Sunday, December 28, 2014

Interview with Gurdial Singh

ਜਿਸ ਦਇਆ,ਤ੍ਰਿਸਕਾਰ ਤੇ ਬੇਚਾਰਗੀ ਦਾ ਸੰਤਾਪ ਭੁਗਤਦੀਆਂ ਕੁਝ ਹਯਾਤੀਆਂ ਪਿਛਲੇ ਸਫ਼ਿਆ ਦੇ ਕਿਰਦਾਰ ਬਣ ਗਏ ਉਹਨਾਂ ਨੂੰ ਮੁੱਖ ਧਾਰਾ ਦੇ ਨਾਇਕ ਵੱਜੋਂ ਸਥਾਪਿਤ ਕਰਨ ‘ਤੇ ਉਹਨਾਂ ਦੀ ਅਵਾਜ਼ ਨੂੰ ਪਰਵਾਜ਼ ਦੇਣ ਦਾ ਸਿਹਰਾ ਨਾਵਲਕਾਰ ਗੁਰਦਿਆਲ ਸਿੰਘ ਨੂੰ ਜਾਂਦਾ ਹੈ।ਆਖਰ ਕਿਸ ਨਜ਼ਰੀਏ ਨਾਲ ਉਹ ਸਮਾਜ ਦੇ ਇਸ ਸਿਆਸੀ,ਸਮਾਜਿਕ ਤੇ ਆਰਥਿਕ ਪ੍ਰਬੰਧ ਨੂੰ ਸਮਝਦੇ ਹਨ ਤੇ ਉਹਨਾਂ ਆਪਣੀ ਸਾਹਿਤਕ ਸਿਰਜਣਾ ‘ਚ ਇਹਨਾਂ ਗੱਲਾਂ ਨੂੰ ਕਿਸ ਰੂਪ ‘ਚ ਪੇਸ਼ ਕੀਤਾ,ਇਸ ਬਾਰੇ ਉਹਨਾਂ ਤੋਂ ਜਾਣਿਆ ਗਿਆ:  

