Sunday, March 27, 2011

ਬੰਦੇ ਦੇ ਰਹਿਣ ਜੋਗਾ ਸਮਾਜ / ਗੁਰਦਿਆਲ ਸਿੰਘ


ਭਾਰਤੀ ਸਮਾਜ ਦੀ ਦਸ਼ਾ (ਦੁਰਦਸ਼ਾ) ਕਿਸੇ ਵੀ ਮਨੁੱਖ (ਚਾਹੇ ਉਹ ਵਿਸ਼ੇਸ਼ ਹੈ ਜਾਂ ਸਾਧਾਰਨ) ਦੇ ਜਿਊਣਯੋਗ ਨਹੀਂ ਕਹੀ ਜਾ ਸਕਦੀ। ਜਿੰਨੇ ਵੀ ਔਗੁਣ ਤੇ ਵਿਕਾਰ ਮਨੁੱਖ ਵਿਚ ਹੋ ਸਕਦੇ ਹਨ, ਉਨ੍ਹਾਂ ਤੋਂ ਵਧੇਰੇ ਵਰਤਮਾਨ ਸਮਾਜ ਅੰਦਰ ਪੈਦਾ ਹੋ ਚੁੱਕੇ ਹਨ। ਕਾਮ, ਕ੍ਰੋਧ, ਲੋਭ,ਮੋਹ ਤੇ ਹੰਕਾਰ ਸਦੀਆਂ ਤੋਂ ਮਨੁੱਖ ਦੇ ਵੈਰੀ ਹੋ ਜਾਂਦੇ ਹਨ ਪਰ ਇਨ੍ਹਾਂ ਦੀ ਪਕੜ ਮਨੁੱਖੀ ਦਿਮਾਗ ’ਤੇ ਹਮੇਸ਼ਾ ਵਧਦੀ ਗਈ ਹੈ, ਘਟੀ ਨਹੀਂ। ਮੁੰਬਈ ਦੇ ਇਕ ਹਸਪਤਾਲ ਦੀ ਜਿਹੜੀ ਨਰਸ 37 ਸਾਲ ਤੋਂ ਬੇਹੋਸ਼ ਪਈ ਹੈ (ਤੇ ਜਿਸ ਨੂੰ ਸੁਪਰੀਮ ਕਰੋਟ ਨੇ ਮੌਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ) ਉਹ ਕਾਮਵਾਸ਼ਨਾ ਦੇ ਅਤਿ ਦਰਜੇ ਦੇ ਵਿਕਾਰ ਦੀ ਅਤਿਅੰਤ ਘਿਨਾਉਣੀ ਮਿਸਾਲ ਹੈ। ਦਿੱਲੀ ਦੇ ਇਕ ਕਾਲਜ ’ਚ ਪੜ੍ਹਦੀ ਵਿਦਿਆਰਥਣ ਦਾ ਕਤਲ ਵੀ ਅਜਿਹੇ ਵਕਾਰ ਦੀ ਮਿਸਾਲ ਹੈ। ਅਜਿਹੀਆਂ ਹਜ਼ਾਰਾਂ ਨਹੀਂ ਲੱਖਾਂ ਘਟਨਾਵਾਂ, ਅਜਿਹੇ ਕਾਮ ਵਿਕਾਰ ਕਾਰਨ ਰੋਜ਼ ਵਾਪਰਦੀਆਂ ਹਨ ਜਿਨ੍ਹਾਂ ਦਾ ਜ਼ਿਕਰ ਮੀਡੀਆ ਵਿਚ ਸੰਭਵ ਨਹੀਂ। ਕ੍ਰੋਧ ਹਰ ਬੰਦੇ ਦੀ ਰਗ ਰਗ ਅੰਦਰ ਸਮਾ ਚੁੱਕਿਆ ਹੈ। ਪਰਿਵਾਰ ਦੇ ਚਾਰ ਜੀਅ ਹਨ ਤਾਂ ਕੋਈ ਵਿਰਲਾ ਪਰਿਵਾਰ ਹੀ ਕ੍ਰੋਧ ਤੋਂ ਬਚਿਆ ਹੋਵੇਗਾ, ਬਾਕੀ ਸਭ ਕ੍ਰੋਧੀ ਬਣ ਚੁੱਕੇ ਹਨ। ਬੰਦੇ, ਔਰਤਾਂ, ਬਜ਼ੁਰਗਾਂ ਤੋਂ ਬੱਚਿਆਂ ਤੱਕ ਇਹ ਵਿਕਾਰ ਪੈਦਾ ਹੋ ਚੁੱਕਿਆ ਹੈ ਪਰ ਕਾਰਨ ਨਿੱਜੀ ਨਹੀਂ ਸਮਾਜਿਕ ਹਨ।
