Tuesday, February 28, 2012

ਹੰਸਾਂ ਨਾਲ ਟਟੀਹਰੀ ਕਿਉਂ ਪਹੁਚੇ ਦੌੜੀ!-ਗੁਰਦਿਆਲ ਸਿੰਘ

ਜਿਸ ਭਾਰਤੀ ਸੱਭਿਅਤਾ ਦਾ ਅਸੀਂ ਮਾਣ ਕਰਦੇ ਹਾਂ, ਉਹ ਲਗਪਗ ਅੱਠ ਸਦੀਆਂ ਤੋਂ, ਬਾਹਰੋਂ ਆਏ ਧਾੜਵੀਆਂ ਤੇ ਅੰਗਰੇਜ਼ਾਂ ਦੇ ਪ੍ਰਭਾਵਾਂ ਅਧੀਨ ਰਹੀ ਹੈ ਤੇ ਅਸੀਂ ਉਨ੍ਹਾਂ ਦੀ ਅਧੀਨਗੀ ਵੀ ਕਬੂਲਦੇ ਰਹੇ ਹਾਂ। ਬਾਹਰੋਂ ਆਏ ਧਾੜਵੀਆਂ ਵਿੱਚੋਂ ਮੁਗ਼ਲਾਂ ਦਾ ਪ੍ਰਭਾਵ, ਸਭ ਤੋਂ ਵਧੇਰੇ ਕਬੂਲਿਆ ਹੈ, ਕਿਉਂਕਿ ਉਨ੍ਹਾਂ ਦਾ ਰਾਜ-ਕਾਲ ਤਿੰਨ ਸਦੀਆਂ ਤੱਕ ਕਾਇਮ ਰਿਹਾ। ਇਕ ਨਿੱਜੀ ਮਿਸਾਲ ਵੀ ਇੱਥੇ ਕੁਥਾਂ ਨਹੀਂ ਹੋਵੇਗੀ। ਜਦੋਂ ਤਾਜਿਕਸਤਾਨ ਤੇ ਉਜ਼ਬੇਕਿਸਤਾਨ ਦੀਆਂ ਰਾਜਧਾਨੀਆਂ ਤਾਸ਼ਕੰਦ ਤੇ ਸਮਰਕੰਦ ਜਾਣ ਦਾ ਮੌਕਾ ਮਿਲਿਆ ਤਾਂ ਉੱਥੋਂ ਦੇ ਬੰਦਿਆਂ ਦੀਆਂ ਪੱਗਾਂ, ਔਰਤਾਂ ਦੀਆਂ ਕੁੜਤੀ-ਸਲਵਾਰਾਂ ਤੇ ਚੁੰਨੀਆਂ ਦੇਖ ਕੇ ਜਾਪਿਆ ਸੀ ਜਿਵੇਂ ਪੰਜਾਬ ਦੇ ਕਿਸੇ ਪਿੰਡ ਫਿਰਦੇ ਹੋਈਏ। ਮਕਾਨ ਅੰਦਰੋਂ ਬਹੁਤ ਸਾਫ਼-ਸੁਥਰੇ ਤੇ ਰੱਜੇ-ਪੁੱਜੇ ਲੋਕਾਂ ਵਰਗੇ ਸਨ—ਟੀ.ਵੀ. ਟੈਲੀਫੋਨ, ਗਲੀਚੇ, ਸੋਫ਼ੇ—ਸਭ ਕੁਝ ਸੀ, ਪਰ ਬਾਹਰੋਂ ਕੱਚੀਆਂ ਕੰਧਾਂ, ਸਾਡੇ ਪਿੰਡਾਂ ਵਾਂਗ ਮਿੱਟੀ ਨਾਲ ਲਿੱਪੀਆਂ ਹੋਈਆਂ ਸਨ। (ਮੁਗ਼ਲਾਂ ਦੇ ਵਡੇਰੇ ਇਨ੍ਹਾਂ ਹੀ ਇਲਾਕਿਆਂ ਦੇ ਸਨ।) ਗਿਆਰ੍ਹਵੀਂ-ਬਾਰ੍ਹਵੀਂ ਸਦੀ ਤੋਂ ਆਏ ਸਾਰੇ ਧਾੜਵੀ ਦੱਰਾ-ਖ਼ੈਬਰ ਰਸਤੇ ਆਉਣ ਕਾਰਨ ਪਹਿਲਾਂ ਪੰਜਾਬ ਉੱਤੇ ਧਾਵਾ ਬੋਲਦੇ ਸਨ। ਉਨ੍ਹਾਂ ਦੇ ਪਹਿਰਾਵੇ, ਬੋਲ-ਚਾਲ ਤੇ ਰਹਿਣ-ਸਹਿਣ ਦਾ ਪ੍ਰਭਾਵ ਪੈਣਾ ਸੁਭਾਵਿਕ ਸੀ। ਮੁਗ਼ਲਾਂ ਦੇ ਰਾਜ ਸਮੇਂ ਪੰਜਾਬੀ ਭਾਸ਼ਾ ’ਤੇ ਜੋ ਪ੍ਰਭਾਵ ਪਿਆ, ਉਹ ਇਸ ਦਾ ਪ੍ਰਤੱਖ ਸਬੂਤ ਹੈ। ਵਿਸ਼ੇਸ਼ ਤੌਰ ’ਤੇ ਪੰਜਾਬੀਆਂ ਨਾਲ ਰਾਬਤਾ ਕਾਇਮ ਕਰਨ ਲਈ ਉਨ੍ਹਾਂ ਨੇ ਜੁੱਟ-ਸ਼ਬਦ ਵਰਤਣੇ ਸ਼ੁਰੂ ਕੀਤੇ। ਮਿਸਾਲ ਵਜੋਂ: ਚਿੱਟਾ-ਸਫ਼ੈਦ, ਕਾਲ਼ਾ-ਸਿਆਹ, ਪੀਲ਼ਾ-ਜ਼ਰਦ, ਲਾਲ-ਸੁਰਖ਼ ਆਦਿ। ਇਨ੍ਹਾਂ ਵਿੱਚ ਪਹਿਲਾ ਸ਼ਬਦ ਪੰਜਾਬੀ ਹੈ ਤੇ ਦੂਸਰਾ ਫਾਰਸੀ। ਹੌਲ਼ੀ-ਹੌਲ਼ੀ ਇਨ੍ਹਾਂ ਸ਼ਬਦਾਂ ਦੇ ਅਰਥ ਵੀ ਬਦਲ ਗਏ ਤੇ ਪੰਜਾਬੀ ਭਾਸ਼ਾ ਦਾ ਮੁਹਾਵਰਾ ਵੀ। ਹੁਣ ਨਿਰੇ ਚਿੱਟੇ ਦੇ ਅਰਥ ਹੋਰ ਹਨ ਤੇ ਚਿੱਟੇ-ਸਫ਼ੈਦ ਦੇ ਹੋਰ। ਸਿਰਫ਼ ਲਾਲ ਦੇ ਅਰਥ ਸਾਧਾਰਨ ਲਾਲ ਰੰਗ ਹਨ, ਪਰ ਲਾਲ-ਸੁਰਖ਼ ਦੇ ਅਰਥ ਬਹੁਤ ਗੂੜ੍ਹਾ ਲਾਲ ਹਨ। ਇਸ ਤੋਂ ਅਗਾਂਹ ਅਜਿਹੇ ਜੁੱਟ-ਸ਼ਬਦਾਂ ਨੇ ਪੰਜਾਬੀ ਭਾਸ਼ਾ ਦਾ ਮੁਹਾਵਰਾ ਵੀ ਬਦਲਿਆ। ਅੱਜ ਵੀ ਪੰਜਾਬੀ (ਖ਼ਾਸ ਕਰਕੇ ਪੇਂਡੂ ਲੋਕ) ਪਾਣੀ-ਧਾਣੀ, ਰੋਟੀ-ਰਾਟੀ, ਦਾਲ਼-ਦੂਲ਼, ਥਾਲ਼ੀ-ਥੂਲ੍ਹੀ, ਕੌਲੀ-ਕੂਲੀ ਵਰਗੇ ਜੁੱਟ-ਸ਼ਬਦ ਆਮ ਵਰਤਦੇ ਹਨ, ਜਦੋਂਕਿ ਮਗਰਲਾ ਸ਼ਬਦ ਨਿਰਾਰਥਕ ਹੁੰਦਾ ਹੈ। ਇਹ ਸਥਾਨਕ ਲੋਕਾਂ ਨਾਲ ਰਾਬਤੇ ਲਈ ਵਰਤੇ ਜਾਣ ਵਾਲੇ ਜੁੱਟ-ਸ਼ਬਦ ਦਾ ਪ੍ਰਭਾਵ ਸੀ, ਜੋ ਭਾਸ਼ਾ ਦੇ ਮੁਹਾਵਰੇ ’ਚ ਬਦਲ ਗਿਆ। ਮੁਗ਼ਲਾਂ ਦੇ ਰਾਜ ਦਾ ਖ਼ਾਤਮਾ ਅੰਗਰੇਜ਼ਾਂ ਦੇ ਆਉਣ ਨਾਲ ਹੋਇਆ। ਅੰਗਰੇਜ਼ਾਂ ਨੇ ਰਾਜ-ਪ੍ਰਬੰਧ ਲਈ ਅੰਗਰੇਜ਼ੀ ਵਰਤਣੀ ਸ਼ੁਰੂ ਕੀਤੀ ਤਾਂ ਸੁਭਾਵਿਕ ਹੀ, ਪੂਰੇ ਦੇਸ਼ ਅੰਦਰ ਅੰਗਰੇਜ਼ੀ ਦੇ ਸ਼ਬਦ ਪ੍ਰਚੱਲਤ ਹੋ ਗਏ। ਮਿਸਾਲ ਵਜੋਂ ਰੇਲ (ਗੱਡੀ) ਕਾਰ, ਕਲੱਚ, ਬਰੇਕ, ਹੈਟ, ਬੂਟ, ਸਿਗਨਲ (ਸਿੰਗਲ) ਤੇ ਅਜਿਹੇ ਹੋਰ ਸ਼ਬਦ ਸੁਭਾਵਿਕ ਹੀ ਪੰਜਾਬੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਾ ਪਹਿਰਾਵਾ, ਰਾਜ-ਪ੍ਰਬੰਧ ਤੇ ਰਹਿਣ-ਸਹਿਣ ਦਾ ਪ੍ਰਭਾਵ ਵੀ ਅਸੀਂ ਕਬੂਲਿਆ। ਸਭ ਤੋਂ ਵਧੇਰੇ ਪ੍ਰਭਾਵ ਵਿਦਿਅਕ ਖੇਤਰ ਵਿੱਚ ਪਿਆ। ਸਕੂਲ, ਕਾਲਜ, ਯੂਨੀਵਰਸਿਟੀਆਂ ਅੰਗਰੇਜ਼ਾਂ ਨੇ ਸਥਾਪਤ ਕੀਤੀਆਂ। ਇਨ੍ਹਾਂ ਵਿੱਚ ਕਿਹੜੇ ਵਿਸ਼ੇ ਕਿਵੇਂ ਪੜ੍ਹਾਏ ਜਾਣ ਤੇ ਫੇਰ ਪੜ੍ਹਿਆਂ-ਲਿਖਿਆਂ ਤੋਂ, ਰਾਜ-ਪ੍ਰਬੰਧ ਕਾਇਮ ਰੱਖਣ ਤੇ ਉਹਨੂੰ ਪੱਕੇ-ਪੈਰੀਂ ਕਰਨ ਲਈ, ਜਿਹੋ-ਜਿਹੇ ਵਿਦਿਅਕ-ਢਾਂਚੇ ਦੀ ਅੰਗਰੇਜ਼ਾਂ ਨੂੰ ਲੋੜ ਸੀ, ਉਨ੍ਹਾਂ ਨੇ ਉਸੇ ਨੂੰ ਵਿਕਸਤ ਕੀਤਾ। (ਸਾਡੀ ਗ਼ੁਲਾਮ ਮਾਨਸਿਕਤਾ ਇਸ ਹੱਦ ਤੱਕ ਜਾ ਪਹੁੰਚੀ ਕਿ ਬਰਤਾਨੀਆ ਵਿੱਚ ਪੜ੍ਹ ਕੇ ਆਇਆਂ ਨੂੰ ‘ਇੰਗਲੈਂਡ-ਰਿਟਰਨਡ ਕਿਹਾ ਜਾਂਦਾ ਸੀ ਤੇ ਅਜਿਹੇ ਬੰਦਿਆਂ ਨੂੰ ਸਭ ਤੋਂ ਵਧੇਰੇ ਮਾਣ-ਇੱਜ਼ਤ ਮਿਲਦੀ ਸੀ)। ਭਾਰਤੀ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਜ਼ਿਹਨੀ ਗ਼ੁਲਾਮੀ ਹੀ ਨਹੀਂ, ਪੂਰੇ ਸਮਾਜ ਲਈ ਵਿਕਾਸ-ਢੰਗ ਵੀ ਅੰਗਰੇਜ਼ਾਂ ਤੇ ਪੱਛਮੀ ਦੇਸ਼ਾਂ ਵਾਲੇ ਅਪਣਾਏ, ਜੋ ਪਹਿਲਾਂ ਅੰਗਰੇਜ਼ਾਂ ਰਾਹੀਂ ਸਾਡੇ ਤੱਕ ਪਹੁੰਚਦੇ ਰਹੇ, ਹੁਣ ਅਮਰੀਕਾ ਤੇ ਪੱਛਮੀ ਦੇਸ਼ਾਂ ਤੋਂ ਸਿੱਧੇ ਪਹੁੰਚ ਰਹੇ ਹਨ। ਦੇਸ਼ ਦੇ ਵਿਕਾਸ ਦੀਆਂ ਸਭ ਯੋਜਨਾਵਾਂ, ਪੱਛਮੀ (ਯੂਰਪੀਨ) ਦੇਸ਼ਾਂ ਦੇ ਅਰਥ-ਸ਼ਾਸਤਰੀਆਂ ਦੇ ਦੱਸੇ ਹੋਏ ਸਿਧਾਂਤਾਂ ਅਨੁਸਾਰ ਬਣਦੀਆਂ ਹਨ। ਇਨ੍ਹਾਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਲਈ ਵੀ ਉਹੋ ਢੰਗ ਵਰਤੇ ਜਾਂਦੇ ਹਨ, ਜੋ ਪੱਛਮ ਤੋਂ ਸਾਡੇ ਤੱਕ ਪਹੁੰਚਦੇ ਹਨ। ਆਧੁਨਿਕ ਵਿਕਾਸ ਲਈ ਸਿਰਫ਼ ਢੰਗ-ਤਰੀਕੇ ਹੀ ਪੱਛਮੀ ਦੇਸ਼ਾਂ ਵਾਲੇ ਨਹੀਂ ਵਰਤੇ ਜਾਂਦੇ, ਇਨ੍ਹਾਂ ਲਈ ਵਿਗਿਆਨਕ ਤੇ ਤਕਨਾਲੋਜੀ ਵੀ ਪੱਛਮੀ ਦੇਸ਼ਾਂ ਦੀ ਵਰਤੀ ਜਾਂਦੀ ਹੈ, ਕਿਉਂਕਿ ਉਹ ਵਿਕਸਿਤ ਹੀ ਉਨ੍ਹਾਂ ਨੇ ਕੀਤੀ ਹੈ। ਆਧੁਨਿਕ ਯੁੱਗ ਦੇ ਵਿਕਾਸ ਦੇ ਸਭ ਢੰਗ-ਤਰੀਕੇ ਤੇ ਇਹਦੇ ਲਈ ਵਿਗਿਆਨ ਤੇ ਤਕਨਾਲੋਜੀ ਦੇ ਯੰਤਰ (ਮਸ਼ੀਨਾਂ) ਪੱਛਮੀ ਦੇਸ਼ਾਂ ਨੇ ਹੀ ਈਜਾਦ ਕੀਤੇ ਹਨ। ਆਮ ਮਸ਼ੀਨਾਂ ਤੋਂ ਲੈ ਕੇ ਹਵਾਈ ਜਹਾਜ਼ਾਂ, ਪੁਲਾੜ-ਵਿਮਾਨਾਂ ਤੇ ਸੁਪਰ ਕੰਪਿਊਟਰਾਂ ਤੱਕ ਦਾ ਵਿਕਾਸ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਕੀਤਾ ਹੈ। ਵਿਗਿਆਨ ਦੀਆਂ ਦੋ ਮੂਲ ਸ਼ਾਖ਼ਾਵਾਂ—ਭੌਤਿਕ ਤੇ ਰਸਾਇਣਕ ਵਿਗਿਆਨ ਦਾ ਸਮੁੱਚਾ ਵਿਕਾਸ ਪੱਛਮੀ ਵਿਗਿਆਨੀਆਂ ਨੇ ਕੀਤਾ ਹੈ। ਵਿਗਿਆਨ ਦੀਆਂ ਹੋਰ ਅਨੇਕ ਸ਼ਾਖ਼ਾਵਾਂ ਦਾ ਵਿਕਾਸ ਵੀ ਇਨ੍ਹਾਂ ਦੇਸ਼ਾਂ ਅੰਦਰ ਹੋਇਆ ਹੈ। ਪੌਣੇ ਦੋ ਕੁ ਸਾਲ ਪਹਿਲਾਂ ਹੀ ਅੰਗਰੇਜ਼ ਵਿਗਿਆਨੀ ਚਾਰਲਸ ਡਾਰਵਿਨ ਨੇ ਹੀ ਇਹ ਸਿੱਧ ਕੀਤਾ ਕਿ ਧਰਤੀ ’ਤੇ ਜੀਵ-ਜੰਤੂ ਕਿੰਜ ਪੈਦਾ ਹੋਏ ਤੇ ਆਦਮੀ ਵੀ, ਇਕ ਵਿਕਸਿਤ ਜਾਤੀ ਦੇ ਬਾਂਦਰ ਤੋਂ ਹੀ ਅੱਜ ਦੀ ਦਸ਼ਾ ਤੱਕ ਪਹੁੰਚਿਆ ਹੈ। ਅੱਜ ਇਹ ਸੱਚਾਈ ਸਾਰਾ ਸੰਸਾਰ ਪ੍ਰਵਾਨ ਕਰ ਚੁੱਕਿਆ ਹੈ, ਜਿਸ ਦਾ ਦੋ ਸਦੀਆਂ ਪਹਿਲਾਂ ਕਿਸੇ ਨੂੰ ਵੀ ਪਤਾ ਨਹੀਂ ਸੀ-ਨਾ ਕੋਈ ਮੰਨਣ ਨੂੰ ਤਿਆਰ ਸੀ (ਧਾਰਮਿਕ ਪਾਦਰੀਆਂ ਨੇ ਤਾਂ ਕਾਪਰਨੀਕਸ ਵਾਂਗ ਡਾਰਵਿਨ ਨੂੰ ਵੀ ਘੇਰ ਲਿਆ ਸੀ ਕਿ ਉਹ ਬਾਈਬਲ ਦੇ ਉਲਟ ਬੋਲ ਰਿਹਾ ਹੈ।) ਅੱਜ ਸੰਸਾਰ ਦੇ ਵਿਦਿਅਕ ਅਦਾਰੇ ਡਾਰਵਿਨ ਦੇ ਸਿਧਾਂਤ ਨੂੰ ਸਕੂਲੀ ਵਿੱਦਿਆ ਤੋਂ ਵੀ ਆਰੰਭ ਕਰਦੇ ਹਨ। ਸਾਡੀ ਗ਼ੁਲਾਮ ਮਾਨਸਿਕਤਾ ਦਾ ਪੈਦਾ ਕੀਤਾ ਹੀਣ-ਭਾਵ ਇਸ ਹੱਦ ਤੱਕ ਪਹੁੰਚ ਗਿਆ ਕਿ ਜੇ ਪੱਛਮੀ ਵਿਗਿਆਨ ਦਿਨ ਨੂੰ ਰਾਤ ਕਹੇ ਤਾਂ ਅਸੀਂ ਅੱਖਾਂ ਮੀਚ ਕੇ ਮੰਨ ਲਵਾਂਗੇ। ਇਹੋ ਕਾਰਨ ਹੈ ਕਿ ਸਾਡੇ ‘ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ‘ਨਿਰਮਾਤਾ’, ਆਪਣੇ ਦੇਸ਼ ਦੇ ਵਾਤਾਵਰਣ, ਆਬਾਦੀ, ਭੌਤਿਕ ਹਾਲਾਤ ਵੱਲੋਂ ਅੱਖਾਂ ਮੀਟ ਕੇ, ਦੇਸ਼ ਦੀ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਪੱਛਮੀ ਦੇਸ਼ਾਂ ਦੇ ਢੰਗ ਨਾਲ ਕਰਨਾ ਚਾਹੁੰਦੇ ਹਨ—ਜਦੋਂ ਕਿ ਸਾਡੀਆਂ ਸਮੱਸਿਆਵਾਂ, ਸਮਾਜਿਕ ਆਧਾਰ ਤੇ ਇਤਿਹਾਸ ਉਨ੍ਹਾਂ ਤੋਂ ਬਿਲਕੁਲ ਵੱਖਰਾ ਹੈ। ਇਸ ਵਖਰੇਵੇਂ ਨੂੰ ਸਮਝਣ ਲਈ ਹੇਠਲੀ ਮਿਸਾਲ ਦੇਣੀ ਠੀਕ ਹੋਵੇਗੀ। ਬਰਤਾਨੀਆ ਦੀ ਰਾਜਧਾਨੀ ਲੰਡਨ, ਜਰਮਨੀ ਦੇ ਵੱਡੇ ਸ਼ਹਿਰ ਫਰੈਂਕਫਰਟ, ਰੂਸ ਦੀ ਰਾਜਧਾਨੀ ਮਾਸਕੋ ਤੇ ਦੂਜੇ ਵੱਡੇ ਸ਼ਹਿਰ ਲੈਨਿਨਗਰਾਡ (ਹੁਣ ਪੀਟਰਗਰਾਡ) ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਇਨ੍ਹਾਂ ਸਾਰੇ ਸ਼ਹਿਰਾਂ ਦੇ ਵਿਚਕਾਰ ਦੀ, ਸਾਡੇ ਦੇਸ਼ ਦੀਆਂ ਚਾਰ-ਚਾਰ, ਛੇ-ਛੇ ਨਹਿਰਾਂ ਜਿੰਨੇ ਚੌੜੇ ਦਰਿਆ ਵਗਦੇ ਦੇਖੇ। ਇਹ ਸਾਰੇ ਸਦੀਆਂ ਪਹਿਲਾਂ ਬਣਾਏ ਗਏ ਸਨ। ਪੀਟਰਗਰਾਡ ਵਿਚਕਾਰੋਂ ਲੰਘਦੇ ਦਰਿਆ ਉੱਤੇ ਵੀਹ ਤੋਂ ਵਧੇਰੇ ਅਜਿਹੇ ਪੁਲ਼ ਹਨ ਜੋ ਵਿਚਕਾਰੋਂ ਦੋਵਾਂ ਪਾਸਿਆਂ ਤੋਂ ਚੁੱਕੇ ਜਾਂਦੇ ਹਨ ਤੇ ਦਰਿਆ ਵਿੱਚੋਂ ਛੋਟੇ ਜਹਾਜ਼ ਲੰਘਦੇ ਹਨ। ਜਹਾਜ਼ ਲੰਘਣ ਮਗਰੋਂ ਪੁਲ਼ ਬੰਦ ਹੋ ਜਾਂਦੇ ਹਨ ਤੇ ਉਨ੍ਹਾਂ ਉੱਪਰੋਂ ਆਮ ਸੜਕਾਂ ਵਾਂਗ ਲੋਕ ਤੇ ਕਾਰਾਂ, ਬੱਸਾਂ ਲੰਘਦੀਆਂ ਹਨ (ਇਹ ਸ਼ਹਿਰ ਦਰਿਆ ਦੇ ਦੋਵੇਂ ਪਾਸੇ ਵੱਸਿਆ ਹੋਇਆ ਹੈ)। ਹੋਰ ਪੱਛਮੀ ਸ਼ਹਿਰ ਵੀ ਇੰਜ ਹੀ ਦਰਿਆਵਾਂ ਦੇ ਦੋਵੇਂ ਪਾਸੇ ਵਸੇ ਹੋਏ ਹਨ। ਇਨ੍ਹਾਂ ਦਰਿਆਵਾਂ ਦੇ ਸ਼ਹਿਰਾਂ ਵਿਚਕਾਰੋਂ ਲੰਘਣ ਦਾ ਕਾਰਨ ਇਹ ਹੈ ਕਿ ਪੱਛਮੀ ਦੇਸ਼ ਦੀ ਧਰਤੀ ਵਧੇਰੇ ਪਹਾੜੀ ਹੈ ਜਾਂ ਨੀਮ-ਪਥਰੀਲੀ। ਧਰਤੀ ਹੇਠਲਾ ਪਾਣੀ ਬਹੁਤ ਵਿਰਲਾ ਹੈ। ਸ਼ਹਿਰਾਂ ਨੂੰ ਪਾਣੀ ਇਨ੍ਹਾਂ ਦਰਿਆਵਾਂ ਤੋਂ ਹੀ ਮਿਲਦਾ ਹੈ। ਦਰਿਆਵਾਂ ਦੇ ਪੁਸਤੇ ਪੱਥਰਾਂ ਦੇ ਹੋਣ ਕਰਕੇ (ਤੇ ਸਖ਼ਤ ਮਸਾਲੇ ਨਾਲ ਜੋੜੇ ਹੋਏ ਹੋਣ ਕਾਰਨ) ਸਦੀਆਂ ਤੋਂ ਪੱਥਰ ਦੇ ਇਹ ਟੁਕੜੇ ਕਿੱਧਰੋਂ ਵੀ ਟੁੱਟੇ-ਭੱਜੇ ਨਹੀਂ, ਪਰ ਸਾਡੇ ਸੂਏ, ਖਾਲ਼ੇ ਪੱਕੇ ਕਰਨ ’ਤੇ ਕਰੋੜਾਂ ਦੇ ਖਰਚੇ ਹੋਣ ਦੇ ਬਾਵਜੂਦ ਦੋ-ਚਾਰ ਸਾਲਾਂ (ਕਈ, ਕੁਝ ਮਹੀਨਿਆਂ) ਵਿੱਚ ਹੀ ਖਿੱਲਰ ਗਏ। ਪੈਸਾ ਠੇਕੇਦਾਰ ਤੇ ਇਸ ਕੰਮ ’ਤੇ ਲੱਗੇ ਮਹਿਕਮਿਆਂ ਦੇ ਅਧਿਕਾਰੀ, ਕਰਮਚਾਰੀ ਹੀ ਖਾ ਗਏ। ਫਿਰ ਸਾਡਾ ਉਨ੍ਹਾਂ ਦਾ ਮੁਕਾਬਲਾ ਕੀ ਹੈ ਕਿ ਅਸੀਂ ਪੱਛਮੀ ਦੇਸ਼ਾਂ ਦੇ ਢੰਗ ਵਰਤ ਕੇ ਦੇਸ਼ ਦਾ ਵਿਕਾਸ ਕਰ ਸਕੀਏ? ਸਾਡੇ ਸੁਭਾਅ ਤੇ ਮਾਨਸਿਕਤਾ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਮਿਸਾਲ ਵਜੋਂ ਦੂਜੀ ਸੰਸਾਰ-ਜੰਗ ਸਮੇਂ ਜਦੋਂ ਪੀਟਰਗਰਾਡ ’ਤੇ ਜਰਮਨਾਂ ਨੇ ਹਮਲਾ ਕੀਤਾ ਤਾਂ ਰਾਜੇ ਪੀਟਰ ਦੇ ਮਹਿਲ ਦਾ ਸਾਰਾ ਸਾਮਾਨ ਤੇ ਅਨੇਕਾਂ ਨਾਯਾਬ ਸੰਗਮਰਮਰ ਦੇ ਬੁੱਤ, ਫ਼ੌਜੀਆਂ ਤੇ ਲੋਕਾਂ ਨੇ ਸਿਰਫ਼ 24 ਘੰਟਿਆਂ ਵਿੱਚ ਅਜਿਹੀ ਥਾਂ ਲਿਜਾ ਕੇ ਲੁਕਾਅ ਦਿੱਤੇ ਕਿ ਜੰਗ ਖ਼ਤਮ ਹੋਣ ਮਗਰੋਂ ਸਾਰਾ ਮਹਿਲ ਤੇ ਉਹ ਬੁੱਤ ਪਹਿਲਾਂ ਵਾਂਗ ਹੀ ਸਥਾਪਤ ਕਰ ਦਿੱਤੇ ਗਏ। (ਪੀਟਰ ਵਿਗਿਆਨੀ ਤੇ ਕੁਝ ਤਰੱਕੀ-ਪਸੰਦ ਰਾਜਾ ਸੀ, ਇਸ ਲਈ ਲੋਕ ਉਹਦੀ ਕਦਰ ਵੀ ਕਰਦੇ ਸਨ।) ਜਰਮਨੀ ਨੇ ਜੰਗ ਵਿੱਚ ਦੋ ਕਰੋੜ ਰੂਸੀ ਮਾਰ ਦਿੱਤੇ ਸਨ, ਪਰ ਉਹੋ ਰੂਸੀ ਹਿਟਲਰ ਦੀ ਹਾਰ ਦਾ ਕਾਰਨ ਬਣੇ ਤੇ ਜਰਮਨੀ ਦੇ ਪੂਰਬੀ ਹਿੱਸੇ ’ਤੇ ਕਬਜ਼ਾ ਵੀ ਕਰ ਲਿਆ। ਬਰਲਿਨ ਸ਼ਹਿਰ ਵੀ ਅੱਧੇ ਰੂਸੀਆਂ ਦੇ ਕਬਜ਼ੇ ’ਚ ਆ ਗਿਆ। ਕੀ ਅਸੀਂ ਕਿਸੇ ਪੱਖੋਂ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਜੋਗੇ ਹਾਂ? (ਅਸੀਂ ਤਾਂ ਆਜ਼ਾਦੀ ਤੋਂ ਬਾਅਦ ਬਿੱਲੀ ਦੇ ਪੰਜੇ ਜਿੰਨੇ ਦੇਸ਼ ਪੁਰਤਗਾਲ ਤੋਂ ਦੇਸ਼ ਦੇ ਛੋਟੇ ਜਿਹੇ ਹਿੱਸੇ ’ਤੇ ਵੀ ਮੁਸ਼ਕਲ ਨਾਲ ਕਬਜ਼ਾ ਕੀਤਾ ਸੀ।) ਪਰ ਇਸ ਦੇ ਬਾਵਜੂਦ ਪੂਰੇ ਦੇਸ਼ ਦੇ ਤਰ੍ਹਾਂ-ਤਰ੍ਹਾਂ ਦੇ ਵਿਕਾਸ ਦਾ, ਰਾਜ-ਪ੍ਰਬੰਧ ਦਾ, ਵਿੱਦਿਆ ਦੇ ਖੇਤਰ ਵਿੱਚ ਵੀ ਪੱਛਮ ਦੀ ਨਕਲ ਕਰਦੇ ਹਾਂ। 1968 ਤੋਂ ਪੰਜਾਬੀ ਨੂੰ ਰਾਜ-ਭਾਸ਼ਾ ਬਣਾਉਣ ਦਾ ਬਿੱਲ ਪਾਸ ਕਰਕੇ 2008 ਵਿੱਚ ਸੋਧਾਂ ਕਰਕੇ ਵੀ ਨਾ ਪੰਜਾਬੀ ਨੂੰ ਰਾਜ-ਭਾਸ਼ਾ ਬਣਾ ਸਕੇ ਹਾਂ ਨਾ ਅੰਗਰੇਜ਼ੀ ਤੋਂ ਪਿੱਛਾ ਛੁਡਾ ਸਕੇ ਹਾਂ। ਜੇ ਉਨ੍ਹਾਂ ਦੇਸ਼ਾਂ ਦੇ, ਕੁਝ ਸੌ (ਜਾਂ ਕੁਝ ਹਜ਼ਾਰ) ਅਰਬ-ਖਰਬਪਤੀਆਂ ਨੇ ਆਪੋ-ਆਪਣੇ ਦੇਸ਼ਾਂ ਦਾ ਵਿਕਾਸ ਕੀਤਾ ਤਾਂ ਅਸੀਂ ਵੀ ਸਿਰਫ਼ ਇਕ ਸੌ ਵੱਡੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਦੇਸ਼ ਦੀ ਸਮੁੱਚੀ ਜਾਇਦਾਦ ਦਾ ਚੌਥਾ ਹਿੱਸਾ ਹੜੱਪਣ ਦਾ ਢੰਗ ਅਪਣਾ ਲਿਆ, ਜਿਸ ਕਾਰਨ ਕਰੋੜਾਂ ਲੋਕ ਬੇਕਾਰੀ ਤੇ ਗ਼ਰੀਬੀ ਦਾ ਨਰਕ ਭੋਗਣ ਲਈ ਮਜਬੂਰ ਹਨ। ਪੱਛਮ ਦੇ ਦੇਸ਼ਾਂ ਨੇ ਆਪਣੀ ਆਬਾਦੀ ਓਨੀ ਹੀ ਵਧਣ ਦਿੱਤੀ ਜਿੰਨੀ ਨੂੰ ਉਹ ਵਿਕਾਸ ਦੇ ਕੰਮਾਂ ’ਤੇ ਲਾ ਸਕਦੇ ਸਨ। (ਹਾਲਾਂਕਿ ਤਕਨਾਲੋਜੀ ਦੇ ਵਿਕਾਸ ਕਾਰਨ ਉਨ੍ਹਾਂ ਦਾ ਵੀ ਇਹ ਸਿਧਾਂਤ ਬੁਰੀ ਤਰ੍ਹਾਂ ਨਾਕਾਮ ਹੋ ਚੁੱਕਿਆ ਹੈ ਤੇ ਅਮਰੀਕਾ ਵਰਗੇ ਸਭ ਤੋਂ ਧਨਾਢ ਦੇਸ਼ ਅੰਦਰ ਬੇਕਾਰੀ ਨੇ ਰਾਜ-ਪ੍ਰਬੰਧ ਲਈ ਅਨੇਕਾਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।) ਪਰ ਅਸੀਂ 65 ਸਾਲਾਂ ਵਿੱਚ ਚਾਰ ਗੁਣਾਂ ਆਬਾਦੀ ਵਧਾ ਲਈ, ਜਿਸ ਵਿੱਚੋਂ ਅੱਧੇ ਲੋਕਾਂ ਨੂੰ ਨਾ ਕੋਈ ਕੰਮ ਦੇ ਸਕੇ ਹਾਂ ਤੇ ਨਾ ਦੋ ਡੰਗ ਦੀ ਰੋਟੀ ਤੇ ਸਿਰ ’ਤੇ ਫੂਸ ਦੀ ਛੱਤ ਮੁਹੱਈਆ ਕਰਾ ਸਕੇ ਹਾਂ। (ਲੋਕਾਂ ਨੂੰ ਮੂਰਖ਼ ਬਣਾਉਣ ਲਈ ਅੰਕੜੇ ਇਹ ਦੱਸੀ ਜਾਂਦੇ ਹਾਂ ਕਿ ਹਰੇਕ ਬੰਦੇ ਦੀ ਸਾਲਾਨਾ ਆਮਦਨ 53 ਹਜ਼ਾਰ ਹੋ ਗਈ ਹੈ, ਜੋ ਨਿਰਾ ਝੂਠ ਹੈ।) ਆਖ਼ਰ ਇਹ ਅੰਨ੍ਹੀ ਦੌੜ ਸਾਡੇ ਰਾਜ ਸੱਤਾ ਹਥਿਆਉਣ ਵਾਲ਼ੇ ਵਰਗ ਕਦੋਂ ਤੱਕ ਜਾਰੀ ਰੱਖਣਗੇ? ਸਾਡੀ, ਪੱਛਮੀ ਦੇਸ਼ਾਂ ਦੀ ਰੀਸ ਉਹੋ ਜਿਹੀ ਹੈ, ਜੋ ਭਾਈ ਗੁਰਦਾਸ ਜੀ ਨੇ ਸਦੀਆਂ ਪਹਿਲਾਂ ਦੱਸੀ ਸੀ। ਉਨ੍ਹਾਂ ਕਿਹਾ ਸੀ: ਹੰਸਾਂ ਨਾਲ ਟਟੀਹਰੀ ਕਿਉਂ ਪਹੁਚੇ ਦੌੜੀ। ਸਾਡੀ ਗ਼ੁਲਾਮ ਮਾਨਸਿਕਤਾ ਕਿਵੇਂ ਵੀ ਖ਼ਤਮ ਨਹੀਂ ਹੋ ਰਹੀ। ਸਿੱਟਾ ਇਹ ਹੈ ਕਿ ਸਾਡੇ ਰਾਜ ਸੱਤਾ ’ਤੇ ਕਾਬਜ਼ ਵਰਗ (ਰਾਜਸੀ ਪਾਰਟੀਆਂ) ਜੇ 65 ਸਾਲ ਅੰਦਰ ਪੱਛਮੀ ਦੇਸ਼ਾਂ ਦੀ ਸਿੱਧੀ (ਅਸਿੱਧੀ) ਗ਼ੁਲਾਮੀ ਤੋਂ ਖਹਿੜਾ ਨਹੀਂ ਛੁਡਾ ਰਹੇ ਤਾਂ ਇਸ ਤੋਂ ਅਗਾਂਹ ਕੀ ਆਸ ਕਰਾਂਗੇ? ਅੱਗਾ ਤਾਂ ਨਿਰਾ ਅੰਧਕਾਰ ਦਿੱਸਦਾ ਹੈ। 121 ਕਰੋੜ ਦੀ ਆਬਾਦੀ ਭਿਆਨਕ ਹੱਦ ਤੱਕ ਜਿਵੇਂ ਵਧੀ ਜਾਂਦੀ ਹੈ, ਹੋਰ ਦਸ-ਪੰਦਰਾਂ ਸਾਲਾਂ ਨੂੰ ਦੇਸ਼ ਇੰਨੀ ਬੁਰੀ ਹਾਲਤ ਵਿੱਚ ਨਿੱਘਰ ਜਾਏਗਾ ਕਿ ਸਾਡੀਆਂ ਰਾਜ ਸੱਤਾ ਹਥਿਆਉਣ ਵਾਲ਼ੀਆਂ ਪਾਰਟੀਆਂ ਦੇ ਆਗੂਆਂ ਨੂੰ ਕਿੱਧਰੇ ਲੁਕਣ ਨੂੰ ਥਾਂ ਨਹੀਂ ਲੱਭਣੀ। (ਪਰ ਫਿਰ ਵੀ ਇਹ ਨਿੱਤ ਝੂਠ ਬੋਲੀ ਜਾਂਦੇ ਹਨ ਕਿ ਦੇਸ਼ ਸੰਸਾਰ ਦੀ ‘ਮਹਾਸ਼ਕਤੀ’ ਬਣ ਰਿਹਾ ਹੈ)। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