?ਉਮਰ ਦੇ ਸੁਨਿਹਰੇ ਪੰਧ ਗੁਜ਼ਾਰਦੇ ਹੋਏ ਇਸ ਪਲ ਦੇ ਮੁਕਾਮ ਬਾਰੇ ਤੁਸੀ ਕੀ ਮਹਿਸੂਸ ਕਰਦੇ ਹੋ?                              :ਮੈਂ ਤਾਂ ਇਹੋ ਮਹਿਸੂਸ ਕਰਦਾ ਹਾਂ ਕਿ ਜੋ ਕੁਝ ਕੀਤਾ ਜਾ ਸਕਿਆ ਆਪਣੀ ਮਿਹਨਤ ਨਾਲ ਉਹ ਮੇਰੇ ਸਮਿਆਂ ਦਾ ਸੰਘਰਸ਼ ਸੀ।ਜੇ ਇਸ ਪਲ ‘ਤੇ ਆ ਕੇ ਇਸ ਨੂੰ ਪ੍ਰਮਾਣਿਤਾ ਮਿਲਦੀ ਹੈ ਤਾਂ ਖੁਸ਼ੀ ਹੁੰਦੀ ਹੈ ਕਿ ਕੀਤਾ ਹੋਇਆ ਕੰਮ ਠੀਕ ਸੀ।ਇਹੋ ਜਿਹੀਆਂ ਪ੍ਰਾਪਤੀਆਂ ਅਖ਼ੀਰ ਵੇਲੇ ਸੰਤੁਸ਼ਟੀ ਦਿੰਦੀਆਂ ਹਨ ਕਿ ਜੋ ਕੁਝ ਕੀਤਾ ਉਹਦਾ ਕਿਸੇ ਨਾ ਕਿਸੇ ਰੂਪ ‘ਚ ਰੀਵਾਰਡ ਮਿਲਿਆ।ਇੱਥੇ ਇਹਦਾ ਇਹ ਮਤਲਬ ਨਹੀਂ ਹੈ ਕਿ ਕਿਸੇ ਕਿਸਮ ਦੀ ਮੰਨ ਵਿੱਚ ਇਹ ਅਵਸਥਾ ਪੈਦਾ ਹੋ ਗਈ ਹੈ ਕਿ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ।ਜਿਵੇਂ ਕਿ ਮੇਰੇ ਬਹੁਤ ਸਾਰੇ ਨਾਵਲ ਹਿੰਦੀ ਤੇ ਅੰਗਰੇਜ਼ੀ ਵਿੱਚ ਤੁਰਜ਼ਮਾ ਹੋ ਚੁੱਕੇ ਹਨ।ਮੇਰੇ ਦੋ ਤਿੰਨ ਨਾਵਲ ਅਜਿਹੇ ਹਨ ਜਿਹਨਾਂ ਨੂੰ ਨੈਸ਼ਨਲ ਬੁੱਕ ਟ੍ਰਸਟ ਨੇ ਭਾਰਤ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਛਾਪਿਆ ਹੈ।ਇਹਦਾ ਮਤਲਬ ਇਹ ਨਹੀਂ ਕਿ ਮੈਂ ਇਸ ਤੋਂ ਬਾਅਦ ਰਚਨਾਤਮਕ ਪੱਖੋਂ ਚੁੱਪ ਕਰ ਜਾਵਾਂ ਤੇ ਸੋਚ ਬੈਠਾ ਕਿ ਜਿਹੜੀਆਂ ਪ੍ਰਾਪਤੀਆਂ ਹੋਣੀਆਂ ਸੀ ਉਹ ਹੋ ਗਈਆਂ ਉਹ ਠੀਕ ਹੈ ਹੁਣ ਕੁਝ ਕਰਨ ਦੀ ਲੋੜ ਨਹੀਂ।ਹੁਣ ਸਗੋਂ ਇਹ ਹੋ ਰਿਹਾ ਹੈ ਕਿ ਜੋ ਕੁਝ ਸਾਡੇ ਭਾਰਤ ‘ਚ ਵਾਪਰ ਰਿਹਾ ਹੈ ਮੈਂ ਉਹਨਾਂ ਨੂੰ ਲੇਖਾਂ ਦੇ ਰੂਪ ‘ਚ ਜਾ ਆਪਣੇ ਸਾਹਿਤ ਦੇ ਰੂਪ ‘ਚ ਜਾਰੀ ਰੱਖਿਆ ਹੋਇਆ ਹੈ।ਮੈਂ ਕੋਈ ਨੌਜਵਾਨ ਤਾਂ ਰਿਹਾ ਨਹੀਂ ਸੋ ਅਜਿਹਾ ਕਰਦੇ ਹੋਏ ਮੈਨੂੰ ਕਾਫੀ ਚਣੌਤੀਆਂ ਤਾਂ ਆਉਂਦੀਆਂ ਹੀ ਹਨ।ਪਰ ਜਿੰਨਾ ਕੁ ਮੇਰੇ ਕੋਲੋਂ ਕੰਮ ਹੋ ਸਕੇ ਉਹ ਜ਼ਰੂਰ ਕਰੀਦਾ ਹੈ।ਇਸ ‘ਚ ਕੋਈ ਮੇਰੀ ਨਿਜੀ ਖ਼ਵਾਇਸ਼ ਨਹੀਂ ਹੈ ਕਿ ਇਸ ਨਾਲ ਮੇਰਾ ਨਾਮ ਹੋਵੇ ਪਰ ਲੇਖਕ ਮੰਨ ਹੋਣ ਦੇ ਨਾਤੇ ਭਾਰਤ ਦੇ ਅਜਿਹੇ ਮਾੜੇ ਹਲਾਤਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ। ?ਤੁਸੀ ਕਹਿੰਦੇ ਹੋ ਕਿ ਮੈਨੂੰ ਪੁਰਸਕਾਰ ਮਿਲੇ ਇਸ ਦੀ ਖੁਸ਼ੀ ਹੈ,ਕੀ ਸਾਹਿਤਕਾਰ ਲਈ ਪੁਰਸਕਾਰ ਹੀ ਸਿਰਫ ਖੁਸ਼ੀ ਦਾ ਵਧਾਵਾ ਰਹਿ ਗਏ ਹਨ? :ਨਹੀਂ ਮੈਂ ਇੰਨੀ ਗੱਲ ਤਾਂ ਜ਼ਰੂਰ ਪ੍ਰਵਾਨ ਕਰਦਾ ਹਾਂ ਕਿ ਜਦੋਂ ਲੇਖਕ ਨੂੰ ਕੋਈ ਸਨਮਾਨ ਮਿਲਦਾ ਹੈ ਉਸਦੀ ਵਕਤੀ ਤੌਰ ‘ਤੇ ਤਾਂ ਤੱਸਲੀ ਹੁੰਦੀ ਹੈ ਪਰ ਇਹਦਾ ਅਰਥ ਇਹ ਨਹੀਂ ਹੈ ਕਿ ਉਹਨਾਂ ਦੇ ਨਾਲ ਸਾਡੀ ਰਚਨਾਤਮਕ ਕਾਰਗੁਜ਼ਾਰੀ ਹੀ ਖਤਮ ਹੋ ਜਾਂਦੀ ਹੈ ਜਾਂ ਸਾਨੂੰ ਕਿਸੇ ਪੁਰਸਕਾਰ ਤੋਂ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਸ ਤੋਂ ਬਾਅਦ ਸਾਡੀ ਭੂਮਿਕਾ ਖਤਮ ਹੋ ਗਈ।ਕਿਉਂ ਕਿ ਸਾਡੀ ਪਛਾਣ ਦੇ ਜ਼ਿੰਦਾ ਹੋਣ ਦੇ ਮਾਇਨੇ ਰਚਨਾਤਮਕ ਕਾਰਜ ਤੋਂ ਹੀ ਹਨ।ਕਿਉਂ ਕਿ ਪੁਰਸਕਾਰ ਤਾਂ ਸਿਰਫ ਦੁਨਿਆਵੀ ਤੌਰ ‘ਤੇ ਤੱਸਲੀ ਦਾ ਰੂਪ ਹੈ ਕਿਉਂ ਕਿ ਇਸ ਨਾਲ ਸਾਨੂੰ ਆਪਣੇ ਪਾਠਕ ਵਰਗ ਤੋਂ ਬਾਹਰ ਭਾਵ ਪੰਜਾਬ ਤੋਂ ਬਾਹਰ ਪਛਾਣ ਮਿਲਦੀ ਹੈ।ਬਾਕੀ ਰਚਨਾ ਆਪਣੀ ਜਗ੍ਹਾ ਹੀ ਰਹਿੰਦੀ ਹੈ ਇਸ ਦਾ ਇਨਾਮ ਨਾਂ ਮਿਲਣ ‘ਤੇ ਪੱਧਰ ਨਹੀਂ ਗਿਰ ਜਾਂਦਾ।ਇਨਾਮ ਮਿਲਣ ਦਾ ਮਤਲਬ ਸਿਰਫ ਆਲੇ ਦੁਆਲੇ ਦੇ ਲੋਕਾਂ ਤੱਕ ਪਹੁੰਚ ਦਾ ਦਾਇਰਾ ਵਧਣਾ ਹੀ ਹੁੰਦਾ ਹੈ।ਅਜਿਹਾ ਪੰਜਾਬੀ ਸਾਹਿਤ ਦੇ ਲਿਹਾਜ਼ ‘ਚ ਚੰਗਾ ਹੀ ਹੈ ਕਿਉਂ ਕਿ ਦੂਜੇ ਭਾਸ਼ਾਈ ਲੋਕਾਂ ਦਾ ਪੰਜਾਬੀ ਸਾਹਿਤ ਬਾਰੇ ਨਜ਼ਰੀਆ ਕੋਈ ਬਹੁਤਾ ਵਧੀਆ ਨਹੀਂ ਹੈ। ?ਪੰਜਾਬੀ ਸਾਹਿਤ ਬਾਰੇ ਦੂਜੇ ਭਾਸ਼ਾਈ ਲੋਕਾਂ ਦਾ ਨਜ਼ਰੀਆ ਵਧੀਆ ਨਾ ਹੋਣ ਦਾ ਕਾਰਨ ਕੀ ਮੰਨਦੇ ਹੋ,ਅਜਿਹੇ ਪਾੜੇ ਲਈ ਕੌਣ ਜ਼ਿੰਮੇਵਾਰ ਹੈ,ਕੀ ਇਹ ਆਪਣੀਆਂ ਉਣਤਾਈਆਂ ਹਨ ਜਾਂ ਬਾਹਰਲਿਆਂ ਦੀ ਅਜਿਹੀ ਸਮਝ ਹੈ? :ਨਹੀਂ ਮੂਲ ਕਾਰਨ ਇਹ ਹੈ ਕਿ ਜਿਵੇਂ ਕਿ ਗਿਆਨਪੀਠ ਪੁਰਸਕਾਰ ਦੀ ਗੱਲ ਕਰੀਏ ਇਹ ਹੁਣ ਤੱਕ ਪੰਜਾਬੀ ਲੇਖਕਾਂ ਚੋਂ ਜਾਂ ਮੈਨੂੰ ਮਿਲਿਆ ਹੈ ਜਾਂ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਹੈ।ਪਰ ਇਹ ਪੁਰਸਕਾਰ ਪੰਜਾਬੀ ਦੇ ਹੋਰ ਚੰਗੇ ਲੇਖਕਾਂ ਨੂੰ ਵੀ ਮਿਲਣਾ ਚਾਹੀਦਾ ਸੀ।ਜਿਵੇਂ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ,ਪ੍ਰੋ.ਮੋਹਨ ਸਿੰਘ,ਨਾਨਕ ਸਿੰਘ ਅਜਿਹੇ ਪੰਜਾਬੀ ਦੇ ਸਿਰਮੌਰ ਲੇਖਕਾਂ ਨੂੰ ਪਤਾ ਨੀ ਕਿਹੜੇ ਕਾਰਨਾਂ ਕਰਕੇ ਇਹ ਪੁਰਸਕਾਰ ਨਹੀਂ ਮਿਲ ਸਕਿਆ।ਜਦੋਂ ਕਿ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ‘ਚ ਇਹੋ ਪੁਰਸਕਾਰ ਚਾਰ-ਚਾਰ ਲੇਖਕਾਂ ਨੂੰ ਮਿਲਿਆ ਹੋਇਆ ਹੈ।ਜਿਵੇਂ ਮਿਲਿਆਲਮ ਜਾਂ ਬੰਗਾਲੀ ਭਾਸ਼ਾ ‘ਚ ਤਾਂ ਛੇ-ਸੱਤ ਲੇਖਕਾਂ ਨੂੰ ਇਹ ਪੁਰਸਕਾਰ ਮਿਲਿਆ ਹੈ।ਇਹ ਵੀ ਇੱਕ ਕਾਰਨ ਬਣਦਾ ਹੈ ਕਿਉਂ ਕਿ ਜਿਹੜੀ ਸੰਸਾਰਕ ਮਾਨਸਿਕਤਾ ਜਾਂ ਦੁਨਿਆਵੀ ਮਾਨਸਿਕਤਾ ਹੈ ਉਹ ਕਿਸੇ ਚੀਜ਼ ਪ੍ਰਤੀ ਇੰਝ ਹੀ ਆਕਰਸ਼ਿਤ ਹੁੰਦੀ ਹੈ।ਕਿਉਂ ਕਿ ਜਦੋਂ ਕੋਈ ਵੱਡਾ ਪੁਰਸਕਾਰ ਕਿਸੇ ਭਾਸ਼ਾ ਨੂੰ ਮਿਲਦਾ ਹੈ ਤਾਂ ਦੂਜੇ ਭਾਸ਼ਾ ਦੇ ਲੋਕਾਂ ਅੰਦਰ ਉਸ ਪ੍ਰਤੀ ਥੌੜ੍ਹੀ ਜਾਗਰੂਕਤਾ ਤਾਂ ਆਉਂਦੀ ਹੈ।ਪਰ ਇਹ ਇੱਕ ਛੋਟਾ ਕਾਰਨ ਹੈ,ਅਸਲ ਕਾਰਨ ਤਾਂ ਇਹ ਹੈ ਕਿ ਜਿਵੇਂ ਕੁਝ ਅਦਾਰਿਆਂ ਨੇ ਆਪਣੀ ਭੁਮਿਕਾ ਨੂੰ ਚੰਗੀ ਤਰ੍ਹਾਂ ਅਦਾ ਨਹੀਂ ਕੀਤਾ।ਜਿਵੇਂ ਕਿ ਸਾਡਾ ਪੰਜਾਬੀ ਦਾ ਮੁੱਲਵਾਨ ਸਾਹਿਤ ਜੋ ਸਾਡੀਆਂ ਸੰਸਥਾਵਾਂ(ਭਾਸ਼ਾ ਵਿਭਾਗ,ਅਕਾਦਮੀਆਂ,ਯੂਨੀਵਰਸਿਟੀਆਂ) ਨੇ ਛਾਪਿਆ ਉਸ ਨੂੰ ਉਹਨਾਂ ਦੇਸ਼ ਪੱਧਰ ‘ਤੇ ਪ੍ਰਚਾਰਨ ਤੇ ਵੰਡਣ ਦੀ ਜਹਿਮਤ ਨਹੀਂ ਚੁੱਕੀ।ਉਹਨਾਂ ਨੂੰ ਚਾਹੀਦਾ ਸੀ ਕਿ ਉਹ ਸਾਹਿਤ ਵੱਖਰੀਆਂ ਜ਼ੁਬਾਨਾਂ ‘ਚ ਤੁਰਜ਼ਮਾ ਹੋਣਾ ਚਾਹੀਦਾ ਸੀ।ਇਹ ਸਾਹਿਤ ਅੰਗਰੇਜ਼ੀ ਜਾਂ ਹਿੰਦੀ ‘ਚ ਛਪਣਾ ਤਾਂ ਬਹੁਤ ਜ਼ਰੂਰੀ ਸੀ ਤੇ ਫਿਰ ਇਸ ਨੂੰ ਹਰ ਸੂਬੇ ਦੀ ਲਾਇਬ੍ਰੇਰੀ ‘ਚ ਉਸ ਸੂਬੇ ਦੇ ਲੋਕਾਂ ਤੱਕ ਪਹੁੰਚਾ ਕਰਨ ਦਾ ਸਾਰਥਕ ਉਪਰਾਲਾ ਕਰਨਾ ਚਾਹੀਦਾ ਸੀ।ਇਹਨਾਂ ਸੰਸਥਾਵਾਂ ਨੇ ਅਜਿਹਾ ਸਾਹਿਤ ਛਾਪਿਆ ਤਾਂ ਜ਼ਰੂਰ ਪਰ ਉਹਨਾਂ ਅਜਿਹਾ ਨੈੱਟਵਰਕ ਸਥਾਪਤ ਨਹੀਂ ਕੀਤਾ ਜਿਸ ਨਾਲ ਅਜਿਹਾ ਸਾਹਿਤ ਪੰਜਾਬ ਤੋਂ ਬਾਹਰ ਵੰਡਿਆ ਜਾ ਸਕੇ।ਜਿਵੇਂ ਕਿ ਭਾਸ਼ਾ ਵਿਭਾਗ ਦੀ ਗੱਲ ਕਰੀਏ ਤਾਂ ਇਹ ਵਿਭਾਗ ਕਹਿਣ ਨੂੰ ਤਾਂ ਸਾਹਿਤ ਦਾ ਵਿਭਾਗ ਹੈ ਤੇ ਕਿਤਾਬਾਂ ਦਾ ਛਪਾਈ ਵੀ ਕਰਦਾ ਹੈ ਪਰ ਇਹਨਾਂ ਦਾ ਵਿਕਰੀ ਪ੍ਰਬੰਧ ਸਹੀ ਨਹੀਂ ਹੈ। ?ਇੱਕ ਨਾਵਲਕਾਰ ਵਜੋਂ ਤੁਹਾਡੀ ਮਕਬੂਲੀਅਤ ਪਾਠਕਾਂ ‘ਚ ਅਰਥਸ਼ੀਲ ਸੰਵੇਦਨਾ ਪੈਦਾ ਕਰਦੀ ਹੈ,ਤੁਹਾਡੇ ਨਾਵਲਾਂ ਦੀ ਚਰਚਾ ਪਾਠਕ ਵਰਗ ਤੋਂ ਲੈਕੇ ਸਾਹਿਤ ਦੇ ਗਲਿਆਰਿਆਂ ‘ਚ ਖੂਬ ਹੁੰਦੀ ਹੈ,ਰਚਨਾਤਮਕ ਕਾਰਜ ਦੇ ਅਜਿਹੇ ਉਪਰਾਲੇ ਕਿੰਝ ਅੰਜਾਮ ਦਿੰਦੇ ਹੋ? :ਇਸ ਦਾ ਜਵਾਬ ਇਹ ਹੈ ਕਿ ਮੇਰੀ ਪਹਿਲੀ ਕਹਾਣੀ ਪ੍ਰੋ ਮੋਹਨ ਸਿੰਘ ਦੇ ਰਸਾਲੇ ਪੰਜ ਦਰਿਆ ‘ਚ 1957 ‘ਚ ਛਪੀ ਸੀ ਤੇ ਉਸ ਸਮੇਂ ਤੋਂ ਹੁਣ ਤੱਕ 55 ਸਾਲ ਹੋ ਗਏ ਤੇ ਇਹਨਾਂ ਸਮਿਆਂ ‘ਚ ਜੇ ਮੈਂ ਅਜਿਹੀ ਸੰਵੇਦਨਾ ਪੈਦਾ ਕਰ ਸਕਿਆ ਹਾਂ ਤਾਂ ਸਿਰਫ ਇਸ ਕਰਕੇ ਕਿ ਮੈਂ ਸਾਹਿਤ ਸਿਰਜਣਾ ਕਦੀ ਵੀ ਸਾਹਿਤ ਦੇ ਗਲਿਆਰਿਆਂ ਲਈ ਜਾਂ ਪਾਰਖੂਆਂ ਲਈ ਜਾਂ ਪ੍ਰਸਿੱਧੀ ਲਈ ਜਾਂ ਅਦਾਰਿਆਂ ਦੀ ਵਾਹਵਾਹੀ ਲਈ ਨਹੀਂ ਕੀਤੀ,ਇਸ ਸਭ ਲਈ ਮੇਰੇ ਧਿਆਨ ‘ਚ ਸਿਰਫ ਸਮਾਜਿਕ ਤੌਰ ‘ਤੇ ਪਛੜੇ ਲੋਕ ਹਨ।ਸਮਾਜ ‘ਚ ਮਾਨਸਿਕ ਤੌਰ ‘ਤੇ ਜਿਹੜੇ ਵੀ ਕੋਈ ਅਣਮਨੁੱਖੀ ਅੰਸ਼ ਪਏ ਹਨ ਜੋ ਸਮਾਜ ‘ਚ ਸਮਾਜਿਕ ਰਿਸ਼ਤਿਆਂ ਨੂੰ ਮਨੁੱਖਤਾ ਦੇ ਪੱਧਰ ‘ਤੇ ਨਹੀਂ ਆਉਣ ਦਿੰਦੇ ਇਹ ਨੁਕਤੇ ਸਾਰੀਆਂ ਜ਼ਿੰਦਗੀ ਮੇਰੀ ਰਚਨਾ ਲਈ ਅਹਿਮ ਰਹੇ ਹਨ।ਜਿਵੇਂ ਕਿ ਨਾਵਲ ‘ਮੜ੍ਹੀ ਦਾ ਦੀਵਾ’ ਦੀ ਗੱਲ ਕਰੀਏ ਤਾਂ ਉਸ ‘ਚ ਇੱਕ ਕਿਰਦਾਰ ਜੋ ਦਲਿਤ ਜਾਤੀ ‘ਚ ਜਨਮ ਲੈਂਦਾ ਹੈ,ਇਹ ਉਸਦਾ ਕੋਈ ਦੋਸ਼ ਨਹੀਂ ਹੈ।ਅਜਿਹੀ ਚਰਚਾ ‘ਚ ਮੈਨੂੰ ਮਿਰਜ਼ਾ ਗ਼ਾਲਿਬ ਦਾ ਇੱਕ ਸ਼ੇਅਰ ਯਾਦ ਆਉਂਦਾ ਹੈ: ਲਾਈ ਹਯਾਤ ਆਏ ਕਜ਼ਾ ਲੇ ਚਲੀ ਚਲੇ,ਨਾ ਅਪਣੀ ਖੁਸ਼ੀ ਸੇ ਆਏ ਨਾ ਅਪਣੀ ਖੁਸ਼ੀ ਸੇ ਚਲੇ।ਹੁਣ ਸਵਾਲ ਇਹ ਹੈ ਕਿ ਜਿੰਨੀ ਜ਼ਿੰਦਗੀ ਤੁਹਾਨੂੰ ਮਿਲੀ ਹੈ,ਚਾਹੇ ਉਸਦੀ ਉੱਮਰ ਕਿੰਨੀ ਵੀ ਹੋਵੇ ਪਰ ਇਸ ਦੌਰਾਨ ਤੁਸੀ ਕੀ ਕੀਤਾ?ਇਸ ਮਨੁੱਖਾ ਜ਼ਿੰਦਗੀ ‘ਚ ਕੁਦਰਤ ਨੇ ਮੈਨੂੰ ਸੰਵੇਦਨਸ਼ੀਲਤਾ ਦਿੱਤੀ ਹੈ,ਮੈਨੂੰ ਜੋ ਸੋਚਣ ਸ਼ਕਤੀ ਦਿੱਤੀ ਹੈ ਉਸ ਨੂੰ ਮੈਂ ਮਨੁੱਖਤਾ ਦੇ ਹੱਕ ‘ਚ ਕਿੰਨਾ ਕੁ ਵਰਤ ਸਕਿਆ ਹਾਂ ਇਹ ਸਵਾਲ ਮੇਰੇ ਆਤਮ ਮੰਥਨ ਲਈ ਹਮੇਸ਼ਾ ਜ਼ਰੂਰੀ ਰਿਹਾ ਹੈ।ਜੇ ਮੈਂ ਆਪਣੀ ਜ਼ਿੰਦਗੀ ਨੂੰ ਮਨੁੱਖਤਾ ਦੇ ਹੱਕ ‘ਚ ਨਹੀਂ ਵਰਤ ਸਕਿਆ ਤਾਂ ਮੇਰਾ ਇਸ ਦੁਨੀਆ ‘ਤੇ ਆਉਣਾ ਜਾਂ ਨਾ ਆਉਣਾ ਇੱਕ ਬਰਾਬਰ ਹੀ ਹੈ।ਜਿਹੋ ਜਿਹਾ ਜ਼ਿੰਦਗੀ ‘ਚ ਮੈਂ ਸੰਘਰਸ਼ ਕੀਤਾ ਇਸ ਦੌਰਾਨ ਮੈਨੂੰ ਇਹ ਅਹਿਸਾਸ ਜ਼ਰੂਰ ਹੋਇਆ ਕਿ ਦੁਨੀਆ ਦੇ ਇਸ ਸੰਘਰਸ਼ ‘ਚ ਬਹੁਤ ਸਾਰੇ ਲੋਕ ਮੇਰੇ ਨਾਲੋਂ ਵੀ ਮਾੜੀ ਜ਼ਿੰਦਗੀ ਗੁਜ਼ਾਰ ਰਹੇ ਹਨ।ਮੇਰੀ ਰਚਨਾ ਉਹਨਾਂ ਕਾਰਨਾਂ ਨੂੰ ਲੱਭਦੀ ਹੋਈ ਉਹਨਾਂ ਦੱਬੇ ਕੁੱਚਲੇ ਲੋਕਾਂ ਦੀ ਅਵਾਜ਼ ਨੂੰ ਲੱਭਦੀ ਹੋਈ ਹੀ ਸਾਹਿਤ ਨੂੰ ਸਮਰਪਿਤ ਹੁੰਦੀ ਹੈ। ?ਤੁਹਾਨੂੰ ਅਜਿਹੇ ਲੱਖਾਂ ਲੋਕਾਂ ਦੀ ਬੇਹਾਲ ਜ਼ਿੰਦਗੀ ਦੇ ਕਾਰਨ ਫਿਰ ਕੀ ਲੱਭੇ ਹਨ? :ਇਹ ਬੇਢੰਗੀ ਆਰਥਿਕਤਾ ਹੈ।ਇੱਕ ਪਾਸੇ ਭਾਰਤ ‘ਚ 100 ਲੋਕਾਂ ਦੀ ਅਜਿਹੀ ਸੂਚੀ ਹੈ ਜੋ ਅਰਬਪਤੀ ਹਨ ਤੇ ਉਹਨਾਂ ਦੇ ਛੇ ਜੀਆਂ ਨੂੰ 60 ਨੌਕਰਾਂ ਦੀਆਂ ਸੇਵਾਵਾਂ ਮਿਲਦੀਆਂ ਹਨ ਤੇ ਇਹਨਾਂ ਕੋਲ ਪੂਰੇ ਭਾਰਤ ਦਾ ਵਨ ਫੋਰਥ ਪੈਸਾ ਹੈ।ਦੂਜੇ ਪਾਸੇ ਭਾਰਤ ਦੇ ਉਹ ਕਰੋੜਾਂ ਦੀ ਗਿਣਤੀ ‘ਚ ਲੋਕ ਵੀ ਹਨ ਜੋ ਰੋਜ਼ਾਨਾ ਵਸੀਲਿਆਂ ਲਈ ਜਦੋਜਹਿਦ ਕਰ ਰਹੇ ਹਨ।ਇਸ ਲਈ ਮੂਲ ਰੂਪ ‘ਚ ਜ਼ਿੰਮੇਵਾਰ ਸਾਡਾ ਸਮਾਜਿਕ,ਆਰਥਿਕ ਪ੍ਰਬੰਧਨ ਹੈ,ਜਿਸ ‘ਚ ਸਭ ਤੋਂ ਅਹਿਮ ਸਾਡੇ ਦੇਸ਼ ਦਾ ਸਿਆਸੀ ਪ੍ਰਬੰਧ ਜ਼ਿੰਮੇਵਾਰ ਹੈ।ਇਹਨਾਂ ਕਾਰਨਾਂ ਕਰਕੇ ਹੀ ਦੇਸ਼ ਦੇ 90 ਕਰੋੜ ਲੋਕ ਨਰਕ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ।ਉਦਾਹਰਨ ਦੇ ਤੌਰ ‘ਤੇ ਕੇਂਦਰ ਸਰਕਾਰ ਨੇ ਰੁਜ਼ਗਾਰ ਦੀ ਗਾਰੰਟੀ ਦਿੰਦਿਆ ਕਿਹਾ ਸੀ ਕਿ ਅਸੀ 10 ਕਰੋੜ ਬੰਦਿਆ ਨੂੰ 100 ਦਿਨ ਦਾ ਕੰਮ ਦੇਵਾਂਗੇ ਪਰ ਅਜਿਹੀ ਸੂਰਤ ‘ਚ ਸਿਰਫ 4 ਕਰੋੜ ਬੰਦਿਆ ਨੂੰ ਹੀ ਕੰਮ ਮਿਲ ਸਕਿਆ ਹੈ ਤੇ ਉਹ ਵੀ ਉਹਨਾਂ ਨੂੰ 100 ਦਿਨ ਪੂਰਾ ਕੰਮ ਨਹੀਂ ਮਿਲਿਆ। ?ਜਦੋਂ ਇਹਨਾਂ ਸਮਿਆਂ ‘ਚ ਬਦਲ ਰਹੀ ਦੁਨੀਆਂ ‘ਚ ਨਵੇਂ ਵਿਚਾਰ,ਨਵੇਂ ਵਿਸ਼ੇ,ਨਵੇਂ ਫਲਸਫੇ ਸਾਹਮਣੇ ਆ ਰਹੇ ਹਨ।ਪਿੰਡਾ ਸ਼ਹਿਰਾਂ ਤੋਂ ਬਾਅਦ ਮਹਾਂਨਗਰ ਆ ਗਏ,ਉਸ ਨਾਲ ਮਰਦ ਔਰਤ ਰਿਸ਼ਤੇ ਵੀ ਬਦਲੇ,ਅਪਰਾਧ ਦੇ ਬਹੁਤ ਸਾਰੇ ਚਿੰਨ੍ਹ ਪੇਸ਼ੇਵਰ ਨਾ ਹੋਕੇ ਆਮ ਆਦਮੀ ਦੀ ਮਾਨਸਿਕਤਾ ‘ਚ ਵਿਖ ਰਹੇ ਹਨ,ਖੁੱਲ੍ਹੀ ਮੰਡੀ ਆ ਗਈ ਹੈ,ਲਿਵ ਇਨ ਰਿਲੇਸ਼ਨਸ਼ਿਪ ਜਾਂ ਮਨੁੱਖੀ ਰਿਸ਼ਤਿਆਂ ‘ਚ ਹੋਰ ਬਹੁਤ ਸਾਰੇ ਨਵੇਂ ਨਾਮ ਪ੍ਰਭਾਸ਼ਿਤ ਹੋਏ ਹਨ।ਉੱਥੇ ਤੁਹਾਡੇ ਸਾਹਿਤ ਦਾ ਵਿਸ਼ਾ ਵਸਤੂ ਕਿਰਸਾਨੀ ਜ਼ਿੰਦਗੀ ਜਾਂ ਮਾਲਵੇ ਤੋਂ ਬਾਹਰ ਵਿਸਥਾਰ ਕਿਉਂ ਨਹੀਂ ਲੈ ਸਕਿਆ,ਬਹੁਤ ਸਾਰੇ ਆਲੋਚਕ ਤਾਂ ਇਹ ਵੀ ਕਹਿੰਦੇ ਹਨ ਗੁਰਦਿਆਲ ਸਿੰਘ ਆਪਣੇ ਨਾਵਲ ‘ਮੜ੍ਹੀ ਦਾ ਦੀਵਾ’ ਤੋਂ ਅੱਗੇ ਨਹੀਂ ਵੱਧ ਸਕਿਆ? :ਜਿੱਥੋਂ ਤੱਕ ਅੱਗੇ ਵਧਣ ਦੀ ਗੱਲ ਹੈ ਇਹਦੇ ਅਰਥਾਂ ਦੀ ਹੀ ਮੈਨੂੰ ਕਦੇ ਸਮਝ ਨਹੀਂ ਆਈ ਕਿ ਲੋਕ ਅੱਗੇ ਵਧਣ ਨੂੰ ਕਿੰਝ ਲੈਂਦੇ ਹਨ।ਮੈਂ ਇਸ ਗੱਲ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹਾਂ,ਜਿਵੇਂ ਕਿ ਕਹਿੰਦੇ ਹੁੰਦੇ ਹਨ ਕਿ ਚੌਲਾਂ ਦੇ ਕੜਾਹੇ ਚੋਂ ਇੱਕ ਦਾਣਾ ਹੀ ਵੇਖਕੇ ਪਤਾ ਚਲ ਜਾਂਦਾ ਹੈ ਕਿ ਰਿੱਝ ਗਏ ਹਨ ਕਿ ਨਹੀਂ।ਜਿਹੜੀਆਂ ਔਕੜਾਂ ਜ਼ਿਲ੍ਹੇ ਬਠਿੰਡੇ ‘ਚ ਜਾਂ ਮਾਲਵੇ ‘ਚ ਕਿਸਾਨੀ ਨੂੰ ਆ ਰਹੀਆਂ ਹਨ ਜਾਂ ਪਿਛੜੇ ਵਰਗਾਂ ਨੂੰ ਆ ਰਹੀਆਂ ਹਨ ਉਹ ਸਿਰਫ ਬਠਿੰਡੇ ‘ਚ ਹੀ ਨਹੀਂ ਦੇਸ਼ ਦੇ ਦੂਜੇ ਹਿੱਸਿਆ ‘ਚ ਵੀ ਇਹ ਮੁਸ਼ਕਿਲਾਂ ਸਮਾਨਅਰਥੀ ਹੀ ਹਨ।ਮੈਂ ਜਦੋਂ ਅੰਨੇ ਘੋੜੇ ਦਾ ਦਾਨ ਜਾਂ ਮੜ੍ਹੀ ਦਾ ਦੀਵਾ ‘ਚ ਕਿਸੇ ਸਮੱਸਿਆ ਨੂੰ ਪੇਸ਼ ਕਰ ਰਿਹਾ ਹਾਂ ਜਿਵੇਂ ਕਿ ਮਸ਼ੀਨੀਕਰਨ ਕਰਕੇ ਜਾਂ ਹਰੇ ਇਨਕਲਾਬ ਕਰਕੇ ਖੇਤੀਬਾੜੀ ‘ਚ ਪਛੜੇ ਲੋਕਾਂ ਲਈ ਜਿਵੇਂ ਕੰਮ ਨਹੀਂ ਬਚਿਆ ਤੇ ਉਹਨਾਂ ਸ਼ਹਿਰਾਂ ਨੂੰ ਪਲਾਇਨ ਕੀਤਾ ਤੇ ਸ਼ਹਿਰਾਂ ‘ਚ ਵੀ ਵਿਕਾਸ ਇੰਝ ਹੋਇਆ ਕਿ ਮਸ਼ੀਨਾਂ ਨੇ ਉਥੇ ਵੀ ਗ਼ਰੀਬ ਬੰਦਿਆ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ,ਜਿਵੇਂ ਕਿ ਅੰਨੇ ਘੋੜੇ ਦਾ ਪਾਤਰ ਰਿਕਸ਼ੇ ਰਾਹੀ ਆਪਣੇ ਘਰ ਦੀ ਹਾਲਤ ਨਹੀਂ ਸੁਧਾਰ ਸਕਦਾ ਤੇ ਉਹ ਨਿਰਾਸ਼ ਹੋ ਕੇ ਪਿੰਡ ਜਾਣਾ ਚਾਹੁੰਦਾ ਹੈ ਤੇ ਪਿੰਡ ਵਾਲੇ ਸ਼ਹਿਰ ਆਉਣਾ ਚਾਹੁੰਦੇ ਹਨ।ਵਿਚੋਂ ਗੱਲ ਇਹ ਹੈ ਕਿ ਵਿਕਾਸ ਦੇ ਅਜਿਹੇ ਰੂਪ ਕਰਕੇ ਇਹਨਾਂ ਲੋਕਾਂ ਲਈ ਕੰਮ ਕਿਤੇ ਵੀ ਨਹੀਂ ਬਚਿਆ।ਜੇ ਆਪਾਂ ਬਠਿੰਡੇ ਦੇ ਲੇਬਰ ਚੌਂਕ ਦੀ ਹੀ ਗੱਲ ਕਰੀਏ ਤਾਂ ਉਥੇ ਕੰਮ ਦੀ ਮੰਗ ਨੂੰ ਲੈਕੇ ਸਭ ਤੋਂ ਵੱਧ ਮਜ਼ਦੂਰ ਬਿਹਾਰ ਦੇ ਹੀ ਹੁੰਦੇ ਹਨ ਜਿਹਨਾਂ ਨੂੰ ਆਪਣੇ ਸੂਬੇ ‘ਚ ਕੰਮ ਨਾ ਮਿਲਣ ਕਰਕੇ ਉਹਨਾਂ ਪੰਜਾਬ ਨੂੰ ਪਲਾਇਣ ਕੀਤਾ।ਇੱਥੋਂ ਇਹ ਸਿੱਧ ਹੁੰਦਾ ਹੈ ਕਿ ਹਲਾਤ ਅਜਿਹੇ ਪੈਦਾ ਹੋ ਚੁੱਕੇ ਹਨ ਕਿ ਨਾ ਤਾਂ ਇੱਥੋਂ ਦੇ ਲੋਕਾਂ ਲਈ ਤੇ ਨਾ ਹੀ ਬਾਹਰੋਂ ਆਏ ਮਜ਼ਦੂਰਾਂ ਲਈ ਕੰਮ ਪੈਦਾ ਹੋ ਰਿਹਾ ਹੈ ਜਿਸ ਕਰਕੇ ਉਹਨਾਂ ਦਾ ਆਰਥਿਕ ਪੱਧਰ ਹੋਰ ਡਿੱਗਦਾ ਜਾ ਰਿਹਾ ਹੈ।ਇਹ ਕੰਮ ਦਾ ਅਜਿਹਾ ਰੂਪ ਸਿਰਫ ਬਠਿੰਡੇ ‘ਚ ਹੀ ਤਾਂ ਨਹੀਂ ਸਡੋਂ ਇਹ ਪੂਰੇ ਦੇਸ਼ ‘ਚ ਹੀ ਇੰਝ ਵਰਤ ਰਿਹਾ ਹੈ ਜਿਸ ਨੂੰ ਮੈਂ ਇਸ ਰੂਪ ‘ਚ ਪੇਸ਼ ਕੀਤਾ ਹੈ।ਇਹ ਸਾਰੇ ਦੇਸ਼ ਦਾ ਹੀ ਅਜਿਹਾ ਸਿਆਸੀ,ਆਰਥਿਕ ਵਰਤਾਰਾ ਹੈ ਜਿਸ ਨੂੰ ਮੈਂ ਬਿੰਬਤ ਕੀਤਾ।ਇਹ ਕਿਸ ਪੱਖ ਤੋਂ ਵਿਸ਼ਾ ਵੱਡੇ ਦਾਇਰੇ ਦਾ ਨਾ ਲੱਗਕੇ ਬਠਿੰਡੇ ਤੱਕ ਮਹਿਦੂਦ ਲੱਗ ਰਿਹਾ ਹੈ।ਸਮਾਜਿਕਤਾ ਦਾ ਅਜਿਹਾ ਰੂਪ ਘੱਟ ਵੱਧ ਸਾਰੀ ਜਗ੍ਹਾ ਇੱਕੇ ਰੂਪ ਦਾ ਹੀ ਹੈ।ਸੋ ਜੇ ਮੈਂ ਮਾੜੀ ਹਾਲਤ ਦੀ ਗੱਲ ਇੱਥੋਂ ਦੀ ਕਰ ਰਿਹਾ ਹਾਂ ਤਾਂ ਉਹ ਬਿਹਾਰ,ਯੂ.ਪੀ ਦੇ ਗ਼ਰੀਬ ਲੋਕਾਂ ਦੀ ਹਾਲਤ ਨਾਲ ਵੀ ਸਾਂਝ ਪਾ ਰਹੇ ਹਨ।ਬਾਕੀ ਮੈਂ ਇੱਕ ਗੱਲ ਜ਼ਰੂਰ ਸਾਫ ਕਰਨਾ ਚਾਹਵਾਂਗਾ ਕਿ ਸੰਸਾਰ ਦਾ ਕੋਈ ਵੀ ਲੇਖਕ ਹੁਣ ਤੱਕ ਸਾਰੀ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਰਚਨਾ ਨਹੀਂ ਕਰ ਸਕਿਆ।ਮੈਂ ਜੇ ਰੂਸ ਦੇ ਮਹਾਨ ਸਾਹਿਤਕਾਰ ਲਿਓ ਤਾਲਸਤਾਏ ਦੀ ਉਦਾਹਰਨ ਦੇਵਾਂ ਤਾਂ ਉਸ ਨੇ ਵੀ ਰੂਸੀ ਸਮਾਜ ਦੀ ਹੀ ਸਮੱਸਿਆ ਨੂੰ ਪੇਸ਼ ਕੀਤਾ ਹੈ,ਨਾ ਕਿ ਏਸ਼ਿਆ,ਅਫਰੀਕਾ ਜਾਂ ਯੂਰਪ ਦੇ ਦੂਜੇ ਸਮਾਜ ਦੀਆਂ ਹਨ।ਪਰ ਉਹਨਾਂ ਸਮੱਸਿਆ ਵਰਗੀਆਂ ਸਮੱਸਿਆਵਾਂ ਸਾਰੀ ਦੁਨੀਆਂ ‘ਚ ਹਨ।ਸੋ ਉਹ ਸਮੱਸਿਆ ਸਿਰਫ ਰੂਸੀ ਦਾਇਰੇ ‘ਚ ਰਹਿ ਕੇ ਹੀ ਖਤਮ ਨਹੀਂ ਹੋ ਜਾਂਦੀ,ਉਸ ਕਿਸਮ ਦੀਆਂ ਸਮੱਸਿਆਵਾਂ ਜਿੱਥੇ ਜਿੱਥੇ ਵੀ ਹੈ ਉਹ ਉੱਥੋਂ ਤੱਕ ਗੱਲ ਪਹੁੰਚਦੀ ਹੈ ਤਾਂ ਹੀ ਅਸੀ ਉਸ ਨੂੰ ਪੱੜ੍ਹਦੇ ਹਾਂ।ਸੋ ਹਰ ਲੇਖਕ ਆਪਣੇ ਆਲੇ ਦੁਆਲੇ ਦੀ ਨੇੜਤਾ ‘ਤੇ ਹੀ ਲਿਖਦਾ ਹੈ ਪਰ ਉਸ ਵਿਚਲੀ ਵਿਚਾਰਤਮਕ ਲਹਿਰ ਸਮਾਜ ਦੇ ਹਰ ਉਸ ਕੋਨੇ ‘ਤੇ ਪਹੁੰਚਦੀ ਹੈ ਜਿੱਥੇ ਮਨੁੱਖਤਾ ਤੜਪ ਰਹੀ ਹੈ ਤੇ ਇਹੋ ਸਾਂਝ ਹੈ।ਇਹ ਇੰਝ ਹੈ ਕਿ ਸਮੱਸਿਆ ਦੇ ਰੂਪ ਵੱਖੋ ਵੱਖਰੇ ਹਨ ਪਰ ਵਿਚਲੀ ਤੜਪ ਜਾਂ ਕਿਸੇ ਦੁੱਖ ਨੂੰ ਮਹਿਸੂਸਨਾ ਇੱਕੋ ਜਿਹਾ ਹੀ ਹੈ।ਇਹੋ ਕੇਂਦਰੀ ਭਾਵ ਹੈ ਜਿਸ ਨੂੰ ਮੈਂ ਆਪਣੇ ਸਾਹਿਤ ‘ਚ ਕੇਂਦਰਿਤ ਕੀਤਾ ਹੈ।ਸੋ ਜਿਹੜੀ ਸਾਹਿਤ ਦੀ ਰਚਨਾਤਮਕਤਾ ਹੈ ਉਹਦਾ ਇਹ ਮਤਲਬ ਨਹੀਂ ਹੈ ਕਿ ਉਹ ਇੱਕ ਦਾਇਰੇ ‘ਚ ਰਹਿ ਕੇ ਸੀਮਤ ਹੋ ਜਾਂਦੀ ਹੈ।ਮੈਂ ਇਸ ਗੱਲ ਨੂੰ ਬਹੁਤ ਜ਼ੋਰ ਦੇ ਕੇ ਕਹਿੰਦਾ ਹਾਂ ਕਿ ਮਨੁੱਖ ਦੇ ਦੁੱਖ ਸੁੱਖ,ਉਸਦੀਆ ਭਾਵਨਾਵਾਂ,ਉਸਦੇ ਰਿਸ਼ਤੇ,ਇੱਕ ਦੂਜੇ ਨਾਲ ਸਾਂਝ,ਦੋਸਤੀਆਂ,ਸਮਾਜਿਕ,ਸਿਆਸੀ ਰਿਸ਼ਤੇ ਇਹ ਸਾਰੇ ਰਿਸ਼ਤੇ ਜਦੋਂ ਤੱਕ ਇਕੇ ਸਮਾਜਾਂ ਵਿੱਚ,ਵੱਖਰੇ ਵੱਖਰੇ ਰੂਪਾਂ ਵਿੱਚ ਪਏ ਹਨ ਤਾਂ ਉਹ ਸਾਰਾ ਇੱਕ ਦਾਇਰੇ ਚੋਂ ਨਿਕਲ ਕਿ ਸਾਰੇ ਸਮਾਜਾਂ ‘ਤੇ ਹੀ ਲਾਗੂ ਹੁੰਦੀ ਹੈ।ਮੇਰੇ ਨਾਵਲ ਦਾ ਰੂਪ ਬੇਸ਼ੱਕ ਮਾਲਵੇ ਜਾਂ ਬਠਿੰਡੇ ਦਾ ਹੋਵੇਗਾ ਪਰ ਵਿਚਲੀ ਤੜਪ ਤਾਂ ਹਰ ਸਮਾਜ ‘ਚ ਉੱਥੇ ਉੱਥੇ ਹੈ ਜਿੱਥੇ ਮਨੁੱਖਤਾ ਤੜਪਦੀ ਹੈ। ?ਜੇ ਆਪਾਂ ਕਿਸਾਨੀ ਜਾਂ ਉਹਨਾਂ ਅਣਹੋਏ ਲੋਕਾਂ ਦੀ ਤਰਸਯੋਗ ਜ਼ਿੰਦਗੀ ਦੀ ਗੱਲ ਵੀ ਕਰੀਏ ਤਾਂ ਅਜੋਕੇ ਸਮੇਂ ‘ਚ ਕਿਸਾਨ ਤੇ ਕਿਰਸਾਨੀ ਜ਼ਿੰਦਗੀ ਜਾਂ ਦੱਬੇ ਕੁਚਲੇ ਲੋਕਾਂ ਦੇ ਨਵੇਂ ਤਰਸਯੋਗ ਰੂਪ ਸਾਹਮਣੇ ਆ ਰਹੇ ਹਨ,ਇਹ ਹਯਾਤੀਆਂ ਖੁੱਲ੍ਹੀ ਮੰਡੀ ‘ਚ ਸੰਘਰਸ਼ ਕਰ ਰਹੀਆਂ ਹਨ,ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ‘ਚ ਵੀ ਇੱਕ ਹੱਦ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕਿਸਾਨਾਂ ਦੇ ਹਿਤ ‘ਚ ਨਹੀਂ ਸਗੋਂ ਬੈਕਾਂ ਨੂੰ ਮਜ਼ਬੂਤੀ ਦੇਣ ਲਈ ਕੀਤਾ ਜਾ ਰਿਹਾ ਹੈ।ਇਹਨਾਂ ਪਹਿਲੂਆਂ ਨੂੰ ਤੁਸੀ ਸਮੇਂ ਦੇ ਨਾਲ ਨਾਲ ਲੇਖਾਂ ‘ਚ ਜਗ੍ਹਾ ਤਾਂ ਦਿੱਤੀ ਹੈ ਪਰ ਇਹਨਾਂ ਨਵੀਆਂ ਦਰਪੇਸ਼ ਆਈਆਂ ਔਕੜਾਂ ਨੂ ਆਪਣੇ ਗ਼ਲਪ ਦਾ ਅਧਾਰ ਨਹੀਂ ਬਣਾਇਆ? :ਅਸਲ ‘ਚ ਬੰਦੇ ਨੂੰ ਬੰਦੇ ਦੇ ਰੂਪ ‘ਚ ਪੇਸ਼ ਕਰਨਾ ਮੇਰਾ ਅਸਲ ਭਾਵ ਰਿਹਾ ਹੈ।ਜਿੱਥੋਂ ਤੱਕ ਕਿ ਸਮਾਜ ਦੀ ਸਮੱਸਿਆ ਬਾਰੇ ਗੱਲ ਕਰਨੀ ਕਿ ਇਹ ਸਮੱਸਿਆ ਇੰਝ ਹੱਲ ਹੋ ਸਕਦੀ ਹੈ ਉਸ ਲਈ ਮੈਂ ਆਪਣੇ ਲੇਖਾਂ ਨੂੰ ਹੀ ਜ਼ਰੀਆ ਬਣਾਇਆ ਹੈ।ਕਿਉਂ ਕਿ ਅਜੋਕੇ ਸਮਾਜ ਦੀਆਂ ਅਜਿਹੀ ਗੱਲਾਂ ਤੱਥਾਂ ‘ਤੇ ਅਧਾਰਿਤ ਸਿੱਧੇ ਰੂਪ ‘ਚ ਲੇਖਾਂ ਰਾਂਹੀ ਸਮਝ ਆਉਂਦੀ ਹੈ।ਇਸ ਲਈ ਮੈਂ ਇਹਨਾਂ ਨੂੰ ਲੇਖਾਂ ਰਾਹੀਂ ਜ਼ਿਆਦਾ ਜਗ੍ਹਾ ਦਿੱਤੀ।ਕਿਉਂ ਕਿ ਲੇਖ ਮੈਂ ਇਸੇ ਲਈ ਲਿਖੇ ਹਨ ਕਿਉਂ ਕਿ ਇਹ ਆਮ ਬੰਦੇ ਨੂੰ ਸਮਝ ਆਉਂਦੀ ਹੈ ਪਰ ਗ਼ਲਪ ਦਾ ਅਧਾਰ ਇਹਨਾਂ ਸਾਰਿਆਂ ਦੇ ਨਾਲ ਹੋਰ ਤਰ੍ਹਾਂ ਦਾ ਹੁੰਦਾ ਹੈ। ?ਸਾਹਿਤ ਦੀ ਸਾਰਥਕਤਾ ਕਿਸੇ ਮੁਸ਼ਕਿਲ ਨੂੰ ਬਿਆਨ ਕਰਦੇ ਹੋਏ ਉਸ ਦੇ ਹੱਲ ਜਾਂ ਰਚਨਾ ਦਾ ਅੰਤ ਕਿਸੇ ਸੰਦੇਸ਼ ਨਾਲ ਪੂਰਾ ਹੋਵੇ ਅਜਿਹਾ ਪੰਜਾਬੀ ਸਾਹਿਤ ਦੀ ਤਾਂ ਖਾਸ ਤੌਰ ‘ਤੇ ਪ੍ਰੰਪਰਾ ਰਹੀ ਹੈ,ਪਰ ਤੁਹਾਡੇ ਗ਼ਲਪ ਦਾ ਅੰਤ ਹਮੇਸ਼ਾ ਸਧਾਰਣ ਹੁੰਦਾ ਹੈ।ਪਾਠਕ ਨੂੰ ਨਾਵਲ ਪੱੜ੍ਹਣ ਤੋਂ ਬਾਅਦ ਮਾਇਨੇ ਲੱਭਣ ‘ਚ ਮਿਹਨਤ ਕਰਨੀ ਪੈਂਦੀ ਹੈ,ਅਜਿਹਾ ਢੰਗ ਵਰਤਣ ਦਾ ਕੋਈ ਖਾਸ ਕਾਰਨ? :ਜੇ ਅੰਤ ਦੀ ਗੱਲ ਕਰੀਏ ਤਾਂ ਉਸ ਦਾ ਨਾਵਲ ਦਰ ਨਾਵਲ ਵੱਖਰੇ ਰੂਪ ਦਾ ਹੁੰਦਾ ਹੈ।ਜਿਵੇਂ ਕਿ ਮੜ੍ਹੀ ਦਾ ਦੀਵਾ ਨਾਵਲ ਦੀ ਗੱਲ ਕਰੀਏ ਤਾਂ ਉਸਦਾ ਅੰਤ ਤ੍ਰਾਸਦੀ ਭਰਿਆ ਹੈ ਤੇ ਇਹ ਸਮਝ ਵੀ ਆਉਂਦਾ ਹੈ ਪਰ ਸਾਰੇ ਨਾਵਲਾਂ ‘ਚ ਅਜਿਹਾ ਨਹੀਂ ਹੈ।ਜਿਵੇਂ ਹੁਣ ਅਣਹੋਏ ਨਾਵਲਾਂ ‘ਚ ਬਿਸ਼ਨਾ ਬਿਨਾਂ ਕਿਸੇ ਉਪਲਬਧੀ ਦੇ ਮਰਦਾ ਹੈ ਪਰ ਉਹ ਇੱਕ ਅਣਖੀ ਮਨੁੱਖ ਦੀ ਤਰ੍ਹਾਂ ਪਾਠਕਾਂ ਦੇ ਸਾਹਮਣੇ ਅਖੀਰ ‘ਤੇ ਇੰਝ ਪੇਸ਼ ਹੋਕੇ ਰਹਿ ਜਾਂਦਾ ਹੈ ਕਿ ਉਹ ਸਰਕਾਰ ਨੂੰ ਵੰਗਾਰਦਾ ਹੈ।ਪਰਸਾ ਪੂਰੇ ਨਾਵਲ ‘ਚ ਕਿਤੇ ਨਿਰਾਸ਼ ਨਹੀਂ ਹੁੰਦਾ ਤੇ ਉਹ ਕਿਤੇ ਵੀ ਸਮਝੌਤਾ ਨਹੀਂ ਕਰਦਾ।ਸੋ ਜੇ ਇਹ ਸਮਝੀਏ ਕਿ ਇਹਨਾਂ ਦੇ ਅੰਤ ਸਧਾਰਨ ਹਨ ਤਾਂ ਅਜਿਹਾ ਨਹੀਂ ਹੈ।ਕੋਈ ਵੀ ਰਚਨਾ ਉਹ ਕਿਸੇ ਸਮਾਜ ਨੂੰ ਸਿੱਧਾ ਰਾਹ ਨਹੀਂ ਦੱਸਦੀ ਸਗੋਂ ਰਚਨਾ ਨੇ ਸਮਾਜ ਦੇ ਅੰਦਰ ਤੱਕ ਜਿਹੜੀਆਂ ਅਣਦਿੱਖ ਗੱਲਾਂ ਪਈਆਂ ਹਨ ਉਹਨਾਂ ਨੂੰ ਲੋਕਾਂ ਦੀ ਸੋਚ ‘ਚ ਬਿੰਬਤ ਕਰਕੇ ਅਸਲ ਯਥਾਰਥੀ ਮਕਸਦ ਨੂੰ ਪੇਸ਼ ਕਰਨਾ ਹੁੰਦਾ ਹੈ। ?ਗਿਆਨਪੀਠ,ਸਾਹਿਤ ਅਕਾਦਮੀ,ਪਦਮ ਸ਼੍ਰੀ ਵਰਗੇ ਸਨਮਾਨਾਂ ਨਾਲ ਤੁਹਾਡਾ ਇੱਕ ਕੌਮਾਂਤਰੀ ਨਾਮ ਹੈ,ਅਜਿਹੇ ‘ਚ ਬਹੁਤ ਸਾਰੇ ਲੇਖਕ ਤਾਂ ਆਧੁਨਿਕਤਾ ਦੇ ਕੈਨਵਸ ‘ਚ ਵੱਡੇ ਸ਼ਹਿਰਾਂ ਨੂੰ ਪਰਵਾਸ ਕਰ ਜਾਂਦੇ ਹਨ ਪਰ ਤੁਸੀ ਆਪਣਾ ਠਿਕਾਣਾ ਜੈਤੋ ‘ਚ ਰੱਖਣਾ ਜ਼ਰੂਰੀ ਕਿਉਂ ਮੰਨਦੇ ਹੋ? :ਨਹੀਂ ਅਜਿਹਾ ਕੁਝ ਨਹੀਂ ਹੈ,ਹਰ ਬੰਦੇ ਦਾ ਕਿਤੇ ਨਾ ਕਿਤੇ ਬਸੇਰਾ ਹੁੰਦਾ ਹੈ ਮੇਰਾ ਜੈਤੋ ‘ਚ ਹੈ ਕਿਉਂ ਕਿ ਇੱਥੇ ਵੱਡੇ ਸ਼ਹਿਰਾਂ ਨਾਲੋਂ ਰੌਲਾ ਗੌਲਾ ਘੱਟ ਹੈ।ਹੁਣ ਜਿਵੇਂ ਦਿੱਲੀ ਦੀ ਹੀ ਗੱਲ ਕਰ ਲਈਏ ਇਸ ਸ਼ਹਿਰ ‘ਚ ਮੈਂ ਬਹੁਤਾ ਸਮਾਂ ਨਹੀਂ ਰਹਿ ਸਕਦਾ।ਬਾਕੀ ਗੱਲ ਮੈਂ ਉੱਥੇ ਹੀ ਕੇਂਦਰਤ ਕਰਦਾ ਹਾਂ ਕਿ ਗੱਲ ਤਾਂ ਮਨੁੱਖ ਦੀ ਹੀ ਕਰਨੀ ਹੈ।ਗੱਲ ਬੰਦੇ ਨੂੰ ਬੰਦਾ ਸਮਝਨ ਦੀ ਹੈ।ਸੋ ਇਸ ‘ਚ ਸ਼ਹਿਰ ਤੇ ਪਿੰਡ ਦੇ ਮਨੁੱਖ ਦੀ ਤੜਪ ਇੱਕੋ ਜਿਹੀ ਹੀ ਹੋਵੇਗੀ।ਮੈਂ ਉਸ ਤੜਪ ਲਈ ਅਵਾਜ਼ ਇੱਥੇ ਰਹਿ ਕੇ ਬਣਦਾ ਹਾਂ।ਕੋਈ ਲੇਖਕ ਇਹਨਾਂ ਸ਼ਹਿਰਾਂ ‘ਚ ਆਪਣਾ ਬਸੇਰਾ ਲਿਜਾਕੇ ਬੰਦੇ ਦੀ ਗੱਲ ਕਰਦਾ ਹਾਂ ਆਖਰ ਗੱਲ ਤਾਂ ਮਨੁੱਖਤਾ ਦੀ ਹੀ ਕਰਨੀ ਹੈ। ?ਅੰਨੇ ਘੋੜੇ ਦਾ ਦਾਨ ਫ਼ਿਲਮ ਵੀਨਸ ਫ਼ਿਲਮ ਫੈਸਟੀਵਲ ਤੋਂ ਲੈਕੇ ਬਹੁਤ ਸਾਰੇ ਕੌਮਾਂਤਰੀ ਪੁਰਸਕਾਰਾਂ ਚੋਂ ਹੁੰਦੀ ਹੋਈ ਕੌਮਾਂਤਰੀ ਫ਼ਿਲਮ ਪੁਰਸਕਾਰ 2012 ‘ਚ ਆਪਣੀ ਹਾਜ਼ਰੀ ਮਜ਼ਬੂਤੀ ਨਾਲ ਲਵਾ ਚੁੱਕੀ ਹੈ,ਤੁਹਾਡੇ ਨਾਵਲ ‘ਤੇ ਅਧਾਰਿਤ ਫ਼ਿਲਮ ਨੂੰ ਇੰਝ ਸਰਾਹਿਆ ਜਾਣਾ ਕਿੰਝ ਲੱਗਦਾ ਹੈ? :ਮੇਰਾ ਨਜ਼ਰੀਆ ਇਸ ਬਾਰੇ ਇਹ ਹੈ ਕਿ ਮੇਰੇ ਨਾਵਲ ‘ਤੇ ਇੱਕ ਅਜਿਹੀ ਫ਼ਿਲਮ ਬਣੀ ਜਿਸ ਨੂੰ ਕੌਮਾਂਤਰੀ ਤੌਰ ‘ਤੇ ਸਰਾਹਿਆ ਗਿਆ ਤੇ ਇਸ ਨੂੰ ਪੰਜਾਬੀ ਦੀ ਅਜਿਹੀ ਪਹਿਲੀ ਫ਼ਿਲਮ ਹੋਣ ਦਾ ਮਾਣ ਹੈ। ?ਪਰ ਜੇ ਤੁਹਾਡੇ ਨਾਵਲਾਂ ਦੇ ਸਿਨੇਮਾਈ ਰੁਪਾਂਤਰਨ ਦੀ ਗੱਲ ਕਰੀਏ ਤਾਂ ਚਾਹੇ ਉਹ ‘ਮੜ੍ਹੀ ਦਾ ਦੀਵਾ’ ਹੋਵੇ ਜਾਂ ‘ਅੰਨੇ ਘੋੜੇ ਦਾ ਦਾਨ’ ਫ਼ਿਲਮ ਹੋਵੇ।ਇਹ ਸਾਰੀਆਂ ਫ਼ਿਲਮਾਂ ਪੁਰਸਕਾਰਾਂ ‘ਚ ਤਾਂ ਆਪਣੀ ਹਾਜ਼ਰੀ ਬਾਖੂਬੀ ਲਵਾਉਂਦੀਆਂ ਹਨ ਪਰ ਆਮ ਦਰਸ਼ਕ ਦਾ ਵਿਸ਼ਾ ਆਮ ਦਰਸ਼ਕ ਦੀ ਚਰਚਾ ਦਾ ਹਿੱਸਾ ਕਿਉਂ ਨਹੀਂ ਬਣਦਾ।ਇਸ ਬਾਰੇ ਕੀ ਸੋਚਦੇ ਹੋ? :ਇੱਥੇ ਮੈਂ ਇਹ ਕਹਿਣਾ ਚਾਹਵਾਂਗਾ ਕਿ ਜਿਵੇਂ ਕਿ ਪਹਿਲਾਂ ਮੜ੍ਹੀ ਦਾ ਦੀਵਾ ਫ਼ਿਲਮ ਬਣੀ ਸੀ ਉਹ ਪੰਜਾਬ ਦੇ ਕਿਸੇ ਸਿਨੇਮਾ ‘ਚ ਨਹੀਂ ਚਲੀ ਸੀ।ਇਹ ਫ਼ਿਲਮ ਬਠਿੰਡੇ ਲਗੀ ਸੀ ਤਾਂ ਸਿਰਫ ਦੋ ਦਿਨ ਹੀ ਚਲੀ ਸੀ,ਉਸ ਤੋਂ ਬਾਅਦ ਉਹਨਾਂ ਇਹ ਫ਼ਿਲਮ ਲਾਹ ਦਿੱਤੀ ਸੀ।ਇਹ ਜਿਹੜੀ ਸਮੱਸਿਆ ਹੈ ਉਹ ਇਹ ਹੈ ਕਿ ਆਮ ਲੋਕ ਨੂੰ ਫ਼ਿਲਮ ਵੇਖਣ ਦੀ ਅਜਿਹੀ ਆਦਤ ਹੀ ਨਹੀਂ ਪਈ ਕਿ ਉਹ ਬੰਦੇ ਦੀਆਂ ਅਜਿਹੀਆਂ ਅੰਦਰੂਨੀ ਗੱਲਾਂ ਨੂੰ ਸਮਝ ਸਕੇ ਜਿਸ ਬਾਰੇ ਮੈਂ ਪਹਿਲਾਂ ਵਿਸਥਾਰ ‘ਚ ਗੱਲ ਕਰ ਚੁੱਕਾ ਹਾਂ।ਆਮ ਬੰਦਾ ਇੱਕ ਦਰਸ਼ਕ ਦੇ ਤੌਰ ‘ਤੇ ਸਿਰਫ ਤਮਾਸ਼ਾ ਵੇਖਣ ਜਾਂਦਾ ਹੈ।ਉਹ ਫ਼ਿਲਮ ਵੇਖਦਾ ਹੈ ਜਿਸ ‘ਚ ਨਾਚ ਗਾਣੇ ਹੋਣ,ਜਿਸ ‘ਚ ਮੁੰਡਾ ਕੁੜੀ ਖੇਤਾਂ ‘ਚ ਭੱਜੇ ਗਾਣੇ ਗਾਉਂਦੇ ਰਹਿਣ ਜਾਂ ਫਿਰ ਜਿਹੜਾ ਨਵਾਂ ਰੁਝਾਨ ਚਲਿਆ ਕਿ ਫ਼ਿਲਮ ‘ਚ ਕਨੇਡਾ ਜਾਂ ਬਾਹਰ ਦੀ ਗੱਲ ਕਰ ਦਿਓ।ਇਹ ਗੱਲਾਂ ਆਮ ਲੋਕਾਂ ਨੂੰ ਬਹੁਤ ਵਧੀਆ ਲੱਗਦੀ ਹੈ।ਆਮ ਬੰਦੇ ਆਮ ਜ਼ਿੰਦਗੀ ਜਿਓ ਰਹੇ ਹੁੰਦੇ ਹਨ ਤੇ ਉਹਨਾਂ ਦੇ ਮਨੋਰੰਜਨ ਦੇ ਮਿਆਰ ਜਾਂ ਕਲਾ ਬਾਰੇ ਮਿਆਰ ਬਹੁਤ ਸਧਾਰਨ ਪੱਧਰ ਦੇ ਹੁੰਦੇ ਹਨ।ਸੋ ਆਮ ਲੋਕ ਜੀਵਨ ਦੀਆਂ ਅਜਿਹੀ ਗਹਿਰਾਈਆਂ ਨੂੰ ਸਿਨੇਮਾਈ ਤਬਾਦਲੇ ‘ਚ ਨਹੀਂ ਵੇਖਦੇ ਕਿਉਂ ਕਿ ਉਸ ਲਈ ਮਨੋਰੰਜਨ ਦੇ ਅਰਥ ਹੋਰ ਤਰ੍ਹਾਂ ਦੇ ਹਨ।ਕਿਉਂ ਕਿ ਕਲਾ ਦੀ ਇਸ ਗਹਿਰਾਈ ਤੱਕ ਪਹੁੰਚ ਉਹਨਾਂ ਲੋਕਾਂ ਦੀ ਨਹੀਂ ਹੁੰਦੀ। ?ਫਿਰ ਇਹਦਾ ਅਰਥ ਕੀ ਇਹ ਹੈ ਕਿ ਇਸ ‘ਚ ਦਰਸ਼ਕਾਂ ਦਾ ਕਸੂਰ ਹੈ ਕਿ ਉਹਨਾਂ ਨੂੰ ਫ਼ਿਲਮ ਵੇਖਣੀ ਨਹੀਂ ਆਉਂਦੀ? :ਨਹੀਂ ਮੈਂ ਕਿਸੇ ਦਾ ਕਸੂਰ ਨਹੀਂ ਕੱਢ ਰਿਹਾ,ਮੈਂ ਇਹ ਦੱਸ ਰਿਹਾ ਹਾਂ ਕਿ ਇਸ ‘ਚ ਉਹਨਾਂ ਦੇ ਹਲਾਤਾਂ ਦਾ ਕਸੂਰ ਹੈ।ਇੱਕ ਸਮਾਜਿਕ ਸੋਚ ਹੁੰਦੀ ਹੈ ਤੇ ਇਹ ਇੱਕ ਦਿਨ ‘ਚ ਨਹੀਂ ਬਣਦੀ ਇਸ ‘ਚ ਵਰ੍ਹੇ ਲੱਗਦੇ ਹਨ।ਹੁਣ ਤੁਸੀ ਵੇਖੋ ਕਿ 65 ਸਾਲ ਹੋ ਗਏ ਪਰ ਤੁਸੀ ਜੇ ਲੋਕਾਂ ਨੂੰ ਜਾ ਕੇ ਪੁੱਛੋਗੇ ਕਿ ਐੱਮ.ਐੱਲ.ਏ ਦੀ ਵੋਟਾਂ ਹੁੰਦੀ ਹਨ ਤੇ ਦੂਜੀਆਂ ਐੱਮ.ਪੀ ਦੀ ਵੋਟਾਂ ਹੁੰਦੀ ਹਨ ਤੇ ਦੋਵਾਂ ਦਾ ਕੰਮ ਕੀ ਹੈ ਉੱਥੇ ਦੱਸ ਬੰਦਿਆ ਚੋਂ ਕੋਈ ਇੱਕ ਬੰਦਾ ਨਹੀਂ ਦੱਸ ਸਕੇਗਾ ਕਿ ਮੰਤਰਾਲਾ ਕੀ ਹੁੰਦਾ ਹੈ।ਅਜਿਹੀ ਕਲਾ ਫ਼ਿਲਮਾਂ ਨੂੰ ਆਮ ਰੁਝਾਨ ‘ਚ ਆਉਣ ਲਈ ਸਮਾਂ ਲਗੇਗਾ।


('ਗੁਲਾਮ ਕਲਮ' ਚੋਂ ਧੰਨਵਾਦ ਸਹਿਤ)

Tuesday, December 16, 2014

'ਅੰਧੀ ਰਯਤਿ' ਦੇ ਲੋਕ-ਪ੍ਰਤੀਨਿਧ / Gurdial Singh

ਅਕਸਰ ਹੀ ਕਿਸਾਨੀ ਦੀਆਂ ਸਮੱਸਿਆਵਾਂ ਬਾਰੇ ਲਿਖਣ ਕਾਰਨ, ਹੋਰ ਅਨੇਕ ਵਰਗਾਂ ਦੇ ਸੱਜਣਾਂ ਨੂੰ ਇਤਰਾਜ਼ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਕਿਉਂ ਧਿਆਨ ਨਹੀਂ ਦਿੱਤਾ ਜਾਂਦਾ। ਇਤਰਾਜ਼ ਜਾਇਜ਼ ਹੈ। ਖੇਤ-ਮਜ਼ਦੂਰ (ਜਿਨ੍ਹਾਂ ਦੀ ਆਬਾਦੀ ਪਿੰਡਾਂ ਵਿਚ 20 ਫ਼ੀਸਦੀ ਤੋਂ ਵਧੇਰੇ ਹੈ) ਬਹੁਤ ਹੀ ਮਾੜੀ ਦਸ਼ਾ ਵਿਚ ਜ਼ਿੰਦਗੀ ਬਿਤਾ ਰਹੇ ਹਨ। ਮਜ਼ਦੂਰੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਇਕ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਜੇ ਆਟਾ ਮਿਲ ਵੀ ਜਾਏ ਤਾਂ ਰੋਟੀ ਪਕਾਉਣ ਲਈ ਬਾਲਣ ਨਹੀਂ ਮਿਲਦਾ। (ਅੱਜਕਲ੍ਹ ਇਹ ਲੋਕ ਸੜਕਾਂ, ਨਹਿਰਾਂ ਜਾਂ ਰੇਲਵੇ ਲਾਈਨਾਂ ਦੇ ਆਸੇ-ਪਾਸੇ ਦੇ ਰੁੱਖਾਂ ਦੇ ਛਿੱਲੜ-ਛੌਡੇ, ਚੋਰੀਓਂ ਲਾਹ ਕੇ ਲਿਜਾਂਦੇ ਹਨ।) ਉਨ੍ਹਾਂ ਦੇ ਕੱਚੇ ਢਾਰੇ ਭਾਵੇਂ ਪੁਸ਼ਤਾਂ ਤੋਂ ਬਣੇ ਹੋਏ ਹਨ, ਪਰ ਹੁਣ ਪਿੰਡਾਂ ਦੀ ਆਬਾਦੀ ਵਧਣ ਕਾਰਨ, ਕਿਸਾਨਾਂ ਨਾਲ ਝਗੜੇ ਹੋ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਕੱਚੇ ਢਾਰੇ ਬਣਾਉਣ ਲਈ ਪੁਸ਼ਤਾਂ ਪਹਿਲਾਂ ਪਿੰਡਾਂ ਦੇ ਕਿਸਾਨਾਂ ਨੇ ਜ਼ਮੀਨਾਂ ਦਿੱਤੀਆਂ ਸਨ।
ਮੰਡੀਆਂ ਅਤੇ ਛੋਟੇ-ਵੱਡੇ ਸ਼ਹਿਰਾਂ ਦੇ ਛੋਟੇ ਦੁਕਾਨਦਾਰਾਂ, ਨਿੱਕੇ-ਮੋਟੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਦਸ਼ਾ ਹੋਰ ਵੀ ਮਾੜੀ ਹੈ। ਉਨ੍ਹਾਂ ਵਿਚੋਂ ਬਹੁਤੇ ਰੇਲਵੇ ਸਟੇਸ਼ਨਾਂ ਅਤੇ ਸੜਕਾਂ ਕਿਨਾਰੇ ਰਾਤਾਂ ਕੱਟਦੇ ਹਨ। ਇਨ੍ਹਾਂ ਲੋਕਾਂ ਦੀ ਹੀ ਗਿਣਤੀ (ਕਿਸਾਨਾਂ ਸਮੇਤ) 90 ਕਰੋੜ ਬਣਦੀ ਹੈ। ਸਰਕਾਰੀ 'ਵਿਕਾਸ' ਦੇ ਸਭ ਤੋਂ ਵਧੇਰੇ ਲਾਭ ਸਮਰਿਧ ਲੋਕਾਂ ਨੂੰ ਹੀ ਮਿਲਦੇ ਹਨ ਜਿਹੜੇ 10 ਫ਼ੀਸਦੀ ਤੋਂ ਵਧੇਰੇ ਨਹੀਂ। ਇਨ੍ਹਾਂ ਕੋਲ ਹੀ ਦੇਸ਼ ਦਾ ਸਭ ਤੋਂ ਵਧੇਰੇ ਧਨ ਤੇ ਜਾਇਦਾਦਾਂ ਹਨ। ਸਰਕਾਰਾਂ ਦੀਆਂ ਧਨਾਢ-ਪੱਖੀ ਯੋਜਨਾਵਾਂ ਕਾਰਨ, 'ਵਿਕਾਸ' ਦੇ ਨਾਂਅ 'ਤੇ ਲੱਗੇ ਧਨ ਦਾ ਵੱਡਾ ਹਿੱਸਾ ਇਨ੍ਹਾਂ ਧਨਾਢਾਂ ਕੋਲ ਜਾਣ ਕਾਰਨ, ਜਿਵੇਂ ਅਰਬਪਤੀਆਂ ਦੀ ਗਿਣਤੀ ਵਧ ਰਹੀ ਹੈ, ਉਸੇ ਗਤੀ ਨਾਲ ਗਰੀਬਾਂ ਦੀ ਗਿਣਤੀ ਵੀ ਵਧ ਰਹੀ ਹੈ।
ਕਿਸਾਨੀ
ਕਿਸਾਨੀ ਬਾਰੇ ਵਧੇਰੇ ਲਿਖਣ ਦਾ ਇਕ ਕਾਰਨ ਇਹ ਹੀ ਹੈ ਕਿ ਕਿਸਾਨੀ ਦੀ ਗਿਣਤੀ, ਹੇਠਲੇ ਵਰਗਾਂ ਵਿਚੋਂ ਸਭ ਤੋਂ ਵਧੇਰੇ ਹੈ। ਦੂਸਰਾ ਕਾਰਨ ਇਹ ਹੈ ਕਿ ਇਹੋ ਲੋਕ ਹਨ, ਜਿਨ੍ਹਾਂ ਦੀਆਂ ਮੁਸ਼ਕਿਲਾਂ ਕਾਰਨ ਪੂਰਾ ਦੇਸ਼ ਨਿੱਘਰ ਰਿਹਾ ਹੈ। ਇਹ ਸਾਰੇ ਕਾਰਨ ਆਪੋ-ਵਿਚ ਉਲਝੇ ਹੋਏ ਹਨ। ਜੇ ਕਿਸਾਨ ਦੀ ਹਾਲਤ ਨਿੱਘਰ ਰਹੀ ਹੈ ਤਾਂ ਇਸੇ ਕਾਰਨ ਖੇਤ ਮਜ਼ਦੂਰ ਪ੍ਰਭਾਵਿਤ ਹੋ ਰਿਹਾ ਹੈ। ਸਿੱਧੇ-ਅਸਿੱਧੇ ਢੰਗ ਨਾਲ ਮੰਡੀਆਂ, ਕਸਬਿਆਂ, ਸ਼ਹਿਰਾਂ ਦੇ ਛੋਟੇ ਦੁਕਾਨਦਾਰ, ਸ਼ਹਿਰੀ ਮਜ਼ਦੂਰ ਤੇ ਹੋਰ ਨਿੱਕੇ-ਮੋਟੇ ਕੰਮ ਕਰਨ ਵਾਲੇ ਹੇਠਲੇ ਵਰਗ ਵੀ ਪ੍ਰਭਾਵਿਤ ਹੋ ਰਹੇ ਹਨ। ਮਹਿੰਗਾਈ ਦੀ ਮਾਰ ਇਨ੍ਹਾਂ ਸਾਰਿਆਂ 'ਤੇ ਪੈਂਦੀ ਹੈ। ਕਿਸਾਨ ਦੀ ਪੂਰੀ ਉਪਜ, ਖੇਤੀ 'ਤੇ ਹੋਣ ਵਾਲਿਆਂ ਖਰਚਿਆਂ ਕਾਰਨ ਮਹਿੰਗੀ ਹੋ ਰਹੀ ਹੈ ਪਰ ਇਸੇ ਮਹਿੰਗੀ ਉਪਜ (ਅਨਾਜ, ਦਾਲਾਂ, ਸਬਜ਼ੀਆਂ ਆਦਿ) ਦੀ ਖਰੀਦ ਨਾਲ ਗਰੀਬ ਲੋਕਾਂ ਦਾ ਲੱਕ ਟੁੱਟਦਾ ਹੈ। ਇਹ ਅਜਿਹੀ ਉਲਝੀ ਤਾਣੀ ਹੈ ਜਿਸ ਦੀ ਜੇ ਇਕ ਤੰਦ ਸੁਲਝਾਈ ਜਾਂਦੀ ਹੈ ਤਾਂ ਦਸ ਹੋਰ ਉਲਝ ਜਾਂਦੀਆਂ ਹਨ। ਪਿਛਲੇ ਦਿਨੀਂ ਇਕ ਅਖ਼ਬਾਰ ਵਿਚ ਖ਼ਬਰ ਛਪੀ ਹੈ ਕਿ ਸੁਪਰੀਮ ਕੋਰਟ ਨੇ ਇਕ ਕੇਸ ਦੀ ਸੁਣਵਾਈ ਕਰਦਿਆਂ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਸਰਕਾਰੀ ਦਫ਼ਤਰਾਂ ਵਿਚ ਕੋਈ ਕੰਮ ਰਿਸ਼ਵਤ ਦਿੱਤੇ ਬਿਨਾਂ ਨਹੀਂ ਹੁੰਦਾ। ਇਹਦੇ ਅਰਥ ਇਹ ਹਨ ਕਿ ਕਿਸਾਨਾਂ ਸਮੇਤ ਸਭ ਹੇਠਲੇ ਵਰਗਾਂ ਦੀ ਕਮਾਈ (ਹਰ ਥਾਂ ਰਿਸ਼ਵਤ ਦੇਣ ਕਾਰਨ) ਹੋਰ ਘਟ ਰਹੀ ਹੈ।
ਆਬਾਦੀ
ਆਜ਼ਾਦੀ ਦੇ ਸਮੇਂ ਤੋਂ 34 ਕਰੋੜ ਤੋਂ ਵਧਣ ਲੱਗੀ ਆਬਾਦੀ ਪੰਡਿਤ ਨਹਿਰੂ ਤੋਂ ਡਾ: ਮਨਮੋਹਨ ਸਿੰਘ ਦੇ 'ਰਾਜ-ਭਾਗ' ਤੱਕ ਇਕ ਅਰਬ ਵੀਹ ਕਰੋੜ ਤੱਕ ਪੁੱਜ ਗਈ ਹੈ ਪਰ ਕਦੇ ਕਿਸੇ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਉਸ ਦੀਆਂ ਸਭ 'ਵਿਕਾਸ' ਯੋਜਨਾਵਾਂ ਤਾਂ ਰੇਤਲੇ ਟਿੱਬੇ 'ਤੇ ਵਰ੍ਹਦੇ ਮੀਂਹ ਵਾਂਗ ਰੇਤਾ (ਇਕ ਸੌ ਵੀਹ ਕਰੋੜ ਦੀ ਆਬਾਦੀ) ਹੀ ਚੂਸੀ ਜਾਂਦੀ ਹੈ ਤੇ ਜਿੰਨਾ ਮਰਜ਼ੀ ਲੋਕਾਂ ਅੱਗੇ ਝੂਠ ਬੋਲੀ ਜਾਓ (ਕਿ ਇਸ ਸਾਲ 7 ਫ਼ੀਸਦੀ ਦੀ ਥਾਂ 8 ਫ਼ੀਸਦੀ ਉਪਜ ਵਧੇਗੀ) ਗਰੀਬੀ, ਬੇਰੁਜ਼ਗਾਰੀ ਤੇ ਸੁੰਗੜਦੀ ਵਹਿਕ ਜ਼ਮੀਨ ਨੇ ਸਰਕਾਰਾਂ ਦੇ ਝੂਠ ਨੂੰ ਨੰਗਾ ਕਰੀ ਜਾਣਾ ਹੈ। ਜਿਵੇਂ ਆਬਾਦੀ ਵਧੀ ਜਾਏਗੀ, ਉਸੇ ਅਨੁਪਾਤ ਨਾਲ ਹਰ ਸਾਲ ਇਸ ਦੇ ਵਾਧੇ ਵਿਚ ਹੋਰ ਤੇਜ਼ੀ ਆਉਂਦੀ ਜਾਏਗੀ। ਜੇ 30-40 ਸਾਲ ਪਹਿਲਾਂ ਕਹਿੰਦੇ ਸੀ ਕਿ ਹਰ ਸਾਲ ਦੇਸ਼ ਦੀ ਆਬਾਦੀ ਅਸਟਰੇਲੀਆ ਦੀ ਆਬਾਦੀ ਜਿੰਨੀ ਵਧ ਜਾਂਦੀ ਹੈ ਤਾਂ ਹੁਣ ਉਹ ਅਸਟਰੇਲੀਆ ਦੀ ਆਬਾਦੀ ਤੋਂ ਦੁੱਗਣੀ ਵਧ ਰਹੀ ਹੈ। ਕਿਵੇਂ ਰੋਕੋਗੇ? ਸਰਕਾਰਾਂ ਨੇ ਤਾਂ ਇਸ ਸਮੱਸਿਆ ਬਾਰੇ ਬੋਲਣਾ ਹੀ ਛੱਡ ਦਿੱਤਾ ਹੈ। (ਉਨ੍ਹਾਂ ਨੂੰ ਸੱਚ ਦੱਸਣ ਤੋਂ ਡਰ ਲਗਦਾ ਹੈ।)
ਆਜ਼ਾਦੀ ਮਗਰੋਂ ਦੇਸ਼ 'ਲੋਕਤੰਤਰ' ਬਣ ਗਿਆ¸ਭਾਵ ਮੁੱਠੀ ਭਰ ਅੰਗਰੇਜ਼ਾਂ ਦਾ ਤੇ ਸੱਤ ਕੁ ਸੌ ਰਾਜਿਆਂ ਦਾ ਰਾਜ ਨਹੀਂ ਰਿਹਾ, ਰਾਜ 'ਲੋਕਾਂ' ਦਾ ਹੋ ਗਿਆ। ਇਹ ਵਿਵਸਥਾ ਕੀਤੀ ਗਈ ਕਿ ਹੁਣ ਲੋਕ ਆਪਣੀ ਮਰਜ਼ੀ ਨਾਲ ਵੋਟਾਂ ਪਾ ਕੇ ਰਾਜ ਚਲਾਉਣਗੇ। ਲੋਕਾਂ ਦੇ 'ਪ੍ਰਤੀਨਿਧ' ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ। ਪਰ ਹੋਇਆ ਕੀ? ਜਿਸ ਕੋਲ ਕਾਲਾ ਧਨ ਵਧੇਰੇ ਸੀ, ਉਹ ਆਪਣਾ ਵਧੇਰੇ ਪ੍ਰਚਾਰ ਕਰਕੇ, ਵੋਟਾਂ ਖਰੀਦ ਕੇ, 'ਲੋਕ ਪ੍ਰਤੀਨਿਧ' ਬਣ ਗਿਆ। ਫਿਰ ਨਹਿਰੂ ਯੁੱਗ ਤੋਂ ਸ਼ੁਰੂ ਹੋਇਆ ਇਨ੍ਹਾਂ 'ਲੋਕ-ਪ੍ਰਤੀਨਿਧਾਂ' ਦਾ 'ਪਰਿਵਾਰਵਾਦ' ਘਟਣ ਦੀ ਥਾਂ ਲਗਾਤਾਰ ਵਧੀ ਗਿਆ। ਕਈਆਂ ਦੇ ਪੂਰੇ ਪਰਿਵਾਰ, ਰਿਸ਼ਤੇਦਾਰ ਹੀ 'ਲੋਕ ਪ੍ਰਤੀਨਿਧੀ' ਬਣ ਗਏ। ਅਨਪੜ੍ਹਤਾ ਤੇ ਅਗਿਆਨਤਾ ਨੇ ਲੋਕਾਂ ਦੀ ਮਾਨਸਿਕਤਾ ਜਗੀਰਦਾਰਾਨਾ ਬਣਾਈ ਰੱਖੀ। ਜਿਵੇਂ ਦੋ-ਤਿੰਨ ਹਜ਼ਾਰ ਸਾਲ ਤੋਂ ਲੋਕਾਂ ਦੀ ਇਹ ਮਾਨਸਿਕਤਾ ਬਣੀ ਰਹੀ ਕਿ 'ਰਾਜੇ ਦਾ ਵੱਡਾ ਪੁੱਤਰ ਹੀ ਰਾਜਾ ਹੁੰਦਾ ਹੈ'। (ਭਾਵ ਔਰੰਗਜ਼ੇਬ ਤੇ ਅਨੇਕ ਹੋਰਾਂ ਨੇ ਆਪਣੇ ਵੱਡੇ ਭਰਾ ਮਾਰ ਕੇ ਆਪ ਰਾਜ ਸੰਭਾਲ ਲਏ¸ਪਰ ਰਾਜਿਆਂ ਦੇ ਖਾਨਦਾਨਾਂ ਵਿਚੋਂ ਹੀ ਰਾਜੇ ਬਣਨ ਦੀ ਮਾਨਸਿਕਤਾ ਲੋਕਾਂ ਦੇ ਮਨਾਂ 'ਚੋਂ ਨਹੀਂ ਨਿਕਲੀ।)
ਰਾਜਾਸ਼ਾਹੀ
ਹਾਲਤ ਇਹ ਹੈ ਕਿ ਅੱਜ ਵੀ ਰਾਜਾਸ਼ਾਹੀ ਵਾਲਾ ਉਹੋ ਕੁਝ (ਕੁਝ ਵੱਖਰੇ ਢੰਗ ਨਾਲ) ਵਾਪਰ ਰਿਹਾ ਹੈ। ਵਿਧਾਨ ਵਿਚ, ਡਾ: ਅੰਬੇਡਕਰ ਜਿਹੇ ਬਹੁਤ ਬੁੱਧੀਵਾਨ ਵੀ ਇਹ ਨਾ ਸੋਚ ਸਕੇ ਕਿ 10 ਫ਼ੀਸਦੀ ਵੋਟਾਂ ਲੈਣ ਵਾਲੀਆਂ ਰਾਜਸੀ ਪਾਰਟੀਆਂ ਵੀ ਰਾਜ-ਭਾਗ ਸੰਭਾਲਣ ਦੇ ਯੋਗ ਹੋ ਜਾਣਗੀਆਂ। (ਜੇ ਵਰਤਮਾਨ ਹਾਲਾਤ ਬਾਰੇ ਉਨ੍ਹਾਂ ਨੂੰ ਧਿਆਨ ਆ ਜਾਂਦਾ ਤਾਂ ਉਨ੍ਹਾਂ ਨੇ ਵਿਧਾਨ ਵਿਚ ਇਹ ਜ਼ਰੂਰ ਲਿਖ ਦੇਣਾ ਸੀ ਕਿ 25 ਫ਼ੀਸਦੀ ਤੋਂ ਘੱਟ ਵੋਟਾਂ ਲੈਣ ਵਾਲਾ ਕੋਈ ਉਮੀਦਵਾਰ ਜਿੱਤਿਆ ਨਹੀਂ ਸਮਝਿਆ ਜਾਏਗਾ, ਕਿਉਂਕਿ 25 ਫ਼ੀਸਦੀ ਵਿਚ ਸਭ ਜਾਤੀਆਂ ਤੇ ਵਰਗਾਂ ਦੇ ਲੋਕ ਆ ਜਾਂਦੇ ਹਨ।) ਪਾਰਟੀਆਂ ਹਰ ਪੜਾਅ ਉਤੇ ਆਪਣੇ ਨਾਂਅ ਬਦਲ-ਬਦਲ ਕੇ ਚੋਣਾਂ ਜਿੱਤਦੀਆਂ ਰਹੀਆਂ ਹਨ। ਪਰ ਕਿਸੇ ਨੇ ਕਦੇ ਲੋਕਾਂ ਦੀਆਂ ਮੂਲ ਸਮੱਸਿਆਵਾਂ (ਗਰੀਬੀ, ਅਨਪੜ੍ਹਤਾ, ਅਗਿਆਨਤਾ, ਬੇਰੁਜ਼ਗਾਰੀ, ਦੂਸ਼ਤ ਵਾਤਾਵਰਨ, ਇਹਦੇ ਕਾਰਨ ਵਧ ਰਹੀਆਂ ਅਸਾਧ ਬਿਮਾਰੀਆਂ, ਦੇਸ਼ ਦੇ ਅੱਧੇ ਬੱਚਿਆਂ ਦੀ ਮਾੜੀ ਸਿਹਤ ਕਾਰਨ ਨਰਕਮਈ ਜ਼ਿੰਦਗੀ) ਬਾਰੇ ਕਦੇ ਵੀ ਕੁਝ ਨਹੀਂ ਸੋਚਿਆ? ਪਾਰਲੀਮੈਂਟ ਵਿਚ ਵਿਰੋਧੀ ਦਲਾਂ ਨੇ ਸਰਕਾਰ ਦੇ ਘਪਲਿਆਂ ਵਿਰੁੱਧ ਜੋ ਬਖੇੜਾ ਸ਼ੁਰੂ ਕੀਤਾ, ਉਸ ਕਾਰਨ ਕਰੋੜਾਂ ਰੁਪਿਆ ਤੇ ਕੀਮਤੀ ਸਮਾਂ ਬਰਬਾਦ ਹੋ ਗਿਆ। ਪਰ ਕਿਸੇ ਵਿਰੋਧੀ ਦਲ ਨੇ ਇਹ ਵੀ ਸੋਚਿਆ ਹੈ ਕਿ ਜਦੋਂ ਉਨ੍ਹਾਂ ਦਾ ਰਾਜ ਸੀ, ਕੀ ਉਦੋਂ ਅਜਿਹੇ ਘਪਲੇ ਨਹੀਂ ਸੀ ਹੁੰਦੇ? ਸਿਰਫ਼ ਇਕ ਦੂਜੇ ਨੂੰ ਦੋਸ਼ੀ ਦੱਸ ਕੇ ਰਾਜ-ਭਾਗ ਖੋਹਣ ਤੋਂ ਅਗਾਂਹ ਕਿਹੜੀ ਪਾਰਟੀ ਹੈ ਜੋ ਲੋਕਾਂ ਦੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਬਾਰੇ ਸੋਚਦੀ ਹੈ? ਕੀ ਇਹ ਕੌੜਾ ਸੱਚ ਨਹੀਂ? ਬਿਹਾਰ ਵਿਚ ਨਿਤਿਸ਼ ਕੁਮਾਰ ਤੇ ਭਾਜਪਾ ਨੇ ਚੋਣਾਂ ਜਿੱਤ ਲਈਆਂ। ਪਹਿਲਾਂ ਲੰਮਾ ਸਮਾਂ ਲਾਲੂ ਪ੍ਰਸਾਦ ਦੀ ਪਾਰਟੀ ਦੀ ਚੜ੍ਹਤ ਰਹੀ। ਦੋਵਾਂ ਦੇ ਰਾਜ ਸਮੇਂ ਕੀ ਬਿਹਾਰ 'ਕੈਲੀਫੋਰਨੀਆ' ਬਣ ਗਿਆ? ਬਠਿੰਡੇ ਦੇ ਨੇੜੇ ਤੇਲ-ਸੋਧਕ ਕਾਰਖਾਨੇ ਵਿਚ 30 ਹਜ਼ਾਰ ਬਿਹਾਰੀ ਮਜ਼ਦੂਰ, ਪਸ਼ੂਆਂ ਦੀ ਜੂਨ ਭੋਗ ਰਹੇ ਹਨ। ਆਸੇ-ਪਾਸੇ ਦੇ ਲੋਕ ਉਨ੍ਹਾਂ ਦੀਆਂ ਆਦਤਾਂ ਤੋਂ ਦੁਖੀ ਹਨ। ਪਰ ਇਹ ਬਿਹਾਰੀਆਂ ਨੂੰ ਲਾਲੂ ਪ੍ਰਸਾਦ ਜਾਂ ਨਿਤਿਸ਼ ਦੀ ਸਰਕਾਰ, ਆਪਣੇ ਸੂਬੇ 'ਚ ਮਜ਼ਦੂਰੀ ਦੇਣ ਦੇ ਯੋਗ ਕਿਉਂ ਨਹੀਂ? ਫਿਰ ਸਿਰਫ਼ ਪਾਰਟੀਆਂ ਦੇ ਨਾਂਅ ਬਦਲਣ ਤੋਂ ਬਿਨਾਂ ਕੀ ਫ਼ਰਕ ਪਿਆ? (ਪਰ ਲੋਕਾਂ ਨੂੰ ਮੂਰਖ ਬਣਾਉਣ ਲਈ ਅਜਿਹੇ 'ਤਮਾਸ਼ੇ' ਰਾਜਨੀਤਕ ਦਲਾਂ ਨੂੰ ਬਹੁਤ ਰਾਸ ਆਉਂਦੇ ਹਨ।)
ਇਕ ਵਾਰ ਫਿਰ ਪਾਠਕਾਂ ਤੋਂ ਖਿਮਾ ਮੰਗਦਿਆਂ ਮਹਾਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਅੰਤਿ ਨਿਰਾਸ਼ਾਵਾਦੀ ਹਾਲਤ ਬਾਰੇ, ਉਨ੍ਹਾਂ ਦਾ ਹੀ ਮੁੱਖ ਵਾਕ ਦੁਹਰਾਉਣ ਲਈ ਮਜਬੂਰ ਹਾਂ (ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ ਸੀ, 'ਕਲਿ ਤਾਰਣ ਗੁਰੂ ਨਾਨਕ ਆਇਆ')। ਉਨ੍ਹਾਂ ਦੇ ਬਚਨ ਹਨ :
ਅੰਧੀ ਰਯਤਿ ਗਿਆਨ ਵਿਹੂਣੀ
ਭਾਹੇ ਭਰੇ ਮੁਰਦਾਰੁ।
(ਭਾਹੇ ਭਰੇ ਮੁਰਦਾਰੁ ਦੇ ਅਰਥ ਹਨ : ਤੂੜੀ ਦੇ ਭਰੇ ਮੁਰਦੇ।) ਨਿਸਚਿਤ ਹੀ ਵਰਤਮਾਨ ਭਾਰਤੀ ਸਮਾਜ ਗੁਰੂ ਨਾਨਕ ਦੇ ਯੁੱਗ ਨਾਲੋਂ ਵੀ ਨਿਘਰ ਚੁੱਕਿਆ ਹੈ ਕਿਉਂਕਿ ਇਤਿਹਾਸ ਕਦੇ ਪਿੱਛਾ ਨਹੀਂ ਛਡਦਾ। ਜੈ ਚੰਦ ਵਰਗੇ ਰਾਜੇ ਪ੍ਰਿਥਵੀ ਰਾਜ ਚੌਹਾਨ ਨੂੰ ਮਰਵਾਉਣ ਲਈ ਧਾੜਵੀਆਂ ਨੂੰ ਸੱਦ ਕੇ ਲਿਆਉਂਦੇ ਰਹੇ। 1857 ਦੇ ਗ਼ਦਰ ਸਮੇਂ, ਅੰਗਰੇਜ਼ਾਂ ਦੀ ਸਹਾਇਤਾ ਪੰਜਾਬ ਦੇ ਅਤੇ ਕੁਝ ਹੋਰ ਰਜਵਾੜਿਆਂ ਨੇ ਕੀਤੀ ਸੀ। ਪਿਛਲੇ 63 ਸਾਲ ਤੋਂ ਸਾਡੇ ਲੋਕਤੰਤਰ ਦੇ 'ਪ੍ਰਤੀਨਿਧ' ਗੁਲਾਮੀ ਤੋਂ ਖਹਿੜਾ ਛੁਡਾਉਣ ਤੋਂ ਮਗਰੋਂ, ਅੰਗਰੇਜ਼ਾਂ, ਯੂਰਪ ਤੇ ਅਮਰੀਕਾ ਤੋਂ ਸਹਾਇਤਾ ਤੇ ਕਰਜ਼ੇ ਮੰਗ-ਮੰਗ ਕੇ ਮੁੜ ਅਸਿੱਧੇ ਤੌਰ 'ਤੇ ਦੇਸ਼ ਨੂੰ ਗੁਲਾਮ ਬਣਾਉਂਦੇ ਰਹੇ ਹਨ। ਇਸ ਵਰਤਾਰੇ ਨਾਲ ਪੂਰਾ ਦੇਸ਼ ਆਰਥਿਕ ਗੁਲਾਮੀ ਵਿਚ ਗਲ਼-ਗਲ਼ ਖੁੱਭਿਆ ਪਿਆ ਹੈ ਤੇ ਉਤਲੇ 10-15 ਫ਼ੀਸਦੀ ਧਨਾਢਾਂ ਨੂੰ ਹੋਰ ਸਮਰਿਧ ਬਣਾਉਣ ਦੀਆਂ ਨੀਤੀਆਂ ਕਾਰਨ ਸਾਡੇ ਇਹ 'ਪ੍ਰਤੀਨਿਧ' ਦੇਸ਼ ਦੇ ਹੇਠਲੇ 90-100 ਕਰੋੜ ਲੋਕਾਂ ਨੂੰ ਮੁੜ ਗੁਲਾਮ (ਭੁੱਖ-ਦੁੱਖ ਦੇ 'ਤੋਹਫ਼ੇ' ਦੇ ਕੇ) ਕੀ ਆਮ ਲੋਕਾਂ ਦਾ 'ਵਿਕਾਸ' ਕਰ ਰਹੇ ਹਨ? ਇਹੋ ਸਭ ਤੋਂ ਵੱਡਾ ਸਵਾਲ ਹੈ। ਇਹਦਾ ਉੱਤਰ ਕੌਣ ਦੇਵੇਗਾ?


ਗੁਰਦਿਆਲ ਸਿੰਘ (ਨਾਵਲਕਾਰ)
ਮੋ: 93570-30434.

ਗੁਰਦਿਆਲ ਸਿੰਘ ਦੇ ਖ਼ਤ/ਬਲਦੇਵ ਧਾਲੀਵਾਲ

ਸਿਰਮੌਰ ਪੰਜਾਬੀ ਲੇਖਕ ਗੁਰਦਿਆਲ ਸਿੰਘ ਨੂੰ ਇਕ ਪਾਠਕ ਵਜੋਂ ਤਾਂ ਮੈਂ ਚਿਰੋਕਾ ਜਾਣਦਾ ਸਾਂ ਪਰ ਨਿੱਜੀ ਤੌਰ ਤੇ ਨੌਵੇਂ ਦਹਾਕੇ ਦੇ ਪਿਛਲੇ ਅੱਧ ਵਿਚ ਮਿਲ ਸਕਿਆ। ਕੇਂਦਰੀ ਲੇਖਕ ਸਭਾ ਵੱਲੋਂ ਜੈਤੋ ਵਿਖੇ ਕਰਮਜੀਤ ਸਿੰਘ ਕੁੱਸਾ ਦੇ ਨਾਵਲ ‘ਰੋਹੀ ਬੀਆਬਾਨ‘ ਬਾਰੇ ਇਕ ਗੋਸ਼ਟੀ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਗੁਰਦਿਆਲ ਸਿੰਘ ਹੋਰਾਂ ਨੇ ਕੀਤੀ। ਪੇਪਰ ਕਾਮਰੇਡ ਸੁਰਜੀਤ ਗਿੱਲ ਅਤੇ ਮੈਂ ਪੜ੍ਹੇ। ਫਿਰ 1995 ਦੇ ਨੇੜੇ-ਤੇੜੇ ਮੈਂ ਇਕ ਸਮਾਗਮ ਵਿਚ ਜੈਤੋ ਆਪਣੀ ਕਹਾਣੀ ‘ਹਨੀਮੂਨ‘ ਪੜ੍ਹ ਕੇ ਆਇਆ ਤਾਂ ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਗੁਰਦਿਆਲ ਸਿੰਘ ਹੋਰਾਂ ਨੇ ਮੈਨੂੰ ਖ਼ਤ ਲਿਖ ਕੇ ਸ਼ਾਬਾਸ਼ ਦਿੱਤੀ। ਫਿਰ ਖ਼ਤਾਂ ਦਾ ਅਤੇ ਮਿਲਣ-ਜੁਲਣ ਦਾ ਸਿਲਸਿਲਾ ਕੋਈ ਡੇਢ ਕੁ ਦਹਾਕਾ ਨਿਰੰਤਰ ਬਣਿਆਂ ਰਿਹਾ। ਫੇਰ ਇੱਕਵੀਂ ਸਦੀ ਦੇ ਪਹਿਲੇ ਦਹਾਕੇ ਖ਼ਤਾਂ ਦਾ ਰਿਵਾਜ਼ ਹੀ ਨਾ ਰਿਹਾ ਅਤੇ ਅਸੀਂ ਫੋਨ ਨੂੰ ਸੰਪਰਕ ਦਾ ਜ਼ਰੀਆ ਬਣਾ ਲਿਆ। ਗੁਰਦਿਆਲ ਸਿੰਘ ਹੋਰਾਂ ਦੇ ਖ਼ਤ ਉਸ ਸਮੇਂ ਦੇ ਸਾਹਿਤਕ ਮਾਹੌਲ ਦਾ ਬਹੁਤ ਕੁਝ ਆਪਣੇ ਵਿਚ ਸਮੋਈ ਬੈਠੇ ਹਨ।
***
ਜੈਤੋ (ਜ਼ਿਲ੍ਹਾ ਫਰੀਦਕੋਟ)
12.6.95
ਪਿਆਰੇ ਬਲਦੇਵ ਧਾਲੀਵਾਲ,
ਕੱਲ੍ਹ ਉਥੇ ਮਾਹੌਲ ਨਹੀਂ ਸੀ ਕਿ ਕੋਈ ਗੱਲਬਾਤ ਹੋ ਸਕਦੀ। ਪਰ ਮੈਂ ਚਾਹੁੰਦਾ ਸਾਂ ਤੇਰੇ ਬਾਰੇ ਆਪਣੇ ਮਨ ਦੀ ਗੱਲ ਕਰਾਂ।
ਪੰਜਾਬੀ ਵਿਚ ਬਹੁਤ ਘੱਟ ਲੋਕ ਸਾਹਿਤ-ਚਿੰਤਨ ਨੂੰ ਤਨ-ਮਨ ਨਾਲ ਅਪਣਾਉਂਦੇ ਹਨ। ਅਕਸਰ ਇਹ ਫ਼ਤਚ ਕੰਮ ਸਮਝ ਕੇ ਕਰਦੇ ਹਨ। ਡਾ. ਅਤਰ ਸਿੰਘ, ਜੁਗਿੰਦਰ ਰਾਹੀ, ਕਿਸ਼ਨ ਸਿੰਘ - ਜਾਂ ਸਿਰਫ ਇਕ ਦੋ ਹੋਰ ਉਂਗਲਾਂ ‘ਤੇ ਗਿਣੇ ਜੋਗੇ ਨਾਂ ਹਨ ਜਿਹੜੇ ਇਸ ਪਾਸੇ ਪੂਰੀ ਲਗਨ ਨਾਲ ਕੰਮ ਕਰਦੇ ਰਹੇ/ਕਰਦੇ ਆ ਰਹੇ ਹਨ। (ਦੋ ਤਾਂ ਚਲੇ ਗਏ।) ਨਵਿਆਂ ਵਿਚੋਂ ਬਹੁਤ ਹੀ ਘੱਟ ਹਨ ਜੋ ਆਪਣੇ ਕੰਮ ਬਾਰੇ ਗੰਭੀਰ ਹਨ।
ਤੇਰੀ ਗੰਭੀਰਤਾ ਦਾ ਮੈਂ ਹਮੇਸ਼ਾਂ ਕਾਇਲ ਰਿਹਾ ਹਾਂ - ਉਦੋਂ ਤੋਂ ਹੀ ਜਦੋਂ ਤੈਨੂੰ ਪਹਿਲੀ ਵਾਰ ਇਕ ਸਾਧਾਰਨ ਜਿਹੇ ਸਮਾਗਮ ਉੱਤੇ ਜੈਤੋ ਸੁਣਿਆਂ ਸੀ - ਇਹ ਸ਼ਾਇਦ 8-10 ਸਾਲ ਦੀ ਗੱਲ ਹੈ ਜਾਂ ਵਧੇਰੇ।
ਇਹ ਚਿੱਠੀ ਸਿਰਫ ਤੇਰੀ ਕੁਝ ਤਾਰੀਫ ਕਰਨ ਲਈ ਨਹੀਂ ਲਿਖ ਰਿਹਾ। ਮੈਂ ਆਪਣੀ ਇੱਛਾ ਦੱਸਣਾ ਚਾਹੁੰਦਾ ਹਾਂ ਕਿ ਤੈਨੂੰ ਨਿਸਚਿਤ ਤੌਰ ਉਤੇ ਹੋਰ ਸਾਰੇ ਪਾਸਿਉਂ ਧਿਆਨ ਹਟਾ ਕੇ ਗਲਪ-ਆਲੋਚਨਾ ਉੱਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਤੇਰੇ ਅੰਦਰ ਸਮਰੱਥਾ ਹੈ।
ਦੂਸਰੇ ਮੈਂ ਇਹ ਵੀ ਸਪੱਸ਼ਟ ਜ਼ਰੂਰ ਕਰਨਾ ਚਾਹੁੰਦਾ ਹਾਂ ਕਿ ‘ਸੱਚ ਪੁਰਾਣਾ ਨਾ ਥੀੲੈ‘ (ਸ਼ਬਦਾਂ ਦੇ ਸਪੈਲਿੰਗ ਗ਼ਲਤ ਹੋਣਗੇ - ਦੇਖ ਕੇ ਨਹੀਂ ਲਿਖ ਰਿਹਾ)। ਮਾਰਕਸਵਾਦ ਅਜੇ ਤੱਕ ਪੁਰਾਣਾ ਨਹੀਂ ਹੋਇਆ। ਨਾ ਹੀ ਉਹਦੇ ਹੋਣ ਦੀ ‘ਤੀਜੀ ਦੁਨੀਆਂ‘ ਵਿਚ ਆਸ ਹੈ। ਤੇਰੇ ਵਿਚਾਰ ਵੱਖਰੇ ਹੋ ਸਕਦੇ ਹਨ। ਜੀ ਸਦਕੇ ਹੋਣ। ਪਰ ਮੈਂ ਪੂਰੀ ਤਰ੍ਹਾਂ ਇਸ ਵਿਚਾਰ ਉੱਤੇ ਦ੍ਰਿੜ੍ਹ ਹਾਂ ਕਿ ਜੀਵਨ ਦੀ ਸਮਝ ਤੇ ਇਹਦੀਆਂ ਤੈਹਾਂ ਫਰੋਲ਼ ਸਕਣ ਦੀ ਸਮਰੱਥਾ ਮਾਰਕਸਵਾਦ ਵਿਚ ਹੈ। ਦੂਸਰੇ ਸਤਿਅਮ, ਸ਼ਿਵਮ, ਸੁੰਦਰਮ ਨੂੰ ਸਾਹਿਤ ਦਾ ਆਧਾਰ ਮੰਨੀਏ ਤਦ ਵੀ ਮਾਰਕਸਵਾਦ ਤੋਂ ਬਿਨਾਂ ਕੋਈ ਰਾਹ ਬਾਕੀ ਨਹੀਂ ਬਚਦਾ।
ਖ਼ੈਰ, ਇਹ ਲੰਮੇ ਝੇੜੇ ਹਨ। ਪਰ ਮੇਰੀ ਨਿੱਜੀ ਇੱਛਾ ਹੈ ਕਿ ਤੇਰੇ ਜਿਹੇ ਨੌਜਵਾਨ ਨੂੰ ਬਹੁਤ ਕੰਮ ਕਰਨਾ ਚਾਹੀਦਾ ਹੈ। ਕੰਮ ਭਾਵੇਂ ਤੁਸੀਂ ਉਹੋ ਕਰੋਗੇ ਜਿਸਦੇ ਯੋਗ ਹੋ, ਜਾਂ ਜਿਸਦੀ ਸਮਰੱਥਾ ਹੈ। ਪਰ ਇਕੋ ਗੱਲ ਕਹਿਣੀ ਹੈ ਕਿ ਕੰਮ ਤੋਂ ਬਿਨਾਂ, ਹੋਰ ਕੁਝ ਵੀ ਕੰਮ ਨਹੀਂ ਆਉਂਦਾ। ਮਨੁੱਖੀ ਜੀਵਨ ਦੇ ਇਹੋ ‘ਸਾਰਥਕ‘ ਅਰਥ ਹਨ। ਆਸ ਕਰਦਾ ਹਾਂ ਕਿ ਤੂੰ ਮੇਰੀ ਸੁਹਿਰਦਤਾ ਨਾਲ ਕਹੀ ਇਸ ਗੱਲ ਵੱਲ ਜ਼ਰੂਰ ਧਿਆਨ ਦੇਵੇਂਗਾ। ਬਹੁਤ ਸਨੇਹ ਤੇ ਆਦਰ ਨਾਲ,
ਗੁਰਦਿਆਲ ਸਿੰਘ
***
ਜੈਤੋ (ਜ਼ਿਲ੍ਹਾ ਫਰੀਦਕੋਟ)
25.6.95
ਪਿਆਰੇ ਵੀਰ ਬਲਦੇਵ ਧਾਲੀਵਾਲ,
ਤੇਰੀ ਬਹੁਤ ਸੁੰਦਰ ਚਿੱਠੀ ਮਿਲੀ ਹੈ।ਧੰਨਵਾਦ।
ਦਲੀਪੇ ਵਾਲੀ ਮਿਸਾਲ ਦੇ ਕੇ ਤੂੰ ਭੱਜ ਤਾਂ ਨਹੀਂ ਸਕਦਾ ! ਮੈਂ ਤੈਨੂੰ ਚਿੱਠੀ ਨਾ ਬੇਚੈਨ ਕਰਨ ਲਈ ਲਿਖੀ ਸੀ ਤੇ ਨਾ ਹੀ ਦਲੀਪੇ ਵਾਂਗ ਭੱਜਣ ਲਈ। ਤੇਰੀ ਪ੍ਰਤਿਭਾ ਦਾ ਮੈਨੂੰ ਜਿੰਨਾ ਕੁ ਗਿਆਨ ਹੈ ਉਸੇ ਕਰਕੇ ਇਹ ਸਭ ਲਿਖਿਆ ਸੀ।
ਇਕ ਗੱਲ ‘ਕੀੜੇ‘ ਵਾਲੀ ਹੈ। ਜੇ ਇਹ ਨਾ ਹੁੰਦਾ ਤਾਂ ਤੂੰ ਹੁਣ ਤੱਕ ‘ਅਜੀਤ‘ ਜਾਂ ‘ਪੰਜਾਬੀ ਟ੍ਰਿਬਿਊਨ‘ ਦਾ ਸਬ-ਐਡੀਟਰ ਹੁੰਦਾ। ਮੈਂ ਸਿਰਫ ਇਹ ਅਹਿਸਾਸ ਕਰਵਾਉਣਾ ਚਾਹਿਆ ਹੈ ਕਿ ਤੇਰੀ ਮੰਜ਼ਲ ਸਿਰਫ ਕਲਾਸ ਰੂਮ ਦੇ ਲੈਕਚਰਾਂ ਤੱਕ ਮਹਿਦੂਦ ਨਹੀਂ ਹੈ। ਕੋਈ ਸਾਰੀ ਉਮਰ ‘ਚ ਕਿੰਨਾਂ ਕੁ ਪੈਂਡਾ ਤਹਿ ਕਰਦਾ ਹੈ - ਇਹ ਸੁਆਲ ਬਿਲਕੁਲ ਵੱਖਰਾ ਹੈ। (ਸਗੋਂ ਕੋਈ ਸੁਆਲ ਹੀ ਨਹੀਂ ਹੈ।) ਸੁਆਲ ਸਿਰਫ ਇਹ ਹੈ ਕਿ ਤੁਸੀਂ ਤੁਰਦੇ ਕਿਸ ‘ਤੋਰ‘ ਹੋ।
ਮੈਂ ਮਾਰਕਸਵਾਦੀ ਹੋਣ ਦਾ ਦਾਅਵਾ ਸ਼ਾਇਦ ਕਦੇ ਨਹੀਂ ਕੀਤਾ। ਪਰ ਮਨੁੱਖ-ਹਿਤੈਸ਼ੀ ਹੋਣ ਦਾ ਦਾਅਵਾ ਹਮੇਸ਼ਾ ਕਰਦਾ ਹਾਂ। ਤੇ ਮਾਰਕਸਵਾਦ ਮੈਨੂੰ ਕਦੇ ਕੋਈ ਅਜਿਹਾ ਸਿਧਾਂਤ ਨਹੀਂ ਲੱਗਿਆ ਜਿਸਨੂੰ ਸਮਝਣ ਲਈ ਫ਼ਬਜਵ ਦੇ ਤਿੰਨੇ ਭਾਗ ਪੜ੍ਹਨੇ ਪਹਿਲੀ ਸ਼ਰਤ ਹੋਣ। ਜੋ ਮੈਂ ਇਹਨਾਂ ਮਹਾਨ ਚਿੰਤਕਾਂ ਤੋਂ ਸਿੱਖਿਆ ਹੈ ਉਹ ਕੋਰੀ ਜਦਕਰ;ਰਪਖ ਨਹੀਂ ਹੈ। ਸਿਰਫ ਬਹੁਤ ਹੀ ਸੌਖੀ ਤੇ ਸਿੱਧੀ ਜਿਹੀ ਗੱਲ ਏਨੀ ਹੈ ਕਿ ਤੁਸੀਂ ਇਸ ਸੰਸਾਰ ਨੂੰ ਵੇਖਦੇ ਕਿਸ ਨਜ਼ਰ ਨਾਲ ਹੋ। ਤੁਸੀਂ ‘ਏਧਰ‘ ਖੜੋ ਕੇ ਇਹ ‘ਜਗਤ ਤਮਾਸ਼ਾ‘ ਦੇਖਦੇ ਹੋ ਕਿ ‘ਓਧਰ‘ ਖੜੋਕੇ ? (ਕਿਉਂਕਿ ਦੋਹਾਂ ਪਾਸਿਆਂ ਤੋਂ ਸੰਸਾਰ ਵੱਖਰੀ ਤਰ੍ਹਾਂ ਨਜ਼ਰ ਆਉਂਦਾ ਹੈ।)
ਬਸ ਮੈਂ ‘ਏਧਰੋਂ‘ (ਜਿਧਰ ਇਹ ਮਹਾਨ ਚਿੰਤਕ ਖੜ੍ਹੇ ਹਨ) ਖੜੋ ਕੇ ਸੰਸਾਰ ਨੂੰ ਦੇਖਦਾ ਰਿਹਾ ਹਾਂ। ਸ਼ਾਇਦ ਤਦੇ ਕੁਝ ਸਾਰਥਕ ਲਿਖਿਆ ਗਿਆ। ਨਹੀਂ ‘ਕਾਗਦ ਕਾਰੇ‘ ਕਰਨ ਦੇ ਤਾਂ ਕਦੇ ਵੀ ਕੋਈ ਅਰਥ ਸਮਝ ਨਹੀਂ ਆਏ। (ਕੁਝ ਲੋਕਾਂ (ਲੇਖਕਾਂ) ਦਾ ਵਿਸ਼ਵਾਸ ਹੈ ਕਿ ਕਿਤਾਬਾਂ ਦੀ ਗਿਣਤੀ ਵਧਣ ਨਾਲ ਉਹਨਾਂ ਦਾ ‘ਵੱਡਾ ਨਾਂ‘ ਹੋ ਜਾਏਗਾ। ਪਰ ਅਜਿਹੇ ਲੋਕਾਂ ਉਤੇ ਬਹੁਤ ਤਰਸ ਆਉਂਦਾ ਹੈ ਜੋ ਸਿਰਫ ‘ਨਾਂ‘ ਪਿੱਛੇ ਹੀ ਦਿਨ ਰਾਤ ਖੋਤੇ ਬਣੇ ਫਿਰਦੇ ਹਨ - ਇੱਟਾਂ ਢੋਈ ਜਾਂਦੇ ਹਨ - ਨਾ ਭੱਠਾ ਮੁੱਕਦਾ ਹੈ ਨਾ ਉਹਨਾਂ ਦਾ ਖਹਿੜਾ ਛੁਟਦਾ ਹੈ।)
ਸ਼ਾਇਦ ਮੈਂ ਬੇਲੋੜੀਆਂ, ਬੇਥਵੀਆਂ ਮਾਰਨ ਲੱਗ ਪਿਆ ਹਾਂ। ਕਹਿਣਾ ਸਿਰਫ ਇਹ ਚਾਹੁੰਦਾ ਹਾਂ ਕਿ ਤੈਨੂੰ ਕੁਦਰਤ ਨੇ ਇਕ ਪ੍ਰਤਿਭਾ ਦਿੱਤੀ ਹੈ। ਮਿਲਟਨ ਦੀ ੋ+ਅ ੀਜਤ ਲ;ਜਅਦਅਕਤਤੋ ਵਾਂਗ ‘ਤਹੁ ਭੀ ਲੇਖਾ ਦੇਵਣਾ‘। ਜੇ ਇਸਨੂੰ ਵਰਤੇ ਬਿਨਾਂ ਕੋਈ ਲੈ ਜਾਏ ਤਾਂ ‘ਧਰਮਰਾਜ‘ ਨੂੰ ਕੀ ਹਿਸਾਬ ਕੋਈ ਦੇਵੇਗਾ !... ‘ਧਰਮਰਾਜ‘, ‘ਲੇਖੇ‘ - ਇਹ ਸਭ ਚਿੰਨ੍ਹ ਹਨ - ਤੈਨੂੰ ਪਤਾ ਹੈ। ਪਰ ਬੜੇ ਸੁੰਦਰ ਹਨ। ਸਾਡੇ ਸਭਿਆਚਾਰ ਦਾ ਭਾਗ ਹਨ। ਵਰਤ ਲੈਣੇ ਯੋਗ ਹਨ।
ਸੰਸਾਰ ਪੱਧਰ ਉਤੇ ਕੀ ਹੋ ਰਿਹਾ ਹੈ, ਕੀ ਨਹੀਂ ਹੋ ਰਿਹਾ - ਇਹਦੀ ਸੋਝੀ ਚੰਗੀ ਗੱਲ ਹੈ। ਪਰ ਅਸੀਂ ਸਾਰਿਆਂ ਨੇ ਆਪੋ-ਆਪਣੇ ਪਾਲ੍ਹਿਆਂ ਵਿਚ ਹੀ ਕੌਡੀ ਖੇਡਣੀ ਹੈ। ਸੋ ਛੋਟੇ ਭਾਈ ਐਵੇਂ ਡਰ ਕੇ, ਯੂਰਪੀਨਾਂ ਨਾਲ ਆਪਣਾ ਮੁਕਾਬਲਾ ਕਰਕੇ, ਸੋਚਣ, ਕੁਝ ਕਰਨ ਦੇ ਕੋਈ ਅਰਥ ਨਹੀਂ ਲਗਦੇ। ਸਾਡਾ ਜਿੰਨਾ ਕੁ ਪਾਲ਼ਾ ਹੈ ਤੇ ਜਿੱਡਾ ਕੁ ਸਾਡਾ ਸਾਹ ਹੈ, ਕੌਡੀ ਓਨੀ ਹੀ ਪਏਗੀ। ਦੂਜਿਆਂ ਦੇ ਪੱਕੇ ਦੇਖ ਕੇ ਆਪਣੇ ਕੱਚੇ ਤਾਂ ਨਹੀਂ ਢਾਹੇ ਜਾਂਦੇ।
ਤੂੰ ਜੋ ਵੀ ਕਰਨ ਜੋਗਾ ਹੈਂ, ਜਿੰਨੀ ਵੀ ਗੰਭੀਰਤਾ, ਲਗਨ, ਮਿਹਨਤ ਨਾਲ ਕਰ ਸਕਦਾ ਹੈਂ, ਕਰੀ ਚੱਲ। ਬਸ ਉਹੋ ਕਾਫੀ ਹੈ। ਕਿਤਾਬਾਂ, ਤਨਖਾਹਾਂ, ਸਮਾਂ, ਸੰਸਾਰ-ਚਿੰਤਨ, ਤੇ ਹੋਰ ਅਜਿਹਾ ਕੁਝ ਤਾਂ ਕਦੇ ਰਾਹ ਦੇ ਰੋੜੇ ਨਹੀਂ ਬਣਦੇ। ਬਣਨ ਤਾਂ ਏਨੀ ਕੁ ਤਾਕਤ ਜ਼ਰੂਰ ਹੋਣੀ ਚਾਹੀਦੀ ਹੈ ਕਿ ਸੋਟੀ ਨਾਲ ਪਰ੍ਹਾਂ ਵਗਾਹ ਮਾਰੋ। - ਜੇ ਕਿਧਰੇ ਤੂੰ ਇਹ ਜਾਣ ਲਏਂ ਕਿ ਮੈਂ ਕਿਹੜੇ ਹਾਲਾਤ ਵਿਚ ਕੰਮ ਕੀਤਾ ਹੈ, ਤਾਂ ਸ਼ਾਇਦ ਤੈਨੂੰ ਕੁਝ ਹੈਰਾਨੀ ਹੋਵੇ। ਪਰ ਮੈਨੂੰ ਨਹੀਂ ਹੁੰਦੀ। ਜਦੋਂ ਚਾਰ ਵਜੇ ਉੱਠ ਕੇ, ਟੁੱਟੀ ਲਾਲਟਣ ਉੱਤੇ ਹੀ ਚਾਹ ਕਰਦਾ ਤੇ ਉਸੇ ਉੱਤੇ ਪੜ੍ਹਦਾ, ਲਿਖਦਾ ਸਾਂ - ਹੈਰਾਨੀ ਉਦੋਂ ਵੀ ਕਦੇ ਨਹੀਂ ਸੀ ਹੋਈ। ਪਰ ਹੁਣ ਚੰਗੀਆਂ ਸਹੂਲਤਾਂ ਦੇ ਬਾਵਜੂਦ ਵੀ ਇਹ (ਸਿਹਤ) ਜਵਾਬ ਦੇ ਰਹੀ ਹੈ। (ਪਰ ਪਛਤਾਵਾ ਕੋਈ ਨਹੀਂ। ਜੋ ਕਰ ਸਕਿਆ ਕਰ ਲਿਆ, ਜੋ ਹੋਏਗਾ, ਕਰਾਂਗਾ।) ਸਮਾਂ ਕਦੇ ਕਿਸੇ ਉੱਤੇ ਤਰਸ ਨਹੀਂ ਖਾਂਦਾ। ਤੂੰ ਜਵਾਨ ਹੈਂ। ਪ੍ਰਤਿਭਾ ਹੈ। ਜੇ ਹੁਣ ਨਹੀਂ ਕੰਮ ਕਰੇਂਗਾ (ਤੇ ‘ਟੁੱਟੀਆਂ-ਭੱਜੀਆਂ‘ ਜਿਹੀਆਂ ਵਿਚ ਹੀ ‘ਧੌਲਿਆਂ‘ ਤੱਕ ਪਹੁੰਚ ਜਾਏਂਗਾ ਤਾਂ ਸੱਚਮੁੱਚ ਹੀ ਮਗਰੋਂ ਪਛਤਾਏਂਗਾ।)
ਬਹੁਤ ਕੁਝ ਕਹਿ ਗਿਆ। ਖਿਮਾ ਕਰੀਂ। ਬਸ ਆਦਤ ਹੈ ਕਿ ਜੇ ਕਿਸੇ ਅੰਦਰ ਕੋਈ ਪ੍ਰਤਿਭਾ ਦੀ ਚਿਣਗ ਦਿਸੇ ਤਾਂ ਉਹਨੂੰ ਜ਼ਰੂਰ ਕਹਿੰਦਾ ਹਾਂ ਕਿ ਭਾਈ ਮੇਰਿਆ ਇਹ ਲਾਲ ਗਧੇ ਦੇ ਗਲ਼ ਪਾ ਕੇ ਨਾ ਗਵਾ ਬੈਠੀਂ। ਇਸ ਆਦਤ ਨੇ ਕਈ ਵਾਰ ਮੈਨੂੰ ਸ਼ਰਮਸਾਰ ਵੀ ਕੀਤਾ ਹੈ - ਕਈਆਂ ਨੂੰ ਸੱਚਮੁੱਚ ਹੀ ਪਤਾ ਨਹੀਂ ਹੁੰਦਾ ਕਿ ਉਹ ਜਿਸਨੂੰ ‘ਲਾਲ‘ ਸਮਝ ਕੇ ਗਲ਼ ਵਿਚ ਪਾਈ ਫਿਰਦੇ ਹਨ ਉਹ ਤਾਂ ਲਾਲ ਕੱਚ ਦਾ ਵੱਡਾ ਮਣਕਾ ਹੈ। ਜੇ ਕਦੇ ਇਸ਼ਾਰਾ ਕਰ ਬੈਠੀਏ ਤਾਂ ਇਹ ਲੋਕ ਸਿਰ ਪਾੜਨ ਤੱਕ ਜਾਂਦੇ ਹਨ।)
ਖ਼ੈਰ, ਤੂੰ ਕੁਝ ਵੀ ਕਰੇਂ, ਚੰਗਾ ਹੀ ਕਰੇਂਗਾ। ਮੇਰੀ ਦੁਆ ਵੀ ਹੈ ਕਿ ਤੂੰ ਬਹੁਤ ਚੰਗਾ ਕੰਮ ਕਰ ਸਕੇਂ। ਕੰਮ ਤਾਂ ਤੂੰ ਹੀ ਕਰਨਾ ਹੈ। ਬਾਕੀ ਕਦੇ ਫੇਰ।
ਪਿਆਰ ਨਾਲ ਤੇਰਾ,
ਗੁਰਦਿਆਲ ਸਿੰਘ
***
ਜੈਤੋ
27.7.95
ਪਿਆਰੇ ਵੀਰ ਬਲਦੇਵ ਸਿੰਘ,
ਤੇਰੀ ਲੰਮੀ ਚਿੱਠੀ ਦੀਆਂ ਸਭ ਗੱਲਾਂ ਠੀਕ ਲਗਦੀਆਂ ਹਨ।
‘ਪੱਕੇ‘ ਉਸਾਰਨ ਦਾ ਕੋਈ ਵੀ ਹਰਜ ਨਹੀਂ। ਪਰ ਤੇਰੇ ਮੇਰੇ ਸੁਭਾਅ ਦੇ ਬੰਦਿਆਂ ਨੂੰ ਇਕ ਨੁਕਸਾਨ ਵੀ ਹੁੰਦਾ ਹੈ। ਮਿਸਾਲ ਦੇ ਦਿੰਦਾ ਹਾਂ। ਪਤਨੀ ਗੰਭੀਰ ਬੀਮਾਰ ਸੀ। (10-15 ਦਿਨ ਪਹਿਲਾਂ, ਹੁਣ ਕੁਝ ਠੀਕ ਹੈ) ਕੋਈ ਕੰਮ ਨਹੀਂ ਸੀ ਹੋ ਰਿਹਾ। ਆਪਣੇ ਦੋ ਮਨਪਸੰਦ ਲੇਖਕ ਦੂਜੀ ਤੀਜੀ ਵਾਰ ਪੜ੍ਹਨੇ ਸ਼ੁਰੂ ਕਰ ਦਿੱਤੇ।
ਪਹਿਲਾਂ ਗੋਗੋਲ ਦੀ ਲੰਮੀ ਕਹਾਣੀ (ਨਾਵਲਿਟ) ੳ ਨਚ;ਲ਼ ਪੜ੍ਹਿਆ ਤੇ ਫੇਰ ਣਰਤਵਰਡਖਕਤਾਖ ਦਾ ਟਰਵਕਤ ਗਿਰਠ ਵੀਕ ਣਕ .ਰਚਤਕ ਉਸ ਮਗਰੋਂ ਹਫਤਾ ਭਰ ਇਕ ਅੱਖਰ ਵੀ ਲਿਖਣ ਨੂੰ ਦਿਲ ਨਹੀਂ ਕੀਤਾ। (ਇੰਜ ਜਾਪਦਾ ਰਿਹਾ ਕਿ ਸਾਨੂੰ ਲਿਖਣਾ ਹੀ ਨਹੀਂ ਆਉਂਦਾ।)
ਰੂਸੀ ਲੇਖਕਾਂ ਦਾ ਗਲਪ ਖੇਤਰ ਵਿਚ ਕੋਈ ਬਦਲ ਨਹੀਂ। ਤਦੇ ਬਾਰ ਬਾਰ ਸਾਰੇ ਪੜ੍ਹੇ ਹਨ। (ਅਨਾ ਕਾਰਨੀਨਾ ਕਈ ਵਾਰ ਪੜ੍ਹਿਆ ਹੈ।) ਪਰ ਉਹਨਾਂ ਤੋਂ ਸਿੱਖਦੇ ਸਿੱਖਦੇ ਆਪਣੀ ਤੋਰ ਵੀ ਭੁੱਲ ਜਾਂਦੀ ਹੈ (ਜਿਵੇਂ ਕਾਂ ਬਾਰੇ ਮਸ਼ਹੂਰ ਹੈ ਕਿ ਹੰਸਾਂ ਦੀ ਤੋਰ ਸਿੱਖਣ ਲੱਗਿਆ ਆਪਣੀ ਵੀ ਭੁੱਲ ਗਿਆ, ਹੁਣ ਟਪੂਸੀਆਂ ਮਾਰ ਮਾਰ ਤੁਰਦਾ ਹੈ)।
ਖ਼ੈਰ, ਮੈਂ ਖੁਸ਼ ਹਾਂ ਕਿ ਤੂੰ ਹਰ ਕੰਮ ਨੂੰ ਗੰਭੀਰਤਾ ਨਾਲ ਲੈਂਦਾ ਹੈਂ। ਕਰਦਾ ਹੈਂ।
ਸਮਦਰਸ਼ੀ ਵਾਲਾ ਵੀ ਤੇਰਾ ਲੇਖ ਪੜ੍ਹਿਆ ਸੀ - ਪਰ ਹੁਣ ਯਾਦ ਨਹੀਂ ਆ ਰਿਹਾ। ਪੁਰਾਣੇ ਅੰਕ ਸਭ ਪਏ ਹਨ। ਲੱਭ ਕੇ ਫੇਰ ਪੜ੍ਹਾਂਗਾ। ਤੇਰੀਆਂ ਕਹਾਣੀਆਂ ਵੀ ਪੜ੍ਹੀਆਂ ਹਨ। (ਤੇ ਇਕ ਕਹਾਣੀ ਨੂੰ ਇਨਾਮ ਬਾਰੇ ਵੀ ਪੜ੍ਹਿਆ ਹੈ।) ਏਥੋਂ ਤੱਕ ਕਿ ਤੇਰਾ ‘ਅਦਬਨਾਮਾ‘ (ਨਵਾਂ ਜ਼ਮਾਨਾ) ਵੀ ਪੜ੍ਹਦਾ ਹਾਂ।
ਮੈਂ ਏਨਾ ਹੀ ਕਹਿ ਸਕਦਾ ਹਾਂ ਕਿ ਤੂੰ ਨਿਸਚੇ ਹੀ ਆਪਣੇ ਕੰਮ ਬਾਰੇ ਗੰਭੀਰ ਹੈਂ। ਇਹੋ ਰਾਹ ਠੀਕ ਹੈ। ਤੁਹਾਡੀ ਪੀੜ੍ਹੀ, ਪਹਿਲੀ ਨਾਲੋਂ ਚੰਗੇਰੀ ਹੈ। ਭਾਵੇਂ ਤੁਸੀਂ ਸਾਡੇ ਨਾਲੋਂ ਵੱਧ ਸਮੱਸਿਆਵਾਂ ਵਿਚ ਘਿਰੇ ਹੋ, ਪਰ ਕੰਮ ਪਹਿਲਿਆਂ ਨਾਲੋਂ ਚੰਗਾ ਹੀ ਕਰੋਗੇ - ਇਹ ਮੇਰਾ ਵਿਸ਼ਵਾਸ ਹੈ। ਹਰ ਪੀੜ੍ਹੀ ਆਪਣੀਆਂ ਮੁਸ਼ਕਲਾਂ ਨਾਲ ਜੂਝਦੀ ਹੈ। ਪਰ ਹਰ ਪੀੜ੍ਹੀ ਵਿਚ ਕੁਝ ਗੰਭੀਰ, ਚੰਗੇ ਲੇਖਕ (ਆਲੋਚਕ) ਹੁੰਦੇ ਹਨ। ਸੋ ਇਹ ਕੋਈ ਘੱਟ ਤਸੱਲੀ ਵਾਲੀ ਗੱਲ ਨਹੀਂ ਕਿ ਸਾਡਾ ਭਵਿੱਖ ਰੋਸ਼ਨ ਹੈ।
ਬਾਕੀ ਕਦੇ ਫੇਰ ਸੲ੍ਹੀ। ਸਿਲਸਿਲਾ ਜਾਰੀ ਰਹੇਗਾ। ਚੰਗਾ ਹੈ। (ਅੱਜ ਸੰਖੇਪ ਇਸ ਲਈ ਵੀ ਕਿ ਪਤਨੀ ਦੀ ਬੀਮਾਰੀ ਕਾਰਨ ਮਨ ਸਥਿਰ ਨਹੀਂ ਸੀ ਰਿਹਾ; ਕੁਝ ਉਮਰ ਨਾਲ ਵੀ ‘ਆਕੜ‘ ਢੈਲੀ ਹੋ ਜਾਂਦੀ ਹੈ।)
ਬਹੁਤ ਪਿਆਰ ਨਾਲ ਤੇਰਾ ਵੀਰ,
ਗੁਰਦਿਆਲ ਸਿੰਘ
ਪੀ.ਐਸ. - ਭਾਵੇਂ ਕੋਈ ਖਾਸ ਗੱਲ ਨਹੀਂ, ਪਰ ਪਤਾ ਨਹੀਂ ਕਿ ਪ੍ਰਕਾਸ਼ਨ ਵਿਭਾਗ ਨੇ ਮੇਰੀ ਕਿਤਾਬ ਕਿੱਥੇ ਸੁੱਟ ਛੱਡੀ ਹੈ - ਪ੍ਰੈਸ ਕੋਲ ਹੀ ਰੁਲਦੀ ਫਿਰਦੀ ਹੈ ਕਿ ਜਿਲਦਾਂ ਵਾਲੇ ਕੋਲ - ਕਿ ਉਂਜ ਹੀ ਰੱਦੀ ‘ਚ ਸੁੱਟ ਛੱਡੀ ਹੈ। ਚਿੱਠੀ ਦਾ ਤਾਂ ਉਹ ਉੱਤਰ ਦਿੰਦੇ ਨਹੀਂ। ਪਤਾ ਕਰ ਸਕੇਂ ਤਾਂ ਮਿਹਰਬਾਨੀ।
2. ਮੈਂ ਯੂ.ਕੇ., ਕਨੇਡਾ ਨਹੀਂ ਜਾ ਰਿਹਾ ਪਤਨੀ ਦੇ ਬੀਮਾਰ ਹੋਣ ਕਾਰਨ।
***
ਜੈਤੋ
9.9.95
ਪਿਆਰੇ ਵੀਰ ਬਲਦੇਵ ਸਿੰਘ,
ਸ਼ਾਇਦ ਅਸੀਂ ‘ਇੱਕੋ ਵੇਲੋਂ ਟੁੱਟੇ‘ ਹਾਂ (ਇਹ ਮੁਹਾਵਰਾ ਆਮ ਨਹੀਂ ਰਿਹਾ - ਪਰ ਬੜਾ ਹੀ ਵਧੀਆ ਹੈ)। ਮੈਂ 30 ਸਾਲ ਤੋਂ ਡਿਪਰੈਸ਼ਨ ਦਾ ਮਰੀਜ ਹਾਂ (ਸ਼ਾਇਦ 50-55 ਸਾਲ ਤੋਂ ਜਦੋਂ ਤੋਂ ਬਚਪਨ ਵਿਚ ਵੀ ਕਦੇ ਕਦੇ ਉਦਾਸ ਹੋ ਜਾਂਦਾ ਸਾਂ)।
ਪਿਛਲੇ ਦਿਨੀਂ ਹੀ ਇਕ ਬਹੁਤ ਚੰਗੇ ਨਿਰਾਲੋਜਿਸਟ ਨੇ ਇਹ ਭੇਤ ਦੱਸਿਆ ਕਿ ਬਹੁਤਾ ਸੋਚਣ ਤੇ ਦਿਮਾਗੀ ਕੰਮ ਕਰਨ ਵਾਲੇ ਬੰਦਿਆਂ ਦੇ ਉਹ ਸੈੱਲ ਜਿਹੜੇ ਬਾਹਰਲੇ ਮੈਸਿਜ ਰਸੀਵ ਕਰਦੇ ਤੇ ਸਰੀਰਕ, ਬੌਧਿਕ ਕਿਰਿਆਵਾਂ ਨੂੰ ਚਲਾਉਣ ਵਾਲੇ ਸੈੱਲਾਂ ਨੂੰ ਜਾਣਕਾਰੀ ਦਿੰਦੇ ਹਨ - ਉਹਨਾਂ ਦੋਹਾਂ ਦਾ ਹੀ ਸਾਈਜ਼ ਆਮ ਬੰਦੇ ਨਾਲੋਂ ਵਧ ਜਾਂਦਾ ਹੈ (ਵਧੇਰੇ ਕੰਮ ਕਰਨ ਕਰਕੇ - ਉਹਨਾਂ ਨੂੰ ਵਾਧੂ ਭਾਰ ਜੋ ਚੁੱਕਣਾ ਪੈਂਦਾ ਹੈ)। ਇਸ ਲਈ ਉਹ ਏਨੇ ਸੰਵੇਦਨਸ਼ੀਲ ਹੋ ਜਾਂਦੇ ਹਨ ਕਿ ਨੀਂਦ ਵਿਚ ਵੀ ਟਿਕਣ ਨਹੀਂ ਦਿੰਦੇ। ਇਹਦਾ ਇਕੋ ਇਲਾਜ ਉਹਨੇ ਦੱਸਿਆ ਹੈ ਕਿ ਬਸ ਇਹਨਾਂ ਨੂੰ ਕੰਮ ਲਾਈ ਰੱਖੋ। ਜਦੋਂ ਵੀ ਵਿਹਲੇ ਰੱਖੋਗੇ, ਇਹ ਜ਼ਰੂਰ ਦੁਖੀ ਕਰਨਗੇ।
ਪਰ ਡਿਪਰੈਸ਼ਨ ‘ਚ ਕੰਮ ਨਹੀਂ ਹੁੰਦਾ। ਤਦੇ ਇਹ ਸੈੱਲ ਵਧੇਰੇ ਤੰਗ ਕਰਦੇ ਹਨ। (ਇਹੋ ਅਸਲ ‘ਚ ਸਾਡੀ ਬੁੱਧੀ ਦਾ ਮੁੱਖ ਅੰਸ਼ ਹੁੰਦੇ ਹਨ।) ਇਹ ਗੱਲ ਡਾਕਟਰੀ ਦੀ ਹੈ। ਪਰ ਸਾਡੇ ਅੰਦਰ ਤਾਂ ਪਤਾ ਨਹੀਂ ਕੀ ਕੁਝ ਪਿਐ ਜਿਸਨੂੰ ਡਾਕਟਰ, ਵਿਗਿਆਨੀ ਜਾਣ ਵੀ ਨਹੀਂ ਸਕੇ। (ਖ਼ੁਦ ਹੀ ਉਹ ਵੱਡਾ ਨਿਰਾਲੋਜਿਸਟ ਜੋ ਬਹੁਤ ਹੀ ਚੰਗਾ ਇਨਸਾਨ ਹੈ ਤੇ ਸਮਝਦਾਰ ਵੀ - ਦੋਸਤ ਹੈ - ਇਹ ਮੰਨਦਾ ਹੈ ਕਿ ਨਿਰਾਲੋਜੀ ਵਿਚ ;ਕਤਤ ਜਤ ਾਅਰਮਅ, ਠਰਗਕ ਜਤ ਚਆਅਰਮਅ)।
ਖ਼ੈਰ, ਗੱਲ ਹੀ ਹੋਰ ਪਾਸੇ ਤੁਰ ਗਈ। ਮੈਂ ਸਿਰਫ ਇਹੋ ਕਹਿ ਸਕਦਾ ਹਾਂ ਕਿ ਕੰਮ ਕਿਸੇ ਵੀ ਹਾਲਤ ਵਿਚ ਨਾ ਛੱਡੋ। ਜਦੋਂ ਉਦਾਸੀ ਵੱਸੋਂ ਬਾਹਰ ਹੋ ਜਾਏ ਤਾਂ ਘਰੋਂ ਬਾਹਰ (ਕਿਧਰੇ ਵੀ - ਕਿਸੇ ਸ਼ਹਿਰ, ਦੋਸਤ, ਕਿਸੇ ਰਿਸ਼ਤੇਦਾਰ ਕੋਲ) ਚਲੇ ਜਾਓ। ਕੁਝ ਰਾਹਤ ਮਿਲਦੀ ਹੈ। ਹੋਰ ਕੋਈ ਇਲਾਜ ਨਹੀਂ। ਆਪਾਂ ਕਿਸੇ ਵੇਲੇ ਕੱਠੇ ਹੋ ਕੇ ਇਕ-ਦੋ ਦਿਨ ਸੋਚਾਂਗੇ ਕਿ ਕਿਹੜੇ ਕਹਾਣੀਕਾਰ ਤੇ ਨਾਵਲਕਾਰ (ਤੇ ਕਹਾਣੀਆਂ ਤੇ ਨਾਵਲ) ਅਜਿਹੇ ਹਨ ਜੋ ਹੁਣ ਤੱਕ ਦੇ ਸਮੁੱਚੇ ਪੰਜਾਬੀ ਗਲਪ ਦੇ ਗਲਪ ਸ਼ਾਸਤ੍ਰ ਸਿਰਜਣ ਲਈ ਜ਼ਰੂਰੀ ਹਨ ਤੇ ਕਿਉਂ। ਨਿਰਾ ਮੇਰੀ ਲਿਸਟ ਬਣਾਉਣ ਨਾਲ ਗੱਲ ਨਹੀਂ ਬਣਨੀ।
ਅਸੀਂ ਕਦੋਂ ਮਿਲ ਸਕਾਂਗੇ - ਇਹ ਗੱਲ ਮੈਂ ਦੋ ਕੁ ਹਫਤੇ ਠਹਿਰ ਕੇ ਦੱਸ ਸਕਾਂਗਾ। (ਫਿਲਹਾਲ ਤਾਂ ਇਕ ਮਹੀਨੇ ਤੋਂ ਅਜਿਹੀ ਸਥਿਤੀ ਵਿਚ ਘਿਰਿਆ ਹਾਂ ਕਿ ਉਸ ਬਾਰੇ ਤੁਹਾਨੂੰ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਅਜਿਹੀ ਕੋਈ ਵੱਡੀ ਸਮੱਸਿਆ ਨਹੀਂ - ਪਰ ਮਾਨਸਿਕ ਤੌਰ ਉੱਤੇ ਜਿੰਨਾ ਇਸਨੇ ਪਰੇਸ਼ਾਨ ਕੀਤਾ ਹੈ - ਸਾਰੀ ਉਮਰ ਵੀ ਨਹੀਂ ਸਾਂ ਹੋਇਆ।)
ਪਤਨੀ ਬਹੁਤ ਬੀਮਾਰ ਸੀ। ਹੁਣ ਕੁਝ ਠੀਕ ਹੈ। ਪਰ ਸਿਹਤ ਗੰਵਾ ਚੁੱਕੀ ਹੈ। (ਤਿੰਨ ਮਹੀਨੇ ਵਿਚ 10 ਸਾਲ ਬੁੱਢੀ ਹੋ ਗਈ ਹੈ।) ਪਰ ਕੁਝ ਨਹੀਂ ਕੀਤਾ ਜਾ ਸਕਦਾ। ਇਲਾਜ ਜਾਰੀ ਹੈ। ਆਸ ਹੈ ਠੀਕ ਹੋ ਜਾਏਗੀ। (ਆਸ ਤਾਂ ਉਦੋਂ ਤੱਕ ਵੀ ਬਣੀ ਰਹਿੰਦੀ ਹੈ ਜਦੋਂ ਆਖਰੀ ਸਾਹਾਂ ਤੇ ਹੁੰਦੇ ਹਾਂ।)
