Thursday, December 23, 2010

ਗੁਰਦਿਆਲ ਸਿੰਘ ਦਾ ਨਾਵਲ ਆਹਣ: ਇਤਿਹਾਸ ਦੇ ਸਮਕਾਲੀਕਰਨ ਦੇ ਨੁਕਤੇ ਤੋਂ ਵਿਸ਼ਲੇਸ਼ਣ

ਸੁਰਜੀਤ (ਡਾ.)
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਦਿਆਲ ਸਿੰਘ ਦਾ ਨਵਾਂ ਨਾਵਲ ‘ਆਹਣ’ ਉਸ ਦੇ ਹੁਣ ਤਕ ਦੇ ਅਖੀਰਲੇ ਨਾਵਲ ਪਰਸਾ (੧੯੯੨) ਤੋਂ ਠੀਕ ਸਤਾਰਾਂ ਸਾਲਾਂ ਬਾਅਦ ਛਪਿਆ ਹੈ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਦੀ ਜ਼ਮੀਨੀ ਸਥਿਤੀ ਵਿਚ ਵੱਡੇ ਪਰਿਵਰਤਨ ਵਾਪਰੇ ਹਨ। ਖ਼ੁਦਮੁਖ਼ਤਿਆਰ ਰਾਸ਼ਟਰੀ ਵਿਕਾਸ ਮਾਡਲ ਨੂੰ ਤਿਆਗ ਕੇ ਨਵ-ਬਸਤੀਵਾਦੀ ਵਿਸ਼ਵੀਕਰਨ ਦੀ ਪ੍ਰਕਿਰਿਆ ਦਾ ਹਿੱਸਾ ਬਣਨ ਉਪਰੰਤ ਭਾਰਤ ਅਤੇ ਪੰਜਾਬ ਦੀ ਰਾਜਨੀਤੀ, ਸਮਾਜਕ ਸੰਰਚਨਾ, ਜੀਵਨ ਜਾਚ ਅਤੇ ਮੁੱਲ ਪ੍ਰਬੰਧ ਵਿਚ ਭਾਰੀ ਤਬਦੀਲੀ ਆਈ ਹੈ। ਇਸ ਸਭ ਦੇ ਸਿੱਟੇ ਵਜੋਂ ਪੰਜਾਬੀ ਸੰਵੇਦਨਾ ਅਤੇ ਚਿੰਤਨ ਨਵੇਂ ਸਵਾਲਾਂ ਦੇ ਸਨਮੁਖ ਹੋਇਆ ਹੈ ਜਿਨ੍ਹਾਂ ਦਾ ਕੋਈ ਸਪਸ਼ਟ ਅਤੇ ਪ੍ਰਮਾਣਿਕ ਉੱਤਰ ਹਾਲੇ ਪ੍ਰਾਪਤ ਨਹੀਂ ਹੋਇਆ। ਆਦਰਸ਼ਹੀਣਤਾ ਅਤੇ ਸੁਪਨਹੀਣਤਾ ਦੀ ਮਨੋਸਥਿਤੀ ਨੂੰ ਭੋਗਦੇ ਪੰਜਾਬੀ ਲਿਸ਼ਕਦੀਆਂ ਵਸਤਾਂ, ਲੁਭਾਉਣੇ ਬਿੰਬਾਂ, ਸੰਚਾਰ-ਕ੍ਰਾਂਤੀ ਦੁਆਰਾ ਉਪਲਭਦ ਅਮੁੱਕ ਸੂਚਨਾਵਾਂ, ਸਭ ਤੋਂ ਤੇਜ਼ ਖ਼ਬਰਾਂ ਅਤੇ ਮਨੋਰੰਜਨੀ ਦ੍ਰਿਸ਼ਾਂ ਦੀ ਤੀਬਰ ਗਤੀ ਦੇ ਰੌਲੇ ਗੌਲੇ ਵਿਚ ਮਨੋਰੰਜਨ ਵਸਤਾਂ ਦੇ ਉਪਭੋਗਤਾ ਵੀ ਬਣ ਗਏ ਪ੍ਰਤੀਤ ਹੁੰਦੇ ਹਨ ਅਤੇ ਮਨੋਰੰਜਨੀ ਵਸਤੂ ਵੀ। ਇਸ ਸਥਿਤੀ ਵਿਚ ਪੰਜਾਬੀਆਂ ਦੀ ਜਾਣੀ ਪਛਾਣੀ ਪ੍ਰਤਿਰੋਧੀ ਸ਼ਖ਼ਸੀਅਤ ਬਾਰੇ ਕਿੰਨੇ ਹੀ ਸਵਾਲ ਅਤੇ ਖ਼ਦਸ਼ੇ ਮੌਜੂਦ ਹਨ। ਖ਼ੁਦਕਸ਼ੀ, ਭਰੂਣ ਹੱਤਿਆ, ਸੰਵੇਦਨਹੀਣਤਾ, ਚਿੰਤਨਹੀਣਤਾ, ਪਰਵਾਸ, ਨਸ਼ਾ, ਗੀਤ-ਸੰਗੀਤ, ਨ੍ਰਿਤ, ਜਿਸਮ, ਕਾਮ, ਖਾਣ-ਪੀਣ, ਮੌਜ ਮਨਾਉਣ ਆਦਿ ਕਿੰਨੇ ਹੀ ਮੋਟਿਫ਼ ਆਪਣੇ ਵਿਰੋਧਾਭਾਸਾਂ ਅਤੇ ਅੰਤਰ-ਵਿਰੋਧਤਾਵਾਂ ਸਮੇਤ ਪੰਜਾਬ ਦੇ ਵਰਤਮਾਨ ਜੀਵਨ ਦੀਆਂ ਪਰਿਭਾਸ਼ਾਵਾਂ ਵਿਚ ਭਟਕਦੇ ਫਿਰਦੇ ਹਨ। ਇਹ ਸਭ ਵਰਤਾਰੇ ਪੰਜਾਬ ਦੀ ਫ਼ਿਜ਼ਾ ਦਾ ਅਜਿਹਾ ਹਿੱਸਾ ਹਨ ਜਿਨ੍ਹਾਂ ਨਾਲ ਪੰਜਾਬ ਦੇ ਵਰਤਮਾਨ ਦਾ ਕੋਈ ਦ੍ਰਿਸ਼ ਉਸਾਰਿਆ ਜਾ ਸਕਦਾ ਹੈ। ਅਜਿਹੇ ਸਮਿਆਂ ਵਿਚ ਗੁਰਦਿਆਲ ਸਿੰਘ ਵਰਗੇ ਪ੍ਰੌੜ੍ਹ ਨਾਵਲਕਾਰ ਤੋਂ ਤਵੱਕੋ ਕੀਤੀ ਜਾ ਸਕਦੀ ਹੈ ਕਿ ਉਹ ਆਪਣੀ ਨਾਵਲਕਾਰੀ ਰਾਹੀਂ ਨਵੀਆਂ ਸਥਿਤੀਆਂ ਨਾਲ ਸੰਵਾਦ ਰਚਾਉਂਦਾ ਕਿਸੇ ਅਜਿਹੇ ਸੂਝ ਮਾਡਲ ਦੇ ਨਕਸ਼ ਉਲੀਕੇਗਾ ਜਿਸ ਦੇ ਪਰਿਭਾਸ਼ਕ ਚੌਖਟੇ ਵਿਚ ਅਸੀਂ ਪੰਜਾਬ ਦੇ ਵਰਤਮਾਨ ਨੂੰ ਸਮਝਣ ਦੇ ਸਮਰੱਥ ਹੋ ਸਕਾਂਗੇ ਅਤੇ ਭਵਿੱਖ ਦੇ ਫ਼ਿਕਰਾਂ ਦੀ ਨਿਸ਼ਾਨਦੇਹੀ ਕਰ ਸਕਾਂਗੇ। ਗੁਰਦਿਆਲ ਸਿੰਘ ਨੇ ਇਨ੍ਹਾਂ ਵਰ੍ਹਿਆਂ ਵਿਚ ਆਪਣੇ ਅਖ਼ਬਾਰੀ ਲੇਖਾਂ ਅਤੇ ਤਕਰੀਰਾਂ ਰਾਹੀਂ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਬਾਰੇ ਕਿੰਨੇ ਹੀ ਤੌਖਲਿਆਂ ਦਾ ਇਜ਼ਹਾਰ ਕੀਤਾ ਹੈ ਇਸ ਲਈ ਉਸ ਦੇ ਨਵੇਂ ਨਾਵਲ ਦੇ ਵਿਸ਼ਲੇਸ਼ਣ ਸਮੇਂ ਪੰਜਾਬ ਅਤੇ ਭਾਰਤ ਦੇ ਵਰਤਮਾਨ ਦੇ ਮਸਲ਼ਿਆਂ, ਸਵਾਲਾਂ ਅਤੇ ਸਮੱਸਿਆਵਾਂ ਨੂੰ ਇਕ ਪਰਿਪੇਖ (perspctive) ਵਜੋਂ ਰੱਖਣਾ ਗ਼ੈਰਵਾਜਿਬ ਨਹੀਂ ਹੋਵੇਗਾ।
ਰੌਚਕ ਗੱਲ ਇਹ ਹੈ ਕਿ ਗੁਰਦਿਆਲ ਸਿੰਘ ਦੇ ਇਸ ਨਾਵਲ ਵਿਚਲਾ ਬਿਰਤਾਂਤਕ ਜਗਤ ਸਮਕਾਲੀ ਵਸਤੂ ਸਥਿਤੀ ਦੇ ਦ੍ਰਿਸ਼ਟਮਾਨ ਵੇਰਵਿਆਂ ਵਿਚੋਂ ਰੂਪ ਧਾਰਨ ਦੀ ਬਜਾਇ ‘ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਪਿਛਲੇਰੇ ਅੱਧ ਦੇ ਦੋ ਤਿੰਨ ਮਹੀਨਿਆਂ ਦੌਰਾਨ ਉਦੋਂ ਦੀ ਨਾਭਾ ਰਿਆਸਤ ਦੇ ਇਕ ਕਾਲਪਨਿਕ ਪਿੰਡ ਕਰਮਗੜ੍ਹ ਵਿਖੇ ਵਾਪਰੀਆਂ ਘਟਨਾਵਾਂ ਵਿਚੋਂ ਰੂਪ ਧਾਰਦਾ ਹੈ ਜਿਸ ਦਾ ਰਚਨਾ ਵਸਤੂ ਬਰਤਾਨਵੀ ਹਕੂਮਤ ਅਤੇ ਪੰਜਾਬ ਦੀ ਕਿਸਾਨੀ ਵਿਚਕਾਰ ਆਰਥਿਕ ਸਿਆਸੀ ਟਕਰਾਓ ਦੱਸਿਆ ਗਿਆ ਹੈ’੧ ਡਾ.ਟੀ.ਆਰ ਵਿਨੋਦ ਦੇ ਕਥਨ ਮੁਤਾਬਿਕ “ਗੁਰਦਿਆਲ ਸਿੰਘ ਦਾ ਇਹ ਨਾਵਲ ਤੀਹਵਿਆਂ ਦੀਆਂ ਆਰਥਿਕ ਸਿਆਸੀ ਹਾਲਤਾਂ ਦੇ ਪ੍ਰਸੰਗ ਵਿਚ ਰਿਆਸਤੀ ਮਾਲਵੇ ਦੇ ਧਰਮੀ, ਜਾਤਪਾਤੀ ਅਤੇ ਜਮਾਤੀ ਸਭਿਆਚਾਰ ਨੂੰ ਬਾਰੀਕ ਬੀਨ ਨੀਝ ਅਤੇ ਸੋਚਵਾਨ ਨਜ਼ਰੀਏ ਨਾਲ ਰੂਪਮਾਨ ਕਰਦਾ ਹੈ”੨ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰਦਿਆਲ ਸਿੰਘ ਦਾ ਮਕਸਦ ਦੂਰ ਅਤੀਤ ਵਿਚ ਸਥਿਤ ਕਿਸੇ ਖ਼ਾਸ ਇਲਾਕੇ ਦੇ ਜੀਵਨ ਦੇ ਬਹੁ-ਭਿੰਨ ਪਾਸਾਰਾਂ ਨੂੰ ਰੂਪਮਾਨ ਕਰਨਾ ਹੀ ਹੈ? ਕੀ ਨਾਵਲ ਦਾ ਮਕਸਦ ਇਤਿਹਾਸ ਦੇ ਕਿਸੇ ਦੌਰ ਦਾ ਬਿਰਤਾਂਤਕ ਬਿੰਬ ਉਸਾਰ ਕੇ ਉਸ ਦੌਰ ਦੇ ਜੀਵਨ ਨੂੰ ਸਮਝਣਾ ਹੈ? ਕੀ ਇਹੀ ਉਸਦੇ ਨਾਵਲੀ ਬਿਰਤਾਂਤਕ ਸੰਗਠਨ ਦਾ ਮੂਲ ਪ੍ਰਕਾਰਜ ਹੈ? ਮੈਨੂੰ ਜਾਪਦਾ ਹੈ ਕਿ ਅਸੀਂ ਅਕਸਰ ਮਾਧਿਅਮ ਨੂੰ ਮਕਸਦ ਸਮਝ ਲੈਂਦੇ ਹਾਂ ਅਤੇ ਥੀਮਕ ਜਗਤ ਨੂੰ ਰਚਨਾਤਮਕ ਪ੍ਰਕਾਰਜ ਦੇ ਤੌਰ ਤੇ ਗ੍ਰਹਿਣ ਕਰਨ ਲੱਗ ਪੈਂਦੇ ਹਾਂ। ਵਿਚਾਰਨ ਵਾਲਾ ਮਸਲਾ ਇਹ ਹੈ ਕਿ ਗੁਰਦਿਆਲ ਸਿੰਘ ਬਰਤਾਨਵੀ ਬਸਤੀਵਾਦੀ ਹਕੂਮਤ ਅਤੇ ਪੰਜਾਬ ਦੀ ਕਿਸਾਨੀ ਵਿਚਲੇ ਸਿਆਸੀ ਟਕਰਾਓ ਦੀ ਬਿਰਤਾਂਤਕਾਰੀ ਰਾਹੀਂ ਕਿਹੜੇ ਵਿਚਾਰਧਾਰਾਈ ਮਕਸਦ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਉਸਦੀ ਰਚਨਾਕਾਰੀ ਦੇ ਸਮਕਾਲੀ ਸਰੋਕਾਰ ਕੀ ਹਨ।
ਇਤਿਹਾਸ ਨੂੰ ਅਤੀਤ ਦੇ ਤੱਥਾਂ ਅਤੇ ਵਰਤਮਾਨ ਦੇ ਮਸਲਿਆਂ ਨਾਲ ਜੂਝ ਰਹੇ ਇਤਿਹਾਸਕਾਰ ਵਿਚਕਾਰ ਅਮੁੱਕ ਅੰਤਰ-ਕਿਰਿਆ ਦੇ ਰੂਪ ਵਿਚ ਤਸੱਵਰ ਕੀਤਾ ਜਾਂਦਾ ਹੈ। ਇਤਿਹਾਸ ਦੇ ਇਸ ਸੰਕਲਪ ਦੀ ਰੌਸ਼ਨੀ ਵਿਚ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਨਾਵਲਕਾਰ ਜਦੋਂ ਇਤਿਹਾਸਕ ਅਤੀਤ ਨੂੰ ਆਪਣੇ ਬਿਰਤਾਂਤਕ ਜਗਤ ਵਿਚ ਢਾਲਦਾ ਹੈ ਤਾਂ ਉਸਦੀ ਅਜਿਹੀ ਬਿਰਤਾਂਤਕਾਰੀ ਅਤੀਤ ਦੇ ਵਸਤੂ ਪ੍ਰਸੰਗ ਅਤੇ ਵਰਤਮਾਨ ਦੇ ਰਚਨਾਤਮਕ-ਵਿਚਾਰਧਾਰਾਈ ਪ੍ਰੇਰਕਾਂ ਅਤੇ ਦਬਾਵਾਂ ਵਿਚਕਾਰ ਕਿਹੋ ਜਿਹੇ ਸੰਬੰਧ ਸਥਾਪਿਤ ਕਰਦੀ ਹੈ? ਅਤੀਤ ਦੇ ਇਤਿਹਾਸਕ ਵੇਰਵਿਆਂ ਦੀ ਬਿਰਤਾਂਤਕਾਰੀ ਵਿਚ ਵਰਤਮਾਨ ਸਥਿਤੀਆਂ ਵਿਚਲੇ ਮਸਲਿਆਂ ਅਤੇ ਦ੍ਰਿਸ਼ਟੀਆਂ ਦੀ ਦਖ਼ਲਅੰਦਾਜ਼ੀ ਦਾ ਸਰੂਪ ਕੀ ਹੈ? ਇਹ ਮੰਨਿਆਂ ਜਾਂਦਾ ਹੈ ਕਿ ਵਰਤਮਾਨ ਦੇ ਮਸਲੇ ਅਤੇ ਉਨ੍ਹਾਂ ਵਿਚੋਂ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਅਤੀਤ ਦੇ ਇਤਿਹਾਸਕ ਬਿਰਤਾਂਤ ਵਿਚ ਸਹਿਜ ਰੂਪ ਵਿਚ ਦਾਖ਼ਲ ਹੋ ਜਾਂਦੇ ਹਨ ਅਤੇ ਬਿਰਤਾਂਤਕ ਬਿੰਬ ਦੇ ਸਾਰ ਅਤੇ ਸਰੂਪ ਨੂੰ ਨਿਰਧਾਰਿਤ ਕਰਦੇ ਹਨ। ਇਸ ਦ੍ਰਿਸ਼ਟੀ ਤੋਂ ਇਹ ਬਿਆਨ ਕਿ ਨਾਵਲ ‘ਆਹਣ ਵਿਚ ਤੀਸਰੇ ਦਹਾਕੇ ਦੇ ਪੰਜਾਬ ਦੇ ਜੀਵਨ ਦੇ ਵਿਭਿੰਨ ਪਾਸਾਰਾਂ ਨੂੰ ਪੇਸ਼ ਕੀਤਾ ਗਿਆ ਹੈ’, ਪੂਰੀ ਤਰ੍ਹਾਂ ਦਰੁਸਤ ਨਹੀਂ ਹੈ।
