Sunday, May 16, 2010


ਵਧਦੀ ਆਬਾਦੀ ਦਾ ‘ਐਟਮ ਬੰਬ’
-ਗੁਰਦਿਆਲ ਸਿੰਘ

ਵਧਦੀ ਆਬਾਦੀ ਨੂੰ ‘ਟਾਈਮ ਬੰਬ’ ਵੀ ਕਿਹਾ ਜਾ ਸਕਦਾ ਹੈ, ਜੋ ਅਗਲੇ ਦਹਾਕੇ (2010-20) ਵਿਚ ਫਟੇਗਾ ਤੇ ਜਿੰਨੀ ਤਬਾਹੀ ਦੂਜੀ ਸੰਸਾਰ ਜੰਗ ਦੇ ਖਤਮ ਹੋਣ ’ਤੇ ਜਾਪਾਨ ਵਿਚ ਅਮਰੀਕਾ ਦੇ ਸੁੱਟੇ ਐਟਮ ਬੰਬ ਨਾਲ ਹੋਈ ਸੀ, ਇਸ ਤੋਂ ਕਈ ਗੁਣਾਂ ਵਧੇਰੇ ਤਬਾਹੀ ਹੋਏਗੀ। ਪਰ ਹੈਰਾਨ ਕਰਨ ਵਾਲੀ ਹਾਲਤ ਇਹ ਹੈ ਕਿ ਇਸਤਰੀਆਂ ਦੇ ਰਾਖਵੇਂਕਰਨ ਵਰਗੇ ਮੁੱਦਿਆਂ ’ਤੇ ਰੋਜ਼ ਰੌਲਾ ਪੈਂਦਾ ਹੈ, ਪਰ ਅੰਨ੍ਹੇਵਾਹ ਵਧ ਰਹੀ ਆਬਾਦੀ ਬਾਰੇ ਕਦੇ ਕਿਸੇ ਰਾਜਸੀ ਦਲ ਜਾਂ ਨੇਤਾ ਨੇ ਇਕ ਸ਼ਬਦ ਨਹੀਂ ਬੋਲਿਆ। ਕੀ ਸੱਚਮੁੱਚ ਸਾਡੀਆਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੂੰ ਇਸ ਦੀ ਚਿੰਤਾ ਨਹੀਂ, ਜਾਂ ਫੇਰ ਇਹ ‘ਲੋਕਤੰਤਰ ਦੇ ਰਾਖੇ’ ਜਾਣਬੁਝ ਕੇ ਚੁੱਪ ਹਨ?
ਇਹ ਦੋਵੇਂ ਰੁਝਾਨ ਖਤਰਨਾਕ ਹਨ। ਸਾਡੇ ਦੋ ਗੁਆਂਢੀ ਮੁਲਕਾਂ, ਪਾਕਿਸਤਾਨ ਤੇ ਬੰਗਲਾਦੇਸ਼ ਅੰਦਰ ਤਾਂ ਆਬਾਦੀ ਨੂੰ ਰੋਕਣ ਲਈ, ਮਜ਼੍ਹਬੀ ਕਾਰਨਾਂ ਕਰਕੇ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ। ਸਾਡੇ ਦੇਸ਼ ਵਿਚ ਵੀ ਮੁਸਲਮਾਨਾਂ ਦੀ ਆਬਾਦੀ ਲਗਪਗ ਪਾਕਿਸਤਾਨ ਜਿੰਨੀ ਹੈ। ਤਿੰਨੇ ਖਿੱਤਿਆਂ ਵਿਚ ਹਰ ਮੁਸਲਮਾਨ ਮਰਦ ਨੂੰ ਚਾਰ-ਚਾਰ ਸ਼ਾਦੀਆਂ ਕਰਨ ਦਾ ਅਧਿਕਾਰ ਹੈ। ਪਰ ਹਿੰਦੂ ਤੇ ਹੋਰ ਘੱਟ-ਗਿਣਤੀ ਜਾਤੀਆਂ ਅੰਦਰ 5 ਤੋਂ 10 ਫੀਸਦੀ, ਕੁਝ ਪੜ੍ਹੇ-ਲਿਖੇ ਤੇ ਸੂਝਵਾਨ ਲੋਕ ਹੀ ਅਜਿਹੇ ਹਨ ਜੋ ਇਸ ਖਤਰੇ ਬਾਰੇ ਸੁਚੇਤ ਹਨ। 