ਅਜਿਹਾ ਹਾਲ ਹੀ ਲੋਭ ਦਾ ਹੈ ਹਰ ਬੰਦਾ ਭ੍ਰਿਸ਼ਟ ਹੈ ਤੇ ਲਾਲਸਾ ਏਸ ਹੱਦ ਤੱਕ ਵਧ ਚੁੱਕੀ ਹੈ ਕਿ ਕਰੋੜਾਂ, ਅਰਬਾਂ, ਖਰਬਾਂ ਦੇ ਮਾਲਕ ਧਨਾਢ ਵੀ ਚੈਨ ਦੀ ਨੀਂਦ ਨਹੀਂ ਸੌ ਸਕਦੇ। ਸੰਸਾਰ ਦੇ ਵੀਹ-ਤੀਹ ਧਨਾਢਾਂ ਵਿਚ ਵੀ ਇਹ ਹੋੜ ਲੱਗੀ ਹੋਈ ਹੈ ਕਿ ਉਹ ਦੁਨੀਆਂ ਦਾ ਪਹਿਲੇ ਨੰਬਰ ਦਾ ਧਨਾਢ ਬਣਨ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹਨ। ਅਜਿਹੇ ਬੰਦਿਆਂ ਨੂੰ ਜੇ ਸੰਸਾਰ ਦੀ ਸਾਰੀ ਦੌਲਤ ਵੀ ਮਿਲ ਜਾਵੇ ਤਦ ਵੀ ਉਹ ਮਾਨਸਿਕ ਤੌਰ ’ਤੇ ਸੰਤੁਸ਼ਟ ਨਹੀਂ ਹੋ ਸਕਦੇ।
ਇਕ ਮੋਹ ਹੀ ਹੈ ਜੋ ਮਿਟ ਚੁੱਕਿਆ ਹੈ। ਇਹ ਵਿਕਾਰ ਨਹੀਂ ਮਨੁੱਖੀ ਜੀਵਨ ਦਾ ਜੇ ਕੋਈ ਗੁਣ, ਦੁੱਖਾਂ ਤੋਂ ਮਾੜੀ-ਮੋਟੀ ਰਾਹਤ ਦਿਵਾ ਸਕਦਾ ਹੈ, ਉਹ ਮੋਹ (ਪਿਆਰ) ਹੀ ਹੈ। ਪੁਰਾਤਨ ਸਮੇਂ ਵਿਦਵਾਨ, ਧਾਰਮਿਕ ਪ੍ਰਚਾਰਕ ਇਸ ਨੂੰ ਇਸ ਲਈ ਵਿਕਾਰ ਕਹਿੰਦੇ ਰਹੇ ਹਨ ਕਿਉਂਕਿ ਉਹ ਸੰਸਾਰਕ ਜੀਵਨ ਨੂੰ ‘ਮਾਇਆ’ (ਛਲਾਵਾ) ਸਮਝਦੇ ਸਨ। ਉਨ੍ਹਾਂ ਦੇ ਵਿਚਾਰ ਅਨੁਸਾਰ ਧਰਤੀ ’ਤੇ ਜੋ ਵੀ ਜੀਵਨ ਜਾਂ ਕੋਈ ਹੋਰ ਵਸਤੂ (ਪਹਾੜਾਂ ਤੋਂ ਮਹਾਂਸਾਗਰਾਂ ਤੱਕ) ਹੈ ਉਹ ਸਭ ਨਾਸ਼ਵਾਨ ਹੈ (ਛਲਾਵਾ ਹੈ) ਇਸੇ ਕਾਰਨ ਇਸ ਨਾਲ ਪੈਦਾ ਹੋਇਆ ਮੋਹ ਮਨੁੱਖ ਨੂੰ ਬ੍ਰਹਮ ਨਾਲੋਂ ਨਖੇੜ ਦਿੰਦਾ ਹੈ ਜੋ ਮੋਕਸ਼ (ਮੁਕਤੀ) ਦੇ ਰਾਹ ਦਾ ਰੋੜਾ ਬਣ ਜਾਂਦਾ ਹੈ। ਧਰਮ ਦੇ ਮੂਲ ਸਿਧਾਂਤ ਅਨੁਸਾਰ ਇਸ ਮਾਇਆ ਵਿਚ ਮੋਹ ‘ਵਿਕਾਰ’ ਹੈ ਜੋ ਮਨੁੱਖ ਲਈ ਚੁਰਾਸੀ ਲੱਖ ਜੂਨ (ਜੰਮਣ, ਮਰਨ) ਭੋਗਣ ਦਾ ਕਸ਼ਟ ਮਾਇਆ (ਸੰਸਾਰ) ਦੇ ਮੋਹ ਦੇ ਕਾਰਨ ਹੀ ਹੈ ਪਰ ਯਥਾਰਥਕ ਜੀਵਨ, ਮੋਹ ਤੋਂ ਬਿਨਾਂ ਸੰਭਵ ਹੀ ਨਹੀਂ। ਇਸ ਲਈ ਮੋਹ ਵਿਕਾਰ ਨਹੀਂ, ਯਥਾਰਥਕ ਜੀਵਨ ਦਾ ਮੂਲ ਆਧਾਰ ਹੈ। ਇਹ ਤਿਆਗਣ ਯੋਗ ਨਹੀਂ ਪਰ ਅਸੀਂ ਤਿਆਗ ਚੁੱਕੇ ਹਾਂ।
ਹੰਕਾਰ ਮਨੁੱਖੀ ਜੀਵਨ ਲਈ ਸਭ ਤੋਂ ਘਾਤਕ ਹੈ। ਪਰ ਵਰਤਮਾਨ ਸਮਾਜਿਕ ਹਾਲਾਤ ਅਨੁਸਾਰ ਇਹ ਵੀ ਹਰ ਬੰਦੇ ਦੀ ਰਗ ਰਗ ਅੰਦਰ ਸਮਾਇਆ ਹੋਇਆ ਹੈ। ਕਿਸੇ ਨੂੰ ਧਨੀ ਹੋਣ ਦਾ ਹੰਕਾਰ ਹੈ, ਕਿਸੇ ਨੂੰ ਗਿਆਨਵਾਨ ਹੋਣ ਦਾ, ਕਿਸੇ ਨੂੰ ਦੋ ਡੰਗ ਦੀ ਰੋਟੀ ਮਿਲਣ ਦਾ (ਜੋ ਚਾਲੀ ਤੋਂ ਪੰਜਾਹ ਕਰੋੜ ਲੋਕਾਂ ਨੂੰ ਨਸੀਬ ਨਹੀਂ) ਇਕ ਕੋਲ ਪਾਟਿਆ ਕੁੜਤਾ ਵੀ ਨਹੀਂ, ਕਿਸੇ ਕੋਲ ਹੈ ਉਹ ਨੰਗੇ ਨੂੰ ਨਫ਼ਰਤ ਵੀ ਕਰਦਾ ਹੈ ਤੇ ਇਸੇ ਨਫ਼ਰਤ ਤੋਂ ਹੰਕਾਰ ਤੱਕ ਪਹੁੰਚ ਜਾਂਦਾ ਹੈ।
ਇਹ ਪੰਜੇ ਵਿਕਾਰ (ਮੋਹ ਨੂੰ ਛੱਡ ਕੇ) ਭਾਰਤੀ ਸਮਾਜ ਦੇ ਸਭ ਤੋਂ ਵੱਡੇ ਵੈਰੀ ਬਣ ਚੁੱਕੇ ਹਨ ਪਰ ਇਹ ਕਿਸੇ ਵੀ ਬੰਦੇ ਦੇ ਨਿੱਜੀ ਵਿਚਾਰਾਂ, ਭਾਵਨਾਵਾਂ ਕਾਰਨ ਪੈਦਾ ਨਹੀਂ ਹੁੰਦੇ। ਜਿਸ ਸਮਾਜ ਅੰਦਰ ‘ਸਾਵਣ ਵਣ ਹਰਿਆਵਲੇ’ ਹੋਣ ਦੇ ਹਾਲਾਤ ਹੀ ਨਾ ਹੋਣ, ‘ਔੜ’ ਲੱਗੀ ਹੋਵੇ, ਉੱਥੇ ਭਾਈ ਗੁਰਦਾਸ ਅਨੁਸਾਰ ਅੱਕ ਹੀ ਪਲਮਦੇ ਹਨ। ਸਾਡੇ ਦੇਸ਼ ਵਿਚ 64 ਸਾਲ ਤੋਂ ਔੜ ਹੀ ਲੱਗੀ ਹੋਈ ਹੈ ਇਸ ਲਈ ਕੋਈ ਹਰਿਆਵਲ (ਵਣ, ਬਨਸਪਤੀ ਦੂਜੇ ਅਰਥਾਂ ਵਿਚ ਸੁੱਖ ਖੁਸ਼ੀ ਪੈਦਾ ਹੀ ਨਹੀਂ ਹੋ ਰਹੀ। ਸਮਾਜਿਕ ਔੜ ਕਾਰਨ ਅੱਕ-ਢੱਕ ਹੀ ਚਾਰੇ ਪਾਸੇ ਨਜ਼ਰ ਆਉਂਦੇ ਹਨ।
ਇਹ ਨਿਰੀ ਕਲਪਨਾ ਨਹੀਂ, ਯਥਾਰਥ ਹੈ। ਜਿਸ ਦੇਸ਼ ਅੰਦਰ ਕਰੋੜਾਂ ਲੋਕ ਅਤਿ ਸਰਦੀ ਤੇ ਗਰਮੀ ਵਿਚ ਖੁੱਲ੍ਹੇ ਆਸਮਾਨ ਹੇਠ, ਭੁੱਖੇ ਤੇ ਨੰਗੇ ਸੌਂਦੇ ਹੋਣ ਤੇ ਹਜ਼ਾਰਾਂ ਲੱਖਾਂ ਅਜਿਹੀ ਮੰਦਹਾਲੀ ਕਾਰਨ ਭੁੱਖ-ਦੁੱਖ ਤੇ ਬੀਮਾਰੀਆਂ ਕਾਰਨ ਮਰਦੇ ਹੋਣ ਜਿੱਥੇ ਬੇਈਮਾਨੀ, ਠੱਗੀ-ਚੋਰੀ ਤੇ ਚਲਾਕੀ ਤੋਂ ਬਿਨਾਂ ਕੋਈ ਬੰਦਾ ਜਿਊਂਦਾ ਵੀ ਨਾ ਰਹਿ ਸਕੇ, ਆਪਣੇ ਹੇਠਲੇ ਤੇ ਉਤਲਿਆਂ ਵਿਚਕਾਰ, ਇਕ ਕੜੀ ਬਣ ਕੇ ਹੀ ਉਹਦੀ ਰੋਜ਼ੀ ਵੀ ਕਾਇਮ ਨਾ ਰਹਿ ਸਕੇ, ਓਥੇ ਕਿਹੜਾ ਅਜਿਹਾ ਵਿਕਾਰ ਹੈ ਜੋ ਪੈਦਾ ਨਾ ਹੋਵੇ? ਕੋਈ ਤੁਹਾਡੇ ਆਲੇ-ਦੁਆਲੇ ਅਜਿਹਾ ਬੰਦਾ ਹੈ ਜੋ ਉੱਤੇ ਦੱਸੇ ਚਾਰ ਵਿਕਾਰਾਂ ਤੋਂ ਰਹਿਤ ਹੋਵੇ? (ਆਪਣੇ ਅੰਦਰ ਹੀ ਕਦੇ ਬੇਕਿਰਕ ਤੇ ਬੇਲਾਗ ਹੋ ਕੇ ਝਾਤੀ ਮਾਰਨ ਦਾ ਯਤਨ ਕਰਨਾ, ਤੁਸੀਂ, ਅਸੀਂ, ਸਾਰੇ, ਘੱਟ ਜਾਂ ਵੱਧ, ਇਨ੍ਹਾਂ ਸਾਰੇ ਵਿਕਾਰਾਂ ਦੇ ਸ਼ਿਕਾਰ ਹੋ ਚੁੱਕੇ ਹਾਂ।
ਇਨ੍ਹਾਂ ਵਿਕਾਰਾਂ ਬਾਰੇ ਸੈਂਕੜੇ ਕਾਰਨ ਵਿਚੋਂ ਕੁਝ ਸਾਧਾਰਨ ਕਾਰਨ ਹੀ ਦੱਸ ਕੇ ਇਨ੍ਹਾਂ ਬਾਰੇ ਸਮਝ ਆ ਸਕਦੀ ਹੈ। ਮਿਸਾਲ ਵਜੋਂ ਚਾਹੇ ਅਸੀਂ ਕੋਈ ਨੌਕਰੀ ਕਰਦੇ ਹਾਂ, ਵਪਾਰ ਕਰਦੇ ਹਾਂ ਜਾਂ ਖੇਤੀ, ਇਨ੍ਹਾਂ ਸਾਰੇ ਤਿੰਨ ਮੁੱਖ ਕਿੱਤਿਆਂ ਵਿਚ, ਹਰ ਥਾਂ ਵਿਕਾਰ ਪੈਦਾ ਹੁੰਦੇ ਰਹਿੰਦੇ ਹਨ। ਨੌਕਰੀ ਚਾਹੇ ਕਲਰਕ ਦੀ ਹੋਵੇ, ਅਧਿਆਪਕ ਦੀ ਜਾਂ ਪੁਲੀਸ, ਹਰ ਥਾਂ ਭ੍ਰਿਸ਼ਟਾਚਾਰ, ਕੈਂਸਰ ਵਾਂਗ ਫੈਲ ਚੁੱਕਿਆ ਹੈ। ਇਨ੍ਹਾਂ ਵਿਚੋਂ ਅਧਿਆਪਕ ਦਾ ਪੇਸ਼ਾ ਹੀ ਅਜਿਹਾ ਹੈ ਜਿੱਥੇ ਇਹ ਵਿਕਾਰ ਘੱਟ ਪੈਦਾ ਹੁੰਦੇ ਹਨ ਪਰ ਕਈ ਅਜਿਹੀਆਂ ਖਬਰਾਂ ਵੀ ਛਪੀਆਂ ਹਨ ਕਿ ਕਿਸੇ ਅਧਿਆਪਕ/ਅਧਿਆਪਕਾ ਨੇ ਘੱਟ ਬੁੱਧੀਵਾਨ ਬੱਚੇ ਨੂੰ ਸਬਕ ਯਾਦ ਨਾ ਕਰਨ ਕਰਕੇ, ਘਰ ਲਈ ਦਿੱਤੇ ਕੰਮ ਨਾ ਕਰਨ ਕਰਕੇ ਅਜਿਹੀ ਸਜ਼ਾ ਦਿੱਤੀ ਕਿ ਬੱਚੇ ਦੀ ਮੌਤ ਹੋ ਗਈ। ਪਰ ਅਧਿਆਪਕ ਏਨਾ ਨਿਰਦਈ ਕਿਉਂ ਹੋ ਗਿਆ?