ਨਾਵਲ ਦੀ ਸਮੁੱਚੀ ਵਿਉਂਤ ਤੋਂ ਭਾਸਦਾ ਹੈ ਕਿ ਇਸ ਨਾਵਲ ਦੇ ਬਿਰਤਾਂਤਕ ਚੌਖਟੇ ਨੂੰ ਗੁਰਦਿਆਲ ਸਿੰਘ ਨੇ ਇਕ ਅਜਿਹੇ ਰੂਪਕ ਦੇ ਤੌਰ ਤੇ ਤਸੱਵਰ ਕੀਤਾ ਹੈ ਜਿਸ ਵਿਚ ਸਤਹੀ ਸੰਰਚਨਾ ਦੇ ਦ੍ਰਿਸ਼ਟਮਾਨ ਪੱਧਰ ਉੱਤੇ ਅਤੀਤ ਦੇ ਵੇਰਵਿਆਂ ਨਾਲ ਸੰਜੋਇਆ ਥੀਮਕ ਜਗਤ ਸਾਕਾਰ ਹੋਵੇਗਾ ਅਤੇ ਇਸ ਦੀ ਡੂੰਘ ਸੰਰਚਨਾ ਵਿਚ ਵਰਤਮਾਨ ਇਤਿਹਾਸਕ ਦੌਰ ਦੀਆਂ ਸਥਿਤੀਆਂ, ਅੰਤਰ-ਵਿਰੋਧਤਾਵਾਂ, ਸੰਕਟ ਅਤੇ ਸੀਮਾਵਾਂ ਚਿਨ੍ਹਿਤ ਹੋਣੀਗੀਆਂ। ਅਜਿਹੀ ਰੂਪਕ ਸਿਰਜਣਾ ਵਿਚ ਵਰਤਮਾਨ ਦ੍ਰਿਸ਼ਟ ਵਾਸਤਵਿਕਤਾ ਦੇ ਧਰਾਤਲ ਉੱਤੇ ਪ੍ਰਗਟ ਨਹੀਂ ਹੁੰਦਾ ਪਰੰਤੂ ਇਹ ਸਮੁਚੇ ਬਿਰਤਾਂਤ ਨੂੰ ਨਿਯੰਤਰਿਤ ਕਰਨ ਵਾਲੀ ਵਸਤੂ ਦ੍ਰਿਸ਼ਟੀ ਅਤੇ ਰਚਨਾ-ਦ੍ਰਿਸ਼ਟੀ ਵਿਚੋਂ ਝਲਕਦਾ ਰਹਿੰਦਾ ਹੈ। ਸੋ ਇਸ ਨਾਵਲ ਦੇ ਦ੍ਰਿਸ਼ਟ ਥੀਮਕ ਵੇਰਵਿਆਂ ਅਤੇ ਉਨ੍ਹਾਂ ਵਿਚ ਸੰਜੋਏ ਵਾਸਤਵਿਕ ਤਣਾਓ-ਟਕਰਾਓ ਨੂੰ ਕਥਾ ਵਸਤੂ ਸਮਝਣ ਦੀ ਬਜਾਏ ਵਸਤੂ ਦੇ ਪ੍ਰਗਟਾਵੇ ਲਈ ਘੜੇ ਗਏ ਰੂਪਕ-ਸੰਗਠਨ ਦੇ ਤੌਰ ਤੇ ਵਿਸ਼ਲੇਸ਼ਿਤ ਕਰਨਾ ਲੋੜੀਂਦਾ ਹੈ। ਇਸ ਕਿਸਮ ਦੀ ਪਹੁੰਚ ਨਾਲ ਹੀ ਇਸ ਨਾਵਲ ਦੀ ਚਿਹਨ ਸੰਰਚਨਾ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਅਜਿਹੇ ਨਾਵਲ ਵਿਚ ਰੂਪਕ ਸਿਰਜਣ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਨਾ ਵੀ ਇਕ ਮਹੱਤਵਪੂਰਣ ਮੁੱਦਾ ਬਣ ਜਾਂਦਾ ਹੈ। ਇਸ ਵਿਚੋਂ ਇਹ ਸਵਾਲ ਵੀ ਵਿਚਾਰਨਾ ਬਣ ਜਾਂਦਾ ਹੈ ਕਿ ਨਾਵਲਕਾਰ ਦੁਆਰਾ ਕਲਪਿਤ ਰੂਪਕ ਦਾ ਆਕਾਰ ਆਪਣੀਆਂ ਕਲਾਤਮਕ ਸੰਭਾਵਨਾਵਾਂ ਸਹਿਤ ਨਿਰਮਿਤ ਹੋ ਸਕਿਆ ਹੈ ਜਾਂ ਨਹੀਂ। ਇੰਝ ਇਸ ਨਾਵਲ ਦੇ ਵਿਸ਼ਲੇਸ਼ਣ ਦੇ ਦੋ ਧਰਾਤਲ ਬਣ ਜਾਂਦੇ ਹਨ। ਪਹਿਲਾ ਧਰਾਤਲ ਸਮਕਾਲ ਦੇ ਨੁਕਤੇ ਤੋਂ ਨਾਵਲਕਾਰ ਦੇ ਵਸਤੂ-ਪ੍ਰਤੱਖਣ ਦੀ ਪੜਤਾਲ ਦਾ ਹੈ ਅਤੇ ਦੂਜਾ ਧਰਾਤਲ ਇਸ ਵਸਤੂ ਪ੍ਰਤੱਖਣ ਨੂੰ ਨਾਵਲੀਅਤਾ ਦੇ ਤਕਾਜ਼ਿਆਂ ਅਨੁਸਾਰ ਬਿਰਤਾਂਤਕ ਸੰਗਠਨ ਵਿਚ ਉਤਾਰਨ ਲਈ ਲੋੜੀਂਦੇ ਕਲਾਤਮਕ-ਪ੍ਰਤੱਖਣ ਦੀ ਪੜਤਾਲ ਦਾ ਹੋਵੇਗਾ।

ਇੱਥੇ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਸਮਕਾਲੀ ਪੰਜਾਬੀ ਨਾਵਲਕਾਰ ਵਰਤਮਾਨ ਵਿਚ ਜੀਵੀ ਜਾ ਰਹੀ ਜ਼ਿੰਦਗੀ ਨਾਲ ਦਸਤਪੰਜਾ ਲੈਣ ਤੋਂ ਕਤਰਾਉਂਦਾ ਹੈ ਕਿਉਂਕਿ ਉਸ ਨੂੰ ਅਜੋਕੇ ਯੁਗ ਦੀਆਂ ਗੁੰਝਲਦਾਰ ਜੀਵਨ ਸਥਿਤੀਆਂ ਅਤੇ ਇਨ੍ਹਾਂ ਪ੍ਰਤਿ ਪੰਜਾਬੀ ਬੰਦੇ ਅਤੇ ਵਿਸ਼ੇਸ਼ਕਰ ਨੌਜਵਾਨ ਪੀੜ੍ਹੀ ਦੇ ਹੁੰਗਾਰਿਆਂ, ਉਨ੍ਹਾਂ ਦੀਆਂ ਸੋਚਾਂ, ਸੁਪਨਿਆਂ ਤੇ ਜੀਵਨ-ਸ਼ੈਲੀ ਦੀ ਬਹੁਤੀ ਸਮਝ ਨਹੀਂ ਪੈਂਦੀ। ਨੌਜਵਾਨਾਂ ਪ੍ਰਤਿ ਉਸ ਦੀ ਦ੍ਰਿਸ਼ਟੀ ਬਹੁਤ ਇਕਪਾਸੜ ਹੈ। ਇਸ ਕਿਸਮ ਦੀਆਂ ਸੀਮਾਵਾਂ ਕਾਰਣ ਉਹ ਵਰਤਮਾਨ ਜੀਵਨ ਦੀਆਂ ਵੰਗਾਰਾਂ ਪ੍ਰਤਿ ਰਚਨਾਤਮਕ ਹੁੰਗਾਰਾ ਸਿਰਜਣ ਲੱਗਿਆਂ ਅਤੀਤ ਦੇ ਉਸ ਜੀਵਨ ਦੀ ਸ਼ਰਨ ਵਿਚ ਚਲਾ ਜਾਂਦਾ ਹੈ ਜਿਸ ਦਾ ਉਸ ਨੂੰ ਸਹਿਜ ਅਨੁਭਵ ਪ੍ਰਾਪਤ ਹੁੰਦਾ ਹੈ ਜਾਂ ਜਿਸ ਦੀਆਂ ਜਾਣੀਆਂ ਪਛਾਣੀਆਂ ਸੂਚਨਾਵਾਂ ਨੂੰ ਉਹ ਸੌਖਿਆਂ ਸਮਝ ਸਕਦਾ ਹੈ ਅਤੇ ਬਿਰਤਾਂਤਕ ਸੰਗਠਨ ਵਿਚ ਸੰਜੋਅ ਸਕਦਾ ਹੈ। ਇਹ ਸਮਕਾਲੀ ਪੰਜਾਬੀ ਨਾਵਲਕਾਰੀ ਦੀ ਇਕ ਵੱਡੀ ਸੀਮਾ ਹੈ। ਇਸ ਕਿਸਮ ਦੀ ਬਿਰਤਾਂਤਕਾਰੀ ਦੀ ਇਕ ਸਮੱਸਿਆ ਇਹ ਵੀ ਹੈ ਕਿ ਇਸ ਰਾਹੀਂ ਕਿਸੇ ਸੰਕਟ ਜਾਂ ਸਥਿਤੀ ਦੇ ਸਮਕਾਲੀਕਰਨ ਦੀਆਂ ਬਹੁਤੀਆਂ ਸੰਭਾਵਨਾਵਾਂ ਸਾਕਾਰ ਨਹੀਂ ਹੁੰਦੀਆਂ ਜਦਕਿ ਸਰਬਵਿਆਪੀਕਰਨ ਆਪਣੇ ਸਿਖਰ ਨੂੰ ਪ੍ਰਾਪਤ ਕਰ ਜਾਂਦਾ ਹੈ। ਅਜਿਹਾ ਹੋਣ ਕਰਕੇ ਕਿਸੇ ਉੱਤਮ ਰਚਨਾ ਵਿਚ ਲੋੜੀਂਦਾ ਸਮਕਾਲੀਕਰਨ ਅਤੇ ਸਰਬਵਿਆਪੀਕਰਨ ਦਾ ਆਪਸੀ ਸੰਤੁਲਨ ਕਾਇਮ ਨਹੀਂ ਹੋ ਸਕਦਾ ਅਤੇ ਰਚਨਾ ਨਾ ਤਾਂ ਪੂਰੀ ਤਰ੍ਹਾਂ ਨਿਸ਼ਚਿਤ ਕਾਲ ਵਿਚ ਸਥਿਤ ਰਹਿੰਦੀ ਹੈ ਅਤੇ ਨਾ ਹੀ ਪ੍ਰਮਾਣਿਕ ਸਰਬਵਿਆਪਕ ਸਾਰਥਕਤਾ ਨੂੰ ਪ੍ਰਾਪਤ ਕਰਨ ਵਿਚ ਕਾਮਯਾਬ ਹੁੰਦੀ ਹੈ।ਇਹ ਸੀਮਾ ਇਸ ਨਾਵਲ ਦੀ ਵੀ ਹੈ। ਨਾਵਲਕਾਰ ਗੁਰਦਿਆਲ ਸਿੰਘ ਇਕ ਮੁਲਾਕਾਤ ਵਿਚ ਨਾਵਲ ਦੀਆਂ ਸਰਬਕਾਲੀ ਅਰਥ ਸੰਭਾਵਨਾਵਾਂ ਨੂੰ ਵਧੇਰੇ ਉਭਾਰਦਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ:
ਇਸ ਨਾਵਲ ਵਿਚ ਇਹੋ ਤੱਤ ਮਹੱਤਵਪੂਰਣ ਹੈ ਕਿ ਲੋਕਾਂ ਦਾ ਇਹ ਵਿਰੋਧ ਸਦੀਆਂ ਦੀਆਂ ਪਰੰਪਰਾਵਾਂ, ਡਰ, ਭੈਅ ਤੇ ਨਿਸ਼ਕਰਮਣਤਾ ਉਭਰ ਕੇ ਸਾਹਮਣੇ ਆ ਜਾਂਦੀ ਹੈ। ਲੋਕ ਉਜਾੜੇ ਨੂੰ ਪ੍ਰਵਾਨ ਨਹੀਂ ਕਰਦੇ। ਤੱਤਕਾਲੀ ਹਾਲਾਤ ਅਨੁਸਾਰ, ਜਿਉਂਦੇ ਰਹਿਣ ਲਈ ਜੋ ਕੁਝ ਵੀ ਉਹ ਕਰ ਸਕਦੇ ਹਨ, ਕਰਦੇ ਹਨ। ਹਰ ਕਸ਼ਟ ਸਹਿ ਕੇ ਵੀ ਹਾਰ ਨਹੀਂ ਮੰਨਦੇ।੩
ਇੰਝ ਇਸ ਕਥਨ ਰਾਹੀਂ ਨਾਵਲੀ ਸਾਰਥਕਤਾ ਨੂੰ ਸਮਕਾਲ ਦੀਆਂ ਸਥਿਤੀਆਂ ਅਤੇ ਹੁੰਗਾਰਿਆਂ ਨਾਲ ਜੋੜਨ ਦੀ ਬਜਾਏ ਮਨੁੱਖ ਦੇ ਸਰਬਕਾਲੀ ਸੁਭਾਅ ਨਾਲ ਜੋੜਨ ਪ੍ਰਤਿ ਵਧੇਰੇ ਸੁਚੇਤ ਹੈ।
ਇਸ ਪੱਖੋਂ ਨਾਵਲ ‘ਆਹਣ’ ਗੁਰਦਿਆਲ ਸਿੰਘ ਦੇ ਰਚਨਾਤਮਕ ਸਰੋਕਾਰਾਂ ਦੀ ਨਿਰੰਤਰਤਾ ਦਾ ਪ੍ਰਮਾਣ ਬਣਦਾ ਹੈ। ਗੁਰਦਿਆਲ ਸਿੰਘ ਕਿਰਤੀ ਲੋਕਾਈ ਅੰਦਰਲੀ ਪ੍ਰਤਿਰੋਧੀ ਬਿਰਤੀ ਦੀ ਪਛਾਣ ਅਤੇ ਇਤਿਹਾਸਕ ਗਤੀ ਦੌਰਾਨ ਇਸ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਾਲਾ ਨਾਵਲਕਾਰ ਹੈ। ਉਸਦੇ ਨਾਵਲਾਂ ‘ਅਣਹੋਏ’ ਅਤੇ ‘ਪਰਸਾ’ ਵਿਚ ਵਿਸ਼ੇਸ਼ ਤੌਰ ਤੇ ਅਜਿਹੇ ਪਾਤਰ ਕੇਂਦਰ ਵਿਚ ਰਹਿੰਦੇ ਹਨ ਜਿਹੜੇ ਇਤਿਹਾਸਕ ਚਿੱਰਤਪਟ ਤੋਂ ਓਹਲੇ ਰਾਜਸੀ ਸੁਚੇਤਨਾ ਤੋਂ ਨਿਰਲੇਪ ਰਹਿੰਦੇ ਹੋਏ ਵੀ ਸਿਸਟਮ ਵਿਚਲੀ ਐਬਸਰਡਿਟੀ ਨਾਲ ਆਢਾ ਲਾਉਂਦੇ ਹਨ ਅਤੇ ਕਿਸੇ ਰਾਜਸੀ ਸੰਗਠਨ ਦੀ ਵਿਦਰੋਹੀ ਕਿਰਿਆਸ਼ੀਲਤਾ ਦਾ ਹਿੱਸਾ ਬਣੇ ਬਗ਼ੈਰ ਹੀ ਸੱਤਾ ਨਾਲ ਜੂਝਦੇ ਹਨ। ਇੰਝ ਕਰਦਿਆਂ ਗੁਰਦਿਆਲ ਸਿੰਘ ਕਿਰਤੀ ਲੋਕਾਈ ਅੰਦਰਲੀ ਉਸ ਸਮਰੱਥਾ ਦੀ ਪਛਾਣ ਕਰਦਾ ਹੈ ਜਿਹੜੀ ਸੁਚੇਤ ਅਤੇ ਸੰਗਠਿਤ ਵਿਦਰੋਹ ਦਾ ਮੂਲ ਆਧਾਰ ਹੁੰਦੀ ਹੈ ਅਤੇ ਪਰਪੱਕ ਸਥਿਤੀਆਂ ਵਿਚ ਕ੍ਰਾਂਤੀਕਾਰੀ ਅਮਲ ਵਿਚ ਢਲ ਸਕਦੀ ਹੁੰਦੀ ਹੈ। ਇਸ ਨਾਵਲ ਵਿਚ ਵੀ ਉਹ ਬਸਤੀਵਾਦੀ ਸੱਤਾ ਅਤੇ ਪਿੰਡ ਦੀ ਕਿਸਾਨੀ ਦੇ ਆਪਸੀ ਟਕਰਾਓ ਦਾ ਭਰਪੂਰ ਦ੍ਰਿਸ਼ ਉਸਾਰਦਾ ਹੈ ਅਤੇ ਪਿੰਡ ਨੂੰ ਇਕ ‘ਸਮੁਚਿੱਤ ਇਕਾਈ’ ਵਜੋਂ ਤਸੱਵਰ ਕਰਦਾ ਹੋਇਆ ਇਸ ਦੇ’ਯੁੱਧ ਬੋਧ’ ਅਤੇ ਇਸ ਵਿਚੋਂ ਸਹਿਜ ਸੁਭਾਵਿਕ ਰੂਪ ਵਿਚ ਉਗਮੀ ‘ਯੁੱਧ ਨੀਤੀ’ ਦੇ ਨਕਸ਼ ਉਲੀਕਦਾ ਹੈ। ਇਹ ਵੱਖਰੀ ਗੱਲ ਹੈ ਕਿ ਬਿਰਤਾਂਤਕ ਜਗਤ ਦੇ ਇਕ ਧਰਾਤਲ ਉਪਰ ਚੱਲ ਰਹੇ ਇਸ ਟਕਰਾਓ ਦਾ ਬਿੰਬ ਦੂਜੇ ਧਰਾਤਲ ਉੱਤੇ ਜੀਵਨ ਦੀ ਵਾਸਤਵਿਕਤਾ ਵਿਚਲੇ ਤਮਾਮ ਅੰਤਰ-ਵਿਰੋਧਾਂ ਅਤੇ ਵੰਨ ਸੁਵੰਨਤਾਵਾਂ ਦੀ ਜੀਵੰਤ ਦ੍ਰਿਸ਼ਕਾਰੀ ਤੋਂ ਨਿੱਖੜਿਆ ਹੋਇਆ ਹੋਣ ਕਾਰਣ ਪ੍ਰਮਾਣਿਕਤਾ ਨੂੰ ਨਹੀਂ ਪੁੱਜਦਾ।
ਨਾਵਲ ਵਿਚਲੇ ਵਸਤੂ-ਪ੍ਰਤੱਖਣ ਦੀ ਪੜਤਾਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਵਿਚ ਅਤੀਤ ਦੇ ਅਨੁਭਵ ਯਥਾਰਥ ਨੂੰ ਸਮਕਾਲੀ ਯਥਾਰਥ ਵਿਚਲੇ ਸੰਕਟਾਂ ਅਤੇ ਮਸਲਿਆਂ ਦੇ ਵਿਸ਼ਲੇਸ਼ਣ ਵਿਚੋਂ ਪ੍ਰਾਪਤ ਦ੍ਰਿਸ਼ਟੀ ਤੋਂ ਗ੍ਰਹਿਣ ਕੀਤਾ ਗਿਆ ਹੈ। ਨਾਵਲ ‘ਆਹਣ’ ਵਿਚ ਟਿੱਡੀ ਦਲ ਦੇ ਹਮਲੇ ਨਾਲ ਤਬਾਹ ਹੋਈ ਫ਼ਸਲ ਉਪਰੰਤ ਕਿਸੇ ਕਿਸਮ ਦਾ ਟੈਕਸ ਤਾਰਨ ਤੋਂ ਅਸਮਰੱਥ ਕਿਸਾਨਾਂ ਪ੍ਰਤਿ ਸੱਤਾ ਦੀ ਦਮਨਕਾਰੀ ਪਹੁੰਚ ਨੂੰ ਨਾਭਾ ਰਿਆਸਤ ਦੇ ਸਿੱਧਾ ਅੰਗੰਰੇਜ਼ਾਂ ਦੇ ਅਧੀਨ ਹੋ ਜਾਣ ਦੇ ਪ੍ਰਸੰਗ ਵਿਚ ਪੇਸ਼ ਕੀਤਾ ਗਿਆ ਹੈ। ਨਾਵਲੀ ਜਗਤ ਦੀਆਂ ਸੂਚਨਾਵਾਂ ਮੁਤਾਬਿਕ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਗਰਿਫ਼ਤਾਰ ਕਰਕੇ ਦੱਖਣ ਵਲ ਜਲਾਵਤਨ ਕਰ ਦਿੱਤਾ ਗਿਆ ਸੀ ਤੇ ਰਿਆਸਤ ਦੇ ਪ੍ਰਬੰਧ ਨੂੰ ਅੰਗਰੇਜ਼ਾਂ ਨੇ ਆਪਣੇ ਹੱਥੀਂ ਲੈ ਲਿਆ ਸੀ। ਨਾਵਲ ਦੇ ਪਾਤਰ ਆਪਣੀ ਹੋਣੀ ਲਈ ਇਸ ਤਬਦੀਲੀ ਨੂੰ ਜ਼ਿੰਮੇਵਾਰ ਸਮਝਦੇ ਹਨ। ਉਹ ਜਾਣਦੇ ਹਨ ਕਿ ਇਨਸਾਫ਼ ਤਾਂ ਭਾਵੇਂ ਪਹਿਲਾਂ ਵੀ ਨਹੀਂ ਸੀ ਹੁੰਦਾ ਪਰ ਉਨ੍ਹਾਂ ਦੀਆਂ ਦੁਖ-ਤਕਲੀਫ਼ਾਂ ਦੀ ਸੁਣਵਾਈ ਜ਼ਰੂਰ ਹਮਦਰਦੀ ਨਾਲ ਹੁੰਦੀ ਸੀ ਅਤੇ ਲੋਕ ਰਾਜੇ ਨਾਲ ਅਪਣੱਤ ਮਹਿਸੂਸ ਕਰਦੇ ਸਨ। ਰਾਜੇ ਦੀ ਗਰਿਫ਼ਤਾਰੀ ਉਪਰੰਤ ਬਸਤੀਵਾਦੀ ਸੱਤਾ ਦੇ ਅਧੀਨ ਹੋਣ ਨਾਲ ਰਾਜ-ਪ੍ਰਬੰਧ ਉਨ੍ਹਾਂ ਪ੍ਰਤਿ ਬਿਲਕੁਲ ਹੀ ਜ਼ਿੰਮੇਦਾਰ ਨਹੀਂ ਰਿਹਾ। ਪ੍ਰਬੰਧ ਚਲਾਉਣ ਵਾਲੇ ਅਹਿਲਕਾਰ ਸੰਕਟ ਦੀ ਘੜੀ ਕਿਸਾਨਾਂ ਪ੍ਰਤਿ ਹਮਦਰਦੀ ਦਿਖਾਉਣ ਦੀ ਬਜਾਏ ਵਧੇਰੇ ਨਿਰਦਈ ਵਿਵਹਾਰ ਕਰਦੇ ਹਨ। ਇੰਝ ਹੇਠਲੇ ਪ੍ਰਬੰਧ ਦੇ ਕਰਤਾ ਧਰਤਾ ਅਹਿਲਕਾਰਾਂ ਦੀ ਕਾਰਗ਼ੁਜ਼ਾਰੀ ਬਦਲ ਜਾਂਦੀ ਹੈ। ਨਾਵਲੀ ਬਿਰਤਾਂਤ ਵਿਚ ਸਮੋਏ ਸੁਝਾਅ ਮੁਤਾਬਿਕ ਇਹ ਅਫ਼ਸਰਸ਼ਾਹੀ ਰਾਜ ਸੱਤਾ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਲਾ ਇਕ ਮਕਾਨਕੀ ਅਤੇ ਨਿਰਭਾਵ ਮਾਧਿਅਮ ਹੈ। ਇਸ ਤੋਂ ਸਥਿਤੀ ਬਾਰੇ ਭਾਵਨਾਤਮਕ ਪਹੁੰਚ ਅਪਣਾਉਣ ਦੀ ਤਵੱਕੋ ਨਹੀਂ ਕੀਤੀ ਜਾਂਦੀ। ਇਸ ਲਈ ਇਸ ਪ੍ਰਬੰਧ ਦਾ ਜੇ ਕੋਈ ਕਰਿੰਦਾ ਭਾਵਨਾਵਸ ਕੋਈ ਕਾਰਜ ਕਰਦਾ ਹੈ ਤਾਂ ਉਸ ਦੀ ਸਥਿਤੀ ਨਾਵਲ ਦੇ ਪਾਤਰ ਖਾਨ ਸਾਹਿਬ ਵਰਗੀ ਹੋ ਜਾਂਦੀ ਹੈ ਜਿਸਨੂੰ ਉਸਦੇ ਨਾ ਅਫ਼ਸਰ ਪਸੰਦ ਕਰਦੇ ਹਨ ਨਾ ਮਤਹਿਤ। ਇਸ ਸਥਿਤੀ ਵਿਚ ਉਹ ਬੇਗਾਨਗੀ ਭੋਗਦਾ ਨੀਮ ਪਾਗਲਾਂ ਵਰਗਾ ਵਿਵਹਾਰ ਕਰਦਾ ਹੈ। ਗੁਰਦਿਆਲ ਸਿੰਘ ਨੇ ਬੜੇ ਸੁਚੇਤ ਪੱਧਰ ਉਤੇ ਪੁਲੀਸ ਅਤੇ ਸਿਵਲ ਅਫ਼ਸਰਸ਼ਾਹੀ ਦੀ ਭੂਮਿਕਾ, ਕਿਰਦਾਰ ਅਤੇ ਸੀਮਾਂਵਾਂ ਬਾਰੇ ਆਪਣੇ ਸੰਕਲਪ ਨੂੰ ਨਾਵਲੀ ਬਿਰਤਾਂਤ ਵਿਚ ਢਾਲਿਆ ਹੈ। ਨਾਵਲ ਦਾ ਪਾਤਰ ਮੇਜਰ ਸਾਹਿਬ ਅੰਦਰੋਂ ਪਿੰਡ ਦੇ ਲੋਕਾਂ ਦੀ ਸਥਿਤੀ ਬਾਰੇ ਥੋੜੀ ਹਮਦਰਦੀ ਰੱਖਦਾ ਹੈ ਪਰ ਉਸ ਦੇ ਹੱਥ ਉਪਰਲੇ ਹਾਕਮਾਂ ਨੇ ਬੰਨ੍ਹੇ ਹੋਏ ਹਨ। ਪਿੰਡ ਦੇ ਲੋਕਾਂ ਪ੍ਰਤਿ ਨਰਮ ਰੁਖ ਅਪਣਾਉਣ ਅਤੇ ਕੋਈ ਰਿਆਇਤ ਦੇਣ ਦਾ ਉਸ ਨੂੰ ਅਧਿਕਾਰ ਹੀ ਨਹੀਂ ਹੈ। ਇੰਝ ਸੰਕਟ ਦੀ ਘੜੀ ਪਿੰਡ ਵਾਲਿਆਂ ਨਾਲ ਜੋ ਬੀਤਦੀ ਹੈ ਉਸ ਦੀ ਜ਼ਿੰਮੇਵਾਰੀ ਪੁਲੀਸ ਅਫ਼ਸਰਾਂ ਅਤੇ ਅਹਿਲਕਾਰਾਂ ਦੇ ਕਰੂਰ ਵਿਵਹਾਰ ਉੱਤੇ ਨਹੀਂ ਸਗੋਂ ਉਨ੍ਹਾਂ ਰਾਹੀਂ ਆਪਣੀਆਂ ਆਰਥਿਕ ਅਤੇ ਸਿਆਸੀ ਨੀਤੀਆਂ ਨੂੰ ਲਾਗੂ ਕਰਦੀ ਤੱਤਕਾਲੀ ਬਸਤੀਵਾਦੀ ਸੱਤਾ ਉੱਪਰ ਹੈ।
ਇਹ ਬਿਰਤਾਂਤ ਅਜੋਕੇ ਸਮੇਂ ਦੀ ਸਥਿਤੀ ਦਾ ਚਿਹਨਕ ਜਾਪਦਾ ਹੈ। ਨਾਵਲਕਾਰ ਨੇ ਸੁਚੇਤ ਤੌਰ ਤੇ ਅਤੀਤ ਦੀ ਉਸ ਸਥਿਤੀ ਦੀ ਚੋਣ ਕੀਤੀ ਹੈ ਜਿਹੜੀ ਅਜੋਕੀ ਨਵ-ਬਸਤੀਵਾਦੀ ਸਥਿਤੀ ਨਾਲ ਮਿਲਦੀ ਜੁਲਦੀ ਹੈ। ਭਾਰਤ ਅਤੇ ਪੰਜਾਬ ਦੀ ਅਜੋਕੀ ਸਥਿਤੀ ਨੂੰ ਨਵ-ਬਸਤੀਵਾਦੀ ਪੈਰਾਡਾਈਮ ਦੇ ਅੰਤਰਗਤ ਹੀ ਸਮਝਿਆ ਜਾ ਸਕਦਾ ਹੈ। ਨਾਵਲਕਾਰ ਨੇ ਨਾਵਲ ਦੀ ਰੂਪਕ ਸੰਰਚਨਾ ਰਾਹੀਂ ਅਜੋਕੇ ਨਵ-ਬਸਤੀਵਾਦੀ ਦੌਰ ਦੀ ਮਨੁੱਖੀ ਸਥਿਤੀ ਨੂੰ ਚਿਨ੍ਹਿਤ ਕੀਤਾ ਹੈ ਜਿਸ ਵਿਚ ਸਾਡੀਆਂ ਰਾਸ਼ਟਰੀ ਅਤੇ ਪ੍ਰਾਂਤਕ ਸਰਕਾਰਾਂ ਨਵ-ਬਸਤੀਵਾਦੀ ਸੰਸਾਰ- ਸੱਤਾ ਦੀਆਂ ਕਠਪੁਤਲੀਆਂ ਬਣੀਆਂ ਹੋਈਆਂ ਹਨ ਅਤੇ ਅਪਰਾਧ ਦੀ ਪੱਧਰ ਤਕ ਆਪਣੇ ਲੋਕਾਂ ਪ੍ਰਤਿ ਸੰਵੇਦਨਹੀਣ ਹਨ। ਉਹ ਆਪਣੇ ਲੋਕਾਂ ਨਾਲ ਬੇਗਾਨਿਆਂ ਵਰਗਾ ਵਿਵਹਾਰ ਕਰ ਰਹੀਆਂ ਹਨ ਜਿਸ ਵਿਚ ਕਿਸੇ ਕਿਸਮ ਦੀ ਰਾਜਨੈਤਿਕ ਜ਼ਿੰਮੇਵਾਰੀ ਦੀ ਝਲਕ ਪ੍ਰਾਪਤ ਨਹੀਂ ਹੁੰਦੀ। ਇਸੇ ਤਰ੍ਹਾਂ ਉਨ੍ਹਾਂ ਦੀ ਅਫ਼ਸਰਸ਼ਾਹੀ ਸਥਾਨਕ ਲੋਕਾਂ ਦੇ ਸੰਕਟਾਂ ਅਤੇ ਮਸਲਿਆਂ ਪ੍ਰਤਿ ਮੂਲੋਂ ਹੀ ਉਦਾਸੀਨ ਹੈ। ਸਥਿਤੀ ਦੀ ਤ੍ਰਾਸਦੀ ਇਹ ਹੈ ਕਿ ਆਵਾਮ ਨੂੰ ਇਸ ਸਥਿਤੀ ਦੀ ਨਾ ਸਮਝ ਹੈ ਅਤੇ ਨਾ ਹੀ ਇਸ ਨੂੰ ਬਦਲਣ ਲਈ ਲੋੜੀਂਦੀ ਚੇਤਨਾ। ਇੰਝ ਨਾਵਲ ਵਿਚ ਕਿਸਾਨਾਂ ਦੇ ਸੰਕਟ ਅਤੇ ਉਨ੍ਹਾਂ ਪ੍ਰਤਿ ਰਿਆਸਤ ਦੇ ਅਹਿਲਕਾਰਾਂ ਤੇ ਪੁਲੀਸ ਦੇ ਵਿਵਹਾਰ ਨਾਲ ਸੰਬੰਧਿਤ ਵੇਰਵੇ ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਨਵ-ਬਸਤੀਵਾਦੀ ਸੱਤਾ ਦੇ ਆਰਥਿਕ ਹਿਤਾਂ ਅਤੇ ਰਾਜਨੀਤਕ ਮਨੋਰਥਾਂ ਦੇ ਮੁਤਾਬਿਕ ਚੱਲ ਰਹੇ ਰਾਜ-ਪਬੰਧ ਵਿਚ ਇਸ ਦੇ ਅਨੁਕੂਲ ਵਿਵਹਾਰ ਕਰਦੀ ਹੋਈ ਸਿਵਲ ਅਤੇ ਪੁਲੀਸ ਅਫ਼ਸਰਸ਼ਾਹੀ ਦੇ ਕਿਰਦਾਰ ਦੀ ਤਰਲਤਾ ਦਾ ਬੋਧ ਕਰਵਾਉਂਦੇ ਹਨ। ਨਾਵਲੀ ਬਿਰਤਾਂਤ ਇਹ ਸੁਝਾਅ ਪੈਦਾ ਕਰਦਾ ਹੈ ਕਿ ਅਜੋਕੇ ਸਂੰਕਟਾਂ ਦੀ ਜੜ ਅਫ਼ਸਰਸ਼ਾਹੀ ਜਾਂ ਇਸ ਵਿਚਲੇ ਵਿਅਕਤੀਗਤ ਕਿਰਦਾਰਾਂ ਦੀਆਂ ਕਮੀਆਂ ਪੇਸ਼ੀਆਂ ਵਿਚ ਨਹੀਂ ਸਗੋਂ ਵਿਸ਼ਵ ਸੱਤਾ ਦੀਆਂ ਅਰਥਿਕ ਨੀਤੀਆਂ ਅਤੇ ਰਾਜਨੀਤਕ ਮਨੋਰਥਾਂ ਵਿਚ ਹਨ। ਅਫ਼ਸਰਸ਼ਾਹੀ ਦਾ ਕੋਈ ਦੋਸ਼ ਹੈ ਤਾਂ ਉਹ ਇਹ ਹੈ ਕਿ ਇਹ ਆਪਣੇ ਆਕਾਂਵਾਂ ਦੀਆਂ ਨੀਤੀਆਂ ਵਿਚ ਸਮੋਈ ਸਥਾਨਕ ਲੋਕਾਂ ਦੀਆਂ ਠੋਸ ਪਰਿਸਥਿਤੀਆਂ ਪ੍ਰਤਿ ਸੰਵੇਦਨਹੀਣਤਾ ਨੂੰ ਮਕਾਨਕੀ ਅਤੇ ਨਿਰਭਾਵ ਢੰਗ ਨਾਲ ਲਾਗੂ ਕਰਦੀ ਹੈ। ਨਾਵਲ ਵਿਚ ਅਹਿਲਕਾਰਾਂ ਦੇ ਚਰਿੱਤਰ ਬਿੰਬ ਨੂੰ ਉਸਾਰਦਿਆਂ ਗੁਰਦਿਆਲ ਸਿੰਘ ਨੇ ਬਾਰ ਬਾਰ ਇਨ੍ਹਾਂ ਦੀ ਨਿਰਭਾਵਤਾ ਵਲ ਧਿਆਨ ਦਵਾਇਆ ਹੈ। ਗੁਰਦਿਆਲ ਸਿੰਘ ਨੇ ਸੁਚੇਤ ਤੌਰ ਤੇ ਅਤੀਤ ਦੇ ਵਸਤੂ ਸਥਿਤੀ ਦੇ ਬਸਤੀਵਾਦੀ ਪ੍ਰਸੰਗ ਨੂੰ ਚੁਣਿਆ ਹੈ। ਇਸ ਰਾਹੀਂ ਉਹ ਬਸਤੀਵਾਦੀ ਸੱਤਾ ਅਤੇ ਇਸ ਪ੍ਰਬੰਧ ਦੇ ਕਰਿੰਦਿਆਂ ਦੇ ਕਿਰਦਾਰ ਦੇ ਸਥਾਈ ਲੱਛਣਾਂ ਦੀ ਨਿਸ਼ਾਂਨਦੇਹੀ ਕਰਦਾ ਜਾਪਦਾ ਹੈ। ਇਹ ਲੱਛਣ ਨਵ-ਬਸਤੀਵਾਦ ਦੇ ਅਜੋਕੇ ਦੌਰ ਵਿਚ ਵੀ ਮੌਜੂਦ ਹਨ ਬਸ ਏਨਾ ਫ਼ਰਕ ਪਿਆ ਹੈ ਕਿ ਉਦੋਂ ਦੀਆਂ ਬਸਤੀਵਾਦੀ ਸ਼ਕਤੀਆਂ ਨੂੰ ਕਿਸੇ ਇਕ ਜਾਂ ਦੂਜੇ ਦੇਸ਼ ਦੀ ਪਛਾਣ ਦਿੱਤੀ ਜਾ ਸਕਦੀ ਸੀ ਅਤੇ ਹੁਣ ਇਹ ਸ਼ਕਤੀਆਂ ਪਾਰ-ਰਾਸ਼ਟਰੀ ਸਰਮਾਏਦਾਰੀ ਦੀਆਂ ਪ੍ਰਤਿਨਿਧ ਹਨ ਜਿਸ ਦਾ ਪ੍ਰਤਿਨਿਧ ਕੋਈ ਇਕ ਦੇਸ਼ ਅਤੇ ਕੌਮ ਨਹੀਂ ਹੈ। ਰੌਚਕ ਪੱਖ ਇਹ ਹੈ ਕਿ ਸਧਾਰਣ ਲੋਕਾਂ ਨੇ ਕਦੇ ਹਕੂਮਤ ਕਰਨ ਵਾਲੇ ਅੰਗਰੇਜ਼ ਹਾਕਮਾ ਨੂੰ ਨਹੀਂ ਦੇਖਿਆ ਅਤੇ ਵਰਤਮਾਨ ਵਿਚ ਵੀ ਪਾਰਰਾਸ਼ਟਰੀ ਸਰਮਾਏਦਾਰੀ ਇਕ ਅਦਿੱਸ ਸੱਤਾ ਵਾਂਗ ਸੰਸਾਰ ਉੱਤੇ ਹਕੂਮਤ ਕਰ ਰਹੀ ਹੈ।
ਆਹਣ ਦੇ ਕਥਾ ਸੰਗਠਨ ਵਿਚ ਸਮੋਏ ਰਚਨਾ ਵਸਤੂ ਦੇ ਸਮਕਾਲੀ ਸੰਦਰਭ ਦਾ ਇਕ ਹੋਰ ਮਹੱਤਵਪੂਰਣ ਪਹਿਲੂ ਸੰਕਟ ਸਥਿਤੀ ਵਿਚ ਕਿਸਾਨੀ ਦੇ ਹੁੰਗਾਰੇ ਵਿਚੋਂ ਝਲਕਦਾ ਹੈ। ਸਮਕਾਲੀ ਬਸਤੀਵਾਦੀ ਸੱਤਾ ਦੇ ਦਮਨ ਦੇ ਵਿਰੋਧ ਵਿਚ ਕਰਮਗੜ੍ਹ ਪਿੰਡ ਦੀ ਕਿਸਾਨੀ ਵਿਦਰੋਹੀ ਹੁੰਗਾਰਾ ਸਿਰਜਦੀ ਹੈ ਪਰ ਇਹ ਵਿਦਰੋਹ ਰਾਜਨੀਤਕ ਚੇਤਨਾ ਨਾਲ ਲੈਸ ਅਤੇ ਸੰਗਠਿਤ ਨਹੀਂ ਹੈ। ਇਹ ਵਿਦਰੋਹ ਅਚੇਤ ਅਤੇ ਸੁਭਾਵਿਕ ਮਾਨਵੀ ਅਨੁਕਿਰਿਆ ਦੁਆਰਾ ਪ੍ਰੇਰਿਤ ਹੈ ਅਤੇ ਇਸ ਵਿਚ ਸਥਿਤੀ ਨੇ ਨਕਾਰਣ ਅਤੇ ਪਾਰਗਮਨ ਦਾ ਕੋਈ ਭਵਿੱਖਤ ਨਕਸ਼ਾ ਮੌਜੂਦ ਨਹੀਂ ਹੈ।ਨਾਵਲ ਵਿਚ ਇਸ ਵਿਦਰੋਹ ਦੀਆਂ ਸੀਮਿਤ ਸੰਭਾਵਨਾਵਾਂ ਦੇ ਦੋ ਮੁਖ ਪ੍ਰਸੰਗ ਸਿਰਜੇ ਗਏ ਹਨ। ਪਹਿਲਾ ਇਹ ਕਿ ਕਰਮਗੜ੍ਹ ਦੇ ਕਿਸਾਨਾਂ ਦਾ ਸੰਘਰਸ਼ ਸਮਕਾਲ ਵਿਚ ਰਾਸ਼ਟਰੀ ਧਰਾਤਲ ਉੱਤੇ ਚੱਲ ਰਹੀਆਂ ਰਾਜਨੀਤਕ ਲਹਿਰਾਂ ਤੋਂ ਨਿੱਖੜਿਆ ਹੋਇਆ ਹੈ। ਇਸ ਸੰਘਰਸ਼ ਵਿਚ ਭਾਗ ਲੈਣ ਵਾਲੇ ਆਮ ਲੋਕਾਂ ਦੀ ਚੇਤਨਾ ਵਿਚ ਸਮਕਾਲ ਵਿਚ ਚੱਲ ਰਹੀ ਰਾਸ਼ਟਰਵਾਦੀ ਲਹਿਰ ‘ਬਾਣੀਆਂ ਦੀ ਲਹਿਰ’ ਹੈ ਅਤੇ ਉਨ੍ਹਾਂ ਦੀ ਹਿਤ ਪੂਰਤੀ ਦੀ ਰਾਜਨੀਤੀ ਹੈ। ਨਾਵਲ ਵਿਚ ਸਿਰਜੇ ਗਏ ਮੰਡੀ ਦੇ ਜੀਵਨ ਦੇ ਦ੍ਰਿਸ਼ ਵੀ ਇਹ ਸੁਝਾਅ ਹੀ ਪੈਦਾ ਕਰਦੇ ਹਨ ਕਿ ਇਹ ਵਰਗ ਪੂੰਜੀਵਾਦੀ ਵਿਕਾਸ ਦੀਆਂ ਨਿਆਮਤਾਂ ਦਾ ਭੋਗਣਹਾਰ ਹੈ। ਪਿੰਡ ਦੇ ਸਧਾਰਣ ਲੋਕਾਂ ਦਾ ਇਸ ਲਹਿਰ ਪ੍ਰਤਿ ਵਤੀਰਾ ਤ੍ਰਿਸਕਾਰ ਵਾਲਾ ਹੈ। ਕੰਮੀ-ਕਾਰੀਗਰ ਜਮਾਤਾਂ ਨਾਲ ਸੰਬੰਧਿਤ ਕੁਝ ਨੌਜਵਾਨ ‘ਗਾਂਧੀ ਦੀ ਲਹਿਰ’ ਤੋਂ ਥੋੜ੍ਹਾ ਬਹੁਤ ਪ੍ਰਭਾਵਿਤ ਹੁੰਦੇ ਹਨ ਪਰ ਅਖ਼ੀਰ ਨੂੰ ਆਪਣੀ ਸਥਿਤੀ ਨਾਲ ਸਮਝੌਤਾ ਕਰ ਲੈਂਦੇ ਹਨ। ਕਿਸਾਨੀ ਨਾਲ ਸੰਬੰਧਿਤ ਨੌਜਵਾਨਾਂ ਦੇ ਮਨਾਂ ਵਿਚ ਦੇਸ਼ਭਗਤ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਆਦਰ ਤਾਂ ਹੈ ਪਰ ਉਹ ਇਨ੍ਹਾਂ ਦੇ ਰਾਹ ਚੱਲਣ ਅਤੇ ਫ਼ੌਜ ਵਿਚ ਭਰਤੀ ਹੋ ਕੇ ਆਪਣੀ ਜ਼ਿੰਦਗੀ ਵਿਚ ਰੋਮਾਂਸ ਪੈਦਾ ਕਰਨ ਵਿਚੋਂ ਇਕ ਰਾਹ ਦੀ ਚੋਣ ਕਰਨ ਬਾਰੇ ਦੁਬਿਧਾ ਵਿਚ ਹਨ। ਟੀ.ਆਰ.ਵਿਨੋਦ ਨੇ ਪਿੰਡ ਦੇ ਕਿਸਾਨੀ ਸੰਘਰਸ਼ ਅਤੇ ਰਾਸ਼ਟਰਵਾਦੀ ਲਹਿਰ ਵਿਚਲੇ ਨਿਖੇੜੇ ਨੂੰ ਰਾਸ਼ਟਰਵਾਦੀ ਲਹਿਰ ਦੀ ਅਸਮਰੱਥਾ ਦੇ ਰੂਪ ਵਿਚ ਸਮਝਿਆ ਹੈ।੪ ਉਸ ਦੀ ਧਾਰਣਾ ਮੁਤਾਬਿਕ ਇਹ ਲਹਿਰ ਪੇਂਡੂ ਕਿਸਾਨੀ ਅਤੇ ਕਾਰੀਗਰ ਜਮਾਤ ਨੂੰ ਆਪਣੇ ਨਾਲ ਜੋੜਨ ਵਿਚ ਕਾਮਯਾਬ ਨਹੀਂ ਹੋ ਸਕੀ। ਮੇਰੀ ਜਾਚੇ ਗੁਰਦਿਆਲ ਸਿੰਘ ਇਸ ਨਿਖੇੜੇ ਦੀ ਜ਼ਿੰਮੇਵਾਰੀ ਤੈਅ ਕਰਨ ਤੋਂ ਵਧੇਰੇ ਨਿਖੇੜੇ ਦੀ ਵਸਤੂ ਸਥਿਤੀ ਉੱਤੇ ਫ਼ੋਕਸ ਕਰਕੇ ਦੋਹਾਂ ਦੀਆਂ ਸੀਮਾਵਾਂ ਵਲ ਧਿਆਨ ਦਵਾਉਣਾ ਚਾਹੁੰਦਾ ਹੈ। ਨਾਵਲ ਵਿਚ ਕਿਸਾਨੀ ਦੇ ਸੰਘਰਸ਼ ਦੇ ਕਿਸੇ ਤਣ ਪੱਤਣ ਨਾ ਲੱਗਣ ਪਿੱਛੇ ਗੁਰਦਿਆਲ ਸਿੰਘ ਨੇ ਕਿਸਾਨੀ ਸੰਘਰਸ਼ ਅਤੇ ਰਾਸ਼ਟਰਵਾਦੀ ਲਹਿਰ ਵਿਚਕਾਰ ਨਿਖੇੜੇ ਨੂੰ ਇਕ ਵਡੇਰੇ ਕਾਰਣ ਵਜੋਂ ਪੇਸ਼ ਕੀਤਾ ਹੈ। ਇਸ ਨਿਖੇੜੇ ਦੇ ਯਥਾਰਥ ਨੂੰ ਦਰਸਾਉਣ ਪਿੱਛੇ ਇਕ ਰਚਨਾਤਮਕ ਪ੍ਰੇਰਣਾ ਇਹ ਵੀ ਹੈ ਕਿ ਨਾਵਲਕਾਰ ਕਿਸੇ ਸੁਚੇਤ ਰਾਜਨੀਤਕ ਸੰਘਰਸ਼ ਤੋਂ ਪਹਿਲਾਂ ਅਤੇ ਬਾਹਰ ਆਮ ਲੋਕਾਂ ਅੰਦਰ ਮੌਜੂਦ ਸੰਘਰਸ਼ ਦੀ ਮੂਲਭੂਤ ਸੰਭਾਵਨਾ ਅਤੇ ਇਸ ਦੇ ਪ੍ਰਤਿਰੋਧੀ ਚਰਿੱਤਰ ਦੇ ਸਾਰ ਅਤੇ ਸਰੂਪ ਨੂੰ ਬਿਰਤਾਂਤਕ ਧਰਾਤਲ ਉੱਤੇ ਸਾਕਾਰ ਕਰਨਾ ਚਾਹੁੰਦਾ ਹੈ। ਕਰਮਗੜ੍ਹ ਦੇ ਕਿਸਾਨਾਂ ਦੇ ਪ੍ਰਤਿਰੋਧੀ ਹੁੰਗਾਰੇ ਦੀ ਸਫ਼ਲਤਾ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਇਹ ਵੀ ਕਿ ਇਹ ਵਰਗ ਆਪਣੇ ਵਿਸ਼ੇਸ਼ ਜਮਾਤੀ ਕਿਰਦਾਰ ਅਤੇ ਜਾਤੀ ਸੰਸਕਾਰਾਂ ਕਾਰਣ ਪਿੰਡ ਵਿਚਲੀਆਂ ਗੈਰ ਕਿਸਾਨੀ ਜਮਾਤਾਂ ਤੋਂ ਵੀ ਨਿੱਖੜਿਆ ਹੋਇਆ ਹੈ। ਕਿਸਾਨੀ ਦੇ ਸ਼ੋਸ਼ਣ ਅਤੇ ਜਾਤੀ ਤ੍ਰਿਸਕਾਰ ਦੀਆਂ ਸ਼ਿਕਾਰ ਜਾਤਾਂ ਜਮਾਤਾਂ ਸੰਕਟ ਦੀ ਘੜੀ ਕਿਸਾਨੀ ਨਾਲ ਕੋਈ ਹਮਦਰਦੀ ਨਹੀਂ ਰੱਖਦੀਆਂ। ਇਨ੍ਹਾਂ ਜਾਤਾਂ ਨਾਲ ਜੁੜੇ ਪਾਤਰ ਸੰਕਟ-ਸਥਿਤੀ ਵਿਚ ਫ਼ਸੇ ਨੁਕਸਾਨ ਝੱਲਦੇ ਕਿਸਾਨਾਂ ਉੱਤੇ ਵਿਅੰਗ ਵੀ ਕਰਦੇ ਹਨ। ਨਾਵਲ ਦੇ ਪਾਤਰ ਕਾਲੂ ਅਤੇ ਉਸ ਦਾ ਮੁੰਡਾ ਕੌਡੂ ਕਿਸਾਨਾਂ ਉੱਤੇ ਵਿਅੰਗ ਕਰਦੇ ਹਨ ਅਤੇ ਕਿਸਾਨਾਂ ਦੇ ਪਸ਼ੂਆਂ ਦੇ ਮਰਨ ਨੂੰ ਆਪਣੇ ਫਾਇਦੇ ਵਜੋਂ ਦੇਖਦੇ ਹਨ। ਪਿੰਡ ਦੇ ਕੰਮੀ ਕਾਰੀਗਰ ਆਪਣੀ ਹੋਣੀ ਨੂੰ ਮੰਡੀ ਵਿਚ ਹੋ ਰਹੇ ਪੂੰਜੀਵਾਦੀ ਵਿਕਾਸ ਦੀਆਂ ਸੰਭਾਵਨਾਵਾਂ ਨਾਲ ਜੋੜ ਕੇ ਦੇਖਦੇ ਹਨ। ਸਾਧੂ ਮੋਚੀ ਅਤੇ ਸੰਤੂ ਘੁਮਿਆਰ ਪਿੰਡ ਛੱਡ ਕੇ ਮੰਡੀ ਜਾ ਕੇ ਵਸਣ ਵਿਚ ਆਪਣੀ ਬੰਦਖਲਾਸੀ ਦੇਖਦੇ ਹਨ ਅਤੇ ਸੰਕਟ ਦੀ ਘੜੀ ਜ਼ਮੀਨ ਨਾਲ ਨੂੜੀ ਹੋਈ ਕਿਸਾਨੀ ਦੀ ਤੁਲਨਾ ਵਿਚ ਆਪਣੇ ਆਪ ਨੂੰ ਖ਼ੁਸ਼ਕਿਸਮਤ ਵੀ ਮੰਨਦੇ ਹਨ। ਇਸ ਸਥਿਤੀ ਵਿਚ ਕਿਸਾਨੀ ਦੋਹਾਂ ਪਾਸਿਆਂ ਤੋਂ ਟੁੱਟੀ ਹੋਈ ਨਜ਼ਰ ਆਉਂਦੀ ਹੈ। ਉਸ ਦੇ ਸੰਘਰਸ਼ ਦਾ ਕੋਈ ਸਾਰਥਕ ਸਿੱਟਾ ਨਿਕਲਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਇਹ ਸੰਘਰਸ਼ ਵਡੇਰੀ ਰਾਜਨੀਤਕ ਚੇਤਨਾ ਨਾਲੋਂ ਵੀ ਨਿੱਖੜਿਆ ਹੋਇਆ ਹੈ ਅਤੇ ਆਪਣੇ ਸਹਿਵਾਸੀਆਂ ਦੀਆਂ ਹਮਦਰਦੀਆਂ ਤੋਂ ਵੀ ਸੱਖਣਾ ਹੈ। ਨਾਵਲ ਵਿਚ ਕਿਸਾਨੀ ਸੰਘਰਸ਼ ਦੀਆਂ ਸੀਮਾਵਾਂ ਦੇ ਇਨ੍ਹਾਂ ਦੋ ਪ੍ਰਸੰਗਾਂ ਨੂੰ ਸਿਰਜ ਕੇ ਨਾਵਲਕਾਰ ਸਮਕਾਲ ਵਿਚ ਚੱਲ ਰਹੇ ਜਾਂ ਚੱਲ ਸਕਦੇ ਵਿਭਿੰਨ ਸੰਘਰਸ਼ਾਂ ਦੀ ਹੋਣੀ ਬਾਰੇ ਪੇਸ਼ੀਨਗੋਈ ਕਰਦਾ ਪ੍ਰਤੀਤ ਹੁੰਦਾ ਹੈ। ਕਿਸਾਨੀ ਸੰਘਰਸ਼ ਦੇ ਨਿਖੇੜੇ ਦਾ ਬਿਰਤਾਂਤਕ ਬਿੰਬ ਵਸਤੂ ਸਥਿਤੀ ਦੇ ਅਤਿ ਸੀਮਿਤ ਵੇਰਵਿਆਂ ਵਿਚੋਂ ਉਭਰਦਾ ਹੋਣ ਕਰਕੇ ਗੰਭੀਰ ਸੀਮਾਵਾਂ ਦਾ ਸ਼ਿਕਾਰ ਹੈ ਪਰ ਇਸ ਨੂੰ ਸਮਕਾਲ ਦੇ ਸੰਦਰਭ ਵਿਚ ਰੱਖ ਕੇ ਸਮਝਦਿਆਂ ਕੁਝ ਮਹੱਤਵਪੂਰਣ ਸੁਝਾਅ ਪ੍ਰਾਪਤ ਹੋ ਸਕਦੇ ਹਨ। ਨਾਵਲੀ ਜਗਤ ਦਾ ਇਕ ਸੁਝਾਅ ਇਹ ਹੈ ਕਿ ਸਮਕਾਲ ਵਿਚ ਕੋਈ ਵੀ ਪ੍ਰਮਾਣਿਕ ਸੰਘਰਸ਼ ਉਦੋਂ ਤਕ ਕਾਮਯਾਬ ਨਹੀਂ ਹੋ ਸਕਦਾ ਜਦੋਂ ਤਕ ਉਹ ਮਾਨਵ ਮੁਕਤੀ ਦੇ ਵਡੇਰੇ ਪ੍ਰਸੰਗਾਂ ਵਿਚ ਲੜੇ ਜਾ ਰਹੇ ਰਾਸ਼ਟਰੀ, ਅੰਤਰ ਰਾਸ਼ਟਰੀ ਸੰਘਰਸ਼ਾਂ ਨਾਲ ਸਾਂਝ ਨਹੀਂ ਪਾਉਂਦਾ। ਨਾਵਲ ਜਗਤ ਦਾ ਦੂਜਾ ਸੁਝਾਅ ਇਹ ਹੈ ਕਿ ਪੰਜਾਬ ਦੀ ਕਿਸਾਨੀ ਜਦੋਂ ਤਕ ਖ਼ੁਦ ਜਾਤੀ ਸ਼ੋਸ਼ਣ ਅਤੇ ਤ੍ਰਿਸਕਾਰ ਤੋਂ ਮੁਕਤ ਨਹੀਂ ਹੁੰਦੀ ਅਤੇ ਆਪਣੇ ਸਹਿਵਾਸੀਆਂ ਦੇ ਦੁਖਾਂ ਤਕਲੀਫ਼ਾਂ ਨਾਲ ਸਾਂਝ ਨਹੀਂ ਪਾਉਂਦੀ, ਉਸ ਦਾ ਕੋਈ ਵੀ ਸੰਘਰਸ਼ ਭਵਿੱਖਮੁਖੀ ਨਿਰਣੇ ਤਕ ਨਹੀਂ ਅੱਪੜ ਸਕਦਾ। ਇਸੇ ਲੜੀ ਵਿਚ ਤੀਜਾ ਸੁਝਾਅ ਇਹ ਵੀ ਹੈ ਕਿ ਵਰਤਮਾਨ ਵਿਚ ਸ਼ੋਸ਼ਿਤ ਲੋਕਾਂ ਦੀਆਂ ਇਕ ਦੂਜੇ ਤੋਂ ਨਿੱਖੜੀਆਂ ਹੋਈਆਂ ਲਹਿਰਾਂ ਇੱਛਿਤ ਨਤੀਜਆਂ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਨਹੀਂ ਹੋ ਸਕਦੀਆਂ।
ਨਾਵਲ ਵਿਚਲੇ ਵਸਤੁ-ਪ੍ਰਤੱਖਣ ਦੀ ਉਪਰੋਕਤ ਖੂਬੀਆਂ ਨੂੰ ਜਾਣਨ ਤੋਂ ਬਾਅਦ ਇਸ ਪ੍ਰਤੱਖਣ ਦੇ ਬਿਰਤਾਂਤਕ ਆਕਾਰ ਦੀ ਪੜਤਾਲ ਵੀ ਜ਼ਰੂਰੀ ਹੈ। ਨਾਵਲਕਾਰ ਨੇ ਆਪਣੇ ਵਸਤੂ-ਪ੍ਰਤੱਖਣ ਨੂੰ ਨਾਵਲੀ ਸੰਗਠਨ ਵਿਚ ਢਾਲਦਿਆਂ ਪੰਜਾਬੀ ਨਾਵਲਕਾਰੀ ਵਿਚ ਨਵੇਂ ਆਯਾਮ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਵਲ ਦਾ ਬਿਰਤਾਂਤਕ ਸੰਗਠਨ ਗੁਰਦਿਆਲ ਸਿੰਘ ਦੇ ਪਹਿਲੇ ਨਾਵਲਾਂ ਨਾਲੋਂ ਕਾਫ਼ੀ ਵੱਖਰਾ ਹੈ। ਇਸ ਨਾਵਲ ਵਿਚ ਨਾ ਤਾਂ ਕੋਈ ਨਾਇਕ ਹੈ ਅਤੇ ਨਾ ਹੀ ਨਾਇਕ ਨੁਮਾ ਕੇਂਦਰੀ ਪਾਤਰ ਜਿਹੜਾ ਸਮੁੱਚੇ ਬਿਰਤਾਂਤਕ ਕਾਰਜ ਦੇ ਕੇਂਦਰ ਵਿਚ ਰਹੇ। ਜੇ ਥੋੜ੍ਹੀ ਬਹੁਤ ਮਹੱਤਤਾ ਇਕ ਪਾਤਰ ਸੰਮਣ ਨੂੰ ਮਿਲੀ ਵੀ ਹੈ ਤਾਂ ਵੀ ਸੰਮਣ ਦੇ ਕਿਰਦਾਰ ਅਤੇ ਕਾਰਜ ਪ੍ਰਤਿ ਨਾਵਲ ਦੇ ਅੰਦਰਵਾਰ ਸਮੋਈ ਹੋਈ ਆਲੋਚਨਾਤਮਕ ਪਹੁੰਚ ਕਾਰਣ ਉਹ ਨਾਇਕ ਵਜੋਂ ਸਥਾਪਿਤ ਨਹੀਂ ਹੁੰਦਾ। ਸੰਮਣ ਦੇ ਕਿਰਦਾਰ ਅਤੇ ਕਾਰਜ ਦੇ ਸਮਵਿੱਥ ਗਿਆਨੇ ਦੀ ਸੋਚ ਅਤੇ ਕਰਨੈਲ ਰੇਡੂ ਤੇ ਉਸ ਦੇ ਸਾਥੀਆਂ ਦੇ ਪ੍ਰਾਕਰਮੀ ਕਾਰਜ ਵਧੇਰੇ ਸੰਘਣੇ ਰੂਪ ਵਿਚ ਸਾਕਾਰ ਹੁੰਦੇ ਹਨ। ਨਾਵਲ ਵਿਚ ਸੰਮਣ ਆਪਣੀ ਸਾਰੀ ਕਾਰਜਸ਼ੀਲਤਾ ਦੇ ਬਾਵਜੂਦ ਕੋਈ ਅਜਿਹਾ ਕਿਰਿਆਸ਼ੀਲ ਪਾਤਰ ਨਹੀਂ ਬਣਦਾ ਜਿਹੜਾ ਬਿਰਤਾਂਤਕ ਕਾਰਜ ਦੀ ਦਿਸ਼ਾ ਨੂੰ ਨਿਰਧਾਰਿਤ ਕਰਦਾ ਜਾਂ ਬਦਲਦਾ ਹੋਵੇ। ਇੰਝ ਉਹ ਜਾਂ ਤਾਂ ਦ੍ਰਸ਼ਟਾ ਦੇ ਤੌਰ ਤੇ ਜਾਂ ਸਥਿਤੀਆਂ ਦੇ ਭੋਗਣਹਾਰ ਦੇ ਤੌਰ ਤੇ ਜਾਂ ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਘਟਨਾਵਾਂ ਵਿਚੋਂ ਗ਼ੁਜ਼ਰਦਿਆਂ ਜੀਵਨ ਦੇ ਬੁਨਿਆਦੀ ਸਵਾਲਾਂ ਬਾਰੇ ਚਿੰਤਨਸ਼ੀਲ ਹੋਣ ਵਾਲੇ ਪਾਤਰ ਦੇ ਰੂਪ ਵਿਚ ਸਿਰਜਿਆ ਗਿਆ ਹੈ। ਉਹ ਆਪਣੀ ਸਮਝ ਸੂਝ ਅਤੇ ਸਬਰ-ਤਹੱਮਲ ਨਾਲ ਨਾ ਤਾਂ ਸੱਤਾ ਨੂੰ ਪ੍ਰਭਾਵਿਤ ਕਰਨ ਵਿਚ ਸਫ਼ਲ ਹੁੰਦਾ ਹੈ ਅਤੇ ਨਾ ਹੀ ਪਿੰਡ ਦੇ ਲੋਕਾਂ ਨੂੰ। ਨਾਵਲੀ ਚਿੱਤਰ ਪੱਟ ਉੱਤੇ ਚੱਲ ਰਹੇ ਸਮੁੱਚੇ ਟਕਰਾਓ ਦੌਰਾਨ ਉਹ ਉਸ ਕਿਸਮ ਦੀ ਸੁਹਿਰਦ ਸਮਝਦਾਰੀ ਅਤੇ ਸੁਭੱਦਰ ਜੀਵਨ ਸ਼ੈਲੀ ਤੇ ਸਮਾਜਿਕ ਸਰਗਰਮੀ ਦਾ ਪ੍ਰਤੀਕ ਹੈ ਜਿਹੜੀ ਬਸਤੀਵਾਦੀ ਤਸ਼ੱਦਦ ਦੇ ਪੱਸਰਣ ਦੇ ਸਮੇਂ ਨਾਕਾਫ਼ੀ, ਸੀਮਿਤ ਅਤੇ ਪੁਰਾਣੀ ਸਾਬਿਤ ਹੋ ਰਹੀ ਸੀ। ਉਹ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਦਰਖ਼ਾਸਤਾਂ ਦਿੰਦਾ ਅਤੇ ਫ਼ਰਿਆਦਾਂ ਕਰਦਾ ਹੈ ਅਤੇ ਸਬਰ-ਸੰਤੋਖ ਨਾਲ ਤੁਰਿਆ ਰਹਿੰਦਾ ਹੈ। ਇਸ ਦੌਰਾਨ ਰਾਜ ਦੇ ਸਰੂਪ ਅਤੇ ਕਿਰਦਾਰ ਬਾਰੇ ਉਸ ਦੇ ਭਰਮ ਟੁੱਟਦੇ ਹਨ ਅਤੇ ਪਿੰਡ ਦੇ ਲੋਕ ਵੀ ਉਸ ਨੂੰ ਪਿੰਡ ਦਾ ਮੋਹਰੀ ਮੰਨਣ ਦੇ ਬਾਵਜੂਦ ਉਸ ਦੀ ਕਾਰਜਸ਼ੈਲੀ ਤੇ ਤੌਰ ਤਰੀਕਿਆਂ ਨਾਲ ਸਹਿਮਤ ਨਹੀਂ ਰਹਿੰਦੇ। ਇੰਝ ਸੰਮਣ ਨਾ ਇਸ ਬਿਰਤਾਂਤਕ ਸੰਗਠਨ ਨੂੰ ਗਤੀ ਪ੍ਰਦਾਨ ਕਰਨ ਵਾਲਾ ਕੇਂਦਰੀ ਪਾਤਰ ਹੈ ਅਤੇ ਨਾ ਹੀ ਇਸ ਬਿਰਤਾਂਤ ਵਿਚਲੇ ਕੇਂਦਰੀ ਟਕਰਾਵਾਂ ਅਤੇ ਸਥਿਤੀਆਂ ਨੂੰ ਸਮਝਣ ਦੀ ਦ੍ਰਿਸ਼ਟੀ ਪ੍ਰਦਾਨ ਕਰਨ ਵਾਲਾ ਪਾਤਰ ਹੈ। ਇਸ ਦੇ ਮੁਕਾਬਲੇ ਨਾਵਲ ਦਾ ਇਕ ਹੋਰ ਪਾਤਰ ਗਿਆਨਾ ਵੀ ਇਸ ਦਰਜੇ ਨੂੰ ਪ੍ਰਾਪਤ ਨਹੀਂ ਕਰਦਾ ਕਿਉਂਕਿ ਸਥਿਤੀ ਬਾਰੇ ਅਤਿ ਤਿੱਖੇ ਪ੍ਰਤਿਕਰਮ ਸਿਰਜਣ ਦੇ ਬਾਵਜੂਦ ਉਹ ਖ਼ੁਦ ਕਿਸੇ ਕਾਰਜ ਵਿਚ ਨਹੀਂ ਉੱਤ੍ਹਰਦਾ। ਉਹ ਸਥਿਤੀ ਬਾਰੇ ਬੋਲਦਾ ਹੈ ਤਾਂ ਉਸਦੇ ਬੋਲਾਂ ਵਿਚਲੀ ਗਰਮੀ ਯਥਾਰਥ ਉੱਪਰ ਪਏ ਪਰਦਿਆਂ ਨੂੰ ਲੂਹ ਦਿੰਦੀ ਹੈ ਅਤੇ ਅੰਦਰਲਾ ਸੱਚ ਨਸ਼ਰ ਹੋ ਜਾਂਦਾ ਹੈ। ਉਹ ਸਥਿਤੀ ਬਾਰੇ ਤੱਟਫੱਟ ਹੁੰਗਾਰੇ ਸਿਰਜਦਾ ਸਹਿਜ ਲੋਕਮੱਤ ਨੂੰ ਪ੍ਰਗਟ ਕਰਨ ਵਾਲਾ ਪਾਤਰ ਹੈ ਜਿਸ ਰਾਹੀਂ ਨਾਵਲਕਾਰ ਨੇ ਨਾਵਲ ਵਿਚ ਇਕ ਵਿਸ਼ੇਸ਼ ਤੀਬਰ ਭਾਵ ਨੂੰ ਆਵਾਜ਼ ਦਿੱਤੀ ਹੈ। ਕਰਨੈਲ ਰੇਡੂ ਪਿੰਡ ਵਿਚੋਂ ਪੈਦਾ ਹੋਏ ਵਿਦਰੋਹ ਦਾ ਪ੍ਰਤੀਕ ਹੈ ਪਰ ਆਪਣੀਆਂ ਸਭ ਕਾਰਵਾਈਆਂ ਦੇ ਬਾਵਜੂਦ ਬਿਰਤਾਂਤ ਵਿਚ ਉਸ ਦੀ ਹਾਜ਼ਰੀ ਵਿਰਾਟਤਾ ਨੂੰ ਪ੍ਰਾਪਤ ਨਹੀਂ ਹੁੰਦੀ। ਨਾਵਲਕਾਰ ਨੇ ਉਸ ਦਾ ਵਿਅਕਤੀਗਤ ਬਿੰਬ ਬੜੀ ਜੁਗਤ ਨਾਲ ਘੜਿਆ ਹੈ ਕਿ ਉਹ ਕਿਸੇ ਰੋਮਾਂਚਕ ਸਾਹਸਕਰਮ ਦਾ ਪ੍ਰੇਰਕ ਨਹੀਂ ਬਣਦਾ। ਨਾਵਲਕਾਰ ਨੇ ਬਿਰਤਾਂਤ ਦੇ ਦ੍ਰਿਸ਼ਟ ਧਰਾਤਲ ਉੱਤੇ ਕਰਨੈਲ ਰੇਡੂ ਦੇ ਕਾਰਜਾਂ ਅਤੇ ਉਸਦੀ ਸੋਚਧਾਰਾ ਨੂੰ ਬਹੁਤੀ ਸਪੇਸ ਨਹੀਂ ਦਿੱਤੀ। ਇਸ ਲਈ ਉਸ ਦੇ ਵਿਦਰੋਹੀ ਕਾਰਜ ਪਿੱਛੇ ਮੌਜੂਦ ਉਸ ਦੀ ਸੋਚ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਦਾ ਬੋਧ ਨਹੀਂ ਮਿਲਦਾ। ਇੰਝ ਰੇਡੂ ਅਤੇ ਉਸ ਦੇ ਸਾਥੀਆਂ ਦੇ ਕਾਰਨਾਮੇ ਪਿੰਡ ਦੇ ਨੌਜਵਾਨਾ ਦੇ ਸਹਿਜ ਵਿਦਰੋਹੀ ਹੁੰਗਾਰੇ ਦੀ ਪ੍ਰਤਿਨਿਧਤਾ ਕਰਦੇ ਹਨ। ਇਨ੍ਹਾਂ ਵਿਚੋਂ ਕਿਸੇ ਇਕ ਪਾਤਰ ਦੇ ਉਭਾਰ ਨੂੰ ਰੋਕਣਾ ਨਾਵਲਕਾਰ ਦੀ ਰਚਨਾ ਜੁਗਤ ਦਾ ਹਿੱਸਾ ਜਾਪਦਾ ਹੈ ਜਿਸ ਕਰਕੇ ਉਹ ਕਰਨੈਲ ਦੇ ਪਾਤਰ ਨੂੰ ਬਹੁਤਾ ਬਿਰਤਾਂਤਕ ਵਿਸਤਾਰ ਨਹੀਂ ਦਿੰਦਾ। ਨਾਵਲ ਦੇ ਅਖੀਰਲੇ ਕਾਂਡਾਂ ਵਿਚ ਤਾਂ ਇਹ ਸਾਰੇ ਪਾਤਰ ਮਨਫ਼ੀ ਹੋ ਜਾਂਦੇ ਹਨ ਅਤੇ ਇਕ ਹੋਰ ਹੀ ਪਾਤਰ ਭੂਰਾ ਬਿਰਤਾਂਤਕ ਦ੍ਰਿਸ਼ ਉੱਤੇ ਉਭਰ ਆਉਂਦਾ ਹੈ। ਆਪਣੇ ਭਰਾ ਭਰਜਾਈ ਦੇ ਵਤੀਰੇ ਤੋਂ ਤੰਗ ਆ ਕੇ ਪਿੰਡ ਛੱਡ ਕੇ ਮੰਡੀ ਨੌਕਰੀ ਕਰਨ ਗਿਆ ਭੂਰਾ ਅੰਤ ਵਿਚ ਵਾਪਿਸ ਪਿੰਡ ਪਰਤਦਾ ਨਜ਼ਰ ਆਉਂਦਾ ਹੈ। ਇਸ ਵੇਰਵੇ ਤੋਂ ਇੰਝ ਜਾਪਦਾ ਹੈ ਕਿ ਨਾਵਲਕਾਰ ਪਿੰਡ ਦੀ ਧਰਤੀ ਤੇ ਲੜੇ ਜਾ ਰਹੇ ਸੰਘਰਸ਼ ਨੂੰ ਵਿਚਾਲੇ ਛੱਡ ਕੇ ਆਪਣੇ ਨਿੱਜੀ ਸੁੱਖ ਲਈ ਪਰਵਾਸ ਕਰਨ ਵਾਲੇ ਪੰਜਾਬੀਆਂ ਦੀ ਅੰਦਰੂਨੀ ਕਸ਼ਮਕਸ਼ ਨੂੰ ਇਤਿਹਾਸਕ ਅਨਿਵਾਰਤਾ ਦੇ ਨਜ਼ਰੀਏ ਤੋਂ ਦੇਖਦਾ ਅਤੇ ਸੁਝਾਅ ਦਿੰਦਾ ਹੈ ਕਿ ਸਭ ਔਕੜਾਂ ਦੇ ਬਾਵਜੂਦ ਵਾਪਿਸ ਪਰਤ ਕੇ ਹੀ ਉਨ੍ਹਾਂ ਅੰਦਰਲੀ ਮਨੁੱਖਤਾ ਨੂੰ ਆਤਮਕ ਬੁਲੰਦੀ ਅਤੇ ਸੰਤੁਸ਼ਟੀ ਪ੍ਰਾਪਤ ਹੋ ਸਕਦੀ ਹੈ। ਇੰਝ ਇਹ ਅਜਿਹਾ ਬਿਰਤਾਂਤਕ ਸੰਗਠਨ ਹੈ ਜਿਸ ਵਿਚ ਕਹਾਣੀ ਨੂੰ ਉਹ ਗੋਲਾਈ ਪ੍ਰਾਪਤ ਨਹੀਂ ਹੁੰਦੀ ਜਿਹੜੀ ਸਾਡੇ ਬਹੁਤੇ ਨਾਵਲਾਂ ਵਿਚ ਕਥਾ ਰਸ ਅਤੇ ਪੜ੍ਹਨਯੋਗਤਾ ਦਾ ਕਾਰਣ ਬਣਦੀ ਹੈ।
ਗੁਰਦਿਆਲ ਸਿੰਘ ਨੇ ਨਾਵਲ ਵਿਚ ਪਿੰਡ ਨੂੰ ਇਕ ਪਾਤਰ ਦੇ ਰੂਪ ਵਿਚ ਘੜਨ ਦਾ ਉਪਰਾਲਾ ਤਾਂ ਕੀਤਾ ਹੈ ਪਰ ਇਹ ਪਾਤਰ ਆਪਣੇ ਵਾਸਤਵਿਕ ਤਣਾਵਾਂ ਟਕਰਾਵਾਂ, ਪ੍ਰਮਾਣਿਕ ਆਕਾਰ ਅਤੇ ਸੰਭਾਵਨਾਵਾਂ ਸਮੇਤ ਸਾਕਾਰ ਨਹੀਂ ਹੁੰਦਾ।ਨਾਵਲ ਵਿਚਲੀ ਕਿਸਾਨੀ ਦੀਆਂ ਅੰਦਰਲੀਆਂ ਵਿਰੋਧਤਾਵਾਂ ਦੇ ਨਕਸ਼ ਗਾਇਬ ਹਨ। ਨਾਵਲ ਵਿਚ ਸੱਤਾ ਦਾ ਸੰਕਲਪ ਸਿੱਧੜ ਤੇ ਸਪਾਟ ਜਿਹਾ ਹੈ। ਪਿੰਡ ਵਿਚ ਸੱਤਾ ਦੀ ਪ੍ਰਤਿਨਿਧਤਾ ਕਰਨ ਵਾਲੇ ਦੋ ਹੀ ਪਾਤਰ ਹਨ। ਇਲ ਲੀਲੂ ਚੌਕੀਦਾਰ ਅਤੇ ਦੂਜਾ ਬਖ਼ਤੌਰਾ ਲੰਬੜਦਾਰ। ਪਿੰਡ ਦੀ ਕਿਸਾਨੀ ਜਿਵੇਂ ਸੱਤਾ ਦੀ ਛੋਹ ਤੋਂ ਬਿਲਕੁਲ ਨਿਰਲੇਪ ਅਤੇ ਸੁਤੰਤਰ ਹੈ। ਇੰਝ ਜਾਪਦਾ ਹੈ ਕਿ ਸੱਤਾ ਪਿੰਡ ਤੋਂ ਦੂਰ ਅਤੇ ਅਦਿੱਸ ਹੋਂਦ ਹੈ ਜਿਸ ਦਾ ਪਿੰਡ ਦੀ ਸਮਾਜਕ ਸੰਰਚਨਾ ਵਿਚ ਕੋਈ ਦਖ਼ਲ ਨਹੀਂ ਹੈ।ਇੰਝ ਗੁਰਦਿਆਲ ਸਿੰਘ ਦੁਆਰਾ ਸਿਰਜਿਆ ਗਿਆ ਪਿੰਡ ਦਾ ਬਿੰਬ ਇਕ ਨਿਰਜਿੰਦ ਕਿਸਮ ਦੀ ਘਾੜਤ ਬਣ ਕੇ ਰਹਿ ਜਾਂਦਾ ਹੈ।ਪਿੰਡ ਦੇ ਬਿੰਬ ਦੀ ਘਾੜਤ ਦੇ ਨਿਰਜਿੰਦ ਰਹਿ ਜਾਣ ਦਾ ਇਕ ਕਾਰਣ ਇਹ ਵੀ ਹੈ ਕਿ ਇਸ ਵਿਚ ਪੇਂਡੂ ਜੀਵਨ ਸ਼ੈਲੀ, ਵਿਭਿੰਨ ਰੂਪਾਂ-ਪਾਸਾਰਾਂ ਵਿਚ ਧੜਕਦੀ ਜ਼ਿੰਦਗੀ, ਪਿਆਰ ਨਫ਼ਰਤ ਦੇ ਸੁਭਾਵਿਕ ਭਾਵਾਂ ਨਾਲ ਭਰੇ-ਭਕੁੰਨੇ ਵਿਅਕਤੀ ਚਿੱਤਰਾਂ ਨੂੰ ਸਾਕਾਰ ਕਰਦੇ ਵੇਰਵਿਆਂ ਦਾ ਅਭਾਵ ਹੈ। ਦੂਜੇ, ਪਿੰਡ ਦੀ ਅੰਦਰੂਨੀ ਜਮਾਤੀ ਬਣਤਰ ਦੇ ਵੇਰਵੇ ਆਪਣੇ ਭਰਵੇਂ ਆਕਾਰ ਵਿਚ ਪ੍ਰਗਟ ਨਹੀਂ ਹੁੰਦੇ। ਜਾਤੀ ਨਿਖੇੜੇ ਦੇ ਜਿੰਨੇ ਕੁ ਵੇਰਵੇ ਪ੍ਰਾਪਤ ਹੁੰਦੇ ਹਨ ਉਹ ਇੰਨੇ ਅਧੂਰੇ ਹਨ ਕਿਸਾਨੀ ਅਤੇ ਕੰਮੀ-ਕਾਰੀਗਰ ਜਮਾਤਾਂ ਦੇ ਆਪਸੀ ਰਿਸ਼ਤਿਆਂ ਅੰਦਰਲੇ ਦਵੰਦਾਂ ਦਾ ਦ੍ਰਿਸ਼ ਸਾਕਾਰ ਨਹੀਂ ਹੁੰਦਾ। ਪਿੰਡ ਦੇ ਜਿਹੜੇ ਦੋ ਕੰਮੀ ਕਾਰੀਗਰ ਸੰਤੂ ਘੁਮਿਆਰ ਅਤੇ ਸਾਧੂ ਮੋਚੀ ਪਿੰਡ ਛੱਡ ਕੇ ਮੰਡੀ ਪਰਵਾਸ ਕਰਦੇ ਹਨ ਉਨ੍ਹਾਂ ਦੇ ਅਜਿਹੇ ਫ਼ੈਸਲੇ ਦੇ ਨਾ ਤਾਂ ਠੋਸ ਵਸਤੂ ਸੰਦਰਭ ਸਿਰਜੇ ਗਏ ਹਨ ਅਤੇ ਨਾ ਹੀ ਪੇਸ਼ ਸੰਕਟ ਦਰਮਿਆਨ ਉਨ੍ਹਾਂ ਦੀ ਸਥਿਤੀ, ਮਜਬੂਰੀਆਂ ਅਤੇ ਦੁਬਿਧਾਵਾਂ ਦਾ ਭਰਵਾਂ ਤੇ ਪ੍ਰਮਾਣਿਕ ਦ੍ਰਿਸ਼ ਸਿਰਜਿਆ ਗਿਆ ਹੈ। ਕਿਸਾਨੀ ਦੀ ਖੇਤੀ ਪੈਦਾਵਾਰ ਅੁੱਪਰ ਆਸ਼ਰਿਤ ਇਨ੍ਹਾਂ ਜਾਤਾਂ-ਜਮਾਤਾਂ ਦੇ ਕਿਸਾਨੀ ਦੇ ਸੰਕਟ ਦੌਰਾਨ ਆਪਣੀ ਸਥਿਤੀ ਬਾਰੇ ਸੋਚ, ਹੁੰਗਾਰੇ ਅਤੇ ਦ੍ਰਿਸ਼ਟੀਕੋਣ ਨੂੰ ਬਿਰਤਾਂਤਕ ਜਗਤ ਵਿਚ ਕੋਈ ਬਹੁਤੀ ਸਪੇਸ ਨਹੀਂ ਦਿੱਤੀ ਗਈ।
ਗੁਰਦਿਆਲ ਸਿੰਘ ਦੀ ਨਾਵਲਕਾਰੀ ਵਿਚ ਅਰਥ ਦੇ ਸੰਯੋਜਨ ਅਤੇ ਸੰਚਾਰ ਵਿਚ ਉਸ ਦੀ ਪਾਤਰਾਵਲੀ ਦਾ ਮਹੱਤਵਪੂਰਣ ਯੋਗਦਾਨ ਹੁੰਦਾ ਹੈ।