ ਤਾਂ ਦੇਸ਼ ਵਿਚ ਆਪਾਧਾਪੀ ਫੈਲਣ ਤੋਂ ਬਿਨਾਂ ਹੋਰ ਸਭ 'ਵਿਕਾਸ' ਘੱਟੇ-ਮਿੱਟੀ ਰੁਲ ਜਾਣਗੇ, ਇਹੋ ਵਧਦੀ ਆਬਾਦੀ ਦਾ ਆਖਰੀ ਸਿੱਟਾ ਹੋਏਗਾ।
(ਰੋਜ਼ਾਨਾ ਅਜੀਤ 'ਚੋਂ ਧੰਨਵਾਦ ਸਹਿਤ)
Subscribe to:
Posts (Atom)