ਹਜ਼ਾਰਾ ਸਿੰਘ ਬਾਰੇ ਤਾਂ ਇਹੋ ਕਹਿ ਸਕਦਾ ਹਾਂ ਕਿ ‘ਉਠ ਜਾ ਬਰ੍ਹਮੇ ਨੂੰ, ਕਰਮ ਜਾਣਗੇ ਨਾਲੇ।‘ ਮੈਂ ‘ਕਰਮ‘ ਸ਼ਬਦ ਦੇ ਅਰਥ ਹਮੇਸ਼ਾਂ ‘ਸੋਚ‘ ਸਮਝੇ ਹਨ। ਇਸੇ ਲਈ ਉਸ ਵੱਲੋਂ ਛਾਪੀ ਜਾ ਰਹੀ ਕਿਤਾਬ ਦਾ ਮੂਲ ਧੁਰਾ ਹੀ ਉਹ ਅਨੁਭਵ ਹੈ ਜੋ ਬੰਦਾ ਨਿੱਜੀ ਤੇ ਸਮਾਜਿਕ ਜੀਵਨ ਤੋਂ ਗ੍ਰਹਿਣ ਕਰਦਾ ਹੈ। ਹਰ ਬੰਦੇ ਨੂੰ ਦੁਨੀਆਂ ਆਪਣੀ ਐਨਕ ਨਾਲ ਦਿਸਦੀ ਹੈ। ਬੇਈਮਾਨ ਕਿਸੇ ਨੂੰ ਕਦੇ ਈਮਾਨਦਾਰ ਨਹੀਂ ਸਮਝ ਸਕਦਾ।
ਪਰ ਦੁੱਖ ਬਹੁਤ ਹੁੰਦਾ ਹੈ ਕਿ ਕਿਸੇ ਭਲੇ ਬੰਦੇ ਦੀ ਪਤਨੀ ਬੀਮਾਰ ਹੋਵੇ, ਸਮੇਂ ਸਿਰ ਪਾਸਪੋਰਟ ਨਾ ਬਣੇ, ਤੇ ਓਧਰ ਸੱਦਣ ਵਾਲੇ ਉਡੀਕਦੇ ਰਹਿਣ - ਤੇ ਫੇਰ ਉਹਨੂੰ ਕੋਈ ਕਹੇ ਕਿ ਉਹਨੇ ਕਿਤਾਬ ਛਪਣ ਪਿੱਛੇ ਝੂਠ ਬੋਲਿਆ ਹੈ। ਅਜਿਹੇ ਬੰਦਿਆਂ ਨੂੰ ਕੋਈ ਵੀ ਸਫਾਈ ਪੇਸ਼ ਕਰਨਾ ਆਪਣੀ ਬੇਹੁਰਮਤੀ ਕਰਨਾ ਹੈ। ਸੋ ਮੈਂ ਉਹਨੂੰ ਕਦੇ ਹੁਣ ਚਿੱਠੀ ਵੀ ਨਹੀਂ ਲਿਖਾਂਗਾ। ਕਿਤਾਬ ਉਹ ਭਾਵੇਂ ਦਸ ਸਾਲ ਰੱਖ ਛੱਡੇ - ਉਹਦੇ ਬਿਨਾਂ ਮੇਰਾ ਕੋਈ ਕੰਮ ਨਹੀਂ ਅਟਕਿਆ ਹੋਇਆ। ਚਾਰ (ਜੇ ਦੋ ਵਾਰ ਉਹਨੂੰ ਲਿਖ ਦਿੱਤਾ ਤਾਂ ਕਾਰਨ ਸਿਰਫ ਇਹ ਸੀ ਕਿ ਤਿੰਨ ਚਾਰ ਦੋਸਤ ਬਾਰ ਬਾਰ ਉਹਦੇ ਲਈ ਪੁੱਛਦੇ ਤੇ ਪੜ੍ਹਨ ਲਈ ਕਾਹਲੇ ਪਏ ਹੋਏ ਸਨ - ਕਿਉਂਕਿ ਇਹ ਮੇਰੀ ਪਹਿਲੀ ਖੋਜ-ਪੁਸਤਕ ਤਾਂ ਨਹੀਂ, ਸਿਰਫ ਆਪਣੇ ਅਨੁਭਵ ਤੇ ਵਿਚਾਰ ਸਾਂਝੇ ਕਰਨ ਵਾਲੀ ਰਚਨਾ ਹੈ ਤੇ ਉਹ ਚਾਹੁੰਦੇ ਹਨ ਜਾਣਨਾ ਮੈਂ ਕੀ ਸੋਚਦਾ ਹਾਂ।)
ਨਿੱਜੀ ਅਨੁਭਵ ਦੀ ਗੱਲ ਬਾਰੇ ਮੈਂ ਬਹੁਤ ਹੀ ਬੁਰੀ ਤਰ੍ਹਾਂ ‘ਕੱਟੜ‘ ਹਾਂ। ਪਿਛਲੇ ਦਿਨੀਂ ਹਾਲਾਤ ਮਾੜੇ ਹੋਣ ਕਰਕੇ ਸਿਰਫ ਕੁਝ ਪੜ੍ਹ ਹੀ ਸਕਦਾ ਸਾਂ (ਹਥਲੇ ਸਭ ਫਗਕ ਕੰਮ ਧਰੇ-ਧਰਾਏ ਰਹਿ ਗਏ)। ਜੋ ਵੀ ਹੱਥ ਲੱਗਿਆ ਪੜ੍ਹ ਲਿਆ (ਚੰਗਾ) ਇਹਨਾਂ ਦਿਨਾਂ ਵਿਚ ਹੀ ਟਾਲਸਟਾਏ ਦਾ ਾਂਅਅਖ (ਤੀਜੀ ਵਾਰ) ਪੜ੍ਹਨ ਲੱਗਾ ਸਾਂ। ਉਸ ਸਾਰੇ ਨਾਵਲ ਵਿਚ ਟਾਲਸਟਾਏ ਜਿਥੇ ਵੀ ਆਪਣੇ ਨਿੱਜੀ ਅਨੁਭਵ ਦੀ ਪਕੜ ‘ਚ ਹੁੰਦਾ ਹੈ ਉਹ ਬੁਰੀ ਤਰ੍ਹਾਂ ਪਾਤਰਾਂ ਨੂੰ ਵੀ ਉਸ ਘੇਰੇ ਵਿਚ ਫਸਾ ਲੈਂਦਾ ਹੈ। ਇਹ ਮਹਾਨ ਕਲਾਕਾਰ ਉਥੇ ‘ਅਨੁਭਵ ਦਾ ਕੈਦੀ‘ ਬਣ ਜਾਂਦਾ ਹੈ। ਉਹਦਾ ਇਕ :ਕਡਜਅ ਨਾਂ ਦਾ ਪਾਤਰ ਉਸ ਵਰਗਾ ਹੀ ਵੱਡਾ ਜ਼ਿਮੀਦਾਰ ਹੈ। ਜੋ ਕੁਝ ਟਾਲਸਟਾਏ ਆਪ ਸੀ, ਉਹੋ ਕੁਝ ਉਸ ਬੰਦੇ ਨੂੰ ਬਣਾ ਧਰਦਾ ਹੈ। ...(ਪਰ ਮਹਾਨ ਕਲਾਕਾਰ ਹੋਣ ਕਰਕੇ ਪਤਾ ਨਹੀਂ ਲੱਗਣ ਦਿੰਦਾ।) ਜਿਥੇ ਉਹ ਰਲਹਕਫਵਜਡਕ ਹੋ ਜਾਂਦਾ ਹੈ, ਉਥੇ ਮਹਾਨ ਬਣ ਜਾਂਦਾ ਹੈ।
ਪਰ ਰਲਹਕਫਵਜਡਕ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਹ ਸਿਰਫ ਉਮਰ ਦੀ ਸਾਧਨਾ ਨਾਲ ਹੀ ਕਿਸੇ ਹੱਦ ਤੱਕ ਸੰਭਵ ਹੈ। ਇਸੇ ਲਈ ਮੈਂ ਮੰਨਦਾ ਆਇਆ ਹਾਂ ਕਿ ਆਮ ਬੰਦਾ ਤਾਂ ਕੀ ਵੱਡੇ ਵੱਡੇ ਦਾਰਸ਼ਨਿਕ ਵੀ ਆਪਣੇ ਨਿੱਜੀ ਅਨੁਭਵ (ਫ; ਦੇ ਘੇਰੇ ਤੋਂ ਬਾਹਰ ਆਉਂਦੇ ਥਿੜਕ ਜਾਂਦੇ ਰਹੇ ਹਨ। - ਇਹ ਮਨੁੱਖ ਦੀ ਹੀ ਸ਼ਾਇਦ ਸੀਮਾ ਹੈ। (ਜਾਂ ਕਮਜ਼ੋਰੀ) ਮੈਨੂੰ ਕਦੇ ਸਮਝ ਨਹੀਂ ਆਈ। (ਦੱਸਦੇ ਹਨ ਅਜੇ ਆਦਮੀ ਨੇ ਆਪਣੇ ਦਿਮਾਗ ਦਾ ਸ਼ਾਇਦ ਸੌਵਾਂ ਜਾਂ ਹਜ਼ਾਰਵਾਂ ਭਾਗ ਵੀ ਨਹੀਂ ਵਰਤਿਆ)।
ਖ਼ੈਰ, ਸਭ ਬਿਨਾਂ ਸੋਚੇ ਲਿਖ ਰਿਹਾ ਹਾਂ। ਕਦੇ ਬੈਠ ਕੇ ਕੁਝ ਸੋਚਾਂਗੇ, ਨਿੱਠ ਕੇ ਗੱਲਾਂ ਕਰਾਂਗੇ ਤਾਂ ਸ਼ਾਇਦ ਚੰਗੀਆਂ ਗੱਲਾਂ ਹੋ ਸਕਣ - ਇਹ ਤਾਂ ਸਭ ਬਸ ਐਵੇਂ ਬੇਤੁਕੀਆਂ ਹਨ। ਚਿੱਠੀ ਮਿਲੀ ਤੇ ਲਿਖਣ ਬਹਿ ਗਿਆ - ਕਿਉਂਕਿ ਹੋਰ ਕੋਈ ਕੰਮ ਹੀ ਨਹੀਂ ਹੋ ਰਿਹਾ। ਤੇ ਇਹ ਬੜਾ ਆਮ ਹੈ - ‘ਵਿਹਲੀ ਰੰਨ ਪ੍ਰਾਹੁਣਿਆਂ ਜੋਗੀ‘ !
ਹੋਰ ਕਦੇ ਫੇਰ। ਜਾਂ ਮਿਲਣ ਤੇ।
ਸਨੇਹ ਨਾਲ ਵੀਰ,
ਗੁਰਦਿਆਲ ਸਿੰਘ
ਪੀ.ਐਸ. - ਸਰਦੀ ਵਿਚ ਮੈਂ ਘਰ ਹੀ ਰਹਾਂਗਾ - ਖਾਸ ਕਰਕੇ ਜਨਵਰੀ ਵਿਚ। ਉਦੋਂ ਤੁਸੀਂ ਇਕ, ਦੋ, ਤਿੰਨ - ਜਾਂ ਜਿੰਨੇ ਦਿਨ ਚਾਹੋ - ਮੇਰੇ ਕੋਲ਼ ਆਉਣਾ। ਫੇਰ ਬਹੁਤ ਗੱਲਾਂ ਕਰਾਂਗੇ। ਕੁਝ ਚੰਗਾ ਸੋਚਾਂਗੇ। ਜਿੰਨਾ ਵੀ ਚੰਗਾ ਸੋਚਣ ਦੀ ਸਮਰੱਥਾ ਹੈ। (ਸਮਰੱਥਾ ਤੋਂ ਬਾਹਰ ਤਾਂ ਸੰਭਵ ਨਹੀਂ।) ਫੋਟੋ ਲਈ ਧੰਨਵਾਦ।
***
ਜੈਤੋ (ਜ਼ਿਲ੍ਹਾ ਫਰੀਦਕੋਟ)
31.10.95
ਪਿਆਰੇ ਬਲਦੇਵ ਸਿੰਘ,
ਬਹੁਤ ਕੁਝ ਨਹੀਂ ਲਿਖਾਂਗਾ। ਪਰ ਅੱਜ ਸੈਰ ਨੂੰ ਜਾਂਦਿਆਂ ਜੋ ਕੁਝ ਮੇਰੇ ਬਚਪਨ ਦੇ ਦੋਸਤ ਬਲਬੀਰ ਸਿਉਂ ਨੇ ਤੇਰੇ ਬਾਰੇ ਕਿਹਾ ਉਹੋ ਸ਼ਬਦ ਲਿਖਣੇ ਜ਼ਰੂਰੀ ਲੱਗੇ। ਉਹ ਬਹੁਤ ਜ਼ਹੀਨ ਆਦਮੀ ਹੈ। (ਪਰ ਕਦੇ ਕਿਸੇ ਬਾਰੇ ਕੋਈ ਵਾਧੂ, ਬੇਲੋੜੇ, ਤਾਰੀਫ਼ ਦੇ ਸ਼ਬਦ ਬਿਲਕੁਲ ਨਹੀਂ ਕਹਿੰਦਾ - ਮੇਰੇ ਬਾਰੇ ਵੀ ਨਹੀਂ - ਜੇ ਮੈਂ ਗ਼ਲਤ ਹੋਵਾਂ ਤਾਂ ਇਹੋ ਇਕ ਬੰਦਾ ਹੈ ਜੋ ਫੜਾਕ ਮੇਰੇ ਮੂੰਹ ‘ਤੇ ਮਾਰਦਾ ਹੈ।)
ਉਹਦੇ ਸ਼ਬਦ ਹਨ - ‘‘ਯਾਰ ਉਹ ਜਿਹੜਾ ਮੁੰਡਾ ਸੀ, ਉਹਦੀ ਬੋਲ-ਚਾਲ, ਪਹਿਰਾਵਾ, ਸੂਰਤ ਤੇ ਸੀਰਤ, ਤੇ ਉਹਦੀ ਕਹਾਣੀ - ਸਭ ਕੁਸ਼ ਹੀ ;ਿ ਸੀ। ਇਹੋ ਜੇ ਬੰਦੇ ਬੜੇ ਪ੍ਰਭਾਵਤ ਕਰਦੇ ਐ।‘
ਮੇਰਾ ਇਹ ਦੋਸਤ 40 ਸਾਲ ਤੋਂ ਮੇਰਾ ਸੈਰ ਦਾ ਸਾਥੀ ਹੀ ਨਹੀਂ - ਮੇਰਾ ਕਿਸੇ ਜ਼ਮਾਨੇ ਦਾ ‘ਗੁਰੂ‘ ਵੀ ਹੈ। ਦੂਸਰਾ ਮਿੱਤਰ - ਜੋ ਬਣੀਆਂ ਹੈ - ਪਰ ਜੱਟ ਬਣੀਆਂ - ਪਿੰਡ ਦਾ ਸਰਪੰਚ ਵੀ ਰਿਹਾ ਹੈ - ਸਿਰਫ 6-7 ਸਾਲ ਪਹਿਲਾਂ ਹੀ ਏਥੇ (ਮੁੰਡਾ) ਆਇਆ ਹੈ, (ਕਿਉਂਕਿ ‘ਮੁੰਡਿਆਂ‘ ਨੇ ਚਾਰ-ਪੰਜ ਲੱਖ ਮੰਗ ਲਿਆ ਸੀ - ਤੇ ਪਰਿਵਾਰ ਦੀ ਸੁਰੱਖਿਆ ਲਈ ਮੁੰਡਾ ਆ ਗਿਆ) ਉਹ ਉਮਰ ‘ਚ ਮੈਥੋਂ 4-5 ਸਾਲ ਵੱਡਾ ਹੈ। ਪਰ ਪੜ੍ਹਦਾ ਬਹੁਤ ਹੈ। ਫ਼ਾਰਸੀ, ਉਰਦੂ, ਅੰਗਰੇਜ਼ੀ, ਹਿੰਦੀ, ਪੰਜਾਬੀ - ਪੰਜੇ ਜ਼ੁਬਾਨਾਂ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਹੈ। ਉਹ ਤੇਰੀ ਕਹਾਣੀ (ਹਨੀਮੂਨ) ਦੀ ਬਰਕਵਗਖ ਤੋਂ ਬੜਾ ਪ੍ਰਭਾਵਿਤ ਸੀ (ਜਿਵੇਂ ਤੂੰ ਸੁੱਤੀ ਉੱਠੀ ਔਰਤ ਦੀ ਸੁੰਦਰਤਾ ਬਿਆਨ ਕਰਤੀ - ਖਾਸ ਕਰਕੇ ਉਸ ਤੋਂ)।
ਸੋ ਤੈਨੂੰ ਮੁਬਾਰਕ !
ਬਾਕੀ ਰਹੀ ਮੇਰੀ ਗੱਲ, ਮੈਨੂੰ ਕੁਝ ਲਿਖਣ ਦੀ ਬਹੁਤੀ ਲੋੜ ਨਹੀਂ। ਤੂੰ ਜਾਣਦਾ ਹੈਂ ਕਿ ਮੈਂ ਕੀ ਸੋਚਦਾ ਹਾਂ। ਆਸਾਂ ਸ਼ਾਇਦ ਤੈਥੋਂ ਵੱਡੀਆਂ ਲਾਈਆਂ ਹੋਣ, ਪੂਰੀਆਂ ਵੀ ਸ਼ਾਇਦ ਨਾ ਹੋਣ, ਪਰ ਜਿੰਨਾ ਵੀ ਕੰਮ ਤੂੰ ਕਰ ਸਕੇਂਗਾ - ਉਹ ਸਟੈਂਡਰਡ ਦਾ ਜ਼ਰੂਰ ਹੋਵੇਗਾ। ਤੂੰ ਘਰ-ਦਿਆਂ ਵਾਂਗ ਹੀ ਆ ਗਿਆ ਤੇ ਘਰਦਿਆਂ ਵਾਂਗ ਹੀ ਰਹਿ ਗਿਆ - ਇਹ ਸਾਡੇ ਸਾਰੇ ਪਰਿਵਾਰ ਨੂੰ ਹੀ ਬਹੁਤ ਚੰਗਾ ਲੱਗਿਆ। (ਮੈਨੂੰ ਤਾਂ ਲੱਗਿਆ ਹੀ। ਫਾਰਮੈਲਟੀਆਂ ਤੋਂ ਮੈਨੂੰ ਬੜੀ ਘਬਰਾਹਟ ਹੁੰਦੀ ਹੈ।)
ਜਦੋਂ ਕਿਤਾਬ ਛਪ ਜਾਏ ਤਾਂ ਉਹਦੀਆਂ ਦੋ ਕਾਪੀਆਂ ਤੇ ਚਾਰ ਕੁ ਕਾਪੀਆਂ ਬੱਚਿਆਂ ਲਈ ਲਈਂ। ਇਕ (ਮੇਰੀ) ਕਿਤਾਬ - ‘ਧਰਤ ਸੁਹਾਵੀ‘ ਦੀਆਂ 50ਗ਼ ਕਮਿਸ਼ਨ ਵਾਲੀ ਸਕੀਮ ‘ਚ ਲੈ ਕੇ ਭੇਜ ਦੇਈਂ। (ਭਾਵੇਂ ਹੈ ਤਾਂ ਫ਼ਜ਼ੂਲ ਜਿਹੀ ਗੱਲ, ਪਰ ਜੇ ਬਿਲ ਭੇਜ ਦੇਵੇਂ ਤਾਂ ਤੇਰੀ ਮਿਹਰਬਾਨੀ)। ਹੋਰ ਕੋਈ ‘ਸੁੱਖ ਸੁਨੇਹਾ‘ ਲਿਖੀਂ। ਸਾਰੇ ਪਰਿਵਾਰ ਨੂੰ ਨਿੱਘੀ ਯਾਦ ! ਸਨੇਹ ਨਾਲ।
ਗੁਰਦਿਆਲ ਸਿੰਘ
ਪੀ.ਐਸ.- ਕਜ਼ਾਕ ਮਿਲ ਜਾਏ ਤਾਂ ਉਸਤੋਂ ਇਹ ਪੁੱਛਣਾ ਹੈ ਕਿ ਕੀ ਉਹ ਇਕ ਦਿਨ ਏਧਰ ਆ ਸਕੇਗਾ।
***
30.11.95
ਪਿਆਰੇ ਬਲਦੇਵ ਸਿੰਘ,
ਜੇ ਮੇਰੀ ਚਿੱਠੀ ਤੈਨੂੰ ਸੁਖਦਾਇਕ ਲਗਦੀ ਹੈ ਤਾਂ ਤੇਰੀਆਂ ਚਿੱਠੀਆਂ ਵੀ ਮੇਰੇ ਲਈ ਜ਼ਰੂਰ ਇਕ ਪ੍ਰਾਪਤੀ ਹਨ। (ਨਵੀਂ ਪੀੜ੍ਹੀ ਦੀਆਂ ਸਮੱਸਿਆਵਾਂ ਬਾਰੇ ਸਮਝ ਆਉਂਦਾ ਹੈ।)
ਮੈਂ ਤੇਰੇ ਪਿੰਡ ਵਾਲਾ ਬਾਬਾ ਤਾਂ ਬਿਲਕੁਲ ਨਹੀਂ ਬਣ ਸਕਦਾ (ਤੇ ਨਾ ਹੀ ‘ਬਾਬਾ‘ ਬਣਨ ਦੀ ਇੱਛਾ ਹੈ) ਪਰ ਤੇਰੀ ਤੇ ਆਪਣੀ ਪੀੜ੍ਹੀ ਅੰਦਰ ਇਕ ਸਾਂਝ ਬਣਾ ਕੇ ਆਪਣੇ ਆਦਰਸ਼ਾਂ ਦੇ ਸਫ਼ਰ ਨੂੰ ਜਾਰੀ ਰੱਖਣ ਦਾ ਯਤਨ ਜ਼ਰੂਰ ਕਰਨਾ ਚਾਹੁੰਦਾ ਹਾਂ। (ਭਾਵੇਂ ਇਹ ਸੰਭਵ ਨਹੀਂ - ਤਬਦੀਲੀ ਤਾਂ ਲਾਜ਼ਮੀ ਹੈ।)
ਤੇਰੀਆਂ, ਨਵੀਂ ਪੀੜ੍ਹੀ ਦੀ ਸਮੱਸਿਆ ਬਾਰੇ ਸਭ ਗੱਲਾਂ ਨਾਲ ਮੈਂ ਸਹਿਮਤ ਹਾਂ। ਸਿਰਫ ਇਕੋ ਗੱਲ ਨਾਲ ਸਹਿਮਤ ਨਹੀਂ - ਉਹ ਹੈ ਕੰਮ ਬਾਰੇ। ਕੰਮ ਲਈ ਜੇ ਤੁਹਾਡੀ ਪੀੜ੍ਹੀ ਦਾ ਵਤੀਰਾ ‘ਤੁਰਤ ਦਾਨ ਤੇ ਤੁਰਤ ਫਲ‘ ਵਾਲਾ ਰਿਹਾ ਤਾਂ ਇਹ ਕੰਮ ਨਿਹਫਲ ਜਾਣਗੇ। ਕੰਮ ਤਾਂ ਉਹ ਬੂਟਾ ਹੈ ਜਿਸਨੂੰ ਬੀਜ ਦੱਬਣ ਤੋਂ ਲੈ ਕੇ ਫਲ ਆਉਣ ਤੱਕ, ਪਲ ਪਲ ਧਿਆਨ ਨਾਲ ਵੱਡਾ ਕਰਨਾ ਤੇ ਸਾਂਭਣਾ ਪੈਂਦਾ ਹੈ। ਫਲ ਤਾਂ ਬੂਟੇ ਦੀ ਪ੍ਰਵਿਰਤੀ ਅਨੁਸਾਰ ਮਿਲਦਾ ਹੈ - ਦੋ ਸਾਲ, ਚਾਰ, ਦਸ ਸਾਲ ਬਾਦ ਵੀ, ਤੇ ਕਈ ਵਾਰ ਸਾਡੇ ਲਾਉਣ ਵਾਲਿਆਂ ਦੀ ਉਮਰ ਵਿਚ ਤਾਂ ਫਲ ਹੀ ਨਹੀਂ ਲਗਦੇ। (ਪੁੱਤ-ਪੋਤਰੇ ਹੀ ਖਾਂਦੇ ਹਨ।) ਇਸ ਲਈ ਜ਼ਿੰਦਗੀ ਦੇ ਅਰਥ ਇੰਜ ਹੀ ਜਾਣਨ ਦਾ ਯਤਨ ਕੀਤਾ ਹੈ ਕਿ ਇਹ ਫਲ ਤਾਂ ਲਗਣੇ ਹਨ - ਖਾਣੇ ਸ਼ਾਇਦ ਸਾਡੇ ਭਾਗਾਂ ਵਿਚ ਨਹੀਂ ਹੁੰਦੇ (ਖਾਸ ਕਰਕੇ ਕਲਾ ਦੇ ਖੇਤਰ ‘ਚ)।
ਮੈਂ ਜੋ ਇਹ ਕਹਿੰਦਾ ਹਾਂ ਕਿ ਇਹਨਾਂ ਬੰਦਿਆਂ ਨਾਲ ਉਲਝ ਕੇ ਆਪਣੀ ਪ੍ਰਤਿਭਾ ਬੇਅਰਥ ਗੁਆਉਣਾ ਯੋਗ ਨਹੀਂ ਤਾਂ ਇਹਦੇ ਅਰਥ ਇਹ ਨਹੀਂ ਕਿ ਉਹ ਲੋਕ ਸਾਨੂੰ ‘ਕੁੱਤੇ ਦੀ ਮੌਤ‘ ਮਾਰ ਦੇਣ। (ਤੇ ਅਸੀਂ ਮਰ ਜਾਈਏ।) ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਇਹ ਲੋਕ ਤਾਂ ਸਗੋਂ ਸਾਨੂੰ ਰਾਹੋਂ ਭਟਕਾ ਕੇ, ‘ਆਪਣੇ‘ ਵਾਧੂ ਕੰਮਾਂ ਵਿਚ ਉਲਝਾ ਕੇ, ਸਾਡੀ ਪ੍ਰਤਿਭਾ ਨੂੰ ਖੁੰਢਾ ਕਰਨ ਦੇ ਯਤਨ ‘ਚ ਰਹਿੰਦੇ ਹਨ। ਜੇ ਇਹ ਸਫਲ ਹੋ ਜਾਣ ਤਾਂ ਉਹ ਕਿਹੋ ਜਿਹੀ ਸਥਿਤੀ ਹੋਵੇਗੀ ? - ਜੇ ਸਾਡੇ ਬਜ਼ੁਰਗ ਬਾਰ ਬਾਰ ਕਹਿੰਦੇ ਰਹੇ ਕਿ - ਮੂਰਖ ਨਾਲ ਉਲਝਣਾ ਠੀਕ ਨਹੀਂ (ਮੂਰਖੇ ਨਾਲ ਨਾ ਲੁਝੀਏ) ਤਾਂ ਉਹ ਕਿਸੇ ਗੱਲ ਕਰਕੇ ਹੀ ਕਹਿੰਦੇ ਸਨ। ਉਹ ਨਿਸਚੇ ਹੀ ਕੋਈ ਸਿਆਣੀ ਗੱਲ ਕਹਿ ਰਹੇ ਸਨ।
ਸ਼ਾਇਦ ਹੁਣ ਕੁਝ ਸਮਾਂ ਚੁੱਪ ਰਹਾਂ ਕਿਉਂਕਿ ਘਰ ਢਾਹੁਣ ਲੱਗੇ ਹਾਂ ਤੇ ਨਵਾਂ ਕਦੋਂ ਬਣੇਗਾ ? (ਇਹ ਵਕਤ ਹੀ ਦੱਸੇਗਾ - ਅਜੇ ਤਾਂ ਲੋਨ ਵੀ ਨਹੀਂ ਮਿਲਿਆ - ਪਰ ਕੰਮ ਸ਼ੁਰੂ ਕਰ ਚੁੱਕੇ ਹਾਂ। ਸੋ ਦੋ-ਤਿੰਨ ਮਹੀਨੇ ਸ਼ਾਇਦ ਉਲਝਿਆ ਰਹਾਂ। ਪਰ ਅਜਿਹੀ ਹਾਲਤ ਵਿਚ ਸਗੋਂ ਫਜ਼ੂਲ ਕੰਮ ਵਧੇਰੇ ਕਰਦਾ ਹਾਂ - ਆਰਟੀਕਲ ਲਿਖਣੇ, ਚਿੱਠੀਆਂ ਲਿਖਣੀਆਂ, ਤੇ ਦੋਸਤਾਂ ਨਾਲ ਬੈਠ ਕੇ ਭਕਾਈ ਮਾਰਨੀ। ਨਹੀਂ ਹੁੰਦਾ ਤਾਂ ਬਸ ਉਸਾਰੂ ਕੰਮ ਹੀ ਨਹੀਂ ਹੁੰਦਾ। ਇਸ ਲਈ ਨਾਵਲ ਵਿਚੇ ਛੱਡ ਦਿੱਤਾ ਹੈ। - ਸੋ ਝਿੜਕਣ ਦੀ ਤੇ ‘ਤਾਪ ਚੜ੍ਹਾਉਣ‘ ਦੀ ਲੋੜ ਨਹੀਂ। ਜੋ ਵੀ ਮਨ ਆਵੇ ਲਿਖਦਾ ਰਹੀਂ - ਮੈਂ ਉੱਤਰ ਵੀ ਲਿਖਦਾ ਰਹਾਂਗਾ - ਕਿਉਂਕਿ ਕਿਹੜਾ ‘ਸੋਚ‘, ‘ਸਮਝ‘ ਕੇ ਲਿਖਣਾ ਹੈ - ਜੋ ਮੂੰਹ ਆਇਆ ਬੋਲੀ ਜਾਵਾਂਗਾ। ਕੋਈ ਤਕਲੀਫ ਨਹੀਂ।)
ਤੇਰੀ ‘ਪੰਜਾਬੀ ਟ੍ਰਿਬਿਊਨ‘ ਵਾਲੀ ਚਿੱਠੀ ਵੀ ਪੜ੍ਹੀ ਹੈ ਤੇ ਕੁਝ ‘ਨਵੇਂ ਜ਼ਮਾਨੇ‘ ਦੀਆਂ ਚਿੱਠੀਆਂ ਪੜ੍ਹੀਆਂ ਸਨ। ਹੁਣ ਇਹ ਗੱਲ ਮੁੱਕੀ ਸਮਝ ਕੇ ਜੇ ਇਸ ਸਾਰੇ ‘ਐਪੀਸੋਡ‘ ਨੂੰ ਭੁਲਾ ਹੀ ਛੱਡੇਂ ਤਾਂ ਚੰਗਾ ਹੈ। ਉੱਕਾ ਦਿਮਾਗ ‘ਚੋਂ ਕੱਢ ਛੱਡੀਂ ਕਿ ਕਦੇ ਕੁਝ ਵਾਪਰਿਆ ਸੀ। ਇੰਜ ਤੇਰਾ ਸਮਾਂ ਕੰਮ ਵੱਲ ਲੱਗੇਗਾ।
ਮੈਂ ਬਹੁਤ ਕੁਝ ਨਹੀਂ ਲਿਖਣਾ - ਕਿਉਂਕਿ ਤੂੰ ਇਤਨਾ ਬੁੱਧੀਵਾਨ ਹੈਂ ਕਿ ਇਸ਼ਾਰੇ ਨਾਲ ਹੀ ਗੱਲ ਸਮਝ ਸਕਦਾ ਹੈਂ। ਇਹ ਉੱਕਾ ਨਹੀਂ ਕਹਿੰਦਾ ਕਿ ਜੇ ਤੁਹਾਡਾ ਕੋਈ (ਸ਼ੋਸ਼ਣ) ਕਰੇ ਤਾਂ ਚੁੱਪ ਕਰਕੇ ‘ਸਬਰ‘ ਕਰ ਲਓ। (ਸਗੋਂ ਉਲਟ ਸੋਚਦਾ ਹਾਂ ਉਹਨੂੰ ਨਾਨੀ ਚੇਤੇ ਕਰਵਾ ਦਿਓ ਕਿ ਮੁੜ ਕੇ ਹਿੰਮਤ ਨਾ ਕਰੇ ਤੁਹਾਨੂੰ ਛੇੜਨ ਦੀ।) ਪਰ ਸਾਹਿਤ ਦੇ ਖੇਤਰ ਵਿਚ ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਕੋਈ ਕਘਬ;ਰਜਵ ਕਰ ਸਕਦਾ ਹੈ। (ਸਿਵਾਏ ਉਸ ਪ੍ਰਕਾਸ਼ਕ ਦੇ ਜਿਹੜਾ ਤੁਹਾਡੀ ਕਿਤਾਬ ਛਾਪ ਕੇ ਰਾਇਲਟੀ ਨਹੀਂ ਦਿੰਦਾ - ਤੇ ਜੇ ਇਹ ਮਿਲ ਵੀ ਜਾਏ ਤਾਂ ਕੀ ਉਮਰ ਲੰਘ ਜਾਏਗੀ ? ਪੰਜਾਬ ਵਿਚ ਕੀ ਗੰਜੀ ਨਹਾਊ ਕੀ ਨਚੋੜੂ) ਮਿਸਾਲ ਵਜੋਂ ਇਹ ‘ਬਰਾੜ‘ ਤੇਰੀ ਸਮੱਗਰੀ ਨੂੰ ਆਪਣੀ ਦੱਸ ਕੇ ਕੀ ਤੇਰੀ ਪ੍ਰਤਿਭਾ ਖੋਹ ਲੈਂਦਾ ? - ਮੈਂ ਤੇਰੀ ਥਾਂ ਹੁੰਦਾ ਤਾਂ ਇਸ ‘ਵਿਚਾਰੇ‘ ਉੱਤੇ ਹੱਸ ਛੱਡਦਾ ਕਿ ਕਿੰਨਾਂ ਛੋਟਾ ਬੰਦਾ ਹੈ ! ਗਰੀਬੜਾ ! (ਜਿਹੜੇ ਪੰਜਾਬੀ ਫਿਲਮਕਾਰ ਪਾਕਿਸਤਾਨੀ ਫਿਲਮਾਂ ਦੀ ਨਕਲ ਕਰਦੇ ਰਹੇ ਉਹਨਾਂ ‘ਚੋਂ ਕੋਈ ਵੀ ‘ਗੁਲਜ਼ਾਰ‘ ਬਣ ਸਕਿਆ ? - ਬਸ ਪੈਸੇ ਜ਼ਰੂਰ ਕਮਾ ਗਏ - ਉਹ ਵੀ ‘ਪੰਜੀਆਂ‘, ‘ਦਸੀਆਂ‘। ਹੁਣ ਕਿਧਰੇ ਨਾ-ਨਮੂਨਾ ਵੀ ਨਹੀਂ ਉਹਨਾਂ ਦਾ।) ਹਾਲੇ ਸਿਰਫ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੀ ਪੀੜ੍ਹੀ ਦੀਆਂ ਸੌ ਸਮੱਸਿਆਵਾਂ ਹਨ। (ਸਾਡੇ ਨਾਲੋਂ ਸੌ ਗੁਣਾ ਗੁੰਝਲਦਾਰ ਵੀ।) ਪਰ ਦੋਸਤ ਸੱਚ ਤਾਂ ਫੇਰ ਵੀ ਉਹੋ ਹੈ। ਫਰੀਦ ਤੋਂ ਸੱਤ ਸਦੀਆਂ ਬਾਦ ਵੀ ਕੋਈ ਉਹਦੀ ਪ੍ਰਤਿਭਾ ਖੋਹ ਸਕਿਆ ਹੈ ?
ਦੂਸਰੀ ਗੱਲ ਇਹ ਕਿ ਪ੍ਰਤਿਭਾ ਨਿੱਜੀ ‘ਪ੍ਰਾਪਤੀਆਂ‘ ਲਈ ਨਹੀਂ ਵਰਤੀ ਜਾਂਦੀ। ਇਹਦਾ ਭਾਵ ਨਿੱਜੀ ਲਾਭਾਂ ਲਈ ਸਿਰਫ ਤੇਜ਼ ਤੇ ‘ਚਲਾਕ‘ ਦਿਮਾਗ ਕਾਫੀ ਹੁੰਦਾ ਹੈ)। ਇਹ ਹੁੰਦਾ ਹੀ ਸਮਾਜ ਤੇ ਸਾਹਿਤ (ਜਾਂ ਕਲਾ) ਲਈ ਹੈ। ਜੇ ਤੁਸੀਂ ਇਹਨੂੰ ‘ਨਿੱਜੀ‘ ਵਸਤੂ ਬਣਾ ਕੇ ਬਚ ਜਾਓ ਤਾਂ ਹੀਰਾ ਧਰਤੀ ਵਿਚ ਦੱਬ ਕੇ ਰੱਖਣ ਵਰਗੀ ਬੇਅਰਥ ਕਿਰਿਆ ਬਣ ਕੇ ਰਹਿ ਜਾਂਦੀ ਹੈ (‘ਕਿਰਿਆ‘ ਵੀ ਇਹ ਨਹੀਂ ਹੁੰਦੀ - ਸਗੋਂ ਜ਼ਿੰਦਗੀ ਨੂੰ ਕੌਡੀ ਬਦਲੇ ਗੁਆਉਣ ਵਾਲੀ ਗੱਲ ਹੁੰਦੀ ਹੈ)।
ਬਹੁਤ ਫਜ਼ੂਲ ਜਿਹੀਆਂ ਗੱਲਾਂ ਹਨ। ਕਿਉਂਕਿ ਇਹ ‘ਆਦਰਸ਼ਕ‘ ਹਨ। ਪਰ ਨਹੀਂ - ਮੈਂ ਇਹਨਾਂ ਨੂੰ ਸੱਚਮੁੱਚ ਹੀ ‘ਵਿਗਿਆਨਿਕ‘ ਤੇ ਸੱਚ ਮੰਨਦਾ ਹਾਂ - ਆਦਰਸ਼ਕ ਨਹੀਂ। ਤੁਸੀਂ ‘ਨਵੇਂ ਮੁੰਡੇ‘ ਕੁਝ ਵੀ ਸੋਚੋ - ਇਹਦੇ ਨਾਲ ਘੱਟੋ-ਘੱਟ ਮੇਰਾ ਉੱਕਾ ਕੋਈ ਵਿਰੋਧ ਨਹੀਂ। (ਹੋ ਸਕਦਾ ਹੈ, ਸਾਡਾ -ਭਾਵ ਮੇਰੇ ਜਿਹੇ ‘ਬੌਡਿਆਂ‘ ਦੀ ਸੋਚ/ਸਮਝ ਹੀ ਗ਼ਲਤ ਹੋਵੇ - ਪਰ ਹੁਣ ਇਹ ਛੱਡ ਥੋੜ੍ਹੋ ਸਕਦੇ ਹਾਂ।)
ਤੈਨੂੰ ਇਕ ਹਾਸੇ ਵਾਲੀ ਗੱਲ ਸੁਣਾਵਾਂ ? - ਸੁਣ। ਜਦੋਂ ‘ਮੜ੍ਹੀ ਦਾ ਦੀਵਾ‘ ਨਾਲ ਮੇਰਾ ਚੰਗਾ ਨਾਂ ਹੋ ਗਿਆ ਤਾਂ ਦਿੱਲੀ ਵਿਚ ਪੰਜਾਬ ਦਾ ਇਕ ਕਾਲਜ ਅਧਿਆਪਕ ‘ਗੁਰਦਿਆਲ ਸਿੰਘ‘ ਬਣ ਕੇ ਦਿੱਲੀ ਦੇ ‘ਉਪਾਸਕਾਂ‘ ਤੋਂ ਦਾਅਵਤਾਂ ਖਾਂਦਾ ਫਿਰਿਆ। ਜਦੋਂ ਮੈਨੂੰ ‘ਦਾਅਵਤਾਂ‘ ਖੁਆਉਣ ਵਾਲਿਆਂ ਕਈ ਸਾਲ ਬਾਦ ਇਹ ਦੱਸਿਆ - ਉਦੋਂ ਉਹ ਬੰਦਾ ਪੰਜਾਬ ਆ ਚੁੱਕਿਆ ਸੀ। ਮੈਂ ਉਹਨੂੰ ਵੀਹ ਵਾਰ ਮਿਲਿਆ ਹਾਂ, ਪਰ ਕਦੇ ਉਹਨੂੰ ਉਲਾਂਭਾ ਨਹੀਂ ਦਿੱਤਾ। ਹੱਸ ਕੇ ਮਿਲਦਾ ਹਾਂ। ਤਰਸ ਖਾਂਦਾ ਹਾਂ - ਕਿਉਂਕਿ ਹੁਣ ਤੱਕ ਵੀ ਉਹ ਵਿਚਾਰਾ ‘ਗੁਰਦਿਆਲ ਸਿੰਘ‘ ਨਹੀਂ ਬਣ ਸਕਿਆ ! (ਬੰਦਾ ਘੁੱਗੂ ਨਹੀਂ ਸੀ - ਆਪਣੇ ਖੇਤਰ ‘ਚ ਕੁਝ ਕੰਮ ਕਰਕੇ ਉਹਨੇ ‘ਛੋਟਾ ਜਿਹਾ‘ ਸ਼੍ਰੋਮਣੀ ਪੁਰਸਕਾਰ ਵੀ ਮਗਰੋਂ ਲੈ ਲਿਆ।) ਬਸ ‘ਚਲਾਕ ਬੁੱਧੀਵਾਨ‘ ਸੀ, ਪ੍ਰਤਿਭਾਸ਼ਾਲੀ ਨਹੀਂ।)
ਇਹ ਤਾਂ ਨਹੀਂ ਕਹਾਂਗਾ ਕਿ ਕੋਈ ਮੇਰੀ ਕਾਰਬਨ ਕਾਪੀ ਬਣ ਜਾਏਗੀ, ਹਰ ਬੰਦਾ ਆਪਣੀ ਮਿਸਾਲ ਆਪ ਹੀ ਹੁੰਦਾ ਹੈ - ਨਹੀਂ ਤਾਂ ਉਹ ਬੰਦਾ ਹੀ ਨਹੀਂ ਹੋ ਸਕਦਾ - ਮਸ਼ੀਨ ਹੋ ਸਕਦਾ ਹੈ। ਜਿਵੇਂ ਤਾਲਸਤਾਏ ਇਸੇ ਕਰਕੇ ਮਹਾਨ ਹੈ ਕਿ ਉਹਦਾ ਇਕ ਵੀ ਪਾਤਰ ਦੂਜੇ ਨਾਲ ਨਹੀਂ ਮਿਲਦਾ। (ਕਹਿੰਦੇ ਹਨ ਬੰਦੇ ਨਹੀਂ ਉਹਦੇ ਕੁੱਤਿਆਂ ਤੇ ਘੋੜਿਆਂ - ਏਥੋਂ ਤੱਕ ਕਿ ਪੰਛੀਆਂ ਦੇ ੋਫੀ ਵੀ ਵੱਖਰੇ ਸਨ। ‘ਅੱਨਾ ਕਾਰਨੀਨਾ‘ ਵਿਚ ਇਕ ਕਿਰਸਾਣ ਦਾ ‘ਬੁੱਢਾ‘ ਕੁੱਤਾ ਸਾਧਾਰਨ ਕੁੱਤਾ ਹੈ ਹੀ ਨਹੀਂ - ਉਹ ਇਕ ਫੀ ਹੈ। ਮੈਂ ਉਹਨੂੰ ਕੁੱਤੇ ਵਜੋਂ ਕਦੇ ਦੇਖ ਹੀ ਨਹੀਂ ਸਕਿਆ।) ਪਰ ਸਿਰਫ ਇਹ ਕਹਿਣਾ ਹੈ ਕਿ ਇਹ ‘ਬਰਾੜ‘, ‘ਸਿੱਧੂ‘ ਕੁਝ ਵੀ ਬਣ ਜਾਣ ਪਰ ਪੰਜਾਬੀ ਵਿਚ ਬਲਦੇਵ ਸਿੰਘ ਧਾਲੀਵਾਲ ਹੋਰ ਇਕ ਵੀ ਨਹੀਂ ਹੋ ਸਕਦਾ। (ਇਹ ਕੋਈ ਸ਼ੁਭ ਇੱਛਾ ਨਹੀਂ - ਵਿਗਿਆਨਿਕ ਸੱਚ ਹੈ।) ਬਹੁਤ ਫਜ਼ੂਲ, ਊਲ-ਜਲੂਲ ਬੋਲ ਗਿਆ ਹਾਂ - ਸੋ ਇਹਦੇ ਲਈ ਖਿਮਾ। ਹੁਣ ਠੀਕ ਲੱਗੇ ਤਾਂ ਉਸ ਬਾਰੇ ਸੋਚੀਂ (ਮੰਨਣਾ ਤਾਂ ਉੱਕਾ ਹੀ ਜ਼ਰੂਰੀ ਨਹੀਂ - ਤੇ ਅਕਸਰ ਚੰਗਾ ਵੀ ਨਹੀਂ ਹੁੰਦਾ। ਹਰੇਕ ਦੀ ਗੱਲ ਮੰਨਣ ਵਾਲੇ ਲੋਕ ਸੱਚਮੁੱਚ ਹੀ ਕਮਜ਼ੋਰ ਹੁੰਦੇ ਹਨ।) ਪਰਿਵਾਰ ਨੂੰ ਨਿੱਘੀ ਯਾਦ !
ਤੇਰਾ ਵੀਰ,
ਗੁਰਦਿਆਲ ਸਿੰਘ
( 'ਸੀਰਤ' 'ਚੋਂ ਧੰਨਵਾਦ ਸਹਿਤ)