90 ਫੀਸਦੀ ਆਬਾਦੀ, ਅਨਪੜ੍ਹਤਾ ਤੇ ਅਗਿਆਨਤਾ ਕਾਰਨ ਬੱਚਿਆਂ ਨੂੰ ‘ਕੁਦਰਤ ਦੀ ਦਾਤ’ ਹੀ ਸਮਝਦੀ ਹੈ। ਮਜ਼ਦੂਰਾਂ ਤੇ ਕਿਸਾਨਾਂ ਅੰਦਰ ਤਾਂ ਇਹ ਅੰਧ-ਵਿਸ਼ਵਾਸ ਹੱਡੀਂ ਰਚ ਚੁੱਕਿਆ ਹੈ ਕਿ ‘ਜਿਸ ਨੇ ਚੁੰਝ ਦਿੱਤੀ ਹੈ, ਉਹ ਚੋਗਾ ਵੀ ਦੇਵੇਗਾ।’ ਔਸਤਨ ਤਿੰਨ ਤੋਂ ਪੰਜ ਤਕ ਬੱਚਿਆਂ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ। ਸਗੋਂ ਇਸ ਦੇ ਉਲਟ ਮੁੰਡਿਆਂ ਦੀ ਪੈਦਾਇਸ਼ ’ਤੇ ਖੁਸ਼ੀਆਂ ਮਨਾਉਣ ਦੀ ਪਰੰਪਰਾ ਪਿਛਲੀਆਂ ਸਦੀਆਂ ਵਾਂਗ ਹੀ ਕਾਇਮ ਹੈ। ਇਸ ਕਠੋਰ ਸਚਾਈ ਵੱਲ ਕਿਸੇ ਦਾ ਧਿਆਨ ਨਹੀਂ ਕਿ ਕਰੋੜਾਂ ਅੱਲ੍ਹੜ ਤੇ ਜਵਾਨ ਮੁੰਡੇ ਮਾਪਿਆਂ ਦੇ ‘ਹੱਥਾਂ ’ਚੋਂ ਨਿਕਲ ਕੇ’, ਅਵਾਰਾ ਤੇ ਉਦੰਡ ਹੋ ਰਹੇ ਹਨ। ਬੇਰੁਜ਼ਗਾਰੀ ਉਨ੍ਹਾਂ ਲਈ ਏਨੀ ਭਿਆਨਕ ਬਣ ਚੁੱਕੀ ਹੈ ਕਿ ਨਸ਼ਿਆਂ, ਬਦਫੈਲੀਆਂ ਤੇ ਛੋਟੇ-ਵੱਡੇ ਜੁਰਮ ‘ਸਾਧਾਰਨ’ ਗੱਲਾਂ ਬਣਦੀਆਂ ਜਾ ਰਹੀਆਂ ਹਨ।
ਤੁਸੀਂ ਦੇਖਿਆ ਹੋਏਗਾ ਕਿ ਸਰਕਾਰਾਂ ਵੱਲੋਂ (ਕੇਂਦਰੀ ਸਰਕਾਰ ਵੱਲੋਂ ਵਿਸ਼ੇਸ਼ ਕਰਕੇ) ਅਕਸਰ ਟੀ.ਵੀ. ਰਾਹੀਂ ਇਸ਼ਤਿਹਾਰ ਦੇ ਕੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਭਾਰਤ ਦੀਆਂ ਅੱਠ ਕਰੋੜ ਔਰਤਾਂ ਗਰਭ-ਨਿਰੋਧਕ ਗੋਲੀਆਂ ਖਾਂਦੀਆਂ ਹਨ। ਇਸ ਤੱਥ ਅਨੁਸਾਰ 18-20 ਸਾਲ ਤੋਂ 45-50 ਸਾਲ ਦੀ ਉਮਰ ਦੇ ਮਰਦ-ਔਰਤਾਂ ਦੀ ਗਿਣਤੀ 16 ਕਰੋੜ ਬਣਦੀ ਹੈ। ਪਰ 25 ਤੋਂ 30 ਸਾਲ ਤਕ ਇਹ ਮਰਦ ਔਰਤਾਂ, ਹਰ ਗਰਭ-ਨਿਰੋਧਕ ਢੰਗ ਵਰਤ ਕੇ ਵੀ ਦੋ ਜਾਂ ਤਿੰਨ ਬੱਚਿਆਂ ਦੀ ਇੱਛਾ ਹਰ ਹਾਲਤ ਵਿਚ ਪੂਰੀ ਕਰਦੇ ਹਨ। ਇਹ ਸਭ ਲੋਕ ਬਿਨਾਂ ਪ੍ਰਚਾਰ ਤੋਂ ਵੀ ਜਾਣਦੇ ਹਨ ਕਿ ਦੋ-ਤਿੰਨ ਤੋਂ ਵਧੇਰੇ ਬੱਚਿਆਂ ਨੂੰ ਪਾਲਣ, ਪੜ੍ਹਾਉਣ ਤੇ ਫੇਰ ਚੰਗੀ ਨੌਕਰੀ (ਆਮ ਕਰਕੇ ਦੂਜੇ ਜਾਂ ਪਹਿਲੇ ਦਰਜੇ ਦੀ ‘ਅਫਸਰੀ’) ਜਾਂ ਚੰਗੇ ਕਾਰੋਬਾਰ ਵਿਚ ਸਫਲਤਾ ਦੀ ਇੱਛਾ, ਉਨ੍ਹਾਂ ਨੂੰ ਦਿਨ-ਰਾਤ ਜਾਇਜ਼/ਨਾਜਾਇਜ਼ ਧਨ ਕਮਾਉਣ ਲਈ ਮਜਬੂਰ ਕਰਦੀ ਹੈ। ਪਰ ਦੇਸ਼ ਦੀ ਆਰਥਿਕ ਦਸ਼ਾ ’ਚ ਜਿਵੇਂ ਨਿਘਾਰ ਆ ਰਿਹਾ ਹੈ, ਉਸ ਅਨੁਸਾਰ, ਇਨ੍ਹਾਂ ਸੋਲਾਂ ਕਰੋੜ (ਵੱਧ ਤੋਂ ਵੱਧ ਵੀਹ ਕਰੋੜ) ਲੋਕਾਂ ਦੀ ਕੋਈ ਇੱਛਾ ਪੂਰੀ ਨਹੀਂ ਹੋ ਸਕਦੀ। ਉਹ ਧਨ ਕਮਾਉਣ ਲਈ ਹਰ ਹਰਬਾ ਵਰਤਦੇ ਹਨ ਪਰ ਸਫਲਤਾ ਸਿਰਫ ਤਿੰਨ ਤੋਂ ਪੰਜ ਫੀਸਦੀ ‘ਮਾਪਿਆਂ’ ਨੂੰ ਮਿਲਦੀ ਹੈ। ਬਾਕੀ ਸਭ (12-14 ਕਰੋੜ) ਬੱਚਿਆਂ ਦੀਆਂ ਅਸਫਲਤਾਵਾਂ ਕਾਰਨ ਪਾਗਲ ਹੋਏ ਫਿਰਦੇ ਹਨ। ਰਿਸ਼ਵਤਾਂ ਤੇ ਰਾਜਸੀ ਸਿਫਾਰਸ਼ਾਂ ਤਕ ਹਰ ਢੰਗ ਵਰਤਦੇ ਹਨ।
ਇਹ ਗਿਣਤੀ ਜੋ ਕੁਝ ਵਧਾ-ਘਟਾ ਵੀ ਲਈਏ ਤਾਂ 120 ਕਰੋੜ ਦੀ ਆਬਾਦੀ ਦੇ ਹਿਸਾਬ ਨਾਲ ਘੱਟੋ-ਘੱਟ 50 ਕਰੋੜ, ਬੱਚੇ ਪੈਦਾ ਕਰਨ ਦੇ ਯੋਗ ਲੋਕ ਤਾਂ ਇਸ ‘ਰੱਬ ਦੀ ਦਾਤ’ ਨੂੰ ‘ਪ੍ਰਾਪਤ’ ਕਰਨਾ ਹੀ ਜੀਵਨ ਦਾ ‘ਮਨੋਰਥ’ ਸਮਝਦੇ ਹਨ। ਇਹ ਅੰਧ-ਵਿਸ਼ਵਾਸ ਵੀ ਕਾਇਮ ਹੈ ਕਿ ‘ਪ੍ਰਮਾਤਮਾ ਨੇ ਮਨੁੱਖ ਨੂੰ ਮੂੰਹ ਇਕ ਦਿੱਤਾ ਹੈ, ਪਰ ਹੱਥ ਦੋ ਦਿੱਤੇ ਹਨ।’ ਇਹ ਬ੍ਰਹਮ ਦੀ ‘ਲੀਲ੍ਹਾ’ ਐਵੇਂ ਨਹੀਂ, ਉਸ ਦੀ ਸੰਸਾਰ ਨੂੰ ਕਾਇਮ ਰੱਖਣ ਲਈ ‘ਮਿਹਰ’ ਹੈ ਕਿ ਮੂੰਹ ਜੇ ਇਕ ਰੋਟੀ ਖਾਏ ਤਾਂ ਹੱਥ ਦੋ ਕਮਾਉਣ। (ਪਰ ‘ਬ੍ਰਹਮ ਦੀ ਇਹ ਲੀਲ੍ਹਾ’, ਸ਼ਾਇਦ ‘ਸਤਿਜੁਗ’ ਵਿਚ ਸਫਲ ਹੁੰਦੀ ਹੋਏਗੀ, ਹੁਣ ਤਾਂ ‘ਕਲਯੁੱਗ ਦਾ ਪਹਿਰਾ’ ਹੈ ਜਿਸ ਯੁੱਗ ਵਿਚ ਸਭ ਕੁਝ ਮੰਦਾ ਹੀ ਮੰਦਾ ਹੈ, ਚੰਗਾ ਕੁਝ ਨਹੀਂ।)
ਇਕ ਤੱਥ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਹੈ ਕਿ ਪਿਛਲੇ ਸਾਲ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ ਸਿਰਫ 24 ਸੀ, ਪਰ ਇਸ ਸਾਲ ਵਧ ਕੇ ਦੁੱਗਣੀ ਤੋਂ ਵੀ ਵਧੇਰੇ (50) ਹੋ ਗਈ ਹੈ। ਸਾਡੇ ‘ਮਹਾਨ ਦੇਸ਼’ ਦਾ ਇਕ ਅਰਬਪਤੀ, ਸੰਸਾਰ ਦੇ ਇਕ ਸੌ ਧਨਾਢਾਂ ਵਿਚੋਂ ਚੌਥੇ ਨੰਬਰ ’ਤੇ ਹੈ। ਉਤਲੇ ਮੱਧ-ਵਰਗ ਦੇ ਖਾਂਦੇ-ਪੀਂਦੇ (ਰੱਜੇ-ਪੁੱਜੇ) ਵਧ ਤੋਂ ਵਧ 10 ਫੀਸਦੀ ਲੋਕ ਇਸ ਨੂੰ ਦੇਸ਼ ਦੀ ‘ਮਹਾਨ ਪ੍ਰਗਤੀ’ ਮੰਨ ਕੇ ਕੱਛਾਂ ਵਜਾਉਂਦੇ ਫਿਰਦੇ ਹਨ। ਪਰ ਉਨ੍ਹਾਂ ਨੂੰ ਇਸ ਤੱਥ ਦੀ ਕੋਈ ਚਿੰਤਾ ਨਹੀਂ ਕਿ ਇਸੇ ਸਮੇਂ ਦੌਰਾਨ, ਗਰੀਬੀ ਦੀ ਰੇਖਾ ਤੋਂ ਹੇਠ ਰਹਿਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਕਰੋੜ ਹੋਰ ਵਧ ਗਈ ਹੈ। 120 ਕਰੋੜ ਵਿਚੋਂ 90 ਕਰੋੜ ਲੋਕਾਂ ਦੀ ‘ਕਮਾਈ’ ਇਕ ਡੰਗ ਦੀ ਰੋਟੀ ਜੋਗੀ ਵੀ ਨਹੀਂ। (ਜੋ ਅੰਕੜਾ ਸਿਰਫ ਸਰਕਾਰੀ ਹੈ, ਸਹੀ ਨਹੀਂ)।
ਦੇਸ਼ ਦੇ ‘ਮਹਾਨ ਅਰਥ ਸ਼ਾਸਤਰੀ’ ਪ੍ਰਧਾਨ ਮੰਤਰੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੇਸ਼ ਕਿਸ ‘ਪ੍ਰਗਤੀ’ ਵੱਲ ਵਧ ਰਿਹਾ ਹੈ। ਪਰ ਉਹ ਆਪਣੀ ਪਾਰਟੀ ਦੀ ਰਾਜਸੱਤਾ ਕਾਇਮ ਰੱਖਣ ਲਈ, ਕਦੇ ਵੀ ਦੇਸ਼ ਦੇ 90 ਕਰੋੜ ਤੋਂ ਵਧੇਰੇ ਲੋਕਾਂ ਦੇ ਅਰਧ-ਪਸ਼ੂ ਜੀਵਨ ਜਿਊਣ ਵਾਲੇ ਲੋਕਾਂ ਬਾਰੇ ਕੋਈ ਗੱਲ ਨਹੀਂ ਕਰਦੇ। (ਇਹੋ ਨਹੀਂ ਉਨ੍ਹਾਂ ਦੀ ਪਾਰਟੀ ਦਾ ਵੀ ਕੋਈ ਨੇਤਾ, ਸਾਂਸਦ, ਇਸ ਦਸ਼ਾ ਦਾ ਜ਼ਿਕਰ ਤਕ ਨਹੀਂ ਕਰਦਾ ਤੇ ਵਿਰੋਧੀ ਪਾਰਟੀਆਂ ਨੇ ਵੀ ਮੂੰਹ ਵਿਚ ਘੁੰਗਣੀਆਂ ਪਾਈਆਂ ਹੋਈਆਂ ਹਨ।)
ਸੰਸਾਰ ਦੀ ਸਾਰੀ ਤਰੱਕੀ, ਬਹੁਤ ਬੁੱਧੀਵਾਨਾਂ, ਵਿਗਿਆਨੀਆਂ ਤੇ ਤਕਨੀਸ਼ੀਅਨਾਂ (ਸਿੱਖੇ ਹੋਏ ਇੰਜੀਨੀਅਰਾਂ ਤੇ ਮਿਸਤਰੀਆਂ) ਕਾਰਨ ਹੋਈ ਹੈ। ਪਰ ਇਹ ਸਾਰੇ ਸੰਸਾਰ ਦੇ ਇਕ ਸੌ ਅਰਬ ਖਰਬਪਤੀਆਂ ਤੇ ਕੁਝ ਲੱਖ ਕਰੋੜਪਤੀਆਂ ਦੇ ਕਾਮੇ (ਗੁਲਾਮ) ਹਨ। ਉਨ੍ਹਾਂ ਦੀ ਪੂਰੀ ਬੌਧਿਕ ਸ਼ਕਤੀ ਤੇ ਮਸ਼ੀਨਾਂ ਬਣਾਉਣ, ਚਲਾਉਣ ਤੇ ਇਨ੍ਹਾਂ ਰਾਹੀਂ, ਉਤਲੇ 10-15 ਫੀਸਦੀ ਉੱਚ-ਵਰਗ ਦੀਆਂ ਸੁਖ-ਸੁਵਿਧਾਵਾਂ ਤੇ ਐਸ਼-ਪ੍ਰਸਤੀ ਲਈ ਰੋਜ਼ ਨਵੀਂ ਤੋਂ ਨਵੀਂ ਕਿਸਮ ਦੀਆਂ ਵਸਤਾਂ ਦਾ ਉਤਪਾਦਨ ਵਧਾਈ ਜਾਂਦੇ ਹਨ। ਇਹ ਵਿਗਿਆਨੀ, ਇੰਜੀਨੀਅਰ ਸੰਸਾਰ ਦੇ ਕੁਝ ਲੱਖ ਧਨਾਢਾਂ ਨੇ, ਲੱਖਾਂ ਡਾਲਰ ਤਨਖਾਹਾਂ ਦੇ ਕੇ, ਕਰੋੜਾਂ ਸਿੱਖਿਅਤ ਤੇ ਅਣਸਿੱਖਿਅਤ ਮਜ਼ਦੂਰਾਂ ਦਾ ਲਹੂ ਨਚੋੜ-ਨਚੋੜ ਅਰਬ-ਖਰਬਪਤੀਆਂ ਦੀ ਸੰਪਤੀ ਹਰ ਸਾਲ ਵਧਾਈ ਜਾਣ ਲਈ ਰੱਖੇ ਜਾਂਦੇ ਹਨ। ਅਮਰੀਕਾ ਤੇ ਯੂਰਪੀ ਦੇਸ਼ਾਂ ਦੇ ਅਰਬ-ਖਰਬਪਤੀਆਂ ਨੇ ਪੂਰੇ ਮੀਡੀਏ ਨੂੰ ਇੰਜ ਮੁੱਠੀ ਵਿਚ ਘੁੱਟਿਆ ਹੋਇਆ ਹੈ ਕਿ ਅਸੀਂ ਸਾਧਾਰਨ ਲੋਕ ਵੀ, ਉਤਲੇ ਦਸ-ਪੰਦਰਾਂ ਫੀਸਦੀ ਮਧ-ਵਰਗ ਦੀਆਂ ਸੁਖ-ਸੁਵਿਧਾਵਾਂ ਤੇ ਐਸ਼-ਪ੍ਰਸਤੀ ਨੂੰ ‘ਤਰੱਕੀ’, ‘ਵਿਕਾਸ’, ‘ਸੰਸਾਰ ਦੀ ਸਮਰਿਧੀ’ ਸਮਝਣ ਲੱਗ ਪਏ ਹਾਂ, ਕਿਉਂਕਿ ਹਰ ਲਿਖਤੀ ਅੱਖਰ ਤੇ ਟੀ.ਵੀ. ਵਰਗੇ ਬਿਜਲੀ ਦੇ ਮਾਧਿਅਮਾਂ ਨੇ ਸਾਡੇ ਦਿਮਾਗ ਦੀ ਸੋਚਣ ਸ਼ਕਤੀ ਹੀ ਖ਼ਤਮ ਕਰ ਦਿੱਤੀ ਹੈ।
ਇਹ ਸਾਰੀ ਦਸ਼ਾ ਇਕ ਸਿੱਧੜ-ਜਿਹੇ ਟੋਟਕੇ ਨਾਲ ਸਪਸ਼ਟ ਕੀਤੀ ਜਾ ਸਕਦੀ ਹੈ। ਅਨੇਕਾਂ ਵਾਰ ਸੁਣੇ ਟੋਟਕੇ ਅਨੁਸਾਰ ਕੋਈ ਬੰਦਾ ਟਿੱਬੇ ਉਤੇ ਮਸਤੀ ਨਾਲ ਲੋਟਣੀਆਂ ਖਾਈ ਜਾਂਦਾ ਸੀ। ਜਦੋਂ ਕਿਸੇ ਨੇ ਪੁੱਛਿਆ ਕਿ ਕੀ ਹੋਇਐ? ਉਹਨੇ ਜਵਾਬ ਦਿੱਤਾ, ‘ਮੇਰੇ ਨਾਲ ਦਾ ਪਿੰਡੋਂ ਦਾਰੂ (ਸ਼ਰਾਬ) ਲੈਣ ਗਿਐ।’ ਇਹ ਮਜ਼ਾਕ ਨਹੀਂ ਸਾਡੀ (ਆਮ ਲੋਕਾਂ ਦੀ) ਮਾਨਸਿਕ ਦਸ਼ਾ ਦਾ ਕੌੜਾ ਸੱਚ ਹੈ। ਤੁਸੀਂ ਧਿਆਨ ਨਾਲ ਦੇਖੋ ਤਾਂ ਸਮਝ ਸਕਦੇ ਹੋ ਕਿ ਕਿਸੇ ਪ੍ਰਾਈਵੇਟ ਬੱਸ ਦਾ ਕੰਡਕਟਰ ਵੀ ਤੁਹਾਡੇ ਨਾਲ ਇੰਜ ਝਗੜ ਸਕਦਾ ਹੈ ਜਿਵੇਂ ਉਹ ਬੱਸ ਦਾ ਮਾਲਕ ਹੋਵੇ। ਬੱਸਾਂ ਦੇ ਹੀ ਨਹੀਂ ਹਰ ਕਿਸਮ ਦੀ ਸੰਪਤੀ ਦੇ ਮਾਲਕ ਨੇ ਆਪਣੇ ਨੌਕਰਾਂ (ਗੁਲਾਮਾਂ) ਨੂੰ ਹਮੇਸ਼ਾ ਇੰਜ ਵਰਤਿਆ ਹੈ (ਰਾਜੇ-ਮਹਾਰਾਜਿਆਂ ਤੋਂ ਲੈ ਕੇ ਅੱਜ ਦੇ ਲੱਖਪਤੀਆਂ ਤੇ ‘ਅਰਬ-ਖਰਬਪਤੀਆਂ ਤਕ) ਜਿਵੇਂ ਆਮ ਲੋਕ ਉਨ੍ਹਾਂ ਦਾ ‘ਰਾਜ-ਪਾਟ’ ਤੇ ਧਨ-ਦੌਲਤ ‘ਆਪਣਾ’ ਸਮਝ ਕੇ, ਉਹਦੀ ਰੱਖਿਆ ਲਈ ਹੀ ਪੈਦਾ ਹੁੰਦੇ ਹਨ। ਇਹੋ ਕਾਰਨ ਹੈ ਕਿ ਅਸੀਂ ‘ਪੜ੍ਹੇ-ਲਿਖੇ’, (ਆਪ ਨੂੰ ‘ਸਿਆਣੇ’ ਸਮਝਣ ਵਾਲੇ) ਲੋਕ ਵੀ ਦੇਸ਼ ਦੀ ਦੁਰਦਸ਼ਾ ਬਾਰੇ ਸੋਚਣ ਦੀ ਬਜਾਏ, ਖੁਦਗ਼ਰਜ਼ ਪਾਰਟੀਆਂ ਦੇ, ਵੀਹ-ਵੀਹ ਮੁਕੱਦਮਿਆਂ ਵਿਚ ਉਲਝੇ ਨੇਤਾਵਾਂ ਦੇ ਝੂਠ ਨੂੰ ਵੀ ‘ਸੱਚ’ ਸਮਝੀ ਜਾਂਦੇ ਹਾਂ ਤੇ ਉਨ੍ਹਾਂ ਨੂੰ ‘ਆਪਣੇ’ ਸਮਝ ਕੇ ਚੋਣਾਂ ਵਿਚ ਜਿਤਾ ਦਿੰਦੇ ਹਾਂ। ਪਿਛਲੇ ਦਿਨੀਂ ਜਦੋਂ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਉਹਦੇ ਕੋਲੋਂ ਸਿੱਧੇ, ਅਸਿੱਧੇ ਲਾਭ ਲੈਣ ਵਾਲੇ ਅਮੀਰਾਂ, ਵਜ਼ੀਰਾਂ ਨੇ ਹਜ਼ਾਰ-ਹਜ਼ਾਰ ਦੇ ਬਾਈ ਕਰੋੜ ਦੇ ਨੋਟਾਂ ਦੀ ‘ਮਾਲਾ’ (ਹਾਰ) ਬਣਾ ਕੇ ਉਹਦੇ ਦੁਆਲੇ ਪਾਈ ਤਾਂ ਆਮ ਲੋਕ ਉਦੋਂ ਵੀ ‘ਮਹਾਨ ਨੇਤਾ’ ਨੂੰ ਖੁਸ਼ ਕਰਨ ਲਈ ਨੱਚ ਰਹੇ ਸਨ ਜਿਵੇਂ ਇਹ ਕਰੋੜਾਂ ਦਾ ਹਾਰ ਵੀ ਉਨ੍ਹਾਂ ਦਾ ‘ਆਪਣਾ’ ਹੋਵੇ।
