Wednesday, March 2, 2011

ਕੂੜਿ ਨਿਖੁਟੇ ਨਾਨਕਾ… / ਗੁਰਦਿਆਲ ਸਿੰਘ

ਇੱਕ ਖਬਰ ਛਪੀ ਹੈ ਕਿ ਬਰਤਾਨੀਆ ਦੇ ਸਾਊਥਾਲ ਜਿੱਥੇ ਕਾਫ਼ੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ, ਵਿਚ ਲਗਪਗ 200 ਬੰਦੇ ਅਜਿਹੇ ਹਨ ਜੋ ਗਲੀਆਂ ਵਿਚ ਸੌਂਦੇ ਹਨ (ਜਾਂ ਕੂੜੇ ਲਈ ਰੱਖੇ ਢੋਲਾਂ ਵਿਚ)। ਇਨ੍ਹਾਂ ਵਿਚੋਂ ਬਹੁਤੇ ਪੰਜਾਬੀ ਹਨ। ਇਕ ਗੁਰਦੁਆਰੇ ਦੇ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਅੱਧਿਆਂ ਕੁ ਨੂੰ ਤਾਂ ਗੁਰਦੁਆਰੇ ਵਿਚ ਥਾਂ ਦਿੱਤੀ ਹੋਈ ਹੈ, ਪਰ ਸਾਰਿਆਂ ਲਈ ਥਾਂ ਨਹੀਂ। ਇਹ ਸਾਰੇ ਬੇਰੁਜ਼ਗਾਰ ਹਨ। ਕਈ ਗ਼ੈਰਕਾਨੂੰਨੀ ਢੰਗਾਂ ਨਾਲ ਉਥੇ ਪਹੁੰਚੇ ਹਨ। ਇਨ੍ਹਾਂ ਵਿਚ ਅਨੇਕ ਨਸ਼ਿਆਂ ਦੇ ਆਦੀ ਹਨ। ਮੰਗ ਕੇ ਖਾਂਦੇ ਹਨ। ਪਿਛਲੇ ਦਿਨੀਂ ਤੀਹ ਕੁ ਦੇ ਕਰੀਬ ਪੰਜਾਬੀ ਔਰਤਾਂ, ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਏ ਨੂੰ ਮਿਲੀਆਂ ਸਨ। ਕਈਆਂ ਦੇ ਬੱਚੇ ਵੀ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਜਾਂ ਤਾਂ ਵਿਦੇਸ਼ ਲੈ ਕੇ ਹੀ ਨਹੀਂ ਗਏ ਜਾਂ ਕਿਸੇ ਬਹਾਨੇ ਏਧਰ ਛੱਡ ਕੇ ਚਲੇ ਗਏ। (ਅੰਦਾਜ਼ਾ ਹੈ, ਅਜਿਹੀਆਂ ਔਰਤਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।)
ਤੀਸਰੀ ਕਿਸਮ ਦੀਆਂ ਖਬਰਾਂ ਤਾਂ ਰੋਜ਼ ਛਪਦੀਆਂ ਹਨ ਕਿ ਟਰੈਵਲ ਏਜੰਟਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਠੱਗ ਲਏ। ਕਈਆਂ ਨੂੰ ਕੈਨੇਡਾ, ਅਮਰੀਕਾ ਜਾਂ ਬਰਤਾਨੀਆ ਭੇਜਣ ਦੇ ਬਹਾਨੇ ਕਿਸੇ ਹੋਰ ਛੋਟੇ ਦੇਸ਼ ਵਿਚ ਭੇਜ ਦਿੱਤਾ ਤੇ ਉਥੇ ਏਜੰਟਾਂ ਦੇ ਬੰਦਿਆਂ ਨੇ ਉਨ੍ਹਾਂ ਕੋਲੋਂ ਪਾਸਪੋਰਟ ਤੇ ਪੈਸੇ ਖੋਹ ਕੇ ਮੰਗਣ-ਖਾਣ ਜੋਗੇ ਕਰ ਦਿੱਤਾ। ਨਾ ਉਹ ਘਰ ਦੇ ਰਹੇ ਨਾ ਘਾਟ ਦੇ।
