Sunday, March 27, 2011

ਬੰਦੇ ਦੇ ਰਹਿਣ ਜੋਗਾ ਸਮਾਜ / ਗੁਰਦਿਆਲ ਸਿੰਘ


ਭਾਰਤੀ ਸਮਾਜ ਦੀ ਦਸ਼ਾ (ਦੁਰਦਸ਼ਾ) ਕਿਸੇ ਵੀ ਮਨੁੱਖ (ਚਾਹੇ ਉਹ ਵਿਸ਼ੇਸ਼ ਹੈ ਜਾਂ ਸਾਧਾਰਨ) ਦੇ ਜਿਊਣਯੋਗ ਨਹੀਂ ਕਹੀ ਜਾ ਸਕਦੀ। ਜਿੰਨੇ ਵੀ ਔਗੁਣ ਤੇ ਵਿਕਾਰ ਮਨੁੱਖ ਵਿਚ ਹੋ ਸਕਦੇ ਹਨ, ਉਨ੍ਹਾਂ ਤੋਂ ਵਧੇਰੇ ਵਰਤਮਾਨ ਸਮਾਜ ਅੰਦਰ ਪੈਦਾ ਹੋ ਚੁੱਕੇ ਹਨ। ਕਾਮ, ਕ੍ਰੋਧ, ਲੋਭ,ਮੋਹ ਤੇ ਹੰਕਾਰ ਸਦੀਆਂ ਤੋਂ ਮਨੁੱਖ ਦੇ ਵੈਰੀ ਹੋ ਜਾਂਦੇ ਹਨ ਪਰ ਇਨ੍ਹਾਂ ਦੀ ਪਕੜ ਮਨੁੱਖੀ ਦਿਮਾਗ ’ਤੇ ਹਮੇਸ਼ਾ ਵਧਦੀ ਗਈ ਹੈ, ਘਟੀ ਨਹੀਂ। ਮੁੰਬਈ ਦੇ ਇਕ ਹਸਪਤਾਲ ਦੀ ਜਿਹੜੀ ਨਰਸ 37 ਸਾਲ ਤੋਂ ਬੇਹੋਸ਼ ਪਈ ਹੈ (ਤੇ ਜਿਸ ਨੂੰ ਸੁਪਰੀਮ ਕਰੋਟ ਨੇ ਮੌਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ) ਉਹ ਕਾਮਵਾਸ਼ਨਾ ਦੇ ਅਤਿ ਦਰਜੇ ਦੇ ਵਿਕਾਰ ਦੀ ਅਤਿਅੰਤ ਘਿਨਾਉਣੀ ਮਿਸਾਲ ਹੈ। ਦਿੱਲੀ ਦੇ ਇਕ ਕਾਲਜ ’ਚ ਪੜ੍ਹਦੀ ਵਿਦਿਆਰਥਣ ਦਾ ਕਤਲ ਵੀ ਅਜਿਹੇ ਵਕਾਰ ਦੀ ਮਿਸਾਲ ਹੈ। ਅਜਿਹੀਆਂ ਹਜ਼ਾਰਾਂ ਨਹੀਂ ਲੱਖਾਂ ਘਟਨਾਵਾਂ, ਅਜਿਹੇ ਕਾਮ ਵਿਕਾਰ ਕਾਰਨ ਰੋਜ਼ ਵਾਪਰਦੀਆਂ ਹਨ ਜਿਨ੍ਹਾਂ ਦਾ ਜ਼ਿਕਰ ਮੀਡੀਆ ਵਿਚ ਸੰਭਵ ਨਹੀਂ। ਕ੍ਰੋਧ ਹਰ ਬੰਦੇ ਦੀ ਰਗ ਰਗ ਅੰਦਰ ਸਮਾ ਚੁੱਕਿਆ ਹੈ। ਪਰਿਵਾਰ ਦੇ ਚਾਰ ਜੀਅ ਹਨ ਤਾਂ ਕੋਈ ਵਿਰਲਾ ਪਰਿਵਾਰ ਹੀ ਕ੍ਰੋਧ ਤੋਂ ਬਚਿਆ ਹੋਵੇਗਾ, ਬਾਕੀ ਸਭ ਕ੍ਰੋਧੀ ਬਣ ਚੁੱਕੇ ਹਨ। ਬੰਦੇ, ਔਰਤਾਂ, ਬਜ਼ੁਰਗਾਂ ਤੋਂ ਬੱਚਿਆਂ ਤੱਕ ਇਹ ਵਿਕਾਰ ਪੈਦਾ ਹੋ ਚੁੱਕਿਆ ਹੈ ਪਰ ਕਾਰਨ ਨਿੱਜੀ ਨਹੀਂ ਸਮਾਜਿਕ ਹਨ।
ਅਜਿਹਾ ਹਾਲ ਹੀ ਲੋਭ ਦਾ ਹੈ ਹਰ ਬੰਦਾ ਭ੍ਰਿਸ਼ਟ ਹੈ ਤੇ ਲਾਲਸਾ ਏਸ ਹੱਦ ਤੱਕ ਵਧ ਚੁੱਕੀ ਹੈ ਕਿ ਕਰੋੜਾਂ, ਅਰਬਾਂ, ਖਰਬਾਂ ਦੇ ਮਾਲਕ ਧਨਾਢ ਵੀ ਚੈਨ ਦੀ ਨੀਂਦ ਨਹੀਂ ਸੌ ਸਕਦੇ। ਸੰਸਾਰ ਦੇ ਵੀਹ-ਤੀਹ ਧਨਾਢਾਂ ਵਿਚ ਵੀ ਇਹ ਹੋੜ ਲੱਗੀ ਹੋਈ ਹੈ ਕਿ ਉਹ ਦੁਨੀਆਂ ਦਾ ਪਹਿਲੇ ਨੰਬਰ ਦਾ ਧਨਾਢ ਬਣਨ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹਨ। ਅਜਿਹੇ ਬੰਦਿਆਂ ਨੂੰ ਜੇ ਸੰਸਾਰ ਦੀ ਸਾਰੀ ਦੌਲਤ ਵੀ ਮਿਲ ਜਾਵੇ ਤਦ ਵੀ ਉਹ ਮਾਨਸਿਕ ਤੌਰ ’ਤੇ ਸੰਤੁਸ਼ਟ ਨਹੀਂ ਹੋ ਸਕਦੇ।
ਇਕ ਮੋਹ ਹੀ ਹੈ ਜੋ ਮਿਟ ਚੁੱਕਿਆ ਹੈ। ਇਹ ਵਿਕਾਰ ਨਹੀਂ ਮਨੁੱਖੀ ਜੀਵਨ ਦਾ ਜੇ ਕੋਈ ਗੁਣ, ਦੁੱਖਾਂ ਤੋਂ ਮਾੜੀ-ਮੋਟੀ ਰਾਹਤ ਦਿਵਾ ਸਕਦਾ ਹੈ, ਉਹ ਮੋਹ (ਪਿਆਰ) ਹੀ ਹੈ। ਪੁਰਾਤਨ ਸਮੇਂ ਵਿਦਵਾਨ, ਧਾਰਮਿਕ ਪ੍ਰਚਾਰਕ ਇਸ ਨੂੰ ਇਸ ਲਈ ਵਿਕਾਰ ਕਹਿੰਦੇ ਰਹੇ ਹਨ ਕਿਉਂਕਿ ਉਹ ਸੰਸਾਰਕ ਜੀਵਨ ਨੂੰ ‘ਮਾਇਆ’ (ਛਲਾਵਾ) ਸਮਝਦੇ ਸਨ। ਉਨ੍ਹਾਂ ਦੇ ਵਿਚਾਰ ਅਨੁਸਾਰ ਧਰਤੀ ’ਤੇ ਜੋ ਵੀ ਜੀਵਨ ਜਾਂ ਕੋਈ ਹੋਰ ਵਸਤੂ (ਪਹਾੜਾਂ ਤੋਂ ਮਹਾਂਸਾਗਰਾਂ ਤੱਕ) ਹੈ ਉਹ ਸਭ ਨਾਸ਼ਵਾਨ ਹੈ (ਛਲਾਵਾ ਹੈ) ਇਸੇ ਕਾਰਨ ਇਸ ਨਾਲ ਪੈਦਾ ਹੋਇਆ ਮੋਹ ਮਨੁੱਖ ਨੂੰ ਬ੍ਰਹਮ ਨਾਲੋਂ ਨਖੇੜ ਦਿੰਦਾ ਹੈ ਜੋ ਮੋਕਸ਼ (ਮੁਕਤੀ) ਦੇ ਰਾਹ ਦਾ ਰੋੜਾ ਬਣ ਜਾਂਦਾ ਹੈ। ਧਰਮ ਦੇ ਮੂਲ ਸਿਧਾਂਤ ਅਨੁਸਾਰ ਇਸ ਮਾਇਆ ਵਿਚ ਮੋਹ ‘ਵਿਕਾਰ’ ਹੈ ਜੋ ਮਨੁੱਖ ਲਈ ਚੁਰਾਸੀ ਲੱਖ ਜੂਨ (ਜੰਮਣ, ਮਰਨ) ਭੋਗਣ ਦਾ ਕਸ਼ਟ ਮਾਇਆ (ਸੰਸਾਰ) ਦੇ ਮੋਹ ਦੇ ਕਾਰਨ ਹੀ ਹੈ ਪਰ ਯਥਾਰਥਕ ਜੀਵਨ, ਮੋਹ ਤੋਂ ਬਿਨਾਂ ਸੰਭਵ ਹੀ ਨਹੀਂ। ਇਸ ਲਈ ਮੋਹ ਵਿਕਾਰ ਨਹੀਂ, ਯਥਾਰਥਕ ਜੀਵਨ ਦਾ ਮੂਲ ਆਧਾਰ ਹੈ। ਇਹ ਤਿਆਗਣ ਯੋਗ ਨਹੀਂ ਪਰ ਅਸੀਂ ਤਿਆਗ ਚੁੱਕੇ ਹਾਂ।
ਹੰਕਾਰ ਮਨੁੱਖੀ ਜੀਵਨ ਲਈ ਸਭ ਤੋਂ ਘਾਤਕ ਹੈ। ਪਰ ਵਰਤਮਾਨ ਸਮਾਜਿਕ ਹਾਲਾਤ ਅਨੁਸਾਰ ਇਹ ਵੀ ਹਰ ਬੰਦੇ ਦੀ ਰਗ ਰਗ ਅੰਦਰ ਸਮਾਇਆ ਹੋਇਆ ਹੈ। ਕਿਸੇ ਨੂੰ ਧਨੀ ਹੋਣ ਦਾ ਹੰਕਾਰ ਹੈ, ਕਿਸੇ ਨੂੰ ਗਿਆਨਵਾਨ ਹੋਣ ਦਾ, ਕਿਸੇ ਨੂੰ ਦੋ ਡੰਗ ਦੀ ਰੋਟੀ ਮਿਲਣ ਦਾ (ਜੋ ਚਾਲੀ ਤੋਂ ਪੰਜਾਹ ਕਰੋੜ ਲੋਕਾਂ ਨੂੰ ਨਸੀਬ ਨਹੀਂ) ਇਕ ਕੋਲ ਪਾਟਿਆ ਕੁੜਤਾ ਵੀ ਨਹੀਂ, ਕਿਸੇ ਕੋਲ ਹੈ ਉਹ ਨੰਗੇ ਨੂੰ ਨਫ਼ਰਤ ਵੀ ਕਰਦਾ ਹੈ ਤੇ ਇਸੇ ਨਫ਼ਰਤ ਤੋਂ ਹੰਕਾਰ ਤੱਕ ਪਹੁੰਚ ਜਾਂਦਾ ਹੈ।
ਇਹ ਪੰਜੇ ਵਿਕਾਰ (ਮੋਹ ਨੂੰ ਛੱਡ ਕੇ) ਭਾਰਤੀ ਸਮਾਜ ਦੇ ਸਭ ਤੋਂ ਵੱਡੇ ਵੈਰੀ ਬਣ ਚੁੱਕੇ ਹਨ ਪਰ ਇਹ ਕਿਸੇ ਵੀ ਬੰਦੇ ਦੇ ਨਿੱਜੀ ਵਿਚਾਰਾਂ, ਭਾਵਨਾਵਾਂ ਕਾਰਨ ਪੈਦਾ ਨਹੀਂ ਹੁੰਦੇ। ਜਿਸ ਸਮਾਜ ਅੰਦਰ ‘ਸਾਵਣ ਵਣ ਹਰਿਆਵਲੇ’ ਹੋਣ ਦੇ ਹਾਲਾਤ ਹੀ ਨਾ ਹੋਣ, ‘ਔੜ’ ਲੱਗੀ ਹੋਵੇ, ਉੱਥੇ ਭਾਈ ਗੁਰਦਾਸ ਅਨੁਸਾਰ ਅੱਕ ਹੀ ਪਲਮਦੇ ਹਨ। ਸਾਡੇ ਦੇਸ਼ ਵਿਚ 64 ਸਾਲ ਤੋਂ ਔੜ ਹੀ ਲੱਗੀ ਹੋਈ ਹੈ ਇਸ ਲਈ ਕੋਈ ਹਰਿਆਵਲ (ਵਣ, ਬਨਸਪਤੀ ਦੂਜੇ ਅਰਥਾਂ ਵਿਚ ਸੁੱਖ ਖੁਸ਼ੀ ਪੈਦਾ ਹੀ ਨਹੀਂ ਹੋ ਰਹੀ। ਸਮਾਜਿਕ ਔੜ ਕਾਰਨ ਅੱਕ-ਢੱਕ ਹੀ ਚਾਰੇ ਪਾਸੇ ਨਜ਼ਰ ਆਉਂਦੇ ਹਨ।
ਇਹ ਨਿਰੀ ਕਲਪਨਾ ਨਹੀਂ, ਯਥਾਰਥ ਹੈ। ਜਿਸ ਦੇਸ਼ ਅੰਦਰ ਕਰੋੜਾਂ ਲੋਕ ਅਤਿ ਸਰਦੀ ਤੇ ਗਰਮੀ ਵਿਚ ਖੁੱਲ੍ਹੇ ਆਸਮਾਨ ਹੇਠ, ਭੁੱਖੇ ਤੇ ਨੰਗੇ ਸੌਂਦੇ ਹੋਣ ਤੇ ਹਜ਼ਾਰਾਂ ਲੱਖਾਂ ਅਜਿਹੀ ਮੰਦਹਾਲੀ ਕਾਰਨ ਭੁੱਖ-ਦੁੱਖ ਤੇ ਬੀਮਾਰੀਆਂ ਕਾਰਨ ਮਰਦੇ ਹੋਣ ਜਿੱਥੇ ਬੇਈਮਾਨੀ, ਠੱਗੀ-ਚੋਰੀ ਤੇ ਚਲਾਕੀ ਤੋਂ ਬਿਨਾਂ ਕੋਈ ਬੰਦਾ ਜਿਊਂਦਾ ਵੀ ਨਾ ਰਹਿ ਸਕੇ, ਆਪਣੇ ਹੇਠਲੇ ਤੇ ਉਤਲਿਆਂ ਵਿਚਕਾਰ, ਇਕ ਕੜੀ ਬਣ ਕੇ ਹੀ ਉਹਦੀ ਰੋਜ਼ੀ ਵੀ ਕਾਇਮ ਨਾ ਰਹਿ ਸਕੇ, ਓਥੇ ਕਿਹੜਾ ਅਜਿਹਾ ਵਿਕਾਰ ਹੈ ਜੋ ਪੈਦਾ ਨਾ ਹੋਵੇ? ਕੋਈ ਤੁਹਾਡੇ ਆਲੇ-ਦੁਆਲੇ ਅਜਿਹਾ ਬੰਦਾ ਹੈ ਜੋ ਉੱਤੇ ਦੱਸੇ ਚਾਰ ਵਿਕਾਰਾਂ ਤੋਂ ਰਹਿਤ ਹੋਵੇ? (ਆਪਣੇ ਅੰਦਰ ਹੀ ਕਦੇ ਬੇਕਿਰਕ ਤੇ ਬੇਲਾਗ ਹੋ ਕੇ ਝਾਤੀ ਮਾਰਨ ਦਾ ਯਤਨ ਕਰਨਾ, ਤੁਸੀਂ, ਅਸੀਂ, ਸਾਰੇ, ਘੱਟ ਜਾਂ ਵੱਧ, ਇਨ੍ਹਾਂ ਸਾਰੇ ਵਿਕਾਰਾਂ ਦੇ ਸ਼ਿਕਾਰ ਹੋ ਚੁੱਕੇ ਹਾਂ।
ਇਨ੍ਹਾਂ ਵਿਕਾਰਾਂ ਬਾਰੇ ਸੈਂਕੜੇ ਕਾਰਨ ਵਿਚੋਂ ਕੁਝ ਸਾਧਾਰਨ ਕਾਰਨ ਹੀ ਦੱਸ ਕੇ ਇਨ੍ਹਾਂ ਬਾਰੇ ਸਮਝ ਆ ਸਕਦੀ ਹੈ। ਮਿਸਾਲ ਵਜੋਂ ਚਾਹੇ ਅਸੀਂ ਕੋਈ ਨੌਕਰੀ ਕਰਦੇ ਹਾਂ, ਵਪਾਰ ਕਰਦੇ ਹਾਂ ਜਾਂ ਖੇਤੀ, ਇਨ੍ਹਾਂ ਸਾਰੇ ਤਿੰਨ ਮੁੱਖ ਕਿੱਤਿਆਂ ਵਿਚ, ਹਰ ਥਾਂ ਵਿਕਾਰ ਪੈਦਾ ਹੁੰਦੇ ਰਹਿੰਦੇ ਹਨ। ਨੌਕਰੀ ਚਾਹੇ ਕਲਰਕ ਦੀ ਹੋਵੇ, ਅਧਿਆਪਕ ਦੀ ਜਾਂ ਪੁਲੀਸ, ਹਰ ਥਾਂ ਭ੍ਰਿਸ਼ਟਾਚਾਰ, ਕੈਂਸਰ ਵਾਂਗ ਫੈਲ ਚੁੱਕਿਆ ਹੈ। ਇਨ੍ਹਾਂ ਵਿਚੋਂ ਅਧਿਆਪਕ ਦਾ ਪੇਸ਼ਾ ਹੀ ਅਜਿਹਾ ਹੈ ਜਿੱਥੇ ਇਹ ਵਿਕਾਰ ਘੱਟ ਪੈਦਾ ਹੁੰਦੇ ਹਨ ਪਰ ਕਈ ਅਜਿਹੀਆਂ ਖਬਰਾਂ ਵੀ ਛਪੀਆਂ ਹਨ ਕਿ ਕਿਸੇ ਅਧਿਆਪਕ/ਅਧਿਆਪਕਾ ਨੇ ਘੱਟ ਬੁੱਧੀਵਾਨ ਬੱਚੇ ਨੂੰ ਸਬਕ ਯਾਦ ਨਾ ਕਰਨ ਕਰਕੇ, ਘਰ ਲਈ ਦਿੱਤੇ ਕੰਮ ਨਾ ਕਰਨ ਕਰਕੇ ਅਜਿਹੀ ਸਜ਼ਾ ਦਿੱਤੀ ਕਿ ਬੱਚੇ ਦੀ ਮੌਤ ਹੋ ਗਈ। ਪਰ ਅਧਿਆਪਕ ਏਨਾ ਨਿਰਦਈ ਕਿਉਂ ਹੋ ਗਿਆ?
ਇਹਦੇ ਕਈ ਕਾਰਨਾਂ ਵਿਚੋਂ ਕੁਝ ਬੜੀ ਆਸਾਨੀ ਨਾਲ ਸਮਝ ਆ ਸਕਦੇ ਹਨ। ਭਾਰਤੀਆਂ ਨੇ ਕਰੋੜਾਂ ਦੀ ਗਿਣਤੀ ਵਿਚ ਹੁੰਦਿਆਂ, ਹਜ਼ਾਰਾਂ ਦੀ ਗਿਣਤੀ ਵਿਚ ਆਏ ਧਾੜਵੀਆਂ ਦੀ ਗੁਲਾਮੀ ਇਸ ਕਾਰਨ ਭੋਗੀ ਕਿ ਅਸੀਂ ਕਦੇ ਵੀ ਸੰਗਠਿਤ ਨਹੀਂ ਹੋ ਸਕੇ। ਜਾਤਾਂ, ਗੋਤਾਂ ਤੇ ਧੜਿਆਂ ਵਿਚ ਏਨੀ ਬੁਰੀ ਤਰ੍ਹਾਂ ਵੰਡੇ ਰਹੇ ਕਿ ਕਿਸੇ ਦੂਜੇ ਨਾਲ ਮੇਲ-ਮਿਲਾਪ ਦੀ ਬਜਾਏ, ਵੈਰ-ਵਿਰੋਧ ਸਹੇੜੀ ਰੱਖੇ। ਇਸੇ ਕਾਰਨ ਬੁਜ਼ਦਿਲ ਤੇ ਕੰਮਚੋਰ ਹੋ ਗਏ। ਮੈਂ ਚਾਲੀ ਸਾਲ ਅਧਿਆਪਕ ਰਿਹਾ ਹਾਂ। ਪ੍ਰਾਇਮਰੀ ਸਕੂਲਾਂ ਤੋਂ ਅਧਿਆਪਨ ਸ਼ੁਰੂ ਕਰਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਪਦਵੀ ਤੱਕ ਵੀ ਪਹੁੰਚਿਆ ਪਰ ਨਿੱਜੀ ਅਨੁਭਵ ਇਹ ਹੈ ਕਿ ਪੰਦਰਾਂ-ਵੀਹ ਫੀਸਦੀ ਅਧਿਆਪਕਾਂ ਤੋਂ ਵਧੇਰੇ ਕੋਈ ਆਪਣਾ ਫਰਜ਼ ਪੂਰਾ ਕਰਨ ਵਾਲਾ ਨਹੀਂ ਦੇਖਿਆ (ਇਹ ਰਿਪੋਰਟ ਛਪ ਚੁੱਕੀ ਹੈ ਕਿ 50 ਫੀਸਦੀ ਅਧਿਆਪਕ ਸਕੂਲ ਜਾਂਦੇ ਹਨ ਪਰ ਪੜ੍ਹਾਉਂਦੇ ਨਹੀਂ। 26 ਫੀਸਦੀ ਨਿਯਮ ਨਾਲ ਸਕੂਲ ਨਹੀਂ ਜਾਂਦੇ। ਸਿਰਫ 24 ਫੀਸਦੀ ਨਿਯਮ ਨਾਲ ਪੜ੍ਹਾਉਂਦੇ ਹਨ) ਪੜ੍ਹਾਈ ਇਸ ਲਈ ਹੋਈ ਜਾਂਦੀ ਹੈ ਕਿ ਹਰ ਸਕੂਲ ਅਧਿਆਪਕ ਨੂੰ ਹੈੱਡਮਾਸਟਰ ਦਾ ਡਰ ਰਹਿੰਦਾ ਹੈ। ਹੈੱਡਮਾਸਟਰ ਨੂੰ ਉਤਲੇ ਅਫਸਰਾਂ ਦਾ ਡਰ ਰਹਿੰਦਾ ਹੈ। ਇਹ ਗੁਲਾਮ ਮਾਨਸਿਕਤਾ ਕਾਰਨ ਹੈ ਕਿਉਂਕਿ ਜੇ ਅਧਿਆਪਕ ਮਨ-ਚਿੱਤ ਲਾ ਕੇ ਆਪਣਾ ਫਰਜ਼ ਸਮਝ ਕੇ ਨਹੀਂ ਪੜ੍ਹਾਉਂਦੇ, ਸੁਭਾਵਕ ਹੀ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਰਹਿਣਗੇ। ਇਸੇ ਕਾਰਨ ਵਿਦਿਆਰਥੀਆਂ ਦੀ ਕੁੱਟ-ਮਾਰ ਹੁੰਦੀ ਹੈ ਤੇ ਇਸੇ ਕਾਰਨ, ਇਮਤਿਹਾਨਾਂ ਵਿਚ ਨਕਲ ਦਾ ਰੁਝਾਨ ਪੈਦਾ ਹੁੰਦਾ ਹੈ। ਇਹ ਸਭ ਆਪਣੀ ਨੌਕਰੀ (ਚਾਕਰੀ) ਦੀ ਮਜਬੂਰੀ ਕਾਰਨ ਹੈ। ਇੰਜ ਨੌਕਰੀ ਕਾਇਮ ਰੱਖਣ ਕਾਰਨ ਹੀ ਉਤਲਿਆਂ ਦੇ ਡਰ ਕਰਕੇ ਮਨੁੱਖ ਵਿਚ ਔਗੁਣ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ। ਡਰ ਵੀ ਵਿਕਾਰਾਂ ਦਾ ਕਾਰਨ ਹੈ।
ਖੇਤੀ ਭਾਰਤ ਦਾ ਮੁੱਖ ਕਿੱਤਾ ਹੈ ਪਰ ਹਰ ਕਿਸਾਨ, ਦਾਅ ਲੱਗਦਿਆਂ, ਨਾਲ ਦੇ ਖੇਤ ਵਾਲੇ ਦੀ ਵੱਟ ਵਾਹ ਲੈਂਦਾ ਹੈ। ਪਾਣੀ ਦੀ ਵਾਰੀ ਦੇ ਕੁਝ ਮਿੰਟਾਂ ਦੀ ਲਾਲਸਾ ਪਿੱਛੇ ਪੁਸ਼ਤਾਂ ਦੇ ਵੈਰ ਸਹੇੜ ਲੈਂਦਾ ਹੈ ਜਿਵੇਂ ਉਹਦੀ ਜ਼ਮੀਨ ਵਧਦੀ ਆਬਾਦੀ ਕਾਰਨ ਘਟਦੀ ਜਾਂਦੀ ਹੈ ਉਸੇ ਹਿਸਾਬ ਨਾਲ ਉਸ ਅੰਦਰ ਸਭ ਵਿਕਾਰ ਪੈਦਾ ਹੁੰਦੇ ਜਾਂਦੇ ਹਨ। ਗਰੀਬੀ, ਕਰਜ਼ਾ, ਅਗਿਆਨਤਾ ਉਸ ਲਈ ਘਾਤਕ ਬਣ ਜਾਂਦੇ ਹਨ। ਏਥੋਂ ਤੱਕ ਕਿ ਸਿਰਫ ਜ਼ਮੀਨੀ ਲਾਲਸਾ ਖਾਤਰ ਉਹ ਹਰ ਮਨੁੱਖੀ ਔਗੁਣ ਦਾ ਸ਼ਿਕਾਰ ਹੋ ਜਾਂਦਾ ਹੈ। ਘਟਦੀ ਜ਼ਮੀਨ (ਭਾਵ ਘਟਦੀ ਆਮਦਨ) ਉਹਦੇ ਲਈ ਜ਼ਹਿਮਤ ਬਣ ਜਾਂਦੀ ਹੈ। ਪਿਓ-ਪੁੱਤਾਂ ਨਾਲ ਤੇ ਪੁੱਤਰ ਪਿਓਆਂ ਨਾਲ ਜ਼ਮੀਨ ਦੀ ਵੰਡ ਵਾਲੇ ਇਹ ਮਸਲੇ ਲੜਾਈ-ਝਗੜਿਆਂ ਤੋਂ ਕਤਲਾਂ ਤੱਕ ਪਹੁੰਚ ਜਾਂਦੇ ਹਨ।
ਹੋਰ ਆਮ ਪੇਸ਼ਾ ਵਪਾਰ (ਦੁਕਾਨਦਾਰੀ) ਹੈ। ਇਸ ਦਾ ਆਧਾਰ ਹੀ ਬੇਈਮਾਨੀ ਤੇ ਠੱਗੀ-ਚੋਰੀ ਹੈ। ਉਹਨੇ ਇਕ ਪਾਸਿਓਂ ਕੋਈ ਚੀਜ਼ ਲੈ ਕੇ ਅੱਗੇ ਵੱਧ ਮੁੱਲ ’ਤੇ ਵੇਚਣੀ ਹੈ। ਉਹ ਆਪਣਾ ਗੁਜ਼ਾਰਾ (ਜਾਂ ਦੁਕਾਨਦਾਰੀ ਵਿਚ ਵਾਧਾ) ਤਦੇ ਕਰ ਸਕਦਾ ਹੈ ਜੇ ਵੱਧ ਤੋਂ ਵੱਧ ਮੁਨਾਫਾ ਕਮਾ ਸਕੇ। ਮੁਨਾਫੇ ਲਈ ਉਹ ਘਟੀਆ ਚੀਜ਼ ਨੂੰ ਚੰਗੀ ਦੱਸ ਕੇ ਝੂਠ ਬੋਲੇਗਾ। ਘੱਟ ਤੋਲੇਗਾ। ਇਕ ਚੀਜ਼ ਚਾਰ ਪੈਸੇ ਸਸਤੀ ਦੇ ਕੇ ਦੂਜੀਆਂ ਚਾਰ ਦਾ ਵੱਧ ਮੁੱਲ ਤਦੇ ਪ੍ਰਾਪਤ ਕਰ ਸਕੇਗਾ ਜੇ ਪਹਿਲੀ ਸਸਤੀ ਦਿੱਤੀ ਚੀਜ਼ ਨਾਲ ਗਾਹਕ ਦਾ ਵਿਸ਼ਵਾਸ ਜਿੱਤ ਸਕੇ। ਇਹ ਠੱਗੀ, ਝੂਠ, ਬੇਈਮਾਨੀ ਉਸ ਦੇ ਕਿੱਤੇ ਦੀ ਮਜਬੂਰੀ ਹੈ ਕਿਉਂਕਿ ਹਰ ਦੁਕਾਨਦਾਰ ਹੀ ਆਪਣਾ ਕਾਰੋਬਾਰ ਤਦੇ ਵਧਾ ਸਕਦਾ ਹੈ। ਤਦੇ ਰੁਜ਼ਗਾਰ ਚੰਗੇਰਾ ਕਰ ਸਕਦਾ ਹੈ ਜੋ ਦੂਜਿਆਂ ਨਾਲੋਂ ਵੱਧ ਚਲਾਕ, ਝੂਠਾ ਤੇ ਬੇਈਮਾਨ ਹੋਵੇ ਤੇ ਇਨ੍ਹਾਂ ਔਗੁਣਾਂ ਨੂੰ ਗਾਹਕ ਦਾ ਵਿਸ਼ਵਾਸ ਜਿੱਤਣ ਲਈ ਸਫ਼ਲਤਾ ਨਾਲ ਵਰਤ ਸਕਦਾ ਹੋਵੇ।