Sunday, September 28, 2014

ਜਿਉਂਦੇ ਰਹਿਣ ਦੀ ਮੂਲ-ਪ੍ਰਵਿਰਤੀ\ Gurdial Singh


ਇਕ ਮਹਾਨ ਚਿੰਤਕ, ਦਾਰਸ਼ਨਿਕ ਦੀ ਇਹ ਟਿੱਪਣੀ ਸਮਝਣੀ ਜ਼ਰੂਰੀ ਹੈ ਕਿ : Ḕਲੋਕਾਂ ਦੀ ਚੇਤਨਾ ਉਨ੍ਹਾਂ ਦੀ ਸ਼ਖ਼ਸੀਅਤ (ਹੋਂਦ) ਦੀ ਸਿਰਜਣਾ ਨਹੀਂ ਕਰਦੀ, ਸਗੋਂ ਲੋਕਾਂ ਦੀ ਸਮਾਜਿਕ-ਹੋਂਦ (ਬਣਤਰ), ਉਨ੍ਹਾਂ ਦੀ ਚੇਤਨਾ ਦੀ ਸਿਰਜਿਕ ਬਣਦੀ ਹੈ।' ਇਸ ਲਈ ਮਨੁੱਖੀ ਰਿਸ਼ਤਿਆਂ ਦਾ ਆਧਾਰ ਸਮਾਜਿਕ ਸਥਿਤੀਆਂ ਹੁੰਦੀਆਂ ਹਨ। ਅੱਗੋਂ ਇਨ੍ਹਾਂ ਸਥਿਤੀਆਂ ਦਾ ਆਧਾਰ ਕਿਸੇ ਵੀ ਸਮਾਜ ਦੀ ਯਥਾਰਥਿਕ ਬਣਤਰ ਹੁੰਦੀ ਹੈ ਜਿਸ ਦੇ ਮੂਲ ਆਧਾਰ ਭੌਤਿਕ ਹੁੰਦੇ ਹਨ। ਪੱਛਮੀ ਵਿਦਵਾਨਾਂ ਨੇ ਮਨੁੱਖ ਦੀਆਂ ਤੇਰਾਂ ਮੂਲ-ਪ੍ਰਵਿਰਤੀਆਂ (ਕੁਦਰਤੀ ਵੱਸਫ਼ ਜੋ ਜਮਾਂਦਰੂ ਹੋਣ) ਦੱਸੀਆਂ ਹਨ। ਪਰ ਇਹ ਸਾਰੀਆਂ ਮੂਲ ਰੂਪ ਵਿਚ ਜੀਵਾਂ ਦੇ ਜਿਉਂਦੇ ਰਹਿਣ ਦੀ ਪ੍ਰਵਿਰਤੀ 'ਚੋਂ ਹੀ ਪੈਦਾ ਹੁੰਦੀਆਂ ਹਨ। ਜੋ ਵੀ ਵਿਕਾਰ ਜਾਂ ਗੁਣ ਮਨੁੱਖ ਅੰਦਰ ਪੈਦਾ ਹੁੰਦੇ ਹਨ, ਉਹ ਅਸਲ ਵਿਚ ਵਿਸ਼ੇਸ਼ ਸਮਾਜ ਅੰਦਰ ਜਿਉਂਦੇ ਰਹਿਣ ਲਈ ਕੀਤੇ ਯਤਨਾਂ ਤੇ ਕਿਰਿਆਵਾਂ ਦਾ ਸਿੱਟਾ ਹੁੰਦੇ ਹਨ। ਸਦੀਆਂ ਤੋਂ ਧਾਰਮਿਕ ਤੇ ਨੈਤਿਕ ਸਿੱਖਿਆ ਰਾਹੀਂ ਮਾਨਵੀ ਗੁਣਾਂ ਲਈ ਅਤਿਅੰਤ ਘਾਤਕ ਦੱਸੇ ਜਾਂਦੇ ਪੰਜ ਵਿਕਾਰ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਇਹ ਸਾਰੇ ਸਮਾਜਿਕ ਜੀਵਨ ਦੇ ਯਥਾਰਥਿਕ ਆਧਾਰਾਂ ਦੇ ਸਿੱਟੇ ਹਨ। ਕਾਮ ਨੂੰ ਸਿਰਫ ਕੁਝ ਮਹਾਨ ਸਾਧੂ-ਸੰਤ ਹੀ ਵੱਸ ਵਿਚ ਰੱਖ ਸਕਦੇ ਹਨ ਆਮ ਲੋਕ ਨਹੀਂ। ਬਾਕੀ ਚਾਰ ਵਿਕਾਰ ਵੀ ਕਿਸੇ ਦੇ ਨਿੱਜੀ ਯਤਨਾਂ ਰਾਹੀਂ ਵੱਸ ਵਿਚ ਨਹੀਂ ਰਹਿੰਦੇ। ਜਦੋਂ ਜਿਉਂਦੇ ਰਹਿਣ ਲਈ, ਵਰਤਮਾਨ ਸਮਾਜਾਂ ਅੰਦਰ ਜੋ ਕੁਝ ਵੀ ਕੰਮ-ਕਾਰ ਕਰਨੇ ਪੈਂਦੇ ਹਨ ਉਨ੍ਹਾਂ ਕਾਰਨ ਇਹ ਵਿਕਾਰ ਆਪਣੇ-ਆਪ ਪੈਦਾ ਹੋ ਜਾਂਦੇ ਹਨ। (ਘਟ, ਵਧ ਇਹ ਹਰ ਮਨੁੱਖ ਦੀ ਦਿਮਾਗੀ ਸਮਰੱਥਾ ਤੇ ਸੰਵੇਦਨਾ ਕਾਰਨ ਹੁੰਦੇ ਹਨ।) ਏਥੇ ਕੁਝ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਕਿਸੇ ਕਾਮੇਂ ਨੂੰ ਜਦੋਂ ਉਸ ਦੇ ਕੰਮ ਦਾ ਮਿਹਨਤਾਨਾ ਪੂਰਾ ਨਹੀਂ ਦਿੱਤਾ ਜਾਂਦਾ (ਜੋ ਵਰਤਮਾਨ ਸਮਾਜਾਂ ਦਾ ਆਮ ਵਤੀਰਾ ਹੈ) ਉਦੋਂ ਗੁੱਸਾ ਆਉਂਦਾ ਹੈ ਜੋ ਨਿਰੰਤਰ ਹੁੰਦੇ ਧੱਕੇ ਕਾਰਨ ਅਖੀਰ ਕਰੋਧ ਦਾ ਰੂਪ ਧਾਰਨ ਕਰ ਲੈਂਦਾ ਹੈ। ਉਸ ਨੂੰ ਘੱਟ ਮਜ਼ਦੂਰੀ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਘੱਟ ਪੈਸੇ ਨਾਲ ਉਹ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਇਸੇ ਕਾਰਨ ਇਹ ਧਾਰਨਾ ਬਣੀ ਕਿ ਕ੍ਰੋਧ ਦਾ ਮਾਰਿਆ ਬੰਦਾ ਨਰਕ 'ਚ ਪੈ ਜਾਂਦਾ ਹੈ।' ਲੋਭ ਦਾ ਮੂਲ ਕਾਰਨ ਵੀ ਜਿਉਂਦੇ ਰਹਿਣ ਲਈ ਅਨਿਸਚਿਤਤਾ ਹੈ। ਵਰਤਮਾਨ ਸਮਾਜ ਅੰਦਰ ਕੋਈ ਨਹੀਂ ਕਹਿ ਸਕਦਾ ਕਿ ਕੱਲ੍ਹ ਨੂੰ ਉਸ ਕੋਲ ਜਿਉਂਦੇ ਰਹਿਣ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਧਨ ਹੋਣਗੇ ਜਾਂ ਨਹੀਂ। ਅਜਿਹੀ ਅਨਿਸਚਤਤਾ ਹੀ ਲੋਭ ਪੈਦਾ ਕਰਦੀ ਹੈ। ਇੰਝ ਲੋਭ ਹੌਲੀ ਹੌਲੀ ਆਦਤ ਬਣਦਾ ਹੈ ਤੇ ਫੇਰ ਮਾਨਸਿਕਤਾ 'ਚ ਬਦਲ ਜਾਂਦਾ ਹੈ। ਜਿਸ ਸਮਾਜ ਦਾ ਵਿਧਾਨ ਤੇ ਕਾਨੂੰਨ ਕਿਸੇ ਵੀ ਧਨ, ਜਾਇਦਾਦ ਕੱਠੀ ਕਰਨ ਦੀ ਖੁੱਲ੍ਹ ਤੇ ਮੌਕੇ ਦਿੰਦੇ ਹਨ ਤਾਂ ਲੋਭ ਕਰੋੜਾਂ, ਅਰਬਾਂ, ਖਰਬਾਂ ਤੇ ਧਨ ਜਾਇਦਾਦ ਨਾਲ ਵੀ ਖਤਮ ਨਹੀਂ ਹੁੰਦਾ। ਇਸੇ ਕਾਰਨ ਮਾਨਵੀ ਰਿਸ਼ਤੇ ਖਤਮ ਹੋ ਜਾਂਦੇ ਹਨ। (ਇਹਦੀ ਵੱਡੀ ਮਿਸਾਲ ਅੰਬਾਨੀ ਭਰਾਵਾਂ ਅੰਦਰ ਪੈਦਾ ਹੋਇਆ ਦੁਫੇੜ ਹੈ। ਅਜਿਹੀਆਂ ਮਿਸਾਲਾਂ ਆਮ ਆਦਮੀ ਤੋਂ ਲੈ ਕੇ ਸੰਸਾਰ ਦੇ ਸਭ ਤੋਂ ਧਨਾਢ ਲੋਕਾਂ ਤੱਕ ਮਿਲ ਜਾਂਦੀਆਂ ਹਨ।) ਮੋਹ ਨੂੰ ਇਸ ਕਾਰਨ ਨਿੰਦਿਆ ਜਾਂਦਾ ਹੈ ਕਿ ਧਾਰਮਿਕ ਵਿਸ਼ਵਾਸ ਅਨੁਸਾਰ ਇਹ ਮਿਥਿਆ' (ਮਾਇਆ) ਹੈ। ਪਰ ਮਨੁੱਖ ਹੀ ਨਹੀਂ, ਹਰ ਜੀਵ ਆਪਣੇ ਬੱਚਿਆਂ ਨੂੰ ਮੋਹ ਤੋਂ ਬਿਨਾਂ ਪਾਲ਼ ਵੀ ਨਹੀਂ ਸਕਦਾ। ਚਿੜੀਆਂ ਵੀ ਆਪਣੇ ਬੱਚਿਆਂ ਲਈ ਚੋਗਾ ਲਿਆਉਂਦੀਆਂ ਹਨ। ਮਨੁੱਖ ਆਪਣੇ ਆਪ ਨੂੰ, ਮਰਨ ਪਿੱਛੋਂ ਵੀ ਜਿਉਂਦੇ ਰਹਿਣ ਦੀ ਤੀਬਰ ਇੱਛਾ ਕਾਰਨ, ਆਪਣੇ ਪੁੱਤ-ਪੋਤਿਆਂ ਰਾਹੀਂ ਆਪਣਾ (ਝੂਠਾ ਹੀ ਸਹੀ) Ḕਵਜੂਦ' (ਨਾਂ) ਕਾਇਮ ਰੱਖਣਾ ਚਾਹੁੰਦਾ ਹੈ। ਇਸੇ ਕਾਰਨ ਬੱਚਿਆਂ ਨਾਲ ਮੋਹ-ਪਿਆਰ ਕਾਇਮ ਰੱਖ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦਾ ਹੈ। ਜੇ ਉਹਦੇ ਬੱਚੇ ਜਵਾਨ ਹੋ ਕੇ, ਬੁੱਢੇ-ਵਾਰੇ ਉਸ ਦਾ ਧਿਆਨ ਨਹੀਂ ਕਰਦੇ (ਭਾਵ-ਮੋਹ ਭੰਗ ਹੋ ਜਾਂਦਾ ਹੈ) ਤਾਂ ਇਹਦੇ ਕਾਰਨ ਵੀ ਸਮਾਜ ਦੀ ਅਣਮਨੁੱਖੀ ਬਣਤਰ ਦਾ ਸਿੱਟਾ ਹਨ (ਨਿੱਜੀ ਵਰਤਾਰਾ ਜਾਂ ਵਿਕਾਰ ਨਹੀਂ)। ਜਿਸ ਸਮਾਜ ਅੰਦਰ ਜਿਉਂਦੇ ਰਹਿਣ ਲਈ ਲੋਭ-ਲਾਲਚ, ਜਿਉਂਦੇ ਰਹਿਣ ਤੇ ਮਾਣ-ਇੱਜ਼ਤ ਬਣਾਈ ਰੱਖਣ ਲਈ ਜ਼ਰੂਰੀ ਹੈ, ਤਾਂ ਅਕਸਰ ਆਮ ਆਦਮੀ ਦਾ ਹਰ ਸਮੇਂ ਧਿਆਨ ਉਸ ਪਾਸੇ ਰਹਿਣਾ ਸੁਭਾਵਕ ਹੈ। ਇਸੇ ਕਾਰਨ ਸਿੱਟਾ ਇਹੋ ਹੋਏਗਾ ਕਿ ਉਹ ਆਪਣੇ ਮਾਪਿਆਂ ਤੇ ਵਡੇਰਿਆਂ ਵੱਲ ਧਿਆਨ ਨਹੀਂ ਦੇ ਸਕੇਗਾ ਕਿਉਂਕਿ ਕੰਮਾਂ-ਕਾਰਾਂ ਤੋਂ ਹੀ ਛੁਟਕਾਰਾ ਨਹੀਂ ਮਿਲ ਸਕੇਗਾ। ਉਂਝ ਵੀ ਮੋਹ ਦੇ ਰਿਸ਼ਤੇ ਖਤਮ ਹੋਣ ਨਾਲ ਜੀਵਨ ਅਕਾਊ ਤੇ ਅਮਾਨਵੀ ਹੋ ਜਾਏਗਾ। (ਮੋਹ ਦੀ ਨਿੰਦਿਆ, ਧਾਰਮਿਕ ਤੌਰ 'ਤੇ ਇਸ ਲਈ ਕੀਤੀ ਜਾਂਦੀ ਰਹੀ ਹੈ ਕਿ ਮੋਕਸ਼ ਦੀ ਪ੍ਰਾਪਤੀ ਜੀਵਨ ਦੀ ਇਕੋ ਇਕ ਪ੍ਰਾਪਤੀ ਮੰਨੀ ਜਾਂਦੀ ਹੈ।) ਇਹਦਾ ਆਧਾਰ ਆਤਮਾ ਦੇ ਅਮਰ ਹੋਣ ਦਾ ਵਿਸ਼ਵਾਸ ਹੈ। ਜੇ ਮਨੁੱਖ ਇਹ ਜੀਵਨ ਪ੍ਰਮਾਤਮਾ ਦੀ ਭਗਤੀ ਵਿਚ ਨਹੀਂ ਬਿਤਾਏਗਾ ਤਾਂ ਆਤਮਾ ਨੂੰ ਵਾਰ ਵਾਰ ਜੰਮਣ, ਮਰਨ ਦਾ ਅਸਹਿ ਕਸ਼ਟ ਸਹਿਣਾ ਪਏਗਾ, ਤੇ ਉਹ ਵੀ ਚੁਰਾਸੀ ਲੱਖ ਵਾਰ। ਅਜਿਹੀ ਦਸ਼ਾ ਭਿਆਨਕ ਹੈ। ਇਸ ਲਈ ਮੋਕਸ਼ ਦੀ ਪ੍ਰਾਪਤੀ ਲਈ ਸੰਸਾਰਕ ਮੋਹ ਦਾ ਤਿਆਗ ਕਰਨਾ ਲਾਜ਼ਮੀ ਹੈ। ਪਰ ਕੀ ਤਿਆਗੀ, ਸਾਧੂ-ਸੰਤਾਂ, ਹਠੀਆਂ-ਤਪੀਆਂ ਤੋਂ ਬਿਨਾਂ ਕੋਈ ਵੀ ਆਮ ਆਦਮੀ ਮੋਹ ਦਾ ਤਿਆਗ ਕਰ ਸਕਦਾ ਹੈ? ਉੱਤਰ ਹੈ: ਨਹੀਂ (ਇਸ ਲਈ ਮੋਹ (ਪਿਆਰ) ਵਿਕਾਰ ਨਹੀਂ)। ਪੰਜਾਬੀ ਵਿਚ ਸ਼ਬਦ ਮੋਹ-ਪਿਆਰ' ਕੱਠਾ ਵਰਤਿਆ ਜਾਂਦਾ ਹੈ। (ਭਾਵੇਂ ਮੋਹ ਤੇ ਪਿਆਰ ਦੇ ਅਰਥ ਕੁਝ ਵੱਖਰੇ ਹਨ।) ਮੋਹ ਜਾਂ ਪਿਆਰ ਤੋਂ ਬਿਨਾਂ ਮਨੁੱਖੀ ਰਿਸ਼ਤੇ ਕਾਇਮ ਨਹੀਂ ਰਹਿ ਸਕਦੇ। ਚਾਹੇ ਇਹ ਮੋਹ ਮਾਂ ਦਾ ਆਪਣੇ ਬੱਚੇ ਨਾਲ ਹੋਵੇ ਜਾਂ ਇਸਤਰੀ-ਮਰਦ ਦਾ (ਜਾਂ ਪਰਿਵਾਰਕ ਜੀਆਂ ਦਾ ਆਪੋ-ਵਿਚ ਹੋਵੇ।) ਮੋਹ ਤੋਂ ਬਿਨਾਂ ਸਮਾਜਿਕ ਜੀਵਨ ਦੀਆਂ ਸਭ ਤੰਦਾਂ ਟੁੱਟ ਜਾਂਦੀਆਂ ਹਨ। ਇਸਦੇ ਟੁੱਟਣ ਦੇ ਮੂਲ ਕਾਰਨ, ਅਮਾਨਵੀ ਕਦਰਾਂ-ਕੀਮਤਾਂ ਵਿਚ ਗ੍ਰੱਸੇ ਸਮਾਜ ਦੀ ਬਣਤਰ ਹੈ (ਜਿਸ ਦਾ ਆਰੰਭ ਵਿਚ ਜ਼ਿਕਰ ਆਇਆ ਹੈ)। ਵਰਤਮਾਨ ਸਮਾਜਾਂ ਦਾ ਆਧਾਰ ਲੋਭ-ਲਾਲਚ ਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੀ, ਅਣਮਨੁੱਖੀ ਮਾਨਸਿਕਤਾ ਹੈ ਜੋ ਉਦੋਂ ਤੱਕ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਅਤਿ ਦੀ ਗਰੀਬੀ ਤੇ ਅਤਿ ਦੀ ਅਮੀਰੀ ਦਾ ਫਰਕ ਖਤਮ ਨਹੀਂ ਹੁੰਦਾ। ਪਰ ਇਹ ਵੱਡਾ ਪਾੜਾ ਖਤਮ ਕਰਨਾ ਤਾਂ ਦੂਰ, ਵਰਤਮਾਨ ਸਮਾਜਾਂ ਦੀ ਬਣਤਰ ਵਿਚ ਇਹਨੂੰ ਘਟਾਉਣਾ ਵੀ ਆਸਾਨ ਨਹੀਂ। (ਮਿਸਰ ਦਾ ਪ੍ਰਧਾਨ ਹੁਸੇਨੀ ਮੁਬਾਰਕ ਇਸੇ ਵਿਕਾਰ ਦਾ ਸ਼ਿਕਾਰ ਸੀ। ਉਸ ਨੇ ਤੀਹ ਸਾਲ ਤੱਕ ਡਿਕਟੇਟਰ ਬਣ ਕੇ, ਖੁਦ ਅਰਬਾਂ ਡਾਲਰ ਕੱਠੇ ਕੀਤੇ ਪਰ ਦੇਸ਼ ਦੀ ਅੱਠ ਕਰੋੜ ਦੀ ਅਬਾਦੀ ਵਿਚੋਂ ਘੱਟੋ ਘੱਟ ਪੰਜ ਕਰੋੜ ਨੂੰ ਨਰਕ ਭੋਗਣ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ। ਸਿੱਟੇ ਵਜੋਂ ਨਰਕ ਭੋਗਦੇ ਲੋਕਾਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਉਸ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ। (ਭਾਵੇਂ ਤਿੰਨ ਸੌ ਨਾਗਰਿਕ ਮਾਰੇ ਗਏ ਤੇ ਹਜ਼ਾਰਾਂ ਜ਼ਖਮੀ ਹੋਏ)। ਮਾਨਵੀ ਜੀਵਨ ਦਾ ਪੰਜਵਾਂ ਵਿਕਾਰ ਹੰਕਾਰ ਹੈ। ਇਹਦਾ ਆਧਾਰ ਵੀ ਸਮਾਜਿਕ ਹੈ। ਉਪਰੋਕਤ ਵੇਰਵਿਆਂ ਅਨੁਸਾਰ ਜਿਉਂਦੇ ਰਹਿਣ ਦੀ (ਜਿਸ ਵਿਚ ਮਾਣ-ਇੱਜ਼ਤ ਸ਼ਾਮਲ ਹੈ) ਪ੍ਰਵਿਰਤੀ ਕਾਰਨ ਹੀ ਲੋਭ-ਲਾਲਚ ਦੀ ਮਾਨਸਿਕਤਾ ਪੈਦਾ ਹੁੰਦੀ ਹੈ। ਜਿਸ ਸਮਾਜ ਅੰਦਰ ਕਰੋੜਾਂ ਲੋਕ ਗਰੀਬੀ ਦਾ ਸੰਤਾਪ ਭੋਗਦੇ ਹੋਣ ਤੇ ਸੱਤਾਧਾਰੀ ਵਰਗਾਂ ਨੇ ਬਹੁਤ ਘੱਟ ਗਿਣਤੀ ਦੇ ਚਲਾਕ ਤੇ ਬੇਈਮਾਨ ਬੰਦਿਆਂ ਨੂੰ ਦੇਸ਼ ਦੀ ਹਰ ਤਰ੍ਹਾਂ ਦੀ ਉਪਜ ਕਰਨ ਤੇ ਕੁਦਰਤੀ ਸੋਮਿਆਂ ਦੀ ਲੁੱਟ ਦਾ ਕਾਨੂੰਨੀ ਤੇ ਵਿਧਾਨਿਕ ਅਧਿਕਾਰ ਦਿੱਤਾ ਹੋਵੇ, ਤਾਂ ਧਨਾਢਾਂ ਤੇ ਉਨ੍ਹਾਂ ਨਾਲ ਜੁੜੇ ਵਪਾਰੀਆਂ, ਪ੍ਰਬੰਧਕਾਂ ਤੇ ਉਦਯੋਗਾਂ ਦੇ ਮਾਹਰ ਬੰਦਿਆਂ ਅੰਦਰ ਹੰਕਾਰ ਪੈਦਾ ਹੋਣਾ ਸੁਭਾਵਕ ਹੈ। ਪਰ ਚਿੰਤਾ ਵਾਲੀ ਹਾਲਤ ਇਹ ਹੈ ਕਿ ਉਨ੍ਹਾਂ ਦਾ ਹੰਕਾਰ ਪੂਰੇ ਸਮਾਜ ਅੰਦਰ ਹੀ ਛੂਤ ਦੀ ਬਿਮਾਰੀ ਵਾਂਗ ਫੈਲਦਾ ਜਾਂਦਾ ਹੈ। ਅਜਿਹੇ ਸਮਾਜ ਦਾ ਹਰ ਬੰਦਾ ਹੰਕਾਰੀ ਬਣ ਜਾਂਦਾ ਹੈ। (ਸਾਡੇ ਇਕ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ, Ḕਆਪ ਤੋਂ ਮਾੜੇ 'ਤੇ ਦਿਨ ਵਿਚ ਨੌਂ ਵਾਰੀ ਗੁੱਸਾ ਆਉਂਦਾ ਹੈ) ਤਗਾਰੀ ਚੁਕਣ ਵਾਲਾ ਮਜ਼ਦੂਰ (ਜੋ ਸਾਡੇ ਸਮਾਜ ਅੰਦਰ ਸਭ ਤੋਂ ਹੇਠਲਾ ਬੰਦਾ ਹੈ) ਆਪਣੇ ਰਾਜ-ਮਿਸਤਰੀ ਤੋਂ ਲੈ ਕੇ ਉਸਾਰੀ ਕਰਵਾਉਣ ਵਾਲੇ ਬੰਦੇ ਦਾ ਹੀ ਨਹੀਂ, ਨਿਰਧਨ ਹੋਣ ਕਾਰਨ, ਧਨ-ਜਾਇਦਾਦ ਵਾਲੇ ਹਰ ਬੰਦੇ ਦੇ ਹੰਕਾਰ ਦਾ ਸੰਤਾਪ ਭੋਗਦਾ ਹੈ। ਪ੍ਰਤੀਕਰਮ ਵਜੋਂ ਉਹ ਵੀ ਹੰਕਾਰੀ (ਗੁੱਸੇਖੋਰ) ਹੋ ਜਾਂਦਾ ਹੈ। ਏਥੇ ਇਕ ਨਿੱਜੀ ਮਿਸਾਲ ਕੁਥਾਂ ਨਹੀਂ ਲੱਗਦੀ। ਕਿਸੇ ਟੀਵੀ ਇੰਟਰਵਿਊ ਵਿਚ, ਅਜਿਹੀ ਗੱਲ ਪੁੱਛੀ ਗਈ ਜੋ ਆਮ ਤੌਰ 'ਤੇ ਪੁੱਛੀ ਨਹੀਂ ਜਾਂਦੀ। ਪੁੱਛਿਆ ਗਿਆ ਕਿ, Ḕਤੁਹਾਨੂੰ ਸਭ ਤੋਂ ਘਿਨਾਉਣਾ ਦ੍ਰਿਸ਼ ਕਿਹੜਾ ਲੱਗਦਾ ਹੈ?' ਮੇਰਾ ਜਵਾਬ ਸੀ,ਬੰਦੇ ਅੱਗੇ ਝੁਕਿਆ ਬੰਦਾ।' ਜਿਸ ਸਮਾਜ ਅੰਦਰ ਅਤਿ ਗਰੀਬੀ ਭੋਗਦੇ ਬੰਦੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੂੰ ਕਿਸੇ ਨਾ ਕਿਸੇ ਅੱਗੇ ਝੁਕਣਾ ਪੈਂਦਾ ਹੋਵੇ ਉਥੇ ਹੰਕਾਰ ਕਿੰਝ ਖਤਮ ਕੀਤਾ ਜਾ ਸਕਦਾ ਹੈ? ਆਪ ਤੋਂ ਨੀਵੇਂ (ਮਾੜੇ) ਬੰਦੇ ਨੂੰ ਆਪਣੇ ਅੱਗੇ ਝੁਕਾਉਣ ਵਾਲਾ ਹਰ ਬੰਦਾ ਹੰਕਾਰੀ ਹੁੰਦਾ ਹੈ। ਨੌਕਰੀਆਂ ਦੇਣ ਵਾਲੇ ਅਫ਼ਸਰ, ਵਜ਼ੀਰ, ਰਾਜਨੀਤਕ ਆਗੂ ਤੇ ਵਰਕਰਾਂ ਤੱਕ, ਉਦਯੋਗਪਤੀ, ਵਪਾਰੀ-ਹਰ ਉਹ ਬੰਦਾ ਜਿਸ ਕੋਲ ਧਨ-ਦੌਲਤ (ਚਾਹੇ ਮਾਮੂਲੀ ਵੀ) ਹੈ ਤੇ ਉਹ ਆਪਣੇ ਤੋਂ ਹੇਠਲੇ ਬੰਦੇ ਤੋਂ ਘੱਟ ਤੋਂ ਘੱਟ ਮਿਹਨਤਾਨਾ ਦੇ ਕੇ, ਆਪਣੀ ਮਰਜ਼ੀ ਦਾ ਕੰਮ ਕਰਾਉਣ ਦੇ ਸਮਰੱਥ ਹੈ, ਉਹ ਹੰਕਾਰੀ ਹੀ ਹੋਵੇਗਾ। ਉਸ ਕੋਲ ਭਾਵੇਂ ਦੋ-ਚਾਰ ਜਾਂ ਵਧੇਰੇ ਬੰਦਿਆਂ ਤੋਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਾਉਣ ਦੀ ਸਮਰੱਥਾ (ਧਨ-ਦੌਲਤ) ਹੋਵੇ, ਉਹ ਕਿਵੇਂ ਵੀ ਹੰਕਾਰ ਤੋਂ ਬਚ ਨਹੀਂ ਸਕਦਾ। ਇਨ੍ਹਾਂ ਸਾਰੇ ਵੇਰਵਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਿਸੇ ਹੱਦ ਤੱਕ ਸਮਾਜਵਾਦੀ ਦੇਸ਼ਾਂ ਨੂੰ ਛੱਡ ਕੇ, ਸੰਸਾਰ ਦੇ ਵਰਤਮਾਨ ਸਮਾਜਾਂ ਦੀ ਜਿਹੋ-ਜਿਹੀ ਬਣਤਰ ਤੇ ਹਾਲਾਤ ਹਨ, ਉਨ੍ਹਾਂ ਦੇ ਹੁੰਦਿਆਂ ਕੋਈ ਸਮਾਜ ਜਾਂ ਬੰਦਾ, ਇਨ੍ਹਾਂ ਵਿਕਾਰਾਂ ਤੋਂ ਬਚ ਨਹੀਂ ਸਕਦਾ। ਸਾਧੂ-ਸੰਤ ਤੇ ਤਪੱਸਵੀ ਲੋਕ ਵੀ ਇਨ੍ਹਾਂ ਵਿਕਾਰਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੁੰਦੇ। ਸਾਡੇ ਦੇਸ਼ ਅੰਦਰ ਵੱਖੋ-ਵੱਖਰੇ ਡੇਰਿਆਂ, ਮਠਾਂ ਦੀ ਗਿਣਤੀ ਲੱਖਾਂ ਨਹੀਂ ਤਾਂ ਹਜ਼ਾਰਾਂ ਵਿਚ ਜ਼ਰੂਰ ਹੈ। ਉਨ੍ਹਾਂ ਦੇ ਮੁਖੀ ਬਾਬੇ ਸਮਾਜ ਦੇ ਕਰੋੜਾਂ ਲੋਕਾਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਦਿੰਦੇ ਹਨ। ਪਰ ਉਹ ਜਿਹੜੇ ਵੀ ਆਮ ਲੋਕਾਂ ਨੂੰ ਇਨ੍ਹਾਂ ਵਿਕਾਰਾਂ ਤੋਂ ਬਚਣ ਲਈ ਸਿੱਖਿਆ ਦਿੰਦੇ ਹਨ, ਜੇ ਉਨ੍ਹਾਂ ਦੀ ਪੜਤਾਲ ਕੀਤੀ ਜਾਏ ਤਾਂ ਨਤੀਜੇ ਇਹੋ ਨਿਕਲਣਗੇ ਕਿ ਉਨ੍ਹਾਂ ਦੇ ਉਪਾਸ਼ਕਾਂ ਵਿਚ ਸੌ ਵਿਚੋਂ ਇਕ-ਦੋ ਹੀ ਉਨ੍ਹਾਂ ਬਾਬਿਆਂ ਦੀ ਸਿੱਖਿਆ 'ਤੇ ਮਾੜਾ-ਮੋਟਾ ਅਮਲ ਕਰਨ ਦਾ ਯਤਨ ਕਰਦੇ ਹੋਣਗੇ (ਪੂਰਾ ਨਹੀਂ) ਬਾਕੀ ਪ੍ਰਵਚਨ ਸੁਣਨ ਸਮੇਂ ਜ਼ਰੂਰ ਮਹਿਸੂਸ ਕਰਦੇ ਹੋਣਗੇ ਕਿ, ਹਾਂ ਬਾਬਾ ਜੀ ਠੀਕ ਕਹਿੰਦੇ ਹਨ; ਮੋਕਸ਼ ਦਾ ਰਾਹ ਦੱਸਦੇ ਹਨ', ਪਰ ਡੇਰੇ 'ਚੋਂ ਘਰ ਤੱਕ ਆਉਂਦਿਆਂ ਹੀ ਜਦੋਂ ਸਮਾਜਿਕ ਜੀਵ' ਵਜੋਂ, ਘਰਾਂ, ਮੁਹੱਲਿਆਂ, ਬਜ਼ਾਰਾਂ ਤੇ ਆਪਣੇ ਪਿੰਡ, ਕਸਬੇ ਜਾਂ ਸ਼ਹਿਰ 'ਚੋਂ ਕਿਧਰੇ ਵੀ ਆਪਣੇ ਕਾਰੋਬਾਰ ਤੇ ਕੰਮਾਂ ਲਈ ਜਾਂਦੇ ਹਨ ਤਾਂ ਹਰ ਵਿਕਾਰ ਦਾ ਸ਼ਿਕਾਰ ਹੋ ਜਾਂਦੇ ਹਨ-ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਤੋਂ ਲੈ ਕੇ ਸਮਾਜ ਦੇ ਹਰ ਥਾਂ ਉਤੇ ਉਹ ਵਿਕਾਰ ਮੌਜੂਦ ਰਹਿੰਦੇ ਹਨ। ਇਸ Ḕਚਿੱਕੜ' ਤੋਂ ਬਚ ਕੇ ਉਹ ਦੋ ਕਦਮ ਵੀ ਤੁਰ ਨਹੀਂ ਸਕਦੇ। ਇਹ ਵਿਚਾਰ ਫਿਰ ਦੁਹਰਾਉਣਾ ਜ਼ਰੂਰੀ ਹੈ ਕਿ ਪੰਜੇ ਵਿਕਾਰ (ਤੇ ਹੋਰ ਵੀ ਮਨੁੱਖੀ ਅਉਗਣ ਜੋ ਇਨ੍ਹਾਂ ਕਾਰਨ ਪੈਦਾ ਹੁੰਦੇ ਹਨ), ਵਰਤਮਾਨ ਸਮਾਜਾਂ ਅੰਦਰ ਜਿਉਂਦੇ ਰਹਿਣ ਦੀ ਇਕੋ ਪ੍ਰਵਿਰਤੀ' ਕਾਰਨ ਪੈਦਾ ਹੁੰਦੇ ਹਨ। ਮਨੁੱਖ ਸਮਾਜਿਕ ਜੀਵ ਹੁੰਦਿਆ, ਸਮਾਜ ਵਿਚ, ਡੂੰਘੇ ਧਸੇ ਵਿਕਾਰਾਂ 'ਚੋਂ ਓਵੇਂ ਹੀ ਬਾਹਰ ਨਹੀਂ ਆ ਸਕਦਾ ਜਿਵੇਂ ਕੋਈ ਤੀਲਾ ਉਦੋਂ ਤੱਕ ਕਿਸੇ ਘੁੰਮਣਘੇਰੀ 'ਚੋਂ ਬਾਹਰ ਨਹੀਂ ਆ ਸਕਦਾ ਜਦੋਂ ਤੱਕ ਉਹ ਘੁੰਮਣਘੇਰੀ ਖਤਮ ਨਹੀਂ ਹੁੰਦੀ। ਧਾਰਮਿਕ ਤੇ ਨੈਤਿਕ ਵਿਚਾਰਾਂ ਦੀ ਜੜ, ਅੱਜ ਤੱਕ ਦੇ Ḕਵਿਕਸਿਤ' ਕੀਤੇ ਗਏ ਸਮਾਜ ਹਨ। ਤੇ ਇਹ ਸਮਾਜ ਹਜ਼ਾਰਾਂ ਸਾਲਾਂ ਵਿਚ Ḕਵਿਕਸਿਤ' ਹੋਏ ਹਨ। ਇਨ੍ਹਾਂ ਨੂੰ ਮਾਨਵੀ ਤੇ ਵਿਕਾਰ-ਰਹਿਤ ਬਣਾਉਣ ਲਈ ਪਤਾ ਨਹੀਂ ਅਜੇ ਕਿੰਨਾ ਸਮਾਂ ਲੱਗਣਾ ਹੈ। ਪਰ ਇਹ ਬਹੁਤ ਕੌੜੀ ਸੱਚਾਈ ਹੈ ਕਿ ਸੰਸਾਰ ਦੇ ਸਾਰੇ ਸਮਾਜਾਂ ਨੂੰ Ḕਮਾਨਵੀ ਸਮੂਹਾਂ' ਵਿਚ ਬਦਲਣ ਲਈ ਤੇ ਹਰ ਬੰਦੇ ਨੂੰ ਵਿਕਾਰ-ਮੁਕਤ ਕਰਨ ਲਈ, ਮੂਲ ਤਬਦੀਲੀਆਂ ਲਿਆਉਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। Ḕਮਾਇਆ' (ਧਨ-ਦੌਲਤ) ਦੀ ਲਾਲਸਾ ਤੋਂ ਮੁਕਤ ਕਰਨ ਲਈ, ਹਰ ਸਮਾਜ ਨੂੰ ਬਹੁਤ ਕਠੋਰ ਤੇ ਲਗਾਤਾਰ ਯਤਨ ਕਰਨੇ ਪੈਣਗੇ। ਇਸ ਵਿਸ਼ਾਲ ਤਬਦੀਲੀ ਲਈ, ਲੱਖਾਂ ਅਜਿਹੇ ਵਿਦਵਾਨਾਂ ਦੀ ਲੋੜ ਹੈ ਜੋ ਗਿਆਨਵਾਨ ਤੇ ਵਿਗਿਆਨਿਕ ਸੋਚ ਦੇ ਧਾਰਨੀ ਤਾਂ ਹੋਣ ਹੀ, ਨਾਲ ਪੂਰੇ ਸਮਾਜ ਦੇ ਵਿਕਾਰਾਂ ਨੂੰ ਬਦਲਣ ਦੇ ਸਮਰੱਥ ਵੀ ਹੋਣ। ਪਰ ਅਜਿਹੇ ਮਹਾਨ ਪੁਰਸ਼ ਵੀ ਸਮਾਜਾਂ ਦੀ ਲੋਕ-ਸ਼ਕਤੀ ਤੋਂ ਬਿਨਾਂ ਕੁਝ ਨਹੀਂ ਕਰ ਸਕਣਗੇ। ਉਨ੍ਹਾਂ ਦਾ ਗਿਆਨ ਤੇ ਵਿਗਿਆਨਕ ਸੋਚ-ਸਮਝ ਜਦੋਂ ਤੱਕ ਲੋਕ-ਸ਼ਕਤੀ ਨੂੰ ਮਾਨਵੀ ਗੁਣਾਂ ਵਿਚ ਤਬਦੀਲ ਕਰਨ ਦੇ ਸਮਰੱਥ ਨਹੀਂ ਬਣਾ ਸਕਦੀ, ਉਦੋਂ ਤੱਕ ਇਨ੍ਹਾਂ ਸਮਾਜਾਂ ਦਾ ਹਰ ਬੰਦਾ ਸਿਰਫ ਪੰਜ ਵਿਕਾਰਾਂ ਤੋਂ ਹੀ ਨਹੀਂ, ਹਰ ਅਮਾਨਵੀ ਕਸ਼ਟ ਭੋਗਦਾ ਹੋਇਆ, ਇਹ Ḕਹੀਰੇ ਜੈਸਾ' ਜਨਮ, Ḕਕੌਡੀ ਬਦਲੇ' ਹੀ ਬੇਅਰਥ ਗੁਆ ਕੇ ਮੌਤ ਦਾ ਸ਼ਿਕਾਰ ਹੁੰਦਾ ਰਹੇਗਾ। ਅਜਿਹਾ ਨਿਰਰਥਕ ਜੀਵਨ, ਜਿਉਣ ਦੀ ਪ੍ਰਵਿਰਤੀ, ਉਸ ਨੂੰ ਕਿਵੇਂ ਵੀ ਮਾਨਵੀ ਗੁਣਾਂ ਵਾਲਾ ਜੀਵਨ ਜਿਉਣ ਦਾ ਅਵਸਰ ਨਹੀਂ ਦੇ ਸਕੇਗੀ। ਇਹਦੇ ਲਈ ਮਹਾਨ ਦਾਰਸ਼ਨਿਕ ਹੋਣ ਦੀ ਲੋੜ ਨਹੀਂ, ਸਿਰਫ਼ ਜਿਉਣ ਦੀ ਮੂਲ-ਪ੍ਰਵਿਰਤੀ' ਤੇ ਵਰਤਮਾਨ ਸਮਾਜਾਂ ਅੰਦਰ ਜਿਉਂਦੇ ਰਹਿਣ ਦੀਆਂ ਲਾਜ਼ਮੀ ਸ਼ਰਤਾਂ ਤੇ ਮਜਬੂਰੀਆਂ ਨੂੰ ਸਮਝਣ ਦੀ ਲੋੜ ਹੈ-ਜੋ ਤਰਕਸੰਗਤ ਵਿਚਾਰਾਂ ਰਾਹੀਂ ਆਮ ਬੰਦਾ ਵੀ ਸਮਝ ਸਕਦਾ ਹੈ। (ਪਰ ਇਹ ਹਾਲਾਤ ਬਦਲਣ ਲਈ ਸਮਾਜਵਾਦੀ ਸਮਾਜਾਂ ਦੀ ਲੋੜ ਹੈ ਜਿਸ ਲਈ ਲੱਖਾਂ ਲੈਨਿਨ ਤੇ ਕਿਉਬਾ ਦੇ ਫੀਦਲ ਕਾਸਤਰੋ ਚਾਹੀਦੇ ਹਨ।)

