Monday, November 28, 2011

ਅਗਿਆਨਤਾ ਦਾ ਅੰਧਕਾਰ/ਗੁਰਦਿਆਲ ਸਿੰਘ

ਜੋ ਹਾਲ ਦੇਸ਼ ਦੀਆਂ ਅਨੇਕ ਹੋਰ ਵਿਕਾਸ ਯੋਜਨਾਵਾਂ ਦਾ ਹੈ, ਉਸ ਤੋਂ ਵਧੇਰੇ ਮਾੜਾ ਹਾਲ ਵਿਦਿਅਕ ਖੇਤਰ ਦਾ ਹੈ। ਯੋਜਨਾਵਾਂ ਬਣਦੀਆਂ ਹਨ, ਪਰ ਸਿਰੇ ਕੋਈ ਨਹੀਂ ਚੜ੍ਹਦੀ। ਜਦੋਂ ਵੀਹਵੀ ਸਦੀ ਦੇ ਆਖਰੀ ਦਹਾਕੇ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਾਉਣ ਲਈ ਕੁਝ ਦਸਤਕਾਰੀ, ਖੇਤੀ ਤੇ ਘਰੇਲੂ ਕੰਮਾਂ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਜਾਣਕਾਰੀ ਤੇ ਸਿਖਲਾਈ ਲਈ ਇਕ ਕਮੇਟੀ ਗਠਿਤ ਕੀਤੀ ਸੀ। ਪ੍ਰਸਿੱਧ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਅਮਰੀਕ ਸਿੰਘ ਉਸ ਦੇ ਚੇਅਰਮੈਨ ਸਨ। ਵੱਖੋ-ਵੱਖਰੇ ਤਕਨੀਕੀ ਖੇਤਰਾਂ ਦੇ ਪੰਦਰਾਂ-ਸੋਲਾਂ ਮਾਹਰ ਵਿਗਿਆਨੀ ਉਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸਨ। ਭਾਵੇਂ ਮੈਂ ਕੋਈ ਤਕਨੀਕੀ ਮਾਹਰ ਨਹੀਂ ਸਾਂ, ਪਰ ਫਿਰ ਵੀ ਉਨ੍ਹਾਂ ਮੈਨੂੰ ਸ਼ਾਮਲ ਕਰ ਲਿਆ ਸੀ। ਪਹਿਲੀ ਮੀਟਿੰਗ ਵਿੱਚ ਹੀ ਮੈਂ ਉਨ੍ਹਾਂ ਨੂੰ ਆਪਣੀ ਸ਼ਮੂਲੀਅਤ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ, ‘‘ਸਾਨੂੰ ਪੰਜਾਬ ਦੇ ਸਕੂਲਾਂ ਦੀ ਸਿੱਧੀ ਜਾਣਕਾਰੀ ਨਹੀਂ, ਇਸ ਲਈ ਤੇਰੇ ਕੋਲੋਂ ਜਾਣਕਾਰੀ ਮਿਲ ਸਕੇਗੀ ਤੇ ਉਸ ਅਨੁਸਾਰ ਕਾਰਗਰ ਰਿਪੋਰਟ ਤਿਆਰ ਕਰ ਸਕਾਂਗੇ।’’ ਕਮੇਟੀ ਦੀਆਂ ਕਈ ਮੀਟਿੰਗਾਂ ਹੋਈਆਂ ਤੇ ਅਖੀਰ ਪ੍ਰਾਇਮਰੀ ਜਮਾਤਾਂ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਤੱਕ ਲਈ ਬਹੁਤ ਹੀ ਕਾਰਗਰ ਰਿਪੋਰਟ ਤਿਆਰ ਹੋ ਗਈ। ਡਾ. ਅਮਰੀਕ ਸਿੰਘ ਨੇ ਬਹੁਤ ਮਿਹਨਤ ਕੀਤੀ ਸੀ, ਪਰ ਉਸ ਰਿਪੋਰਟ ਉਤੇ ਅਮਲ ਹੋਣਾ ਤਾਂ ਦੂਰ ਸਬੰਧਤ ਅਧਿਕਾਰੀਆਂ, ਤਕਨੀਕੀ ਸਿਖਲਾਈ ਵਿਭਾਗ ਤੇ ਵਿਦਿਆ ਮੰਤਰੀ ਤੱਕ, ਕਿਸੇ ਨੇ ਅੱਜ ਤੱਕ ਵੀ ਰਿਪੋਰਟ ਨਹੀਂ ਪੜ੍ਹੀ, ਜਦੋਂ ਕਿ ਉਸ ਦੀ 500 ਕਾਪੀ ਛਾਪ ਕੇ ਹਰ ਸਬੰਧਤ ਅਧਿਕਾਰੀ ਨੂੰ ਭੇਜੀ ਗਈ ਸੀ। ਦੋ ਕੁ ਸਾਲ ਬਾਅਦ ਸਬੰਧਤ ਮੰਤਰੀ ਨਾਲ ਅਚਾਨਕ ਕਿਸੇ ਸਮਾਗਮ ’ਤੇ ਮੁਲਾਕਾਤ ਹੋਈ ਤੇ ਰਿਪੋਰਟ ਬਾਰੇ ਵੀ ਜ਼ਿਕਰ ਹੋਇਆ, ਪਰ ਇਹ ਜਾਣਕਿ ਹੈਰਾਨੀ ਹੋਈ ਕਿ ਉਸ ਨੂੰ ਉਸ ਰਿਪੋਰਟ ਦੀ ਜਾਣਕਾਰੀ ਤੱਕ ਨਹੀਂ ਸੀ। ਹੁਣ ਕੇਂਦਰੀ ਸਰਕਾਰ ਨੇ ‘ਵਿਦਿਆ ਦੇ ਅਧਿਕਾਰ’ ਦਾ ਬਿੱਲ ਪਾਸ ਕੀਤਾ ਹੈ ਤੇ ਛੇ ਤੋਂ ਚੌਦਾਂ ਸਾਲ ਦੇ ਹਰ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਹੈ। ਉਹਦੇ ਲਈ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਹਰ ਬੱਚੇ ਨੂੰ ਸਕੂਲ ਲਿਆਉਣ ਲਈ ਸੂਚੀਆਂ ਵੀ ਤਿਆਰ ਕਰਵਾਈਆਂ ਹਨ, ਪਰ ਸਕੂਲ ਆਉਣ ਵਾਲੇ ਬੱਚਿਆਂ ਦੀ ਗਿਣਤੀ 60-70 ਫੀਸਦੀ ਤੋਂ ਵਧੇਰੇ ਨਹੀਂ। ਉਂਜ ਰਜਿਸਟਰਾਂ ਵਿੱਚ ਨਾਂ ਸਭ ਦੇ ਦਰਜ ਕੀਤੇ ਗਏ ਹਨ। ਪਤਾ ਲੱਗਿਆ ਹੈ ਕਿ ਸਬੰਧਤ ਅਧਿਕਾਰੀਆਂ ਨੇ ਸਕੂਲਾਂ ਵਿੱਚ ਜ਼ੁਬਾਨੀ ਆਦੇਸ਼ ਦਿੱਤੇ ਹਨ, ‘‘ਕੋਈ ਬੱਚਾ ਸਕੂਲ ਆਵੇ ਜਾਂ ਨਾ ਪਰ ਫਰਜ਼ੀ ਹਾਜ਼ਰੀਆਂ ਲਾ ਕੇ ਹੁਕਮ ’ਤੇ ਅਮਲ ਕਰੀ ਜਾਉ-ਫੇਲ੍ਹ ਵੀ ਕਿਸੇ ਨੂੰ ਨਹੀਂ ਕਰਨਾ।’’ ਸੋ ਇਹ ਕਾਗਜ਼ੀ ਕਾਰਵਾਈ ਹੋ ਰਹੀ ਹੈ; ਨਿਰੀ ਪੰਜਾਬ ਵਿੱਚ ਹੀ ਨਹੀਂ, ਪੂਰੇ ਦੇਸ਼ ਵਿੱਚ ਇਹੋ ਹਾਲ ਹੈ। ਇਸ ਸਾਲ ਦੀ ਮਰਦਮਸ਼ੁਮਾਰੀ ਅਨੁਸਾਰ 70 ਫੀਸਦੀ ਤੋਂ ਵਧੇਰੇ ਲੋਕ ‘ਪੜ੍ਹੇ ਲਿਖੇ’ ਮੰਨੇ ਗਏ ਹਨ, ਪਰ ਅਹਿਮਦਾਬਾਦ ਦੇ ਇਕ ਤਕਨੀਕੀ ਅਦਾਰੇ ਦੀਆਂ ਰਿਪੋਰਟਾਂ ਅਨੁਸਾਰ 69 ਫੀਸਦੀ ਲੋਕ ਅਨਪੜ੍ਹ ਹਨ। ਜੋ ਹਾਲ ਨਰੇਗਾ ਵਰਗੀਆਂ ਯੋਜਨਾਵਾਂ ਦਾ ਹੋਇਆ ਹੈ, ਉਹ ਇਸ ‘ਵਿਦਿਆ ਦੇ ਅਧਿਕਾਰ’ ਦਾ ਵੀ ਹੋ ਰਿਹਾ ਹੈ। ਸਭ ਤੋਂ ਮਾੜੀ ਦਸ਼ਾ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਲੋਕ ਵੀ ਮੰਗ ਕਰਦੇ ਹਨ ਕਿ ‘ਸਾਡੇ ਪਿੰਡ ਦਾ ਸਰਕਾਰੀ ਸਕੂਲ ਦਸਵੀਂ-ਬਾਰ੍ਹਵੀਂ ਤੱਕ ਕਰੋ।’ ‘ਸਾਡੇ ਪਿੰਡ ਦੇ ਨੇੜੇ ਕਾਲਜ ਵੀ ਖੋਲ੍ਹੇ।’ ਪਰ ਸਕੂਲਾਂ ਤੇ ਸਰਕਾਰੀ ਕਾਲਜਾਂ ਦੀ ਪੜ੍ਹਾਈ ਦਾ ਜੋ ਹਾਲ ਹੈ, ਉਹ ਕਿਸੇ ਜਾਣਕਾਰ ਤੋਂ ਗੁੱਝਾ ਨਹੀਂ। ਇਹ ਕੋਈ ਸੋਚਣ ਨੂੰ ਵੀ ਤਿਆਰ ਨਹੀਂ ਕਿ ਦਸਵੀਂ, ਬਾਰ੍ਹਵੀਂ ਜਾਂ ਆਰਟਸ ’ਚ ਬੀ.ਏ., ਐਮ.ਏ. ਕਰਨ ਵਾਲੇ ਮੁੰਡੇ-ਕੁੜੀਆਂ ਪੜ੍ਹ ਕੇ ਕਰਨਗੇ ਕੀ? ਜੇ ਉਨ੍ਹਾਂ ਵਿੱਚੋਂ 4-5 ਫੀਸਦੀ ਨੂੰ ਵੀ ਆਪਣੇ ਗੁਜ਼ਾਰੇ ਜੋਗੀ ਨੌਕਰੀ ਜਾਂ ਕੰਮ ਨਹੀਂ ਦਿੱਤਾ ਜਾਣਾ ਤਾਂ ਅਜਿਹੀ ਪੜ੍ਹਾਈ ਦੇ ਅਰਥ ਕੀ ਰਹਿ ਜਾਂਦੇ ਹਨ? ਜੇ ਕੁਝ ਵਿਰਲੇ ਵਾਂਝਿਆਂ ਨੂੰ ਕੰਮ ਮਿਲ ਵੀ ਜਾਏ ਤਾਂ ਉਹ ਨਿਰਾ ਅਣਉਤਪਾਦਤ ਹੋਏਗਾ ਕਿਉਂਕਿ ਇਹ ‘ਪੜ੍ਹੇ-ਲਿਖੇ’ ਸਿਰਫ ਕਲਰਕ ਲਗ ਸਕਦੇ ਹਨ ਜਿਸ ਨਾਲ ਵਿਕਾਸ ਦਾ ਕੋਈ ਸਬੰਧ ਨਹੀਂ। ਪ੍ਰਾਇਮਰੀ ਸਿੱਖਿਆ ਤੇ ਦਸਵੀਂ ਤੱਕ ਵੀ ਸਾਧਾਰਨ ਸਿੱਖਿਆ ਜ਼ਰੂਰ ਸਭ ਲੋਕਾਂ ਲਈ ਲਾਹੇਵੰਦ ਹੋ ਸਕਦੀ ਹੈ, ਜਿਸ ਦਾ ਸਭ ਤੋਂ ਵਧੇਰੇ ਬੁਰਾ ਹਾਲ ਹੈ। ਇਸ ਤੋਂ ਵੀ ਗੰਭੀਰ ਸਮੱਸਿਆ ਇਹ ਹੈ ਕਿ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਇਆ ਕੀ ਜਾਂਦਾ ਹੈ? ਜੋ ਵਿਸ਼ੇ ਪੜ੍ਹਾਏ ਜਾਂਦੇ ਹਨ ਉਨ੍ਹਾਂ ਦਾ ਕਿਸੇ ਪੱਖੋਂ ਵੀ ਦੇਸ਼ ਦੇ ਸਮੁੱਚੇ ਹਾਲਾਤ ਨਾਲ ਸਿੱਧਾ ਸਬੰਧ ਨਹੀਂ। ਮਿਸਾਲ ਵਜੋਂ ਇਤਿਹਾਸ, ਸਮਾਜਕ ਸਿੱਖਿਆ ਜਾਂ ਅੰਗਰੇਜ਼ੀ ਭਾਸ਼ਾ ਵਰਗੇ ਹਰ ਵਿਸ਼ੇ ਨੂੰ ਸਿਰਫ ਇਮਤਿਹਾਨ ਪਾਸ ਕਰਨ ਲਈ ਪੜ੍ਹਾਇਆ ਤੇ ਪੜ੍ਹਿਆ ਜਾਂਦਾ ਹੈ। ਇਹ ਸਾਰੇ ਵਿਸ਼ੇ ਪੜ੍ਹਨ ਦਾ ਤੇ ਇਨ੍ਹਾਂ ਵਿੱਚ ਚੰਗੇ ਅੰਕ ਲੈ ਕੇ ਵੀ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਾਂ ਤੇ ਸਮੁੱਚੇ ਸਮਾਜ ਲਈ ਕੋਈ ਮਹੱਤਵ ਨਹੀਂ। ਇਹ ਵਿਸ਼ੇ ਪੜ੍ਹਨ ਵਾਲੇ ਵਿਦਿਆਰਥੀ ਕੀ ਅਨਪੜ੍ਹਾਂ ਨਾਲੋਂ ਦੇਸ਼ ਦੀਆਂ ਮੂਲ ਸਮੱਸਿਆਵਾਂ ਨੂੰ ਵਧੇਰੇ ਜਾਣਦੇ ਹਨ? ਇਤਿਹਾਸ ਪੜ੍ਹ ਕੇ ਬੀ.ਏ., ਐਮ.