Saturday, February 6, 2010

ਪੰਡਤ ਜਵਾਹਰ ਲਾਲ ਨਹਿਰੂ ਦਾ ਤੀਰਥ ਅਸਥਾਨ- ਜੈਤੋ


(ਜੈਤੋ ਵਿਚ ਸਲਾਮਤ ਜੈਤੋ ਦੇ ਕਿਲ੍ਹੇ ਦਾ ਉਹ ਹਿੱਸਾ ਜਿੱਥੇ ਇਕ ਕਾਲ ਕੋਠੜੀ ਵਿਚ ਅੰਗਰੇਜ਼ੀ ਹਕੂਮਤ ਵੱਲੋਂ ਸਵ. ਨਹਿਰੂ ਨੂੰ ਸਾਰਾ ਦਿਨ ਬੰਦ ਰੱਖਿਆ ਗਿਆ)
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਇਤਿਹਾਸਕ ਨਗਰ ਜੈਤੋ ਨਾਲ ਸਾਂਝ ਦੀ ਬੇਹੱਦ ਇਤਿਹਾਸਕ ਮਹੱਤਤਾ ਹੈ। 1923 ਈਸਵੀ ਵਿਚ ਜੈਤੋ ਦੇ ਇਤਿਹਾਸਕ ਮੋਰਚੇ ਦਾ ਹਾਲ ਵੇਖਣ ਲਈ ਕਾਂਗਰਸ ਦੇ ਵਿਸ਼ੇਸ਼ ਦਰਸ਼ਕ ਦੇ ਤੌਰ ਪੰਡਤ ਜਵਾਹਰ ਲਾਲ ਨਹਿਰੂ ਜੈਤੋ ਆਏ ਸਨ ਅਤੇ ਇਥੇ ਉਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਦੇ ਰਾਜਸੀ ਜੀਵਨ ਦੀ ਜੇਲ੍ਹ ਯਾਤਰਾ ਇਤਿਹਾਸਕ ਨਗਰ ਜੈਤੋ ਤੋਂ ਹੀ ਸ਼ੁਰੂ ਹੋਈ ਸੀ। ਇਸ ਪ੍ਰਸੰਗ ਦਾ ਜ਼ਿਕਰ ਮਰਹੂਮ ਨਹਿਰੂ ਨੇ ਖ਼ੁਦ ਆਪਣੀ ਆਤਮ ਕਥਾ ਵਿਚ ਜੈਤੋ ਅਤੇ ਨਾਭੇ ਬਾਰੇ ਇਕ ਵਿਸ਼ੇਸ਼ ਅਧਿਆਏ ਵਿਚ ਵੀ ਕੀਤਾ ਹੈ।
ਸ੍ਰੀ ਨਹਿਰੂ ਆਪਣੀ ਆਤਮ ਕਥਾ ਵਿਚ ਲਿਖਦੇ ਹਨ ''ਮੈਨੂੰ ਦਿੱਲੀ ਵਿਚ ਵਿਸ਼ੇਸ਼ ਕਾਂਗਰਸ ਤੋਂ ਤੁਰੰਤ ਬਾਅਦ ਪਤਾ ਲੱਗਿਆ ਕਿ ਇਕ ਹੋਰ ਜੱਥਾ ਜੈਤੋ ਜਾ ਰਿਹਾ ਹੈ। ਮੈਨੂੰ ਉਥੇ ਜਾਣ ਅਤੇ ਮੌਕਾ ਵੇਖਣ ਦਾ ਸੱਦਾ ਦਿੱਤਾ ਗਿਆ ਸੀ ਤੇ ਮੈਂ ਇਸ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ। ਦੋ ਕਾਂਗਰਸੀ ਸਹਿਯੋਗੀ ਏ. ਟੀ. ਗਿਡਵਾਨੀ ਅਤੇ ਮਦਰਾਸ ਤੋਂ ਕੇ. ਸਨਤਾਨਮ ਮੇਰੇ ਨਾਲ ਸਨ।' ਜੈਤੋ ਵਿਚ ਗ੍ਰਿਫਤਾਰੀ ਉਪਰੰਤ ਉਨ੍ਹਾਂ ਰੇਲਵੇ ਸਟੇਸ਼ਨ ਤੇ ਲਿਜਾਣ ਦਾ ਦ੍ਰਿਸ਼ ਪੇਸ਼ ਕਰਦਿਆਂ ਲਿਖਿਆ ਹੈ 'ਸਾਨੂੰ ਸਾਰਾ ਦਿਨ ਹਵਾਲਾਤ ਵਿਚ ਬੰਦ ਰੱਖਿਆ ਗਿਆ ਅਤੇ ਸ਼ਾਮ ਨੂੰ ਸਾਨੂੰ ਪੈਦਲ ਸਟੇਸ਼ਨ ਤੇ ਲੈ ਗਏ। ਸਨਤਾਨਮ ਅਤੇ ਮੈਨੂੰ ਇਕੋ ਹੱਥਕੜੀ ਲਾਈ ਹੋਈ ਸੀ। ਉਸ ਦੀ ਖੱਬੀ ਕਲਾਈ ਤੇ ਮੇਰੀ ਸੱਜੀ ਕਲਾਈ ਨੂੰ ਲੱਗੀ ਹੱਥਕੜੀ ਦੇ ਨਾਲ ਲੰਮੀ ਸੰਗਲੀ ਲੱਗੀ ਹੋਈ ਸੀ ਜਿਸ ਨੂੰ ਸਾਡੇ ਅੱਗੇ ਚੱਲ ਰਹੇ ਪੁਲਿਸ ਦੇ ਸਿਪਾਹੀ ਨੇ ਫੜਿਆ ਹੋਇਆ ਸੀ। ਗਿਡਵਾਨੀ ਨੂੰ ਵੀ ਹੱਥਕੜੀ ਲਾ ਕੇ ਸੰਗਲੀ ਫੜ ਕੇ ਸਾਡੇ ਪਿੱਛੇ ਪਿੱਛੇ ਲਿਆਂਦਾ ਜਾ ਰਿਹਾ ਸੀ। ਜੈਤੋ ਦੀਆਂ ਗਲੀਆਂ ਵਿਚੋਂ ਇਉਂ ਗੁਜ਼ਰਨ 'ਤੇ ਮੈਨੂੰ ਕੁੱਤੇ ਨੂੰ ਸੰਗਲੀ ਫੜ ਕੇ ਜਬਰਦਸਤੀ ਧੂਹ ਕੇ ਲੈ ਜਾਣਾ ਚੇਤੇ ਆ ਗਿਆ।''
1932 ਤੋਂ ਬਾਅਦ 1946 ਵਿਚ ਪੰਡਤ ਨਹਿਰੂ ਜੀ ਨੇ ਫਰੀਦਕੋਟ ਜਾਂਦੇ ਸਮੇਂ ਜੈਤੋ ਰੇਲਵੇ ਸਟੇਸ਼ਨ ਤੇ ਉਤਰ ਕੇ ਇਕ ਭਾਵੁਕ ਤਕਰੀਰ ਕਰਦਿਆਂ ਜੈਤੋ ਨਗਰ ਨੂੰ ਸਿਜਦਾ ਕੀਤਾ ਸੀ ਅਤੇ ਕਿਹਾ ਸੀ ਕਿ 'ਜੈਤੋ ਮੇਰੇ ਲਈ ਇਕ ਤੀਰਥ ਅਸਥਾਨ ਹੈ।' ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ 1952 ਵਿਚ ਜੈਤੋ ਵਿਖੇ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਜੈਤੋ ਨਾਲ ਆਪਣੀ ਪੁਰਾਣੀ ਅਤੇ ਭਾਵੁਕ ਸਾਂਝ ਬਾਰੇ ਦੱਸਿਆ ਸੀ। ਜਵਾਹਰ ਲਾਲ ਨਹਿਰੂ ਦੀ ਭਾਵੁਕ ਸਾਂਝ ਕਰਕੇ ਹੀ 1988 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੈਤੋ ਆਏ ਅਤੇ ਉਨ੍ਹਾਂ ਉਹ ਕਾਲ ਕੋਠੜੀ ਵੇਖੀ ਸੀ ਜਿੱਥੇ ਸ੍ਰੀ ਨਹਿਰੂ ਨੂੰ ਗ੍ਰਿਫਤਾਰ ਕਰਕੇ ਸਾਰਾ ਦਿਨ ਰੱਖਿਆ ਗਿਆ ਸੀ ਅਤੇ ਬਾਅਦ ਵਿਚ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਸੀ। ਸਤੰਬਰ 2008 ਵਿਚ ਉਨ੍ਹਾਂ ਦੇ ਖਾਨਦਾਨ ਦੇ ਹੀ ਰਾਹੁਲ ਗਾਂਧੀ ਵੀ ਜੈਤੋ ਆ ਕੇ ਇਸ ਇਤਿਹਾਸਕ ਸਥਾਨ ਤੇ ਆ ਕੇ ਨਤਮਸਤਕ ਹੋਏ।