Gurdial Singh with HUN


ਹੁਣ: ਸੁਣਿਆ ਹੈ ਕਿ ਤੰਗੀ ਵਿਚ ਆ ਕੇ ਤੈਨੂੰ ਆਪਣੀ ਪਤਨੀ ਦੇ ਗਹਿਣੇ ਵੇਚਣੇ ਪਏ ਸੀ, ਜਿਹਨਾਂ ਵਿਚ ਸੱਗੀ ਵੀ ਸੀ। ਕੀ ਇਹ ਸੱਗੀ ਮੁੜ ਕੇ ਬਣ ਸਕੀ? ਗੁਰਦਿਆਲ ਸਿੰਘ : ਸੱਗੀ ਵੇਚਣ ਮਗਰੋਂ ਤਾਂ ਸਾਰੀ ਉਮਰ ਕਬੀਲਦਾਰੀ ਦੀਆਂ ਸਮੱਸਿਆਵਾਂ ਨੇ ਅੱਜ ਤੱਕ ਵੀ ਪਿੱਛਾ ਨਹੀਂ ਛੱਡਿਆ। ਪਰ ਜਦੋਂ 50 ਸਾਲ ਦੇ ਨੇੜੇ ਪਹੁੰਚ ਕੇ ਕਦੇ ਸੱਗੀ ਬਣਵਾਉਣ ਜੋਗੇ ਹੋਏ ਸੀ ਉਦੋਂ ਸਾਡੀ Ḕਭਾਗਾਂਵਾਲੀ-ਮੇਰੀ ਪਤਨੀ ਬਲਵੰਤ ਕੌਰ- ਦੀ ਪਹਿਣਨ-ਖਾਣ ਦੀ ਉਮਰ ਹੀ ਨਹੀਂ ਸੀ ਰਹੀ। ਪਿਛਲੇ ਚਾਲੀ ਸਾਲ ਤੋਂ ਉਹਨੇ ਕਦੇ ਉਂਗਲ ਵਿਚ ਚਾਂਦੀ ਦਾ ਛੱਲਾ ਵੀ ਨਹੀਂ ਪਹਿਨਿਆ। ਨਾ ਕੰਨਾਂ ਚ ਕੋਈ ਗਹਿਣਾ, ਨਾ ਨੱਕ ਚ ਕੋਕਾ-ਹੋਰ ਤਾਂ ਕੀ ਪਹਿਨਣਾ ਸੀ, 40 ਸਾਲ ਦੀ ਉਮਰ ਤੋਂ ਮਗਰੋਂ ਕਦੇ ਕੱਚ ਦੀਆਂ ਚੂੜੀਆਂ ਵੀ ਨਹੀਂ ਚੜ੍ਹਾਈਆਂ। ਉਹ ਨਿਪਟ ਅਣਪੜ੍ਹ ਹੈ। ਪੰਜਾਬੀ ਮੈਂ ਹੀ ਸਿਖਾਈ ਸੀ, ਪਰ ਕਬੀਲਦਾਰੀ ਦੇ ਝਮੇਲਿਆਂ ਨੇ ਉਹ ਵੀ ਭੁਲਾ ਦਿੱਤੀ। ਜੇ ਦਸਖ਼ਤ ਕਰਨੇ ਪੈ ਜਾਣ ਤਾਂ ਉਹਦਾ ਹੱਥ ਕੰਬਣ ਲੱਗ ਪੈਂਦਾ ਹੈ। ਮੇਰੀਆਂ ਕਿਤਾਬਾਂ ਵਿਚੋਂ ਉਹਨੂੰ ਅੱਧੀਆਂ ਤੋਂ ਵੱਧ ਦੇ ਨਾਂ ਵੀ ਯਾਦ ਨਹੀਂ। ਜੇ ਉਹ ਅਜਿਹੀ ਨਾ ਹੁੰਦੀ ਤਾਂ ਜੋ ਕੁਝ ਵੀ ਪਿਛਲੇ ਪੰਜ-ਛੇ ਦਹਾਕਿਆਂ ਵਿਚ ਮੈਂ ਕਰ ਸਕਿਆ ਹਾਂ, ਉਹ ਸੰਭਵ ਨਹੀਂ ਸੀ ਹੋਣਾ। ੍ਹੁਣ: ਤੂੰ ਬਹੁਤ ਬਰੀਕ ਪੀਹਣ ਵਾਲਾ ਕਥਾਕਾਰ ਏਂ। ਕੀ ਕੋਈ ਮਹਾਂਬਿਰਤਾਂਤ ਤੇਰੇ ਵੱਸ ਦੀ ਗੱਲ ਨਹੀਂ? ਗੁਰਦਿਆਲ ਸਿੰਘ : ਮਹਾਂਬਿਰਤਾਂਤ ਲਈ ਅਸੀਮ ਗਿਆਨ, ਵਿਦਵਤਾ, ਅਨੁਭਵ, ਪ੍ਰਤਿਭਾ, ਸਮਰਥਾ, ਸਮਾਂ, ਇਕਾਗਰਤਾ, ਮਾਹੌਲ ਤੇ ਹੋਰ ਵੀ ਬੜਾ ਕੁਝ ਚਾਹੀਦਾ ਹੁੰਦਾ ਹੈ। ਪਰ ਮੇਰੇ ਕੋਲ ਇਹਨਾਂ ਵਿਚੋਂ ਬਹੁਤਾ ਕੁਝ ਹੈ ਨਹੀਂ। ਇਸ ਲਈ ਕਦੇ ਸੋਚਿਆ ਹੀ ਨਹੀਂ। Ḕਅਣਹੋਏ ਤੇ Ḕਪਰਸਾ ਵੱਡੇ ਆਕਾਰ ਦੇ ਨਾਵਲ ਹਨ, ਪਰ ਉਹਨਾਂ ਦੀ ਵੀ ਆਪਣੀ ਸੀਮਾ ਹੈ। ਐਵੇਂ Ḕਕਾਗਦ ਕਾਰੇ ਲਿਖ ਲਿਖ Ḕਪੋਥਿਆਂ ਦੀ ਗਿਣਤੀ ਵਧਾਉਣ ਦੀ ਨਾ ਕਦੇ ਇੱਛਾ ਸੀ ਨਾ ਸਮਰੱਥਾ। ਜੋ ਕਰ ਸਕਿਆ -ਚੰਗਾ ਮਾੜਾ- ਉਸੇ ਜੋਗਾ ਸਾਂ, ਸੋ ਕਰੀ ਗਿਆ। ਹੋਰ ਵੀ ਜੇ ਕੁਝ ਸੰਭਵ ਹੋਇਆ ਕਰਾਂਗਾ, ਪਰ ਵੱਡੇ ਦਾਅਵੇ ਕਰਨ ਦਾ ਸਮਾਂ ਹੀ ਨਹੀਂ ਬਚਿਆ। ੍ਹੁਣ: ਆਪਣੇ ਬਾਪ ਨੂੰ ਤੂੰ ਚਾਚਾ ਕਹਿੰਦਾ ਸੀ। ਤੇਰੇ ਅਨੁਸਾਰ ਉਹ ਦੱਬੂ ਤਬੀਅਤ ਦਾ ਸੀ। ਕਿਸੇ ਨਾ ਕਿਸੇ ਤਰ੍ਹਾਂ ਸਾਰੀ ਉਮਰ ਹੀ ਉਸ ਨਾਲ ਤੇਰੀ ਮੀਚਾ ਨਹੀਂ ਮਿਲੀ। ਕਿਉਂ? ਗੁਰਦਿਆਲ ਸਿੰਘ : ਮੈਂ ਆਪ ਕਿਹੜਾ Ḕਜਿਉਣਾ ਮੌੜ ਸੀ! æææ ਮੇਰਾ ਸੁਭਾਅ ਵੀ ਚਾਚੇ ਤੋਂ ਬਹੁਤਾ ਵੱਖਰਾ ਨਹੀਂ ਸੀ। ਪਰ ਸ਼ਾਇਦ ਤਾਏ ਬਿਸ਼ਨੇ ਦੇ ਵਧੇਰੇ ਪ੍ਰਭਾਵ ਕਰਕੇ ਮੈਨੂੰ ਦੱਬੂ, ਡਰਾਕਲ਼ ਤੇ ਕਮਦਿਲ ਬੰਦੇ ਕਦੇ ਵੀ ਚੰਗੇ ਨਹੀਂ ਲੱਗੇ। ਇਕ ਵਾਰ ਪੰਜਾਬ ਯੂਨੀਵਰਸਿਟੀ ਵਿਚ Ḕਸਪੈਸ਼ਲ ਲੈਕਚਰ ਲਈ ਸੱਦਾ ਮਿਲਿਆ ਤਾਂ ਲੈਕਚਰ ਮਗਰੋਂ, ਮੇਰੇ ਸਭ ਤੋਂ ਨੇੜੇ ਦੇ ਮਿੱਤਰ ਡਾਕਟਰ ਕੇਸਰ ਨੇ ਵੀ ਇਹੋ ਸਵਾਲ ਪੁੱਛ ਲਿਆ ਸੀ। -ਉਹਨੂੰ ਮੇਰੀ ਜ਼ਿੰਦਗੀ ਤੇ ਸੁਭਾਅ ਬਾਰੇ, ਹੋਰ ਕਿਸੇ ਵੀ ਦੋਸਤ ਤੋਂ ਵਧੇਰੇ ਜਾਣਕਾਰੀ ਸੀ, ਕਿਉਂਕਿ ਚਾਲ਼ੀ ਸਾਲ ਤੋਂ ਚੰਡੀਗੜ੍ਹ ਗਿਆ ਹਮੇਸ਼ਾ ਉਸੇ ਦੇ ਘਰ ਠਹਿਰਦਾ ਸਾਂ- ਉਹਦਾ ਸਵਾਲ ਸੀ; Ḕਤੂੰ ਬਹੁਤ ਨਰਮ ਸੁਭਾਅ ਦਾ ਬੰਦਾ ਹੈਂ ਪਰ ਤੇਰੇ Ḕਬਿਸ਼ਨੇ, ਮੋਦਨ, ਪਰਸੇ ਵਰਗੇ ਪਾਤਰ ਹੇਠਲੀ ਉੱਤੇ ਕਰਨ ਵਾਲੇ ਦਲੇਰ, ਖਾੜਕੂ ਹਨ। ਇਹਦਾ ਕਾਰਨ? ਮੇਰਾ ਜਵਾਬ ਸੀ; Ḕਮੈਂ ਅੰਦਰੋਂ ਕਮਜ਼ੋਰ ਨਹੀਂ ਹਾਂ, ਪਰ ਆਪਣੇ ਪਾਤਰਾਂ ਵਰਗਾ ਵੀ ਬਿਲਕੁਲ ਨਹੀਂ। Ḕਅੱਧ ਚਾਨਣੀ ਰਾਤ ਦਾ ਨਾਇਕ ਮੋਦਨ ਘਣੇਂ ਦਾ ਕਤਲ ਕਰ ਦਿੰਦਾ ਹੈ, ਪਰ ਮੈਥੋਂ ਕਦੇ ਕੁੱਤੇ ਦੇ ਵੀ ਚੱਜ ਨਾਲ ਡੰਡਾ ਨਹੀਂ ਮਾਰਿਆ ਗਿਆ। ਇਹਦਾ ਕਾਰਨ ਇਹੋ ਹੈ ਕਿ ਮੈਂ ਆਪਣੀਆਂ ਕਮਜ਼ੋਰੀਆਂ ਤੇ ਔਗਣਾਂ ਬਾਰੇ ਸਚੇਤ ਹਾਂ ਤੇ ਇਹਨਾਂ ਤੋਂ ਨਫ਼ਰਤ ਵੀ ਹੈ। ਇਸ ਲਈ ਆਪਣਾ ਕੋਈ ਵੀ ਔਗਣ, ਆਪਣੇ ਪਾਤਰਾਂ ਚ ਦੇਖਣਾ ਨਹੀਂ ਚਾਹੁੰਦਾ। ਚਾਚੇ ਨਾਲ ਮੇਰੇ ਵਿਰੋਧ ਦੇ ਕਈ ਕਾਰਨ ਸਨ। ਇਕ ਇਹ ਵੀ ਕਿ ਜਦੋਂ ਮੈਂ ਕੰਮ ਉਹਦੀ ਇੱਛਾ ਅਨੁਸਾਰ ਨਹੀਂ ਸੀ ਕਰਦਾ ਤਾਂ ਉਹ ਕਿਸੇ ਦੇ ਵੀ ਸਾਹਮਣੇ ਮੇਰੀ ਸ਼ਿਕਾਇਤ ਕਰਨ ਲੱਗ ਪੈਂਦਾ। ਉਹਨੂੰ ਨਹੀਂ ਸੀ ਪਤਾ ਕਿ ਅਲ੍ਹੜ ਉਮਰ ਦੇ ਪੁੱਤਰ ਉੱਤੇ ਉਸਦੀ ਕਿਸੇ ਤੀਜੇ ਕੋਲ ਬਦਖੋਈ ਕਰਨ ਦੇ ਕਿਹੋ-ਜਿਹੇ ਮਾਨਸਿਕ ਪ੍ਰਭਾਵ ਹੋ ਸਕਦੇ ਹਨ। ਉਹਦੀ ਇਹ ਵੀ ਮਜਬੂਰੀ ਸੀ ਕਿ ਕੰਮ ਉਸਦੀ ਲੋੜ ਅਨੁਸਾਰ ਨਾ ਕਰਨ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਪਰ ਜਿਵੇਂ-ਜਿਵੇਂ ਮੇਰੇ ਮਨ ਅੰਦਰ ਸਰੀਰਕ ਕੰਮ ਛੱਡ ਕੇ ਪੜ੍ਹਨ-ਲਿਖਣ ਦੀ ਰੁਚੀ ਵਧਦੀ ਗਈ, ਸਾਡੀ ਦੂਰੀ ਵੀ ਵਧਦੀ ਗਈ। ਜਦੋਂ ਮੈਨੂੰ ਕੁਝ ਸੰਦ ਤੇ ਦੋ ਤਿੰਨ ਕਿੱਕਰ, ਟਾਹਲੀ ਦੇ ਮੁੱਚਰ ਦੇ ਕੇ ਅੱਡ ਕਰ ਦਿੱਤਾ ਸੀ ਤਾਂ ਆਪਣੇ ਸਵੈਮਾਣ ਨੂੰ ਕਾਇਮ ਰੱਖਣ ਲਈ, ਗੱਡੇ ਦੀ ਜੋੜੀ ਇਕੱਲੇ ਨੇ ਬਣਾ ਕੇ ਵੇਚੀ ਸੀ। ਉਦੋਂ ਨਾ ਮੈਂ ਉਸ ਤੋਂ ਕੋਈ ਸਹਾਇਤਾ ਮੰਗੀ ਤੇ ਨਾ ਉਹਨੇ ਸਹਾਇਤਾ ਕੀਤੀ। ਉਸ ਮਗਰੋਂ ਢਾਈ ਤਿੰਨ ਸਾਲ ਮੈਂ ਕਿਹੜੀਆਂ ਤੰਗੀਆਂ-ਤੁਰਸ਼ੀਆਂ ਚੋਂ ਗੁਜ਼ਰਿਆ -ਕਦੇ ਪੜ੍ਹਾਈ ਤੇ ਕਦੇ ਟੈਂਕੀਆਂ ਬਣਾਉਣ ਵਿਚ ਲੱਗ ਜਾਂਦਾ ਰਿਹਾ- ਉਸਦਾ ਜ਼ਿਕਰ ਮੈਂ ਆਪਣੀ ਸਵੈਜੀਵਨੀ -ਨਿਆਣਮੱਤੀਆਂ ਤੇ ਦੁਜੀ ਦੇਹੀ- ਵਿਚ ਵਿਸਥਾਰ ਨਾਲ ਕੀਤਾ ਹੈ, ਜਿਸ ਨਾਲ ਸਾਡੀ ਵਧਦੀ ਦੂਰੀ ਦੇ ਕਾਰਨ ਪਤਾ ਲੱਗ ਜਾਂਦੇ ਹਨ। ਮੈਨੂੰ ਉਦੋਂ ਵੀ ਪਤਾ ਸੀ ਤੇ ਮਗਰੋਂ ਵੀ ਕਿ ਦੋਸ਼-ਦੋਸ਼ ਵੀ ਨਹੀਂ ਮਜਬੂਰੀ- ਸਿਰਫ਼ ਇਹ ਸੀ ਕਿ ਟੱਬਰ ਦੇ ਗੁਜ਼ਾਰੇ ਲਈ ਉਹਨੇ ਮੈਨੂੰ ਛੇ-ਸੱਤ ਸਾਲ ਬਹੁਤ ਸਖ਼ਤ ਕੰਮ ਵਿਚ ਲਾਈ ਰੱਖਿਆ। ਜਦੋਂ ਲਗਪਗ ਦਸ ਰੁਪਏ ਰੋਜ਼ ਦੀ ਕਮਾਈ ਛੱਡ ਕੇ ਸਿਰਫ਼ 60 ਰੁਪਏ ਮਹੀਨਾ -ਦੋ ਰੁਪਏ Ḕਦਿਹਾੜੀ- ਤੇ ਨੌਕਰੀ ਕਰ ਲਈ ਸੀ ਤਾਂ ਉਹ ਮੇਰੀ ਮੂਰਖ਼ਤਾ ਤੋਂ ਦੁਖੀ ਰਿਹਾ। ਅਜਿਹੇ ਕਾਰਨਾਂ ਕਰਕੇ ਹੀ ਸਾਡੀ ਦੁਰੀ ਏਨੀਂ ਵਧਦੀ ਗਈ ਕਿ, ਅੱਲੜ੍ਹ ਉਮਰ ਦੇ ਉਪਭਾਵਕ ਪ੍ਰਤੀਕਰਮਾਂ ਕਾਰਨ ਨਾ ਮੈਂ ਉਹਨੂੰ ਮਾਫ ਕਰ ਸਕਿਆ ਤੇ ਨਾ ਉਹਨੇ ਕਦੇ ਮੈਨੂੰ ਮਾਫ਼ ਕੀਤਾ। ਉਹ ਸਿੱਧਾ-ਸਾਦਾ ਬਹੁਤ ਵਧੀਆ ਤੇ ਮਿਹਨਤੀ ਕਾਰੀਗਰ ਸੀ। ਅਕਸਰ ਟੈਂਕੀਆਂ ਦੀ ਚਾਦਰ, ਮਿਲਖੀ ਲੋਹਟੀਏ ਤੋਂ ਉਧਾਰ ਲਿਆ ਕੇ, ਉਸ ਸਾਮਾਨ ਦਾ ਮੁਨਾਫ਼ਾ ਉਹਨੂੰ ਦੇ ਆਉਂਦਾ ਤੇ ਉਸ ਕੋਲ ਸਿਰਫ਼ ਹੱਢ-ਭੰਨਵੀਂ ਮਜ਼ਦੂਰੀ ਦੇ ਹੀ ਪੈਸੇ ਬਚਦੇ; ਜਦੋਂ ਕਿ ਮੈਂ ਨਕਦ ਪੈਸੇ ਦੇ ਕੇ ਟੈਂਕੀਆਂ ਦਾ ਸਾਮਾਨ ਨਕਦ ਲਿਆ ਕੇ, ਮਿਲਖੀ ਨੂੰ ਦਿੱਤੇ, ਵਾਧੂ ਮੁਨਾਫੇ ਦਾ ਵਿਰੋਧ ਕਰਦਾ ਸਾਂ -ਜਦੋਂ ਕਿ ਸਾਮਾਨ ਲਿਆਉਣ ਜੋਗੇ ਪੈਸੇ ਵੀ ਘਰੇ ਪਏ ਹੁੰਦੇ ਸਨ। ਅਜਿਹੇ ਹੀ ਕਾਰਨ ਸਨ ਕਿ ਉਹਦੇ ਬੇਕਸੁਰ ਹੋਣ ਤੇ ਮਜ਼ਦੂਰ ਦੀ ਮਾਨਸਿਕਤਾ ਦਾ ਸ਼ਿਕਾਰ ਹੋਣ ਕਰਕੇ ਉਹ ਪੁਰਾਣੇ ਵਿਚਾਰਾਂ ਨੂੰ ਸਾਰੀ ਉਮਰ ਨਾ ਤਿਆਗ ਸਕਿਆ, ਤੇ ਮੈਂ ਅੱਲੜ੍ਹ ਉਮਰ ਦੇ ਗਹਿਰੇ ਪ੍ਰਭਾਵਾਂ ਤੋਂ ਮੁਕਤ ਨਾ ਹੋ ਸਕਿਆ। ਕਸੂਰ ਨਾ ਚਾਚੇ ਦਾ ਸੀ ਨਾ ਮੇਰਾ, ਦੋਏ ਸਮਾਜਿਕ ਵਿਵਸਥਾ ਦੇ ਪਲੰਜੇ ਵਿਚ ਜਕੜੇ ਹੋਏ ਸਾਂ। ਹੁਣ: ਆਪਣੀਆਂ ਮਾਵਾਂ ਬਾਰੇ ਅਕਸਰ ਲੋਕ ਜਜ਼ਬਾਤੀ ਹਨ। ਤੂੰ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰਦਾ। ਕਿਹੋ ਜਿਹੀ ਸੀ ਉਹ? ਗੁਰਦਿਆਲ ਸਿੰਘ : ਆਪਣੀ ਮਾਂ ਬਾਰੇ ਮੈਂ ਉਨਾਂ ਕੁ ਜ਼ਿਕਰ ਸਵੈਜੀਵਨੀ ਚ ਕੀਤਾ ਹੈ ਜੋ ਸੰਭਵ ਸੀ -ਜਾਂ ਜਿੰਨੇ ਦੀ ਲੋੜ ਮਹਿਸੁਸ ਹੋਈ- ਉਸ ਤੋਂ ਵੱਧ ਜਜ਼ਬਾਤੀ ਹੋ ਕੇ ਉਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਸਮਝੀ। ਉਂਜ ਮੇਰੀ ਮਾਂ ਵੀ ਚਾਚੇ ਵਾਂਗ ਸਧਾਰਨ ਤੇ ਚੰਗੀ ਸਚਿਆਰੀ ਔਰਤ ਸੀ; ਪੁਰਾਣੇ ਵਿਚਾਰਾਂ ਤੇ ਪਰੰਪਰਾ ਵਿਚ ਰਹਿਣ ਵਾਲੀ। ਸਾਧਾਰਨ ਤੇ ਚੰਗੇ ਬੰਦਿਆਂ ਬਾਰੇ ਲੇਖਕ ਦੇ ਨਾਤੇ ਉਹਨੂੰ ਸੌ ਵਾਰ Ḕਚੰਗੀ ਚੰਗੀ ਤੇ Ḕਸਿਆਣੀ ਸਚਿਆਰੀ ਹੀ ਕਿਹਾ ਜਾ ਸਕਦਾ ਸੀ। ਵਧੇਰੇ ਉਪਭਾਵਕ ਹੋ ਕੇ ਕੁਝ ਕਹਿਣ ਨਾਲ ਮਾਂ ਵਜੋਂ ਉਹਦਾ ਦਰਜਾ ਵਧ ਨਹੀਂ ਸੀ ਸਕਦਾ। ੍ਹੁਣ: ਤੇਰੀ ਸਾਰੀ ਲਿਖਤ ਵਿਚ ਇਸਤਰੀ ਪਾਤਰ ਉਨੇ ਨਹੀਂ ਉਭਰਦੇ ਜਿੰਨੇ ਮਰਦ? ਗੁਰਦਿਆਲ ਸਿੰਘ : Ḕਅਣਹੋਏ ਨਾਵਲ ਦੀ ਤਾਈ ਦਿਆ ਕੁਰ, ਪਰਸਾ ਨਾਵਲ ਦੀ ਮੁਖਤਿਆਰੋ, ਮੜ੍ਹੀ ਦੇ ਦੀਵੇ ਦੀ ਭਾਨੀ, ਕੁਵੇਲਾ ਨਾਵਲ ਦੀ ਹੀਰਾ ਦੇਵੀ, ਕਿਸੇ ਪੱਖੋਂ ਵੀ ਕਮਜ਼ੋਰ ਔਰਤਾਂ ਨਹੀਂ; ਕਈ ਕਹਿੰਦੇ ਕਹਾਉਂਦੇ ਮਰਦਾਂ ਨਾਲੋਂ ਵੀ ਦਲੇਰ ਤੇ ਤਕੜੀਆਂ ਹਨ। ਪਰ ਇਸਦੇ ਬਾਵਜੂਦ ਮੈਨੂੰ ਭਾਰਤੀ, ਪੰਜਾਬੀ ਸਮਾਜ ਵਿਚ ਇਸਤਰੀ ਦੇ ਜੀਵਨ ਯਥਾਰਥ ਦੀ ਵੀ ਜਾਣਕਾਰੀ ਹੈ। ਉਹ ਰਾਣੀ ਝਾਂਸੀ ਤੇ ਮਾਈ ਭਾਗੋ ਵਾਂਗ ਤਲਵਾਰਾਂ ਫੜ ਕੇ ਜੰਗ ਦੇ ਮੈਦਾਨ ਵਿਚ ਜੂਝਣ ਜੋਗੀਆਂ ਕਦੇ ਵੀ ਨਹੀਂ ਸਨ ਨਾ ਹਨ। ਭਾਰਤੀ ਸਮਾਜ ਅੱਜ ਵੀ ਪੁਰਾਣੀਆਂ ਪਰੰਪਰਾਵਾਂ ਤੋਂ ਵਧੇਰੇ ਮੁਕਤ ਨਹੀਂ ਹੋ ਸਕਿਆ। ਪੁਰਾਣੇ ਵਿਚਾਰਾਂ ਅਨੁਸਾਰ ਤਾਂ ਔਰਤਾਂ ਨੂੰ Ḕਵਿਸ ਗੰਦਲਾਂ ਕਿਹਾ ਜਾਂਦਾ ਰਿਹਾ ਹੈ। ਮਨੂੰ ਸਿਮ੍ਰਤੀ ਵਿਚ ਏਥੋਂ ਤੱਕ ਲਿਖਿਆ ਹੈ ਕਿ, Ḕਇਸਤਰੀਆਂ ਦੇ ਸੰਸਕਾਰ ਵੇਦ ਮੰਤ੍ਰਾਂ ਅਨੁਸਾਰ ਨਹੀਂ ਕੀਤੇ ਜਾਂਦੇ -ਨਹੀਂ ਕੀਤੇ ਜਾਣੇ ਚਾਹੀਦੇ- ਇਹ ਧਰਮ ਦਾ ਫੈਸਲਾ ਹੈ। ਇਸਤਰੀਆਂ ਅਗਿਆਨਤਾ, ਵੇਦ ਮੰਤ੍ਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤ ਹਨ। ( "ਹੁਣ" ਚੋਂ ਧੰਨਵਾਦ ਸਹਿਤ)