ਇਹਦੇ ਕਈ ਕਾਰਨਾਂ ਵਿਚੋਂ ਕੁਝ ਬੜੀ ਆਸਾਨੀ ਨਾਲ ਸਮਝ ਆ ਸਕਦੇ ਹਨ। ਭਾਰਤੀਆਂ ਨੇ ਕਰੋੜਾਂ ਦੀ ਗਿਣਤੀ ਵਿਚ ਹੁੰਦਿਆਂ, ਹਜ਼ਾਰਾਂ ਦੀ ਗਿਣਤੀ ਵਿਚ ਆਏ ਧਾੜਵੀਆਂ ਦੀ ਗੁਲਾਮੀ ਇਸ ਕਾਰਨ ਭੋਗੀ ਕਿ ਅਸੀਂ ਕਦੇ ਵੀ ਸੰਗਠਿਤ ਨਹੀਂ ਹੋ ਸਕੇ। ਜਾਤਾਂ, ਗੋਤਾਂ ਤੇ ਧੜਿਆਂ ਵਿਚ ਏਨੀ ਬੁਰੀ ਤਰ੍ਹਾਂ ਵੰਡੇ ਰਹੇ ਕਿ ਕਿਸੇ ਦੂਜੇ ਨਾਲ ਮੇਲ-ਮਿਲਾਪ ਦੀ ਬਜਾਏ, ਵੈਰ-ਵਿਰੋਧ ਸਹੇੜੀ ਰੱਖੇ। ਇਸੇ ਕਾਰਨ ਬੁਜ਼ਦਿਲ ਤੇ ਕੰਮਚੋਰ ਹੋ ਗਏ। ਮੈਂ ਚਾਲੀ ਸਾਲ ਅਧਿਆਪਕ ਰਿਹਾ ਹਾਂ। ਪ੍ਰਾਇਮਰੀ ਸਕੂਲਾਂ ਤੋਂ ਅਧਿਆਪਨ ਸ਼ੁਰੂ ਕਰਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਪਦਵੀ ਤੱਕ ਵੀ ਪਹੁੰਚਿਆ ਪਰ ਨਿੱਜੀ ਅਨੁਭਵ ਇਹ ਹੈ ਕਿ ਪੰਦਰਾਂ-ਵੀਹ ਫੀਸਦੀ ਅਧਿਆਪਕਾਂ ਤੋਂ ਵਧੇਰੇ ਕੋਈ ਆਪਣਾ ਫਰਜ਼ ਪੂਰਾ ਕਰਨ ਵਾਲਾ ਨਹੀਂ ਦੇਖਿਆ (ਇਹ ਰਿਪੋਰਟ ਛਪ ਚੁੱਕੀ ਹੈ ਕਿ 50 ਫੀਸਦੀ ਅਧਿਆਪਕ ਸਕੂਲ ਜਾਂਦੇ ਹਨ ਪਰ ਪੜ੍ਹਾਉਂਦੇ ਨਹੀਂ। 26 ਫੀਸਦੀ ਨਿਯਮ ਨਾਲ ਸਕੂਲ ਨਹੀਂ ਜਾਂਦੇ। ਸਿਰਫ 24 ਫੀਸਦੀ ਨਿਯਮ ਨਾਲ ਪੜ੍ਹਾਉਂਦੇ ਹਨ) ਪੜ੍ਹਾਈ ਇਸ ਲਈ ਹੋਈ ਜਾਂਦੀ ਹੈ ਕਿ ਹਰ ਸਕੂਲ ਅਧਿਆਪਕ ਨੂੰ ਹੈੱਡਮਾਸਟਰ ਦਾ ਡਰ ਰਹਿੰਦਾ ਹੈ। ਹੈੱਡਮਾਸਟਰ ਨੂੰ ਉਤਲੇ ਅਫਸਰਾਂ ਦਾ ਡਰ ਰਹਿੰਦਾ ਹੈ। ਇਹ ਗੁਲਾਮ ਮਾਨਸਿਕਤਾ ਕਾਰਨ ਹੈ ਕਿਉਂਕਿ ਜੇ ਅਧਿਆਪਕ ਮਨ-ਚਿੱਤ ਲਾ ਕੇ ਆਪਣਾ ਫਰਜ਼ ਸਮਝ ਕੇ ਨਹੀਂ ਪੜ੍ਹਾਉਂਦੇ, ਸੁਭਾਵਕ ਹੀ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਰਹਿਣਗੇ। ਇਸੇ ਕਾਰਨ ਵਿਦਿਆਰਥੀਆਂ ਦੀ ਕੁੱਟ-ਮਾਰ ਹੁੰਦੀ ਹੈ ਤੇ ਇਸੇ ਕਾਰਨ, ਇਮਤਿਹਾਨਾਂ ਵਿਚ ਨਕਲ ਦਾ ਰੁਝਾਨ ਪੈਦਾ ਹੁੰਦਾ ਹੈ। ਇਹ ਸਭ ਆਪਣੀ ਨੌਕਰੀ (ਚਾਕਰੀ) ਦੀ ਮਜਬੂਰੀ ਕਾਰਨ ਹੈ। ਇੰਜ ਨੌਕਰੀ ਕਾਇਮ ਰੱਖਣ ਕਾਰਨ ਹੀ ਉਤਲਿਆਂ ਦੇ ਡਰ ਕਰਕੇ ਮਨੁੱਖ ਵਿਚ ਔਗੁਣ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ। ਡਰ ਵੀ ਵਿਕਾਰਾਂ ਦਾ ਕਾਰਨ ਹੈ।
ਖੇਤੀ ਭਾਰਤ ਦਾ ਮੁੱਖ ਕਿੱਤਾ ਹੈ ਪਰ ਹਰ ਕਿਸਾਨ, ਦਾਅ ਲੱਗਦਿਆਂ, ਨਾਲ ਦੇ ਖੇਤ ਵਾਲੇ ਦੀ ਵੱਟ ਵਾਹ ਲੈਂਦਾ ਹੈ। ਪਾਣੀ ਦੀ ਵਾਰੀ ਦੇ ਕੁਝ ਮਿੰਟਾਂ ਦੀ ਲਾਲਸਾ ਪਿੱਛੇ ਪੁਸ਼ਤਾਂ ਦੇ ਵੈਰ ਸਹੇੜ ਲੈਂਦਾ ਹੈ ਜਿਵੇਂ ਉਹਦੀ ਜ਼ਮੀਨ ਵਧਦੀ ਆਬਾਦੀ ਕਾਰਨ ਘਟਦੀ ਜਾਂਦੀ ਹੈ ਉਸੇ ਹਿਸਾਬ ਨਾਲ ਉਸ ਅੰਦਰ ਸਭ ਵਿਕਾਰ ਪੈਦਾ ਹੁੰਦੇ ਜਾਂਦੇ ਹਨ। ਗਰੀਬੀ, ਕਰਜ਼ਾ, ਅਗਿਆਨਤਾ ਉਸ ਲਈ ਘਾਤਕ ਬਣ ਜਾਂਦੇ ਹਨ। ਏਥੋਂ ਤੱਕ ਕਿ ਸਿਰਫ ਜ਼ਮੀਨੀ ਲਾਲਸਾ ਖਾਤਰ ਉਹ ਹਰ ਮਨੁੱਖੀ ਔਗੁਣ ਦਾ ਸ਼ਿਕਾਰ ਹੋ ਜਾਂਦਾ ਹੈ। ਘਟਦੀ ਜ਼ਮੀਨ (ਭਾਵ ਘਟਦੀ ਆਮਦਨ) ਉਹਦੇ ਲਈ ਜ਼ਹਿਮਤ ਬਣ ਜਾਂਦੀ ਹੈ। ਪਿਓ-ਪੁੱਤਾਂ ਨਾਲ ਤੇ ਪੁੱਤਰ ਪਿਓਆਂ ਨਾਲ ਜ਼ਮੀਨ ਦੀ ਵੰਡ ਵਾਲੇ ਇਹ ਮਸਲੇ ਲੜਾਈ-ਝਗੜਿਆਂ ਤੋਂ ਕਤਲਾਂ ਤੱਕ ਪਹੁੰਚ ਜਾਂਦੇ ਹਨ।