Monday, February 13, 2012

ਪੰਜਾਬੀ ਪ੍ਰਕਾਸ਼ਨ ਵਿਚ ਦੂਜਾ ਵਿਲੱਖਣ ਕਾਰਜ : ਗੁਰਦਿਆਲ ਸਿੰਘ ਰਚਨਾਵਲੀ

ਨਾਵਲਕਾਰ ਗੁਰਦਿਆਲ ਸਿੰਘ ਦੀ ਸਮੁੱਚੀ ਰਚਨਾਵਲੀ 10 ਜਿਲਦਾਂ ਵਿਚ ਲੋਕਗੀਤ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਭਾਵੇਂ ਅੰਗਰੇਜ਼ੀ ਅਤੇ ਹੋਰਨਾਂ ਭਾਰਤੀ ਤੇ ਬਦੇਸ਼ੀ ਜ਼ੁਬਾਨਾਂ ਵਿਚ ਆਪਣੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਦੇ 'ਕੁਲੈਕਟਡ ਵਰਕਸ' ਛਾਪਣ ਦਾ ਰਿਵਾਜ ਬੜਾ ਪੁਰਾਣਾ ਹੈ ਪਰ ਪੰਜਾਬੀ ਵਿਚ ਗੁਰਦਿਆਲ ਸਿੰਘ ਦੂਜੇ ਅਜਿਹੇ ਲੇਖਕ ਹਨ ਜਿਨ੍ਹਾਂ ਦੀਆਂ ਲਗਪਗ ਸਾਰੀਆਂ ਰਚਨਾਵਾਂ ਇਸ ਪ੍ਰਕਾਸ਼ਨ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬੀ ਦੇ ਮਹਾਨਤਮ ਨਾਵਲਕਾਰ ਨਾਨਕ ਸਿੰਘ ਜੀ ਦੀ ਸਮੁੱਚੀ ਰਚਨਾਵਲੀ ਹੀ ਛਪੀ ਹੈ। 'ਗੁਰਦਿਆਲ ਸਿੰਘ ਰਚਨਾਵਲੀ' ਵਿਚ 9 ਨਾਵਲ ('ਮੜ੍ਹੀ ਦਾ ਦੀਵਾ' ਤੋਂ 'ਆਹਣ' ਤੱਕ) ਸ਼ਾਮਲ ਹਨ, (ਬੱਚਿਆਂ ਲਈ ਇਕ ਨਾਵਲ 'ਪਹੁ-ਫ਼ੁਟਾਲੇ ਤੋਂ ਪਹਿਲਾਂ' ਇਸ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਿਆ ਕਿਉਂਕਿ ਇਹ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਸਵੀਂ ਦੇ ਕੋਰਸ ਵਿਚ ਪਾਠ-ਪੁਸਤਕ ਵੱਜੋਂ ਲੱਗਾ ਹੋਇਆ ਹੈ ਤੇ ਬੋਰਡ ਨੇ ਇਸ ਰਚਨਾਵਲੀ ਵਿਚ ਸ਼ਾਮਲ ਕਰਨ ਦੀ ਆਗਿਆ ਨਹੀਂ ਦਿੱਤੀ)। ਇਸੇ ਤਰ੍ਹਾਂ ਦੋ ਪੁਸਤਕਾਂ 'ਸਾਹਿਤ ਤੇ ਜੀਵਨ' ਅਤੇ 'ਲੇਖਕ ਦਾ ਅਨੁਭਵ ਅਤੇ ਸਿਰਜਣ ਪ੍ਰਕਿਰਿਆ' ਅਤੇ ਬੱਚਿਆਂ ਲਈ ਪੁਸਤਕਾਂ 'ਧਰਤ ਸੁਹਾਵੀ' ਅਤੇ 'ਮਹਾਂਭਾਰਤ' ਵੀ ਪੰਜਾਬੀ ਯੂਨੀਵਰਸਿਟੀ ਤੋਂ ਆਗਿਆ ਨਾ ਮਿਲਣ ਕਾਰਨ ਰਚਨਾਵਲੀ ਵਿਚ ਸ਼ਾਮਲ ਨਹੀਂ ਕੀਤੀਆਂ ਜਾ ਸਕੀਆਂ, 50 ਤੋਂ ਵਧੇਰੇ ਲੇਖ ਵੀ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਨਾ ਹੋਣ ਕਾਰਨ ਇਸ ਵਿਚ ਸ਼ਾਮਲ ਨਹੀਂ ਕੀਤੇ ਜਾ ਸਕੇ। ਨਾਵਲਾਂ ਤੋਂ ਇਲਾਵਾ ਗੁਰਦਿਆਲ ਸਿੰਘ ਦੇ 8 