ਆਖਰ ਪੰਜਾਬੀਆਂ ਦੀ ਅਜਿਹੀ ਦੁਰਦਸ਼ਾ ਕਿਉਂ ਹੋ ਰਹੀ ਹੈ? ਕਿਉਂ, ਵਿਸ਼ੇਸ ਕਰਕੇ ਪੇਂਡੂ ਨੌਜਵਾਨ ਵਿਦੇਸ਼ ਜਾਣ ਲਈ ਏਨੇ ਕਾਹਲੇ ਪਏ ਹੋਏ ਹਨ ਕਿ ਜ਼ਮੀਨਾਂ ਵੇਚ ਕੇ ਵੀ ਵਿਦੇਸ਼ ਜਾਣ ਲਈ ਤਰਲੇ ਲੈਂਦੇ ਹਨ? ਮੈਂ ਬਹੁਤ ਸਮਾਂ (1980 ’ਚ) ਪਹਿਲਾਂ ਬਰਤਾਨੀਆ ਗਿਆ ਸੀ। ਹੀਥਰੋ ਹਵਾਈ ਅੱਡੇ ’ਤੇ ਹੀ ਇਕ ਕੁੜਤੀ- ਸਲਵਾਰ ਵਾਲੀ ਪੰਜਾਬਣ ਨੂੰ, ਡੰਡੇ ਵਾਲੇ ਪੋਚੇ ਨਾਲ ਫਰਸ਼ ਸਾਫ ਕਰਦਿਆਂ ਦੇਖ ਕੇ ਹੈਰਾਨੀ ਹੋਈ ਸੀ। ਪਰ ਉਹ ਸਾਡੇ ਵਲ ਸੁਭਾਵਕ ਹੀ ਝਾਕਦੀ ਰਹੀ, ਉਸ ਨੂੰ ਅਜਿਹਾ ਕੰਮ ਕਰਦਿਆਂ ਇਹ ਬਿਲਕੁਲ ਮਹਿਸੂਸ ਨਹੀਂ ਸੀ ਹੋਇਆ ਕਿ ਅਸੀਂ ਜੋ ਪਹਿਲੀ ਵਾਰ ਉਥੇ ਗਏ ਸਾਂ, ਉਸ ਬਾਰੇ ਕੀ ਸੋਚਦੇ ਸਾਂ। ਕੁਝ ਹਫਤੇ ਲੰਡਨ ਰਹਿਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਿਆ ਕਿ ਉਥੇ ਗਏ ਪੰਜਾਬੀਆਂ ਵਿਚੋਂ ਬਹੁਤੇ (ਸ਼ਾਇਦ 90 ਫੀਸਦੀ) ਕਿਸੇ ਨਾ ਕਿਸੇ ਤਰ੍ਹਾਂ ਦੀ ਮਜ਼ਦੂਰੀ ਕਰਦੇ ਸਨ। ਤਨਖਾਹਾਂ ਚੰਗੀਆਂ ਮਿਲਦੀਆਂ ਸਨ, ਪਰ ਟੈਕਸ ਏਨਾ ਦੇਣਾ ਪੈਂਦਾ ਹੈ ਕਿ ਬਾਕੀ ਬਚੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ। ਕਈਆਂ ਨੇ ਦੋ-ਦੋ ਮੰਜਿਆਂ ਜੋਗੇ ਦੋ-ਦੋ ਕਮਰਿਆਂ ਦੇ ਘਰ ਕਿਸ਼ਤਾਂ ’ਤੇ ਖਰੀਦੇ ਹੋਏ ਸਨ, ਪਰ ਦਸ-ਦਸ ਸਾਲ ਤਕ ਕਿਸ਼ਤਾਂ ਹੀ ਪੂਰੀਆਂ ਨਹੀਂ ਹੋਈਆਂ।
ਕੈਨੇਡਾ ਜਾਂ ਅਮਰੀਕਾ ਗਏ ਪੰਜਾਬੀਆਂ ਵਿਚੋਂ ਸੌ ਵਿਚੋਂ ਪੰਜ-ਸੱਤ ਅਜਿਹੇ ਵੀ ਹਨ, ਜਿਨ੍ਹਾਂ ਦਾ ਲੱਖਾਂ ਕਰੋੜਾਂ ਦਾ ਕਾਰੋਬਾਰ ਹੈ। ਕਦੇ-ਕਦੇ ਇਹ ਖਬਰਾਂ ਵੀ ਆਉਂਦੀਆਂ ਹਨ ਕਿ ਕੋਈ ਪੰਜਾਬੀ ਪਾਰਲੀਮੈਂਟ ਦਾ ਮੈਂਬਰ ਵੀ ਬਣ ਗਿਆ। (ਅਮਰੀਕਾ ਦੇ ਪ੍ਰਧਾਨ ਨੇ ਪਿਛਲੇ ਦਿਨੀਂ ਦੋ ਭਾਰਤੀਆਂ ਨੂੰ ਚੰਗੇ ਅਹੁਦੇ ਵੀ ‘ਬਖਸ਼ੇ’ ਹਨ) ਅਜਿਹੀਆਂ ਖਬਰਾਂ, ਸਾਧਾਰਨ ਪੰਜਾਬੀਆਂ ਦੇ ਮਨਾਂ ਅੰਦਰ, ਅਜੀਬ ਕਿਸਮ ਦੀ ਲਾਲਸਾ ਪੈਦਾ ਕਰਦੀਆਂ ਹਨ। ਪਿੰਡਾਂ ਦੇ ਅਨਪੜ੍ਹ ਜਾਂ ਦਸ-ਬਾਰਾਂ ਜਮਾਤਾਂ ਪੜ੍ਹੇ ਮੁੰਡੇ ਅਜਿਹੀਆਂ ਖਬਰਾਂ ਪੜ੍ਹ ਕੇ ਧਨਾਢ ਬਣਨ ਦੇ ਸੁਪਨੇ ਦੇਖਦੇ ਹਨ। ਪਰ ਉਹ ਅਜਿਹੀਆਂ ਖਬਰਾਂ ਵੱਲ ਧਿਆਨ ਨਹੀਂ ਦਿੰਦੇ ਕਿ ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਅਮਰੀਕਾ ਵਿਚ ਦਸ ਫੀਸਦੀ ਲੋਕ ਬੇਰੁਜ਼ਗਾਰ ਹਨ। (ਇਹ ਗਿਣਤੀ ਤਿੰਨ ਕਰੋੜ ਦੇ ਕਰੀਬ ਬਣਦੀ ਹੈ।) ਇਹ ਸਰਦੀ ਵਿਚ ਵੀ ਪੁਲਾਂ ਹੇਠ ਜਾਂ ਪਾਰਕਾਂ ਵਿਚ ਰਾਤਾਂ ਕੱਟਦੇ ਹਨ। ‘ਖੈਰਾਤਖਾਨਿਆਂ’ ਵਿਚੋਂ ਸੜੀਆਂ ਡਬਲ-ਰੋਟੀਆਂ ਦੇ ਸਿਕੜ ਖਾ ਕੇ, ਅੱਧ ਭੁੱਖੇ, ਪਸ਼ੂਆਂ ਦੀ ਜੂਨ ਭੋਗਦੇ ਹਨ। (ਬਰਤਾਨੀਆ ਤੇ ਜਰਮਨੀ ਵਿਚ ਵੀ ਮੈਂ ਮੰਗਤੇ ਖ਼ੁਦ ਦੇਖੇ ਹਨ)
ਵਿਦੇਸ਼ ਜਾਣ ਦੀ ਲਾਲਸਾ, ਪੰਜਾਬੀਆਂ ਅੰਦਰ ਪਾਗਲਪਣ ਦੀ ਹੱਦ ਤਕ ਪਹੁੰਚ ਚੁੱਕੀ ਹੈ। ਇਸ ਦਾ ਵੱਡਾ ਕਾਰਨ ਸਿਰਫ ਇਹ ਸਮਝਿਆ ਜਾਂਦਾ ਹੈ ਕਿ ਪੰਜਾਬ ਦੇ ਲਗਪਗ ਹਰ ਪਿੰਡ ਵਿਚੋਂ ਦੋ-ਚਾਰ ਬੰਦੇ (ਦੁਆਬੇ ਵਿਚੋਂ ਬਹੁਤ ਵੱਡੀ ਗਿਣਤੀ ’ਚ) ਵਿਦੇਸ਼ ਗਏ ਹੋਏ ਹਨ। ਉਹ ਜਦੋਂ ਸਾਲ ਦੋ-ਸਾਲ ਜਾਂ ਵਧੇਰੇ ਸਮੇਂ ਮਗਰੋਂ ਪਿੰਡ ਆਉਂਦੇ ਹਨ ਤਾਂ ਵਿਦੇਸ਼ੋਂ ਬਚਾ ਕੇ ਲਿਆਂਦੇ ਡਾਲਰ ਜਾਂ ਪੌਂਡ, ਏਨੇ ਕੁ ਜ਼ਰੂਰ ਲਿਆਉਂਦੇ ਹਨ ਕਿ ਇਥੇ ਆ ਕੇ ਚੰਗੇ ਰੱਜੇ-ਪੁੱਜੇ ਬੰਦਿਆਂ ਵਾਂਗ ਖਰਚ ਕਰ ਸਕਣ। ਬਹੁਤੇ ਵਿਦੇਸ਼ ਦੇ ‘ਸਵਰਗ’ ਦੀਆਂ ਕਹਾਣੀਆਂ ਵਧਾਅ-ਚੜ੍ਹਾਅ ਕੇ ਸੁਣਾਉਂਦੇ ਹਨ। ਅਜਿਹੇ ਕੋਈ ਦੋ-ਚਾਰ ਬੰਦੇ ਜਦੋਂ ਪਿੰਡ ਦੇ ਗੁਰਦੁਆਰੇ, ਸਕੂਲ ਜਾਂ ਧਰਮਸ਼ਾਲਾ ਨੂੰ ਲੱਖ ਦੋ ਲੱਖ ਦਾ ਦਾਨ ਦਿੰਦੇ ਹਨ ਤਾਂ ਸਾਰੇ ਪਿੰਡ ਦੇ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਬੇਰੁਜ਼ਗਾਰ ਨੌਜਵਾਨ ਤਰਲੋਮੱਛੀ ਹੋਣ ਲੱਗਦੇ ਹਨ। ਉਨ੍ਹਾਂ ਦੇ ਪਰਿਵਾਰਾਂ ਅੰਦਰ ਵੀ ਲਾਲਸਾ ਪੈਦਾ ਹੁੰਦੀ ਹੈ ਕਿ ਜੇ ਇਕ ਦੋ ਏਕੜ ਜ਼ਮੀਨ ਵੇਚ ਕੇ ਮੁੰਡਿਆਂ ਨੂੰ ਵਿਦੇਸ਼ ਭੇਜ ਸਕਣ ਤਾਂ ਵਾਰੇ-ਨਿਆਰੇ ਹੋ ਜਾਣਗੇ।
ਪਰ ਵਿਦੇਸ਼ ਜਾਣ ਦੀ ਲਾਲਸਾ ਦਾ ਜੋ ਸਭ ਤੋਂ ਵੱਡਾ ਕਾਰਨ ਹੈ, ਉਹ ਪੰਜਾਬ ਦੀ ਗਰੀਬੀ, ਬੇਰੁਜ਼ਗਾਰੀ ਤੇ ਮਾੜੀ ਜ਼ਿੰਦਗੀ ਹੈ। ਪੰਜਾਹ ਲੱਖ ਪੇਂਡੂ ਨੌਜਵਾਨ ਮੁੰਡੇ-ਕੁੜੀਆਂ ਅਜਿਹੇ ਹਨ ਜੋ ਦਸਵੀਂ ਤੋਂ ਐਮ.ਏ., ਬੀ.ਐੱਡ. ਦੀ ਪੜ੍ਹਾਈ ਪੂਰੀ ਕਰਕੇ ਵੀ ਬੇਰੁਜ਼ਗਾਰ ਹਨ। ਅਜਿਹੇ ਹਜ਼ਾਰਾਂ ਨੌਜਵਾਨ ਮੁੰਡੇ ਫੌਜ ਵਿਚ ਭਰਤੀ ਹੋਣ ਲਈ (ਦੂਜੇ ਅਰਥਾਂ ਵਿਚ ਸਰਹੱਦਾਂ ’ਤੇ ਮੌਤ ਨਾਲ ਮੱਥਾ ਲਾਉਣ ਲਈ) ਜਾਂਦੇ ਹਨ, ਪਰ ਸੌ ਵਿਚੋਂ ਦਸ ਵੀ ਫੌਜੀ ਬਣਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਨਸ਼ਿਆਂ ਦੇ ਮਾਰੇ ਜਾਂ ਮਾੜੀ ਖੁਰਾਕ ਕਾਰਨ ਕਮਜ਼ੋਰ ਹੋਣ ਕਾਰਨ ਫੌਜੀ ਅਫਸਰ ਉਨ੍ਹਾਂ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੰਦੇ ਹਨ।
ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਬੁਰੀ ਤਰ੍ਹਾਂ ਵਧ ਰਹੀ ਹੈ। ਸਾਡੇ ਕੇਂਦਰ ਦੇ ਵੱਡੇ ਨੇਤਾ, ਵਾਰ-ਵਾਰ ਇਹ ਬਿਆਨ ਦਿੰਦੇ ਹਨ ਕਿ ਮਹਿੰਗਾਈ ਸਾਰੇ ਸੰਸਾਰ ਵਿਚ ਵਧ ਰਹੀ ਹੈ ਜਿਸ ਦਾ ਅਸਰ ਸਾਡੇ ’ਤੇ ਵੀ ਪੈਂਦਾ ਹੈ। ਪਰ ਉਹ ਇਹ ਕਦੇ ਨਹੀਂ ਮੰਨਦੇ ਕਿ ਕੇਂਦਰੀ ਤੇ ਰਾਜ ਸਰਕਾਰਾਂ ਨੇ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਦੇ ਮੂਲ ਕਾਰਨਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਇਕ ਸਦੀ ਪਹਿਲਾਂ (1901 ਤਕ) ਪੂਰੇ ਸੰਸਾਰ ਦੀ ਆਬਾਦੀ ਸਿਰਫ ਇਕ ਅਰਬ ਸੀ। ਪਿਛਲੇ ਸੌ ਸਾਲਾਂ ਅੰਦਰ ਸੱਤ ਅਰਬ ਦੇ ਨੇੜੇ ਪਹੁੰਚ ਚੁੱਕੀ ਹੈ। ਖਾਣ-ਪੀਣ ਦੀਆਂ ਤੇ ਹੋਰ ਲੋੜ ਦੀਆਂ ਵਸਤਾਂ ਲਈ ਨਾ ਖੇਤੀ ਯੋਗ ਜ਼ਮੀਨ ਬਚੀ ਹੈ, ਨਾ ਹੀ ਅਜਿਹੇ ਉਦਯੋਗ ਸਥਾਪਤ ਹੋਏ ਹਨ ਜੋ ਬਹੁਤ ਸਸਤੇ ਸਾਮਾਨ ਨਾਲ ਸਿਰ ਢਕਣ ਲਈ ਛੱਤ ਤੇ ਤਨ ਢਕਣ ਲਈ ਕੱਪੜਾ ਦੇ ਸਕਦੇ ਹੋਣ। ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਅਨੇਕਾਂ ਇਲਾਕਿਆਂ ਦੇ ਕਿਸਾਨ, ਮਜ਼ਦੂਰ ਤੇ ਕਰੋੜਾਂ ਹੋਰ ਲੋਕ ਗਰਮੀ ਵਿੱਚ ਤਾਂ ਪਾਟੀਆਂ ਬੁਨੈਣਾਂ ਪਾ ਕੇ ਗੁਜ਼ਾਰਾ ਕਰ ਲੈਂਦੇ ਹਨ ਪਰ ਸਰਦੀ ਵਿਚ ਬੁੱਕਲ ਮਾਰਨ ਜੋਗਾ ਖੇਸ ਵੀ ਉਨ੍ਹਾਂ ਕੋਲ ਨਹੀਂ ਹੁੰਦਾ। ਸਾਰੇ ਦੇਸ਼ ਦੇ ਪੱਤਰਕਾਰ ਜੋ ਖਬਰਾਂ ਅਖਬਾਰਾਂ ਲਈ ਭੇਜਦੇ ਹਨ, ਉਨ੍ਹਾਂ ਵਿਚ ਸਖਤ ਸਰਦੀ ਜਾਂ ਅਤਿ ਦੀ ਗਰਮੀ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਸੌ ਵਿਚੋਂ ਦੋ-ਚਾਰ ਵੀ ਨਹੀਂ ਹੁੰਦੀ। ਪਛੜੇ ਪਿੰਡਾਂ ਵਿਚ ਭੁੱਖ, ਗਰਮੀ, ਸਰਦੀ, ਗੰਭੀਰ ਬਿਮਾਰੀਆਂ ਨਾਲ, ਸਾਰੇ ਦੇਸ਼ ਵਿਚ ਜੋ ਲੱਖਾਂ ਲੋਕ ਮਰਦੇ ਹਨ, ਉਨ੍ਹਾਂ ਦੀ ਕੋਈ ਖਬਰ ਨਹੀਂ ਛਪਦੀ।
ਸ਼ੁਰੂ ਵਿਚ ਵਿਦੇਸ਼ ਜਾਣ ਦੀ ਪਾਗਲਪਣ ਦੀ ਹੱਦ ਤਕ ਪਹੁੰਚੀ, ਪੰਜਾਬੀਆਂ ਦੀ ਲਾਲਸਾ ਦਾ ਜ਼ਿਕਰ ਕਰਦਿਆਂ ਪੂਰੇ ਸੰਸਾਰ ਦੀ ਮੰਦੀ ਹਾਲਤ ਤਕ ਇਸ ਕਰਕੇ ਗੱਲ ਪਹੁੰਚ ਗਈ ਕਿ ਸਾਡੇ ਆਗੂ, ਸਰਕਾਰਾਂ ਸਿਰਫ ਅਮੀਰ ਮੁਲਕਾਂ ਦੀ ਸਹਾਇਤਾ ਨਾਲ, ਦੇਸ਼ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਹੀ ਸੋਚਦੇ ਰਹਿੰਦੇ ਹਨ ਜਿਸ ਨੂੰ ਹੁਣ ‘ਵਿਸ਼ਵੀਕਰਨ’ (ਗਲੋਬਲਾਈਜ਼ੇਸ਼ਨ) ਕਿਹਾ ਜਾਂਦਾ ਹੈ। ਪਰ ਅਮਰੀਕਾ ਯੂਰਪ ਦੀਆਂ ਕੰਪਨੀਆਂ, ਸਾਡੇ ਦੇਸ਼ ਦੀਆਂ ਮੂਲ ਸਮੱਸਿਆਵਾਂ ਹੱਲ ਕਰਨ ਲਈ ਨਹੀਂ ਆ ਰਹੀਆਂ, ਉਹ ਸਾਡੇ ਗਰੀਬ ਮਜ਼ਦੂਰਾਂ, ਸਸਤੇ ਕੱਚੇ ਮਾਲ ਤੇ ਉਦਯੋਗਾਂ ਲਈ ਸਸਤੇ ਮੁੱਲ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨ ਆ ਰਹੀਆਂ ਹਨ। ਸਿੱਧੜ ਸ਼ਬਦਾਂ ਵਿਚ ‘ਸਾਡਾ ਸਿਰ ਤੇ ਸਾਡੀਆਂ ਹੀ ਜੁੱਤੀਆਂ’ ਦੇ ਮੁਹਾਵਰੇ ਅਨੁਸਾਰ ਇਹ ਸਭ ਉਦਯੋਗ ਲਗ ਰਹੇ ਹਨ। ਤਕਨਾਲੋਜੀ ਤੇ ਵਿਗਿਆਨ ਦੀ ਪੜ੍ਹਾਈ ਦੇ ਖੇਤਰਾਂ ਅੰਦਰ ਵੀ ਉਹ ਸੰਨ੍ਹ ਲਾਉਣ ਦਾ ਹਰ ਢੰਗ ਵਰਤ ਰਹੀਆਂ ਹਨ। ਇਹ ਇਸ ਲਈ ਕਰ ਰਹੀਆਂ ਹਨ ਕਿ ਸਾਡੇ ਦੇਸ਼ ਦੀ, ਗਰੀਬਾਂ ਦੀ ਲਹੂ-ਪਸੀਨੇ ਦੀ ਕਮਾਈ ਨਾਲ ਸਾਡੇ ਸਭ ਤੋਂ ਜ਼ਹੀਨ (ਦਿਮਾਗਦਾਰ) ਮੁੰਡੇ-ਕੁੜੀਆਂ ਨੂੰ ਪੜ੍ਹਾ ਕੇ ਆਪਣੇ ਦੇਸ਼ ਦੇ ਵਿਕਾਸ ਲਈ ਲੈ ਜਾਣ ਤੇ ਜੋ ਵਿਚਾਰੇ (ਕੁਦਰਤੀ ਮੰਦ ਬੁੱਧੀ ਵਾਲੇ) ਉਚਤਮ ਵਿਦਿਆ ਵਿਚ ਪੂਰੇ ਮਾਹਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਬੇਰੁਜ਼ਗਾਰੀ ਲਈ ਇੱਥੇ ਛੱਡ ਜਾਣ। ਅਮਰੀਕਾ, ਜਾਪਾਨ ਤੇ ਯੂਰਪ ਦੇ ਸਾਰੇ ਸਮਰਿਧ ਦੇਸ਼ ਇਸੇ ਦਾਅ ’ਤੇ (ਸਾਡੇ ‘ਵਿਕਾਸ’ ਦੇ ਨਾਂ ’ਤੇ) ਦੇਸ਼ ਨੂੰ ਹੋਰ ਨਿਘਾਰ ਵਲ ਲਿਜਾ ਰਹੇ ਹਨ।
ਇਹ ਬਹੁਤ ਗੁੰਝਲਦਾਰ ਸਮੱਸਿਆਵਾਂ ਹਨ ਜੋ ਦੇਸ਼ ਦੇ 95 ਫੀਸਦੀ ਲੋਕਾਂ ਨੂੰ ਤਾਂ ਉੱਕਾ ਸਮਝ ਨਹੀਂ ਆਉਂਦੀਆਂ। ਜਿਹੜੇ 5-7 ਫੀਸਦੀ ਨੂੰ ਸਮਝ ਆਉਂਦੀਆਂ ਹਨ (ਰਾਜਸੀ ਨੇਤਾਵਾਂ, ਸੱਤਾਧਾਰੀ ਪਾਰਟੀਆਂ ਦੇ ਆਗੂਆਂ, ਉਦਯੋਗਪਤੀਆਂ, ਵੱਡੇ ਵਪਾਰੀਆਂ ਤੇ ਨੌਕਰਸ਼ਾਹਾਂ ਨੂੰ) ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਕਿਉਂਕਿ ਬਾਹਰਲੇ ‘ਚੋਰਾਂ’ ਨਾਲ ਰਲ ਕੇ, ਉਹ ਆਪਣੇ ਮਹਿਲ ਉਸਾਰੀ ਜਾਂਦੇ ਹਨ। ਕਰੋੜਪਤੀਆਂ ਤੋਂ ਅਰਬਪਤੀ, ਖਰਬਪਤੀ ਬਣਨ ਤੋਂ ਬਿਨਾਂ ਉਨ੍ਹਾਂ ਦੀ ਨਜ਼ਰ ਹੋਰ ਕਿਸੇ ਪਾਸੇ ਨਹੀਂ ਜਾਂਦੀ।
ਇਹ ਸਾਰੇ ਮਿਲਵੇਂ ਕਾਰਨ ਹਨ ਜਿਨ੍ਹਾਂ ਕਾਰਨ ਪੰਜਾਬੀਆਂ ਅੰਦਰ ਵਿਦੇਸ਼ ਵੱਲ ਭੱਜਣ ਦੇ ‘ਪਾਗਲਪਣ’ ਤਕ ਦੀ ਲਾਲਸਾ ਪੈਦਾ ਹੁੰਦੀ ਹੈ। ਜਿਹੜੇ ‘ਵੱਡੇ ਸਿਆਣੇ’ ਨੌਜਵਾਨਾਂ ਨੂੰ ਦੋਸ਼ੀ ਸਮਝਦੇ ਹਨ, ਉਹ ਅਸਲ ਵਿਚ, ਉੱਤੇ ਦਿੱਤੇ ਹਾਲਾਤ ਨੂੰ ਜਾਂ ਤਾਂ ਸਮਝਦੇ ਨਹੀਂ ਜਾਂ ਫੇਰ ‘ਗੱਲੀਂ-ਬਾਤੀ’ ਮੈਂ ਵੱਡੀ, ਊਂ ਵੱਡੀ ਜਿਠਾਣੀ’ ਦੇ ਮੁਹਾਵਰੇ ਅਨੁਸਾਰ ਧੋਖੇ ਹੋ ਰਹੇ ਹਨ। ਇਹ ਦਸ਼ਾ ਸਿਰਫ ਪੰਜਾਬੀ ਨੌਜਵਾਨਾਂ ਲਈ ਹੀ ਨਹੀਂ ਪੂਰੇ ਦੇਸ਼ ਲਈ ਹੀ ਘਾਤਕ ਸਿੱਧ ਹੋ ਰਹੀ ਹੈ।
ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਦੇਸ਼ ਦੇ ਲਗਪਗ ਸਾਰੇ ਅਖਬਾਰ ਤੇ ਟੀ.ਵੀ. ਚੈਨਲ, ਉਪਰ ਦੱਸੇ ਤੱਥਾਂ ਵੱਲ ਕਿਉਂ ਧਿਆਨ ਨਹੀਂ ਕਰਦੇ? ਕਿਉਂ ਸਿਰਫ ਰਾਜਸੀ ਨੇਤਾਵਾਂ ਦੇ ਚੰਗੇ-ਮੰਦੇ ਬਿਆਨ ਨਸ਼ਰ ਕਰਦੇ ਜਾਂ ਸਿਰਫ ਵੱਡੇ ਘਪਲਿਆਂ ਦੀਆਂ ਖਬਰਾਂ ਦਿੰਦੇ ਤੇ ਟਿੱਪਣੀਆਂ ਕਰਦੇ ਹਨ? ਇਹਦਾ ਕਾਰਨ ਇਹ ਹੈ ਕਿ ਪੂਰੇ ਮੀਡੀਆ ਨੂੰ ਕਰੋੜਾਂ ਦੇ ਇਸ਼ਤਿਹਾਰ (ਤੇ ਹੋਰ ਕਈ ਅਸਿੱਧੇ ਲਾਭ) ਮਿਲਦੇ ਹਨ। ਫੇਰ ਆਪਣੀ ਥਾਲੀ ਵਿਚ ਛੇਕ ਕੌਣ ਕਰੇ? ਦੇਸ਼ ਦੇ ਆਮ ਲੋਕ (90 ਤੋਂ 100 ਕਰੋੜ ਤਕ) ਤਾਂ ‘ਬੰਦੇ ਹੀ ਨਹੀਂ, ਫੇਰ ਉਨ੍ਹਾਂ ਬਾਰੇ ਕਿਉਂ ਸੋਚੇ? ਉਨ੍ਹਾਂ ਦੇ ਸੰਤਾਪ ਦਾ ਅਹਿਸਾਸ ਉਹ ਲੋਕ ਕਿਉਂ ਕਰਨ ਜਿਹੜੇ ਇਨ੍ਹਾਂ ਦੀ ਅਗਿਆਨਤਾ ਕਾਰਨ ਹੀ ‘ਸ਼ੀਸ਼ ਮਹਿਲਾਂ’ ਦਾ ਆਨੰਦ ਮਾਣਦੇ ਹਨ। ਪਰ ਸਦਾ ਸਭ ਕੁਝ (ਕੁਝ ਵੀ) ਕਦੇ ਨਹੀਂ ਰਹਿੰਦਾ। ਸੰਸਾਰ ਦੀ ਹਰ ਚੀਜ਼, ਹਰ ਜੀਵ, ਹਰ ਬੰਦਾ, ਹਮੇਸ਼ਾ ਬਦਲਦਾ ਰਹਿੰਦਾ ਹੈ। ਜਦੋਂ ਕਿਸੇ ਵੀ ਦਸ਼ਾ (ਪਾਪ, ਜ਼ੁਲਮ, ਲੋਕਾਂ ਵੱਲੋਂ ਬੇਧਿਆਨੀ) ਦੀ ਅਤਿ ਹੋ ਜਾਂਦੀ ਹੈ ਤਾਂ ਵੱਡੀਆਂ ਤਬਦੀਲੀਆਂ ਦਾ ਯੁੱਗ ਸ਼ੁਰੂ ਹੁੰਦਾ ਹੈ (ਜੋ ਹਮੇਸ਼ਾ ਹੁੰਦਾ ਆਇਆ ਹੈ)। ਮਨੁੱਖ ਸੰਸਾਰ ਦਾ ਸਭ ਜੀਵਾਂ ਤੋਂ ਸ੍ਰੇਸ਼ਟ ਹੈ। ਇਸ ਨੂੰ ਕੁਦਰਤ ਨੇ ਬ੍ਰਹਿਮੰਡ ਦਾ ਸਰਵਸ੍ਰੇਸ਼ਟ ਦਿਮਾਗ ਦਿੱਤਾ ਹੈ। ਉਹਨੂੰ ਅੱਜ ਤਕ ਦੇ ਸ਼ਾਸਕਾਂ ਨੇ, ਬੇਸੋਚ ਤੇ ਕੁੰਦ ਕਰਨ ਦੇ ਯਤਨ ਹਮੇਸ਼ਾ ਕੀਤੇ ਹਨ (ਤੇ ‘ਲੋਕਤੰਤਰ’ ਦੇ ‘ਛਲਾਵੇ’ ’ਚ ਵੀ ਹੋ ਰਹੇ ਹਨ)। ਪਰ ਇਹ ਤਾਂ ਸੁੱਤਾ ਪਿਆ ਵੀ ਹਰ ਛਿਣ ਸੋਚਦਾ ਰਹਿੰਦਾ ਹੈ। ਮੁਸ਼ਕਲਾਂ, ਮੁਸੀਬਤਾਂ ਤੇ ਅਤਿ ਗੁੰਝਲਦਾਰ ਮਸਲਿਆਂ ਸਮੇਂ ਵਧੇਰੇ ਤੇਜ਼ੀ ਨਾਲ ਸੋਚਦਾ ਹੈ। ਇਸੇ ਸੋਚ ਤੇ ਉਤੇਜਨਾ ਨੇ ਸਮੇਂ ਨੂੰ ਪੁੱਠਾ (ਅਸਲ ’ਚ ਸਿੱਧਾ) ਗੇੜ ਦੇਣਾ ਹੈ ਕਿ ਸਮਰਿਧ ਮੁਲਕਾਂ ਤੇ ਉਨ੍ਹਾਂ ਨਾਲ ਰਲੇ ਸਾਡੇ ‘ਉਤਲਿਆਂ’ ਦੇ ਸਾਰੇ ਮੋਹਰੇ ਹਿੱਲ ਜਾਣਗੇ। ਸਮੇਂ ਦਾ ਇਹ ਪਲਟਾ ਕਦੋਂ, ਕਿਵੇਂ ਵਾਪਰਨਾ ਹੈ, ਇਹਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ। ਪਰ ਮਹਾਨ ਚਿੰਤਕਾਂ, ਗੁਰੂ ਪੀਰਾਂ ਤੇ ਲੋਕ ਹਿਤੈਸ਼ੀ ਵਿਦਵਾਨਾਂ ਅਨੁਸਾਰ ‘ਕੂੜ’ ਨੇ ਕਦੇ ਨਾ ਕਦੇ ‘ਨਿਖੁਟਣਾ’ ਹੀ ਹੈ ਤੇ ਸੱਚ ਦਾ ਯੁੱਗ ਵੀ ਆਰੰਭ ਹੋਣਾ ਹੀ ਹੋਣਾ ਹੈ। ਇਹੋ ਅੰਤਮ ਸੱਚਾਈ ਹੈ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments:

Post a Comment