ਹੋਰ ਆਮ ਪੇਸ਼ਾ ਵਪਾਰ (ਦੁਕਾਨਦਾਰੀ) ਹੈ। ਇਸ ਦਾ ਆਧਾਰ ਹੀ ਬੇਈਮਾਨੀ ਤੇ ਠੱਗੀ-ਚੋਰੀ ਹੈ। ਉਹਨੇ ਇਕ ਪਾਸਿਓਂ ਕੋਈ ਚੀਜ਼ ਲੈ ਕੇ ਅੱਗੇ ਵੱਧ ਮੁੱਲ ’ਤੇ ਵੇਚਣੀ ਹੈ। ਉਹ ਆਪਣਾ ਗੁਜ਼ਾਰਾ (ਜਾਂ ਦੁਕਾਨਦਾਰੀ ਵਿਚ ਵਾਧਾ) ਤਦੇ ਕਰ ਸਕਦਾ ਹੈ ਜੇ ਵੱਧ ਤੋਂ ਵੱਧ ਮੁਨਾਫਾ ਕਮਾ ਸਕੇ। ਮੁਨਾਫੇ ਲਈ ਉਹ ਘਟੀਆ ਚੀਜ਼ ਨੂੰ ਚੰਗੀ ਦੱਸ ਕੇ ਝੂਠ ਬੋਲੇਗਾ। ਘੱਟ ਤੋਲੇਗਾ। ਇਕ ਚੀਜ਼ ਚਾਰ ਪੈਸੇ ਸਸਤੀ ਦੇ ਕੇ ਦੂਜੀਆਂ ਚਾਰ ਦਾ ਵੱਧ ਮੁੱਲ ਤਦੇ ਪ੍ਰਾਪਤ ਕਰ ਸਕੇਗਾ ਜੇ ਪਹਿਲੀ ਸਸਤੀ ਦਿੱਤੀ ਚੀਜ਼ ਨਾਲ ਗਾਹਕ ਦਾ ਵਿਸ਼ਵਾਸ ਜਿੱਤ ਸਕੇ। ਇਹ ਠੱਗੀ, ਝੂਠ, ਬੇਈਮਾਨੀ ਉਸ ਦੇ ਕਿੱਤੇ ਦੀ ਮਜਬੂਰੀ ਹੈ ਕਿਉਂਕਿ ਹਰ ਦੁਕਾਨਦਾਰ ਹੀ ਆਪਣਾ ਕਾਰੋਬਾਰ ਤਦੇ ਵਧਾ ਸਕਦਾ ਹੈ। ਤਦੇ ਰੁਜ਼ਗਾਰ ਚੰਗੇਰਾ ਕਰ ਸਕਦਾ ਹੈ ਜੋ ਦੂਜਿਆਂ ਨਾਲੋਂ ਵੱਧ ਚਲਾਕ, ਝੂਠਾ ਤੇ ਬੇਈਮਾਨ ਹੋਵੇ ਤੇ ਇਨ੍ਹਾਂ ਔਗੁਣਾਂ ਨੂੰ ਗਾਹਕ ਦਾ ਵਿਸ਼ਵਾਸ ਜਿੱਤਣ ਲਈ ਸਫ਼ਲਤਾ ਨਾਲ ਵਰਤ ਸਕਦਾ ਹੋਵੇ।
ਇਹ ਸੰਖੇਪ ਰੂਪ ਵਿਚ ਕੁਝ ਅਜਿਹੀਆਂ ਮਿਸਾਲਾਂ ਹਨ ਜੋ ਆਸਾਨੀ ਨਾਲ ਸਮਝੀਆਂ ਜਾ ਸਕਦੀਆਂ ਹਨ ਪਰ ਇਹ ਸਾਰੇ ਵਿਕਾਰ ਸਭ ਤੋਂ ਵਧੇਰੇ ਰਾਜਨੀਤੀ ਤੇ ਰਾਜ ਪ੍ਰਬੰਧ ਵਿਚ ਦੇਖੇ ਜਾ ਸਕਦੇ ਹਨ। ਉਨ੍ਹਾਂ ਕਾਰਨ ਹੀ ਇਨ੍ਹਾਂ ਵਿਕਾਰਾਂ ਦੇ ਪਿਰਾਮਿਡ ਬਣਦੇ ਹਨ। ਪੂਰਾ ਰਾਜਤੰਤਰ ਹੀ ਜਦੋਂ ਭ੍ਰਿਸ਼ਟ ਹੋ ਜਾਵੇ ਤਾਂ ਪੂਰਾ ਸਮਾਜ ਪ੍ਰਭਾਵਿਤ ਹੋ ਜਾਂਦਾ ਹੈ। ਜੇ ਰਾਜ ਪ੍ਰਬੰਧ ਵਿਚ ਹਰ ਵਿਕਾਰ ਹੱਡੀ ਰਚ ਚੁੱਕਿਆ ਹੈ ਤਾਂ ਜਿਹੜੇ ਇਸ ਰਾਜ ਪ੍ਰਬੰਧ ਦੇ ਸਹਾਰੇ (ਹੇਠ) ਜ਼ਿੰਦਗੀ ਗੁਜ਼ਾਰਦੇ ਹਨ, ਉਹ ਸੱਚੇ-ਸੁੱਚੇ ਕਿੰਜ ਰਹਿ ਜਾਣਗੇ?