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਤੀਰਥ ਅਸਥਾਨ ਕਹੇ ਜਾਂਦੇ ਜੈਤੋ ਨਗਰ ਦੀ ਮੌਜੂਦਾ ਸਥਿਤੀ ਦਾ ਵਰਨਣ ਕਰਦਿਆਂ ਸ਼ਹਿਰ ਦੀਆਂ ਦੋ ਸਤਿਕਾਰਤ ਸ਼ਖਸੀਅਤਾਂ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਅਤੇ ਉਘੇ ਸੁਤੰਤਰਤਾ ਸੰਗਰਾਮੀਏ ਮਾਸਟਰ ਕਰਤਾ ਰਾਮ ਸੇਵਕ ਨੇ ਪਿਛਲੇ ਸਾਲ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭੇਜੇ ਲਿਖਤੀ ਪੱਤਰ ਵਿਚ ਕਿਹਾ ਸੀ ਕਿ ਇਹ ਇਤਿਹਾਸਕ ਨਗਰ ਸਰਕਾਰਾਂ ਵੱਲੋਂ ਅਣਗੌਲਿਆ ਹੀ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਇਥੇ ਨਾ ਚੰਗੀਆਂ ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ ਹੈ, ਨਾ ਚੰਗੀ ਵਿਦਿਆ ਦੀ ਕੋਈ ਵਿਵਸਥਾ ਹੈ ਅਤੇ ਨਾ ਹੀ ਕਿਸੇ ਹੋਰ ਪੱਖ ਤੋਂ ਇਸ ਦਾ ਵਿਕਾਸ ਹੋਇਆ ਹੈ। ਉਨ੍ਹਾਂ ਇਹ ਵੀ ਚੇਤੇ ਕਰਵਾਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ ਦੇ ਨਾਮ ਤੇ ਕਾਇਮ ਕੀਤੇ ਕੌਮੀ ਟਰੱਸਟ ਕੋਲ ਕਰੋੜਾਂ ਰੁਪਏ ਦੀ ਰਾਸ਼ੀ ਮੌਜੂਦ ਹੈ ਪਰ ਉਸ ਟਰੱਸਟ ਨੇ ਵੀ ਇਸ ਨਗਰ ਤੇ ਆਪਣੀ ਰਹਿਮਤ ਦੀ ਨਿਗਾਹ ਨਹੀਂ ਮਾਰੀ। ਉਨ੍ਹਾਂ ਦੇ ਇਸ ਪੱਤਰ ਦੀ ਬਦੌਲਤ ਜਾਂ ਸ੍ਰੀ ਰਾਹੁਲ ਗਾਂਧੀ ਨੂੰ ਲੋਕਾਂ ਵੱਲੋਂ ਦਿੱਤੇ ਮੈਮੋਰੰਡਮ ਸਦਕਾ ਕੁੱਝ ਮਹੀਨੇ ਪਹਿਲਾਂ ਇਸ ਸਮਾਰਕ ਲਈ ਕੇਂਦਰ ਸਰਕਾਰ ਵੱਲੋਂ 55 ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਇਸ ਰਾਸ਼ੀ ਨਾਲ ਇਥੇ ਪੰਡਤ ਨਹਿਰੂ ਦੀ ਯਾਦਗਾਰੀ ਕਾਲ ਕੋਠੜੀ ਦੀ ਸੰਭਾਲ ਕਰਨ, ਇਸ ਜਗ੍ਹਾ ਵਿਚ ਸ਼ਾਨਦਾਰ ਪਾਰਕ ਦੀ ਉਸਾਰੀ ਕਰਨ, ਚਾਰ ਦੀਵਾਰੀ ਕਰਨ ਤੋਂ ਇਲਾਵਾ ਇਸ ਸਥਾਨ ਨੂੰ ਸੈਰ ਸਪਾਟਾ ਸਥਾਨ ਬਣਾਉਣ ਲਈ ਕਾਰਜ ਚੱਲ ਰਿਹਾ ਹੈ।
-ਕਰਮਜੀਤ ਮਾਨ

No comments:

Post a Comment