ਕਹਾਣੀ-ਸੰਗ੍ਰਿਹ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ 110 ਕਹਾਣੀਆਂ ਦਰਜ ਹਨ। ਬਾਲ ਸਾਹਿਤ ਦੀਆਂ 15 ਪੁਸਤਕਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 80 ਤੋਂ ਵੱਧ ਕਹਾਣੀਆਂ, ਨਾਟਕ ਅਤੇ ਲੇਖ ਸ਼ਾਮਲ ਹਨ। ਲੇਖਾਂ ਦੀਆਂ ਤਿੰਨ ਪੁਸਤਕਾਂ, ਜਿਨ੍ਹਾਂ ਵਿਚ 80 ਤੋਂ ਵੱਧ ਲੇਖ ਹਨ, ਵੀ ਸ਼ਾਮਲ ਕੀਤੀਆਂ ਗਈਆਂ ਹਨ। ਸਵੈ-ਜੀਵਨੀ ਦੇ ਭਾਗ 'ਨਿਆਣਮੱਤੀਆਂ' ਅਤੇ 'ਦੂਜੀ ਦੇਹੀ' ਦੋਵੇਂ ਇਸ ਵਿਚ ਸ਼ਾਮਲ ਹਨ। 'ਗੁਰਦਿਆਲ ਸਿੰਘ ਰਚਨਾਵਲੀ' ਦੀ ਇਕ ਵਿਲੱਖਣਤਾ ਇਹ ਹੈ ਕਿ ਇਸਦੇ ਹਰ ਭਾਗ ਵਿਚ ਪਾਠਕਾਂ ਦੀ ਜਾਣਕਾਰੀ ਲਈ ਦਸੇ ਭਾਗਾਂ ਦਾ ਵੇਰਵਾ ਦਿੱਤਾ ਗਿਆ ਹੈ ਕਿ ਕਿਹੜੇ ਭਾਗ ਵਿਚ ਕਿਹੜੀਆਂ ਰਚਨਾਵਾਂ ਦਰਜ ਹਨ। ਇਸਤੋਂ ਇਲਾਵਾ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਤੇ ਵਿਦੇਸ਼ੀ ਰਚਨਾਵਾਂ ਬਾਰੇ ਛਪੀਆਂ ਲਗਪਗ 20 ਪੁਸਤਕਾਂ, ਪੀਐਚ.ਡੀ. ਦੇ ਥੀਸਿਸਾਂ, ਪੁਰਸਕਾਰਾਂ ਅਤੇ ਪਦਵੀਆਂ ਦਾ ਵੇਰਵਾ ਵੀ ਦਰਜ ਕੀਤਾ ਗਿਆ ਹੈ। ਜੋ ਰਚਨਾਵਾਂ ਇਸ ਸੰਗ੍ਰਿਹ ਵਿਚ ਛਪਣੋਂ ਰਹਿ ਗਈਆਂ ਹਨ ਉਹ ਕੁਝ ਹੋਰ ਅਗਲੇ ਭਾਗਾਂ ਵਿਚ ਪ੍ਰਕਾਸ਼ਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬੀ ਭਾਸ਼ਾ ਲਈ ਇਕ ਹੋਰ ਮਾਣਯੋਗ ਗੱਲ ਇਹ ਕਿ ਇਹ ਪੂਰੀ ਰਚਨਾਵਲੀ 'ਆਧਾਰ ਪ੍ਰਕਾਸ਼ਨ, ਪੰਚਕੂਲਾ' ਵੱਲੋਂ ਹਿੰਦੀ ਵਿਚ ਵੀ ਛਾਪੀ ਜਾ ਰਹੀ ਹੈ ਜਿਹੜੀ ਫ਼ਰਵਰੀ 2012 ਦੇ ਪਹਿਲੇ ਹਫ਼ਤੇ ਦਿੱਲੀ ਦੇ ਵਿਸ਼ਵ ਪੁਸਤਕ-ਮੇਲੇ ਵਿਚ ਰੀਲੀਜ਼ ਕੀਤੀ ਜਾਵੇਗੀ। ਚੰਗਾ ਹੋਵੇ ਜੇ ਇਸ ਰਚਨਾਵਲੀ ਦੇ ਪ੍ਰਕਾਸ਼ਕ 1975 ਵਿਚ ਛਪੇ 'ਗੁਰਦਿਆਲ ਸਿੰਘ ਅਭਿਨੰਦਨ ਗ੍ਰੰਥ' ਨੂੰ ਵੀ ਇਕ ਪੂਰੇ ਭਾਗ ਵੱਜੋਂ ਇਸ ਵਿਚ ਸ਼ਾਮਲ ਕਰਨ ਕਿਉਂਕਿ ਉਹ ਗ੍ਰੰਥ ਲੇਖਕ ਦੇ ਰਚਨਾਤਮਿਕ ਕਾਰਜ ਬਾਰੇ ਮਹੱਤਵਪੂਰਨ ਦਸਤਾਵੇਜ਼ ਹੈ ਅਤੇ ਇਸਦੇ ਨਾਲ ਹੀ ਗੁਰਦਿਆਲ ਸਿੰਘ ਬਾਰੇ ਲਿਖੀਆਂ ਗਈਆਂ ਆਲੋਚਨਾਤਮਿਕ ਪੁਸਤਕਾਂ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਜਿਸ ਨਾਲ ਇਸ ਰਚਨਾਵਲੀ ਦੇ ਚਾਰ ਹੋਰ ਭਾਗ ਬਣ ਸਕਦੇ ਹਨ। -ਗੁਰਮੀਤ ਸਿੰਘ ਕੋਟਕਪੂਰਾ (ਰੋਜ਼ਾਨਾ ਅਜੀਤ 'ਚੋਂ ਧੰਨਵਾਦ ਸਹਿਤ)