ਇਹ ਸੰਖੇਪ ਰੂਪ ਵਿਚ ਕੁਝ ਅਜਿਹੀਆਂ ਮਿਸਾਲਾਂ ਹਨ ਜੋ ਆਸਾਨੀ ਨਾਲ ਸਮਝੀਆਂ ਜਾ ਸਕਦੀਆਂ ਹਨ ਪਰ ਇਹ ਸਾਰੇ ਵਿਕਾਰ ਸਭ ਤੋਂ ਵਧੇਰੇ ਰਾਜਨੀਤੀ ਤੇ ਰਾਜ ਪ੍ਰਬੰਧ ਵਿਚ ਦੇਖੇ ਜਾ ਸਕਦੇ ਹਨ। ਉਨ੍ਹਾਂ ਕਾਰਨ ਹੀ ਇਨ੍ਹਾਂ ਵਿਕਾਰਾਂ ਦੇ ਪਿਰਾਮਿਡ ਬਣਦੇ ਹਨ। ਪੂਰਾ ਰਾਜਤੰਤਰ ਹੀ ਜਦੋਂ ਭ੍ਰਿਸ਼ਟ ਹੋ ਜਾਵੇ ਤਾਂ ਪੂਰਾ ਸਮਾਜ ਪ੍ਰਭਾਵਿਤ ਹੋ ਜਾਂਦਾ ਹੈ। ਜੇ ਰਾਜ ਪ੍ਰਬੰਧ ਵਿਚ ਹਰ ਵਿਕਾਰ ਹੱਡੀ ਰਚ ਚੁੱਕਿਆ ਹੈ ਤਾਂ ਜਿਹੜੇ ਇਸ ਰਾਜ ਪ੍ਰਬੰਧ ਦੇ ਸਹਾਰੇ (ਹੇਠ) ਜ਼ਿੰਦਗੀ ਗੁਜ਼ਾਰਦੇ ਹਨ, ਉਹ ਸੱਚੇ-ਸੁੱਚੇ ਕਿੰਜ ਰਹਿ ਜਾਣਗੇ?
ਇਹ ਕੁਝ ਸਾਧਾਰਨ ਮਿਸਾਲਾਂ ਰਾਹੀਂ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਪੂਰਾ ਭਾਰਤੀ ਸਮਾਜ ਹੀ ਇਨ੍ਹਾਂ ਵਿਕਾਰਾਂ ਦਾ ਸ਼ਿਕਾਰ ਕਿਉਂ ਹੈ।
ਆਖਰੀ ਸਮਝਣ ਵਾਲਾ ਨੁਕਤਾ ਇਹ ਹੈ ਕਿ ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ ਉਸ ਦੀਆਂ ਜੜ੍ਹਾਂ ਇਤਿਹਾਸ ਤੇ ਨਿੱਜੀ ਜਾਇਦਾਦ ਅੰਦਰ ਹਨ। ਸਾਡਾ ਇਤਿਹਾਸ ਕਦੇ ਵੀ ਮਾਣਯੋਗ ਨਹੀਂ ਰਿਹਾ। ਜਾਇਦਾਦ (ਧਨ-ਦੌਲਤ) ਸਿਰਫ ਜਿਊਂਦੇ ਰਹਿਣ ਦਾ ਸਾਧਨ ਨਹੀਂ ਰਹੀ, ਇੱਜ਼ਤ ਮਾਣ ਨਾਲ ਵੀ ਜੁੜ ਚੁੱਕੀ ਹੈ। ਧਨਵਾਨ ਕਿੰਨਾ ਵੀ ਮੂਰਖ ਹੋਵੇ, ਉਹਦੀ ਮੂਰਖਤਾ ਵੀ ਉਹਦਾ ਵੱਡਾ ਰੁਤਬਾ ਬਣ ਜਾਂਦੀ ਹੈ। ਸਿਆਣੇ ਬੰਦੇ ਵੀ ਉਸ ਅੱਗੇ ਸਿਰ ਝੁਕਾਉਂਦੇ ਹਨ। ਇਕ ਅਰਬਪਤੀ ਆਪ ਭਾਵੇਂ ਦਸਵੀਂ ਪਾਸ ਵੀ ਨਾ ਹੋਵੇ (ਜਿਵੇ ਅੰਬਾਨੀ ਖਾਨਦਾਨ ਦਾ ਮੋਢੀ ਸੀ) ਇੰਜੀਨੀਅਰ ਤੇ ਬਹੁਤ ਪੜ੍ਹੇ-ਲਿਖੇ, ਯੋਗ ਤੇ ਸਿਆਣੇ ਕਰਮਚਾਰੀ ਉਸ ਦੀ ਗੱਲ ਰੱਬੀ ਹੁਕਮ ਸਮਝ ਕੇ ਸੁਣਦੇ ਤੇ ਅਮਲ ਕਰਦੇ ਹਨ-ਕਿਉਂਕਿ ਉਹ ਉਸਦੇ ‘ਚਾਕਰ’ ਹਨ। ਚਾਕਰੀ ਦੀ ਮਾਨਸਿਕਤਾ ਭਾਰਤੀ ਸਮਾਜ ਦਾ ਸਭ ਤੋਂ ਵੱਡਾ ਵਿਕਾਰ ਹੈ। ਸਾਡੇ ਸਮਾਜ ਅੰਦਰ ‘ਸੇਵਾ’ ਨੂੰ ਸਭ ਤੋਂ ਮਹਾਨ ਗੁਣ ਇਸੇ ਲਈ ਸਮਝਿਆ ਜਾਂਦਾ ਹੈ ਕਿਉਂਕਿ ਇਹ ਚਾਕਰੀ ਦਾ ਹੀ ਦੂਜਾ ਨਾਂ ਹੈ ਤੇ ਚਾਕਰ ਹੋਣਾ (ਚਾਹੇ ਮਹਾਨ ਰਾਜੇ ਦਾ ਤੇ ਚਾਹੇ ਕਿਸੇ ਧਨਾਢ ਦਾ) ਹਰ ਪੱਧਰ ’ਤੇ ਕਾਇਮ ਹੈ। ਇਸ ਨੂੰ ਭਾਰਤੀ ਧਰਮਾਂ ਨੇ ਵੀ ਹਮੇਸ਼ਾ ‘ਮੁਕਤੀ’ ਦਾ ਮਾਰਗ ਕਿਹਾ ਹੈ। ਨਿਰਮਾਣਤਾ ਬਹੁਤ ਵੱਡਾ ਮਨੁੱਖੀ ਗੁਣ ਹੈ ਪਰ ਇਸ ਵਿਚੋਂ ਪੈਦਾ ਹੋਈ ਚਾਕਰੀ (ਸੇਵਾ) ਭਾਰਤੀ ਸਮਾਜ ਦਾ ਸਭ ਤੋਂ ਵੱਡਾ ਔਗੁਣ ਬਣ ਚੁੱਕੀ ਹੈ। ਇਹ ਸਭ ਵਿਕਾਰਾਂ ਦੀ ਮਾਨਸਿਕਤਾ ਭਾਰਤੀ ਸਮਾਜ ਦੇ ਨਿਘਾਰ ਦਾ ਕਾਰਨ ਹੈ।
ਸਾਡੇ ਸਮਾਜ ਦੇ ਇਹ ਵਿਕਾਰ ਇਸੇ ਲਈ ਨਿੱਜੀ ਨਹੀਂ ਸਮਾਜਿਕ ਹਨ ਜਦੋਂ ਤੱਕ ਸਮਾਜ ਅੰਦਰ ਇਨ੍ਹਾਂ ਵਿਕਾਰਾਂ ਦੀ ਜੜ੍ਹ, ਰਾਜ ਪ੍ਰਬੰਧ, ਮਾਨਵੀ ਗੁਣ, ਪੈਦਾ ਕਰਨ ਜੋਗਾ ਨਹੀਂ ਹੁੰਦਾ, ਉਦੋਂ ਤੱਕ ਹਰ ਦੇਸ਼ ਇਨ੍ਹਾਂ ਵਿਕਾਰਾਂ ਦਾ ਸ਼ਿਕਾਰ ਬਣਿਆ ਰਹੇਗਾ। ਪਰ ਇਹ ਸਮਾਂ ਕਦੋਂ ਆਵੇਗਾ, ਇਸ ਦਾ ਅੰਦਾਜ਼ਾ ਵੀ ਮੁਸ਼ਕਲ ਹੈ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

Wednesday, March 2, 2011