ਗੁਰਦਿਆਲ ਸਿੰਘ ਪੰਜਾਬੀ ਦਾ ਸ਼ਾਇਦ ਅਜਿਹਾ ਪਹਿਲਾ ਨਾਵਲਕਾਰ ਹੈ ਜਿਹੜਾ ਨਾਵਲ ਵਿਚ ਦਾਰਸ਼ਨਿਕ ਅੰਤਰ-ਦ੍ਰਿਸ਼ਟੀਆਂ ਦੇ ਸੰਯੋਜਨ ਲਈ ਅਜਿਹੇ ਪਾਤਰਾਂ ਨੂੰ ਵਾਹਨ ਬਣਾਉਂਦਾ ਹੈ ਜਿਨ੍ਹਾਂ ਦੇ ਹੋਂਦਮੂਲਕ ਵੇਰਵਿਆਂ ਵਿਚ ਦਾਰਸ਼ਨਿਕਤਾ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਦੇ ਬਾਵਜੂਦ ਗੁਰਦਿਆਲ ਸਿੰਘ ਉਨ੍ਹਾਂ ਦੀ ਮਾਨਸਿਕਤਾ ਦਾ ਇੰਝ ਦਾ ਬਾਰੀਕਬੀਨ ਚਿੱਤਰ ਉਸਾਰਦਾ ਹੈ ਕਿ ਉਨ੍ਹਾਂ ਦੇ ਦਾਰਸ਼ਨਿਕ ਉਚਾਰ ਬੜੇ ਸੁਭਾਵਿਕ ਜਾਪਣ ਲੱਗ ਪੈਂਦੇ ਹਨ। ਇਸ ਨਾਵਲ ਵਿਚ ਵੀ ਉਹ ਸੰਮਣ ਨੂੰ ਦਾਰਸ਼ਨਿਕ ਉਚਾਰ ਦਾ ਮਾਧਿਅਮ ਬਣਾਉਂਦਾ ਹੈ। ਉਸ ਦੇ ਨਾਵਲਾਂ ਵਿਚ ਪਾਤਰ ਸਿਰਜਣਾ ਦੀ ਇਕ ਰੂੜ੍ਹੀ ਨਿਰੰਤਰ ਦੁਹਰਾਈ ਗਈ ਹੈ। ਉਹ ਹੈ ਨਾਵਲ ਵਿਚਲੀ ਨਾਕਾਰਤਮਕ ਧਿਰ ਦੇ ਪਾਤਰਾਂ ਦੇ ਨਕਸ਼ਾਂ; ਉਨ੍ਹਾਂ ਦੇ ਸ਼ਕਲ ਸੂਰਤ, ਸ਼ਰੀਰਕ ਬਣਤਰ, ਬੋਲ ਬਾਣੀ ਅਤੇ ਲਿਬਾਸ; ਦਾ ਵਰਣਨ ਕਰਦਿਆਂ ਅਜਿਹੇ ਦ੍ਰਿਸ਼ਟਾਂਤਾਂ ਦੀ ਵਰਤੋਂ ਜਿਨ੍ਹਾਂ ਨਾਲ ਉਨ੍ਹਾਂ ਪ੍ਰਤਿ ਜੇ ਨਫ਼ਰਤ ਨਹੀਂ ਤਾਂ ਨਾਪਸੰਦਗੀ ਦਾ ਭਾਵ ਜ਼ਰੂਰ ਪੈਦਾ ਹੋਵੇ। ਨਾਵਲ ਦੀ ਸਾਕਾਰਤਮਕ ਜਾਂ ਹਾਂਦਰੂ ਧਿਰ (protagonist) ਦੇ ਨਕਸ਼ ਉਲੀਕਦਿਆਂ ਉਹ ਜਾਂ ਅਜਿਹੇ ਦ੍ਰਿਸ਼ਟਾਂਤਕ ਵਰਣਨ ਕਰਨ ਤੋਂ ਗੁਰੇਜ਼ ਕਰਦਾ ਹੈ ਜਾਂ ਭਲਾ ਪ੍ਰਭਾਵ ਪਾਉਣ ਵਾਲੇ ਦ੍ਰਿਸ਼ਟਾਂਤ ਵਰਤਦਾ ਹੈ। ਉਸ ਦੀ ਇਹ ਜੁਗਤ ਬੜੀ ਕਾਰਗਰ ਹੈ ਪਰ ਨਾਵਲਕਾਰੀ ਦੇ ਉਚੇਰੇ ਮਿਆਰਾਂ ਮੁਤਾਬਿਕ ਬੜੇ ਹਲਕੇ ਪੱਧਰ ਦੀ ਜੁਗਤ ਹੈ। ਇਸ ਨਾਲ ਇਹ ਧਾਰਣਾ ਦ੍ਰਿੜ ਹੁੰਦੀ ਹੈ ਕਿ ਨਕਾਰਾਤਮਕ ਕਿਰਦਾਰਾਂ ਵਿਚ ਹਮੇਸ਼ਾਂ ਹੀ ਕੁਢੱਬਾਪਣ ਅਤੇ ਕੁਹਜ ਹੁੰਦਾ ਹੈ ਜਿਹੜਾ ਨੰਗੀ ਅੱਖ ਨਾਲ ਦੇਖਿਆਂ ਨਜ਼ਰ ਆ ਜਾਂਦਾ ਹੈ। ਇਹ ਯਥਾਰਥ ਅਤੇ ਮਨੁੱਖੀ ਵਿਵਹਾਰ ਦਾ ਅਤਿ ਸਰਲੀਕਰਨ ਹੈ ਜਿਹੜਾ ਰਚਨਾਤਮਲ ਬੋਧ ਨੂੰ ਅਪ੍ਰਮਾਣਿਕ ਬਣਾ ਦਿੰਦਾ ਹੈ। ਨਾਵਲ ਆਹਣ ਵਿਚ ਵੀ ਉਸ ਨੇ ਇਸ ਚਿਰਪਰਿਚਿਤ ਜੁਗਤ ਦੀ ਭਰਵੀਂ ਵਰਤੋਂ ਕੀਤੀ ਹੈ।
ਇਹ ਮੰਨਿਆਂ ਜਾਂਦਾ ਹੈ ਕਿ ਸ਼ਿਲਪਕਾਰੀ ਵਿਚ ਗੁਰਦਿਆਲ ਸਿੰਘ ਦਾ ਕੋਈ ਸਾਨੀ ਨਹੀਂ ਹੈ। ਉਹ ਸ਼ਬਦ ਅਤੇ ਵਾਕ ਦੇ ਉਚਾਰਣੀ ਰੂਪਾਂ, ਨਿੱਕੇ ਨਿੱਕੇ ਘਟਨਾਵੀ ਵੇਰਵਿਆਂ ਦੀ ਘਾੜਤ ਵਿਚ ਮੁਹਾਰਤ ਰੱਖਦਾ ਹੈ ਅਤੇ ਨਾਲ ਹੀ ਘਟਨਾਵੀ ਬਿਰਤਾਂਤ ਦੇ ਅੰਤਰੀਵੀ ਸੰਗਠਨ ਵਿਚ ਇਨ੍ਹਾਂ ਨੂੰ ਬੀੜਨ ਲੱਗਿਆਂ ਬਹੁਤ ਇਹਤਿਆਤ ਵਰਤਦਾ ਹੈ। ਇੰਝ ਉਹ ਨਾਵਲ ਦੇ ਥੀਮਕ ਪਾਸਾਰਾਂ ਅਤੇ ਉਸ ਦੇ ਵਸਤੂ ਵਿਚੋਂ ਉਪਜਦੀਆਂ ਅਰਥ ਧੁਨੀਆਂ ਨੂੰ ਨਿਯੰਤਰਿਤ ਕਰਦਾ ਹੈ ਅਤੇ ਇਸ ਵਸਤੂ ਦੇ ਪ੍ਰਗਟਾਵੇ ਵਿਚ ਕੋਈ ਝੋਲ ਨਹੀਂ ਰਹਿਣ ਦਿੰਦਾ। ਇਸ ਪੱਖੋਂ ਇਸ ਨਾਵਲ ਵਿਚ ਗੁਰਦਿਆਲ ਸਿੰਘ ਨੇ ਸ਼ਬਦਾਂ ਦੇ ਉਚਾਰਣੀ ਰੂਪ ਨੂੰ ਇੰਨ ਬਿੰਨ ਅੰਕਿਤ ਕਰਨ ਲਈ ਸਥਾਪਿਤ ਸ਼ਬਦ ਜੋੜਾਂ ਨੂੰ ਬਦਲਿਆ ਹੈ ਅਤੇ ਨਵੇਂ ਸ਼ਬਦ ਜੋੜ ਵਰਤੇ ਹਨ। ਇਹ ਸ਼ਬਦ ਜੋੜ ਨਾ ਕੇਵਲ ਪਾਤਰਾਂ ਦੀ ਉਚਾਰਣੀ ਭਾਸ਼ਾ ਨੂੰ ਅੰਕਿਤ ਕਰਨ ਲੱਗਿਆਂ ਸਗੋਂ ਬਿਰਤਾਂਤਕਾਰ ਦੀ ਭਾਸ਼ਾ ਦੇ ਪ੍ਰਗਟਾਵੇ ਦਾ ਹਿੱਸਾ ਵੀ ਬਣੇ ਹਨ। ਇਹ ਤਜਰਬਾ ਅਟਪਟਾ ਲੱਗਦਾ ਹੈ ਕਿਉਂਕਿ ਇਸ ਪਿਛਲੇ ਸੰਕਲਪ ਅਤੇ ਪ੍ਰਕਾਰਜ ਬਾਰੇ ਸੰਦੇਹ ਬਣਿਆ ਰਹਿੰਦਾ ਹੈ। ਉਂਝ ਗੁਰਦਿਆਲ ਸਿੰਘ ਨੇ ਆਪਣੀ ਇਸ ਚੋਣ ਦਾ ਇਕ ਤਰਕ ਬੰਦ ਹੋ ਚੁੱਕੇ ਪ੍ਰਸਿੱਧ ਰਸਾਲੇ ਹੇਮਜਯੋਤੀ ਦੇ ਇਕ ਅੰਕ ਵਿਚ ਦਰਜ ਆਪਣੇ ਇਕ ਲੇਖ ‘ਲੇਖਕ ਪਾਤਰਾਂ ਦੀ ਕਚਿਹਿਰੀ ਵਿਚ’ ਵਿਚ ਦਰਜ ਕੀਤੇ ਸਨ ਜਿਸ ਮੁਤਾਬਿਕ ਉਹ ਪਾਤਰਾਂ ਨੂੰ ਉਸੇ ਵਾਤਾਵਰਣ ਵਿਚ ਪੇਸ਼ ਕਰਨਾ ਚਾਹੁੰਦਾ ਹੈ ਜਿਸ ਵਿਚ ਕਿ ਉਹ ਜਿਉਂਦੇ ਤੇ ਸੰਘਰਸ਼ ਕਰਦੇ ਹਨ। ਇਸ ਨਾਲ ਪਾਤਰਾਂ ਨੂੰ ਤਾਂ ਸ਼ਾਇਦ ਸੌਖਾ ਸਾਹ ਆਉਂਦਾ ਹੋਵੇ ਪਰ ਪਾਠਕ ਸਾਹੋ ਸਾਹ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਇਹ ਫ਼ਰਕ ਕਰਨਾ ਔਖਾ ਹੋ ਜਾਂਦਾ ਹੈ ਕਿ ਪਾਤਰਾਂ ਦੁਆਰਾ ਕਹੀਆਂ ਜਾ ਰਹੀਆਂ ਗੱਲਾਂ ਬਿਰਤਾਂਤ ਨੂੰ ਸੰਜੋਣ ਵਾਲੇ ਲੇਖਕ ਤੋਂ ਭਿੰਨ ਹਨ ਕਿ ਨਹੀਂ। ਇਸ ਨਾਲ ਨਾਵਲ ਵਿਚ ਨਾਵਲੀਅਤਾ ਦੇ ਸਿਰਜਣ ਲਈ ਲੋੜੀਂਦੀ ਬਹੁ-ਭਾਸ਼ਕਤਾ ਦੇ ਸਿਰਜਣ ਦੀਆਂ ਸੰਭਾਵਨਾਵਾਂ ਵੀ ਸੁੰਗੜਦੀਆਂ ਹਨ। ਉਚਾਰਣੀ ਭਾਸ਼ਾ ਵਿਚ ਪ੍ਰਗਟ ਹੋਣ ਵਾਲੇ ਸਹਿਜ ਲੋਕ ਚਿੰਤਨ ਦੀ ਅੰਤਰੀਵੀ ਗਹਿਰਾਈ ਬਿਰਤਾਂਤਕਾਰ ਦੇ ਭਾਸ਼ਾਈ ਪ੍ਰਯੋਗ ਵਿਚੋਂ ਪ੍ਰਗਟ ਹੋਣ ਵਾਲੀ ਵਿਸ਼ਵ ਦ੍ਰਿਸ਼ਟੀ ਨਾਲ ਕੋਈ ਪ੍ਰਤੱਖਣਯੋਗ ਸੰਬੰਧ ਬਣਾਉਣ ਦੀ ਬਜਾਏ ਉਸ ਨਾਲ ਖਲਤ ਮਲਤ ਹੋ ਜਾਂਦੀ ਹੈ। ਇਸ ਕਾਰਨ ਬਿਰਤਾਂਤ ਵਿਚ ਪਾਤਰਾਂ ਅਤੇ ਬਿਰਤਾਂਤਕਾਰ ਦੀ ਭਾਸ਼ਾਈ ਇਕਮਿਕਤਾ ਉਨ੍ਹਾਂ ਦੀ ਦ੍ਰਿਸ਼ਟੀ ਦੀ ਇਕਮਿਕਤਾ ਦਾ ਪ੍ਰਭਾਵ ਪੈਦਾ ਕਰ ਦਿੰਦੀ ਹੈ ਅਤੇ ਪਾਠਕ ਬੌਂਦਲ ਜਾਂਦਾ ਹੈ। ਉਂਝ ਵੀ ਗੁਰਦਿਆਲ ਸਿੰਘ ਇਹ ਸਮਝਣ ਤੋਂ ਉੱਕ ਗਿਆ ਹੈ ਕਿ ਉਚਾਰਣ ਦੇ ਸਾਰੇ ਅੰਸ਼ਾਂ ਨੂੰ ਲਿਖਤ ਵਿਚ ਢਾਲਿਆ ਜਾਣਾ ਉਂਝ ਹੀ ਅਸੰਭਵ ਹੈ। ਇਸ ਲਈ ਲਿਖਤ ਉਚਾਰ ਦਾ ਇੰਨ ਬਿੰਨ ਅਨੁਕਰਣ ਨਹੀਂ ਸਗੋਂ ਪ੍ਰਤੀਕਾਤਮਕ ਪ੍ਰਗਟਾਵਾ ਹੁੰਦੀ ਹੈ। ਉਚਾਰ ਨੂੰ ਇੰਨ ਬਿੰਨ ਲਿਖਤ ਵਿਚ ਉਤਾਰਣ ਦੀ ਜ਼ਿੱਦ ਇਸ ਤਜੁਰਬੇ ਦੀ ਮੂਲ ਜਾਪਦੀ ਹੈ।
ਇਸ ਨਾਵਲ ਦੇ ਬਿਰਤਾਂਤਕ ਸੰਗਠਨ ਦੀ ਘਟਨਾਵੀ ਵਿਉਂਤ ਦੀਆਂ ਵੀ ਕੁਝ ਗੰਭੀਰ ਸਮੱਸਿਆਵਾਂ ਹਨ ਜਿਸ ਕਰਕੇ ਨਾਵਲ ਦੀ ਕਾਲ ਯੋਜਨਾ ਥਿੜਕੀ ਹੋਈ ਜਾਪਦੀ ਹੈ। ਨਾਵਲ ਵਿਚ ਵੱਖ ਵੱਖ ਬਿਰਤਾਂਤਕ ਲੜੀਆਂ ਕਿਸੇ ਤਰਤੀਬ ਅਤੇ ਸਂੰਤੁਲਨ ਨੂੰ ਪ੍ਰਾਪਤ ਕਰਨ ਦੀ ਬਜਾਏ ਬੇਡੋਲ ਜਾਪਦੀਆਂ ਹਨ। ਇਕ ਕਾਂਡ ਵਿਚ ਪਹਿਲਾਂ ਕਿਸੇ ਘਟਨਾ ਦੀ ਸੰਕੇਤਕ ਅਤੇ ਸੰਜਮੀ ਸੂਚਨਾ ਆਉਂਦੀ ਹੈ ਫਿਰ ਅੱਗੇ ਜਾ ਕੇ ਕਿਸੇ ਕਾਂਡ ਵਿਚ ਉਸ ਘਟਨਾ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ ਹੁੰਦਾ ਹੈ। ਕਈ ਵਾਰ ਇੰਝ ਵਾਪਰਿਆ ਹੈ ਕਿ ਸੰਕੇਤਕ ਸੂਚਨਾਵਾਂ ਦੀ ਪੱਧਰ ਉੱੇਤੇ ਦਿੱਤੀ ਗਈ ਕਾਲ ਤਰਤੀਬ ਬਦਲ ਜਾਂਦੀ ਹੈ ਜਿਸ ਨਾਲ ਕਾਲ-ਵਿਉਂਤ ਗਵਾਚ ਜਾਂਦੀ ਹੈ।ਇੰਝ ਹੀ ਨਾਵਲ ਵਿਚ ਪੰਜਵੇਂ ਕਾਂਡ ਦੀ ਨਿਰੰਤਰਤਾ ਜਦੋਂ ਉਨਤਾਲੀਵੇਂ ਕਾਂਡ ਵਿਚ ਬਣਦੀ ਹੈ ਅਤੇ ਉਹ ਵੇਰਵੇ ਦਿੱਤੇ ਜਾਂਦੇ ਹਨ ਜਿਹੜੇ ਗਿਆਰਵੇਂ ਤੋਂ ਇੱਕੀਵੇਂ ਕਾਂਡ ਵਿਚ ਦੱਸੇ ਜਾ ਚੁੱਕੇ ਹਨ ਤਾਂ ਇਸ ਦਾ ਤਰਕ ਸਮਝ ਨਹੀਂ ਆਉਂਦਾ। ਇਸ ਤਰ੍ਹਾਂ ਦੀ ਘਟਨਾਵੀ ਵਿਉਂਤ ਦਾ ਪ੍ਰਭਾਵ ਇਹ ਪੈਂਦਾ ਹੈ ਕਿ ਨਾਵਲ ਵਿਚਲੀ ਕਹਾਣੀ ਕੋਈ ਸਪਸ਼ਟ ਆਕਾਰ ਪ੍ਰਾਪਤ ਨਹੀਂ ਕਰਦੀ। ਦੂਜੇ ਸ਼ਬਦਾਂ ਵਿਚ ਨਾਵਲ ਵਿਚ ਕੋਈ ਸਪਸ਼ਟ ਕਥਾ ਵਿਕਾਸ ਨਜ਼ਰ ਨਹੀਂ ਆਉਂਦਾ। ਇਹ ਵੀ ਸੰਭਵ ਹੈ ਕਿ ਗੁਰਦਿਆਲ ਸਿੰਘ ਨੇ ਸੁਚੇਤ ਤੌਰ ਤੇ ਇਹ ਤਜੁਰਬਾ ਕੀਤਾ ਹੋਵੇ ਅਤੇ ਇਸ ਕਿਸਮ ਦੇ ਬਿਰਤਾਂਤਕ ਸੰਗਠਨ ਦੀ ਸਿਰਜਣਾ ਪਿੱਛੇ ਉਸ ਦਾ ਪ੍ਰਕਾਰਜ ਇਹ ਹੋਵੇ ਕਿ ਪਾਠਕ ਨੂੰ ਕਥਾ ਰਸ ਪ੍ਰਦਾਨ ਕਰਨ ਵਾਲਾ ਰੌਚਕ ਕਥਾਨਕ ਮੁਹੱਈਆ ਕਰਵਾਉਣ ਦੀ ਥਾਂ ਤੇ ਘਟਨਾਵਾਂ ਨੂੰ ਵਿਸਥਾਪਿਤ ਕਰਕੇ ਉਘੜ ਦੁਘੜੇ ਰੂਪ ਵਿਚ ਖਿੰਡਾਇਆ ਜਾਵੇ ਜਿਸ ਨਾਲ ਪਾਠਕ ਕਥਾ ਰਸ ਦੀ ਗ਼ਰਿਫ਼ਤ ਵਿਚ ਨਾ ਆਵੇ ਸਗੋਂ ਘਟਨਾਵਾਂ ਦੀ ਸਮੁੱਚਤਾ ਵਿਚੋਂ ਇਸ ਵਿਚਲੇ ਵਿਚਾਰਧਾਰਾਈ ਪ੍ਰਵਚਨ ਨੂੰ ਗ੍ਰਹਿਣ ਕਰ ਸਕੇ। ਇਹ ਗੱਲ ਤਾਂ ਨਿਸ਼ਚੇ ਨਾਲ ਕਹੀ ਜਾ ਸਕਦੀ ਹੈ ਕਿ ਨਾਵਲਕਾਰ ਆਪਣੇ ਉੱਪਰ ‘ਟਰੈਂਡ ਸੈਟਰ’ ਦੀ ਪਈ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਫ਼ਿਰਾਕ ਵਿਚ ਰੂਪਗਤ ਪ੍ਰਯੋਗ ਤਾਂ ਕਰਦਾ ਹੈ ਜਿਸ ਦਾ ਪ੍ਰਮਾਣ ਕਿਸੇ ਕੇਂਦਰੀ ਪਾਤਰ ਦੀ ਅਣਹੋਂਦ ਤੋਂ ਮਿਲ ਜਾਂਦਾ ਹੈ ਪਰ ਨਾਵਲ ਦੇ ਬਿਰਤਾਂਤਕ ਸੰਗਠਨ ਵਿਚ ਘਟਨਾਵੀ ਕਾਲਕ੍ਰਮਕਤਾ ਅਤੇ ਵਿਉਂਤਬੰਦੀ ਵਿਚਲੀ ਬੇਡੋਲਤਾ ਕਿਸੇ ਪ੍ਰਯੋਗ ਤੋਂ ਪ੍ਰੇਰਿਤ ਹੋਣ ਦੀ ਬਜਾਏ ਨਾਵਲਕਾਰ ਦੇ ਕਲਾਤਮਕ ਨਿਪੁੰਨਤਾ ਬਾਰੇ ਅਤਿ ਦੇ ਸਵੈ-ਵਿਸ਼ਵਾਸ ਦੀ ਉਪਜ ਜਾਪਦੀ ਹੈ। ਇਹੀ ਨਹੀਂ ਇਸ ਤਰ੍ਹਾਂ ਦਾ ਘਟਨਾਵੀ ਵਿਸਥਾਪਨ ਨਾਵਲ ਦੇ ਸਮੁੱਚੇ ਬਿਰਤਾਂਤ ਦੀ ਖ਼ਾਸੀਅਤ ਬਣਦਾ ਨਜ਼ਰ ਨਹੀਂ ਆਉਂਦਾ। ਇਸ ਦਾ ਪ੍ਰਮਾਣ ਨਾਵਲ ਵਿਚਲੇ ਬੇਲੋੜੇ ਦੁਹਰਾਓ ਤੋਂ ਮਿਲ ਜਾਂਦਾ ਹੈ। ਪਿੰਡ ਦੇ ਲੋਕਾਂ ਉੱਤੇ ਪੁਲਿਸ ਦੇ ਤਸ਼ੱਦਦ ਦੇ ਤਿੰਨ ਦ੍ਰਿਸ਼ ਸਿਰਜੇ ਗਏ ਹਨ। ਨਿੱਕੇ ਮੋਟੇ ਵੇਰਵਿਆਂ ਤੋਂ ਇਲਾਵਾ ਇਨ੍ਹਾਂ ਤਿੰਨਾਂ ਦ੍ਰਿਸ਼ਾਂ ਦੀ ਵਿਉਂਤ ਅਤੇ ਪ੍ਰਭਾਵ ਵਿਚ ਕੋਈ ਅੰਤਰ ਦੇਖਣ ਨੂੰ ਨਹੀਂ ਮਿਲਦਾ। ਇਸ ਕਿਸਮ ਦੇ ਦੁਹਰਾਓ ਨਾਲ ਨਾਵਲ ਦਾ ਪ੍ਰਭਾਵ ਗਹਿਰਾ ਹੋਣ ਦੀ ਬਜਾਏ ਖਿੰਡਦਾ ਪ੍ਰਤੀਤ ਹੁੰਦਾ ਹੈ। ਨਾਵਲ ਦੇ ਪਾਤਰਾਂ ਵਿਚ ਤੀਬਰ ਹੋ ਰਹੇ ਆਕ੍ਰੋਸ਼ ਨੂੰ ਦਰਸਾਉਣਾ ਇਨ੍ਹਾਂ ਦਾ ਰਚਨਾਤਮਕ ਪ੍ਰਕਾਰਜ ਹੋ ਸਕਦਾ ਹੈ ਪਰ ਇਸ ਪ੍ਰਕਾਰਜ ਨੂੰ ਵੇਰਵਿਆਂ ਦੇ ਦੁਹਰਾਓ ਦੀ ਬਜਾਏ ਵਧੇਰੇ ਕਲਾਤਮਕਤਾ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਸੀ ਪਰ ਨਾਵਲਕਾਰ ਨੇ ਇਸ ਮੁਸ਼ੱਕਤ ਤੋਂ ਬਚ ਕੇ ਦੁਹਰਾਓ ਨੂੰ ਹੀ ਟੇਕ ਬਣਾ ਲਿਆ ਹੈ। ਇਸ ਸਥਿਤੀ ਵਿਚ ਨਾਵਲੀ ਕਥਾ ਵਿਉਂਤ ਨੂੰ ਨੁਕਸਦਾਰ ਮੰਨਣ ਤੋਂ ਸਿਵਾ ਕੋਈ ਚਾਰਾ ਨਹੀਂ ਰਹਿੰਦਾ। ਇੰਝ ਨਾਵਲ ‘ਆਹਣ’ ਵਿਚ ਗੁਰਦਿਆਲ ਸਿੰਘ ਦੁਆਰਾ ਘੜਿਆ ਰੂਪਕ ਪਿੰਡ ਦੇ ਅਧੂਰੇ ਬਿੰਬ ਅਤੇ ਕਥਾ-ਸੰਗਠਨ ਵਿਚਲੀਆਂ ਗੰਭੀਰ ਉਕਾਈਆਂ ਕਾਰਣ ਆਪਣੇ ਕਲਾਤਮਕ ਆਕਾਰ ਨੂੰ ਪ੍ਰਾਪਤ ਕਰਨ ਵਿਚ ਕਾਮਯਾਬ ਨਹੀਂ ਹੁੰਦਾ। ਇਹ ਨਾਵਲ ਗੁਰਦਿਆਲ ਸਿੰਘ ਦੀ ਨਾਵਲਕਾਰੀ ਦੇ ਅਗਲੇਰੇ ਵਿਕਾਸ ਅਤੇ ਵਿਸਤਾਰ ਨੂੰ ਚਿੰਨ੍ਹਿਤ ਕਰਨ ਦੀ ਬਜਾਏ ਉਸਦੇ ਕਲਾਤਮਕ ਪ੍ਰਤੱਖਣ ਵਿਚਲੀ ਸ਼ਿਥਲਤਾ ਨੂੰ ਚਿੰਨ੍ਹਿਤ ਕਰਦਾ ਹੈ।

Tuesday, December 7, 2010

ਨਾਵਲ 'ਅੰਨ੍ਹੇ ਘੋੜੇ ਦਾ ਦਾਨ' ਉਪਰ ਪੰਜਾਬੀ ਫਿਲਮ 'ਚੰਨ ਗ੍ਰਹਿਣ'


ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੇ ਨਾਵਲ 'ਅੰਨ੍ਹੇ ਘੋੜੇ ਦਾ ਦਾਨ' ਉਪਰ ਪੰਜਾਬੀ ਫਿਲਮ 'ਚੰਨ ਗ੍ਰਹਿਣ' ਬਣਾ ਰਹੇ ਪੂਨਾ ਫਿਲਮ ਸੰਸਥਾ ਦੇ ਗਰੈਜੂਏਟ ਗੁਰਵਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸੁਪ੍ਰਸਿੱਧ ਨਿਰਦੇਸ਼ਕ ਮਨੀ ਕੌਲ ਵਰਗੇ ਡਾਇਰੈਕਟਰਾਂ ਨਾਲ ਕੰਮ ਕਰ ਚੁੱਕੇ ਹਨ ਅਤੇ ਪਿਛਲੇ ਦਸ ਸਾਲਾਂ ਤੋਂ ਉਨ੍ਹਾਂ ਨੇ ਪੰਜਾਬ ਬਾਰੇ ਕਈ ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ ਹਨ। ਉਹ ਇਥੇ ਪ੍ਰੋ. ਗੁਰਦਿਆਲ ਸਿੰਘ ਨੂੰ ਫਿਲਮ ਦੇ ਸਬੰਧ ਵਿਚ ਮਿਲਣ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਕਿਹਾ ਕਿ ਫੀਚਰ ਫਿਲਮ ਬਾਰੇ ਉਨ੍ਹਾਂ ਦਾ ਰਵੱਈਆ ਸ਼ੁਰੂ ਤੋਂ ਹੀ ਕਲਾਤਮਿਕ ਰਿਹਾ ਹੈ। ਅਨੇਕ ਪੰਜਾਬੀ ਪੁਸਤਕਾਂ ਪੜ੍ਹਨ ਤਂੋ ਪਿੱਛੋਂ ਹੀ ਉਨ੍ਹਾਂ ਇਸ ਨਾਵਲ ਦੀ ਚੋਣ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਫਿਲਮ ਦੀ ਸਕਰਿਪਟ ਤਿਆਰ ਕਰਨ 'ਤੇ ਇਕ ਸਾਲ ਦਾ ਸਮਾਂ ਲੱਗਿਆ ਅਤੇ ਇਸ ਬਾਰੇ ਪ੍ਰੋ. ਗੁਰਦਿਆਲ ਸਿੰਘ ਨਾਲ ਵੀ ਵਿਚਾਰ ਵਟਾਂਦਰਾ ਹੁੰਦਾ ਰਿਹਾ ਹੈ। ਹੁਣ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐਨ. ਐਫ. ਡੀ .ਸੀ.) ਵੱਲੋਂ ਇਸ ਲਈ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਲਈ ਜਨਵਰੀ 2011 ਤੋਂ ਹੀ ਬਠਿੰਡੇ ਦੇ ਆਲੇ ਦੁਆਲੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ ਕਿਉਂਕਿ ਇਸ ਇਲਾਕੇ 'ਤੇ ਹੀ ਇਸ ਨਾਵਲ ਦੀ ਕਹਾਣੀ ਆਧਾਰਤ ਹੈ।
ਪ੍ਰੋ. ਗੁਰਦਿਆਲ ਸਿੰਘ ਨੇ ਇਸ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵੀਹ ਸਾਲ ਪਹਿਲਾਂ ਨਾਵਲ 'ਮੜ੍ਹੀ ਦਾ ਦੀਵਾ' ਬਾਰੇ ਜੋ ਫਿਲਮ ਮਰਹੂਮ ਸੁਰਿੰਦਰ ਸਿੰਘ ਨੇ ਬਣਾਈ ਸੀ, ਉਸ ਨੂੰ ਕਲਕੱਤੇ ਵਿਚ 1990 ਦੇ ਫਿਲਮ ਮੇਲੇ ਵਿਚ ਖੇਤਰੀ ਫਿਲਮ ਦਾ ਸਰਬ ਉਤਮ ਪੁਰਸਕਾਰ ਵੀ ਮਿਲਿਆ ਸੀ। ਉਹ ਸ਼ਾਇਦ ਕਿਸੇ ਪੰਜਾਬੀ ਨਾਵਲ ਤੇ ਬਣੀ ਪਹਿਲੀ ਫਿਲਮ ਸੀ। ਪਿਛਲੇ ਵੀਹ ਸਾਲਾਂ ਤੋਂ ਭਾਵੇ ਉਨ੍ਹਾਂ ਦੇ ਚਾਰ ਨਾਵਲਾਂ ਅਤੇ ਅਨੇਕ ਕਹਾਣੀਆਂ 'ਤੇ ਟੈਲੀ ਫਿਲਮਾਂ ਬਣ ਚੁੱਕੀਆ ਹਨ ਪਰ ਕਿਸੇ ਨਾਵਲ ਤੇ ਫੀਚਰ ਫਿਲਮ ਬਣਾਉਣ ਦੀ ਆਗਿਆ ਉਨ੍ਹਾਂ ਕਿਸੇ ਨੂੰ ਨਹੀਂ ਦਿੱਤੀ। ਮਰਹੂਮ ਸੁਰਿੰਦਰ ਸਿੰਘ ਤੋਂ ਬਾਅਦ ਗੁਰਵਿੰਦਰ ਸਿੰਘ ਦੂਜਾ ਡਾਇਰੈਕਟਰ ਹੈ ਜਿਸ ਦੀ ਪ੍ਰਤਿਭਾ, ਫਿਲਮ ਕਲਾ ਬਾਰੇ ਵਿਚਾਰ ਅਤੇ ਤਜਰਬਾ ਜਾਣਨ ਮਗਰੋਂ ਹੀ ਮੈਂ ਉਸ ਨੂੰ ਆਗਿਆ ਦਿੱਤੀ ਹੈ ਕਿਉਂਕਿ ਆਮ ਪੰਜਾਬੀ ਫਿਲਮਾਂ ਵਾਂਗ ਉਹ ਨਹੀਂ ਚਾਹੁੰਦੇ ਕਿ ਇਕ ਹੋਰ ਫਿਲਮ ਦਾ ਵਾਧਾ ਹੋਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾ ਹੀ 'ਮੜ੍ਹੀ ਦਾ ਦੀਵਾ' ਉਪਰ ਬਣੀ ਫਿਲਮ 'ਚ ਕੋਈ ਸਮਝੌਤਾ ਕੀਤਾ ਸੀ ਅਤੇ ਨਾ ਹੀ ਇਸ ਨਵੀਂ ਫਿਲਮ ਵਿਚ ਕੀਤਾ ਹੈ। ਉਹ ਨਾਵਲ ਦੀ ਕਹਾਣੀ ਨਾਲ ਕੋਈ ਵੀ ਵਪਾਰਕ ਸਮਝੌਤਾ ਕਰਨ ਦੀ ਆਗਿਆ ਨਹੀਂ ਦੇ ਰਹੇ ਹਨ ਅਤੇ ਨਾ ਹੀ ਪੰਜਾਬੀ ਫਿਲਮਾਂ ਵਰਗੀਆਂ ਫਾਰਮੁੱਲਾ ਫਿਲਮਾਂ ਵਰਗਾ ਕੋਈ ਫਾਰਮੁੱਲਾ ਵਰਤਣ ਦੀ ਆਗਿਆ ਦੇਣਗੇ।