ਜੋ ਕੁਝ ਦੇਸ਼ ਵਿਚ ਹੋ ਰਿਹਾ ਹੈ ਤੇ ਜੋ ਅੰਨ੍ਹੀ ਆਬਾਦੀ ਕਾਰਨ ਹੋਣ ਵਾਲਾ ਹੈ, ਉਸ ਵੱਲੋਂ ਅਸੀਂ (ਸਿਆਣਿਆਂ ਨੇ) ਵੀ ਅੱਖਾਂ ਇਸ ਲਈ ਮੀਚੀਆਂ ਹੋਈਆਂ ਹਨ ਕਿ ਕਠੋਰ ਯਥਾਰਥ ਤੋਂ ਜਾਂ ਅਣਜਾਣ ਬਣਦੇ ਹਾਂ ਜਾਂ ਫੇਰ ‘ਮਚਲੇ’ ਹੋਏ ਹੋਏ ਹਾਂ। ਇਸ ਦਸ਼ਾ ਨੂੰ ਸਿਰਫ ਗਿਆਨ ਬਦਲ ਸਕਦਾ ਹੈ। (ਇਹ ਮਹਾਨ ਸੱਚ, ਸ਼ਾਇਦ ਪਹਿਲੀ ਵਾਰ ਮਹਾਨ ਗੁਰੂ ਨਾਨਕ ਨੇ ਸਮਝਿਆ ਸੀ ਜਿਨ੍ਹਾਂ ਕਿਹਾ ਸੀ ਕਿ ਸੂਤਕ ਵਰਗੇ ਭਰਮ, ਦੰਭ ਐਵੇਂ ਨਹੀਂ ਖ਼ਤਮ ਹੋ ਸਕਦੇ। ਇਨ੍ਹਾਂ ਨੂੰ ਗਿਆਨ ਹੀ ‘ਧੋ’ ਸਕਦਾ ਹੈ)। ਇਹ ਸਾਡੇ ਦੇਸ਼ ਦੀ ਬਦਨਸੀਬੀ (ਤੇ ਖ਼ਤਰਨਾਕ ਦਸ਼ਾ) ਹੈ ਕਿ ਅੰਧਕਾਰ ਵਿਚ ਭਟਕਦਿਆਂ ਵੀ ਸਮਝਦੀ ਜਾਂਦੇ ਹਾਂ ਕਿ ‘ਪ੍ਰਗਤੀ’ ਵੱਲ ‘ਅਗਰਸਰ’ ਹਾਂ। ਚੰਗਾ ਹੋਵੇ ਜੇ ਸਾਡੇ ਦੇਸ਼ ਦੇ ਰਾਜਸੀ ਦਲ, ਆਬਾਦੀ ਦੇ ‘ਐਟਮ-ਬੰਬ’ ਦੀ ਕਠੋਰ ਸਚਾਈ ਬਾਰੇ ਚੇਤੰਨ ਹੋ ਜਾਣ ਤੇ ਕੋਈ ਕਾਰਗਰ ਢੰਗ ਵਰਤ ਕੇ ਇਸ ਤੋਂ ਬਚਣ ਦੇ ਯਤਨ ਕਰਨ, ਚਾਹੇ ਕਾਨੂੰਨ (ਜਾਂ ਵਿਧਾਨ) ਵਿਚ ਮੂਲ ਤਬਦੀਲੀਆਂ ਵੀ ਕਰਨੀਆਂ ਪੈਣ, ਨਹੀਂ ਤਾਂ ਤਬਾਹੀ ਨਿਸ਼ਚਿਤ ਹੈ, ਜਿਸ ਨੂੰ ਅਸੀਂ ਮਗਰੋਂ ‘ਹੋਣੀ’ ਕਹਿ ਕੇ ਹੀ ਪੱਲਾ ਝਾੜ ਲੈਂਦੇ ਹਾਂ। ਸਾਡੇ ‘ਲੋਕ-ਪ੍ਰਤੀਨਿਧਾਂ’, ਰਾਜਸੀ ਦਲਾਂ ਤੇ ਨੇਤਾਵਾਂ ਨੇ ਵੀ ਇਸ ‘ਭਿਆਨਕ ਵਿਸਫੋਟ’ ਮਗਰੋਂ, ਇਹਨੂੰ ‘ਹੋਣੀ’ ਕਹਿ ਕੇ ਹੀ ਲੋਕਾਂ ਤੋਂ ਪਿੱਛਾ ਛੁਡਾ ਲੈਣਾ ਹੈ, ਪਰ ਵਾਪਰਨ ਵਾਲੀ ਤਬਾਹੀ ਤੋਂ ਇਨ੍ਹਾਂ ਨੇ ਬਚ ਨਹੀਂ ਸਕਣਾ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments:

Post a Comment