ਕੂੜਿ ਨਿਖੁਟੇ ਨਾਨਕਾ… / ਗੁਰਦਿਆਲ ਸਿੰਘ

ਇੱਕ ਖਬਰ ਛਪੀ ਹੈ ਕਿ ਬਰਤਾਨੀਆ ਦੇ ਸਾਊਥਾਲ ਜਿੱਥੇ ਕਾਫ਼ੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ, ਵਿਚ ਲਗਪਗ 200 ਬੰਦੇ ਅਜਿਹੇ ਹਨ ਜੋ ਗਲੀਆਂ ਵਿਚ ਸੌਂਦੇ ਹਨ (ਜਾਂ ਕੂੜੇ ਲਈ ਰੱਖੇ ਢੋਲਾਂ ਵਿਚ)। ਇਨ੍ਹਾਂ ਵਿਚੋਂ ਬਹੁਤੇ ਪੰਜਾਬੀ ਹਨ। ਇਕ ਗੁਰਦੁਆਰੇ ਦੇ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਅੱਧਿਆਂ ਕੁ ਨੂੰ ਤਾਂ ਗੁਰਦੁਆਰੇ ਵਿਚ ਥਾਂ ਦਿੱਤੀ ਹੋਈ ਹੈ, ਪਰ ਸਾਰਿਆਂ ਲਈ ਥਾਂ ਨਹੀਂ। ਇਹ ਸਾਰੇ ਬੇਰੁਜ਼ਗਾਰ ਹਨ। ਕਈ ਗ਼ੈਰਕਾਨੂੰਨੀ ਢੰਗਾਂ ਨਾਲ ਉਥੇ ਪਹੁੰਚੇ ਹਨ। ਇਨ੍ਹਾਂ ਵਿਚ ਅਨੇਕ ਨਸ਼ਿਆਂ ਦੇ ਆਦੀ ਹਨ। ਮੰਗ ਕੇ ਖਾਂਦੇ ਹਨ। ਪਿਛਲੇ ਦਿਨੀਂ ਤੀਹ ਕੁ ਦੇ ਕਰੀਬ ਪੰਜਾਬੀ ਔਰਤਾਂ, ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਏ ਨੂੰ ਮਿਲੀਆਂ ਸਨ। ਕਈਆਂ ਦੇ ਬੱਚੇ ਵੀ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਜਾਂ ਤਾਂ ਵਿਦੇਸ਼ ਲੈ ਕੇ ਹੀ ਨਹੀਂ ਗਏ ਜਾਂ ਕਿਸੇ ਬਹਾਨੇ ਏਧਰ ਛੱਡ ਕੇ ਚਲੇ ਗਏ। (ਅੰਦਾਜ਼ਾ ਹੈ, ਅਜਿਹੀਆਂ ਔਰਤਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।)
ਤੀਸਰੀ ਕਿਸਮ ਦੀਆਂ ਖਬਰਾਂ ਤਾਂ ਰੋਜ਼ ਛਪਦੀਆਂ ਹਨ ਕਿ ਟਰੈਵਲ ਏਜੰਟਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਠੱਗ ਲਏ। ਕਈਆਂ ਨੂੰ ਕੈਨੇਡਾ, ਅਮਰੀਕਾ ਜਾਂ ਬਰਤਾਨੀਆ ਭੇਜਣ ਦੇ ਬਹਾਨੇ ਕਿਸੇ ਹੋਰ ਛੋਟੇ ਦੇਸ਼ ਵਿਚ ਭੇਜ ਦਿੱਤਾ ਤੇ ਉਥੇ ਏਜੰਟਾਂ ਦੇ ਬੰਦਿਆਂ ਨੇ ਉਨ੍ਹਾਂ ਕੋਲੋਂ ਪਾਸਪੋਰਟ ਤੇ ਪੈਸੇ ਖੋਹ ਕੇ ਮੰਗਣ-ਖਾਣ ਜੋਗੇ ਕਰ ਦਿੱਤਾ। ਨਾ ਉਹ ਘਰ ਦੇ ਰਹੇ ਨਾ ਘਾਟ ਦੇ।
ਆਖਰ ਪੰਜਾਬੀਆਂ ਦੀ ਅਜਿਹੀ ਦੁਰਦਸ਼ਾ ਕਿਉਂ ਹੋ ਰਹੀ ਹੈ? ਕਿਉਂ, ਵਿਸ਼ੇਸ ਕਰਕੇ ਪੇਂਡੂ ਨੌਜਵਾਨ ਵਿਦੇਸ਼ ਜਾਣ ਲਈ ਏਨੇ ਕਾਹਲੇ ਪਏ ਹੋਏ ਹਨ ਕਿ ਜ਼ਮੀਨਾਂ ਵੇਚ ਕੇ ਵੀ ਵਿਦੇਸ਼ ਜਾਣ ਲਈ ਤਰਲੇ ਲੈਂਦੇ ਹਨ? ਮੈਂ ਬਹੁਤ ਸਮਾਂ (1980 ’ਚ) ਪਹਿਲਾਂ ਬਰਤਾਨੀਆ ਗਿਆ ਸੀ। ਹੀਥਰੋ ਹਵਾਈ ਅੱਡੇ ’ਤੇ ਹੀ ਇਕ ਕੁੜਤੀ- ਸਲਵਾਰ ਵਾਲੀ ਪੰਜਾਬਣ ਨੂੰ, ਡੰਡੇ ਵਾਲੇ ਪੋਚੇ ਨਾਲ ਫਰਸ਼ ਸਾਫ ਕਰਦਿਆਂ ਦੇਖ ਕੇ ਹੈਰਾਨੀ ਹੋਈ ਸੀ। ਪਰ ਉਹ ਸਾਡੇ ਵਲ ਸੁਭਾਵਕ ਹੀ ਝਾਕਦੀ ਰਹੀ, ਉਸ ਨੂੰ ਅਜਿਹਾ ਕੰਮ ਕਰਦਿਆਂ ਇਹ ਬਿਲਕੁਲ ਮਹਿਸੂਸ ਨਹੀਂ ਸੀ ਹੋਇਆ ਕਿ ਅਸੀਂ ਜੋ ਪਹਿਲੀ ਵਾਰ ਉਥੇ ਗਏ ਸਾਂ, ਉਸ ਬਾਰੇ ਕੀ ਸੋਚਦੇ ਸਾਂ। ਕੁਝ ਹਫਤੇ ਲੰਡਨ ਰਹਿਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਿਆ ਕਿ ਉਥੇ ਗਏ ਪੰਜਾਬੀਆਂ ਵਿਚੋਂ ਬਹੁਤੇ (ਸ਼ਾਇਦ 90 ਫੀਸਦੀ) ਕਿਸੇ ਨਾ ਕਿਸੇ ਤਰ੍ਹਾਂ ਦੀ ਮਜ਼ਦੂਰੀ ਕਰਦੇ ਸਨ। ਤਨਖਾਹਾਂ ਚੰਗੀਆਂ ਮਿਲਦੀਆਂ ਸਨ, ਪਰ ਟੈਕਸ ਏਨਾ ਦੇਣਾ ਪੈਂਦਾ ਹੈ ਕਿ ਬਾਕੀ ਬਚੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ। ਕਈਆਂ ਨੇ ਦੋ-ਦੋ ਮੰਜਿਆਂ ਜੋਗੇ ਦੋ-ਦੋ ਕਮਰਿਆਂ ਦੇ ਘਰ ਕਿਸ਼ਤਾਂ ’ਤੇ ਖਰੀਦੇ ਹੋਏ ਸਨ, ਪਰ ਦਸ-ਦਸ ਸਾਲ ਤਕ ਕਿਸ਼ਤਾਂ ਹੀ ਪੂਰੀਆਂ ਨਹੀਂ ਹੋਈਆਂ।
ਕੈਨੇਡਾ ਜਾਂ ਅਮਰੀਕਾ ਗਏ ਪੰਜਾਬੀਆਂ ਵਿਚੋਂ ਸੌ ਵਿਚੋਂ ਪੰਜ-ਸੱਤ ਅਜਿਹੇ ਵੀ ਹਨ, ਜਿਨ੍ਹਾਂ ਦਾ ਲੱਖਾਂ ਕਰੋੜਾਂ ਦਾ ਕਾਰੋਬਾਰ ਹੈ। ਕਦੇ-ਕਦੇ ਇਹ ਖਬਰਾਂ ਵੀ ਆਉਂਦੀਆਂ ਹਨ ਕਿ ਕੋਈ ਪੰਜਾਬੀ ਪਾਰਲੀਮੈਂਟ ਦਾ ਮੈਂਬਰ ਵੀ ਬਣ ਗਿਆ। (ਅਮਰੀਕਾ ਦੇ ਪ੍ਰਧਾਨ ਨੇ ਪਿਛਲੇ ਦਿਨੀਂ ਦੋ ਭਾਰਤੀਆਂ ਨੂੰ ਚੰਗੇ ਅਹੁਦੇ ਵੀ ‘ਬਖਸ਼ੇ’ ਹਨ) ਅਜਿਹੀਆਂ ਖਬਰਾਂ, ਸਾਧਾਰਨ ਪੰਜਾਬੀਆਂ ਦੇ ਮਨਾਂ ਅੰਦਰ, ਅਜੀਬ ਕਿਸਮ ਦੀ ਲਾਲਸਾ ਪੈਦਾ ਕਰਦੀਆਂ ਹਨ। ਪਿੰਡਾਂ ਦੇ ਅਨਪੜ੍ਹ ਜਾਂ ਦਸ-ਬਾਰਾਂ ਜਮਾਤਾਂ ਪੜ੍ਹੇ ਮੁੰਡੇ ਅਜਿਹੀਆਂ ਖਬਰਾਂ ਪੜ੍ਹ ਕੇ ਧਨਾਢ ਬਣਨ ਦੇ ਸੁਪਨੇ ਦੇਖਦੇ ਹਨ। ਪਰ ਉਹ ਅਜਿਹੀਆਂ ਖਬਰਾਂ ਵੱਲ ਧਿਆਨ ਨਹੀਂ ਦਿੰਦੇ ਕਿ ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਅਮਰੀਕਾ ਵਿਚ ਦਸ ਫੀਸਦੀ ਲੋਕ ਬੇਰੁਜ਼ਗਾਰ ਹਨ। (ਇਹ ਗਿਣਤੀ ਤਿੰਨ ਕਰੋੜ ਦੇ ਕਰੀਬ ਬਣਦੀ ਹੈ।) ਇਹ ਸਰਦੀ ਵਿਚ ਵੀ ਪੁਲਾਂ ਹੇਠ ਜਾਂ ਪਾਰਕਾਂ ਵਿਚ ਰਾਤਾਂ ਕੱਟਦੇ ਹਨ। ‘ਖੈਰਾਤਖਾਨਿਆਂ’ ਵਿਚੋਂ ਸੜੀਆਂ ਡਬਲ-ਰੋਟੀਆਂ ਦੇ ਸਿਕੜ ਖਾ ਕੇ, ਅੱਧ ਭੁੱਖੇ, ਪਸ਼ੂਆਂ ਦੀ ਜੂਨ ਭੋਗਦੇ ਹਨ। (ਬਰਤਾਨੀਆ ਤੇ ਜਰਮਨੀ ਵਿਚ ਵੀ ਮੈਂ ਮੰਗਤੇ ਖ਼ੁਦ ਦੇਖੇ ਹਨ)
ਵਿਦੇਸ਼ ਜਾਣ ਦੀ ਲਾਲਸਾ, ਪੰਜਾਬੀਆਂ ਅੰਦਰ ਪਾਗਲਪਣ ਦੀ ਹੱਦ ਤਕ ਪਹੁੰਚ ਚੁੱਕੀ ਹੈ। ਇਸ ਦਾ ਵੱਡਾ ਕਾਰਨ ਸਿਰਫ ਇਹ ਸਮਝਿਆ ਜਾਂਦਾ ਹੈ ਕਿ ਪੰਜਾਬ ਦੇ ਲਗਪਗ ਹਰ ਪਿੰਡ ਵਿਚੋਂ ਦੋ-ਚਾਰ ਬੰਦੇ (ਦੁਆਬੇ ਵਿਚੋਂ ਬਹੁਤ ਵੱਡੀ ਗਿਣਤੀ ’ਚ) ਵਿਦੇਸ਼ ਗਏ ਹੋਏ ਹਨ। ਉਹ ਜਦੋਂ ਸਾਲ ਦੋ-ਸਾਲ ਜਾਂ ਵਧੇਰੇ ਸਮੇਂ ਮਗਰੋਂ ਪਿੰਡ ਆਉਂਦੇ ਹਨ ਤਾਂ ਵਿਦੇਸ਼ੋਂ ਬਚਾ ਕੇ ਲਿਆਂਦੇ ਡਾਲਰ ਜਾਂ ਪੌਂਡ, ਏਨੇ ਕੁ ਜ਼ਰੂਰ ਲਿਆਉਂਦੇ ਹਨ ਕਿ ਇਥੇ ਆ ਕੇ ਚੰਗੇ ਰੱਜੇ-ਪੁੱਜੇ ਬੰਦਿਆਂ ਵਾਂਗ ਖਰਚ ਕਰ ਸਕਣ। ਬਹੁਤੇ ਵਿਦੇਸ਼ ਦੇ ‘ਸਵਰਗ’ ਦੀਆਂ ਕਹਾਣੀਆਂ ਵਧਾਅ-ਚੜ੍ਹਾਅ ਕੇ ਸੁਣਾਉਂਦੇ ਹਨ। ਅਜਿਹੇ ਕੋਈ ਦੋ-ਚਾਰ ਬੰਦੇ ਜਦੋਂ ਪਿੰਡ ਦੇ ਗੁਰਦੁਆਰੇ, ਸਕੂਲ ਜਾਂ ਧਰਮਸ਼ਾਲਾ ਨੂੰ ਲੱਖ ਦੋ ਲੱਖ ਦਾ ਦਾਨ ਦਿੰਦੇ ਹਨ ਤਾਂ ਸਾਰੇ ਪਿੰਡ ਦੇ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਬੇਰੁਜ਼ਗਾਰ ਨੌਜਵਾਨ ਤਰਲੋਮੱਛੀ ਹੋਣ ਲੱਗਦੇ ਹਨ। ਉਨ੍ਹਾਂ ਦੇ ਪਰਿਵਾਰਾਂ ਅੰਦਰ ਵੀ ਲਾਲਸਾ ਪੈਦਾ ਹੁੰਦੀ ਹੈ ਕਿ ਜੇ ਇਕ ਦੋ ਏਕੜ ਜ਼ਮੀਨ ਵੇਚ ਕੇ ਮੁੰਡਿਆਂ ਨੂੰ ਵਿਦੇਸ਼ ਭੇਜ ਸਕਣ ਤਾਂ ਵਾਰੇ-ਨਿਆਰੇ ਹੋ ਜਾਣਗੇ।
ਪਰ ਵਿਦੇਸ਼ ਜਾਣ ਦੀ ਲਾਲਸਾ ਦਾ ਜੋ ਸਭ ਤੋਂ ਵੱਡਾ ਕਾਰਨ ਹੈ, ਉਹ ਪੰਜਾਬ ਦੀ ਗਰੀਬੀ, ਬੇਰੁਜ਼ਗਾਰੀ ਤੇ ਮਾੜੀ ਜ਼ਿੰਦਗੀ ਹੈ। ਪੰਜਾਹ ਲੱਖ ਪੇਂਡੂ ਨੌਜਵਾਨ ਮੁੰਡੇ-ਕੁੜੀਆਂ ਅਜਿਹੇ ਹਨ ਜੋ ਦਸਵੀਂ ਤੋਂ ਐਮ.ਏ., ਬੀ.ਐੱਡ. ਦੀ ਪੜ੍ਹਾਈ ਪੂਰੀ ਕਰਕੇ ਵੀ ਬੇਰੁਜ਼ਗਾਰ ਹਨ। ਅਜਿਹੇ ਹਜ਼ਾਰਾਂ ਨੌਜਵਾਨ ਮੁੰਡੇ ਫੌਜ ਵਿਚ ਭਰਤੀ ਹੋਣ ਲਈ (ਦੂਜੇ ਅਰਥਾਂ ਵਿਚ ਸਰਹੱਦਾਂ ’ਤੇ ਮੌਤ ਨਾਲ ਮੱਥਾ ਲਾਉਣ ਲਈ) ਜਾਂਦੇ ਹਨ, ਪਰ ਸੌ ਵਿਚੋਂ ਦਸ ਵੀ ਫੌਜੀ ਬਣਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਨਸ਼ਿਆਂ ਦੇ ਮਾਰੇ ਜਾਂ ਮਾੜੀ ਖੁਰਾਕ ਕਾਰਨ ਕਮਜ਼ੋਰ ਹੋਣ ਕਾਰਨ ਫੌਜੀ ਅਫਸਰ ਉਨ੍ਹਾਂ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੰਦੇ ਹਨ।
ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਬੁਰੀ ਤਰ੍ਹਾਂ ਵਧ ਰਹੀ ਹੈ। ਸਾਡੇ ਕੇਂਦਰ ਦੇ ਵੱਡੇ ਨੇਤਾ, ਵਾਰ-ਵਾਰ ਇਹ ਬਿਆਨ ਦਿੰਦੇ ਹਨ ਕਿ ਮਹਿੰਗਾਈ ਸਾਰੇ ਸੰਸਾਰ ਵਿਚ ਵਧ ਰਹੀ ਹੈ ਜਿਸ ਦਾ ਅਸਰ ਸਾਡੇ ’ਤੇ ਵੀ ਪੈਂਦਾ ਹੈ। ਪਰ ਉਹ ਇਹ ਕਦੇ ਨਹੀਂ ਮੰਨਦੇ ਕਿ ਕੇਂਦਰੀ ਤੇ ਰਾਜ ਸਰਕਾਰਾਂ ਨੇ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਦੇ ਮੂਲ ਕਾਰਨਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਇਕ ਸਦੀ ਪਹਿਲਾਂ (1901 ਤਕ) ਪੂਰੇ ਸੰਸਾਰ ਦੀ ਆਬਾਦੀ ਸਿਰਫ ਇਕ ਅਰਬ ਸੀ। ਪਿਛਲੇ ਸੌ ਸਾਲਾਂ ਅੰਦਰ ਸੱਤ ਅਰਬ ਦੇ ਨੇੜੇ ਪਹੁੰਚ ਚੁੱਕੀ ਹੈ। ਖਾਣ-ਪੀਣ ਦੀਆਂ ਤੇ ਹੋਰ ਲੋੜ ਦੀਆਂ ਵਸਤਾਂ ਲਈ ਨਾ ਖੇਤੀ ਯੋਗ ਜ਼ਮੀਨ ਬਚੀ ਹੈ, ਨਾ ਹੀ ਅਜਿਹੇ ਉਦਯੋਗ ਸਥਾਪਤ ਹੋਏ ਹਨ ਜੋ ਬਹੁਤ ਸਸਤੇ ਸਾਮਾਨ ਨਾਲ ਸਿਰ ਢਕਣ ਲਈ ਛੱਤ ਤੇ ਤਨ ਢਕਣ ਲਈ ਕੱਪੜਾ ਦੇ ਸਕਦੇ ਹੋਣ। ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਅਨੇਕਾਂ ਇਲਾਕਿਆਂ ਦੇ ਕਿਸਾਨ, ਮਜ਼ਦੂਰ ਤੇ ਕਰੋੜਾਂ ਹੋਰ ਲੋਕ ਗਰਮੀ ਵਿੱਚ ਤਾਂ ਪਾਟੀਆਂ ਬੁਨੈਣਾਂ ਪਾ ਕੇ ਗੁਜ਼ਾਰਾ ਕਰ ਲੈਂਦੇ ਹਨ ਪਰ ਸਰਦੀ ਵਿਚ ਬੁੱਕਲ ਮਾਰਨ ਜੋਗਾ ਖੇਸ ਵੀ ਉਨ੍ਹਾਂ ਕੋਲ ਨਹੀਂ ਹੁੰਦਾ। ਸਾਰੇ ਦੇਸ਼ ਦੇ ਪੱਤਰਕਾਰ ਜੋ ਖਬਰਾਂ ਅਖਬਾਰਾਂ ਲਈ ਭੇਜਦੇ ਹਨ, ਉਨ੍ਹਾਂ ਵਿਚ ਸਖਤ ਸਰਦੀ ਜਾਂ ਅਤਿ ਦੀ ਗਰਮੀ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਸੌ ਵਿਚੋਂ ਦੋ-ਚਾਰ ਵੀ ਨਹੀਂ ਹੁੰਦੀ। ਪਛੜੇ ਪਿੰਡਾਂ ਵਿਚ ਭੁੱਖ, ਗਰਮੀ, ਸਰਦੀ, ਗੰਭੀਰ ਬਿਮਾਰੀਆਂ ਨਾਲ, ਸਾਰੇ ਦੇਸ਼ ਵਿਚ ਜੋ ਲੱਖਾਂ ਲੋਕ ਮਰਦੇ ਹਨ, ਉਨ੍ਹਾਂ ਦੀ ਕੋਈ ਖਬਰ ਨਹੀਂ ਛਪਦੀ।
ਸ਼ੁਰੂ ਵਿਚ ਵਿਦੇਸ਼ ਜਾਣ ਦੀ ਪਾਗਲਪਣ ਦੀ ਹੱਦ ਤਕ ਪਹੁੰਚੀ, ਪੰਜਾਬੀਆਂ ਦੀ ਲਾਲਸਾ ਦਾ ਜ਼ਿਕਰ ਕਰਦਿਆਂ ਪੂਰੇ ਸੰਸਾਰ ਦੀ ਮੰਦੀ ਹਾਲਤ ਤਕ ਇਸ ਕਰਕੇ ਗੱਲ ਪਹੁੰਚ ਗਈ ਕਿ ਸਾਡੇ ਆਗੂ, ਸਰਕਾਰਾਂ ਸਿਰਫ ਅਮੀਰ ਮੁਲਕਾਂ ਦੀ ਸਹਾਇਤਾ ਨਾਲ, ਦੇਸ਼ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਹੀ ਸੋਚਦੇ ਰਹਿੰਦੇ ਹਨ ਜਿਸ ਨੂੰ ਹੁਣ ‘ਵਿਸ਼ਵੀਕਰਨ’ (ਗਲੋਬਲਾਈਜ਼ੇਸ਼ਨ) ਕਿਹਾ ਜਾਂਦਾ ਹੈ। ਪਰ ਅਮਰੀਕਾ ਯੂਰਪ ਦੀਆਂ ਕੰਪਨੀਆਂ, ਸਾਡੇ ਦੇਸ਼ ਦੀਆਂ ਮੂਲ ਸਮੱਸਿਆਵਾਂ ਹੱਲ ਕਰਨ ਲਈ ਨਹੀਂ ਆ ਰਹੀਆਂ, ਉਹ ਸਾਡੇ ਗਰੀਬ ਮਜ਼ਦੂਰਾਂ, ਸਸਤੇ ਕੱਚੇ ਮਾਲ ਤੇ ਉਦਯੋਗਾਂ ਲਈ ਸਸਤੇ ਮੁੱਲ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨ ਆ ਰਹੀਆਂ ਹਨ। ਸਿੱਧੜ ਸ਼ਬਦਾਂ ਵਿਚ ‘ਸਾਡਾ ਸਿਰ ਤੇ ਸਾਡੀਆਂ ਹੀ ਜੁੱਤੀਆਂ’ ਦੇ ਮੁਹਾਵਰੇ ਅਨੁਸਾਰ ਇਹ ਸਭ ਉਦਯੋਗ ਲਗ ਰਹੇ ਹਨ। ਤਕਨਾਲੋਜੀ ਤੇ ਵਿਗਿਆਨ ਦੀ ਪੜ੍ਹਾਈ ਦੇ ਖੇਤਰਾਂ ਅੰਦਰ ਵੀ ਉਹ ਸੰਨ੍ਹ ਲਾਉਣ ਦਾ ਹਰ ਢੰਗ ਵਰਤ ਰਹੀਆਂ ਹਨ। ਇਹ ਇਸ ਲਈ ਕਰ ਰਹੀਆਂ ਹਨ ਕਿ ਸਾਡੇ ਦੇਸ਼ ਦੀ, ਗਰੀਬਾਂ ਦੀ ਲਹੂ-ਪਸੀਨੇ ਦੀ ਕਮਾਈ ਨਾਲ ਸਾਡੇ ਸਭ ਤੋਂ ਜ਼ਹੀਨ (ਦਿਮਾਗਦਾਰ) ਮੁੰਡੇ-ਕੁੜੀਆਂ ਨੂੰ ਪੜ੍ਹਾ ਕੇ ਆਪਣੇ ਦੇਸ਼ ਦੇ ਵਿਕਾਸ ਲਈ ਲੈ ਜਾਣ ਤੇ ਜੋ ਵਿਚਾਰੇ (ਕੁਦਰਤੀ ਮੰਦ ਬੁੱਧੀ ਵਾਲੇ) ਉਚਤਮ ਵਿਦਿਆ ਵਿਚ ਪੂਰੇ ਮਾਹਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਬੇਰੁਜ਼ਗਾਰੀ ਲਈ ਇੱਥੇ ਛੱਡ ਜਾਣ। ਅਮਰੀਕਾ, ਜਾਪਾਨ ਤੇ ਯੂਰਪ ਦੇ ਸਾਰੇ ਸਮਰਿਧ ਦੇਸ਼ ਇਸੇ ਦਾਅ ’ਤੇ (ਸਾਡੇ ‘ਵਿਕਾਸ’ ਦੇ ਨਾਂ ’ਤੇ) ਦੇਸ਼ ਨੂੰ ਹੋਰ ਨਿਘਾਰ ਵਲ ਲਿਜਾ ਰਹੇ ਹਨ।
ਇਹ ਬਹੁਤ ਗੁੰਝਲਦਾਰ ਸਮੱਸਿਆਵਾਂ ਹਨ ਜੋ ਦੇਸ਼ ਦੇ 95 ਫੀਸਦੀ ਲੋਕਾਂ ਨੂੰ ਤਾਂ ਉੱਕਾ ਸਮਝ ਨਹੀਂ ਆਉਂਦੀਆਂ। ਜਿਹੜੇ 5-7 ਫੀਸਦੀ ਨੂੰ ਸਮਝ ਆਉਂਦੀਆਂ ਹਨ (ਰਾਜਸੀ ਨੇਤਾਵਾਂ, ਸੱਤਾਧਾਰੀ ਪਾਰਟੀਆਂ ਦੇ ਆਗੂਆਂ, ਉਦਯੋਗਪਤੀਆਂ, ਵੱਡੇ ਵਪਾਰੀਆਂ ਤੇ ਨੌਕਰਸ਼ਾਹਾਂ ਨੂੰ) ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਕਿਉਂਕਿ ਬਾਹਰਲੇ ‘ਚੋਰਾਂ’ ਨਾਲ ਰਲ ਕੇ, ਉਹ ਆਪਣੇ ਮਹਿਲ ਉਸਾਰੀ ਜਾਂਦੇ ਹਨ। ਕਰੋੜਪਤੀਆਂ ਤੋਂ ਅਰਬਪਤੀ, ਖਰਬਪਤੀ ਬਣਨ ਤੋਂ ਬਿਨਾਂ ਉਨ੍ਹਾਂ ਦੀ ਨਜ਼ਰ ਹੋਰ ਕਿਸੇ ਪਾਸੇ ਨਹੀਂ ਜਾਂਦੀ।
ਇਹ ਸਾਰੇ ਮਿਲਵੇਂ ਕਾਰਨ ਹਨ ਜਿਨ੍ਹਾਂ ਕਾਰਨ ਪੰਜਾਬੀਆਂ ਅੰਦਰ ਵਿਦੇਸ਼ ਵੱਲ ਭੱਜਣ ਦੇ ‘ਪਾਗਲਪਣ’ ਤਕ ਦੀ ਲਾਲਸਾ ਪੈਦਾ ਹੁੰਦੀ ਹੈ। ਜਿਹੜੇ ‘ਵੱਡੇ ਸਿਆਣੇ’ ਨੌਜਵਾਨਾਂ ਨੂੰ ਦੋਸ਼ੀ ਸਮਝਦੇ ਹਨ, ਉਹ ਅਸਲ ਵਿਚ, ਉੱਤੇ ਦਿੱਤੇ ਹਾਲਾਤ ਨੂੰ ਜਾਂ ਤਾਂ ਸਮਝਦੇ ਨਹੀਂ ਜਾਂ ਫੇਰ ‘ਗੱਲੀਂ-ਬਾਤੀ’ ਮੈਂ ਵੱਡੀ, ਊਂ ਵੱਡੀ ਜਿਠਾਣੀ’ ਦੇ ਮੁਹਾਵਰੇ ਅਨੁਸਾਰ ਧੋਖੇ ਹੋ ਰਹੇ ਹਨ। ਇਹ ਦਸ਼ਾ ਸਿਰਫ ਪੰਜਾਬੀ ਨੌਜਵਾਨਾਂ ਲਈ ਹੀ ਨਹੀਂ ਪੂਰੇ ਦੇਸ਼ ਲਈ ਹੀ ਘਾਤਕ ਸਿੱਧ ਹੋ ਰਹੀ ਹੈ।
ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਦੇਸ਼ ਦੇ ਲਗਪਗ ਸਾਰੇ ਅਖਬਾਰ ਤੇ ਟੀ.ਵੀ. ਚੈਨਲ, ਉਪਰ ਦੱਸੇ ਤੱਥਾਂ ਵੱਲ ਕਿਉਂ ਧਿਆਨ ਨਹੀਂ ਕਰਦੇ? ਕਿਉਂ ਸਿਰਫ ਰਾਜਸੀ ਨੇਤਾਵਾਂ ਦੇ ਚੰਗੇ-ਮੰਦੇ ਬਿਆਨ ਨਸ਼ਰ ਕਰਦੇ ਜਾਂ ਸਿਰਫ ਵੱਡੇ ਘਪਲਿਆਂ ਦੀਆਂ ਖਬਰਾਂ ਦਿੰਦੇ ਤੇ ਟਿੱਪਣੀਆਂ ਕਰਦੇ ਹਨ? ਇਹਦਾ ਕਾਰਨ ਇਹ ਹੈ ਕਿ ਪੂਰੇ ਮੀਡੀਆ ਨੂੰ ਕਰੋੜਾਂ ਦੇ ਇਸ਼ਤਿਹਾਰ (ਤੇ ਹੋਰ ਕਈ ਅਸਿੱਧੇ ਲਾਭ) ਮਿਲਦੇ ਹਨ। ਫੇਰ ਆਪਣੀ ਥਾਲੀ ਵਿਚ ਛੇਕ ਕੌਣ ਕਰੇ? ਦੇਸ਼ ਦੇ ਆਮ ਲੋਕ (90 ਤੋਂ 100 ਕਰੋੜ ਤਕ) ਤਾਂ ‘ਬੰਦੇ ਹੀ ਨਹੀਂ, ਫੇਰ ਉਨ੍ਹਾਂ ਬਾਰੇ ਕਿਉਂ ਸੋਚੇ? ਉਨ੍ਹਾਂ ਦੇ ਸੰਤਾਪ ਦਾ ਅਹਿਸਾਸ ਉਹ ਲੋਕ ਕਿਉਂ ਕਰਨ ਜਿਹੜੇ ਇਨ੍ਹਾਂ ਦੀ ਅਗਿਆਨਤਾ ਕਾਰਨ ਹੀ ‘ਸ਼ੀਸ਼ ਮਹਿਲਾਂ’ ਦਾ ਆਨੰਦ ਮਾਣਦੇ ਹਨ। ਪਰ ਸਦਾ ਸਭ ਕੁਝ (ਕੁਝ ਵੀ) ਕਦੇ ਨਹੀਂ ਰਹਿੰਦਾ। ਸੰਸਾਰ ਦੀ ਹਰ ਚੀਜ਼, ਹਰ ਜੀਵ, ਹਰ ਬੰਦਾ, ਹਮੇਸ਼ਾ ਬਦਲਦਾ ਰਹਿੰਦਾ ਹੈ। ਜਦੋਂ ਕਿਸੇ ਵੀ ਦਸ਼ਾ (ਪਾਪ, ਜ਼ੁਲਮ, ਲੋਕਾਂ ਵੱਲੋਂ ਬੇਧਿਆਨੀ) ਦੀ ਅਤਿ ਹੋ ਜਾਂਦੀ ਹੈ ਤਾਂ ਵੱਡੀਆਂ ਤਬਦੀਲੀਆਂ ਦਾ ਯੁੱਗ ਸ਼ੁਰੂ ਹੁੰਦਾ ਹੈ (ਜੋ ਹਮੇਸ਼ਾ ਹੁੰਦਾ ਆਇਆ ਹੈ)। ਮਨੁੱਖ ਸੰਸਾਰ ਦਾ ਸਭ ਜੀਵਾਂ ਤੋਂ ਸ੍ਰੇਸ਼ਟ ਹੈ। ਇਸ ਨੂੰ ਕੁਦਰਤ ਨੇ ਬ੍ਰਹਿਮੰਡ ਦਾ ਸਰਵਸ੍ਰੇਸ਼ਟ ਦਿਮਾਗ ਦਿੱਤਾ ਹੈ। ਉਹਨੂੰ ਅੱਜ ਤਕ ਦੇ ਸ਼ਾਸਕਾਂ ਨੇ, ਬੇਸੋਚ ਤੇ ਕੁੰਦ ਕਰਨ ਦੇ ਯਤਨ ਹਮੇਸ਼ਾ ਕੀਤੇ ਹਨ (ਤੇ ‘ਲੋਕਤੰਤਰ’ ਦੇ ‘ਛਲਾਵੇ’ ’ਚ ਵੀ ਹੋ ਰਹੇ ਹਨ)। ਪਰ ਇਹ ਤਾਂ ਸੁੱਤਾ ਪਿਆ ਵੀ ਹਰ ਛਿਣ ਸੋਚਦਾ ਰਹਿੰਦਾ ਹੈ। ਮੁਸ਼ਕਲਾਂ, ਮੁਸੀਬਤਾਂ ਤੇ ਅਤਿ ਗੁੰਝਲਦਾਰ ਮਸਲਿਆਂ ਸਮੇਂ ਵਧੇਰੇ ਤੇਜ਼ੀ ਨਾਲ ਸੋਚਦਾ ਹੈ। ਇਸੇ ਸੋਚ ਤੇ ਉਤੇਜਨਾ ਨੇ ਸਮੇਂ ਨੂੰ ਪੁੱਠਾ (ਅਸਲ ’ਚ ਸਿੱਧਾ) ਗੇੜ ਦੇਣਾ ਹੈ ਕਿ ਸਮਰਿਧ ਮੁਲਕਾਂ ਤੇ ਉਨ੍ਹਾਂ ਨਾਲ ਰਲੇ ਸਾਡੇ ‘ਉਤਲਿਆਂ’ ਦੇ ਸਾਰੇ ਮੋਹਰੇ ਹਿੱਲ ਜਾਣਗੇ। ਸਮੇਂ ਦਾ ਇਹ ਪਲਟਾ ਕਦੋਂ, ਕਿਵੇਂ ਵਾਪਰਨਾ ਹੈ, ਇਹਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ। ਪਰ ਮਹਾਨ ਚਿੰਤਕਾਂ, ਗੁਰੂ ਪੀਰਾਂ ਤੇ ਲੋਕ ਹਿਤੈਸ਼ੀ ਵਿਦਵਾਨਾਂ ਅਨੁਸਾਰ ‘ਕੂੜ’ ਨੇ ਕਦੇ ਨਾ ਕਦੇ ‘ਨਿਖੁਟਣਾ’ ਹੀ ਹੈ ਤੇ ਸੱਚ ਦਾ ਯੁੱਗ ਵੀ ਆਰੰਭ ਹੋਣਾ ਹੀ ਹੋਣਾ ਹੈ। ਇਹੋ ਅੰਤਮ ਸੱਚਾਈ ਹੈ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)