ਇਹ ਕੁਝ ਸਾਧਾਰਨ ਮਿਸਾਲਾਂ ਰਾਹੀਂ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਪੂਰਾ ਭਾਰਤੀ ਸਮਾਜ ਹੀ ਇਨ੍ਹਾਂ ਵਿਕਾਰਾਂ ਦਾ ਸ਼ਿਕਾਰ ਕਿਉਂ ਹੈ।
ਆਖਰੀ ਸਮਝਣ ਵਾਲਾ ਨੁਕਤਾ ਇਹ ਹੈ ਕਿ ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ ਉਸ ਦੀਆਂ ਜੜ੍ਹਾਂ ਇਤਿਹਾਸ ਤੇ ਨਿੱਜੀ ਜਾਇਦਾਦ ਅੰਦਰ ਹਨ। ਸਾਡਾ ਇਤਿਹਾਸ ਕਦੇ ਵੀ ਮਾਣਯੋਗ ਨਹੀਂ ਰਿਹਾ। ਜਾਇਦਾਦ (ਧਨ-ਦੌਲਤ) ਸਿਰਫ ਜਿਊਂਦੇ ਰਹਿਣ ਦਾ ਸਾਧਨ ਨਹੀਂ ਰਹੀ, ਇੱਜ਼ਤ ਮਾਣ ਨਾਲ ਵੀ ਜੁੜ ਚੁੱਕੀ ਹੈ। ਧਨਵਾਨ ਕਿੰਨਾ ਵੀ ਮੂਰਖ ਹੋਵੇ, ਉਹਦੀ ਮੂਰਖਤਾ ਵੀ ਉਹਦਾ ਵੱਡਾ ਰੁਤਬਾ ਬਣ ਜਾਂਦੀ ਹੈ। ਸਿਆਣੇ ਬੰਦੇ ਵੀ ਉਸ ਅੱਗੇ ਸਿਰ ਝੁਕਾਉਂਦੇ ਹਨ। ਇਕ ਅਰਬਪਤੀ ਆਪ ਭਾਵੇਂ ਦਸਵੀਂ ਪਾਸ ਵੀ ਨਾ ਹੋਵੇ (ਜਿਵੇ ਅੰਬਾਨੀ ਖਾਨਦਾਨ ਦਾ ਮੋਢੀ ਸੀ) ਇੰਜੀਨੀਅਰ ਤੇ ਬਹੁਤ ਪੜ੍ਹੇ-ਲਿਖੇ, ਯੋਗ ਤੇ ਸਿਆਣੇ ਕਰਮਚਾਰੀ ਉਸ ਦੀ ਗੱਲ ਰੱਬੀ ਹੁਕਮ ਸਮਝ ਕੇ ਸੁਣਦੇ ਤੇ ਅਮਲ ਕਰਦੇ ਹਨ-ਕਿਉਂਕਿ ਉਹ ਉਸਦੇ ‘ਚਾਕਰ’ ਹਨ। ਚਾਕਰੀ ਦੀ ਮਾਨਸਿਕਤਾ ਭਾਰਤੀ ਸਮਾਜ ਦਾ ਸਭ ਤੋਂ ਵੱਡਾ ਵਿਕਾਰ ਹੈ। ਸਾਡੇ ਸਮਾਜ ਅੰਦਰ ‘ਸੇਵਾ’ ਨੂੰ ਸਭ ਤੋਂ ਮਹਾਨ ਗੁਣ ਇਸੇ ਲਈ ਸਮਝਿਆ ਜਾਂਦਾ ਹੈ ਕਿਉਂਕਿ ਇਹ ਚਾਕਰੀ ਦਾ ਹੀ ਦੂਜਾ ਨਾਂ ਹੈ ਤੇ ਚਾਕਰ ਹੋਣਾ (ਚਾਹੇ ਮਹਾਨ ਰਾਜੇ ਦਾ ਤੇ ਚਾਹੇ ਕਿਸੇ ਧਨਾਢ ਦਾ) ਹਰ ਪੱਧਰ ’ਤੇ ਕਾਇਮ ਹੈ। ਇਸ ਨੂੰ ਭਾਰਤੀ ਧਰਮਾਂ ਨੇ ਵੀ ਹਮੇਸ਼ਾ ‘ਮੁਕਤੀ’ ਦਾ ਮਾਰਗ ਕਿਹਾ ਹੈ। ਨਿਰਮਾਣਤਾ ਬਹੁਤ ਵੱਡਾ ਮਨੁੱਖੀ ਗੁਣ ਹੈ ਪਰ ਇਸ ਵਿਚੋਂ ਪੈਦਾ ਹੋਈ ਚਾਕਰੀ (ਸੇਵਾ) ਭਾਰਤੀ ਸਮਾਜ ਦਾ ਸਭ ਤੋਂ ਵੱਡਾ ਔਗੁਣ ਬਣ ਚੁੱਕੀ ਹੈ। ਇਹ ਸਭ ਵਿਕਾਰਾਂ ਦੀ ਮਾਨਸਿਕਤਾ ਭਾਰਤੀ ਸਮਾਜ ਦੇ ਨਿਘਾਰ ਦਾ ਕਾਰਨ ਹੈ।
ਸਾਡੇ ਸਮਾਜ ਦੇ ਇਹ ਵਿਕਾਰ ਇਸੇ ਲਈ ਨਿੱਜੀ ਨਹੀਂ ਸਮਾਜਿਕ ਹਨ ਜਦੋਂ ਤੱਕ ਸਮਾਜ ਅੰਦਰ ਇਨ੍ਹਾਂ ਵਿਕਾਰਾਂ ਦੀ ਜੜ੍ਹ, ਰਾਜ ਪ੍ਰਬੰਧ, ਮਾਨਵੀ ਗੁਣ, ਪੈਦਾ ਕਰਨ ਜੋਗਾ ਨਹੀਂ ਹੁੰਦਾ, ਉਦੋਂ ਤੱਕ ਹਰ ਦੇਸ਼ ਇਨ੍ਹਾਂ ਵਿਕਾਰਾਂ ਦਾ ਸ਼ਿਕਾਰ ਬਣਿਆ ਰਹੇਗਾ। ਪਰ ਇਹ ਸਮਾਂ ਕਦੋਂ ਆਵੇਗਾ, ਇਸ ਦਾ ਅੰਦਾਜ਼ਾ ਵੀ ਮੁਸ਼ਕਲ ਹੈ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments:

Post a Comment