Sunday, September 28, 2014

ਜਿਉਂਦੇ ਰਹਿਣ ਦੀ ਮੂਲ-ਪ੍ਰਵਿਰਤੀ\ Gurdial Singh


ਇਕ ਮਹਾਨ ਚਿੰਤਕ, ਦਾਰਸ਼ਨਿਕ ਦੀ ਇਹ ਟਿੱਪਣੀ ਸਮਝਣੀ ਜ਼ਰੂਰੀ ਹੈ ਕਿ : Ḕਲੋਕਾਂ ਦੀ ਚੇਤਨਾ ਉਨ੍ਹਾਂ ਦੀ ਸ਼ਖ਼ਸੀਅਤ (ਹੋਂਦ) ਦੀ ਸਿਰਜਣਾ ਨਹੀਂ ਕਰਦੀ, ਸਗੋਂ ਲੋਕਾਂ ਦੀ ਸਮਾਜਿਕ-ਹੋਂਦ (ਬਣਤਰ), ਉਨ੍ਹਾਂ ਦੀ ਚੇਤਨਾ ਦੀ ਸਿਰਜਿਕ ਬਣਦੀ ਹੈ।' ਇਸ ਲਈ ਮਨੁੱਖੀ ਰਿਸ਼ਤਿਆਂ ਦਾ ਆਧਾਰ ਸਮਾਜਿਕ ਸਥਿਤੀਆਂ ਹੁੰਦੀਆਂ ਹਨ। ਅੱਗੋਂ ਇਨ੍ਹਾਂ ਸਥਿਤੀਆਂ ਦਾ ਆਧਾਰ ਕਿਸੇ ਵੀ ਸਮਾਜ ਦੀ ਯਥਾਰਥਿਕ ਬਣਤਰ ਹੁੰਦੀ ਹੈ ਜਿਸ ਦੇ ਮੂਲ ਆਧਾਰ ਭੌਤਿਕ ਹੁੰਦੇ ਹਨ। ਪੱਛਮੀ ਵਿਦਵਾਨਾਂ ਨੇ ਮਨੁੱਖ ਦੀਆਂ ਤੇਰਾਂ ਮੂਲ-ਪ੍ਰਵਿਰਤੀਆਂ (ਕੁਦਰਤੀ ਵੱਸਫ਼ ਜੋ ਜਮਾਂਦਰੂ ਹੋਣ) ਦੱਸੀਆਂ ਹਨ। ਪਰ ਇਹ ਸਾਰੀਆਂ ਮੂਲ ਰੂਪ ਵਿਚ ਜੀਵਾਂ ਦੇ ਜਿਉਂਦੇ ਰਹਿਣ ਦੀ ਪ੍ਰਵਿਰਤੀ 'ਚੋਂ ਹੀ ਪੈਦਾ ਹੁੰਦੀਆਂ ਹਨ। ਜੋ ਵੀ ਵਿਕਾਰ ਜਾਂ ਗੁਣ ਮਨੁੱਖ ਅੰਦਰ ਪੈਦਾ ਹੁੰਦੇ ਹਨ, ਉਹ ਅਸਲ ਵਿਚ ਵਿਸ਼ੇਸ਼ ਸਮਾਜ ਅੰਦਰ ਜਿਉਂਦੇ ਰਹਿਣ ਲਈ ਕੀਤੇ ਯਤਨਾਂ ਤੇ ਕਿਰਿਆਵਾਂ ਦਾ ਸਿੱਟਾ ਹੁੰਦੇ ਹਨ। ਸਦੀਆਂ ਤੋਂ ਧਾਰਮਿਕ ਤੇ ਨੈਤਿਕ ਸਿੱਖਿਆ ਰਾਹੀਂ ਮਾਨਵੀ ਗੁਣਾਂ ਲਈ ਅਤਿਅੰਤ ਘਾਤਕ ਦੱਸੇ ਜਾਂਦੇ ਪੰਜ ਵਿਕਾਰ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਇਹ ਸਾਰੇ ਸਮਾਜਿਕ ਜੀਵਨ ਦੇ ਯਥਾਰਥਿਕ ਆਧਾਰਾਂ ਦੇ ਸਿੱਟੇ ਹਨ। ਕਾਮ ਨੂੰ ਸਿਰਫ ਕੁਝ ਮਹਾਨ ਸਾਧੂ-ਸੰਤ ਹੀ ਵੱਸ ਵਿਚ ਰੱਖ ਸਕਦੇ ਹਨ ਆਮ ਲੋਕ ਨਹੀਂ। ਬਾਕੀ ਚਾਰ ਵਿਕਾਰ ਵੀ ਕਿਸੇ ਦੇ ਨਿੱਜੀ ਯਤਨਾਂ ਰਾਹੀਂ ਵੱਸ ਵਿਚ ਨਹੀਂ ਰਹਿੰਦੇ। ਜਦੋਂ ਜਿਉਂਦੇ ਰਹਿਣ ਲਈ, ਵਰਤਮਾਨ ਸਮਾਜਾਂ ਅੰਦਰ ਜੋ ਕੁਝ ਵੀ ਕੰਮ-ਕਾਰ ਕਰਨੇ ਪੈਂਦੇ ਹਨ ਉਨ੍ਹਾਂ ਕਾਰਨ ਇਹ ਵਿਕਾਰ ਆਪਣੇ-ਆਪ ਪੈਦਾ ਹੋ ਜਾਂਦੇ ਹਨ। (ਘਟ, ਵਧ ਇਹ ਹਰ ਮਨੁੱਖ ਦੀ ਦਿਮਾਗੀ ਸਮਰੱਥਾ ਤੇ ਸੰਵੇਦਨਾ ਕਾਰਨ ਹੁੰਦੇ ਹਨ।) ਏਥੇ ਕੁਝ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਕਿਸੇ ਕਾਮੇਂ ਨੂੰ ਜਦੋਂ ਉਸ ਦੇ ਕੰਮ ਦਾ ਮਿਹਨਤਾਨਾ ਪੂਰਾ ਨਹੀਂ ਦਿੱਤਾ ਜਾਂਦਾ (ਜੋ ਵਰਤਮਾਨ ਸਮਾਜਾਂ ਦਾ ਆਮ ਵਤੀਰਾ ਹੈ) ਉਦੋਂ ਗੁੱਸਾ ਆਉਂਦਾ ਹੈ ਜੋ ਨਿਰੰਤਰ ਹੁੰਦੇ ਧੱਕੇ ਕਾਰਨ ਅਖੀਰ ਕਰੋਧ ਦਾ ਰੂਪ ਧਾਰਨ ਕਰ ਲੈਂਦਾ ਹੈ। ਉਸ ਨੂੰ ਘੱਟ ਮਜ਼ਦੂਰੀ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਘੱਟ ਪੈਸੇ ਨਾਲ ਉਹ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਇਸੇ ਕਾਰਨ ਇਹ ਧਾਰਨਾ ਬਣੀ ਕਿ ਕ੍ਰੋਧ ਦਾ ਮਾਰਿਆ ਬੰਦਾ ਨਰਕ 'ਚ ਪੈ ਜਾਂਦਾ ਹੈ।' ਲੋਭ ਦਾ ਮੂਲ ਕਾਰਨ ਵੀ ਜਿਉਂਦੇ ਰਹਿਣ ਲਈ ਅਨਿਸਚਿਤਤਾ ਹੈ। ਵਰਤਮਾਨ ਸਮਾਜ ਅੰਦਰ ਕੋਈ ਨਹੀਂ ਕਹਿ ਸਕਦਾ ਕਿ ਕੱਲ੍ਹ ਨੂੰ ਉਸ ਕੋਲ ਜਿਉਂਦੇ ਰਹਿਣ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਧਨ ਹੋਣਗੇ ਜਾਂ ਨਹੀਂ। ਅਜਿਹੀ ਅਨਿਸਚਤਤਾ ਹੀ ਲੋਭ ਪੈਦਾ ਕਰਦੀ ਹੈ। ਇੰਝ ਲੋਭ ਹੌਲੀ ਹੌਲੀ ਆਦਤ ਬਣਦਾ ਹੈ ਤੇ ਫੇਰ ਮਾਨਸਿਕਤਾ 'ਚ ਬਦਲ ਜਾਂਦਾ ਹੈ। ਜਿਸ ਸਮਾਜ ਦਾ ਵਿਧਾਨ ਤੇ ਕਾਨੂੰਨ ਕਿਸੇ ਵੀ ਧਨ, ਜਾਇਦਾਦ ਕੱਠੀ ਕਰਨ ਦੀ ਖੁੱਲ੍ਹ ਤੇ ਮੌਕੇ ਦਿੰਦੇ ਹਨ ਤਾਂ ਲੋਭ ਕਰੋੜਾਂ, ਅਰਬਾਂ, ਖਰਬਾਂ ਤੇ ਧਨ ਜਾਇਦਾਦ ਨਾਲ ਵੀ ਖਤਮ ਨਹੀਂ ਹੁੰਦਾ। ਇਸੇ ਕਾਰਨ ਮਾਨਵੀ ਰਿਸ਼ਤੇ ਖਤਮ ਹੋ ਜਾਂਦੇ ਹਨ। (ਇਹਦੀ ਵੱਡੀ ਮਿਸਾਲ ਅੰਬਾਨੀ ਭਰਾਵਾਂ ਅੰਦਰ ਪੈਦਾ ਹੋਇਆ ਦੁਫੇੜ ਹੈ। ਅਜਿਹੀਆਂ ਮਿਸਾਲਾਂ ਆਮ ਆਦਮੀ ਤੋਂ ਲੈ ਕੇ ਸੰਸਾਰ ਦੇ ਸਭ ਤੋਂ ਧਨਾਢ ਲੋਕਾਂ ਤੱਕ ਮਿਲ ਜਾਂਦੀਆਂ ਹਨ।) ਮੋਹ ਨੂੰ ਇਸ ਕਾਰਨ ਨਿੰਦਿਆ ਜਾਂਦਾ ਹੈ ਕਿ ਧਾਰਮਿਕ ਵਿਸ਼ਵਾਸ ਅਨੁਸਾਰ ਇਹ ਮਿਥਿਆ' (ਮਾਇਆ) ਹੈ। ਪਰ ਮਨੁੱਖ ਹੀ ਨਹੀਂ, ਹਰ ਜੀਵ ਆਪਣੇ ਬੱਚਿਆਂ ਨੂੰ ਮੋਹ ਤੋਂ ਬਿਨਾਂ ਪਾਲ਼ ਵੀ ਨਹੀਂ ਸਕਦਾ। ਚਿੜੀਆਂ ਵੀ ਆਪਣੇ ਬੱਚਿਆਂ ਲਈ ਚੋਗਾ ਲਿਆਉਂਦੀਆਂ ਹਨ। ਮਨੁੱਖ ਆਪਣੇ ਆਪ ਨੂੰ, ਮਰਨ ਪਿੱਛੋਂ ਵੀ ਜਿਉਂਦੇ ਰਹਿਣ ਦੀ ਤੀਬਰ ਇੱਛਾ ਕਾਰਨ, ਆਪਣੇ ਪੁੱਤ-ਪੋਤਿਆਂ ਰਾਹੀਂ ਆਪਣਾ (ਝੂਠਾ ਹੀ ਸਹੀ) Ḕਵਜੂਦ' (ਨਾਂ) ਕਾਇਮ ਰੱਖਣਾ ਚਾਹੁੰਦਾ ਹੈ। ਇਸੇ ਕਾਰਨ ਬੱਚਿਆਂ ਨਾਲ ਮੋਹ-ਪਿਆਰ ਕਾਇਮ ਰੱਖ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦਾ ਹੈ। ਜੇ ਉਹਦੇ ਬੱਚੇ ਜਵਾਨ ਹੋ ਕੇ, ਬੁੱਢੇ-ਵਾਰੇ ਉਸ ਦਾ ਧਿਆਨ ਨਹੀਂ ਕਰਦੇ (ਭਾਵ-ਮੋਹ ਭੰਗ ਹੋ ਜਾਂਦਾ ਹੈ) ਤਾਂ ਇਹਦੇ ਕਾਰਨ ਵੀ ਸਮਾਜ ਦੀ ਅਣਮਨੁੱਖੀ ਬਣਤਰ ਦਾ ਸਿੱਟਾ ਹਨ (ਨਿੱਜੀ ਵਰਤਾਰਾ ਜਾਂ ਵਿਕਾਰ ਨਹੀਂ)। ਜਿਸ ਸਮਾਜ ਅੰਦਰ ਜਿਉਂਦੇ ਰਹਿਣ ਲਈ ਲੋਭ-ਲਾਲਚ, ਜਿਉਂਦੇ ਰਹਿਣ ਤੇ ਮਾਣ-ਇੱਜ਼ਤ ਬਣਾਈ ਰੱਖਣ ਲਈ ਜ਼ਰੂਰੀ ਹੈ, ਤਾਂ ਅਕਸਰ ਆਮ ਆਦਮੀ ਦਾ ਹਰ ਸਮੇਂ ਧਿਆਨ ਉਸ ਪਾਸੇ ਰਹਿਣਾ ਸੁਭਾਵਕ ਹੈ। ਇਸੇ ਕਾਰਨ ਸਿੱਟਾ ਇਹੋ ਹੋਏਗਾ ਕਿ ਉਹ ਆਪਣੇ ਮਾਪਿਆਂ ਤੇ ਵਡੇਰਿਆਂ ਵੱਲ ਧਿਆਨ ਨਹੀਂ ਦੇ ਸਕੇਗਾ ਕਿਉਂਕਿ ਕੰਮਾਂ-ਕਾਰਾਂ ਤੋਂ ਹੀ ਛੁਟਕਾਰਾ ਨਹੀਂ ਮਿਲ ਸਕੇਗਾ। ਉਂਝ ਵੀ ਮੋਹ ਦੇ ਰਿਸ਼ਤੇ ਖਤਮ ਹੋਣ ਨਾਲ ਜੀਵਨ ਅਕਾਊ ਤੇ ਅਮਾਨਵੀ ਹੋ ਜਾਏਗਾ। (ਮੋਹ ਦੀ ਨਿੰਦਿਆ, ਧਾਰਮਿਕ ਤੌਰ 'ਤੇ ਇਸ ਲਈ ਕੀਤੀ ਜਾਂਦੀ ਰਹੀ ਹੈ ਕਿ ਮੋਕਸ਼ ਦੀ ਪ੍ਰਾਪਤੀ ਜੀਵਨ ਦੀ ਇਕੋ ਇਕ ਪ੍ਰਾਪਤੀ ਮੰਨੀ ਜਾਂਦੀ ਹੈ।) ਇਹਦਾ ਆਧਾਰ ਆਤਮਾ ਦੇ ਅਮਰ ਹੋਣ ਦਾ ਵਿਸ਼ਵਾਸ ਹੈ। ਜੇ ਮਨੁੱਖ ਇਹ ਜੀਵਨ ਪ੍ਰਮਾਤਮਾ ਦੀ ਭਗਤੀ ਵਿਚ ਨਹੀਂ ਬਿਤਾਏਗਾ ਤਾਂ ਆਤਮਾ ਨੂੰ ਵਾਰ ਵਾਰ ਜੰਮਣ, ਮਰਨ ਦਾ ਅਸਹਿ ਕਸ਼ਟ ਸਹਿਣਾ ਪਏਗਾ, ਤੇ ਉਹ ਵੀ ਚੁਰਾਸੀ ਲੱਖ ਵਾਰ। ਅਜਿਹੀ ਦਸ਼ਾ ਭਿਆਨਕ ਹੈ। ਇਸ ਲਈ ਮੋਕਸ਼ ਦੀ ਪ੍ਰਾਪਤੀ ਲਈ ਸੰਸਾਰਕ ਮੋਹ ਦਾ ਤਿਆਗ ਕਰਨਾ ਲਾਜ਼ਮੀ ਹੈ। ਪਰ ਕੀ ਤਿਆਗੀ, ਸਾਧੂ-ਸੰਤਾਂ, ਹਠੀਆਂ-ਤਪੀਆਂ ਤੋਂ ਬਿਨਾਂ ਕੋਈ ਵੀ ਆਮ ਆਦਮੀ ਮੋਹ ਦਾ ਤਿਆਗ ਕਰ ਸਕਦਾ ਹੈ? ਉੱਤਰ ਹੈ: ਨਹੀਂ (ਇਸ ਲਈ ਮੋਹ (ਪਿਆਰ) ਵਿਕਾਰ ਨਹੀਂ)। ਪੰਜਾਬੀ ਵਿਚ ਸ਼ਬਦ ਮੋਹ-ਪਿਆਰ' ਕੱਠਾ ਵਰਤਿਆ ਜਾਂਦਾ ਹੈ। (ਭਾਵੇਂ ਮੋਹ ਤੇ ਪਿਆਰ ਦੇ ਅਰਥ ਕੁਝ ਵੱਖਰੇ ਹਨ।) ਮੋਹ ਜਾਂ ਪਿਆਰ ਤੋਂ ਬਿਨਾਂ ਮਨੁੱਖੀ ਰਿਸ਼ਤੇ ਕਾਇਮ ਨਹੀਂ ਰਹਿ ਸਕਦੇ। ਚਾਹੇ ਇਹ ਮੋਹ ਮਾਂ ਦਾ ਆਪਣੇ ਬੱਚੇ ਨਾਲ ਹੋਵੇ ਜਾਂ ਇਸਤਰੀ-ਮਰਦ ਦਾ (ਜਾਂ ਪਰਿਵਾਰਕ ਜੀਆਂ ਦਾ ਆਪੋ-ਵਿਚ ਹੋਵੇ।) ਮੋਹ ਤੋਂ ਬਿਨਾਂ ਸਮਾਜਿਕ ਜੀਵਨ ਦੀਆਂ ਸਭ ਤੰਦਾਂ ਟੁੱਟ ਜਾਂਦੀਆਂ ਹਨ। ਇਸਦੇ ਟੁੱਟਣ ਦੇ ਮੂਲ ਕਾਰਨ, ਅਮਾਨਵੀ ਕਦਰਾਂ-ਕੀਮਤਾਂ ਵਿਚ ਗ੍ਰੱਸੇ ਸਮਾਜ ਦੀ ਬਣਤਰ ਹੈ (ਜਿਸ ਦਾ ਆਰੰਭ ਵਿਚ ਜ਼ਿਕਰ ਆਇਆ ਹੈ)। ਵਰਤਮਾਨ ਸਮਾਜਾਂ ਦਾ ਆਧਾਰ ਲੋਭ-ਲਾਲਚ ਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੀ, ਅਣਮਨੁੱਖੀ ਮਾਨਸਿਕਤਾ ਹੈ ਜੋ ਉਦੋਂ ਤੱਕ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਅਤਿ ਦੀ ਗਰੀਬੀ ਤੇ ਅਤਿ ਦੀ ਅਮੀਰੀ ਦਾ ਫਰਕ ਖਤਮ ਨਹੀਂ ਹੁੰਦਾ। ਪਰ ਇਹ ਵੱਡਾ ਪਾੜਾ ਖਤਮ ਕਰਨਾ ਤਾਂ ਦੂਰ, ਵਰਤਮਾਨ ਸਮਾਜਾਂ ਦੀ ਬਣਤਰ ਵਿਚ ਇਹਨੂੰ ਘਟਾਉਣਾ ਵੀ ਆਸਾਨ ਨਹੀਂ। (ਮਿਸਰ ਦਾ ਪ੍ਰਧਾਨ ਹੁਸੇਨੀ ਮੁਬਾਰਕ ਇਸੇ ਵਿਕਾਰ ਦਾ ਸ਼ਿਕਾਰ ਸੀ। ਉਸ ਨੇ ਤੀਹ ਸਾਲ ਤੱਕ ਡਿਕਟੇਟਰ ਬਣ ਕੇ, ਖੁਦ ਅਰਬਾਂ ਡਾਲਰ ਕੱਠੇ ਕੀਤੇ ਪਰ ਦੇਸ਼ ਦੀ ਅੱਠ ਕਰੋੜ ਦੀ ਅਬਾਦੀ ਵਿਚੋਂ ਘੱਟੋ ਘੱਟ ਪੰਜ ਕਰੋੜ ਨੂੰ ਨਰਕ ਭੋਗਣ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ। ਸਿੱਟੇ ਵਜੋਂ ਨਰਕ ਭੋਗਦੇ ਲੋਕਾਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਉਸ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ। (ਭਾਵੇਂ ਤਿੰਨ ਸੌ ਨਾਗਰਿਕ ਮਾਰੇ ਗਏ ਤੇ ਹਜ਼ਾਰਾਂ ਜ਼ਖਮੀ ਹੋਏ)। ਮਾਨਵੀ ਜੀਵਨ ਦਾ ਪੰਜਵਾਂ ਵਿਕਾਰ ਹੰਕਾਰ ਹੈ। ਇਹਦਾ ਆਧਾਰ ਵੀ ਸਮਾਜਿਕ ਹੈ। ਉਪਰੋਕਤ ਵੇਰਵਿਆਂ ਅਨੁਸਾਰ ਜਿਉਂਦੇ ਰਹਿਣ ਦੀ (ਜਿਸ ਵਿਚ ਮਾਣ-ਇੱਜ਼ਤ ਸ਼ਾਮਲ ਹੈ) ਪ੍ਰਵਿਰਤੀ ਕਾਰਨ ਹੀ ਲੋਭ-ਲਾਲਚ ਦੀ ਮਾਨਸਿਕਤਾ ਪੈਦਾ ਹੁੰਦੀ ਹੈ। ਜਿਸ ਸਮਾਜ ਅੰਦਰ ਕਰੋੜਾਂ ਲੋਕ ਗਰੀਬੀ ਦਾ ਸੰਤਾਪ ਭੋਗਦੇ ਹੋਣ ਤੇ ਸੱਤਾਧਾਰੀ ਵਰਗਾਂ ਨੇ ਬਹੁਤ ਘੱਟ ਗਿਣਤੀ ਦੇ ਚਲਾਕ ਤੇ ਬੇਈਮਾਨ ਬੰਦਿਆਂ ਨੂੰ ਦੇਸ਼ ਦੀ ਹਰ ਤਰ੍ਹਾਂ ਦੀ ਉਪਜ ਕਰਨ ਤੇ ਕੁਦਰਤੀ ਸੋਮਿਆਂ ਦੀ ਲੁੱਟ ਦਾ ਕਾਨੂੰਨੀ ਤੇ ਵਿਧਾਨਿਕ ਅਧਿਕਾਰ ਦਿੱਤਾ ਹੋਵੇ, ਤਾਂ ਧਨਾਢਾਂ ਤੇ ਉਨ੍ਹਾਂ ਨਾਲ ਜੁੜੇ ਵਪਾਰੀਆਂ, ਪ੍ਰਬੰਧਕਾਂ ਤੇ ਉਦਯੋਗਾਂ ਦੇ ਮਾਹਰ ਬੰਦਿਆਂ ਅੰਦਰ ਹੰਕਾਰ ਪੈਦਾ ਹੋਣਾ ਸੁਭਾਵਕ ਹੈ। ਪਰ ਚਿੰਤਾ ਵਾਲੀ ਹਾਲਤ ਇਹ ਹੈ ਕਿ ਉਨ੍ਹਾਂ ਦਾ ਹੰਕਾਰ ਪੂਰੇ ਸਮਾਜ ਅੰਦਰ ਹੀ ਛੂਤ ਦੀ ਬਿਮਾਰੀ ਵਾਂਗ ਫੈਲਦਾ ਜਾਂਦਾ ਹੈ। ਅਜਿਹੇ ਸਮਾਜ ਦਾ ਹਰ ਬੰਦਾ ਹੰਕਾਰੀ ਬਣ ਜਾਂਦਾ ਹੈ। (ਸਾਡੇ ਇਕ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ, Ḕਆਪ ਤੋਂ ਮਾੜੇ 'ਤੇ ਦਿਨ ਵਿਚ ਨੌਂ ਵਾਰੀ ਗੁੱਸਾ ਆਉਂਦਾ ਹੈ) ਤਗਾਰੀ ਚੁਕਣ ਵਾਲਾ ਮਜ਼ਦੂਰ (ਜੋ ਸਾਡੇ ਸਮਾਜ ਅੰਦਰ ਸਭ ਤੋਂ ਹੇਠਲਾ ਬੰਦਾ ਹੈ) ਆਪਣੇ ਰਾਜ-ਮਿਸਤਰੀ ਤੋਂ ਲੈ ਕੇ ਉਸਾਰੀ ਕਰਵਾਉਣ ਵਾਲੇ ਬੰਦੇ ਦਾ ਹੀ ਨਹੀਂ, ਨਿਰਧਨ ਹੋਣ ਕਾਰਨ, ਧਨ-ਜਾਇਦਾਦ ਵਾਲੇ ਹਰ ਬੰਦੇ ਦੇ ਹੰਕਾਰ ਦਾ ਸੰਤਾਪ ਭੋਗਦਾ ਹੈ। ਪ੍ਰਤੀਕਰਮ ਵਜੋਂ ਉਹ ਵੀ ਹੰਕਾਰੀ (ਗੁੱਸੇਖੋਰ) ਹੋ ਜਾਂਦਾ ਹੈ। ਏਥੇ ਇਕ ਨਿੱਜੀ ਮਿਸਾਲ ਕੁਥਾਂ ਨਹੀਂ ਲੱਗਦੀ। ਕਿਸੇ ਟੀਵੀ ਇੰਟਰਵਿਊ ਵਿਚ, ਅਜਿਹੀ ਗੱਲ ਪੁੱਛੀ ਗਈ ਜੋ ਆਮ ਤੌਰ 'ਤੇ ਪੁੱਛੀ ਨਹੀਂ ਜਾਂਦੀ। ਪੁੱਛਿਆ ਗਿਆ ਕਿ, Ḕਤੁਹਾਨੂੰ ਸਭ ਤੋਂ ਘਿਨਾਉਣਾ ਦ੍ਰਿਸ਼ ਕਿਹੜਾ ਲੱਗਦਾ ਹੈ?' ਮੇਰਾ ਜਵਾਬ ਸੀ,ਬੰਦੇ ਅੱਗੇ ਝੁਕਿਆ ਬੰਦਾ।' ਜਿਸ ਸਮਾਜ ਅੰਦਰ ਅਤਿ ਗਰੀਬੀ ਭੋਗਦੇ ਬੰਦੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੂੰ ਕਿਸੇ ਨਾ ਕਿਸੇ ਅੱਗੇ ਝੁਕਣਾ ਪੈਂਦਾ ਹੋਵੇ ਉਥੇ ਹੰਕਾਰ ਕਿੰਝ ਖਤਮ ਕੀਤਾ ਜਾ ਸਕਦਾ ਹੈ? ਆਪ ਤੋਂ ਨੀਵੇਂ (ਮਾੜੇ) ਬੰਦੇ ਨੂੰ ਆਪਣੇ ਅੱਗੇ ਝੁਕਾਉਣ ਵਾਲਾ ਹਰ ਬੰਦਾ ਹੰਕਾਰੀ ਹੁੰਦਾ ਹੈ। ਨੌਕਰੀਆਂ ਦੇਣ ਵਾਲੇ ਅਫ਼ਸਰ, ਵਜ਼ੀਰ, ਰਾਜਨੀਤਕ ਆਗੂ ਤੇ ਵਰਕਰਾਂ ਤੱਕ, ਉਦਯੋਗਪਤੀ, ਵਪਾਰੀ-ਹਰ ਉਹ ਬੰਦਾ ਜਿਸ ਕੋਲ ਧਨ-ਦੌਲਤ (ਚਾਹੇ ਮਾਮੂਲੀ ਵੀ) ਹੈ ਤੇ ਉਹ ਆਪਣੇ ਤੋਂ ਹੇਠਲੇ ਬੰਦੇ ਤੋਂ ਘੱਟ ਤੋਂ ਘੱਟ ਮਿਹਨਤਾਨਾ ਦੇ ਕੇ, ਆਪਣੀ ਮਰਜ਼ੀ ਦਾ ਕੰਮ ਕਰਾਉਣ ਦੇ ਸਮਰੱਥ ਹੈ, ਉਹ ਹੰਕਾਰੀ ਹੀ ਹੋਵੇਗਾ। ਉਸ ਕੋਲ ਭਾਵੇਂ ਦੋ-ਚਾਰ ਜਾਂ ਵਧੇਰੇ ਬੰਦਿਆਂ ਤੋਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਾਉਣ ਦੀ ਸਮਰੱਥਾ (ਧਨ-ਦੌਲਤ) ਹੋਵੇ, ਉਹ ਕਿਵੇਂ ਵੀ ਹੰਕਾਰ ਤੋਂ ਬਚ ਨਹੀਂ ਸਕਦਾ। ਇਨ੍ਹਾਂ ਸਾਰੇ ਵੇਰਵਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਿਸੇ ਹੱਦ ਤੱਕ ਸਮਾਜਵਾਦੀ ਦੇਸ਼ਾਂ ਨੂੰ ਛੱਡ ਕੇ, ਸੰਸਾਰ ਦੇ ਵਰਤਮਾਨ ਸਮਾਜਾਂ ਦੀ ਜਿਹੋ-ਜਿਹੀ ਬਣਤਰ ਤੇ ਹਾਲਾਤ ਹਨ, ਉਨ੍ਹਾਂ ਦੇ ਹੁੰਦਿਆਂ ਕੋਈ ਸਮਾਜ ਜਾਂ ਬੰਦਾ, ਇਨ੍ਹਾਂ ਵਿਕਾਰਾਂ ਤੋਂ ਬਚ ਨਹੀਂ ਸਕਦਾ। ਸਾਧੂ-ਸੰਤ ਤੇ ਤਪੱਸਵੀ ਲੋਕ ਵੀ ਇਨ੍ਹਾਂ ਵਿਕਾਰਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੁੰਦੇ। ਸਾਡੇ ਦੇਸ਼ ਅੰਦਰ ਵੱਖੋ-ਵੱਖਰੇ ਡੇਰਿਆਂ, ਮਠਾਂ ਦੀ ਗਿਣਤੀ ਲੱਖਾਂ ਨਹੀਂ ਤਾਂ ਹਜ਼ਾਰਾਂ ਵਿਚ ਜ਼ਰੂਰ ਹੈ। ਉਨ੍ਹਾਂ ਦੇ ਮੁਖੀ ਬਾਬੇ ਸਮਾਜ ਦੇ ਕਰੋੜਾਂ ਲੋਕਾਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਦਿੰਦੇ ਹਨ। ਪਰ ਉਹ ਜਿਹੜੇ ਵੀ ਆਮ ਲੋਕਾਂ ਨੂੰ ਇਨ੍ਹਾਂ ਵਿਕਾਰਾਂ ਤੋਂ ਬਚਣ ਲਈ ਸਿੱਖਿਆ ਦਿੰਦੇ ਹਨ, ਜੇ ਉਨ੍ਹਾਂ ਦੀ ਪੜਤਾਲ ਕੀਤੀ ਜਾਏ ਤਾਂ ਨਤੀਜੇ ਇਹੋ ਨਿਕਲਣਗੇ ਕਿ ਉਨ੍ਹਾਂ ਦੇ ਉਪਾਸ਼ਕਾਂ ਵਿਚ ਸੌ ਵਿਚੋਂ ਇਕ-ਦੋ ਹੀ ਉਨ੍ਹਾਂ ਬਾਬਿਆਂ ਦੀ ਸਿੱਖਿਆ 'ਤੇ ਮਾੜਾ-ਮੋਟਾ ਅਮਲ ਕਰਨ ਦਾ ਯਤਨ ਕਰਦੇ ਹੋਣਗੇ (ਪੂਰਾ ਨਹੀਂ) ਬਾਕੀ ਪ੍ਰਵਚਨ ਸੁਣਨ ਸਮੇਂ ਜ਼ਰੂਰ ਮਹਿਸੂਸ ਕਰਦੇ ਹੋਣਗੇ ਕਿ, ਹਾਂ ਬਾਬਾ ਜੀ ਠੀਕ ਕਹਿੰਦੇ ਹਨ; ਮੋਕਸ਼ ਦਾ ਰਾਹ ਦੱਸਦੇ ਹਨ', ਪਰ ਡੇਰੇ 'ਚੋਂ ਘਰ ਤੱਕ ਆਉਂਦਿਆਂ ਹੀ ਜਦੋਂ ਸਮਾਜਿਕ ਜੀਵ' ਵਜੋਂ, ਘਰਾਂ, ਮੁਹੱਲਿਆਂ, ਬਜ਼ਾਰਾਂ ਤੇ ਆਪਣੇ ਪਿੰਡ, ਕਸਬੇ ਜਾਂ ਸ਼ਹਿਰ 'ਚੋਂ ਕਿਧਰੇ ਵੀ ਆਪਣੇ ਕਾਰੋਬਾਰ ਤੇ ਕੰਮਾਂ ਲਈ ਜਾਂਦੇ ਹਨ ਤਾਂ ਹਰ ਵਿਕਾਰ ਦਾ ਸ਼ਿਕਾਰ ਹੋ ਜਾਂਦੇ ਹਨ-ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਤੋਂ ਲੈ ਕੇ ਸਮਾਜ ਦੇ ਹਰ ਥਾਂ ਉਤੇ ਉਹ ਵਿਕਾਰ ਮੌਜੂਦ ਰਹਿੰਦੇ ਹਨ। ਇਸ Ḕਚਿੱਕੜ' ਤੋਂ ਬਚ ਕੇ ਉਹ ਦੋ ਕਦਮ ਵੀ ਤੁਰ ਨਹੀਂ ਸਕਦੇ। ਇਹ ਵਿਚਾਰ ਫਿਰ ਦੁਹਰਾਉਣਾ ਜ਼ਰੂਰੀ ਹੈ ਕਿ ਪੰਜੇ ਵਿਕਾਰ (ਤੇ ਹੋਰ ਵੀ ਮਨੁੱਖੀ ਅਉਗਣ ਜੋ ਇਨ੍ਹਾਂ ਕਾਰਨ ਪੈਦਾ ਹੁੰਦੇ ਹਨ), ਵਰਤਮਾਨ ਸਮਾਜਾਂ ਅੰਦਰ ਜਿਉਂਦੇ ਰਹਿਣ ਦੀ ਇਕੋ ਪ੍ਰਵਿਰਤੀ' ਕਾਰਨ ਪੈਦਾ ਹੁੰਦੇ ਹਨ। ਮਨੁੱਖ ਸਮਾਜਿਕ ਜੀਵ ਹੁੰਦਿਆ, ਸਮਾਜ ਵਿਚ, ਡੂੰਘੇ ਧਸੇ ਵਿਕਾਰਾਂ 'ਚੋਂ ਓਵੇਂ ਹੀ ਬਾਹਰ ਨਹੀਂ ਆ ਸਕਦਾ ਜਿਵੇਂ ਕੋਈ ਤੀਲਾ ਉਦੋਂ ਤੱਕ ਕਿਸੇ ਘੁੰਮਣਘੇਰੀ 'ਚੋਂ ਬਾਹਰ ਨਹੀਂ ਆ ਸਕਦਾ ਜਦੋਂ ਤੱਕ ਉਹ ਘੁੰਮਣਘੇਰੀ ਖਤਮ ਨਹੀਂ ਹੁੰਦੀ। ਧਾਰਮਿਕ ਤੇ ਨੈਤਿਕ ਵਿਚਾਰਾਂ ਦੀ ਜੜ, ਅੱਜ ਤੱਕ ਦੇ Ḕਵਿਕਸਿਤ' ਕੀਤੇ ਗਏ ਸਮਾਜ ਹਨ। ਤੇ ਇਹ ਸਮਾਜ ਹਜ਼ਾਰਾਂ ਸਾਲਾਂ ਵਿਚ Ḕਵਿਕਸਿਤ' ਹੋਏ ਹਨ। ਇਨ੍ਹਾਂ ਨੂੰ ਮਾਨਵੀ ਤੇ ਵਿਕਾਰ-ਰਹਿਤ ਬਣਾਉਣ ਲਈ ਪਤਾ ਨਹੀਂ ਅਜੇ ਕਿੰਨਾ ਸਮਾਂ ਲੱਗਣਾ ਹੈ। ਪਰ ਇਹ ਬਹੁਤ ਕੌੜੀ ਸੱਚਾਈ ਹੈ ਕਿ ਸੰਸਾਰ ਦੇ ਸਾਰੇ ਸਮਾਜਾਂ ਨੂੰ Ḕਮਾਨਵੀ ਸਮੂਹਾਂ' ਵਿਚ ਬਦਲਣ ਲਈ ਤੇ ਹਰ ਬੰਦੇ ਨੂੰ ਵਿਕਾਰ-ਮੁਕਤ ਕਰਨ ਲਈ, ਮੂਲ ਤਬਦੀਲੀਆਂ ਲਿਆਉਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। Ḕਮਾਇਆ' (ਧਨ-ਦੌਲਤ) ਦੀ ਲਾਲਸਾ ਤੋਂ ਮੁਕਤ ਕਰਨ ਲਈ, ਹਰ ਸਮਾਜ ਨੂੰ ਬਹੁਤ ਕਠੋਰ ਤੇ ਲਗਾਤਾਰ ਯਤਨ ਕਰਨੇ ਪੈਣਗੇ। ਇਸ ਵਿਸ਼ਾਲ ਤਬਦੀਲੀ ਲਈ, ਲੱਖਾਂ ਅਜਿਹੇ ਵਿਦਵਾਨਾਂ ਦੀ ਲੋੜ ਹੈ ਜੋ ਗਿਆਨਵਾਨ ਤੇ ਵਿਗਿਆਨਿਕ ਸੋਚ ਦੇ ਧਾਰਨੀ ਤਾਂ ਹੋਣ ਹੀ, ਨਾਲ ਪੂਰੇ ਸਮਾਜ ਦੇ ਵਿਕਾਰਾਂ ਨੂੰ ਬਦਲਣ ਦੇ ਸਮਰੱਥ ਵੀ ਹੋਣ। ਪਰ ਅਜਿਹੇ ਮਹਾਨ ਪੁਰਸ਼ ਵੀ ਸਮਾਜਾਂ ਦੀ ਲੋਕ-ਸ਼ਕਤੀ ਤੋਂ ਬਿਨਾਂ ਕੁਝ ਨਹੀਂ ਕਰ ਸਕਣਗੇ। ਉਨ੍ਹਾਂ ਦਾ ਗਿਆਨ ਤੇ ਵਿਗਿਆਨਕ ਸੋਚ-ਸਮਝ ਜਦੋਂ ਤੱਕ ਲੋਕ-ਸ਼ਕਤੀ ਨੂੰ ਮਾਨਵੀ ਗੁਣਾਂ ਵਿਚ ਤਬਦੀਲ ਕਰਨ ਦੇ ਸਮਰੱਥ ਨਹੀਂ ਬਣਾ ਸਕਦੀ, ਉਦੋਂ ਤੱਕ ਇਨ੍ਹਾਂ ਸਮਾਜਾਂ ਦਾ ਹਰ ਬੰਦਾ ਸਿਰਫ ਪੰਜ ਵਿਕਾਰਾਂ ਤੋਂ ਹੀ ਨਹੀਂ, ਹਰ ਅਮਾਨਵੀ ਕਸ਼ਟ ਭੋਗਦਾ ਹੋਇਆ, ਇਹ Ḕਹੀਰੇ ਜੈਸਾ' ਜਨਮ, Ḕਕੌਡੀ ਬਦਲੇ' ਹੀ ਬੇਅਰਥ ਗੁਆ ਕੇ ਮੌਤ ਦਾ ਸ਼ਿਕਾਰ ਹੁੰਦਾ ਰਹੇਗਾ। ਅਜਿਹਾ ਨਿਰਰਥਕ ਜੀਵਨ, ਜਿਉਣ ਦੀ ਪ੍ਰਵਿਰਤੀ, ਉਸ ਨੂੰ ਕਿਵੇਂ ਵੀ ਮਾਨਵੀ ਗੁਣਾਂ ਵਾਲਾ ਜੀਵਨ ਜਿਉਣ ਦਾ ਅਵਸਰ ਨਹੀਂ ਦੇ ਸਕੇਗੀ। ਇਹਦੇ ਲਈ ਮਹਾਨ ਦਾਰਸ਼ਨਿਕ ਹੋਣ ਦੀ ਲੋੜ ਨਹੀਂ, ਸਿਰਫ਼ ਜਿਉਣ ਦੀ ਮੂਲ-ਪ੍ਰਵਿਰਤੀ' ਤੇ ਵਰਤਮਾਨ ਸਮਾਜਾਂ ਅੰਦਰ ਜਿਉਂਦੇ ਰਹਿਣ ਦੀਆਂ ਲਾਜ਼ਮੀ ਸ਼ਰਤਾਂ ਤੇ ਮਜਬੂਰੀਆਂ ਨੂੰ ਸਮਝਣ ਦੀ ਲੋੜ ਹੈ-ਜੋ ਤਰਕਸੰਗਤ ਵਿਚਾਰਾਂ ਰਾਹੀਂ ਆਮ ਬੰਦਾ ਵੀ ਸਮਝ ਸਕਦਾ ਹੈ। (ਪਰ ਇਹ ਹਾਲਾਤ ਬਦਲਣ ਲਈ ਸਮਾਜਵਾਦੀ ਸਮਾਜਾਂ ਦੀ ਲੋੜ ਹੈ ਜਿਸ ਲਈ ਲੱਖਾਂ ਲੈਨਿਨ ਤੇ ਕਿਉਬਾ ਦੇ ਫੀਦਲ ਕਾਸਤਰੋ ਚਾਹੀਦੇ ਹਨ।)

No comments:

Post a Comment