ਏ. ਕਰਨ ਵਾਲਾ ਕੋਈ ਵੀ ‘ਪੜ੍ਹਿਆ-ਲਿਖਿਆ’ ਇਤਿਹਾਸ ਬਾਰੇ ਕੁਝ ਵਧੇਰੇ ਜਾਣਕਾਰੀ ਤਾਂ ਪ੍ਰਾਪਤ ਕਰ ਸਕਦਾ ਹੈ, ਪਰ ਇਤਿਹਾਸ ਦੇ ਮਾੜੇ ਚੰਗੇ ਪ੍ਰਭਾਵਾਂ ਜਾਂ ਸਮਾਜ ਦੇ ਵਿਕਾਸ ਦੇ ਕੰਮਾਂ ’ਚ ਜਾਂ ਵਰਤਮਾਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਾਮੂਲੀ ਹਿੱਸਾ ਵੀ ਨਹੀਂ ਪਾ ਸਕਦਾ। ਕੀ ਅਸੀਂ ਵੱਡੇ-ਵੱਡੇ ਨੇਤਾਵਾਂ ਤੇ ‘ਵਿਦਵਾਨ’ 64 ਸਾਲ ਬਾਅਦ ਵੀ ਆਜ਼ਾਦੀ ਦਾ ਕੋਈ ਲਾਭ ਪ੍ਰਾਪਤ ਕਰ ਸਕੇ ਹਾਂ? 80-90 ਸਾਲ ਦੇ ਬਜ਼ੁਰਗ, ਅੱਜ ਵੀ ਸੁਭਾਵਕ ਕਹਿ ਦਿੰਦੇ ਹਨ, ‘ਏਸ ਰਾਜ ਤੋਂ ਤਾਂ ਅੰਗਰੇਜ਼ਾਂ ਦਾ ਰਾਜ ਈ ਚੰਗਾ ਸੀ।’ ਕਾਰਨ ਇਹ ਹੈ ਕਿ ਅੱਜ ਵੀ ਦੇਸ਼ ਯੂਰਪੀਨ ਦੇਸ਼ਾਂ ਤੇ ਅਮਰੀਕਾ ਵਰਗੇ ਸਮਰਿਧ ਦੇਸ਼ਾਂ ਦੇ ਆਰਥਿਕ ਤੇ ਵਿਕਾਸ ਦੇ ਮਾਡਲ ਅਪਣਾ ਕੇ ਉਨ੍ਹਾਂ ਦੇਸ਼ਾਂ ਦੇ ਕਰਜ਼ਿਆਂ ਹੇਠ ਹੀ ਨਹੀਂ ਦੱਬਿਆ ਹੋਇਆ ਹੈ। ਵਿਦਿਅਕ ਖੇਤਰ ਵਿੱਚ ਵਿਗਿਆਨਕ ਤੇ ਤਕਨੀਕੀ ਖੇਤਰ ਵਿੱਚ ਉਨ੍ਹਾਂ ਦਾ ਅਸਿੱਧੇ ਤੌਰ ’ਤੇ ਗ਼ੁਲਾਮ ਹੈ। ਅਮਰੀਕਾ ਦੇ ਦੁਨੀਆਂ ਵਿੱਚ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਨੂੰ ਮਿਲਣਾ, ਸਾਡੇ ਪ੍ਰਧਾਨ ਮੰਤਰੀ ਵੀ ਵੱਡੀ ‘ਪ੍ਰਾਪਤੀ’ ਸਮਝਦੇ ਹਨ, ਪਿਛਲੇ ਸਾਲ ਇਥੇ ਆ ਕੇ ਓਬਾਮਾ ਸਕੂਲੀ ਬੱਚਿਆਂ ਨਾਲ ਨੱਚ ਕੇ ਤੁਰ ਗਿਆ ਪਰ ਸਾਡੇ ਦੇਸ਼ ਦੀ ਕਿਹੜੀ ਮੂਲ ਸਮੱਸਿਆ ਹੱਲ ਕਰਨ ਲਈ ਕੁਝ ‘ਦੇ’ ਗਿਆ, ਜਿਸ ਦੀ ਸਾਡੀ ਸਰਕਾਰ ਹਮੇਸ਼ਾ ਆਸ ਲਈ ਰੱਖਦੀ ਹੈ? ਮਨੁੱਖ ਦੀ ਹਜ਼ਾਰਾਂ ਸਾਲਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਮਨੁੱਖੀ ਜੀਵਨ ਬਾਰੇ ਵੱਧ ਤੋਂ ਵੱਧ ਗਿਆਨ ਤੇ ਵਿਗਿਆਨਕ ਰਹੱਸ ਪ੍ਰਾਪਤ ਕਰਨਾ ਹੈ, ਪਰ ਨਿਰਾ ਗਿਆਨ ਵਿਗਿਆਨ ਵੀ ਕਿਸੇ ਕੰਮ ਨਹੀਂ ਆਉਂਦਾ, ਜੇ ਉਹਨੂੰ ਸਮਾਜ ਦੀ ਲੋੜ ਲਈ ਕਾਰਗਰ ਢੰਗ ਨਾਲ ਨਾ ਵਰਤਿਆ ਜਾਏ। ਕੀ ਏਦੂੰ ਵੱਡਾ ਵੀ ਕੋਈ ਦੁਖਾਂਤ ਹੋ ਸਕਦਾ ਹੈ ਕਿ ਹਰ ਖੇਤਰ ਵਿੱਚ ਨੌਜਵਾਨ, ਵੀਹ-ਵੀਹ ਸਾਲ ਵਿਸ਼ੇਸ਼ ਤਕਨੀਕੀ ਤੇ ਵਿਗਿਆਨਕ ਖੇਤਰਾਂ ਵਿੱਚ ਦਿਨ-ਰਾਤ ਇਕ ਕਰਕੇ ਮਹਾਰਤ ਜਾਂ ਗਿਆਨ ਪ੍ਰਾਪਤ ਕਰਨ ਕੁਝ ਪੜ੍ਹੇ-ਲਿਖੇ, ਅਰਧ-ਪੜ੍ਹ ਤੇ ਕਈ ਅਨਪੜ੍ਹ ਕਾਰਖਾਨੇਦਾਰਾਂ, ਵਪਾਰੀਆਂ ਜਾਂ ਇਨ੍ਹਾਂ ਦੀ ਸਮਰਿਧੀ ਦੀਆਂ ਪੱਖੀ ਸਰਕਾਰਾਂ ਦੇ ‘ਮਾਮੂਲੀ ਕਾਰਿੰਦੇ’ ਬਣ ਕੇ ਰਹਿ ਗਏ ਹਨ। ਉਹ ਅਰਬਪਤੀਆਂ ਨੂੰ ਖਰਬਪਤੀ ਬਣਾਉਣ ਲਈ ਜੇ ਆਪਣਾ ਸਭ ਤੋਂ ਤੇਜ਼ ਦਿਮਾਗ ਤੇ ਗਿਆਨ ਵਰਤ ਕੇ ਇਨ੍ਹਾਂ ਧਨਾਢਾਂ ਦੇ ਵਾਰੇ-ਨਿਆਰੇ ਨਹੀਂ ਕਰਦੇ ਤਾਂ ਉਨ੍ਹਾਂ ਦਾ ਭਾਰਤੀ ਸਮਾਜ ਵਿੱਚ ਕੌਡੀ ਮੁੱਲ ਨਹੀਂ। ਜੇ ਉਹ ਦੋ ਲੱਖ ਰੁਪਏ ਮਹੀਨਾ ਤਨਖਾਹ ਲੈ ਕੇ ਆਪਣੇ ਮਾਲਕ ਨੂੰ ਕਰੋੜਾਂ ਦਾ ਮੁਨਾਫਾ ਕਮਾ ਕੇ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਮੱਖਣ ’ਚੋਂ ਵਾਲ ਵਾਂਗ ਕਢ ਕੇ ਗਲੀਆਂ ’ਚ ਧੱਕੇ ਖਾਣ ਲਈ ਦੁਰਕਾਰ ਦਿੱਤਾ ਜਾਂਦਾ ਹੈ। ‘ਮਾਲਕ’ ਕੌਣ ਹੈ? ਜਿਹੜਾ ਸਬੱਬ ਨਾਲ ਕਿਸੇ ਧਨਾਢ ਦੇ ਘਰ ਜੰਮ ਪਿਆ ਭਾਵੇਂ ਕਿ ਸਾਡੇ ਜੋਤਸ਼ੀ ਤੇ ਪ੍ਰਚਾਰਕ ਉਸ ਦੇ ਸਬੱਬੀ ਜਨਮ ਲੈਣ ਨੂੰ ‘ਪਿਛਲੇ ਕਰਮਾਂ’ ਦਾ ਫਲ ਦੱਸੀ ਜਾਂਦੇ ਹਨ, ਜਦੋਂ ਕਿ ਪਿਛਲੇ ਜਾਂ ਅਗਲੇ ਜਨਮ ਦਾ ਕੋਈ ਠੋਸ, ਪ੍ਰਤੱਖ (ਵਿਗਿਆਨਕ) ਆਧਾਰ ਨਹੀਂ)। ਸ਼ਾਇਦ ਅਜਿਹੇ ਯਥਾਰਥਿਕ ਵਿਚਾਰ ਸਾਡੇ 9 ਫੀਸਦੀ ਲੋਕਾਂ ਨੂੰ ਰਾਸ ਨਹੀਂ ਆਉਂਦੇ ਕਿਉਂਕਿ ਸਾਨੂੰ ਕਿਸੇ ਵੀ ਵਿਦਿਅਕ ਖੇਤਰ ਵਿੱਚ ਡਾਕਟਰੀ ਵਿਦਿਆ ਤੋਂ ਬਿਨਾਂ ਅਜਿਹੇ ਵਿਗਿਆਨਕ ਤੱਥਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜੇ ਦਿੱਤੀ ਵੀ ਜਾਏ ਤਾਂ ਸਾਡੇ ਬਚਪਨ ਤੋਂ ਬਣੇ ਸੰਸਕਾਰ ਸਾਨੂੰ ਮੰਨਣ ਨਹੀਂ ਦਿੰਦੇ; ਇੰਜ ਸਾਰੀ ਉਮਰ ਅਗਿਆਨਤਾ ਦੇ ਹਨੇਰੇ ਵਿੱਚ ਹੀ ਬੀਤ ਜਾਂਦੀ ਹੈ। ਸਮੱਸਿਆ ਵਿਦਿਅਕ ਯੋਜਨਾਵਾਂ ਦੇ ਨਾਲ ਪੂਰੇ ਸਮਾਜਕ ਤਾਣੇ-ਬਾਣੇ ਨੂੰ ਜੋੜਨ ਦੀ ਹੈ। ਧਨਾਢ ਲੋਕਾਂ ਕੋਲ ਧਨ ਆਉਂਦਾ ਕਿੱਥੋਂ ਹੈ, ਇਹਦੀ ਜਾਣਕਾਰੀ ਉੱਚ ਵਿਦਿਆ ਪ੍ਰਾਪਤ ਲੋਕਾਂ ਵਿੱਚੋਂ ਵਿਰਲਿਆਂ ਨੂੰ ਹੋਏਗੀ। ਅਸੀਂ ਸਦੀਆਂ ਤੋਂ ਨਿਰੇ ਕਾਲਪਨਿਕ ਮਿਥਹਾਸ ਨੂੰ ਯਥਾਰਥ ਮੰਨਦੇ ਆ ਰਹੇ ਹਾਂ। ਅਨੇਕ ਪਰਾ ਸ਼ਕਤੀਆਂ ਨੂੰ ਯਥਾਰਥਿਕ ਮਹਾਸ਼ਕਤੀਆਂ ਮੰਨ ਕੇ ਸਭ ਸਮੱਸਿਆਵਾਂ ਦਾ ਹੱਲ ਲੱਭਣ ਦੇ ਆਦੀ ਹੋ ਚੁੱਕੇ ਹਾਂ। ਗਰੀਬੀ ਕਿਉਂ ਪੈਦਾ ਹੁੰਦੀ ਹੈ, ਗਰੀਬ ਤੇ ਅਮੀਰ ਦਾ ਫਰਕ ਕਿਉਂ ਹੈ, ਅਚਾਨਕ ਕੋਈ ਮਾਮੂਲੀ ਦੁਕਾਨਦਾਰ, ਕਰੋੜਪਤੀ ਕਿਵੇਂ ਬਣ ਜਾਂਦਾ ਹੈ ਤੇ ਬਾਕੀ ਕਰੋੜਾਂ ਲੋਕ ਕੀਟ-ਪਤੰਗਿਆਂ ਵਾਂਗ ਸਾਰੀ ਜ਼ਿੰਦਗੀ ਨਰਕ ਭੋਗ ਕੇ ਕਿਉਂ ਤੁਰ ਜਾਂਦੇ ਹਨ; ਅੰਨ੍ਹੀ ਆਬਾਦੀ ਕਿਵੇਂ ਤੇ ਕਿਉਂ ਵਧੀ ਜਾਂਦੀ ਹੈ, ਉਹਦੇ ਲਈ ਮੁਢਲੀਆਂ ਲੋੜਾਂ ਕਿੰਜ, ਕਿਵੇਂ ਤੇ ਕਿੱਥੋਂ ਪੂਰੀਆਂ ਹੋਣੀਆਂ ਸੰਭਵ ਹਨ ਅਜਿਹੇ ਬੇਅੰਤ ਸਵਾਲ ਹਨ ਜਿਨ੍ਹਾਂ ਦੇ ਉੱਤਰ ਸਾਨੂੰ ਕਿਸੇ ਵਿਦਿਅਕ ਅਦਾਰੇ ਦੀ ਵਰਤਮਾਨ ਪੜ੍ਹਾਈ ਕਰਨ ਨਾਲ ਵੀ ਨਹੀਂ ਮਿਲਦੇ। ਇਨ੍ਹਾਂ ਸਾਰੇ ਕਾਰਨਾਂ ਸਦਕਾ ਜਦੋਂ ਤੱਕ ਸਾਡੇ ਕਰੋੜਾਂ ਪੜ੍ਹੇ-ਲਿਖੇ ਨੌਜਵਾਨ, ਇਨ੍ਹਾਂ ਸਵਾਲਾਂ ਦੇ ਠੋਸ ਤੇ ਵਿਗਿਆਨਕ ਉੱਤਰ ਲੱਭ ਕੇ ਉਨ੍ਹਾਂ ਲਈ ਅਣਥਕ ਤੇ ਕਾਰਗਰ ਕਾਰਵਾਈਆਂ ਨਹੀਂ ਕਰਦੇ ਤੇ ਜੀਵਨ ਦਾ ਕੋਈ ‘ਮਨੋਰਥ’ ਹੀ ਨਹੀਂ ਸਮਝਦੇ ਉਦੋਂ ਤੱਕ ‘ਅਗਿਆਨ ਦਾ ਹਨੇਰ’ ਵਿਗਿਆਨਕ ਵਿਦਿਆ ਜਾਂ ਜਾਣਕਾਰੀ ਰਾਹੀਂ ਚੇਤਨਾ ਵਿੱਚ ਨਹੀਂ ਬਦਲ ਸਕਦਾ। ਇਸੇ ਕਾਰਨ ਦੇਸ਼ ਦੇ 121 ਕਰੋੜ ਵਿੱਚੋਂ ਸੌ ਕਰੋੜ ਤੋਂ ਵਧੇਰੇ ਲੋਕ, ਨਰਕ ਭੋਗਣ ਤੋਂ ਬਚ ਨਹੀਂ ਸਕਦੇ ਭਾਵੇਂ ਉਹ ਇਸ ਦਸ਼ਾ ਨੂੰ ਹੋਣੀ ਸਮਝ ਕੇ ਹੀ ਸਵੀਕਾਰ ਕਰ ਲੈਂਦੇ ਹਨ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

1 comment:

  1. ਮਾਨ ਸਾਹਬ ਸਤ ਸ਼੍ਰੀ ਅਕਾਲ,
    ਬਹੁਤ ਵਧੀਆ ਲਿਖਿਆ ਹੈ ਤੁਸੀਂ।
    ਪਰ ਇਕ ਸੁਝਾ ਦੇਣਾ ਚਾਹੂੰਗਾ ਕਿ tags ਵਿਚ ਕੁਝ english ਅੱਖਰ ਵੀ ਲਿਖ ਦਿਆ ਕਰੋ ਤਾਂ ਕਿ google ਆਦਿ 'ਚ ਲਭਣਾ ਸੌਖਾ ਹੋ ਜਾਵੇ।
    ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਲੋਕਾਂ ਤੱਕ ਪਹੁੰਚਦਾ ਹੈ.
    ਧੰਨਵਾਦ,
    ਚਰਨਦੀਪ ਸਿੰਘ (ਜੈਤੋ)

    ReplyDelete